ਵਡੇਰਿਆਂ ਦਾ ਮਹੀਨਾ ਜੇਠ

ਵਡੇਰਿਆਂ ਦਾ ਮਹੀਨਾ ਜੇਠ

ਹਰਕੰਵਲ ਸਿੰਘ ਕੰਗ

ਜੇਠ ਮਹੀਨੇ ਨੂੰ ਸਾਲ ਦਾ ਸਭ ਤੋਂ ਵੱਡਾ ਮਹੀਨਾ ਹੋਣ ਦਾ ਮਾਣ ਪ੍ਰਾਪਤ ਹੈ। ਇਹ ਮਹੀਨਾ ਅੱਧ ਮਈ ਤੋਂ ਅੱਧ ਜੂਨ ਤੱਕ ਚੱਲਦਾ ਹੈ। ਇਸ ਮਹੀਨੇ ਸੂਰਜ ਦੀ ਤਪਸ਼ ਬੇਹੱਦ ਤੇਜ਼ ਹੋ ਜਾਂਦੀ ਹੈ। ਦਿਨ ਦੇ ਦਸ ਵੱਜਦੇ ਨੂੰ ਲੋਕ ਕੰਮ-ਧੰਦੇ ਨਬੇੜ ਕੇ ਘਰ ਰਹਿਣ ਨੂੰ ਤਰਜੀਹ ਦਿੰਦੇ ਹਨ। ਬਾਹਰ ਤੇਜ਼ ਅਤੇ ਗਰਮ ਹਵਾਵਾਂ ਚੱਲਣ ਲੱਗਦੀਆਂ ਹਨ। ਇਸੇ ਲਈ ਇਹ ਅਖਾਣ ਪ੍ਰਸਿੱਧ ਹੈ:

ਜੇਠ ਮਹੀਨਾ ਲੂਆਂ ਦਾ, ਪਾਣੀ ਸੁੱਕਦਾ ਖੂਹਾਂ ਦਾ।

ਗੱਲ ਕੀ ਜੇਠ ਮਹੀਨੇ ਪਾਣੀ ਦੇ ਸਮੁੱਚੇ ਸਰੋਤ ਸੁੱਕਣ ਲੱਗਦੇ ਹਨ। ਦਰੱਖ਼ਤਾਂ ਦੇ ਪੱਤੇ ਸੁੱਕਣ ਲੱਗਦੇ ਹਨ, ਘਾਹ ਤੱਕ ਸੁੱਕ ਜਾਂਦਾ ਹੈ। ਇਸ ਮਹੀਨੇ ਪਾਣੀ ਦੀ ਅਹਿਮੀਅਤ ਬੇਹੱਦ ਵੱਧ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਔਰਤਾਂ ਨੂੰ ਦੂਰੋਂ-ਦੂਰੋਂ ਘੜੇ ਸਿਰਾਂ ’ਤੇ ਚੁੱਕ ਕੇ ਪਾਣੀ ਲਿਆਉਣਾ ਪੈਂਦਾ। ਸਵੇਰ ਹੁੰਦਿਆਂ ਸਾਰ ਪਾਣੀ ਢੋਹਣਾ ਇੱਕ ਅਹਿਮ ਕਾਰਜ ਹੁੰਦਾ। ਸਮੇਂ ਦੇ ਬਦਲਦੇ ਦੌਰ ’ਚ ਖੂਹਾਂ ਤੋਂ ਨਲਕੇ, ਨਲਕਿਆਂ ਤੋਂ ਮੋਟਰਾਂ, ਟੂਟੀਆਂ ਵਾਲੇ ਦੌਰ ’ਚੋਂ ਗੁਜ਼ਰਦਿਆਂ ਹੁਣ ਘਰਾਂ ਵਿੱਚ ਟੈਂਕੀਆਂ ਬਣ ਗਈਆਂ ਹਨ ਪਰ ਇਨ੍ਹੀਂ ਦਿਨੀਂ ਟੈਂਕੀਆਂ ਦਾ ਪਾਣੀ ਵੀ ਉਬਲਣ ਲੱਗਦਾ।

ਵਿਸਾਖ ਵਿਚ ਹਾੜ੍ਹੀ ਦੀ ਫਸਲ ਸਾਂਭਣ ਮਗਰੋਂ ਘਰਾਂ ’ਚ ਦਾਣੇ ਆ ਜਾਂਦਾ ਨੇ। ਪੈਸੇ-ਟਕੇ ’ਚ ਹੱਥ ਥੋੜਾ ਸੌਖਾਲਾ ਹੋ ਜਾਂਦਾ ਹੈ। ਲੋਕ ਪਿੰਡਾਂ ਤੋਂ ਖਰੀਦੋ-ਫਰੋਖ਼ਤ ਲਈ ਸ਼ਹਿਰਾਂ ਵੱਲ ਜਾਂਦੇ ਹਨ। ਸ਼ਹਿਰ ਦੇ ਬਾਣੀਏ, ਲਾਲਿਆਂ ਦੇ ਪਿੰਡਾਂ ਵੱਲ ਗੇੜੇ ਵੱਧ ਜਾਂਦੇ ਹਨ। ਉਹ ਆਪਣੀਆਂ ਆਸਾਮੀਆਂ ਖਰੀਆਂ ਕਰਨ ਲਈ ਕਾਹਲੇ ਪੈ ਜਾਂਦੇ ਹਨ। ਭਾਵ ਕਿ ਜਿਨ੍ਹਾਂ ਲੋਕਾਂ ਨੇ ਉਧਾਰ ਸੌਦੇ ਅਤੇ ਕੱਪੜੇ-ਲੀੜੇ ਜਾਂ ਕਰਜ਼ਾ ਲਿਆ ਹੁੰਦਾ, ਉਹ ਉਸ ਦੀ ਉਗਰਾਹੀ ਲਈ ਆਉਂਦੇ ਪਰ ਕਦੇ ਵੀ ਸਾਇਸ਼ਤਗੀ ਦਾ ਪੱਲਾ ਨਾ ਛੱਡਦੇ। ਮਿੱਠੇ-ਮਿੱਠੇ ਬੋਲਾਂ ਨਾਲ ਕਾਰ-ਵਿਹਾਰ ਦੀ ਗੱਲ ਕਰਦੇ। ਕਦੇ-ਕਦਾਈਂ ਬੋਲ-ਕਬੋਲ ਤੋਂ ਗੱਲ ਲੜਾਈ-ਝਗੜੇ ਅਤੇ ਇਸ ਤੋਂ ਅੱਗੇ ਵੀ ਵੱਧ ਜਾਂਦੀ। ਇਸ ਕਰਕੇ ਜੇਠ ਮਹੀਨੇ ਨੂੰ ਥੋੜਾ ਸਖ਼ਤ ਮੰਨ ਲਿਆ ਜਾਂਦਾ ਹੈ। ਖੂਹਾਂ-ਮੋਟਰਾਂ ਦੇ ਪਾਣੀ ਦੀਆਂ ਵਾਰੀਆਂ ਨੂੰ ਲੈ ਕੇ ਇਸ ਮਹੀਨੇ ਆਮ ਝਗੜੇ ਹੁੰਦੇ ਹਨ। ਗੰਨੇ ਦੀ ਗੁਡਾਈ ਤੇ ਸਿੜਾਈ (ਸੀੜਨਾ) ਅਤੇ ਸਬਜ਼ੀਆਂ ਦੀ ਕਾਸ਼ਤ ਕਿਸਾਨਾਂ ਦਾ ਇਸ ਮਹੀਨੇ ਦਾ ਮੁੱਖ ਕੰਮ ਹੈ। ਕਿਸਾਨ ਧਾਨ ਲਾਉਣ ਲਈ ਖੇਤ ਤਿਆਰ ਕਰ ਲੈਂਦੇ ਹਨ ਅਤੇ ਪਨੀਰੀ ਦੀ ਸੰਭਾਲ ਕਰਦੇ ਹਨ।

ਜੇਠ ਮਹੀਨੇ ਦਾ ‘ਜੇਠ’ ਸ਼ਬਦ ਨਾਲ ਅਹਿਮ ਸਬੰਧ ਹੈ। ਪੁਰਾਤਨ ਸਮਿਆਂ ’ਚ ਜਦੋਂ ਸੰਯੁਕਤ ਪਰਿਵਾਰ ਸਨ ਤਾਂ ਘਰ ਦੀ ਅਗਵਾਈ ਉਮਰ ਵਿਚ ਸਭ ਤੋਂ ਵੱਡੇ ਜੀਅ ਦੇ ਹਿੱਸੇ ਆਉਂਦੇ ਸੀ ਤੇ ਮੁਖਤਿਆਰੀ ਆਉਣ ਕਾਰਨ ਜਿੱਥੇ ਉਸ ਦਾ ਆਕੜਖੋਰ ਤੇ ਸਵੈ-ਅਭਿਮਾਨੀ ਹੋਣਾ ਆਮ ਗੱਲ ਸੀ, ਉੱਥੇ ਘਰ ਦੇ ਬਾਕੀ ਜੀਆਂ ਪ੍ਰਤੀ ਉਸ ਦਾ ਵਤੀਰਾ ਥੋੜਾ ਭੈਅ ਵਾਲਾ ਬਣਿਆ ਰਹਿੰਦਾ। ਹੌਲੀ-ਹੌਲੀ ਜੇਠ ਸ਼ਬਦ ਦਾ ਕਿਰਦਾਰ ਪੰਜਾਬੀ ਸਭਿਆਚਾਰ ’ਚ ਵਿਗੜ ਗਿਆ ਪਰ ਘਰਾਂ ਦੀਆਂ ਤਰੱਕੀਆਂ ਪਿੱਛੇ ਜੇਠ ਦੀ ਪਾਲਣਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੁਰਾਤਨ ਸਮਿਆਂ ’ਚ ਘਰ ਦੀ ਅਗਵਾਈ ਕਰਦੇ-ਕਰਦੇ ਜ਼ਮੀਨ-ਜਾਇਦਾਦ ਦੀ ਵੰਡ ਦੇ ਡਰੋਂ ਜੇਠ ਛੜਾ ਰਹਿ ਜਾਂਦਾ, ਜੋ ਕਿ ਖੁਦ ਹੀ ਛੋਟੇ ਭਾਈ ਦੇ ਵਿਆਹ ਦੀ ਖੁਸ਼ੀ-ਖੁਸ਼ੀ ਸਹਿਮਤੀ ਦੇ ਦਿੰਦਾ ਪਰ ਬਾਅਦ ’ਚ ਕਈ ਵਾਰ ਘਰਾਂ ਵਿਚ ਆਈਆਂ ਨਵੀਆਂ ਵਿਆਹੀਆਂ ਜੇਠਾਂ ਦੀ ਨਗੌਰ ਝੱਲਣ ਤੋਂ ਇਨਕਾਰੀ ਹੋ ਜਾਂਦੀਆਂ ਤੇ ਜੇਠ ਦੀ ਸੱਤਾ ਨੂੰ ਚੁਣੌਤੀ ਮਿਲਦੀ।

ਚੌਥੇ ਗੁਰੂ ਰਾਮ ਦਾਸ ਆਪਣੇ ਪਰਿਵਾਰ ਦੇ ਵੱਡੇ ਬੱਚੇ ਹੋਣ ਕਾਰਨ ਉਨ੍ਹਾਂ ਦੇ ਬਚਪਨ ਦਾ ਨਾਂ (ਭਾਈ) ਜੇਠਾ ਸੀ। ਉਨ੍ਹਾਂ ਨੇ ਗੁਰਤਾਗੱਦੀ ਗੁਰੂ ਅਰਜਨ ਦੇਵ ਨੂੰ ਦੇ ਕੇ ਇਸ ਜੇਠੇ ਦੀ ਪਰੰਪਰਾ ਨੂੰ ਤੋੜ ਦਿੱਤਾ ਤੇ ਯੋਗਤਾ ਨੂੰ ਵਧੇਰੇ ਅਹਿਮੀਅਤ ਦਿੱਤੀ।

ਪੰਜਾਬੀ ਸੱਭਿਆਚਾਰ ਵਿਚ ਜੇਠ ਦੇ ਸੁਭਾਅ ਬਾਰੇ ਸਿੱਠਣੀਆਂ, ਗੀਤਾਂ ਆਦਿ ’ਚ ਆਉਂਦੇ ਜ਼ਿਕਰ ਤੋਂ ਵੀ ਜੇਠ ਦੇ ਰਿਸ਼ਤੇ ਅਤੇ ਇਸ ਦੀ ਅਹਿਮੀਅਤ ਬਾਰੇ ਪਤਾ ਲੱਗ ਜਾਂਦਾ ਹੈ। ਜੇਠ, ਮਤਲਬ ਸਭ ਤੋਂ ਵੱਡਾ, ਦੀ ਅਹਿਮੀਅਤ ਇਸ ਗੱਲ ਤੋਂ ਹੀ ਲਾਈ ਜਾ ਸਕਦੀ ਹੈ ਕਿ ਵਿਗਿਆਨਕ ਯੁੱਗ ਵਿੱਚ ਵੀ ਲੋਕ ਜਠੇਰਿਆਂ ਦੀ ਪੂਜਾ ਕਰਨ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਕਰਦੇ।

ਜੇਠ ਮਹੀਨੇ ਸੂਰਜ ਦੇਰੀ ਨਾਲ ਛਿਪਦਾ ਹੈ। ਦਿਨ ਵੱਡੇ ਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ। ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਸੂਰਜ ਦੇ ਨੇੜੇ ਆਉਣ ਕਾਰਨ ਗਰਮੀ ਵਧੇਰੇ ਹੋ ਜਾਂਦੀ ਹੈ। ਇਸ ਮਹੀਨੇ ਜਿੱਥੇ ਧਰਤੀ ’ਤੇ ਰੀਂਘਣ ਵਾਲੇ ਜੀਵ ਧਰਤੀ ’ਚ ਲੁਕੇ ਰਹਿੰਦੇ ਨੇ, ਉਥੇ ਪਰਿੰਦੇ ਵੀ ਦਰੱਖ਼ਤਾਂ ’ਤੇ ਦੁਪਹਿਰ ਕੱਟਦੇ ਨੇ। ਲੋਕਾਈ ਘਰਾਂ ਵਿਚ ਦੜੀ ਰਹਿੰਦੀ ਹੈ, ਤਾਂ ਹੀ ਕਿਹਾ ਜਾਂਦਾ ਹੈ: ਜੇਠ ਹਾੜ੍ਹ ਕੁੱਖੀਂ, ਸਾਉਣ ਭਾਦੋਂ ਰੁੱਖੀਂ।

ਗੱਲ ਕੀ ਇਸ ਮਹੀਨੇ ਦੀ ਗਰਮੀ ਲੋਕਾਂ ਦਾ ਦਮ ਕੱਢ ਦਿੰਦੀ ਹੈ। ਇਸ ਕਰਕੇ ਹੀ ਪੁਰਾਤਨ ਸਮਿਆਂ ਵਿਚ ਲੋਕਾਂ ਨੇ ਰਾਹੀਆਂ ਦੇ ਪਾਣੀ ਪੀਣ ਲਈ ਰਸਤਿਆਂ ਵਿਚ ਖੂਹੀਆਂ ਬਣਵਾਈਆਂ, ਪਾਣੀ ਦੇ ਘੜੇ ਭਰ ਕੇ ਰੱਖਦੇ, ਨਲਕੇ ਲਵਾਉਂਦੇ ਤੇ ਹੁਣ ਸ਼ਹਿਰਾਂ ਵਿਚ ਅਸੀਂ ਦੇਖਦੇ ਹਾਂ ਕਿ ਰਾਹੀਆਂ ਲਈ ਲੋਹੇ ਦੀਆਂ ਟੈਂਕੀਆਂ ’ਚ ਪਾਣੀ ਭਰ ਕੇ ਰੱਖਿਆ ਜਾਂਦਾ ਹੈ। ਇਹ ਇਨਸਾਨ ਦੀ ਖ਼ੁਦਗਰਜ਼ੀ ਹੀ ਹੈ ਕਿ ਪੰਜ ਦਰਿਆਵਾਂ ਦੀ ਧਰਤੀ ’ਤੇ ਹੁਣ ਪਾਣੀ ਬੋਤਲਾਂ ’ਚ ਵਿਕਣ ਲੱਗਿਆ ਹੈ।

ਇੰਨੀ ਗਰਮੀ ਵਿਚ ਵੀ ਕਿਸਾਨਾਂ ਦੇ ਕੰਮ-ਧੰਦੇ ਮੁੱਕਦੇ ਨਹੀਂ। ਪੁਰਾਤਨ ਸਮਿਆਂ ’ਚ ਹਾਲੀ ਇਸ ਮਹੀਨੇ ਮੂੰਹ ਹਨੇਰੇ ਖੇਤਾਂ ਵੱਲ ਬਲਦ ਲੈ ਕੇ ਤੁਰਦੇ। ਗਊ ਦੇ ਜਾਏ ਕਦੇ ਗਾਲ੍ਹਾਂ ਤੇ ਕਦੇ ਪਿਆਰ ਨਾਲ ਬਲਦਾਂ ਨੂੰ ਹੱਕਦੇ। ਕਦੇ-ਕਦਾਈਂ ਧੁੱਪਾਂ ਦੇ ਸਤਾਏ ਬੇਜ਼ੁਬਾਨ ਪਸ਼ੂਆਂ ’ਤੇ ਗੁੱਸਾ ਵੀ ਕਰਦੇ ਪਰ ਸ਼ਾਮ ਨੂੰ ਉਨ੍ਹਾਂ ਨੂੰ ਜੌਆਂ ਦੇ ਆਟੇ ਦੇ ਪੇੜੇ ਦੇ ਕੇ ਫਿਰ ਅਗਲੇ ਦਿਨ ਦੀ ਤਿਆਰੀ ਕਰਦੇ। ਇਸ ਤਰ੍ਹਾਂ ਅਸੀਂ ਤਰੱਕੀ ਕਰਦੇ ਇਸ ਸਾਦ ਮੁਰਾਦੀ ਜ਼ਿੰਦਗੀ ’ਚੋਂ ਨਿਕਲ ਕੇ ਟਰੈਕਟਰਾਂ ਤੇ ਰੋਟਾਵੇਟਰਾਂ ਦੇ ਯੁੱਗ ’ਚ ਆ ਗਏ। ਪਿਆਜ਼ ਨਾਲ ਮਿੱਸੀਆਂ ਰੋਟੀਆਂ ਖਾਂਦੇ, ਖੇਤਾਂ ’ਚ ਲੱਸੀ ਪੀਂਦੇ। ਹੁਣ ਪੱਛਮੀ ਸੱਭਿਅਤਾ ਦੇ ਪ੍ਰਭਾਵ ’ਚ ਕੋਕ, ਪੀਜ਼ੇ, ਬਰਗਰ ਖਾਣ ਲੱਗੇ ਹਾਂ। ਤੁਰ ਕੇ ਕੋਹਾਂ ਮੀਲਾਂ ਦੀ ਵਾਟ ਕੱਟਣ ਵਾਲੇ ਪੰਜਾਬੀ ਹੁਣ ਡਾਕਟਰ ਦੇ ਬੂਹੇ ’ਤੇ ਹੀ ਸੈਰ ਕਰਦੇ ਨੇ।

ਜਦੋਂ ਅਸੀਂ ਜੇਠ ਮਹੀਨੇ ਦੀ ਧਾਰਮਿਕ ਅਹਿਮੀਅਤ ਵੱਲ ਨਜ਼ਰ ਮਾਰਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਬਾਰਾਹ ਮਾਹ ਰਾਗ ਮਾਂਝ ’ਚ ਆਖਦੇ ਹਨ:

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ॥

ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ॥

ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ॥

ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥

ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ॥

ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ॥

ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ॥

ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ॥

ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥

ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥

ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥

ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥

ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥

ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥

ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥

ਲੋਕ ਜੇਠ ਮਹੀਨੇ ਧੂਣੀਆਂ ਧੁਖਾ ਕੇ ਸਰਬਸ਼ਕਤੀਮਾਨ ਪ੍ਰਭੂ ਦੇ ਮਿਲਾਪ ਲਈ ਸਾਧਨਾ ਕਰਦੇ ਨੇ। ਆਪਣੇ ਸਰੀਰਾਂ ਨੂੰ ਕਸ਼ਟ ਦਿੰਦੇ ਨੇ। ਇਸ ਮਹੀਨੇ ਹਿੰਦੂ ਧਰਮ ’ਚ ਪੁੱਤਰ ਦੀ ਪ੍ਰਾਪਤੀ ਲਈ ਪਿੱਪਲ ਦੀ ਪੂਜਾ ਹੁੰਦੀ ਹੈ। ਦੂਜੇ ਪਾਸੇ ਇਸ ਮਹੀਨੇ ਆਮ ਕਬੀਲਦਾਰ ਬੰਦਿਆਂ ਨੂੰ ਅਗਲੇ ਮਹੀਨਿਆਂ ’ਚ ਪੈਣ ਵਾਲੇ ਮੀਂਹਾਂ ਭਾਵ ਬਰਸਾਤ ਰੁੱਤ ਦਾ ਫਿਕਰ ਲੱਗ ਜਾਂਦਾ ਹੈ। ਪੁਰਾਤਨ ਜ਼ਮਾਨੇ ’ਚ ਲੋਕ ਟੋਭਿਆਂ ਤੋਂ ਮਿੱਟੀ ਕੱਢ ਕੇ ਲਿਆਉਂਦੇ ਤੇ ਘਾਣੀਆਂ ਬਣਾਉਂਦੇ। ਸਲੀਕੇ ਨਾਲ ਘਰਾਂ ਦੀਆਂ ਕੱਚੀਆਂ ਕੰਧਾਂ ਲਿੱਪਦੇ, ਛੱਤਾਂ ’ਤੇ ਮਿੱਟੀ ਪਾਉਂਦੇ ਤੇ ਇਸ ਤਰ੍ਹਾਂ ਜੇਠ ਹਾੜ੍ਹ ਲੰਘ ਜਾਂਦੇ। ਭੁੱਖੇ ਤਿਹਾਏ, ਸ਼ੱਕਰ ਦਾ ਪਾਣੀ ਅਤੇ ਸੱਤੂ ਭਿਉਂ ਕੇ ਪੀਂਦੇ। ਇਸ ਮਹੀਨੇ ਫ਼ਲ ਖਰਬੂਜੇ, ਤਰਬੂਜ, ਕੱਕੜੀਆਂ, ਤਰਾਂ, ਖੀਰੇ ਆਦਿ ਖਾਂਦੇ। ਇਸ ਤਰ੍ਹਾਂ ਜੇਠ ਦਾ ਸਖ਼ਤ ਮਹੀਨਾ ਲੋਕ ਸੁਖੀ ਸਾਂਦੀ ਕੱਢਦੇ।

ਸੰਪਰਕ: 97819-78123

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All