ਨਵਜੋਤ
ਅੱਜ-ਕੱਲ ਭਾਰਤ ਦੇ ਬੌਧਿਕ ਤਬਕਿਆਂ ਵਿੱਚ ਕੌਮਾਂਤਰੀ ਪ੍ਰਕਾਸ਼ਕਾਂ ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਵੱਲੋਂ ਭਾਰਤ ਵਿੱਚ ਔਨਲਾਈਨ ਵੈਬਸਾਈਟਾਂ ਲਬਿਜੈਨ ਤੇ ਸਾਈ-ਹੱਬ (ਸਾਇੰਸ ਹੱਬ) ਉੱਤੇ ਪਾਬੰਦੀ ਲਵਾਉਣ ਲਈ ਦਾਇਰ ਕੀਤਾ ਗਿਆ ਮੁਕੱਦਮਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਨ੍ਹਾਂ ਤਿੰਨਾਂ ਪ੍ਰਕਾਸ਼ਕਾਂ ਨੇ 21 ਦਸੰਬਰ 2020 ਨੂੰ ਦਿੱਲੀ ਹਾਈ ਕੋਰਟ ਵਿੱਚ ਲਬਿਜੈਨ ਤੇ ਸਾਈ-ਹੱਬ ਉੱਤੇ ਪਾਬੰਦੀ ਲਾਉਣ ਲਈ ਅਰਜ਼ੀ ਦਾਖਲ ਕੀਤੀ ਹੈ। ਪਹਿਲਾਂ ਹੀ ਇਹ ਪ੍ਰਕਾਸ਼ਕ ਹੋਰਨਾਂ ਕਈ ਦੇਸ਼ਾਂ ਵਿੱਚ ਵੀ ਲਬਿਜੈਨ ਤੇ ਸਾਈ-ਹੱਬ ਉੱਤੇ ਪਾਬੰਦੀ ਲਗਵਾ ਚੁੱਕੇ ਹਨ ਤੇ ਹੁਣ ਇਹੀ ਕੁਝ ਇਹ ਭਾਰਤ ਵਿੱਚ ਵੀ ਲਾਗੂ ਕਰਵਾਉਣਾ ਚਾਹੁੰਦੇ ਹਨ।
ਅੱਜ ਦੇ ਸਰਮਾਏਦਾਰਾਨਾ ਢਾਂਚੇ ਵਿੱਚ ਪੈਦਾਵਾਰ ਮੁੱਖ ਤੌਰ ’ਤੇ ਮੰਡੀ ਲਈ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਮਨੁੱਖ ਦੀ ਬੌਧਿਕ ਪੈਦਾਵਾਰੀ ਸਰਗਰਮੀ ਵੀ ਇਸੇ ਮੁਨਾਫੇ ਦੇ ਮਾਤਹਿਤ ਹੋ ਕੇ ਚਲਦੀ ਹੈ। ਮਨੁੱਖ ਵੱਲੋਂ ਬੌਧਿਕ ਕਿਰਤ ਖਰਚ ਕੇ ਬਣਾਏ ਗਏ ਕੰਪਿਊਟਰ ਸੌਫਟਵੇਅਰ, ਲਿਖੇ ਗਏ ਲੇਖ, ਸਿਰਜੀਆਂ ਗਈਆਂ ਨਵੀਆਂ ਸੰਗੀਤਕ ਧੁਨੀਆਂ ਆਦਿ ਵੀ ਜਿਣਸਾਂ ਬਣ ਜਾਂਦੇ ਹਨ, ਜਿਨ੍ਹਾਂ ਨੂੰ ਮੰਡੀ ਵਿੱਚ ਵੇਚ ਕੇ ਮੁਨਾਫਾ ਕਮਾਇਆ ਜਾਂਦਾ ਹੈ। ਸਰਮਾਏਦਾਰਾ ਕੰਪਨੀਆਂ ਬਾਕੀ ਮਜ਼ਦੂਰਾਂ ਵਾਂਗ ਬੌਧਿਕ ਮਜ਼ਦੂਰ ਵੀ ਰੱਖਦੀਆਂ ਹਨ, ਜਿਨ੍ਹਾਂ ਵੱਲੋਂ ਪੈਦਾ ਕੀਤੀਆਂ ਜਿਣਸਾਂ ਨੂੰ ਵੇਚ ਕੇ ਉਹ ਓਵੇਂ ਹੀ ਮੁਨਾਫਾ ਕਮਾਉਂਦੀਆਂ ਹਨ ਜਿਵੇਂ ਕੋਈ ਮੇਜ਼ ਜਾਂ ਕੁਰਸੀ ਨੂੰ ਵੇਚ ਕੇ ਕੋਈ ਫਰਨੀਚਰ ਦੀ ਕੰਪਨੀ ਮੁਨਾਫਾ ਕਮਾਉਂਦੀ ਹੈ। ਇਸ ਖੇਤਰ ਵਿੱਚ ਨਿੱਜੀ ਜਾਇਦਾਦ ਦੀ ਰਾਖੀ ਲਈ ‘ਬੌਧਿਕ ਜਾਇਦਾਦ’ ਅਤੇ ‘ਨਕਲ ਕਰਨ ਦਾ ਹੱਕ’ ਭਾਵ ‘ਕੌਪੀਰਾਈਟ’ ਜਿਹੇ ਤਰ੍ਹਾਂ-ਤਰ੍ਹਾਂ ਦੇ ਕਨੂੰਨ ਬਣਾਏ ਜਾਂਦੇ ਹਨ ਤਾਂ ਕਿ ਨਿੱਜੀ ਕੰਪਨੀਆਂ ਇਸ ਖੇਤਰ ਵਿੱਚ ਵੀ ਬੇਰੋਕ-ਟੋਕ ਮੁਨਾਫਾ ਕਮਾ ਸਕਣ। ‘ਕੌਪੀਰਾਈਟ’ ਦੇ ਕਨੂੰਨ ਤਹਿਤ ਖੋਜ ਕਾਰਜਾਂ, ਲੇਖਾਂ, ਸੰਗੀਤਕ ਧੁਨਾਂ, ਨਾਟਕਾਂ ਆਦਿ ਨੂੰ ਲਿਖਣ ਜਾਂ ਸਿਰਜਣ ਵਾਲ਼ਿਆਂ ਕੋਲ਼ ਇਨ੍ਹਾਂ ਰਚਨਾਵਾਂ ਨੂੰ ਛਾਪਣ, ਮੁੜ ਪੈਦਾ ਕਰਨ, ਅਨੁਵਾਦ ਕਰਨ ਆਦਿ ਦੀ ਇਜਾਰੇਦਾਰੀ ਹੁੰਦੀ ਹੈ ਤੇ ਇਹ ਹੱਕ ਅੱਗੇ ਕਿਸੇ ਹੋਰ ਨੂੰ ਵੇਚਿਆ ਜਾਂ ਸਪੁਰਦ ਕੀਤਾ ਜਾ ਸਕਦਾ ਹੈ। ਉਂਝ ਅਸਲ ਵਿਚ ਆਮ ਕਰਕੇ ਇਹ ਹੱਕ ਉਨ੍ਹਾਂ ਬੌਧਿਕ ਮਜ਼ਦੂਰਾਂ ਕੋਲ਼ ਨਹੀਂ ਹੁੰਦੇ, ਜਿਨ੍ਹਾਂ ਨੇ ਇਨ੍ਹਾਂ ਨੂੰ ਸੱਚਮੁੱਚ ਸਿਰਜਿਆ ਹੁੰਦਾ ਹੈ, ਸਗੋਂ ਇਹ ਕਾਰੋਬਾਰੀ ਹੱਕ ਉਨ੍ਹਾਂ ਕੰਪਨੀਆਂ ਕੋਲ਼ ਹੁੰਦੇ ਹਨ ਜੋ ਇਨ੍ਹਾਂ ਮਜ਼ਦੂਰਾਂ ਨੂੰ ਕੰਮ ਉੱਤੇ ਰੱਖਦੀਆਂ ਹਨ।
ਲਬਿਜੈਨ ਤੇ ਸਾਈ-ਹੱਬ ਵਾਲ਼ੇ ਮਸਲੇ ਵਿੱਚ ਕੇਂਦਰੀ ਨੁਕਤਾ ਅਸਲ ਵਿੱਚ ਮੁਨਾਫੇ ਦਾ ਹੀ ਹੈ। ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਤਿੰਨ ਪ੍ਰਕਾਸ਼ਕ ਹਨ ਜੋ ਕਈ ਵੱਖ-ਵੱਖ ਅਕਾਦਮਿਕ ਰਸਾਲੇ ਛਾਪਦੇ ਹਨ, ਜਿਨ੍ਹਾਂ ਵਿੱਚ ਨਵੇਂ ਖੋਜ ਕਾਰਜਾਂ ਸਬੰਧੀ ਲੇਖ ਆਦਿ ਛਾਪੇ ਜਾਂਦੇ ਹਨ। ਅਕਾਦਮਿਕ ਖੇਤਰ ਵਿੱਚ ਖਾਸ ਕਰਕੇ ਵਿਗਿਆਨ ਦੇ ਖੇਤਰ ਵਿੱਚ ਇਨ੍ਹਾਂ ਰਸਾਲਿਆਂ ਦੇ ਲੇਖਾਂ ਤੋਂ ਬਿਨਾਂ ਖੋਜ ਕਾਰਜ ਕਰਨਾ ਕਾਫੀ ਔਕੜਾਂ ਭਰਿਆ ਕੰਮ ਹੈ। ਹੁਣ ਦਿੱਕਤ ਇਹ ਹੈ ਕਿ ਇਨ੍ਹਾਂ ਰਸਾਲਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ। ਇੰਨੀ ਜ਼ਿਆਦਾ ਕਿ 2012 ਵਿੱਚ ਦੁਨੀਆਂ ਦੀ ਸਭ ਤੋਂ ਵੱਧ ਫੰਡ ਪ੍ਰਾਪਤ ਯੂਨੀਵਰਸਿਟੀ ‘ਹਾਰਵਰਡ’ ਨੇ ਵੀ ਕਈ ਰਸਾਲਿਆਂ ਦੀ ਬਹੁਤ ਭਾਰੀ ਕੀਮਤ ਹੋਣ ਕਾਰਨ ਉਨ੍ਹਾਂ ਨੂੰ ਲਵਾਉਣ/ਖ਼ਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਸ ਤਰ੍ਹਾਂ ਇਸ ਮਾਮਲੇ ਵਿੱਚ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਦੀ ਖ਼ਰੀਦ ਸਮਰੱਥਾ ਸਬੰਧੀ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਹ ਪ੍ਰਕਾਸ਼ਕ ਇਸ ਖੇਤਰ ਵਿੱਚ ਕਿੰਨਾ ਮੁਨਾਫਾ ਕਮਾਉਂਦੇ ਹਨ ਇਸ ਦਾ ਅੰਦਾਜ਼ਾ ਇਸ ਤੋਂ ਲਾਓ ਕਿ ਸਾਲ 2019 ਵਿੱਚ ‘ਐਲਸਾਈਵਰ’ ਦਾ ਕੁੱਲ ਮੁਨਾਫਾ 98.2 ਕਰੋੜ ਪੌਂਡ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਸਾਲੇ ਖੋਜ-ਪੱਤਰਾਂ ਆਦਿ ਦੇ ਲੇਖਕਾਂ ਨੂੰ ਬਹੁਤ ਮਾਮੂਲੀ ਮਿਹਨਤਾਨਾ ਅਦਾ ਕਰਦੇ ਹਨ ਜਾਂ ਉੱਕਾ ਹੀ ਕੁਝ ਨਹੀਂ ਦਿੰਦੇ ਤੇ ਆਪ ਉਨ੍ਹਾਂ ਦੇ ਉਹੀ ਲੇਖ, ਖੋਜ-ਪੱਤਰ ਛਾਪ ਕੇ ਮੋਟੇ ਮੁਨਾਫੇ ਕਮਾਉਂਦੇ ਹਨ। ਇਨ੍ਹਾਂ ਰਸਾਲਿਆਂ ਵਿੱਚ ਲੇਖ ਛਪਵਾਉਣ ਲਈ ਲੇਖਕ ਨੂੰ ‘ਕੌਪੀਰਾਈਟ’ ਇਨ੍ਹਾਂ ਪ੍ਰਕਾਸ਼ਕਾਂ ਦੇ ਹਵਾਲੇ ਕਰਨਾ ਪੈਂਦਾ ਹੈ ਤੇ ਲੇਖਕ ਖੁਦ ਇਨ੍ਹਾਂ ਪ੍ਰਕਾਸ਼ਕਾਂ ਦੀ ਮਰਜ਼ੀ ਦੇ ਬਗੈਰ ਆਪਣਾ ਲੇਖ ਕਿਤੇ ਹੋਰ ਛਪਵਾ ਤੱਕ ਨਹੀਂ ਸਕਦਾ।
ਦੂਜੇ ਪਾਸੇ ਹੁਣ ਸਾਈ-ਹੱਬ ਅਸਲ ਵਿੱਚ ਅਜਿਹੀ ਵੈਬਸਾਈਟ ਹੈ ਜਿੱਥੋਂ ਅਜਿਹੇ ਮਹਿੰਗੇ ਰਸਾਲਿਆਂ ਵਿੱਚ ਛਪੇ ਲੇਖਾਂ ਨੂੰ ਮੁਫਤ ਵਿੱਚ ਹਾਸਲ ਕੀਤਾ ਜਾ ਸਕਦਾ ਹੈ। ਲਬਿਜੈਨ ਉੱਤੇ ਵੀ ਕਈ ਜ਼ਰੂਰੀ ਕਿਤਾਬਾਂ ਮੁਫਤ ਵਿੱਚ ਔਨਲਾਈਨ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਹ ਲੇਖ, ਕਿਤਾਬਾਂ ਆਦਿ ਉਨ੍ਹਾਂ ਲੋਕਾਂ ਲਈ ਖੋਜ-ਕਾਰਜ, ਅਕਾਦਮਿਕ ਕੰਮ ਸੰਭਵ ਬਣਾਉਂਦੇ ਹਨ, ਜਿਨ੍ਹਾਂ ਦੇ (ਤੇ ਜਿਨ੍ਹਾਂ ਦੀਆਂ ਸੰਸਥਾਵਾਂ ਦੇ ਵੀ) ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਦੇ ਰਸਾਲੇ ਵਿੱਤੋਂ ਬਾਹਰ ਹਨ ਪਰ ਜਿਨ੍ਹਾਂ ਨੂੰ ਇਨ੍ਹਾਂ ਵਿਚਲੇ ਲੇਖ ਅਤਿ ਲੋੜੀਂਦੇ ਹਨ। ਲਬਿਜੈਨ ਤੇ ਸਾਈ-ਹੱਬ ਉੱਤੇ ਮੁਫਤ ਵਿੱਚ ਇਹ ਸਮਗੱਰੀ ਮੌਜੂਦ ਹੋਣ ਕਾਰਨ ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਦੇ ਮੋਟੇ ਮੁਨਾਫਿਆਂ ਉੱਤੇ ਸੱਟ ਵੱਜਦੀ ਹੈ। ਸਾਫ ਜਿਹੀ ਗੱਲ ਹੈ ਕਿ ਲਬਿਜੈਨ ਤੇ ਸਾਈ-ਹੱਬ ਜਿਹੀਆਂ ਵੈਬਸਾਈਟਾਂ ਇਨ੍ਹਾਂ ਪ੍ਰਕਾਸ਼ਕਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ। ਅਦਾਲਤੀ ਮਾਮਲੇ ਵਿੱਚ ਇਨ੍ਹਾਂ ਪ੍ਰਕਾਸ਼ਕਾਂ ਨੇ ਲਬਿਜੈਨ ਤੇ ਸਾਈ-ਹੱਬ ਉੱਤੇ ‘ਕੌਪੀਰਾਈਟ’ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਮਤਲਬ ਕਿ ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਦੀ ਪ੍ਰਵਾਨਗੀ ਦੇ ਬਿਨਾਂ, ਜਿਨ੍ਹਾਂ ਕੋਲ਼ ਛਪੇ ਹੋਏ ਲੇਖਾਂ, ਖੋਜ-ਪੱਤਰਾਂ ਆਦਿ ਦਾ ‘ਕੌਪੀਰਾਈਟ’ ਹੈ, ਇਨ੍ਹਾਂ ਲੇਖਾਂ ਨੂੰ ਗੈਰ-ਸਿੱਖਿਅਕ ਮੰਤਕਾਂ ਲਈ ਛਾਪਣ, ਵੰਡਣ ਆਦਿ ਦਾ ਦੋਸ਼ ਲਾਇਆ ਹੈ।
ਅਕਾਦਮਿਕ ਜਗਤ ਦੇ ਵੱਡੇ ਹਿੱਸੇ ਨੇ ਇਹ ਖਦਸ਼ਾ ਜਤਾਇਆ ਹੈ ਕਿ ਐਲਸਾਈਵਰ, ਵਾਇਲੀ ਤੇ ਅਮੈਰਿਕਨ ਕੈਮੀਕਲ ਸੁਸਾਇਟੀ ਵੱਲੋਂ ਕੇਸ ਜਿੱਤਣ ਅਤੇ ਲਬਿਜੈਨ ਤੇ ਸਾਈ-ਹੱਬ ਉੱਤੇ ਪਾਬੰਦੀ ਲੱਗਣ ਦੇ ਖੋਜ-ਕਾਰਜਾਂ ਉੱਤੇ ਮਾਰੂ ਅਸਰ ਪੈ ਸਕਦੇ ਹਨ। ਛੋਟੀਆਂ ਸੰਸਥਾਵਾਂ ਤੋਂ ਲੈ ਕੇ ਆਈਆਈਟੀ ਤੱਕ ਵਿਚਲੇ ਖੋਜ ਕਾਰਜ ਵੀ ਲਬਿਜੈਨ ਤੇ ਸਾਈ-ਹੱਬ ਤੋਂ ਹਾਸਲ ਸਮੱਗਰੀ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦੇ ਹਨ। ਅਕਾਦਮਿਕ ਹਲਕਿਆਂ ਨਾਲ਼ ਜੁੜੇ ਕਈ ਬੁੱਧੀਜੀਵੀ ਇਹ ਤਰਕ ਵੀ ਦੇ ਰਹੇ ਹਨ ਕਿ ਗਿਆਨ ਕੋਈ ਇੱਕ ਮਨੁੱਖ ਵੱਲੋਂ ਰਚੀ ਹੋਈ ਜਿਣਸ ਨਹੀਂ, ਸਗੋਂ ਇਹ ਤਾਂ ਇੱਕ ਸਮਾਜਕ ਜਾਇਦਾਦ ਹੈ, ਜੋ ਕੁੱਲ ਮਨੁੱਖਤਾ ਰਲ਼ ਕੇ ਸਿਰਜਦੀ ਹੈ ਜਿਸ ਕਰਕੇ ਇਹ ਕਿਸੇ ਇੱਕ ਮਨੁੱਖ ਜਾਂ ਕੰਪਨੀ ਦੀ ਜਾਇਦਾਦ ਨਹੀਂ ਹੋਣੀ ਚਾਹੀਦੀ। ਗਿਆਨ ਵੇਚਣ-ਖਰੀਦਣ ਵਾਲ਼ੀ, ਮੁਨਾਫੇ ਕਮਾਉਣ ਵਾਲ਼ੀ ਚੀਜ਼ ਨਹੀਂ ਬਣਨੀ ਚਾਹੀਦੀ ਤੇ ਸਭ ਦੀ ਸਾਂਝੀ ਜਾਇਦਾਦ ਹੋਣੀ ਚਾਹੀਦੀ ਹੈ। ਅਸਲ ਵਿੱਚ ਅੱਜ ਸਿਰਫ ਗਿਆਨ ਹੀ ਨਹੀਂ ਸਗੋਂ ਕੁੱਲ ਪੈਦਾਵਾਰ ਹੀ ਇੰਨੀ ਸਮਾਜੀਕਿ੍ਰਤ ਹੋ ਚੁੱਕੀ ਹੈ ਕਿ ਜ਼ਿਆਦਾਤਰ ਚੀਜ਼ਾਂ ਨਿਰੋਲ ਇੱਕ ਜਾਂ ਮੁੱਠੀਭਰ ਮਨੁੱਖਾਂ ਦੀ ਪੈਦਾਵਾਰ ਨਹੀਂ ਰਹਿ ਗਈਆਂ ਸਗੋਂ ਮਨੁੱਖਾਂ ਵੱਲੋਂ ਸਮਾਜਕ ਤੌਰ ’ਤੇ ਪੈਦਾ ਕੀਤੀਆਂ ਜਾਂਦੀਆਂ ਹਨ। ਇਸ ਲਈ ਸਿਰਫ ਗਿਆਨ ਹੀ ਨਹੀਂ ਸਗੋਂ ਖ਼ੁਰਾਕੀ ਵਸਤਾਂ, ਕੱਪੜੇ, ਮੇਜ਼, ਕੁਰਸੀ ਆਦਿ ਵੀ ਸਮਾਜਕ ਜਾਇਦਾਦ ਹੀ ਹਨ, ਜੋ ਕਿਸੇ ਇੱਕ ਜਾਂ ਮੁੱਠੀਭਰ ਲੋਕਾਂ ਦੀ ਜਾਇਦਾਦ ਨਹੀਂ ਹਨ ਤੇ ਨਾ ਹੀ ਹੋਣੀਆਂ ਚਾਹੀਦੀਆਂ ਹਨ। ਅੱਜ ਹਰ ਖੇਤਰ ਵਿੱਚ ਹੀ ਮੁਨਾਫਾ ਕਮਾਉਣ ਦਾ ਕੋਹੜ, ਮਨੁੱਖਤਾ ਦੀ ਭਲਾਈ ਵਿੱਚ ਵੱਡਾ ਰੋੜਾ ਹੈ। ਮਨੁੱਖਤਾ ਦੀ ਬਿਹਤਰੀ ਲਈ ਸਿਰਫ ਗਿਆਨ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਪੈਦਾਵਾਰ ਦੇ ਸਾਰੇ ਖੇਤਰਾਂ ਵਿੱਚ ਹੀ ਨਿੱਜੀ ਜਾਇਦਾਦ ਦਾ ਬੀਜ-ਨਾਸ ਕਰਨਾ ਜ਼ਰੂਰੀ ਹੈ।
-ਖੋਜਾਰਥੀ, ਪੰਜਾਬ ਸਕੂਲ ਔਫ਼ ਇਕਨੌਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 85578-12341