ਜਿਹੜੀ ਸਾਂਝ ਹਮੇਸ਼ਾਂ ਤੋਂ ਚੱਲਦੀ ਆ ਰਹੀ ਸੀ, ਟੁੱਟ ਗਈ : The Tribune India

ਜਿਹੜੀ ਸਾਂਝ ਹਮੇਸ਼ਾਂ ਤੋਂ ਚੱਲਦੀ ਆ ਰਹੀ ਸੀ, ਟੁੱਟ ਗਈ

ਜਿਹੜੀ ਸਾਂਝ ਹਮੇਸ਼ਾਂ ਤੋਂ ਚੱਲਦੀ ਆ ਰਹੀ ਸੀ, ਟੁੱਟ ਗਈ

ਇਸ਼ਤਿਆਕ ਅਹਿਮਦ

ਟਾਕਹੋਮ ਯੂਨੀਵਰਸਿਟੀ ਦੇ ਪ੍ਰੋਫੈਸਰ (ਅਮੈਰਿਟਸ) ਇਸ਼ਤਿਆਕ ਅਹਿਮਦ ਦੀ ਪੰਜਾਬ ਦੀ ਵੰਡ ਬਾਰੇ ਕਿਤਾਬ ‘Punjab Bloodied, Partitioned and Cleansed’ ਦਿਲ ਹਿਲਾ ਦੇਣ ਵਾਲੇ ਬਿਰਤਾਂਤਾਂ ਨਾਲ ਭਰਪੂਰ ਹੈ। ਇਹ ਕਿਤਾਬ 2011 ਵਿਚ ਛਪੀ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗੱਲਬਾਤ ਵਿਚੋਂ ਕੁਝ ਅੰਸ਼:

* ਮੈਂ ਤੁਹਾਡੇ ਨਾਲ ਗੱਲਬਾਤ ਨਿੱਜੀ ਨੁਕਤੇ ਤੋਂ ਸ਼ੁਰੂ ਕਰਨਾ ਚਾਹੁਨਾਂ... ਤੁਹਾਡਾ ਜਨਮ 24 ਫਰਵਰੀ 1947 ਦਾ ਏ। ਉਸ ਹਿਸਾਬ ਨਾਲ ਤੁਹਾਡਾ ਜਨਮ ਸਲਮਾਨ ਰਸ਼ਦੀ ਦੇ ਨਾਵਲ ‘ਮਿਡਨਾਈਟਸ ਚਿਲਡਰਨ’ ਦੇ ਕਿਰਦਾਰ ਦੇ ਜਨਮ ਨਾਲ ਮੇਲ ਖਾਂਦਾ ਏ।

- ਬਿਲਕੁਲ... ਬਿਲਕੁਲ, ਬਹੁਤ ਲੋਕਾਂ ਨੇ ਇਸ ’ਤੇ ਐਂ ਈ ਕਿਹਾ ਏ।

* ‘ਮਿਡਨਾਈਟ ਚਾਈਲਡ’ ਹੋਣ ਦਾ ਮਤਲਬ... ਕਿ ਬਹੁਤ ਲੋਕੀਂ ਉਦੋਂ ਜਨਮੇ ਜਿਸ ਵਰ੍ਹੇ ਨਾਲ ਸਾਡਾ ਇਤਿਹਾਸ ਜੁੜਿਆ ਏ। ਇਸ ਤਰ੍ਹਾਂ ਉਸ ਸਾਲ ਦੇ ਜੰਮਿਆਂ ਦੀ ਜ਼ਿੰਦਗੀ ਸਾਡੀ ਤਵਾਰੀਖ਼ ਨਾਲ ਗੁੱਥੀ ਹੋਈ ਏ।

- ਮੁਸਲਿਮ ਲੀਗ ਦੀ ਐਜੀਟੇਸ਼ਨ 24 ਜਨਵਰੀ 1947 ਨੂੰ ਸ਼ੁਰੂ ਹੋਈ ਤੇ 26 ਫ਼ਰਵਰੀ ਨੂੰ ਖ਼ਤਮ ਹੋਈ ਤੇ ਮੇਰਾ ਜਨਮ ਹੁੰਦੈ 24 ਫ਼ਰਵਰੀ...। ਕਿਤਾਬ ’ਚ ਇਕ ਘਟਨਾ ਦਾ ਜ਼ਿਕਰ ਹੈ ਉਸ ਦਿਨ ਦਾ, ਯਾਨੀ 24 ਫ਼ਰਵਰੀ ਦਾ ਹੀ। ਉਹ ਇਹ ਕਿ ਅੰਮ੍ਰਿਤਸਰ ਕਚਹਿਰੀ ’ਚ ਇਕ ਆਫ਼-ਡਿਊਟੀ ਸਿੱਖ ਕਾਂਸਟੇਬਲ ਨੂੰ ਮੋਬ (ਭੀੜ) ਨੇ ਬੁਰੀ ਤਰ੍ਹਾਂ ਮਾਰਿਆ ਤੇ ਉਹ ਮਰ ਗਿਆ... ਮੈਂ ਕਈ ਦਫ਼ਾ ਸੋਚਿਆ ਕਿ ਜਿਸ ਦਿਨ ਮੇਰਾ ਜਨਮ ਹੋਇਆ ਤੇ ਉਸ ਦਿਨ ਇਕ ਬੰਦੇ ਨੂੰ ਕੋਹ ਕੇ ਮਾਰ ਦਿੱਤਾ ਗਿਆ। ਮੇਰੇ ਘਰ ਖ਼ੁਸ਼ੀਆਂ ਤੇ ਬੰਦੇ ਦੇ ਘਰ ਵਿਰਲਾਪ।

* ਇਹ ਜੋ ਵੰਡ ਹੋਈ, ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ, ਤੁਹਾਨੂੰ ਕਿੱਦਾਂ ਲੱਗਦਾ?

- ਬੜੀ ਓਪਰੀ ਗੱਲ ਲੱਗਦੀ ਐ... ਬੜੀ ਅਜੀਬ... ਜਿਹੜੀ ਸਾਂਝ ਹਮੇਸ਼ਾਂ ਤੋਂ ਚੱਲਦੀ ਆ ਰਹੀ ਸੀ ਟੁੱਟ ਗਈ। ਐਨੀ ਮਜ਼ਬੂਤ ਸਾਂਝ ਸੀ ਲੋਕਾਂ ਵਿਚ...। ਦੇਖੋ ਜੀ, ਰੂਲਿੰਗ ਕਲਾਸ ਦਾ ਝਗੜਾ ਤਾਂ ਸਦਾ ਤੋਂ ਸੀ... ਲੇਕਿਨ ਬੁਨਿਆਦੀ ਤੌਰ ’ਤੇ ਲੋਕ ਜੁੜੇ ਹੋਏ ਸਨ, ਪਰ ਸੁਆਲ ਇਹ ਵੈ ਕਿ ਲੋਕਾਂ ਦੀ ਜੋ ਸਮਝ ਸੀ... ਉਹਦਾ ਕੀ ਹੋਇਆ? ਹਿੰਦੋਸਤਾਨ ਦੇ ਦੂਸਰੇ ਇਲਾਕਿਆਂ ਵਾਂਗ ਪੰਜਾਬ ਵਿਚ ਦਰਜਾਬੰਦੀ ਸੀ, ਕਿੱਥੇ ਨਹੀਂ ਹੁੰਦੀ ਦਰਜਾਬੰਦੀ, ਪਰ ਪੰਜਾਬ ਦੇ ਲੋਕਾਂ ਨੇ ਦਰਜਾਬੰਦੀ ਦੇ ਬਾਵਜੂਦ ’ਕੱਠੇ ਰਹਿਣ ਦਾ ਤਰੀਕਾ ਲੱਭਿਆ ਹੋਇਆ। ਪੰਜਾਬ ਵਿਚ ਸਨਾਤਨੀ ਹਿੰਦੂਵਾਦ ਵੀ ਹੈ, ਕੱਟੜ ਇਸਲਾਮ ਵੀ... ਸਿੱਖਾਂ ਦੀ ਵੀ ਇਕ ਆਪਣੀ ਔਰਥੌਡੌਕਸੀ ਏ। ਪਰ ਇਸ ਦੇ ਨਾਲ ਨਾਲ ਲੋਕਾਂ ਦਾ ਆਪਣਾ ਸਭਿਆਚਾਰ ਸੀ, ਪਿੰਡ ਵਿਚ, ਸ਼ਹਿਰਾਂ ਵਿਚ, ਕਸਬਿਆਂ ਵਿਚ, ਇਹ ਬੜੀ ਦੇਰ ਤੋਂ ਚੱਲਦਾ ਆ ਰਿਹਾ ਸੀ। ਇਸ ਸਭਿਆਚਾਰ ਨੂੰ ਮਜ਼ਬੂਤ ਕੀਤਾ ਸੀ ਸੂਫ਼ੀਆਂ ਤੇ ਜੋਗੀਆਂ ਦੀ ਸੋਚ ਨੇ। ਫਿਰ ਤਵਾਰੀਖ਼ ਵਿਚ ਭਗਤੀ ਲਹਿਰ ਨੇ ਰੋਲ ਨਿਭਾਇਆ, ਸੰਤਾਂ ਨੇ, ਸਿੱਖ ਗੁਰੂਆਂ ਨੇ। ਗੁਰੂ ਨਾਨਕ ਦੀ ਸੋਚ ਦਾ ਖ਼ਾਸ ਤੌਰ ’ਤੇ ਅਸਰ ਸੀ। ਪਰ ਸੰਤਾਲੀ ਵਿਚ ਹੋਇਆ ਕੀ? ਮੈਂ ਸਮਝਨਾਂ ਕਿ ਅਖ਼ੀਰ ਵਿਚ ’47 ਵਿਚ ਜੋ ਹੋਇਆ, ਉਹ ਪੰਜਾਬੀ ਕਲਚਰ ਦੀ ਨੀਗੇਸ਼ਨ ਹੈ।

* ਪੰਜਾਬ ਵਿਚ 19ਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਧਾਰਮਿਕ ਤਹਿਰੀਕਾਂ ਉੱਭਰੀਆਂ। ਕੁਝ ਉਨ੍ਹਾਂ ਬਾਰੇ ਦੱਸੋ।

- ਉਹ ਐਸ ਤਰ੍ਹਾਂ... ਮੈਂ ਤੇ ਇਹਨੂੰ ਕਿਤਾਬ ਵਿਚ dilemma of modernity... (ਆਧੁਨਿਕਤਾ ਦਾ ਵਿਰੋਧਾਭਾਸ) ਦੱਸਿਆ ਯਾਨੀ ਮਾਡਰਨ ਦੌਰ ਜਦੋਂ ਆਉਂਦਾ ਏ... ਵੀਹਵੀਂ ਸਦੀ ਵਿਚ ਜਦੋਂ ਆਰਥਿਕ ਮੌਕੇ ਵੀ ਆਉਂਦੇ ਨੇ, ਨਾਲ ਜਦੀਦ ਪੜ੍ਹਾਈ ਆਉਂਦੀ ਹੈ। ਇੱਧਰ ਹਿੰਦੂ ਸੁਧਾਰਾਂ ਦੀ ਗੱਲ ਹੁੰਦੀ ਐ, ਜਾਤਪਾਤ ਦਾ ਵਿਰੋਧ ਹੋਣ ਲੱਗਦਾ ਹੈ। ਇਹ ਸੋਚ ਪ੍ਰਵਾਨ ਹੁੰਦੀ ਜਾਂਦੀ ਹੈ ਕਿਉਂਕਿ ਨਵੀਂ ਪੁਸ਼ਤ ਕਾਲਜਾਂ ਵਿਚ ਪੜ੍ਹਦੀ ਅਤੇ ਸੋਚਣ ਦਾ ਨਵਾਂ ਤਰੀਕਾ ਅਖ਼ਤਿਆਰ ਕਰਦੀ ਆ। ਇਹ ਹਾਂ-ਪੱਖੀ ਚੀਜ਼ਾਂ ਨੇ, ਪੌਜ਼ਿਟਿਵ। ਦੂਜੇ ਪਾਸੇ ਇਸਾਈਅਤ ਵੀ ਆਉਂਦੀ ਏ... ਉਸ ਤੋਂ ਡਰ ਕੇ ਉਪਰਲੀਆਂ ਜਾਤਾਂ ਵਾਲੇ ਹਿੰਦੂ, ਮੁਸਲਮਾਨ ਅਤੇ ਸਿੱਖ, ਇਸਾਈ ਹੋਣ ਲੱਗਦੇ ਨੇ। ਫਿਰ ਹੁੰਦਾ ਕੀ ਏ ਕਿ ਤਿੰਨੋ ਕਮਿਊਨਿਟੀਆਂ Introspection ਕਾਰਨ (ਅੰਤਰਝਾਤ ਮਾਰਨ) ਲੱਗਦੀਆਂ ਨੇ। ਨਤੀਜਾ ਇਹ ਕਿ ਵੇਦਾਂਤਕ ਹਿੰਦੂਇਜ਼ਮ ਆ ਜਾਂਦਾ ਏ। ਨਾਲ ਨਾਲ ਕਹਿਣ ਲੱਗਦੇ ਨੇ ਕਿ ਸਿੱਖ ਤਾਂ ਹਿੰਦੂ ਨੇ। ਸਿੱਖ ਕਹਿੰਦੇ ਨੇ ‘ਹਮ ਹਿੰਦੂ ਨਹੀਂ’। ਮੁਸਲਮਾਨ ਦੀ ਵਾਰੀ ਆਉਂਦੀ ਆ ਤਾਂ ਉਹ ਸੂਫ਼ੀਆਂ ਵਾਲੀ ਸੋਚ ਨੂੰ ਛੱਡ ਕੇ, ਮੁਸਲਿਮ ਨੈਸ਼ਨਲਿਜ਼ਮ ਵੱਲ ਮੂੰਹ ਕਰਦੇ ਨੇ। ਮੁਸਲਿਮ ਲੀਗ ਆ ਜਾਂਦੀ ਐ। ਨਤੀਜਾ ਕੀ ਨਿਕਲਦਾ? ਨਤੀਜਾ ਇਹ ਕਿ ਲੋਕਾਂ ਦਾ ਕਲਚਰ ਪਿੱਛੇ ਰਹਿ ਜਾਂਦਾ ਐ ਤੇ ਉਹਦੇ ’ਤੇ ਛਾ ਜਾਂਦਾ ਹੈ ਮਜ਼ਹਬ ਦਾ ‘ਹਾਈ ਕਲਚਰ’। ਮਜ਼ਹਬੀ ਕਲਚਰ ਜਿਹੜਾ ਵਖਰੇਵਿਆਂ ’ਤੇ ਜ਼ੋਰ ਦੇਂਦਾ ਐ। ਯਾਨੀ ਗੱਲ ਪੁੱਜਦੀ ਹੈ ਕਿ ਕਮਿਊਨਿਟੀ ਨੂੰ ਬੁਨਿਆਦੀ ਅਸੂਲਾਂ ’ਤੇ ’ਕੱਠਾ ਕਰੋ। ਇਸ ਨੂੰ ਹੀ ਬੁਨਿਆਦ-ਪਸੰਦੀ (fundamentalism) ਕਿਹਾ ਜਾਂਦਾ ਹੈ ਜੀਹਨੇ ਇਕ ਫ਼ਿਰਕੇ ਦੇ ਬੰਦੇ ਨੂੰ ਦੂਜੇ ਤੋਂ ਤੋੜਨਾ ਹੁੰਦਾ। ਸਾਂਝੇ ਪੰਜਾਬ ਦੀ ‘ਨੀਗੇਸ਼ਨ’ ਦੇ ਬੀਜ ਏਥੇ ਪਏ ਹੋਏ ਐ। ਇਸ ਸਾਰੇ ਕਾਸੇ ’ਚ ਹੁੰਦਾ ਕੀ ਹੈ ਕਿ ਸਾਰੀ ਗੱਲ ਨੂੰ ਏਨਾ ਦੋ ਟੁੱਕ ਬਣਾ ਦਿਓ ਪਈ ਉਹ ਜਾਂਦਾ ਏ ਮੁਸਲਮਾਨ, ਉਹ ਜੇ ਸਿੱਖ, ਅਸੀਂ ਹੈਗੇ ਆਂ ਇਹ ਤੇ ਤੁਸੀਂ ਹੈਗੇ ਜੇ ਹਿੰਦੂ। ਅਜੀਬ ਗੱਲ ਇਹ ਐ ਕਿ ਇਹ ਦੀਵਾਰਾਂ ਪਹਿਲਾਂ ਨਹੀਂ ਸਨ, ਮਾਡਰਨ ਸੋਸਾਇਟੀ ਦੇ ਨਾਲ ਆਈਆਂ ਜਦਕਿ ਹੋਣਾ ਉਲਟਾ ਚਾਹੀਦਾ ਸੀ।

* ਤੁਸੀਂ ਕਿਤਾਬ ਵਿਚ ਲੀਓ ਕੂਪਰ ਦੇ ਹਵਾਲੇ ਨਾਲ ਗੱਲ ਕੀਤੀ ਏ ਕਿ ਬਸਤੀਵਾਦੀ ਦਖ਼ਲ ਨਾਲ ਸਾਡਾ ਸਾਂਝਾ ਸਮਾਜ ਜਾਂ ਬਹੁ-ਫ਼ਿਰਕਾ ਸਮਾਜ ਦਬਾਅ ਥੱਲੇ ਆਉਂਦਾ ਏ।

- ਮੈਂ ਇਹਦੇ ਵਿਰੁੱਧ ਦਲੀਲ ਵੀ ਦਿੱਤੀ ਐ ਕਿ ਲੋਕ ਸੂਫ਼ੀਆਂ ਕੋਲ ਜਾਂਦੇ ਸਨ... ਲੋਕ ਪੰਡਤਾਂ ਕੋਲ ਜਾਂਦੇ ਸਨ... ਗੁਰੂ ਨਾਨਕ ਨੂੰ ਸਭ ਮੰਨਦੇ ਸਨ, ਤੇ ਇਹ ਬਹੁ-ਫ਼ਿਰਕਾ ਸਮਾਜ ਸੀ ਤੇ ਇਹ ਸਾਰੇ ਪੇਂਡੂ ਸਮਾਜ ਦੇ ਇਕਮੁੱਠ ਵਜੂਦ ਦਾ ਅਟੁੱਟ ਅੰਗ ਸੀ। ਸ਼ਹਿਰਾਂ ਦੀ ਕਮਿਊਨਿਟੀ ਦੇ ਵਿਚ ਵੀ ਇਹੀ ਸੀ। ਇਹ ਹੋਰ ਪਲੂਰਲ ਸਮਾਜਾਂ ਵਾਂਗ ਨਹੀਂ ਸੀ, ਪਲੂਰਲ ਸਮਾਜ ਸੀ ਪਰ ਨਾਲ ਸਾਰੇ ਪਿੰਡਾਂ ਜਾਂ ਕਸਬੇ ਦੇ ਸਮਾਜ ਦਾ ਹਿੱਸਾ ਵੀ ਸੀ।

* ਤੁਹਾਡੀ ਕਿਤਾਬ ’ਚ ਬਹੁਤ ਦਿਲ ਚੀਰਨ ਵਾਲੀਆਂ ਗੱਲਾਂ ਨੇ, ਜਿਵੇਂ ਤੁਸੀਂ ਪ੍ਰੇਮ ਧਵਨ ਤੇ ਸਰਦਾਰ ਸ਼ੌਕਤ ਅਲੀ ਬਾਰੇ ਦੱਸਿਆ।

- ਸਰਦਾਰ ਸ਼ੌਕਤ ਅਲੀ ਮੈਨੂੰ ਅਜੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਨੇ, ਜਿੱਦਾਂ ਉਹ ਰੋਂਦੇ ਸੀ, ਜਦੋਂ ਉਹਨੇ ਦੱਸਿਆ ਕਿ ਪ੍ਰੇਮ ਧਵਨ ਮੇਰਾ ਕਲਾਸ ਫੈਲੋ ਸੀ। ਪ੍ਰੇਮ ਧਵਨ ਨੂੰ ਮੈਂ 2001 ਵਿਚ ਮਿਲਿਆ ਸਾਂ ਤੇ ਸ਼ੌਕਤ ਹੋਰਾਂ ਨੂੰ ਸ਼ਾਇਦ 2004 ਜਾਂ 2005 ’ਚ ਮਿਲਿਆ ਤੇ ਜਦੋਂ ਮੈਂ ਜ਼ਿਕਰ ਕੀਤਾ ਤਾਂ ਉਹ ਰੋਣ ਲੱਗ ਪਿਆ।

* ਵੰਡ ਦੀ ਪ੍ਰਕਿਰਿਆ ਨੂੰ ਕੁੱਲ ਮਿਲਾ ਕੇ ਕਿਵੇਂ ਬਿਆਨ ਕਰੋਗੇ।

- ਗੱਲ ਇਸ ਤਰ੍ਹਾਂ ਏ ਜੀ... ਕਿ ਮੈਂ ਹਿੰਦੋਸਤਾਨ ਅਤੇ ਪੰਜਾਬ ਦੀ ਤਕਸੀਮ ਨੂੰ ‘ਖਲਲ ਦਾ ਸਿਧਾਂਤ’ (Theory of Chaos) ਦੇ ਤੌਰ ’ਤੇ ਦੇਖਦਾਂ। ਲੋਕ ਸਮਝਦੇ ਨੇ ਕਿ ਹਰ ਚੀਜ਼ ਦੀ ਇਕ ਗਰੈਂਡ ਪਲੈਨ ਹੁੰਦੀ ਆ। ਉਨ੍ਹਾਂ (ਆਮ ਲੋਕਾਂ) ਮੁਤਾਬਿਕ ਅੰਗਰੇਜ਼ ਨੇ ਇਕ ਪਲੈਨ ਬਣਾਈ, ਕੋਈ ਕਹਿੰਦੈ ਕਿ ਇਹ ਜਿਨਾਹ ਦਾ ਮਨਸੂਬਾ ਸੀ। ਮੈਂ ਇਹਨੂੰ ਏਸ ਤਰ੍ਹਾਂ ਨਹੀਂ ਲੈਂਦਾ। ਮੈਂ ਸੋਚਦਾਂ ਕਿ ਤਕਸੀਮ ਆਰਜ਼ੀ ਫ਼ੈਸਲਿਆਂ ਦਾ ਗੇੜ ਸੀ, ਕੁਝ ਗੱਲਾਂ ਜਿਸ ਵਿਚ ਸੋਚੀਆਂ ਸਮਝੀਆਂ ਸਨ, ਕੁਝ ਬਿਨਾਂ ਸੋਚੇ ਸਮਝੇ ਹੁੰਦੀਆਂ ਗਈਆਂ, ਕੁਝ ਵਾਰਦਾਤਾਂ ਦੇ ਰਿਐਕਸ਼ਨ (ਪ੍ਰਤੀਕਰਮ) ਵਜੋਂ ਅੱਗੇ ਆਈਆਂ। ਇਹ ਗੱਲਾਂ ਵੀ ਕਿ ਪਾਰਟੀਸ਼ਨ ਹੁੰਦੀ ਹੁੰਦੀ ਨਾ ਹੋ ਸਕਦੀ, ਕੁਝ ਵੀ ਹੋ ਸਕਦਾ ਸੀ। ਲਿਹਾਜ਼ਾ ਦੋ ਟੁੱਕ ਫ਼ੈਸਲਾ ਉਦੋਂ ਸਾਹਮਣੇ ਆਉਂਦਾ ਜਦ 3 ਜੂਨ ਵਾਲਾ ਪਾਰਟੀਸ਼ਨ ਪਲਾਨ ਸਾਹਮਣੇ ਆਉਂਦਾ। ਤਦ ਪਤਾ ਚੱਲਦਾ ਕਿ ਹਿੰਦੋਸਤਾਨ ਤੇ ਪੰਜਾਬ ਦੀ ਤਕਸੀਮ ਹੋਣ ਵਾਲੀ ਹੈ। ਉਸ ਤੋਂ ਪਹਿਲਾਂ ਦੀ ਜੇ ਗੱਲ ਕਰਦੇ ਆਂ... ਮਸਲਨ ਮਾਰਚ 1947 ਵਿਚ ਜਦ ਸਿੱਖਾਂ ਦਾ ਕਤਲੇਆਮ ਰਾਵਲਪਿੰਡੀ ’ਚ ਵੱਡੇ ਸਕੇਲ ’ਤੇ ਹੁੰਦਾ... ਤੇ ਹਿੰਦੂਆਂ ਦਾ ਮੁਲਤਾਨ ’ਚ ਹੁੰਦੈ... ਮਾਊਂਟਬੈਟਨ ਮੀਟਿੰਗ ਕਰਦੈ ਕਿ ਪੰਜਾਬ ਇਕੱਠਾ ਰਹਵੇ। ਇਕ ਪਾਸੇ ਜਿਨਾਹ, ਲਿਆਕਤ ਅਲੀ ਹੈ ਦੂਜੇ ਪਾਸੇ ਮਾਸਟਰ ਤਾਰਾ ਸਿੰਘ, ਮਹਾਰਾਜਾ ਪਟਿਆਲਾ, ਐੱਚ.ਐੱਸ. ਮਲਿਕ ਨੇ। ਲੇਕਿਨ ਉਹ ਮੀਟਿੰਗ ਕਾਮਯਾਬ ਇਸ ਵਾਸਤੇ ਨਹੀਂ ਹੋ ਸਕੀ ਕਿ ਸਿੱਖ ਲੀਡਰਸ਼ਿਪ ਪਾਕਿਸਤਾਨ ਵਿਚ ਨਹੀਂ ਸੀ ਜਾਣਾ ਚਾਹੁੰਦੀ, ਉਨ੍ਹਾਂ ਦੇ ਕਾਰਨ ਕੁਝ ਵੀ ਹੋ ਸਕਦੇ ਹਨ। ਉਨ੍ਹਾਂ ਵਿਚ ਕੁਝ ਐਸੇ ਵੀ ਸਨ ਜਿਹੜੇ ਪਾਕਿਸਤਾਨ ਵਿਚ ਜਾਣਾ ਚਾਹੁੰਦੇ ਸਨ ਪਰ ਗੱਲ ਉਦੋਂ ਵਿਗੜੀ ਜਦੋਂ ਮੁਸਲਿਮ ਲੀਗ ਵਾਲੇ ਰਾਵਲਪਿੰਡੀ ’ਚ ਸਿੱਖਾਂ ਦੇ ਕਤਲੇਆਮ ’ਤੇ ਚੁੱਪ ਰਹੇ। ਜੇ ਉਹ ਬੋਲ ਪੈਂਦੇ, ਜਿਨਾਹ ਤੇ ਬਾਕੀ ਦੇ ਹੋਰ ਜੇ ਚੁੱਪ ਨਾ ਰਹਿੰਦੇ ਤਾਂ ਉਨ੍ਹਾਂ ਦਾ ਭਰੋਸਾ ਬਣਿਆ ਰਹਿੰਦਾ। ਇਹ ਹੋਇਆ ਨਹੀਂ ਤੇ ਮਾਊਂਟਬੈਟਨ ਵਾਲੀ ਮੀਟਿੰਗ ਵਿਚ ਜਿਨਾਹ ਕਹਿੰਦਾ ਕਿ ਸਿੱਖ ਜੋ ਮਰਜ਼ੀ ਲਿਖ ਕੇ ਲੈ ਆਉਣ ਅਸੀਂ ਅੱਖਾਂ ਬੰਦ ਕਰਕੇ ਉਹਦੇ ’ਤੇ ਦਸਤਖ਼ਤ ਕਰ ਦਿਆਂਗੇ। ਪਰ ਸਿੱਖਾਂ ਦਾ ਭਰੋਸਾ ਟੁੱਟ ਚੁੱਕਾ ਸੀ, ਉਨ੍ਹਾਂ ਜਿਨਾਹ ਦੀ ਗੱਲ ਨਹੀਂ ਮੰਨੀ।

“...ਪੰਜਾਬ ਦੀ ਕਹਾਣੀ ਸੁਣਾਈ ਜਾਂਦੀ ਰਹੇਗੀ ਕਿਉਂਕਿ 1947 ਦੇ ਮੁੱਕਣ ਨਾਲ ਸਮਾਂ ਤਾਂ ਨਹੀਂ ਰੁਕਿਆ”

- ਇਸ਼ਤਿਆਕ ਅਹਿਮਦ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All