ਸੁਭਾਸ਼ ਪਰਿਹਾਰ
ਬਾਦਸ਼ਾਹ ਸ਼ਾਹਜਹਾਂ ਦੇ ਰਾਜ ਦੌਰਾਨ ਤਾਜਮਹੱਲ ਵਰਗੀ ਅਦੁੱਤੀ ਯਾਦਗਾਰ, ਦਿੱਲੀ ਦੀ ਜਾਮਾ ਮਸਜਿਦ ਵਰਗੀ ਪ੍ਰਭਾਵਸ਼ਾਲੀ ਇਬਾਦਤਗਾਹ ਅਤੇ ਲਾਹੌਰ ਦਾ ਸ਼ਾਲੀਮਾਰ ਬਾਗ਼ ਉਸਾਰ ਕੇ ਮੁਗ਼ਲ ਇਮਾਰਤਸਾਜ਼ੀ ਕਲਾ ਨੇ ਟੀਸੀ ਛੋਹ ਲਈ ਸੀ। ਕਹਾਵਤ ਹੈ ਕਿ ਪਹਾੜ ਦੀ ਚੋਟੀ ’ਤੇ ਬੈਠਣ ਲਈ ਥਾਂ ਨਹੀਂ ਹੁੰਦਾ, ਅਗਲੀ ਯਾਤਰਾ ਉਤਰਣ ਦੀ ਹੁੰਦੀ ਹੈ। ਇਹੋ ਗੱਲ ਕਲਾਵਾਂ ’ਤੇ ਲਾਗੂ ਹੁੰਦੀ ਹੈ। ਮੁਗ਼ਲ ਇਮਾਰਤਸਾਜ਼ੀ ਕਲਾ ਵੀ ਕੋਈ ਅਪਵਾਦ ਨਹੀਂ ਸੀ। ਸ਼ਾਹਜਹਾਂ ਦੀਆਂ ਬਣਵਾਈਆਂ ਇਮਾਰਤਾਂ ਤੋਂ ਬਾਅਦ ਜਾਂ ਤਾਂ ਇਨ੍ਹਾਂ ਦੇ ਕਲਾਸਿਕ ਨਮੂਨਿਆਂ ਨੂੰ ਮਾਤਰ ਦੁਹਰਾਇਆ ਜਾ ਸਕਦਾ ਸੀ ਜਾਂ ਫੇਰ ਇਨ੍ਹਾਂ ਦੇ ਕਲਾਸਿਕ ਤੱਤਾਂ ਨੂੰ ਵਧਾ ਵਧਾ ਕੇ ਇਨ੍ਹਾਂ ਦੀ ਅਤਿ ਕੀਤੀ ਜਾ ਸਕਦੀ ਸੀ। ਅਤੇ ਅਜਿਹਾ ਹੀ ਹੋਇਆ। ਸ਼ਾਹਜਹਾਂ ਦੇ ਜਾਂਨਸ਼ੀਨ, ਬਾਦਸ਼ਾਹ ਔਰੰਗਜ਼ੇਬ ਦੀ ਕਲਾਵਾਂ ਪ੍ਰਤੀ ਬੇਰੁਖ਼ੀ ਨੇ ਪਤਨ ਦਾ ਇਹ ਵਰਤਾਰਾ ਕੁਝ ਤੇਜ਼ ਕਰ ਦਿੱਤਾ।
ਔਰੰਗਜ਼ੇਬ ਨੇ ਆਪਣੇ ਅੱਧੀ ਸਦੀ ਦੇ ਰਾਜਕਾਲ ਦੌਰਾਨ ਸਿਰਫ਼ ਦੋ ਮਸਜਿਦਾਂ ਦੀ ਉਸਾਰੀ ਹੀ ਕਰਵਾਈ। ਕਿਉਂ ਜੋ ਦਿੱਲੀ ਵਿਚ ਲਾਲ ਕਿਲ੍ਹੇ ਦੇ ਸਾਹਮਣੇ ਕੁਝ ਕੁ ਸਾਲ ਪਹਿਲਾਂ ਹੀ ਉਸ ਦੇ ਪਿਤਾ ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਵਿਸ਼ਾਲ ਜਾਮਾ ਮਸਜਿਦ ਬਣਵਾਈ ਜਾ ਚੁੱਕੀ ਸੀ, ਉੱਥੇ ਹੀ ਇਕ ਹੋਰ ਵੱਡੀ ਮਸਜਿਦ ਉਸਰਵਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ। ਹਾਂ, ਗੱਦੀ ਸੰਭਾਲਣ ਦੇ ਦੋ ਸਾਲ ਮਗਰੋਂ ਹੀ 1660 ਵਿਚ ਉਸ ਨੇ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਲਾਗਤ ਨਾਲ ਦਿੱਲੀ ਦੇ ਲਾਲ ਕਿਲ੍ਹੇ ਦੇ ਅੰਦਰ ਹੀ ਆਪਣੀ ਵਿਅਕਤੀਗਤ ਵਰਤੋਂ ਲਈ ਸੰਗਮਰਮਰ ਦੀ ਛੋਟੀ ਜਿਹੀ ਮੋਤੀ ਮਸਜਿਦ ਜ਼ਰੂਰ ਬਣਵਾ ਲਈ ਜੋ ਹੁਣ ਵੀ ਮੌਜੂਦ ਹੈ। ਔਰੰਗਜ਼ੇਬ ਨੇ ਜਾਮਾ ਮਸਜਿਦ ਬਣਵਾਉਣ ਲਈ ਸ਼ਹਿਰ ਲਾਹੌਰ ਚੁਣਿਆ। ਦਿੱਲੀ ਵਾਂਙ ਹੀ ਇਹ ਵੀ ਕਿਲ੍ਹੇ ਦੇ ਸਾਹਮਣੇ ਬਣਵਾਉਣ ਦੀ ਤਦਬੀਰ ਬਣੀ। ‘ਬਾਦਸ਼ਾਹੀ ਮਸਜਿਦ’ ਦੇ ਨਾਂ ਨਾਲ ਪ੍ਰਸਿੱਧ ਇਸ ਦੀ ਵਿਸ਼ਾਲ ਇਮਾਰਤ ਕਿਲ੍ਹੇ ਦੇ ਆਲਮਗੀਰੀ ਦਰਵਾਜ਼ੇ ਦੇ ਬਿਲਕੁਲ ਸੇਧ ਵਿਚ ਮੌਜੂਦ ਹੈ। 1986 ਤੀਕ ਤਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਸੀ। 1986 ਤੋਂ ਮਗਰੋਂ ਦੁਨੀਆ ਦੇ ਕਈ ਇਸਲਾਮੀ ਮੁਲਕਾਂ ਨੇ ਇੱਕ-ਦੂਜੇ ਦੀ ਹੋੜ ਨਾਲ ਇਸ ਤੋਂ ਵੱਡੀਆਂ ਮਸਜਿਦਾਂ ਦੀ ਉਸਾਰੀ ਕਰਵਾ ਲਈ। ਹੁਣ ਇਹ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਮਸਜਿਦ ਹੈ ਜਿਸ ਵਿਚ ਇੱਕੋ ਸਮੇਂ ਇਕ ਲੱਖ ਬੰਦਾ ਨਮਾਜ਼ ਪੜ੍ਹ ਸਕਦਾ ਹੈ।
ਕਿਸੇ ਵੀ ਮਸਜਿਦ ਦੇ ਤੱਤ ਤਾਂ ਪੂਰਵ-ਨਿਰਧਾਰਿਤ ਹੀ ਹਨ- ਖੁੱਲ੍ਹਾ ਵਿਹੜਾ, ਵਿਹੜੇ ਦੇ ਪੱਛਮ ਵਾਲੇ ਪਾਸੇ ਗੁੰਬਦਾਂ ਨਾਲ ਛੱਤੀ ਇਮਾਰਤ, ਇਸ ਇਮਾਰਤ ਦੀ ਪਿਛਲੀ ਕੰਧ ਵਿਚ ਮਹਿਰਾਬ ਜਿਸ ਵੱਲ ਮੂੰਹ ਕਰ ਕੇ ਮੁਸਲਮਾਨ ਸਿਜਦਾ ਕਰਦੇ ਹਨ। ਖੁੱਲ੍ਹੇ ਵਿਹੜੇ ਦੇ ਤਿੰਨ ਪਾਸੇ ਛਾਂਦਾਰ ਦਲਾਨ ਅਤੇ ਸਾਹਮਣੇ ਵਾਲੀ ਕੰਧ ਵਿਚ ਮੁੱਖ ਦਰਵਾਜ਼ਾ। ਜੇਕਰ ਖਾਲੀ ਥਾਂ ਹੋਵੇ ਤਾਂ ਉੱਤਰੀ ਅਤੇ ਦੱਖਣੀ ਕੰਧ ਵਿਚ ਵੀ ਇਕ ਇਕ ਦਰਵਾਜ਼ਾ ਬਣਵਾਇਆ ਜਾ ਸਕਦਾ ਸੀ। ਇਮਾਰਤ ਦੇ ਕੋਨਿਆਂ ’ਤੇ ਅਤੇ ਕਈ ਵਾਰ ਵਲਗਣ ਦੇ ਕੋਨਿਆਂ ’ਤੇ ਵੀ ਇਕ ਇਕ ਉੱਚੀ ਮੀਨਾਰ ਹੁੰਦੀ ਸੀ। ਮਸਜਿਦ ਦੇ ਮੀਨਾਰ ਅਤੇ ਗੁੰਬਦ ਪਿੰਡ ਜਾਂ ਸ਼ਹਿਰ ਵਿਚ ਦੂਰੋਂ ਹੀ ਦਿਸ ਪੈਂਦੇ ਹਨ, ਖ਼ਾਸ ਤੌਰ ’ਤੇ ਪੁਰਾਣੇ ਸਮਿਆਂ ਵਿਚ ਜਦੋਂ ਬਾਕੀ ਰਿਹਾਇਸ਼ੀ ਇਮਾਰਤਾਂ ਬਹੁਤੀਆਂ ਉੱਚੀਆਂ ਨਹੀਂ ਸਨ ਹੁੰਦੀਆਂ।
ਭਾਵੇਂ ਸਮਕਾਲੀ ਇਤਿਹਾਸ ਵਿਚ ਇਸ ਮਸਜਿਦ ਦੀ ਉਸਾਰੀ ਦਾ ਕੋਈ ਜ਼ਿਕਰ ਨਹੀਂ ਮਿਲਦਾ, ਪਰ ਮਸਜਿਦ ਦੇ ਮੱਥੇ ’ਤੇ ਸਫ਼ੈਦ ਸੰਗਮਰਮਰ ਉੱਪਰ ਅਰਬੀ ਅਤੇ ਫ਼ਾਰਸੀ ਦੇ ਕਾਲੇ ਅੱਖਰਾਂ ਵਿਚ ਤਿੰਨ ਲਾਈਨਾਂ ਉੱਕਰੀਆਂ ਹੋਈਆਂ ਹਨ ਜਿਨ੍ਹਾਂ ਦਾ ਪੰਜਾਬੀ ਵਿਚ ਅਰਥ ਬਣਦਾ ਹੈ: ‘‘ਅੱਲਾਹ ਦੇ ਸਿਵਾ ਹੋਰ ਕੋਈ ਪਰਮਾਤਮਾ ਨਹੀਂ ਹੈ, ਹਜ਼ਰਤ ਮੁਹੰਮਦ ਅੱਲਾਹ ਦਾ ਪੈਗ਼ੰਬਰ ਹੈ। ਜੇਤੂ ਬਾਦਸ਼ਾਹ ਮੁਹੀਉਦ-ਦੀਨ ਮੁਹੰਮਦ ਆਲਮਗੀਰ ਦੀ ਮਸਜਿਦ ਸ਼ਾਹੀ ਘਰਾਣੇ ਦੇ ਸਭ ਤੋਂ ਨਿਮਰ ਸੇਵਕ, ਫ਼ਿਦਾਈ ਖ਼ਾਨ ਕੋਕਾ ਦੀ ਨਿਗਰਾਨੀ ਹੇਠ 1084 [ਹਿਜ਼ਰੀ] ਵਿਚ ਪੂਰੀ ਹੋਈ।’’ ਸਾਂਝੇ ਸੰਮਤ ਦਾ ਇਹ ਸਾਲ 1673 ਬਣਦਾ ਹੈ।
ਫ਼ਿਦਾਈ ਖ਼ਾਨ ਦੇ ਨਾਂ ਨਾਲ ਜੁੜਿਆ ਸ਼ਬਦ ‘ਕੋਕਾ’ ਦਰਸਾਉਂਦਾ ਹੈ ਕਿ ਉਹ ਬਾਦਸ਼ਾਹ ਦਾ ‘ਦੁੱਧ-ਭਰਾ’ ਸੀ, ਮਤਲਬ ਕਿ ਦੋਹਾਂ ਨੇ ਇੱਕੋ ਮਾਂ ਦਾ ਦੁੱਧ ਚੁੰਘਿਆ ਸੀ (ਜਿਵੇਂ ਕਿ ਜਹਾਂਗੀਰ ਅਤੇ ਦੁੱਲਾ ਭੱਟੀ ਨੂੰ ਵੀ ਦੁੱਧ-ਭਰਾ ਮੰਨਿਆ ਜਾਂਦਾ ਹੈ)। ਪਿੰਜੌਰ ਦਾ ਸ਼ਾਨਦਾਰ ਮੁਗ਼ਲ ਬਾਗ਼ ਵੀ ਇਸੇ ਫ਼ਿਦਾਈ ਖ਼ਾਨ ਨੇ ਬਣਵਾਇਆ ਸੀ। ਉਂਜ ਉਸ ਦਾ ਅਸਲ ਨਾਂ ਤਾਂ ਮੁਜ਼ੱਫ਼ਰ ਹੁਸੈਨ ਸੀ। 1675 ਵਿਚ ਫ਼ਿਦਾਈ ਖ਼ਾਨ ਦੇ ਅਫ਼ਗ਼ਾਨਾਂ ਖਿਲਾਫ਼ ਬਹਾਦਰੀ ਨਾਲ ਲੜਨ ’ਤੇ ਖ਼ੁਸ਼ ਹੋ ਕੇ ਔਰੰਗਜ਼ੇਬ ਨੇ ਉਸ ਨੂੰ ਇਕ ਹੋਰ ਖ਼ਿਤਾਬ ‘ਆਜ਼ਮ ਖ਼ਾਨ ਕੋਕਾ’ ਦੇ ਦਿੱਤਾ ਸੀ। 1677 ਵਿਚ ਬਾਦਸ਼ਾਹ ਨੇ ਉਸ ਨੂੰ ਬੰਗਾਲ ਦਾ ਸੂਬੇਦਾਰ ਥਾਪ ਦਿੱਤਾ। ਪਰ ਅਗਲੇ ਹੀ ਸਾਲ 24 ਮਈ ਦੇ ਦਿਨ ਉਹ ਢਾਕੇ ਵਿਖੇ ਫ਼ੌਤ ਹੋ ਗਿਆ। ਇਹ ਜਾਣਨਾ ਰੌਚਕ ਹੋਵੇਗਾ ਕਿ ਮੌਤ ਸਮੇਂ ਫ਼ਿਦਾਈ ਖ਼ਾਨ ਦੀ ਕੁੱਲ ਸੰਪਤੀ 22 ਲੱਖ ਚਾਂਦੀ ਦੇ ਰੁਪਏ ਅਤੇ ਇਕ ਲੱਖ ਬਾਰਾਂ ਹਜ਼ਾਰ ਸੋਨੇ ਦੀਆਂ ਮੋਹਰਾਂ ਸੀ (ਇਕ ਮੋਹਰ ਲਗਭਗ 10.95 ਗ੍ਰਾਮ ਸੋਨੇ ਦੀ ਹੁੰਦੀ ਸੀ; ਕੀਮਤ ਵਿਚ ਇਹ ਚਾਂਦੀ ਦੇ 15 ਰੁਪਏ ਦੇ ਬਰਾਬਰ ਸੀ; ਸੋਨੇ ਦੇ ਅੱਜ ਦੇ ਮੁੱਲ ਮੁਤਾਬਿਕ ਇਕ ਮੋਹਰ ਲਗਪਗ 66,750 ਰੁਪਏ ਦੇ ਬਰਾਬਰ ਸੀ)। ਫ਼ਿਦਾਈ ਖ਼ਾਨ ਦੀ ਮੌਤ ਤੋਂ ਬਾਅਦ ਆਮ ਮੁਗ਼ਲ ਕਾਨੂੰਨ ਮੁਤਾਬਿਕ ਇਹ ਸਾਰੀ ਸੰਪਤੀ ਬਾਦਸ਼ਾਹ ਨੇ ਜ਼ਬਤ ਕਰ ਲਈ। ਖ਼ੈਰ, ਚਲੋ ਆਪਾਂ ਫੇਰ ਮਸਜਿਦ ਵੱਲ ਮੁੜਦੇ ਹਾਂ।
ਬਾਦਸ਼ਾਹੀ ਮਸਜਿਦ ਦੀ ਉਸਾਰੀ ਤੋਂ ਪਹਿਲਾਂ ਲਾਹੌਰ ਵਿਚ ਹੀ ਕਿਲ੍ਹੇ ਦੇ ਅਕਬਰੀ ਦਰਵਾਜ਼ੇ ਲਾਗੇ 1611-14 ਦੌਰਾਨ ਉਸਰਵਾਈ ਗਈ ਬੇਗ਼ਮਸ਼ਾਹੀ ਮਸਜਿਦ ਅਤੇ ਮੀਲ ਤੋਂ ਵੀ ਘੱਟ ਫ਼ਾਸਲੇ ’ਤੇ 1634-41 ਦੌਰਾਨ ਬਣਵਾਈ ਗਈ ਵਜ਼ੀਰ ਖ਼ਾਨ ਦੀ ਮਸਜਿਦ ਮੌਜੂਦ ਸੀ। ਪਰ ਔਰੰਗਜ਼ੇਬ ਨੇ ਬਾਦਸ਼ਾਹੀ ਮਸਜਿਦ ਲਈ ਦਿੱਲੀ ਦੀ ਜਾਮਾ ਮਸਜਿਦ ਦਾ ਡਿਜ਼ਾਈਨ ਚੁਣਿਆ। ਲਾਲ ਕਿਲ੍ਹੇ ਅਤੇ ਜਾਮਾ ਮਸਜਿਦ ਵਾਂਙ ਹੀ ਲਾਹੌਰ ਦੀ ਇਹ ਸਿਜਦਾਗਾਹ ਵੀ ਲਾਲ ਰੇਤਲੇ ਪੱਥਰ ਦੀ ਬਣੀ ਹੈ ਜਿਸ ਉੱਪਰ ਸਫ਼ੈਦ ਸੰਗਮਰਮਰ ਨਾਲ ਵੇਲਾਂ ਦੇ ਨਮੂਨੇ ਬਣਾਏ ਹੋਏ ਹਨ। ਇਹ ਮਸਜਿਦ ਉਸਾਰੀ ਸ਼ੈਲੀ ਦੀ ਖ਼ੂਬਸੂਰਤੀ ਵਿਚ ਦਿੱਲੀ ਦੀ ਜਾਮਾ ਮਸਜਿਦ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ। ਸ਼ਾਇਦ ਔਰੰਗਜ਼ੇਬ ਦੇ ਕਾਰੀਗਰ ਵੀ ਇਸ ਗੱਲ ਤੋਂ ਵਾਕਿਫ਼ ਸਨ। ਇਸ ਲਈ ਔਰੰਗਜ਼ੇਬ ਨੇ ਲਾਹੌਰ ਦੀ ਮਸਜਿਦ ਦਾ ਆਕਾਰ ਵੱਡਾ ਕਰ ਕੇ ਦਿੱਲੀ ਦੀ ਮਸਜਿਦ ਨੂੰ ਪਿੱਛੇ ਛੱਡਣ ਦਾ ਯਤਨ ਕੀਤਾ। ਮਸਜਿਦ ਦੇ ਵਿਹੜੇ ਦਾ ਆਕਾਰ ਵਧਾ ਦਿੱਤਾ, ਕੋਨਿਆਂ ’ਤੇ ਬਣਾਏ ਮੀਨਾਰਾਂ ਦੀ ਉਚਾਈ ਵੀ ਹੋਰ ਵਧਵਾ ਦਿੱਤੀ। ਇਸ ਮਸਜਿਦ ਨਾਲ ਇਹ ਵਿਸ਼ਵਾਸ ਵੀ ਜੁੜਿਆ ਹੈ ਕਿ ਇਸ ਵਿਚ ਹਜ਼ਰਤ ਮੁਹੰਮਦ ਸਾਹਿਬ ਦਾ ਇਕ ਵਾਲ਼ ਸੁਰੱਖਿਅਤ ਰੱਖਿਆ ਹੋਇਆ ਹੈ (ਇਹੋ ਵਿਸ਼ਵਾਸ ਸ੍ਰੀਨਗਰ ਦੀ ਹਜ਼ਰਤਬਲ ਦੀ ਮਸਜਿਦ ਬਾਰੇ ਵੀ ਪ੍ਰਚਲਿਤ ਹੈ)।
ਪੰਜਾਬ ਅਤੇ ਲਾਹੌਰ ਲਈ ਸਾਰੀ ਅਠਾਰ੍ਹਵੀਂ ਸਦੀ ਰਾਜਨੀਤਕ ਉਥਲ-ਪੁਥਲ ਵਾਲੀ ਹੀ ਸੀ। 1799 ਵਿਚ ਮਹਾਰਾਜਾ ਰਣਜੀਤ ਸਿੰਘ ਹਾਕਮ ਬਣ ਗਿਆ। ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਤੀਕ ਤਾਂ ਬਾਦਸ਼ਾਹੀ ਮਸਜਿਦ ਦੀ ਦੁਰਵਰਤੋਂ ਹੀ ਹੁੰਦੀ ਰਹੀ ਜਿਵੇਂ ਉਸ ਸਮੇਂ ਦੌਰਾਨ ਲਾਹੌਰ ਆਉਣ ਵਾਲੇ ਵਿਲੀਅਮ ਮੂਰਕ੍ਰਾਫਟ ਵਰਗੇ ਵਿਦੇਸ਼ੀ ਯਾਤਰੀ ਆਪਣੀਆਂ ਕਿਤਾਬਾਂ ਵਿਚ ਲਿਖਦੇ ਹਨ। ਇਕ ਭੁਚਾਲ ਦੌਰਾਨ ਇਸ ਦੀਆਂ ਮੀਨਾਰਾਂ ਨੂੰ ਵੀ ਨੁਕਸਾਨ ਪੁੱਜਾ।
1846 ਵਿਚ ਅੰਗਰੇਜ਼ਾਂ ਦੇ ਲਾਹੌਰ ’ਤੇ ਕਾਬਜ਼ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਮਸਜਿਦ ਨੂੰ ਫ਼ੌਜੀ ਗੜ੍ਹੀ ਵਜੋਂ ਵਰਤਣਾ ਜਾਰੀ ਰੱਖਿਆ, ਪਰ 1852 ਵਿਚ ਉਨ੍ਹਾਂ ਨੇ ਮਸਜਿਦ ਦੀ ਮੁੜ ਸੁਰਜੀਤੀ ਲਈ ‘ਬਾਦਸ਼ਾਹੀ ਮਸਜਿਦ ਅਥਾਰਟੀ’ ਦੀ ਸਥਾਪਨਾ ਕਰ ਦਿੱਤੀ ਤਾਂ ਜੋ ਇਹ ਮੁਸਲਮਾਨਾਂ ਨੂੰ ਇਬਾਦਤ ਲਈ ਦੁਬਾਰਾ ਸੌਂਪੀ ਜਾ ਸਕੇ। 11 ਜੂਨ 1856 ਨੂੰ ਇਸ ਨੂੰ ਫੇਰ ਮੁਸਲਮਾਨਾਂ ਦੇ ਹਵਾਲੇ ਕਰ ਦਿੱਤਾ ਗਿਆ।
ਅਪਰੈਲ 1919 ਵਿਚ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਬਾਅਦ ਬਾਦਸ਼ਾਹੀ ਮਸਜਿਦ ਦੇ ਵਿਹੜੇ ਵਿਚ ਲਗਭਗ 25,000-35,000 ਦੀ ਗਿਣਤੀ ਵਿਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਆਪਣੇ ਵਿਰੋਧ ਦਾ ਇਜ਼ਹਾਰ ਕੀਤਾ। ਇਸ ਇਕੱਠ ਮੂਹਰੇ ਖ਼ਲੀਫ਼ਾ ਸ਼ੁਜਾਉੱਦੀਨ (ਜੋ ਬਾਅਦ ਵਿਚ ਪੰਜਾਬ ਦੀ ਸੂਬਾਈ ਅਸੈਂਬਲੀ ਦਾ ਸਪੀਕਰ ਬਣ ਗਿਆ ਸੀ) ਨੇ ਸਮਾਗਮ ਵਿਚ ਮਹਾਤਮਾ ਗਾਂਧੀ ਦਾ ਇਕ ਭਾਸ਼ਣ ਵੀ ਪੜ੍ਹਿਆ ਸੀ।
1925 ਵਿਚ ਪੁਰਾਤੱਤਵ ਵਿਭਾਗ ਵੱਲੋਂ ਇਸ ਮਸਜਿਦ ਨੂੰ ‘ਸੁਰੱਖਿਅਤ ਸਮਾਰਕ’ ਕਰਾਰ ਦੇ ਦਿੱਤਾ ਗਿਆ। ਅਣਵੰਡੇ ਪੰਜਾਬ ਦੇ ਪ੍ਰੀਮੀਅਰ ਸਰ ਸਿਕੰਦਰ ਹਯਾਤ ਖ਼ਾਨ ਮਸਜਿਦ ਦੀ ਮੁਰੰਮਤ ਲਈ ਚੰਦਾ ਇੱਕਠਾ ਕਰਨ ਵਾਲਿਆਂ ਵਿਚ ਮੋਹਰੀ ਸਨ। 1939 ਵਿਚ ਆਰਕੀਟੈਕਟ ਨਵਾਬ ਜ਼ੈਨ ਯਾਰ ਜੰਗ ਬਹਾਦਰ ਦੀ ਨਿਗਰਾਨੀ ਹੇਠ ਇਸ ਦੀ ਮੁਰੰਮਤ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਗਈ। 48 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ 1960 ਤੀਕ ਚਲਦਾ ਰਿਹਾ।
ਮਸਜਿਦ ਦੇ ਮੁੱਖ ਦਰਵਾਜ਼ੇ ਦੇ ਨੇੜੇ ਹੀ ਖੱਬੇ ਪਾਸੇ ਉਰਦੂ-ਫ਼ਾਰਸੀ ਦੇ ਪ੍ਰਸਿੱਧ ਸ਼ਾਇਰ ਅੱਲਾਮਾ ਇਕਬਾਲ ਦੀ ਮਜ਼ਾਰ ਹੈ। ਪਾਕਿਸਤਾਨ ਵਿਚ ਉਸ ਨੂੰ ਸ਼ਾਇਰ ਤੋਂ ਇਲਾਵਾ ‘ਪਾਕਿਸਤਾਨ ਅੰਦੋਲਨ’ ਦੇ ਸੰਸਥਾਪਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਇਕਬਾਲ ਆਪਣੇ ਸੁਫ਼ਨੇ ਨੂੰ ਸਾਕਾਰ ਹੋਇਆ ਨਾ ਵੇਖ ਸਕਿਆ ਕਿਉਂਕਿ ਉਹ 1938 ਵਿਚ ਹੀ ਫ਼ੌਤ ਹੋ ਗਿਆ ਸੀ। ਸਰ ਸਿਕੰਦਰ ਹਯਾਤ ਖ਼ਾਨ ਦੀ ਕਬਰ ਵੀ ਨੇੜੇ ਹੀ ਹੈ।
1961 ਵਿਚ ਬਾਦਸ਼ਾਹੀ ਮਸਜਿਦ ਦੇ ਰੱਖ-ਰੱਖਾਅ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਦੇ ਔਕਾਫ਼ ਮਹਿਕਮੇ ਨੂੰ ਸੌਂਪ ਦਿੱਤਾ। 1993 ਵਿਚ ਇਸ ਮਸਜਿਦ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤਾਂ ਦੀ ਅਸਥਾਈ ਸੂਚੀ ਵਿਚ ਸ਼ਾਮਲ ਕਰ ਲਿਆ ਸੀ। ਹੁਣ ਇਹ ਪਾਕਿਸਤਾਨ ਦੀਆਂ ਸਭ ਤੋਂ ਮਸ਼ਹੂਰ ਅਤੇ ਦਰਸ਼ਨੀ ਥਾਵਾਂ ਵਿਚੋਂ ਇਕ ਹੈ। ਨਾਲ ਹੀ ਇਹ ਹਿੰਦੋਸਤਾਨੀ ਬਰੇ-ਸਗ਼ੀਰ ਵਿਚ ਮੁਗ਼ਲ ਇਮਾਰਤਸਾਜ਼ੀ ਦੀ ਕਲਾ ਦਾ ਅੰਤਿਮ ਪ੍ਰਮੁੱਖ ਪ੍ਰਗਟਾਵਾ ਹੈ। ਇਸ ਦੀ ਉਸਾਰੀ ਤੋਂ 125 ਸਾਲ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਲਾਹੌਰ ਵਿਚ ਸਿੱਖ ਇਮਾਰਤਸਾਜ਼ੀ ਦਾ ਇਕ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ।
ਸੰਪਰਕ: 98728-22417