ਫੇਲ੍ਹ ਹੋਣ ਦਾ ਵਰਦਾਨ

ਫੇਲ੍ਹ ਹੋਣ ਦਾ ਵਰਦਾਨ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਜੂਨ 1971 ਦੀ ਤਿੱਖੜ ਦੁਪਹਿਰ। ਕਣਕ ਦੇ ਵੱਢ ਵਿੱਚ ਰੂੜੀ ਪਾਉਣ ਦਾ ਸਮਾਂ। ਬਾਪ ਨਾਲ ਗੱਡੇ ’ਤੇ ਰੂੜੀ ਪਵਾ ਰਿਹਾ ਸਾਂ ਤਾਂ ਮੇਰੇ ਜਮਾਤੀ ਨੇ ਆ ਕੇ ਦੱਸਿਆ ਕਿ ਮੈਂ ਤਾਂ ਪ੍ਰੈੱਪ ਵਿੱਚੋਂ ਪਾਸ ਹੋ ਗਿਆ ਹਾਂ, ਪਰ ਤੂੰ ਫੇਲ੍ਹ ਹੋ ਗਿਆ ਏਂ।

ਪ੍ਰੈੱਪ ਵਿੱਚੋਂ ਫੇਲ੍ਹ ਹੋਣਾ ਅਤੇ ਇਸ ਨੂੰ ਵਰਦਾਨ ਕਹਿਣਾ, ਪਾਠਕ ਨੂੰ ਅਚੰਭਤ ਜ਼ਰੂਰ ਕਰੇਗਾ। ਪਰ ਸੱਚ ਇਹੀ ਹੈ ਕਿ ਮਨੁੱਖ ਆਪਣੀਆਂ ਨਕਾਮੀਆਂ ਵਿੱਚੋਂ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦੈ। ਆਪਣੀਆਂ ਕਮੀਆਂ ਤੇ ਖ਼ਾਮੀਆਂ ਨੂੰ ਸੁਧਾਰ, ਨਵੀਆਂ ਪੁਲਾਂਘਾਂ ਪੁੱਟਦਾ। ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਣ ਲਈ, ਮਨ-ਬਿਰਤੀ ਨੂੰ ਉਸਾਰੂ ਮੋੜ ਦਿੰਦਾ ਅਤੇ ਥਿੜਕਦੇ ਪੈਰਾਂ ਨੂੰ ਤਕੜਾਈ ਦੀ ਪੈੜ ਵਿੱਚ ਧਰਦਾ ਹੈ। ਅਜਿਹਾ ਕੁਝ ਮੇਰੇ ਨਾਲ ਵੀ ਵਾਪਰਿਆ।

ਦਰਅਸਲ, ਦਸਵੀਂ ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਣ ’ਤੇ ਨਵੇਂ ਐੱਮ. ਏ. ਪਾਸ ਤੇ ਗਵਾਂਢੀ ਜਰਨੈਲ ਸਿੰਘ ਭੰਡਾਲ ਨੇ ਸਾਨੂੰ ਪੱਤੀ ਦੇ ਤਿੰਨ ਜਮਾਤੀਆਂ ਬਲਵੰਤ ਸਿੰਘ, ਰਣਜੀਤ ਸਿੰਘ ਤੇ ਮੈਨੂੰ ਰਣਧੀਰ ਕਾਲਜ, ਕਪੂਰਥਲਾ ਵਿੱਚ ਨਾਨ-ਮੈਡੀਕਲ ਵਿੱਚ ਦਾਖਲ ਕਰਵਾ ਦਿੱਤਾ। ਉਸ ਦਾ ਸੋਚਣਾ ਸੀ ਕਿ ਮੇਰੇ ਗਰਾਈਂ ਸਾਇੰਸ ਪੜ੍ਹਕੇ ਚੰਗੀਆਂ ਵਿਦਿਅਕ ਪ੍ਰਾਪਤੀਆਂ ਨਾਲ ਚੰਗਾ ਭਵਿੱਖ ਉਸਾਰਨ।

ਪਿੰਡ ਦੇ ਜਵਾਕਾਂ ਦਾ ਨਵਾਂ ਨਵਾਂ ਕਾਲਜ ਵਿੱਚ ਦਾਖਲ ਹੋਣਾ ਤੇ ਨਵੇਂ ਮਾਹੌਲ ਨੂੰ ਦੇਖ ਕੇ ਅਚੰਭਿਤ ਹੋਣਾ ਜ਼ਰੂਰੀ ਸੀ। ਪੜ੍ਹਨ ਦਾ ਚਾਅ ਸੀ, ਪਰ ਸਾਇੰਸ ਦੀ ਸਮੁੱਚੀ ਪੜ੍ਹਾਈ ਅੰਗਰੇਜ਼ੀ ਮੀਡੀਅਮ ਵਿੱਚ ਹੋਣ ਕਾਰਨ ਸਾਡੇ ਕੁਝ ਵੀ ਸਮਝ ਨਾ ਆਉਂਦਾ ਅਤੇ ਕੋਰੇ ਹੀ ਕਾਲਜ ਤੋਂ ਪਰਤ ਆਉਂਦੇ। ਪੜ੍ਹਾਈ ਦਾ ਫ਼ਿਕਰ ਕਰਨ ਦੀ ਬਜਾਏ ਅਸੀਂ ਸਾਇੰਸ ਦੀ ਪੜ੍ਹਾਈ ਤੋਂ ਬਚਣ ਦੀਆਂ ਤਰਕੀਬਾਂ ਸੋਚਣ ਲੱਗ ਪਏ ਅਤੇ ਮਨ ਵਿੱਚ ਆਉਂਦਾ ਕਿ ਆਰਟਸ ਪੜ੍ਹਨ ਵਾਲੇ ਕਿੰਨੀ ਬੇਫ਼ਿਕਰੀ ਅਤੇ ਆਨੰਦ ਨਾਲ ਕਾਲਜੀਏਟ ਬਣੇ ਮੌਜਾਂ ਲੁੱਟਦੇ ਹਨ। ਦਰਅਸਲ, ਮਨ ਜਦੋਂ ਢੇਰੀ ਢਾਹ ਲਵੇ ਤੇ ਬਚਾਅ ਵਿੱਚ ਆ ਜਾਵੇ ਤਾਂ ਚੁਣੌਤੀ ਦਾ ਮੁਕਾਬਲਾ ਕਰਨ ਦੀ ਬਿਰਤੀ ਹੀ ਮਰ ਜਾਂਦੀ। ਫਿਰ ਪੱਲੇ ਬਹਾਨੇ ਹੀ ਹੁੰਦੇ ਹਨ। ਅਜਿਹਾ ਕੁਝ ਹੀ ਸਾਡੇ ਨਾਲ ਹੋਇਆ ਅਤੇ ਕਿਸੇ ਨੂੰ ਦੱਸੇ ਬਗੈਰ ਅਸੀਂ ਤਿੰਨਾਂ ਨੇ ਹੀ ਸਾਇੰਸ ਛੱਡ ਕੇ ਆਰਟਸ ਦੇ ਮਜ਼ਮੂਨ ਪੜ੍ਹਨੇ ਸ਼ੁਰੂ ਕਰ ਦਿੱਤੇ। ਮਾਪੇ ਕੋਰਾ ਅਨਪੜ੍ਹ ਸਨ। ਉਨ੍ਹਾਂ ਵਾਸਤੇ ਵਿਸ਼ਿਆਂ ਦਾ ਕੋਈ ਮਤਲਬ ਹੀ ਨਹੀਂ ਸੀ। ਉਹ ਤਾਂ ਇਸ ਗੱਲੋਂ ਹੀ ਖੁਸ਼ ਸਨ ਕਿ ਸਾਡੇ ਬੱਚੇ ਕਾਲਜ ਵਿੱਚ ਪੜ੍ਹਦੇ ਹਨ। ਪੰਦਰਾਂ ਕੁ ਦਿਨ ਆਰਟਸ ਪੜ੍ਹਦਿਆਂ ਵੀ ਹੋ ਗਏ ਤਾਂ ਮੇਰੇ ਮਾਮਾ ਜੀ ਹੈੱਡਮਾਸਟਰ ਪਿਆਰਾ ਸਿੰਘ ਖੈੜਾ ਮੇਰੀ ਪੜ੍ਹਾਈ ਬਾਰੇ ਜਾਣਨ ਲਈ ਕਾਲਜ ਹੀ ਆ ਗਏ ਅਤੇ ਉਨ੍ਹਾਂ ਨੇ ਕਾਲਜ ਦੇ ਕਲਰਕ ਹੀਰਾ ਲਾਲ ਰਾਹੀਂ ਮੈਨੂੰ ਕਾਲਜ ਕੰਟੀਨ ਵਿੱਚ ਲੱਭ ਲਿਆ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਾਇੰਸ ਛੱਡ ਕੇ ਆਰਟਸ ਦੇ ਮਜ਼ਮੂਨ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ ਤਾਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤਾਂ ਸਾਇੰਸ ਪੜ੍ਹਨੀ ਏ ਤਾਂ ਠੀਕ ਆ। ਵਰਨਾ ਚੁੱਕ ਆਪਣਾ ਬੈਗ ਤੇ ਚੱਲ ਕੇ ਆਪਣੇ ਬਾਪ ਨਾਲ ਵਾਹੀ ਕਰਵਾ। ਵੱਡਿਆਂ ਨੂੰ ਜਵਾਬ ਦੇਣ ਦਾ ਤਾਂ ਮਤਲਬ ਹੀ ਨਹੀਂ ਸੀ ਅਤੇ ਮੈਂ ਮੁੜ ਕੇ ਸਾਇੰਸ ਪੜ੍ਹਨ ਦੀ ਹਾਮੀ ਭਰ ਦਿੱਤੀ। ਮੈਂ ਤਾਂ ਸਾਇੰਸ ਦੀਆਂ ਪੁਸਤਕਾਂ ਵਾਪਸ ਕਰਕੇ ਆਰਟਸ ਦੀਆਂ ਲੈ ਲਈਆਂ ਸਨ ਤੇ ਆਪਣਾ ਰੋਲ ਨੰਬਰ ਵੀ ਬਦਲ ਲਿਆ ਸੀ। ਦੁਚਿਤੀ ਅਤੇ ਮਜ਼ਮੂਨਾਂ ਦੀ ਅਦਲਾ-ਬਦਲੀ ਵਿੱਚ ਹੀ ਮਹੀਨੇ ਤੋਂ ਜ਼ਿਆਦਾ ਲੰਘ ਗਿਆ। ਫਿਰ ਉਹੀ ਅੰਗਰੇਜ਼ੀ ਮੀਡੀਅਮ, ਔਖੀ ਪੜ੍ਹਾਈ ਅਤੇ ਪਹਿਲੀਆਂ ਕਲਾਸਾਂ ਮਿਸ ਹੋਣ ਕਾਰਨ ਅਗਲੇਰੇ ਚੈਪਟਰਾਂ ਦਾ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ। ਇਸ ਤਰ੍ਹਾਂ ਮੈਂ ਸਾਲਾਨਾ ਇਮਤਿਹਾਨ ਵਿੱਚ ਪ੍ਰੈੱਪ ਵਿੱਚੋਂ ਫੇਲ੍ਹ ਹੋ ਗਿਆ।

ਜਦੋਂ ਰੂੜੀ ਪਾਉਂਦਿਆਂ ਪਿਤਾ ਨੂੰ ਫੇਲ੍ਹ ਹੋਣ ਦਾ ਪਤਾ ਲੱਗਾ ਤਾਂ ਉਹ ਬਹੁਤ ਉਦਾਸ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਆਈ ਨਮੀ ਵਿੱਚੋਂ ਉਨ੍ਹਾਂ ਵੱਲੋਂ ਸਿਰਜੇ ਹੋਏ ਸੁਪਨੇ ਦੀ ਤਿੜਕਣ ਨੂੰ ਮੈਂ ਮਹਿਸੂਸ ਕੀਤਾ ਅਤੇ ਸ਼ਰਮਿੰਦਾ ਹੋ ਕੇ ਨੀਵੀਂ ਪਾ ਲਈ। ਦੁਖ ਹੋਇਆ ਕਿ ਪਿਤਾ ਦੀ ਮਿਹਨਤ ਅਤੇ ਉਨ੍ਹਾਂ ਦੀਆਂ ਆਸ਼ਾਵਾਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਮੈਂ ਹੀ ਕਸੂਰਵਾਰ ਹਾਂ। ਪਰ ਪਿਤਾ ਨੇ ਹੌਸਲਾ ਦਿੰਦਿਆਂ ਕਿਹਾ ਕਿ ਕੋਈ ਨਾ, ਹੁਣ ਹੋਰ ਮਿਹਨਤ ਕਰੀਂ। ਅਗਲੇ ਸਾਲ ਆਪੇ ਹੀ ਪਾਸ ਹੋ ਜਾਵੇਂਗਾ। ਉਸ ਪਲ ਮੈਂ ਮਨ ਵਿੱਚ ਪਿਤਾ ਦੀਆਂ ਅੱਖਾਂ ਵਿੱਚ ਜੰਮ ਚੁੱਕੇ ਅੱਥਰੂਆਂ ਦੀ ਕਸਮ ਖਾਧੀ ਕਿ ਹੁਣ ਪਿਤਾ ਦੇ ਦੀਦਿਆਂ ਵਿੱਚ ਨਿਰਾਸ਼ਾ ਦੇ ਨਹੀਂ, ਸਗੋਂ ਖੁਸ਼ੀ ਦੇ ਹੰਝੂ ਦੇਖਣ ਲਈ ਖ਼ੁਦ ਨੂੰ ਅਰਪਿਤ ਕਰਾਂਗਾ। ਇਹ ਮੂਕ ਪਰ ਪੱਕਾ ਵਾਅਦਾ ਸੀ, ਆਪਣੇ ਆਪ ਨਾਲ, ਆਪਣੇ ਅੰਤਰੀਵ ਨਾਲ ਅਤੇ ਪਿਤਾ ਦੇ ਮਾਣ ਨੂੰ ਕਾਇਮ ਰੱਖਣ ਦਾ।

ਦਰਅਸਲ, ਮੇਰਾ ਫੇਲ੍ਹ ਹੋਣਾ ਹੀ ਮੈਨੂੰ ਮੇਰੀਆਂ ਕਮਜ਼ੋਰੀਆਂ ਦੇ ਰੂਬਰੂ ਕਰ, ਇਨ੍ਹਾਂ ਨੂੰ ਤਾਕਤ ਬਣਾਉਣ ਦਾ ਵੱਲ ਸਿਖਾ ਗਿਆ। ਪਹਿਲੀ ਮੁਸ਼ਕਿਲ ਸੀ ਅੰਗਰੇਜ਼ੀ ਮੀਡੀਅਮ। ਪਹਿਲਾਂ ਪਹਿਲਾਂ ਪਿੰਡਾਂ ਦੇ ਪੜ੍ਹਿਆਂ ਨੂੰ ਸ਼ਹਿਰਾਂ ਵਿੱਚ ਪੜ੍ਹਿਆਂ ਨਾਲੋਂ ਅੰਗਰੇਜ਼ੀ ਸਮਝਣੀ ਤੇ ਬੋਲਣੀ ਔਖੀ ਲੱਗਦੀ। ਇਸ ਔਕੜ ਤੋਂ ਰਾਹਤ ਪਾਉਣ ਲਈ ਮੈਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਚੈਪਟਰਾਂ ਨੂੰ ਘਰ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਹੜੇ ਅਗਲੇ ਦਿਨ ਪ੍ਰੋਫੈਸਰ ਨੇ ਪੜ੍ਹਾਉਣੇ ਹੁੰਦੇ ਸਨ। ਇਸ ਨਾਲ ਮੈਨੂੰ ਸਾਇੰਸ ਸਮਝਣ ਵਿੱਚ ਆਸਾਨੀ ਹੋ ਗਈ। ਤਾਂ ਹੀ ਮੈਂ ਆਪਣੇ ਅਧਿਆਪਨ ਦੌਰਾਨ ਨਵੇਂ ਵਿਦਿਆਰਥੀਆਂ ਲਈ ਪਹਿਲੇ ਕੁਝ ਦਿਨ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਫਿਜ਼ਿਕਸ ਪੜ੍ਹਾਉਣ ਦੀ ਆਦਤ ਬਣਾ ਲਈ। ਇਸ ਨਾਲ ਪਿੰਡ ਤੋਂ ਦਸਵੀਂ ਕਰਕੇ ਆਇਆਂ ਲਈ ਸਾਇੰਸ ਨੂੰ ਸਮਝਣਾ ਬਹੁਤ ਆਸਾਨ ਹੋ ਜਾਂਦਾ ਸੀ।

ਸਾਇੰਸ ਦੀਆਂ ਕਲਾਸਾਂ ਵਿੱਚ ਪਿੰਡਾਂ ਦੇ ਬੱਚੇ ਘੱਟ ਹੁੰਦੇ ਸਨ। ਕੁਝ ਕੁ ਪ੍ਰੋਫੈਸਰਾਂ ਦੀ ਇਹ ਬਿਰਤੀ ਹੁੰਦੀ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਘੱਟ ਅਹਿਮੀਅਤ ਦਿੱਤੀ ਜਾਵੇ ਅਤੇ ਉਹ ਸਾਇੰਸ ਹੀ ਛੱਡ ਜਾਣ। ਫੇਲ੍ਹ ਹੋਣ ਦੀ ਹੀਣ-ਭਾਵਨਾ ਵਿੱਚੋਂ ਉੱਭਰਨ ਲਈ ਮੈਂ ਪੜ੍ਹਾਈ ਵੱਲ ਸੰਪੂਰਨ ਤੌਰ ’ਤੇ ਅਰਪਿਤ ਹੋ ਗਿਆ ਅਤੇ ਕੁਝ ਚੰਗੇਰਾ ਕਰ ਗੁਜ਼ਰਨ ਦੀ ਤਮੰਨਾ ਹਰ ਵੇਲੇ ਮਨ ਵਿੱਚ ਤਾਰੀ ਰਹਿੰਦੀ। ਅਗਲੀਆਂ ਕਲਾਸਾਂ ਵਿੱਚ ਚੰਗੇ ਨੰਬਰ ਆਉਣ ਨਾਲ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਵੀ ਚੰਗਾ ਵਿਦਿਆਰਥੀ ਸਮਝਿਆ ਜਾਣ ਲੱਗਾ। ਮੈਂ ਅਧਿਆਪਨ ਦੌਰਾਨ ਦੇਖਿਆ ਕਿ ਪਿੰਡਾਂ ਦੇ ਬੱਚੇ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੇ। ਜ਼ਰਾ ਕੁ ਪ੍ਰੇਰਨਾ ਨਾਲ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਹਨ। ਕਾਲਜ ਵਿੱਚ ਆਰਟਸ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਨੂੰ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ। ਅਕਸਰ ਹੀ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾਕੂ, ਕਿਤਾਬੀ ਕੀੜੇ, ਮੋਟੀਆਂ ਐਨਕਾਂ ਵਾਲੇ ਜਾਂ ਹੋਰ ਅਜਿਹੇ ਨਾਵਾਂ ਨਾਲ ਪੁਕਾਰ ਕੇ ਉਨ੍ਹਾਂ ਦਾ ਮੌਜੂ ਉਡਾਇਆ ਜਾਂਦਾ। ਇਸ ਤੋਂ ਬਚਣ ਲਈ ਮੈਂ ਖ਼ੁਦ ਨੂੰ ਅਜਿਹੇ ਸਾਥੀਆਂ ਤੋਂ ਦੂਰ ਰਹਿਣ ਅਤੇ ਸਾਇੰਸ ਦੇ ਜਮਾਤੀਆਂ ਨਾਲ ਸਾਂਝ ਪੈਦਾ ਕਰਨ ਅਤੇ ਇੱਕ ਦੂਜੇ ਕੋਲੋਂ ਸਿੱਖਣ ਅਤੇ ਸਿਖਾਉਣ ਦੀ ਬਿਰਤੀ ਬਣਾ ਲਈ। ਇਸ ਨਾਲ ਬਾਹਰੋਂ ਮਿਲਣ ਵਾਲੇ ਨਕਾਰਾਤਮਕ ਵਿਚਾਰ ਅਤੇ ਹੀਣ ਭਾਵਨਾਵਾਂ ਨਾਲ ਭਰੀਆਂ ਗੱਲਾਂ ਤੋਂ ਕਿਨਾਰਾਕਸ਼ੀ ਹੋ ਗਈ। ਮੈਂ ਆਪਣੇ ਟੀਚੇ ਪ੍ਰਤੀ ਹੋਰ ਸਮਰਪਿਤ ਹੋ ਗਿਆ ਅਤੇ ਸਿਰਫ਼ ਪੜ੍ਹਾਈ ਹੀ ਇੱਕੋ ਇੱਕ ਜ਼ਿੰਦਗੀ ਦਾ ਟੀਚਾ ਬਣ ਗਿਆ।

ਅੱਜ ਜਦੋਂ ਮੈਂ ਪਿਛਲਝਾਤੀ ਮਾਰਦਾ ਹਾਂ ਤਾਂ ਪ੍ਰੋਫੈਸਰਾਂ ਦਾ ਇਹ ਵਤੀਰਾ ਬਹੁਤ ਰੜਕਦਾ ਕਿ ਉਹ ਸਿਰਫ਼ ਕਿਤਾਬੀ ਗਿਆਨ ਅਤੇ ਸਿਲੇਬਸ ਮੁਕਾਉਣ ਤੀਕ ਹੀ ਖ਼ੁਦ ਨੂੰ ਸੀਮਤ ਰੱਖਦੇ ਹਨ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ, ਉਤਸ਼ਾਹ ਵਧਾਉਣ ਜਾਂ ਚੰਗੇ ਮਨੁੱਖ ਬਣਨ ਲਈ ਨਜ਼ਰੀਆ ਪੈਦਾ ਕਰਨ ਵੱਲ ਕੋਈ ਧਿਆਨ ਨਹੀਂ ਸੀ ਹੁੰਦਾ ਜਦੋਂ ਕਿ ਪੜ੍ਹਾਈ ਦੇ ਨਾਲ ਨਾਲ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਉਹ ਤਾਂ ਰੋਲ ਮਾਡਲ ਹੁੰਦਾ ਹੈ। ਇੱਕ ਗਾਇਡ, ਮਾਪਾ-ਰੂਪ, ਸਲਾਹਕਾਰ, ਜੀਵਨ ਦੀਆਂ ਕਦਰਾਂ ਕੀਮਤਾਂ ਦਾ ਪਹਿਰੇਦਾਰ, ਬੱਚਿਆਂ ਦੇ ਮਨਾਂ ਵਿੱਚ ਸੁਪਨਿਆਂ ਦਾ ਸਿਰਜਣਹਾਰ ਅਤੇ ਇਨ੍ਹਾਂ ਦੀ ਪੂਰਤੀ ਲਈ ਮਾਰਗ-ਦਰਸ਼ਕ। ਵਿਦਿਆਰਥੀਆਂ ਦੀਆਂ ਕਮੀਆਂ ਨੂੰ ਉਨ੍ਹਾਂ ਦੀ ਤਾਕਤ ਬਣਾਉਣ ਦਾ ਗੁਰ-ਮੰਤਰ ਸਮਝਾਉਣ ਵਾਲਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਤਾਕਤ, ਹਿੰਮਤ ਅਤੇ ਸਿਰੜ ਦਾ ਗਿਆਨ ਕਰਵਾਉਣ ਵਾਲਾ।

ਉਸ ਸਮੇਂ ਮੇਰੇ ਫੇਲ੍ਹ ਹੋਣ ਦਾ ਪ੍ਰਮੁੱਖ ਕਾਰਨ ਸੀ ਮੇਰੀ ਦੁਚਿਤੀ। ਕਦੇ ਅੰਗਰੇਜ਼ੀ ਮੀਡੀਅਮ ਦਾ ਬਹਾਨਾ, ਕਦੇ ਸਾਇੰਸ ਲੈ ਲੈਣਾ, ਫਿਰ ਛੱਡ ਦੇਣਾ ਅਤੇ ਫਿਰ ਲੈ ਲੈਣਾ। ਦੁਚਿਤੀ ਵਿੱਚ ਪੈਰ ਕਿਹੜੇ ਰਾਹ ਵੱਲ ਵਧਣ? ਸੋਚ ਕਿਹੜੀ ਸਾਧਨਾ ਨੂੰ ਅਪਣਾਵੇ? ਫੇਲ੍ਹ ਹੋਣ ਨੇ ਹੀ ਸਿਖਾਇਆ ਕਿ ਮਨ ਵਿੱਚੋਂ ਦੁਚਿਤੀ ਕੱਢ ਦਿਓ। ਸਿਰਫ਼ ਇੱਕ ਸੇਧ ਵਿੱਚ ਤੁਰ ਕੇ ਆਪਣੇ ਪੈਰਾਂ ਨੂੰ ਪੈੜਾਂ ਅਤੇ ਰਾਹਾਂ ਨੂੰ ਮੰਜ਼ਿਲਾਂ ਦਾ ਸਿਰਨਾਵਾਂ ਦਿੱਤਾ ਜਾ ਸਕਦਾ।

ਪਿਤਾ ਦੀ ਅੱਖ ਵਿੱਚ ਆਏ ਹੰਝੂਆਂ ਦਾ ਜੰਮ ਜਾਣਾ ਮੇਰੀ ਜ਼ਿੰਦਗੀ ਨੂੰ ਬਦਲਣ ਲਈ ਵਰਦਾਨ ਸੀ। ਇਹ ਮੇਰੀ ਸੁੱਤੀ ਹੋਈ ਕਾਇਆ ਨੂੰ ਜਗਾ ਗਿਆ। ਮੈਂ ਖ਼ੁਦ ਨੂੰ ਖ਼ੁਦ ’ਤੇ ਵਿਸ਼ਵਾਸ ਕਰਨ ਦਾ ਵੱਲ ਸਿਖਾਇਆ, ਮਿਹਨਤ ਦੀ ਭੱਠੀ ਵਿੱਚ ਝੁਲਸਣ ਲਈ ਖ਼ੁਦ ਨੂੰ ਤਿਆਰ ਕੀਤਾ ਅਤੇ ਰਾਤਾਂ ਦੀ ਨੀਂਦ ਹੰਘਾਲਣ ਲਈ ਮਾਨਸਿਕ ਤੌਰ ’ਤੇ ਤਿਆਰ ਹੋਇਆ। ਕਿਸੇ ਵੀ ਪ੍ਰਾਪਤੀ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਵਿਅਕਤੀ ਦਾ ਮਾਨਸਿਕ ਤੌਰ ’ਤੇ ਖ਼ੁਦ ਨੂੰ ਮਜ਼ਬੂਤ ਕਰਨਾ। ਫਿਰ ਸਰੀਰਕ ਰੂਪ ਵਿੱਚ ਬੰਦਾ ਆਪ ਹੀ ਤਿਆਰ ਹੋ ਜਾਂਦਾ। ਤਰਕੀਬਾਂ, ਹੀ ਤਰਜੀਹਾਂ ਬਣਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਹੀ ਤਕਦੀਰ ਦੀ ਤਰਤੀਬ ਨਿੱਖਰਦੀ ਹੈ।

ਫੇਲ੍ਹ ਹੋਣਾ ਉਹ ਹੁੰਦਾ ਜਦੋਂ ਤੁਸੀਂ ਮਨ ਵਿੱਚ ਫੇਲ੍ਹ ਹੋਣਾ ਮੰਨ, ਨਿਰਾਸ਼ਤਾ ਵਿੱਚ ਡੁੱਬਦੇ ਹੋ। ਇਸ ਨੂੰ ਕਬੂਲ ਕਰਦੇ ਹੋ ਅਤੇ ਹਥਿਆਰ ਸੁੱਟ ਦਿੰਦੇ ਹੋ। ਇਸ ਦੇ ਉਲਟ ਫੇਲ੍ਹ ਹੋਣ ਦੇ ਕਾਰਨਾਂ ਨੂੰ ਸਮਝਣਾ ਅਤੇ ਇਨ੍ਹਾਂ ਵਿੱਚੋਂ ਖ਼ੁਦ ਨੂੰ ਉਭਾਰਨਾ ਹੀ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਦਾ ਮੀਰੀ ਗੁਣ ਹੁੰਦਾ। ਵਿਅਕਤੀ ਨੂੰ ਪ੍ਰੇਰਨਾ ਮਿਲਦੀ ਰਹੇ ਅਤੇ ਹੌਸਲਾ ਅਫ਼ਜ਼ਾਈ ਹੁੰਦੀ ਰਹੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਕ੍ਰਿਸ਼ਮੇ ਮਨੁੱਖ ਹੀ ਕਰਦੇ ਅਤੇ ਇਹ ਕ੍ਰਿਸ਼ਮੇ ਸਿਰਫ਼ ਮਨੁੱਖੀ ਬਿਰਤੀ ਅਤੇ ਮਾਨਸਿਕਤਾ ਵਿੱਚੋਂ ਹੀ ਉੱਗਦੇ ਹਨ।

ਮਨੁੱਖ ਵਿੱਚ ਅਥਾਹ ਸ਼ਕਤੀ ਹੁੰਦੀ ਹੈ, ਸਿਰਫ਼ ਇਸ ਨੂੰ ਕੇਂਦਰਿਤ ਕਰਨ ਅਤੇ ਸਮੁੱਚ ਵਿੱਚ ਲਗਾਉਣ ਦੀ ਲੋੜ ਦੀ ਚਾਹਨਾ ਅਤੇ ਮਨਚਾਹੇ ਸਿੱਟੇ ਪ੍ਰਾਪਤ ਕਰਨ ਦੀ ਲੋਚਾ ਮਨ ਵਿੱਚ ਹੋਣੀ ਚਾਹੀਦੀ ਹੈ। ਕੁਝ ਅਜਿਹਾ ਹੀ ਮੇਰੇ ਨਾਲ ਵਾਪਰਿਆ। ਧਿਆਨ ਨੂੰ ਕੇਂਦਰਿਤ ਕਰਕੇ ਔਖੀ ਜਾਪਦੀ ਸਾਇੰਸ ਦੀ ਪੜ੍ਹਾਈ ਨੂੰ ਸੁਖਾਲਾ ਕਰ ਸਕਿਆ। ਸਾਰੀ ਉਮਰ ਫਿਜ਼ਿਕਸ ਪੜ੍ਹਾਈ ਅਤੇ ਇਸ ਨੂੰ ਕਿੱਤਾ ਨਹੀਂ ਸਗੋਂ ਸ਼ੌਕ ਸਮਝ ਕੇ ਇਸ ਵਿੱਚੋਂ ਮਾਨਸਿਕ ਅਤੇ ਅੰਤਰੀਵੀ ਆਨੰਦ ਪ੍ਰਾਪਤ ਕੀਤਾ।

ਫੇਲ੍ਹ ਹੋਣ ਤੋਂ ਬਾਅਦ ਪਿਤਾ ਦੀ ਦਿੱਤੀ ਹੋਈ ਹੌਸਲਾ ਅਫ਼ਜ਼ਾਈ ਦਾ ਕੇਹਾ ਕਮਾਲ ਸੀ ਕਿ ਇਸ ਤੋਂ ਬਾਅਦ ਸਾਇੰਸ ਨੂੰ ਪੜ੍ਹਨਾ ਇੱਕ ਜਨੂੰਨ ਬਣ ਗਿਆ। ਜਦੋਂ ਤੁਸੀਂ ਕਿਸੇ ਵੀ ਮਜ਼ਮੂਨ ਨੂੰ ਮਜਬੂਰੀ ਦੀ ਬਜਾਏ ਸ਼ੌਕ ਵਜੋਂ ਪੜ੍ਹਦੇ ਹੋ ਤਾਂ ਤੁਹਾਡੇ ਮਨ ਵਿੱਚ ਲਗਨ ਅਤੇ ਉਤਸ਼ਾਹ ਹੁੰਦਾ। ਕੁਝ ਵੀ ਔਖਾ ਜਾਂ ਉਕਾਊ ਨਹੀਂ ਲੱਗਦਾ। ਤੁਹਾਨੂੰ ਜਾਪਣ ਲੱਗਦਾ ਕਿ ਇਹ ਤਾਂ ਬਹੁਤ ਆਸਾਨ ਸੀ। ਮੈਂ ਤਾਂ ਐਵੇਂ ਇਸ ਤੋਂ ਡਰਦਾ ਰਿਹਾ।

ਫੇਲ੍ਹ ਹੋਣ ਦਾ ਵਰਦਾਨ ਜਾਂ ਬਰਕਤ ਹੀ ਸਮਝੀ ਜਾ ਸਕਦੀ ਹੈ ਕਿ ਇਸ ਤੋਂ ਬਾਅਦ ਫਿਜ਼ਿਕਸ ਦੀ ਐੱਮਐੱਸਸੀ ਤੱਕ ਦੀ ਸਮੁੱਚੀ ਪੜ੍ਹਾਈ ਮੈਰਿਟ ਸਕਲਾਰਸ਼ਿਪ ਲੈ ਕੇ ਕੀਤੀ। ਭਾਵੇਂ ਮੇਰੇ ਪਿਤਾ

ਲਈ ਇਹੀ ਮਾਣ ਵਾਲੀ ਗੱਲ ਸੀ ਕਿ ਉਸ ਦਾ ਪੁੱਤ ਸੋਲਾਂ ਜਮਾਤਾਂ ਪੜ੍ਹ ਗਿਆ ਹੈ। ਪਿਤਾ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਉਸ ਦੇ ਪੁੱਤ ਦੇ ਜਮਾਤੀ ਪ੍ਰੈੱਪ ਵਿੱਚ ਪਾਸ ਹੋ ਕੇ ਕੋਈ ਵੀ ਸੋਲਾਂ ਜਮਾਤਾਂ ਨਹੀਂ ਕਰ ਸਕਿਆ ਜਦੋਂ ਕਿ ਉਸ ਦਾ ਬੇਟਾ ਫੇਲ੍ਹ ਹੋ ਵੀ ਸੋਲਾਂ ਜਮਾਤਾਂ ਕਰ ਗਿਆ।

ਇਸ ਤੋਂ ਬਾਅਦ ਪੀਐੱਚ.ਡੀ ਕਰਨਾ ਮੇਰੀ ਖ਼ੁਦ ਨੂੰ ਪਾਈ ਉਸ ਕਸਮ ਦਾ ਪੂਰਾ ਕਰਨਾ ਸੀ ਜਿਹੜੀ ਮੈਂ ਪ੍ਰੈੱਪ ਵਿੱਚ ਫੇਲ੍ਹ ਹੋਣ ਤੋਂ ਬਾਅਦ ਖ਼ੁਦ ਨਾਲ ਪਾਈ ਸੀ। ਪੀਐੱਚ.ਡੀ ਦੀ ਇੰਟਰਵਿਊ ਦੌਰਾਨ ਜਦੋਂ ਐਗਜ਼ਾਮੀਨਰ ਨੇ ਪੁੱਛਿਆ ਕਿ ਤੂੰ ਸਰਕਾਰੀ ਕਾਲਜ ਵਿੱਚ ਪੜ੍ਹਾਉਂਦਾ ਏਂ। ਟਿਊਸ਼ਨਾਂ ਪੜ੍ਹਾ ਕੇ ਬਹੁਤ ਪੈਸੇ ਕਮਾ ਸਕਦਾ ਸੀ। ਫਿਰ ਪੰਜ ਸਾਲ ਪੀਐੱਚ.ਡੀ ਕਰਨ ’ਤੇ ਕਿਉਂ ਗਵਾਏ? ਉਹ ਵੀ ਨੌਕਰੀ ਕਰਨ ਦੇ ਨਾਲ-ਨਾਲ, ਬਿਨਾਂ ਛੁੱਟੀ ਲਿਆਂ। ਤਾਂ ਮੇਰਾ ਉੱਤਰ ਸੀ ਕਿ ਇਹ ਪੰਜ ਸਾਲ ਵਿਅਰਥ ਨਹੀਂ ਗਵਾਏ। ਇਹ ਤਾਂ ਪਿਤਾ ਦੀ ਅੱਖ ਵਿੱਚ ਜੰਮ ਚੁੱਕੇ ਅੱਥਰੂਆਂ ਦਾ ਭਾਰ ਘਟਾਉਣ ਲਈ ਨਿਮਰ ਯਤਨ ਹੈ ਤਾਂ ਕਿ ਉਨ੍ਹਾਂ ਨੂੰ ਇਹ ਮਾਣ ਹੋਵੇ ਕਿ ਉਸ ਦਾ ਪੁੱਤ ਪ੍ਰੈੱਪ ਵਿੱਚੋਂ ਫੇਲ੍ਹ ਹੋ ਕੇ ਵੀ ਸਾਇੰਸ ਦੀ ਸਿਖਰਲੀ ਡਿਗਰੀ ਵੀ ਹਾਸਲ ਕਰ ਸਕਦਾ ਹੈ। ਹਲ਼ ਵਾਹੁਣ ਵਾਲੇ ਬਾਪ ਦੀ ਕਿਰਤ-ਕਮਾਈ, ਹੌਸਲਾ-ਅਫ਼ਜ਼ਾਈ ਅਤੇ ਫੱਕਰਤਾਈ ਨੂੰ ਪੀਐੱਚ.ਡੀ ਦੀ ਡਿਗਰੀ ਅਰਪਿਤ ਕਰ ਸਕਾਂ। ਆਪਣੇ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All