ਝੰਡਾ ਫਹਿਰਾਉਣਾ ਹੈ, ਚਿਤਵੀਏ ਕੋਈ ਰਾਸ਼ਟਰ ਜੀ

ਝੰਡਾ ਫਹਿਰਾਉਣਾ ਹੈ, ਚਿਤਵੀਏ ਕੋਈ ਰਾਸ਼ਟਰ ਜੀ

ਐੱਸ ਪੀ ਸਿੰਘ*

ਰਾਸ਼ਟਰਵਾਦ ਦੀ ਬਿਰਤਾਂਤਕਾਰੀ ਵਿੱਚੋਂ ਦੇਸ਼ ਦਾ ਤਸੱਵਰ ਉੱਭਰਦਾ ਹੈ। ਰਾਸ਼ਟਰ ਦਾ ਸੰਕਲਪ ਕੋਈ ਸਥੂਲ ਵਸਤ ਨਹੀਂ, ਖਿਆਲੀ ਹੋਈ ਸ਼ੈਅ ਹੁੰਦਾ ਹੈ। ਰਾਸ਼ਟਰਵਾਦ ਦੇ ਇਤਿਹਾਸਕਾਰ ਬੈਨੇਡਿਕਟ ਐਂਡਰਸਨ ਮੁਤਾਬਿਕ ਰਾਸ਼ਟਰ ਖਿਆਲੇ ਜਾਂਦੇ ਹਨ - Nations are imagined. ਸੋਚ ਰਾਸ਼ਟਰ ਨੂੰ ਤਾਮੀਰ ਕਰਦੀ ਹੈ, ਰਾਸ਼ਟਰ ਚਿਤਵਿਆ ਜਾਂਦਾ ਹੈ (ਭਾਵ ਇਸ ਦੀ ਕਲਪਨਾ ਕੀਤੀ ਜਾਂਦੀ ਹੈ)।

ਭਾਰਤ ਇੱਕ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ। ਸੱਤਾ ਉੱਤੇ ਕਾਬਜ਼ ਸ਼ਕਤੀ ਆਪਣੇ ਤਸੱਵਰ ਦੇ ਰਾਸ਼ਟਰ ਦਾ ਨਿਰਮਾਣ ਕਰ ਰਹੀ ਹੈ। ਉਹਦੇ ਸੰਕਲਪ ਵਿੱਚ ਇੱਕ ਅਜਬ ਇਮਾਨਦਾਰੀ ਹੈ। ਉਹ ਇਸ ਨਵੇਂ ਰਾਸ਼ਟਰ ਦਾ ਨਿਰਮਾਣ ਪੁਰਾਣੇ ਰਾਸ਼ਟਰ ਦੇ ਕਿਸੇ ਤਸੱਵਰ ਵਿੱਚ ਫੇਰ ਬਦਲ ਕਰਕੇ ਨਹੀਂ ਕਰ ਰਹੀ ਸਗੋਂ ਮੂਲੋਂ ਨਵੀਆਂ ਨੀਹਾਂ ਧਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਮੰਦਿਰ ਦੀ ਨੀਂਹ ਰੱਖਦਿਆਂ 5 ਅਗਸਤ ਦੇ ਦਿਨ ਦੀ ਮਹੱਤਤਾ ਨੂੰ ਜਿਸ ਸ਼ਿੱਦਤ, ਸੋਚ ਅਤੇ ਗੰਭੀਰਤਾ ਨਾਲ ਰੇਖਾਂਕਿਤ ਕੀਤਾ ਹੈ, ਉਸ ਵੱਲ ਗੌਰ ਕਰਨਾ ਬਣਦਾ ਹੈ। ਪ੍ਰਧਾਨ ਮੰਤਰੀ ਨੇ ਐਲਾਨੀਆ ਕਿਹਾ ਕਿ 5 ਅਗਸਤ ਓਨਾ ਹੀ ਮਹੱਤਵਪੂਰਨ ਹੈ ਜਿੰਨਾ 15 ਅਗਸਤ ਦਾ ਆਜ਼ਾਦੀ ਦਿਹਾੜਾ। ਪੰਜ ਅਗਸਤ ਵਾਲੇ ਦਿਨ ਦੀ ਮਹੱਤਤਾ ਬਿਆਨ ਕਰਦੇ ਮੋਦੀ ਦੇ ਸ਼ਬਦ ਹਿੰਦੋਸਤਾਨ ਦੇ ਆਜ਼ਾਦੀ ਦਿਹਾੜੇ ਬਾਰੇ ਕਿਸੇ ਸਕੂਲੀ ਲੇਖ ਵਿੱਚੋਂ ਲਏ ਹੋ ਸਕਦੇ ਸਨ। ਸ਼ਬਦਾਂ ਦੀ ਚੋਣ ਰਾਸ਼ਟਰ ਤਾਮੀਰ ਕਰਦੀ ਹੈ।

‘‘ਆਜ਼ਾਦੀ ਦੇ ਸੰਘਰਸ਼ ਵਿੱਚ ਸਭਨਾਂ ਨੇ ਸਾਡੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਜਿਵੇਂ 15 ਅਗਸਤ ਦਾ ਦਿਹਾੜਾ ਆਜ਼ਾਦੀ ਲਈ ਲੜੇ ਲੰਬੇ ਸੰਘਰਸ਼ ਦਾ ਅੰਤ ਦਰਸਾਉਂਦਾ ਹੈ ਜਿਸ ਵਿੱਚ ਸਭਨਾਂ ਨੇ ਆਪਣਾ ਹਿੱਸਾ ਪਾਇਆ ਸੀ, ਠੀਕ ਉਵੇਂ ਹੀ ਰਾਮ ਮੰਦਿਰ ਦੀ ਉਸਾਰੀ ਲਈ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਸੰਘਰਸ਼ ਵਿੱਢਿਆ, ਅਤੇ ਅੱਜ (5 ਅਗਸਤ) ਦਾ ਦਿਨ ਰਾਮ ਮੰਦਿਰ ਲਈ ਲੜੀ ਸਦੀਆਂ-ਲੰਬੀ ਲੜਾਈ ਦਾ ਜਿੱਤ ਵਿੱਚ ਅੰਤ ਦਰਸਾਉਂਦਾ ਹੈ।’’

ਜੇ ਧੁਰ ਅੰਦਰ ਤੱਕ ਹੀ ਸਾਡਾ ਆਪਾ ਬੇਈਮਾਨ ਨਹੀਂ ਹੋ ਗਿਆ ਤਾਂ ਸਪੱਸ਼ਟ ਰੂਪ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦਾ ਹਕੀਕੀ ਉਲਥਾ ਇਹੀ ਹੈ ਕਿ 15 ਅਗਸਤ ਵਾਲੀ ਨੀਂਹ ਉੱਤੇ ਉਸਾਰੇ ਰਾਸ਼ਟਰਵਾਦ ਦੇ ਬਰਾਬਰ ਹੁਣ 5 ਅਗਸਤ ਨੂੰ ਇਕ ਨਵੇਂ ਰਾਸ਼ਟਰ ਦੀ ਨੀਂਹ ਰੱਖ ਦਿੱਤੀ ਗਈ ਹੈ। 5 ਅਗਸਤ, 15 ਅਗਸਤ ਦੇ ਬਰਾਬਰ ਐਲਾਨ ਦਿੱਤਾ ਗਿਆ ਹੈ। ਐਲਾਨਨਾਮਾ ਪ੍ਰਧਾਨ ਮੰਤਰੀ ਵੱਲੋਂ ਜਨਤਕ ਤੌਰ ਉੱਤੇ ਜਾਰੀ ਕੀਤਾ ਗਿਆ ਹੈ।

ਇਸੇ ਹਫ਼ਤੇ 15 ਅਗਸਤ ਵੀ ਆਉਣੀ ਹੈ। ਮੁਗ਼ਲੀਆ ਸਲਤਨਤ ਦੇ ਪ੍ਰਤੀਕ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਰਾਸ਼ਟਰੀ ਝੰਡਾ ਫਹਿਰਾ ਕੇ ਪ੍ਰਧਾਨ ਮੰਤਰੀ ਨੇ ਜਿਹੜੀ ਤਕਰੀਰ ਕਰਨੀ ਹੈ, ਉਹਦੇ ਬਾਰੇ ਹੁਣੇ ਕਿਆਸਅਰਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹਾਂ, ਭਾਵੇਂ ਪਹਿਲੋਂ ਮੈਂ ਉਹ ਸਾਰੀ ਤਕਰੀਰ ਅਗਾਊਂ ਹੀ ਇਸ ਕਾਲਮ ਰਾਹੀਂ ਜਨਤਕ ਕਰਨ ਬਾਰੇ ਸੋਚ ਰਿਹਾ ਸੀ। ਡਰ ਸੀ ਕਿ ਕਿਤੇ ਰਾਸ਼ਟਰੀ ਭੇਤ ਜਨਤਕ ਕਰਨ ਲਈ ਨਾ ਧਰ ਲਿਆ ਜਾਵਾਂ।

ਪਰ ਇੱਕ ਵਾਰੀ 5 ਅਗਸਤ ਅਤੇ 15 ਅਗਸਤ ਬਰਾਬਰ ਕਰ ਦਿੱਤੇ ਗਏ ਤਾਂ ਕਿੰਨੀਆਂ 15 ਅਗਸਤਾਂ ਤੱਕ ਬਰਾਬਰ ਰਹਿ ਸਕਦੇ ਹਨ? ਕੀ ਕੋਈ ਦਿਨ ਰਾਮ ਭਗਤਾਂ ਦੀ ਸ਼ਰਧਾ ਤੋਂ ਵਡੇਰਾ ਹੋ ਸਕਦਾ ਹੈ? ਕੀ ਦੇਸ਼ ਦਾ ਕੋਈ ਦਿਹਾੜਾ ਤ੍ਰੇਤਾ ਜਾਂ ਦਵਾਪਰ ਯੁੱਗ ਦੇ ਕਿਸੇ ਰੱਬ, ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਤੋਂ ਵੀ ਵੱਡਾ ਹੋ ਸਕਦਾ ਹੈ? ਸੱਤਾ ਉੱਤੇ ਬਿਰਾਜਮਾਨ, ਆਪਣੇ ਆਪ ਨੂੰ ਇੱਕੋ ਸਮੇਂ ਹੀ ਕਰਤਾ ਅਤੇ ਜਜਮਾਨ ਦੱਸਦੇ ਕਿਸੇ ਸਿਆਸਤਦਾਨ ਲਈ ਕਿਸੇ ਆਉਂਦੀ 5 ਅਗਸਤ ਜਾਂ 15 ਅਗਸਤ ਵਿਚਕਾਰ ਕਿਸੇ ਜਨਤਕ ਇਕੱਠ ਵਿੱਚ ਐਸੀ ਤੁਲਨਾ ਕਰਨੀ ਤੁਹਾਡੀ ਚਿਤਵਨ ਸ਼ਕਤੀ ਤੋਂ ਕਿੰਨੀ ਕੁ ਬਾਹਰ ਹੈ?

ਪ੍ਰਧਾਨ ਮੰਤਰੀ ਨੇ 5 ਅਗਸਤ ਅਤੇ 15 ਅਗਸਤ ਨੂੰ ਬਰਾਬਰ ਕਰਦਿਆਂ ਅਤੇ ਦੱਸਦਿਆਂ ਕਿਹਾ ਕਿ ‘‘ਸੰਪੂਰਨ ਮੁਲਕ ਉਤਸ਼ਾਹ ਵਿੱਚ ਖੀਵਾ ਹੋ ਗਿਆ ਹੈ। ਸਦੀਆਂ ਦਾ ਇੰਤਜ਼ਾਰ ਅੱਜ (5 ਅਗਸਤ ਨੂੰ) ਖ਼ਤਮ ਹੋ ਗਿਆ ਹੈ।’’

ਜਿਨ੍ਹਾਂ ਸਿਆਸੀ ਧਿਰਾਂ ਤੋਂ 15 ਅਗਸਤ ਦੀ ਵਿਰਾਸਤ ਉੱਤੇ ਹੱਕ-ਮਾਲਕਾਨਾ ਦਾ ਕੋਈ ਸੱਚਾ-ਝੂਠਾ ਦਾਅਵਾ ਕਰਨ ਦੀ ਤਵੱਕੋਂ ਸੀ, ਉਨ੍ਹਾਂ 5 ਅਗਸਤ ਵਾਲੇ ਭਾਵਨਾਵਾਂ ਦੇ ਵ੍ਹਾ-ਵਰੋਲੇ ਤੋਂ ਬਚਣ ਵਿੱਚ ਹੀ ਸਿਆਸੀ ਸਲਾਮਤੀ ਸਮਝੀ ਹੈ। ਇਹ ਅਪਰਾਧਿਕ ਚੁੱਪਾਂ 15 ਅਗਸਤ ਦੀ ਕਿਸੇ ਅਲੰਕਾਰਿਕ (metaphorical) ਕਬਰ ਲਈ ਇਸ ਵਿਰਾਸਤ ਦੇ ਵਾਰਸਾਂ ਵੱਲੋਂ ਭੇਜੀਆਂ ਇੱਟਾਂ ਹਨ। ਇਨ੍ਹਾਂ ਚੁੱਪਾਂ ਵਿੱਚੋਂ ਇਹ ਸਵਾਲ ਵੀ ਉਪਜਦੇ ਹਨ ਕਿ ਕੀ 5 ਅਗਸਤ ਵਾਲੀ ਸੁਫ਼ਨਸਾਜ਼ੀ ਅਸਲ ਵਿੱਚ 15 ਅਗਸਤ ਵਾਲੀ ਰਾਸ਼ਟਰਬਾਜ਼ੀ ਵਾਲੀ ਖੇਡ ਵਿੱਚੋਂ ਹੀ ਨਹੀਂ ਜਨਮੀ ਸੀ?

ਜਿਨ੍ਹਾਂ ਧਿਰਾਂ ਨੂੰ ਜਾਪਦਾ ਹੈ ਕਿ ਆਰਥਕ ਅਸਾਵਾਂਪਣ, ਖੇਤੀਬਾੜੀ ਵਿੱਚ ਖੜੋਤ, ਰੁਜ਼ਗਾਰ ਦੇ ਘਟਦੇ ਮੌਕੇ ਅਤੇ ਸੁੰਗੜਦਾ ਹੋਇਆ ਅਰਥਚਾਰਾ ਉਹ ਹਕੀਕੀ ਸਵਾਲ ਬਣ ਕੇ ਉਭਰਨਗੇ ਜਿਹੜੇ 5 ਅਗਸਤ ਅਤੇ 15 ਅਗਸਤ ਨੂੰ ਬਰਾਬਰ ਕਰਨ ਵਾਲੀ ਸਿਆਸਤ ਨੂੰ ਚੁਣੌਤੀ ਦੇਣਗੇ, ਉਹ ਪਿਛਲੇ ਦਹਾਕਿਆਂ ਵਿੱਚ ਪ੍ਰਜਾ ਦੇ ਪਿੰਡੇ-ਹੰਢਾਏ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਉੱਤੇ ਉਹਨੂੰ ਫਰਹਾਮ ਕੀਤੇ ਕਿਸੇ ਚਿਤਵੇ ਹੋਏ ਰਾਸ਼ਟਰ ਦੇ ਨਿਰਮਾਣ ਦੇ ਸੁਫ਼ਨੇ ਦੀ ਲਗਾਤਾਰ ਸਰਦਾਰੀ ਤੋਂ ਕਿਉਂ ਇਨਕਾਰੀ ਹੋ ਰਹੀਆਂ ਹਨ?

ਅਸੀਂ ਸੁਫ਼ਨੇ ਦੇ ਟਾਕਰੇ ਵਿੱਚ ਰੋਟੀ ਵਾਲੇ ਬਿਆਨੀਏ ਤੋਂ ਵਰ੍ਹਿਆਂ ਆਪੂੰ ਪ੍ਰਭਾਵਿਤ ਹੋਏ ਬੈਠੇ ਰਹੇ ਹਾਂ, ਅਜੇ ਕਿ ਹਕੀਕਤ ਦਰਸਾ ਰਹੀ ਹੈ ਕਿ ਸੁਫ਼ਨੇ ਦੇ ਬਰਾਬਰ ਕੋਈ ਅਲੋਕਾਰੀ ਸੁਫ਼ਨਾ ਹੀ ਮਾਤ ਦੇ ਸਕਦਾ ਹੈ। ਨਾਮਨਿਹਾਦ ਅਗਾਂਹਵਧੂ ਧਿਰਾਂ ਦੀ ਸਿਆਸਤ ਅਵਾਮ ਨੂੰ ਕਿਸੇ ਚਿਤਵੇ ਹੋਏ ਰਾਸ਼ਟਰ ਦਾ ਕਿਹੜਾ ਠੋਸ ਸੁਫ਼ਨਾ ਫ਼ਰਹਾਮ ਕਰ ਰਹੀ ਹੈ?

ਹਿੰਦੋਸਤਾਨ ਵਿੱਚ ਜਾਤ-ਪਾਤ ਦੇ ਸਵਾਲ, ਅਮਰੀਕਾ ਵਿਚ ਨਸਲ/ਰੰਗ ’ਤੇ ਆਧਾਰਿਤ ਵਿਤਕਰੇ ਅਤੇ ਨਾਜ਼ੀ ਜਰਮਨੀ ਦੇ ਵਰਤਾਰੇ ਵਿਚਲੇ ਰਿਸ਼ਤਿਆਂ ਅਤੇ ਤੰਦਾਂ ਨਾਲ ਦਸਤਪੰਜਾ ਲੈਂਦੀ ਪੁਲਿਟਜ਼ਰ ਇਨਾਮ-ਯਾਫ਼ਤਾ ਇਸਾਬੇਲ ਵਿਲਕਰਸਨ ਦੀ ਨਵੀਂ ਕਿਤਾਬ ‘Caste: The Origins of Our Discontents’ ਨੂੰ ਪੜ੍ਹਦਿਆਂ ਵਾਰ-ਵਾਰ ਇਹ ਅਹਿਸਾਸ ਹੁੰਦਾ ਹੈ ਕਿ 15 ਅਗਸਤ ਦੇ ਵਾਰਸ ਮੁਲਖੱਈਏ ਨੂੰ ਰੋਟੀ-ਕੱਪੜਾ-ਮਕਾਨ ਦੇ ਵਾਅਦੇ ਤਾਂ ਵੇਚਦੇ ਰਹੇ, ਪਰ ਇਸ ਆਰਥਕਤਾ-ਆਧਾਰਿਤ ਭੌਤਿਕ ਸੁਫ਼ਨੇ ਵਿੱਚੋਂ ਮਨੁੱਖੀ ਅਹਿਸਾਸ, ਸਮਾਜਿਕ ਬਰਾਬਰੀ ਅਤੇ ਬੌਧਿਕ ਗੁਲਾਮੀ ਤੋਂ ਰਹਿਤ ਕਿਸੇ ਰਾਸ਼ਟਰ ਦੇ ਚਿਤਵੇ ਸਰੂਪ ਵਾਲਾ ਤੱਤ ਨਦਾਰਦ ਰਿਹਾ।

ਜਿੱਥੇ ਵਡੇਰਾ ਸੁਫ਼ਨਾ ਲੋੜੀਂਦਾ ਸੀ, ਉੱਥੇ ਅਸੀਂ ਰੋਟੀਆਂ ਦੀ ਚੰਗੇਰ ਦਾ ਵਾਅਦਾ ਕਰ ਰਹੇ ਸਾਂ। ਜਿੱਥੇ ਮਨਾਂ ਵਿੱਚ ਮੁਲਕ ਤਾਮੀਰ ਹੋ ਰਿਹਾ ਸੀ, ਉੱਥੇ ਅਸੀਂ ਪੰਜ ਮਰਲੇ ਦੇ ਪਲਾਟ ਕੱਟ ਰਹੇ ਸਾਂ।

ਇਸਾਬੇਲ ਵਿਲਕਰਸਨ ਦੀ ਕਿਤਾਬ ਅਯੁੱਧਿਆ ਵਿੱਚ 5 ਅਗਸਤ ਨੂੰ ਰੱਖੀ ਚਾਂਦੀ ਦੀ ਇੱਟ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ। ਓਪਰਾ ਵਿਨਫਰੇ ਦਾ ਕਹਿਣਾ ਹੈ ਕਿ ਉਹਨੇ ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿਤਾਬ ਵੱਡੀਆਂ ਕੰਪਨੀਆਂ ਦੇ ਮੁੱਖ ਪ੍ਰਬੰਧਕਾਂ ਨੂੰ ਭੇਜੀ ਹੈ। ਨਿਊਯਾਰਕ ਟਾਈਮਜ਼ ਨੇ ਇਹਨੂੰ 21ਵੀਂ ਸਦੀ ਦੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਕਿਤਾਬ ਕਿਹਾ ਹੈ ਜਿਹੜੀ ਅਮਰੀਕੀ ਰੰਗਭੇਦ ਵਾਲੀ ਸਾਰੀ ਸਿਆਸਤ ਨੂੰ ਜਾਤ-ਪਾਤ ਦੀ ਕੁਠਾਲੀ ਵਿੱਚ ਪਾ ਕੇ ਸਮਝਾਉਂਦੀ ਹੈ ਅਤੇ ਇੰਝ ਸੰਘਰਸ਼ੀ ਸਮਾਜ ਨੂੰ ਇੱਕ ਨਿਵੇਕਲਾ ਸੁਪਨਾ ਫ਼ਰਹਾਮ ਕਰਦੀ ਹੈ।

ਜਦੋਂ ਆਵਾਮ ਕੋਲ ਸੁਫ਼ਨੇ ਨਹੀਂ ਹੋਣਗੇ ਤਾਂ ਉਹ ਨਾਗਰਿਕ ਬਣਨ ਦੀ ਇੱਛਾ ਹੀ ਨਹੀਂ ਪਾਲਣਗੇ, ਫਿਰ ਉਹ ਪ੍ਰਜਾ ਹੋ ਜਾਣਗੇ। ਸੰਕੇਤਾਂ, ਚਿੰਨ੍ਹਾਂ, ਪ੍ਰਤੀਕਾਂ, ਥਿੱਤਾਂ, ਵਾਰਾਂ, ਤਿਉਹਾਰਾਂ, ਨਾਅਰਿਆਂ, ਗਾਣਿਆਂ, ਬੋਲੀਆਂ, ਮਿੱਥਾਂ, ਅਫ਼ਸਾਨਿਆਂ, ਕਹਾਣੀਆਂ, ਬਾਣੀਆਂ ਵਿੱਚ ਜਿਸ ਸੰਸਾਰ ਸਾਲਮ ਦਾ ਸੁਫ਼ਨਾ ਤਾਮੀਰ ਹੁੰਦਾ ਹੈ, ਉਹ ਹੀ ਕਿਸੇ 15 ਅਗਸਤ ਨੂੰ 5 ਅਗਸਤ ਥੱਲੇ ਦਰੜੇ ਜਾਣ ਤੋਂ ਰੋਕ ਸਕਦਾ ਹੈ। ਸਿਰਫ਼ ਰੋਟੀ-ਕੱਪੜਾ-ਮਕਾਨ ਵਾਲੀ ਸਿਆਸਤ ਹਕੀਕੀ ਹੋ ਕੇ ਵੀ ਮਸਨੂਈ ਹੁੰਦੀ ਹੈ, ਟੈਂਟਾਂ ਥੱਲੇ ਵਰ੍ਹਿਆਂ ਤੱਕ ਰੁਲੇ ਰੱਬ ਦੇ ਆਲੀਸ਼ਾਨ ਘਰ ਦਾ ਸੁਫ਼ਨਾ ਵਬਾ ਤੋਂ ਡਰੇ ਅਤੇ ਵਿੱਤੋਂ ਮਹਿੰਗੇ ਹਸਪਤਾਲਾਂ ਦੇ ਦਰਾਂ ’ਤੇ ਸਹਿਕਦਿਆਂ ਲਈ ਵੀ ਅਲੋਕਾਰੀ ਭਵਿੱਖ ਰੁਸ਼ਨਾਉਂਦਾ ਹੈ।

ਤੱਥਾਂ, ਅੰਕੜਿਆਂ ਅਤੇ ਟੂਕਬਾਜ਼ ਬੌਧਿਕਤਾ ਤੋਂ ਅੱਗੇ ਕਿਸੇ ਰੂਹਾਨੀ ਸੁਫ਼ਨੇ ਲਈ ਅਵਾਮੀ ਲਾਮਬੰਦੀ ਹੀ ਕਿਸੇ ਹਕੀਕੀ ਆਜ਼ਾਦੀ ਦਾ ਦਿਨ ਮੁਕੱਰਰ ਕਰ ਸਕਦੀ ਹੈ, ਬਾਕੀ ਸਭ 5 ਅਗਸਤ ਅਤੇ 15 ਅਗਸਤ ਵਿਚਲੀ ਮਸਨੂਈ ਲੜਾਈ ਹੀ ਹੋ ਨਿਬੜੇਗਾ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਪੰਜ ਅਤੇ ਪੰਦਰਾਂ ਅਗਸਤ ਨੂੰ ਇੱਕੋ ਖਾਤੇ ਰੱਖਦਾ ਕਿਸੇ ਹਕੀਕੀ ਆਜ਼ਾਦੀ ਦਿਹਾੜੇ ਦੇ ਨਵੇਂ ਥਿੱਤ-ਵਾਰ ਲਈ ਚਿਰਾਂ ਤੋਂ ਝੰਡਾ ਚੁੱਕੀ ਖੜ੍ਹਾ ਥੱਕਿਆ-ਹਾਰਿਆ ਜਾਪ ਰਿਹਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All