ਮਈ ਦਿਵਸ ਦੀ ਅਜੋਕੀ ਸਾਰਥਕਤਾ

ਮਈ ਦਿਵਸ ਦੀ ਅਜੋਕੀ ਸਾਰਥਕਤਾ

ਡਾ. ਅਰਵਿੰਦਰ ਕੌਰ ਕਾਕੜਾ

ਮਈ ਦਿਵਸ ਮਜ਼ਦੂਰ ਦਿਹਾੜੇ ਦੇ ਤੌਰ ਤੇ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਪਿਛੋਕੜ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਹੋਈ ਮਜ਼ਦੂਰਾਂ ਵੱਲੋਂ ਪਹਿਲੀ ਮਈ 1886 ਦੀ ਹੜਤਾਲ ਨਾਲ ਸਬੰਧਤ ਹੈ। ਇਹ ਦਿਨ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਲੜੇ ਅੰਦੋਲਨ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਹਾੜੇ ਦੀ ਸਾਰਥਿਕਤਾ ਨੂੰ ਧਿਆਨ ਵਿਚ ਰੱਖਦਿਆਂ ਇਹ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਮਜ਼ਦੂਰਾਂ ਦੀ ਕੀ ਹਾਲਤ ਹੈ। ਅੱਜ ਮੁਲਕ ਅੰਦਰ ਨਵੇਂ ਕਿਰਤ ਕਾਨੂੰਨਾਂ ਤਹਿਤ ਜੋ ਹਮਲਾ ਮਜ਼ਦੂਰਾਂ ਤੇ ਹੋ ਰਿਹਾ ਹੈ, ਉਸ ਬਾਰੇ ਚੇਤੰਨ ਹੋਣ ਦੀ ਲੋੜ ਹੈ। ਮਜ਼ਦੂਰ ਵਰਗ ਤ੍ਰਾਸਦੀ ਵਿਚੋਂ ਲੰਘ ਰਿਹਾ ਹੈ। ਜੋ ਹੱਕ ਮਜ਼ਦੂਰਾਂ ਨੇ ਤਿੱਖਾ ਸੰਘਰਸ਼ ਕਰ ਕੇ ਪ੍ਰਾਪਤ ਕੀਤੇ ਸਨ, ਉਹ ਖੋਹੇ ਜਾ ਰਹੇ ਹਨ।

ਪੱਛਮ ਵਿਚ ਆਈ ਉਦਯੋਗਿਕ ਕ੍ਰਾਂਤੀ ਨੇ ਦੋ ਜਮਾਤਾਂ ਪੈਦਾ ਕੀਤੀਆਂ- ਸਰਮਾਏਦਾਰ (ਪੂੰਜੀਪਤੀ) ਤੇ ਮਜ਼ਦੂਰ ਵਰਗ। ਪੂੰਜੀਪਤੀ ਦਾ ਮੁੱਖ ਮਕਸਦ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਸੀ। ਉਸ ਦਾ ਪੈਦਾਵਾਰੀ ਸਾਧਨਾਂ ਤੇ ਕਬਜ਼ਾ ਹੋਣ ਕਰ ਕੇ ਮਰਜ਼ੀ ਚਲਾਉਂਦਾ ਸੀ, ਇਸ ਲਈ ਫੈਕਟਰੀਆਂ ਵਿਚ ਮਜ਼ਦੂਰਾਂ ਤੋਂ 18-18 ਘੰਟੇ ਕੰਮ ਲਿਆ ਜਾਂਦਾ, ਮਿਹਨਤਾਨਾ ਬਹੁਤ ਘੱਟ ਮਿਲਦਾ ਸੀ। ਜਦੋਂ ਮਜ਼ਦੂਰਾਂ ਵਿਚ ਚੇਤਨਾ ਪੈਦਾ ਹੋਈ ਤਾਂ ਉਨਾਂ ਨੇ ਆਪਣੀਆਂ ਜਥੇਬੰਦੀਆਂ ਬਣਾਈਆਂ ਤੇ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਮਕੈਨਿਕਲ ਯੂਨੀਅਨ ਆਫ ਫਿਲਾਡੈਲਫੀਆ ਨੇ ਪਹਿਲੀ ਵਾਰ 10 ਘੰਟੇ ਦਿਹਾੜੀ ਦੀ ਮੰਗ ਕਰਦਿਆਂ ਹੜਤਾਲ ਕੀਤੀ। ਆਸਟਰੇਲੀਆ ਵਿਚ 1856 ਨੂੰ ਬਿਲਿਡਿੰਗ ਟਰੇਡ ਵਰਕਰਜ਼ ਇਹ ਮੰਗ ਮਨਾਉਣ ਵਿਚ ਸਫਲ ਹੋ ਗਏ ਪਰ 1866 ਵਿਚ ਨੈਸ਼ਨਲ ਲੇਬਰ ਯੂਨੀਅਨ ਦੀ ਸਥਾਪਨਾ ਕਨਵੈਨਸ਼ਨ ਵਿਚ 8 ਘੰਟੇ ਦੀ ਦਿਹਾੜੀ ਦਾ ਮਤਾ ਪਾਸ ਹੋਇਆ। ਇਹ ਅੰਦੋਲਨ ਅਮਰੀਕਾ ਵਿਚ ਨੈਸ਼ਨਲ ਲੇਬਰ ਯੂਨੀਅਨ ਨੇ ਵੀ ਉਭਾਰਿਆ। ਇਹ ਸ਼ਿਕਾਗੋ ਵਿਚ ਸ਼ੁਰੂ ਹੋਇਆ ਜੋ ਸਿਰਫ਼ ਕੰਮ ਦੇ ਘੰਟਿਆਂ ਤੱਕ ਸੀਮਤ ਨਾ ਰਹਿ ਕੇ ਕੰਮ ਦੀਆਂ ਹਾਲਤਾਂ ਸੁਧਾਰਨਾ, ਉਜਰਤਾਂ, ਗ਼ੁਲਾਮੀ ਖ਼ਤਮ ਕਰਨ ਤੇ ਲੁੱਟ ਦੇ ਪ੍ਰਬੰਧ ਨੂੰ ਬਦਲਣ ਤੇ ਕੇਂਦਰਿਤ ਸੀ। ਇਸ ਅੰਦੋਲਨ ਵਿਚ ਔਰਤ ਮਰਦ, ਦੋਨਾਂ ਨੇ ਬਰਾਬਰ ਹਿੱਸਾ ਲਿਆ। ਪਹਿਲੀ ਮਈ ਵਾਲੇ ਦਿਨ ਇਹ ਅੰਦੋਲਨ ਸ਼ਿਕਾਗੋ ਵਿਚ ਸ਼ੁਰੂ ਹੋਇਆ। 3 ਮਈ ਨੂੰ ਸ਼ਾਂਤਮਈ ਹੜਤਾਲ ਕਰਦੇ ਮਜ਼ਦੂਰਾਂ ਉਤੇ ਗੋਲੀਆਂ ਚਲਾ ਕੇ ਪੁਲੀਸ ਨੇ 7 ਮਜ਼ਦੂਰ ਮਾਰ ਦਿੱਤੇ। ਇਨ੍ਹਾਂ ਮਜ਼ਦੂਰਾਂ ਦੀ ਹੱਤਿਆ ਵਿਰੁੱਧ ਜਦੋਂ ਹੇਅ ਮਾਰਕੀਟ ਦੇ ਚੁਰਸਤੇ ਸਭਾ ਹੋ ਰਹੀ ਸੀ ਤਾਂ ਭੀੜ ਵਿਚ ਬੰਬ ਸੁੱਟਣ ਨਾਲ ਇੱਕ ਪੁਲੀਸ ਸਾਰਜੈਂਟ ਮਾਰਿਆ ਗਿਆ। ਇਸ ਪਿੱਛੋਂ ਵੱਡੇ ਪੱਧਰ ਤੇ ਮਜ਼ਦੂਰਾਂ ਦੀ ਗ੍ਰਿਫਤਾਰੀ ਹੋਈ। ਮਜ਼ਦੂਰ ਅੰਦੋਲਨ ਦੇ ਆਗੂ ਪਾਰਸਨਜ਼, ਫਿਸ਼ਰ, ਸਪਾਈਸ ਤੇ ਏਂਜਲ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਗਿਆ। ਇਸ ਘਟਨਾ ਦਾ ਵਿਰੋਧ ਮਜ਼ਦੂਰ ਜਮਾਤ ਵਿਚ ਤਿੱਖਾ ਹੋਇਆ। ਸ਼ਿਕਾਗੋ ਦੀਆਂ ਸਾਰੀਆਂ ਮਜ਼ਦੂਰ ਫੈਡਰੇਸ਼ਨਾਂ ਵਿਚ ਔਰਤਾਂ ਦੀ ਸਰਗਰਮ ਭੂਮਿਕਾ ਰਹੀ। ਲੂਸੀ ਪਾਰਸਨਜ਼, ਲਿਜੀ ਹਾਮਸ, ਸਰਾਹ ਏਮਸ ਆਦਿ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਤਿੱਖੇ ਸੰਘਰਸ਼ ਦੀ ਬਦੌਲਤ ਮਜ਼ਦੂਰ ਜਮਾਤ ਦੀ ਅੱਠ ਘੰਟੇ ਦਿਹਾੜੀ ਦੀ ਮੰਗ ਸਵੀਕਾਰੀ ਗਈ ਅਤੇ 14 ਜੁਲਾਈ ਨੂੰ ਪੈਰਿਸ ਕਾਨਫਰੰਸ ਵਿਚ ਪਹਿਲੀ ਮਈ ਨੂੰ ਮਜ਼ਦੂਰ ਦਿਹਾੜੇ ਵੱਲੋਂ ਸਥਾਪਤ ਕੀਤਾ ਗਿਆ।

ਭਾਰਤ ਵਿਚ ਪਹਿਲੀ ਮਈ 1923 ਨੂੰ ਮਜ਼ਦੂਰ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿਚ ਮਨਾਉਣਾ ਸ਼ੁਰੂ ਹੋਇਆ। ਉਸ ਸਮੇਂ ਇਹ ਮਦਰਾਸ ਦਿਵਸ ਵਜੋਂ ਜਾਣਿਆ ਗਿਆ। ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਇਸ ਦਿਹਾੜੇ ਦੀ ਸ਼ੁਰੂਆਤ ਕੀਤੀ। ਮਦਰਾਸ ਦੇ ਹਾਈਕੋਰਟ ਸਾਹਮਣੇ ਵੱਡਾ ਮੁਜ਼ਾਹਰਾ ਹੋਇਆ ਜਿਸ ਵਿਚ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਸ ਦਿਵਸ ਨੂੰ ਭਾਰਤ ਵਿਚ ਵੀ ਮਈ ਦਿਹਾੜੇ ਦੇ ਮਨਾਇਆ ਜਾਵੇ ਤੇ ਕਾਮਾ/ਮਜ਼ਦੂਰ ਵਰਗ ਆਪਣੀਆਂ ਸਮੱਸਿਆਵਾਂ     ਬਾਰੇ ਗੰਭੀਰਤਾ ਨਾਲ ਸੋਚੇ ਤੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਜੁਟਾਏ ਜਾਣ। ਭਾਰਤ     ਸਮੇਤ ਲਗਭਗ 80 ਮੁਲਕਾਂ ਵਿਚ ਇਹ ਦਿਵਸ ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਣ ਲੱਗਾ।

ਅੱਜ ਭਾਰਤ ਵਿਚ ਸੰਘਰਸ਼ਾਂ ਦਾ ਦੌਰ ਹੈ। ਹਿੰਦੂਤਵੀ ਤਾਕਤਾਂ ਕਾਰਪੋਰੇਟੀ ਏਜੰਡਾ ਲੋਕਾਂ ਉੱਪਰ ਥੋਪ ਰਹੀਆਂ ਹਨ। ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਵਾਤਾਵਰਨ ਸੁਧਾਰ ਦੇ ਬਣਾਏ ਐਕਟਾਂ ਵਿਰੁੱਧ ਸੰਘਰਸ਼ ਤਿੱਖਾ ਹੋ ਰਿਹਾ ਹੈ। ਦੂਜੇ ਪਾਸੇ ਕਿਰਤ ਕਾਨੂੰਨਾਂ ਵਿਚ ਤਬਦੀਲੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ 2002 ਵਿਚ ਕਿਰਤ ਸਬੰਧੀ ਕੌਮੀ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਸ਼ੁਰੂ ਹੋਈਆਂ ਤੇ ਹੁਣ ਚਾਰ ਲੇਬਰ ਕੋਡ ਬਣ ਚੁੱਕੇ ਹਨ। ਨਵੇਂ ਲੇਬਰ ਕੋਡ ਵਿਚ 29 ਕਾਨੂੰਨਾਂ ਨੂੰ ਰਲਾ ਲਿਆ ਗਿਆ ਹੈ। 1948 ਦੇ ਕਾਨੂੰਨ ਨੂੰ ਬਦਲ ਕੇ ਨਵਾਂ ਰੂਪ ਦਿੰਦਿਆਂ ਮਾਲਕਾਂ ਦਾ ਪੱਖ ਪੂਰਿਆ ਗਿਆ ਹੈ ਤੇ ਮਜ਼ਦੂਰਾਂ ਦੇ ਹੱਕ ਘਟਾ ਦਿੱਤੇ ਹਨ। ਠੇਕਾ ਮਜ਼ਦੂਰੀ ਸਬੰਧੀ ਪੁਰਾਣਾ ਕਾਨੂੰਨ ਜੋ ਠੇਕਾ ਮਜ਼ਦੂਰੀ ਕਾਨੂੰਨ 1979 ਸੀ, ਉਸ ਵਿਚ ਠੇਕਾ ਮਜ਼ਦੂਰੀ ਦਾ ਖਾਤਮਾ ਕਰ ਕੇ ਉਸ ਨੂੰ ਰੈਗੂਲੇਟ ਕਰਨ ਲਈ ਕਿਹਾ ਗਿਆ ਸੀ। ਨਵੇਂ ਕਾਨੂੰਨ ਵਿਚ ਇਕ ਪਾਸੇ ਠੇਕਾ ਮਜ਼ਦੂਰੀ ਸਬੰਧੀ ਕਾਫ਼ੀ ਸਾਰੀਆਂ ਪੁਰਾਣੀਆਂ ਮੱਦਾਂ ਕਾਇਮ ਰੱਖੀਆਂ ਗਈਆਂ ਹਨ ਪਰ ਰੈਗੂਲੇਟ ਨੂੰ ਅਣਗੌਲਿਆ ਕੀਤਾ ਗਿਆ ਹੈ। ਨਵੇਂ ਕਾਨੂੰਨ ਵਿਚ ਕਿਰਤੀਆਂ/ਮਜ਼ਦੂਰਾਂ ਦੇ ਅਧਿਕਾਰ ਘਟਾ ਦਿੱਤੇ ਗਏ ਹਨ। ਲੇਬਰ ਕੋਰਟ ਦੀ ਥਾਂ ਕੌਮੀ ਟ੍ਰਿਬਿਊਨਲ ਅਤੇ ਸੂਬਿਆਂ ਵਿਚਲੇ ਇੰਡਸਟਰੀਅਲ ਟ੍ਰਿਬਿਊਨਲ ਬਣਾਏ ਜਾ ਰਹੇ ਹਨ। ਨਿਸ਼ਚਤ ਸਮੇਂ ਦਾ ਰੁਜ਼ਗਾਰ ਦੇ ਨਾਂ ਹੇਠ ਕੰਪਨੀਆਂ ਨੂੰ ਮਨਮਰਜ਼ੀ ਦਾ ਅਧਿਕਾਰ ਦਿੱਤਾ ਗਿਆ ਹੈ। ਲੇ-ਆਫ, ਛਾਂਟੀ ਅਤੇ ਤਾਲਾਬੰਦੀ ਲਈ 300 ਤੋਂ ਘੱਟ ਕਾਮਿਆਂ ਵਾਲੀ ਯੂਨਿਟ ਵਿਚ ਸਰਕਾਰ ਵਿਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਵੇਗੀ। ਆਪਣੀਆਂ ਮੰਗਾਂ ਲਈ ਹੜਤਾਲ ਕਰਨ ਲਈ ਵੀ ਮਨਜ਼ੂਰੀ ਲੈਣੀ ਪਵੇਗੀ। ਦੇਸ਼ ਪੱਧਰ ਤੇ ਘੱਟੋ-ਘੱਟ ਉਜਰਤ ਵੱਖੋ-ਵੱਖ ਇਲਾਕਿਆਂ ਰਾਹੀ ਵੱਖਰੀ ਤੈਅ ਕੀਤੀ ਜਾਵੇਗੀ। ਨਵੇਂ ‘ਉਜਰਤਾਂ ਬਾਰੇ ਕੋਡ’ ਵਿਚ ਕੰਮ ਤੇ ਭਰਤੀ ਮੌਕੇ ਔਰਤ-ਮਰਦ ਦੀ ਬਰਾਬਰੀ ਦੇ ਸੁਆਲ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਕੰਮ ਦਿਹਾੜੀ ਦਾ ਸਮਾਂ ਵੀ ਅੱਠ ਘੰਟੇ ਤੋਂ ਬਾਰਾਂ ਘੰਟੇ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਦਾ ਸਿੱਧੇ ਰੂਪ ਵਿਚ ਔਰਤ ਕਿਰਤ ਸ਼ਕਤੀ ਦੇ ਉੱਪਰ ਵੀ ਤਿੱਖਾ ਹਮਲਾ ਹੈ। ਜਿਹੜੇ ਹੱਕ ਔਰਤ ਤੇ ਮਰਦ ਦੀ ਇਕੱਠੇ ਸੰਘਰਸ਼ ਕਰਕੇ ਪ੍ਰਾਪਤ ਕੀਤੇ ਸਨ, ਉਹ ਖੋਹੇ ਜਾ ਰਹੇ ਹਨ।

ਅਸਲ ਵਿਚ, ਦੇਸ਼ ਦੇ ਵਿਕਾਸ ਦਾ ਹੋਕਾ ਦਿੰਦੀ ਹਾਕਮ ਜਮਾਤ ਕਾਰਪੋਰੇਟ ਦੇ ਹਿੱਤ ਪੂਰ ਰਹੀ ਹੈ। ਜਿਸ ਮੁਲਕ ਵਿਚ ਕਿਰਤ ਸ਼ਕਤੀ ਖੜੋਤ ਵਿਚ ਹੁੰਦੀ ਹੈ, ਉੱਥੇ ਸਮਾਜ ਅੰਦਰ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਪ੍ਰਗਤੀਵਾਦੀ ਕਦਰਾਂ ਕੀਮਤਾਂ ਦਾ ਘਾਣ ਹੁੰਦਾ ਹੈ। ਹੁਣ ਇਹੀ ਕੁਝ ਸਮਾਜ ਵਿਚ ਹੋ ਰਿਹਾ ਹੈ। ਆਪਣੇ ਹੱਕ ਅਤੇ ਹੋਂਦ ਬਚਾਉਣ ਲਈ ਕਿਰਤੀ/ਮਜ਼ਦੂਰ ਵਰਗ ਤੋਂ ਸੰਘਰਸ਼ ਕੀਤੇ ਬਿਨਾਂ ਕੋਈ ਹੋਰ ਹੀਲਾ ਹੀ ਨਹੀਂ ਰਹਿ ਜਾਂਦਾ।

ਹੁਣ ਇਕ ਪਾਸੇ ਸੰਸਾਰੀਕਰਨ, ਨਿੱਜੀਕਰਨ ਵਿਰੁੱਧ ਲਗਾਤਾਰ ਵੱਖ-ਵੱਖ ਥਾਵਾਂ ਤੇ ਸੰਘਰਸ਼ ਮੁਜ਼ਾਹਰੇ ਹੋ ਰਹੇ ਹਨ; ਕਿਰਤੀ, ਕਿਸਾਨ ਤੇ ਮਜ਼ਦੂਰ ਇਸ ਲੋਕ ਮਾਰੂ ਵਰਤਾਰੇ ਵਿਰੁੱਧ ਆਪਣਾ ਰੋਸ ਜਤਾ ਰਹੇ ਹਨ; ਦੂਜੇ ਪਾਸੇ ਫ਼ਿਰਕੂ ਫਾਸ਼ੀਵਾਦ ਤੇ ਕਾਰਪੋਰੇਟ ਦਾ ਵੱਡਾ ਤੇ ਤਿੱਖਾ ਹਮਲਾ ਹੋ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਠੀਕ ਦਿਸ਼ਾ ਵਿਚ ਲਾਮਬੰਦੀ ਬਹੁਤ ਜ਼ਰੂਰੀ ਹੈ। ਆਪਣੇ ਵਰਗ ਦੀਆਂ ਮੰਗਾਂ ਤੱਕ ਸੀਮਤ ਰਹਿਣ ਦੀ ਥਾਂ ਸਮੁੱਚੇ ਹਾਲਾਤ ਪਿਛਲੀ ਜੜ੍ਹ ਪਛਾਣਦੇ ਹੋਏ ਇੱਕਠੇ ਹੋ ਕੇ ਸੰਘਰਸ਼ ਕਰੀਏ। ਦਿੱਲੀ ਚੱਲ ਰਹੇ ਮੋਰਚੇ ਨੂੰ ਹੋਰ ਵੀ ਵਿਸਥਾਰ ਦੇਈਏ। ਕਿਸਾਨ ਅੰਦੋਲਨ ਨੂੰ ਸਿਰਫ਼ ਕਿਸਾਨਾਂ ਤੇ ਕੇਂਦਰਿਤ ਨਾ ਕਰਦੇ ਹੋਏ ਇਸ ਨੂੰ ਜਨ ਅੰਦੋਲਨ ਸਮਝਦੇ ਆਪਣੀ ਬਣਦੀ ਭੂਮਿਕਾ ਅਦਾ ਕਰੀਏ। ਮਈ ਦਿਵਸ ਦੀ ਇਹੀ ਸਾਰਥਕਤਾ ਹੈ ਕਿ ਮਾਨਵ ਵਿਰੋਧੀ ਵਰਤਾਰੇ ਵਿਰੱਧ ਇੱਕ ਆਵਾਜ਼ ਬਣੀਏ। ਆਪਣੇ ਸ਼ਾਨਾਮੱਤੇ ਸੰਘਰਸ਼ ਦੇ ਇਤਿਹਾਸ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਦਿਆਂ ਸੰਘਰਸ਼ ਦਾ ਨਵਾਂ ਮੁਹਾਂਦਰਾ ਸਿਰਜੀਏ।

ਸੰਪਰਕ: 94636-15536

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All