ਸਦੀਆਂ ਤੋਂ ਲੋਕਾਂ ਲਈ ਰਹੱਸ ਬਣੇ ਹੋਏ ਹਨ ਪਿੰਡ ਖੁੰਡਾ ਦੇ ਪਰਦੇਸੀ ਰੁੱਖ : The Tribune India

ਸਦੀਆਂ ਤੋਂ ਲੋਕਾਂ ਲਈ ਰਹੱਸ ਬਣੇ ਹੋਏ ਹਨ ਪਿੰਡ ਖੁੰਡਾ ਦੇ ਪਰਦੇਸੀ ਰੁੱਖ

ਲੋਕ ਮਾਨਤਾ ਤੇ ਮਿੱਥ ਦੀ ਰੌਚਕ ਕਹਾਣੀ

ਸਦੀਆਂ ਤੋਂ ਲੋਕਾਂ ਲਈ ਰਹੱਸ ਬਣੇ ਹੋਏ ਹਨ ਪਿੰਡ ਖੁੰਡਾ ਦੇ ਪਰਦੇਸੀ ਰੁੱਖ

ਇੰਦਰਜੀਤ ਸਿੰਘ ਹਰਪੁਰਾ

ਇਤਿਹਾਸ ਦੀ ਖੋਜ ਕਰਦਿਆਂ ਅਕਸਰ ਹੀ ਕਈ ਮਿੱਥਾਂ, ਕਿੱਸੇ-ਕਹਾਣੀਆਂ, ਲੋਕ ਮਾਨਤਾਵਾਂ ਅਤੇ ਮਨੌਤਾਂ ਸੁਣਨ ਨੂੰ ਮਿਲਦੀਆਂ ਹਨ, ਜੋ ਬੇਹੱਦ ਦਿਲਚਸਪ ਅਤੇ ਰੌਚਕ ਹੁੰਦੀਆਂ ਹਨ। ਇਨ੍ਹਾਂ ਮਾਨਤਾਵਾਂ ਦੇ ਨਾਲ ਲੋਕਾਂ ਦੇ ਵਿਸ਼ਵਾਸ ਅਤੇ ਸ਼ਰਧਾ ਵੀ ਜੁੜੀ ਹੁੰਦੀ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੀ ਰਹਿੰਦੀ ਹੈ। ਇਸ ਲੇਖ ਵਿੱਚ ਇੱਕ ਅਜਿਹੀ ਹੀ ਰੌਚਕ ਲੋਕ ਮਾਨਤਾ ਤੇ ਵਿਸ਼ਵਾਸ ਦੀ ਕਹਾਣੀ ਦਾ ਜ਼ਿਕਰ ਹੈ ਜੋ ਕਈ ਸਦੀਆਂ ਤੋਂ ਲੋਕਾਂ ਲਈ ਰਹੱਸ ਬਣੀ ਹੋਈ ਹੈ।

ਗੱਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੰਡਾ ਦੀ ਹੈ। ਇਹ ਕਨ੍ਹਈਆ ਮਿਸਲ ਦੇ ਸਰਦਾਰਾਂ ਦਾ ਪਿੰਡ ਹੈ। ਪਿੰਡ ਖੁੰਡਾ ਵਿੱਚ ਮਿਸਲਾਂ ਦੇ ਸਮੇਂ ਦਾ ਕਿਲ੍ਹਾ ਅਜੇ ਵੀ ਮੌਜੂਦ ਹੈ। ਇਸ ਲੇਖ ਵਿੱਚ ਪਿੰਡ ਦੇ ਕੁਝ ਰਹੱਸਮਈ ਰੁੱਖਾਂ ਦਾ ਜ਼ਿਕਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਇਲਾਕੇ ਦੇ ਲੋਕ ਪਰਦੇਸੀ ਰੁੱਖਾਂ ਵਜੋਂ ਜਾਣਦੇ ਹਨ।

ਪਿੰਡ ਖੁੰਡਾ ਦੇ ਦੱਖਣ ਪਾਸੇ ਢਾਈ ਕਿਲੋਮੀਟਰ ਲੰਮੀ ਪੱਟੀ ਵਿੱਚ ਸਦੀਆਂ ਤੋਂ ਖੜ੍ਹੇ ਸੈਂਕੜੇ ਰੁੱਖਾਂ ਨੂੰ ਪਰਦੇਸੀ ਰੁੱਖ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅੱਜ ਤੱਕ ਕੋਈ ਵੀ ਇਨ੍ਹਾਂ ਰੁੱਖਾਂ ਦੀ ਨਸਲ ਜਾ ਕਿਸਮ ਬਾਰੇ ਜਾਣ ਨਹੀਂ ਸਕਿਆ। ਨਾ ਹੀ ਕਿਧਰੇ ਹੋਰ ਅਜਿਹੇ ਰੁੱਖਾਂ ਵਰਗੇ ਰੁੱਖ ਦੇਖੇ ਗਏ ਹਨ।

ਸਥਾਨਕ ਲੋਕ ਇਨ੍ਹਾਂ ਰੁੱਖਾਂ ਨੂੰ ਤ੍ਰੇਤਾ ਯੁੱਗ ਦੇ ਰੁੱਖ ਦੱਸਦੇ ਹੋਏ ਕਹਿੰਦੇ ਹਨ ਕਿ ਇਹ ਰੁੱਖ ਸ੍ਰੀਲੰਕਾ ਦੀ ਅਸ਼ੋਕ ਵਾਟਿਕਾ ਤੋਂ ਮਾਤਾ ਸੀਤਾ ਦੇ ਨਾਲ ਹੀ ਇੱਥੇ ਆਏ ਹਨ। ਪਰਦੇਸੀ ਰੁੱਖਾਂ ਦੀ ਛਾਵੇਂ ਬੈਠੇ ਪਿੰਡ ਖੁੰਡਾ ਦੇ ਬਜ਼ੁਰਗਾਂ ਨੇ ਦੱਸਿਆ ਕਿ ਨਾ ਤਾਂ ਪਰਦੇਸੀ ਰੁੱਖਾਂ ਦੀ ਅੱਜ ਤੱਕ ਕੋਈ ਗਿਣਤੀ ਕਰ ਸਕਿਆ ਹੈ ਅਤੇ ਨਾ ਹੀ ਕੋਈ ਇਨ੍ਹਾਂ ਦੀ ਕਿਸਮ ਨੂੰ ਪਛਾਣ ਸਕਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਇਨ੍ਹਾਂ ਰੁੱਖਾਂ ਦੀ ਕਿਸਮ ਬਾਰੇ ਅਣਜਾਣਤਾ ਪ੍ਰਗਟ ਕਰਦੇ ਹਨ।

ਪਰਦੇਸੀ ਰੁੱਖਾਂ ਦੀ ਕਹਾਣੀ ਸੁਣਾਉਂਦੇ ਹੋਏ ਪਿੰਡ ਖੁੰਡਾ ਦੇ ਬਜ਼ੁਰਗ ਦੱਸਦੇ ਹਨ ਕਿ ਬਹੁਤ ਸਮਾਂ ਪਹਿਲਾਂ ਤੜਕੇ ਰੁੱਖਾਂ ਦੀ ਇੱਕ ਕਤਾਰ ਉੱਤਰ ਤੋਂ ਦੱਖਣ ਵੱਲ ਜਾ ਰਹੀ ਸੀ। ਜਦੋਂ ਇਹ ਰੁੱਖ ਪਿੰਡ ਖੁੰਡਾ ਕੋਲੋਂ ਗੁਜ਼ਰ ਰਹੇ ਸਨ ਤਾਂ ਪਿੰਡ ਦੀ ਇੱਕ ਔਰਤ ਨੇ ਇਨ੍ਹਾਂ ਤੁਰੇ ਜਾਂਦੇ ਰੁੱਖਾਂ ਨੂੰ ਦੇਖ ਕੇ ਹੈਰਾਨੀ ਨਾਲ ਕਿਹਾ ਕਿ ਦੇਖੋ ਇਹ ਰੁੱਖ ਕਿਵੇਂ ਤੁਰੇ ਜਾ ਰਹੇ ਹਨ। ਬੱਸ ਏਨਾ ਕਹਿਣ ਦੀ ਹੀ ਦੇਰ ਸੀ ਕਿ ਉਹ ਤੁਰੇ ਜਾਂਦੇ ਰੁੱਖ ਓਥੇ ਹੀ ਰੁੱਕ ਗਏ ਜੋ ਅੱਜ ਤੱਕ ਖੜ੍ਹੇ ਹਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਨ੍ਹਾਂ ਰੁੱਖਾਂ ਨੇ ਪਿੰਡ ਖੁੰਡਾ ਤੋਂ ਦੱਖਣ ਵੱਲ ਢਾਈ ਕਿਲੋਮੀਟਰ ਦੂਰ ਪਿੰਡ ਖਾਨ ਮਲਕ ਦੇ ਖੇਤਾਂ ਵਿੱਚ ਸਥਿਤ ਰਾਮ ਤੀਰਥ ਮੰਦਰ ਤੱਕ ਜਾਣਾ ਸੀ।

ਪਿੰਡ ਖੁੰਡਾ ਤੋਂ ਢਾਈ ਕਿਲੋਮੀਟਰ ਦੂਰ ਪਿੰਡ ਖਾਨ ਮਲਕ ਦੇ ਖੇਤਾਂ ਵਿੱਚ ਇੱਕ ਲੰਮੀ ਪੱਟੀ ਵਿੱਚ ਹੀ ਇਹ ਪਰਦੇਸੀ ਰੁੱਖ ਹਨ, ਇਸ ਤੋਂ ਇਲਾਵਾ ਹੋਰ ਕਿਤੇ ਨਹੀਂ। ਪਿੰਡ ਖਾਨ ਮਲਕ ਦੇ ਖੇਤਾਂ ਵਿੱਚ ਰਾਮ ਤੀਰਥ ਨਾਮ ਦਾ ਇੱਕ ਮੰਦਰ ਹੈ। ਮੰਦਰ ਦੇ ਪੁਜਾਰੀ ਸ਼ਿਵ ਪ੍ਰਕਾਸ਼ ਦੱਸਦੇ ਹਨ ਕਿ ਤ੍ਰੇਤਾ ਯੁੱਗ ਵਿੱਚ ਜਦੋਂ ਭਗਵਾਨ ਰਾਮ ਨੇ ਬਨਵਾਸ ਤੋਂ ਬਾਅਦ ਮਾਤਾ ਸੀਤਾ ਦਾ ਤਿਆਗ ਕੀਤਾ ਸੀ ਤਾਂ ਉਹ ਪਿੰਡ ਖਾਨ ਮਲਕ ਦੇ ਨਜ਼ਦੀਕ ਹੀ ਮਾਤਾ ਸੀਤਾ ਨੂੰ ਛੱਡ ਕੇ ਗਏ ਸਨ। ਭਗਵਾਨ ਰਾਮ ਅਤੇ ਮਾਤਾ ਸੀਤਾ ਦੀ ਯਾਦ ਵਿੱਚ ਉਥੇ ਇੱਕ ਮੰਦਰ ਰਾਮ ਤੀਰਥ ਹੈ। ਇਸ ਰਾਮ ਤੀਰਥ ਤੋਂ ਹੀ ਰਿਸ਼ੀ ਵਾਲਮੀਕਿ ਜੀ ਮਾਤਾ ਸੀਤਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਮ ਤੀਰਥ ਵਿਖੇ ਲੈ ਕੇ ਗਏ ਸਨ ਜਿਥੇ ਲਵ-ਕੁਸ਼ ਦਾ ਜਨਮ ਹੋਇਆ ਸੀ।

ਪੁਜਾਰੀ ਸ਼ਿਵ ਪ੍ਰਕਾਸ਼ ਅਨੁਸਾਰ ਇਹ ਰੁੱਖ ਮਾਤਾ ਸੀਤਾ ਦੇ ਨਾਲ ਹੀ ਰਾਵਣ ਦੀ ਅਸ਼ੋਕ ਵਾਟਿਕਾ ’ਚੋਂ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਮਾਤਾ ਸੀਤਾ ਪਿੰਡ ਖਾਨ ਮਲਕ ਨੇੜੇ ਰਾਮ ਤੀਰਥ ਅਸਥਾਨ ਕੋਲ ਪਹੁੰਚੇ ਸਨ ਤਾਂ ਇਹ ਰੁੱਖ ਵੀ ਇਨ੍ਹਾਂ ਦੇ ਪਿੱਛੇ ਆ ਰਹੇ ਸਨ। ਇਨ੍ਹਾਂ ਰੁੱਖਾਂ ਵਿੱਚ ਅਜੇ 2 ਰੁੱਖ ਹੀ ਰਾਮ ਤੀਰਥ ਪਹੁੰਚੇ ਸਨ ਜਦਕਿ ਬਾਕੀ ਦੇ ਰੁੱਖਾਂ ਨੂੰ ਪਿੰਡ ਖੁੰਡਾ ਦੀ ਇੱਕ ਔਰਤ ਨੇ ਦੇਖ ਲਿਆ ਜਿਸ ਕਾਰਨ ਸਾਰੇ ਰੁੱਖ ਓਥੇ-ਓਥੇ ਹੀ ਰੁੱਕ ਗਏ। ਪੁਜਾਰੀ ਅਨੁਸਾਰ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਰੁੱਖਾਂ ਦੀ ਨਸਲ ਤੇ ਨਾਮ ਦਾ ਪਤਾ ਨਾ ਹੋਣ ਕਰਕੇ ਪਰਦੇਸੀ ਰੁੱਖ ਕਿਹਾ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਰੁੱਖਾਂ ਨੂੰ ਵੱਢਦਾ ਨਹੀਂ ਹੈ। ਦੋ ਪਰਦੇਸੀ ਰੁੱਖ ਅੱਜ ਵੀ ਰਾਮ ਤੀਰਥ ਮੰਦਰ ਦੇ ਬਾਹਰਵਾਰ ਮੌਜੂਦ ਹਨ।

ਪਿੰਡ ਖੁੰਡਾ ਦੇ ਬਜ਼ੁਰਗ ਵੀ ਇਹ ਹੀ ਕਹਾਣੀ ਬਿਆਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਇਨ੍ਹਾਂ ਰੁੱਖਾਂ ਦੀ ਨਸਲ ਦਾ ਪਤਾ ਤਾਂ ਕੀ ਲਗਾਉਣਾ ਸੀ ਸਗੋਂ ਕੋਈ ਇਨ੍ਹਾਂ ਦੀ ਗਿਣਤੀ ਵੀ ਨਹੀਂ ਕਰ ਸਕਿਆ। ਬਜ਼ੁਰਗ ਦੱਸਦੇ ਹਨ ਕਿ ਪੁਰਾਣੇ ਰੁੱਖਾਂ ਦੇ ਤਣੇ ਖੋਖਲੇ ਹੋ ਗਏ ਹਨ ਪਰ ਉਹ ਅੱਜ ਵੀ ਹਰੇ ਹਨ। ਇਸ ਤੋਂ ਇਲਾਵਾ ਕੇਵਲ ਪਿੰਡ ਖੁੰਡਾ ਤੋਂ ਰਾਮ ਤੀਰਥ ਮੰਦਰ ਤੱਕ ਨਵੇਂ ਪਰਦੇਸੀ ਰੁੱਖ ਵੀ ਆਪਣੇ ਆਪ ਹੋ ਜਾਂਦੇ ਹਨ। ਜਿਸ ਵੀ ਕਿਸਾਨ ਦੇ ਖੇਤ ਵਿੱਚ ਇਹ ਰੁੱਖ ਉੱਗਦਾ ਹੈ ਉਸ ਵੱਲੋਂ ਇਸ ਨੂੰ ਵੱਢਿਆ ਨਹੀਂ ਜਾਂਦਾ।

ਬਜ਼ੁਰਗ ਦੱਸਦੇ ਹਨ ਕਿ ਵਿਸਾਖ ਮਹੀਨੇ ਤੋਂ ਇਨ੍ਹਾਂ ਰੁੱਖਾਂ ਦਾ ਪੁੰਗਾਰਾ ਸ਼ੁਰੂ ਹੁੰਦਾ ਹੈ। ਜੇਠ-ਹਾੜ੍ਹ ਵਿੱਚ ਇਨ੍ਹਾਂ ਨੂੰ ਪੀਲੇ ਤੇ ਲਾਲ ਰੰਗ ਦੇ ਫੁੱਲ ਲੱਗਦੇ ਹਨ। ਪਿੰਡ ਖੁੰਡਾ ਦੀ ਦੱਖਣ ਬਾਈ ਜਿੱਥੇ ਇਨ੍ਹਾਂ ਪਰਦੇਸੀ ਰੱਖਾਂ ਦਾ ਝੁੰਡ ਹੈ, ਓਥੇ ਪਿੰਡ ਵਾਲਿਆਂ ਵੱਲੋਂ ਧੰਨ-ਧੰਨ ਬਾਬਾ ਪਰਦੇਸੀ ਰੁੱਖ ਜੀ ਦੀ ਜਗ੍ਹਾ ਬਣਾਈ ਹੋਈ ਹੈ ਅਤੇ ਹਰ ਸਾਲ ਪਰਦੇਸੀ ਰੁੱਖਾਂ ਨੂੰ ਸਮਰਪਿਤ ਮੇਲਾ ਲਗਾਇਆ ਜਾਂਦਾ ਹੈ। ਸਥਾਨਕ ਲੋਕਾਂ ਵਿੱਚ ਪਰਦੇਸੀ ਲੋਕਾਂ ਬਾਰੇ ਹੋਰ ਵੀ ਕਈ ਵਿਸ਼ਵਾਸ ਜੁੜੇ ਹੋਏ ਹਨ।

21ਵੀਂ ਸਦੀ ਦੇ ਵਿਗਿਆਨਿਕ ਯੁੱਗ ਵਿਚ ਪਿੰਡ ਖੁੰਡਾ ਸਮੇਤ ਪੂਰੇ ਇਲਾਕੇ ਵਿੱਚ ਇਹ ਰੁੱਖ ਅੱਜ ਵੀ ਰਹੱਸ ਬਣੇ ਹੋਏ ਹਨ। ਇਹ ਤਾਂ ਪਤਾ ਨਹੀਂ ਕਿ ਇਨ੍ਹਾਂ ਰੁੱਖਾਂ ਦੇ ਰਹੱਸ ਤੋਂ ਪਰਦਾ ਕਦੋਂ ਤੇ ਕਿਵੇਂ ਹੱਟਦਾ ਹੈ ਪਰ ਇਸ ਇਲਾਕੇ ਵਿੱਚ ਅਤੇ ਲੋਕਾਂ ਦੇ ਮਨਾਂ ਵਿੱਚ ਆਪਣੇ ਵਿਸ਼ਵਾਸ ਤੇ ਸ਼ਰਧਾ ਸਦਕਾ ਇਹ ਪਰਦੇਸੀ ਰੁੱਖ ਸਦੀਆਂ ਤੋਂ ਟਿਕੇ ਹੋਏ ਹਨ।
ਸੰਪਰਕ: 98155-77574

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All