ਆਤਮਜੀਤ
2011 ਦੀ ਜਨਗਣਨਾ ਅਨੁਸਾਰ ਵਿਨੀਪੈੱਗ ਸ਼ਹਿਰ ਦੇ 21 ਪ੍ਰਤੀਸ਼ਤ ਲੋਕ ਸਾਫ਼ ਤੌਰ ’ਤੇ ਪਛਾਣਨਯੋਗ ਘੱਟ-ਗਿਣਤੀਆਂ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਵਿਜ਼ੀਬਲ ਮਾਈਨਾਰਟੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਅਸੀਂ ਵੀ ਸ਼ਾਮਿਲ ਹਾਂ। ਹੁਣ ਤਾਂ ਪੰਜਾਬੀ ਲੋਕ ਵਹੀਰਾਂ ਘੱਤ ਕੇ ਵਿਨੀਪੈੱਗ ਪਹੁੰਚ ਰਹੇ ਹਨ। ਉਨ੍ਹਾਂ ਵਿਚ ਵਿਦਿਆਰਥੀਆਂ ਦੀ ਵੀ ਵੱਡੀ ਗਿਣਤੀ ਹੈ। 2021 ਦੀ ਜਨਗਣਨਾ ਵੇਲੇ ਇਹ ਅਨੁਪਾਤ ਹੋਰ ਜ਼ਿਆਦਾ ਹੋ ਜਾਵੇਗਾ। ਵਿਨੀਪੈੱਗ ਸਮੇਤ ਸਾਰੇ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬਹੁਤ ਮ੍ਹੋਕਲੇ ਕਰ ਦਿੱਤੇ ਹਨ। ਉਂਝ ਵੀ ਵਿਨੀਪੈੱਗ ਵਿਚ ਪੱਕੇ ਹੋ ਗਏ ਨਾਗਰਿਕਾਂ ਨੂੰ ਕੁਝ ਸ਼ਰਤਾਂ ਨਾਲ ਹਰ ਤੀਸਰੇ ਸਾਲ ਕਿਸੇ ਇਕ ਵਿਅਕਤੀ ਨੂੰ ਉੱਥੇ ਮੰਗਵਾਉਣ ਦਾ ਹੱਕ ਪ੍ਰਾਪਤ ਹੈ। ਇਸ ਲਈ ਅਗਲੇ ਦਹਾਕੇ ਵਿਚ ਪੰਜਾਬੀਆਂ ਦਾ ਵਿਨੀਪੈੱਗ ਵਿਚ ਵੱਡਾ ਵਾਧਾ ਹੋਵੇਗਾ। ਇਹ ਠੀਕ ਹੈ ਕਿ ਵੈਨਕੂਵਰ ਅਤੇ ਟੋਰਾਂਟੋ ਵਾਂਗ ਇਸ ਸ਼ਹਿਰ ਵਿਚ ਸਾਧਾਰਨ ਲੋਕਾਂ ਲਈ ਬਹੁਤ ਸਾਰੀਆਂ ਨੌਕਰੀਆਂ ਨਹੀਂ ਹਨ। ਬਹੁਤ ਜ਼ਿਆਦਾ ਪੜ੍ਹਿਆਂ-ਲਿਖਿਆਂ ਵਾਸਤੇ ਵੀ ਉਨ੍ਹਾਂ ਦੇ ਹਾਣ ਦਾ ਰੁਜ਼ਗਾਰ ਨਹੀਂ ਮਿਲਦਾ। ਪਰ ਇਹਦੇ ਇਵਜ਼ ਵਿਚ ਜੋ ਮਿਲਦਾ ਹੈ, ਬਹੁਤ ਵੱਡਾ ਹੈ; ਤੇ ਉਹ ਹੈ ਕੈਨੇਡਾ ਵਿਚ ਪਹੁੰਚਣ ਦਾ ਨਿਸਬਤਨ ਅਸਾਨ ਰਸਤਾ।
ਪਰ ਦੂਜੇ ਸ਼ਹਿਰਾਂ ਵਾਂਗ ਵਿਨੀਪੈੱਗ ਦੇ ਵਾਸੀ ਵੀ ਆਪਣੇ ਮੁਲਕ/ਧਰਮ/ ਜਾਤ ਜਾਂ ਨਸਲ ਅਨੁਸਾਰ ਵੱਖ-ਵੱਖ ਸਮੂਹਾਂ ਵਿਚ ਰਹਿੰਦੇ ਹਨ। ਕੋਰਾਇਡਨ ਐਵੇਨਿਊ ਵਿੱਚ ਇਟਲੀ ਵਾਲਿਆਂ ਦੀ ਵੱਡੀ ਵੱਸੋਂ ਹੈ; ਇਸੇ ਲਈ ਉਸਨੂੰ ‘ਲਿਟਲ ਇਟਲੀ’ ਕਿਹਾ ਜਾਂਦਾ ਹੈ। ਸੇਂਟ ਬੌਨੀਫ਼ੇਸ ਫ਼ਰਾਂਸਸੀ ਲੋਕਾਂ ਦਾ ਗੜ੍ਹ ਹੈ, ਜੋ ਕਿ ਫ਼ੋਰਕਸ ਦੇ ਪਾਰ ਹੈ। ਸੇਂਟ ਬੌਨੀਫ਼ੇਸ ਚਰਚ ਦੀ ਵਿਸ਼ਾਲ ਅਤੇ ਆਲੀਸ਼ਾਨ ਇਮਾਰਤ ਦੇਖ ਕੇ ਮਨ ਖ਼ੁਸ਼ ਹੁੰਦਾ ਹੈ। ਐਸਪਲੇਨੇਡ ਰੀਆਲ ਨਾਂ ਦਾ ਪੁਲ ਫ਼ਰਾਂਸੀਸੀ ਅਬਾਦੀ ਦੇ ਨੇੜੇ ਹੈ ਜਿੱਥੇ ਦਰਿਆ ਦੇ ਕੰਢੇ ਸੈਰ ਕਰਨ ਜਾਂ ਟਹਿਲਣ ਲਈ ਬਹੁਤ ਸੁਹਣਾ ਮਾਹੌਲ ਅਤੇ ਸਹੂਲਤ ਹੈ। ਇਹੋ ਪੁਲ ਫ਼ੋਰਕਸ ਨੂੰ ਫ਼ਰਾਂਸੀਸੀ ਇਲਾਕੇ ਨਾਲ ਜੋੜਦਾ ਹੈ। ਇਸ ਦਰਸ਼ਨੀ ਪੁਲ ਦੀ ਨਿਰਮਾਣ-ਕਲਾ ਸਾਡੀ ਅੱਖ ਵਿਚ ਚਮਕ ਤੇ ਚਿਹਰੇ ’ਤੇ ਖੇੜਾ ਲਿਆਉਂਦੀ ਹੈ। ਵੈਸਟ ਐਂਡ ਦਾ ਇਲਾਕਾ ਡਾਊਨਟਾਊਨ ਦੇ ਪੱਛਮ ਵੱਲ ਹੈ ਜਿੱਥੇ ਵਿਨੀਪੈੱਗ ਦੇ ਧਨਾਢ ਵੀ ਰਹਿੰਦੇ ਹਨ ਤੇ ਗਰੀਬ-ਗੁਰਬੇ ਵੀ। ਇਸ ਇਲਾਕੇ ਦੀ ਵੱਡੀ ਖ਼ੂਬੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕੌਮੀਅਤਾਂ ਦੇ ਲੋਕਾਂ ਦਾ ਇਕੋ ਇਲਾਕੇ ਵਿਚ ਰਹਿਣਾ ਹੈ; ਬਹੁ-ਸਭਿਆਚਾਰਵਾਦ ਦਾ ਜਿਊਂਦੀ-ਜਾਗਦੀ ਮਿਸਾਲ। ਇੱਥੇ ਪੁਰਤਗਾਲੀ, ਯੂਨਾਨੀ, ਵੀਅਤਨਾਮੀ, ਚੀਨੀ, ਭਾਰਤੀ ਅਤੇ ਥਾਈ ਖਾਣਾ ਪਰੋਸਣ ਵਾਲੇ ਕਈ ਰੈਸਤਰਾਂ ਹਨ। ਉਂਜ ਵੀ ਇਹ ਬਹੁਤ ਸ਼ਿੰਗਾਰਿਆ ਇਲਾਕਾ ਹੈ। ਫ਼ੋਰਕਸ ਦੇ ਇਕ ਪਾਸੇ ਫ਼ਰਾਂਸੀਸੀ ਅਬਾਦੀ ਹੈ, ਦੂਜੇ ਪਾਸੇ ਵਿਨੀਪੈੱਗ ਦਾ ਡਾਊਨਟਾਊਨ ਹੈ (ਸ਼ਹਿਰ ਦਾ ਉਹ ਕੇਂਦਰੀ ਭਾਗ ਜੋ ਵਪਾਰ ਅਤੇ ਕਾਮਰਸ ਦਾ ਮੁੱਖ ਕੇਂਦਰ ਹੁੰਦਾ ਹੈ)। ਡਾਊਨਟਾਊਨ ਦੁਨੀਆਂ ਦੇ ਦੂਜੇ ਸ਼ਹਿਰਾਂ ਵਾਂਗ ਵੱਡੇ-ਵੱਡੇ ਅਦਾਰਿਆਂ ਦਾ ਕੇਂਦਰ ਵੀ ਹੈ ਅਤੇ ਉੱਥੋਂ ਦੀਆਂ ਸਭਿਆਚਾਰਕ ਗਤੀਵਿਧੀਆਂ ਦਾ ਗੜ੍ਹ ਵੀ। ਭਾਵੇਂ ਡਾਊਨਟਾਊਨ ਨਿਸਬਤਨ ਛੋਟਾ ਹੈ ਪਰ ਇਸ ਵਿਚ ਵਿਨੀਪੈੱਗ ਸਕੁਏਅਰ, ਬੈੱਲ ਐਮ ਟੀ ਐੱਸ ਪਲੇਸ, ਪੋਰਟੇਜ ਪਲੇਸ ਅਤੇ ਸਭ ਤੋਂ ਪੁਰਾਣੀ ਕੰਪਨੀ ‘ਹਡਸਨ ਬੇ’ ਵਰਗੇ ਥਾਂ ਹਨ ਜਿੱਥੇ ਗਹਿਮਾ-ਗਹਿਮੀ ਰਹਿੰਦੀ ਹੈ। ਏਥੇ ਹੀ ਵਿਨੀਪੈੱਗ ਸਿਟੀ ਹਾਲ, ਪਲੈਨੇਟੋਰੀਅਮ, ਰੇਲਵੇ ਦਾ ਅਜਾਇਬਘਰ, ਸੈਂਟਰਲ ਲਾਇਬਰੇਰੀ ਅਤੇ ਸੈਂਟੇਨੀਅਲ ਹਾਲ ਵੀ ਹੈ। ਡਾਊਨਟਾਊਨ ਦੇ ਇਕ ਹਿੱਸੇ ਨੂੰ ਐਕਸਚੇਂਜ ਡਿਸਟ੍ਰਿਕਟ ਕਿਹਾ ਜਾਂਦਾ ਹੈ। ਇਹ ਇਤਿਹਾਸਕ ਜਗ੍ਹਾ ਹੈ। 1880 ਤੋਂ 1920 ਵਿਚਕਾਰ ਬਣੀਆਂ ਇਹ ਇਮਾਰਤਾਂ ਵਿਨੀਪੈੱਗ ਦਾ ਪਛਾਣ-ਚਿੰਨ੍ਹ ਹਨ ਅਤੇ ਉਸਦੇ ਬਿੰਬ ਨੂੰ ਸਥਾਪਿਤ ਕਰਦੀਆਂ ਹਨ। 20 ਚੌਰਸ ਬਲਾਕਾਂ ਵਿਚ ਉਸ ਵਕਤ ਬਣਾਈਆਂ ਲਗਪਗ 150 ਇਮਾਰਤਾਂ ਕਦੀ ਵੱਡੀਆਂ ਕੰਪਨੀਆਂ ਦੇ ਗੁਦਾਮ ਹੁੰਦੀਆਂ ਸਨ। ਕਈਆਂ ਵਿਚ ਵਪਾਰ ਸੰਬੰਧੀ ਪੈਸੇ-ਧੇਲੇ ਦੇ ਲੈਣ-ਦੇਣ ਵਾਲੀਆਂ ਕੰਪਨੀਆਂ ਦੇ ਦਫ਼ਤਰ ਸਨ। ਇਸੇ ਲਈ ਵਿਨੀਪੈੱਗ ਨੂੰ ਉੱਤਰ ਦਾ ਸ਼ਿਕਾਗੋ ਕਿਹਾ ਜਾਂਦਾ ਹੈ। ਭਾਵੇਂ ਇਨ੍ਹਾਂ ਇਮਾਰਤਾਂ ਦਾ ਮੂੰਹ-ਮੱਥਾ ਪੁਰਾਣੇ ਢੱਬ ਦਾ ਹੈ ਪਰ ਅੱਜਕੱਲ੍ਹ ਅੰਦਰੋਂ ਆਧੁਨਿਕ ਹੋ ਗਈਆਂ ਹਨ। ਅਸੀਂ ਇਸ ਇਲਾਕੇ ਨੂੰ ਉੱਥੋਂ ਦਾ ਸਭਿਆਚਾਰਕ ਧੁਰਾ ਮੰਨ ਸਕਦੇ ਹਾਂ ਜਿੱਥੇ ਗਰਾਫ਼ਿਕ ਆਰਟਿਸਟਾਂ, ਇਮਾਰਤਕਾਰੀ ਅਤੇ ਫ਼ੋਟੋਗਰਾਫ਼ੀ ਦੇ ਵੱਡੇ ਵਿਸ਼ੇਸ਼ਗਾਂ ਦੇ ਦਫ਼ਤਰ ਹਨ। ਇੱਥੇ ਹੀ ਮਹਿੰਗੇ ਰੈਸਤਰਾਂ, ਆਰਟ ਗੈਲਰੀਆਂ, ਕੈਫ਼ੇ ਅਤੇ ਆਧੁਨਿਕ ਵਸਤਰਾਂ ਦੇ ਵੱਡੇ ਸਟੋਰ ਅਤੇ ਡਿਜ਼ਾਈਨਰ ਪਹਿਰਾਵਿਆਂ ਦੇ ਸ਼ੋਅਰੂਮ ਵੀ ਹਨ।
ਵਿਨੀਪੈੱਗ ਵਿਚ ਬਹਤ ਸਾਰੀਆਂ ਯੂਨੀਵਰਸਿਟੀਆਂ ਅਤੇ ਪ੍ਰਸਿੱਧ ਕਾਲਜ ਹਨ। ਯੂਨੀਵਰਸਿਟੀ ਆਫ਼ ਮੈਨੀਟੋਬਾ ਦਾ ਵਿਸ਼ੇਸ਼ ਮੁਕਾਮ ਹੈ। ਇਹ ਕੈਨੇਡਾ ਦੀ 10ਵੀਂ ਵਧੀਆ ਸੰਸਥਾ ਹੈ। ਵਿਸ਼ਵ ਰੈਂਕਿੰਗ ਵਿਚ ਇਸ ਦਾ ਨੰਬਰ ਸਰਵੋਤਮ ਢਾਈ ਸੌ ਯੂਨੀਵਰਸਿਟੀਆਂ ਵਿਚ ਆਉਂਦਾ ਹੈ ਅਤੇ ਇੱਥੇ ਖੋਜ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਪੰਜਾਬ ਦਾ ਜੰਮਪਲ ਡਾਕਟਰ ਨਿਰੰਜਨ ਸਿੰਘ ਢੱਲਾ ਇੱਥੇ ਪ੍ਰੋਫ਼ੈਸਰ ਹੈ ਅਤੇ ਵੱਡੇ ਸਤਿਕਾਰ ਦਾ ਪਾਤਰ। ਉਹ ਦੁਨੀਆਂ ਦੇ ਦਿਲ ਦੇ ਪ੍ਰਸਿੱਧ ਡਾਕਟਰਾਂ ਵਿਚ ਸ਼ੁਮਾਰ ਹੁੰਦਾ ਹੈ ਜਿਸ ਨੇ ਸਾਢੇ ਛੇ ਸੌ ਖੋਜ ਪੱਤਰ ਲਿਖੇ, 55 ਕਿਤਾਬਾਂ ਦਾ ਸੰਪਾਦਨ ਕੀਤਾ, ਢਾਈ ਸੌ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਹਿੱਸਾ ਲਿਆ ਅਤੇ ਅਨੇਕਾਂ ਯੂਨੀਵਰਸਟੀਆਂ ਨੇ ਉਸ ਨੂੰ ਆਨਰੇਰੀ ਡਾਕਟਰ ਦੀਆਂ ਡਿਗਰੀਆਂ ਦਿੱਤੀਆਂ। ਡਾ. ਢੱਲਾ ਬੋਨਾਫ਼ਾਈਸ ਯੂਨੀਵਰਸਿਟੀ ਵਿਚ ਵੀ ਦਿਲ ਦੇ ਰੋਗਾਂ ਦੇ ਵਿਗਿਆਨ ਦਾ ਮੁਖੀ ਹੈ। ਇਵੇਂ ਹੀ ਡਾਕਟਰ ਮੋਹਿੰਦਰ ਸਿੰਘ ਨੇ ਵੀ ਸਾਡੇ ਲੋਕਾਂ ਦੀ ਇੱਜ਼ਤ ਵਿਚ ਵਾਧਾ ਕੀਤਾ ਹੈ। ਉਸਨੇ ਯੂਨੀਵਰਸਟੀ ਆਫ਼ ਮੈਨੀਟੋਬਾ ਦੀ ਲਾਇਬ੍ਰੇਰੀ ਵਿਚ ਮਹਾਨ ਕੋਸ਼ ਤਿਆਰ ਕਰਨ ਵਾਲੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਚਿਤਰ ਲਵਾਇਆ ਅਤੇ ਬਹੁਤ ਸਾਰੀਆਂ ਕਿਤਾਬਾਂ ਵੀ ਭੇਟ ਕੀਤੀਆਂ। ਡਾਕਟਰ ਮੋਹਿੰਦਰ ਸਿੰਘ ਨੂੰ ਵਿਨੀਪੈੱਗ ਯੂਨੀਵਰਸਿਟੀ ਨੇ ਆਨਰੇਰੀ ਡਾਕਟਰ ਦੀ ਡਿਗਰੀ ਦਿੱਤੀ। ਉਹ ਭਾਈ ਕਾਨ੍ਹ ਸਿੰਘ ਦੇ ਨਾਂ ’ਤੇ ਇਕ ਸੰਸਥਾ ਵੀ ਚਲਾ ਰਿਹਾ ਹੈ ਜਿਸ ਵੱਲੋਂ ਕਰਵਾਏ ਗਏ ਡਾ. ਹਰਿੰਦਰ ਸਿੰਘ ਦੇ ਇਕ ਮਹੱਵਪੂਰਨ ਭਾਸ਼ਨ ਨੂੰ ਸੁਣਨ ਦਾ ਮੈਨੂੰ ਵੀ ਮੌਕਾ ਮਿਲਿਆ। ਮੈਂ ਕੈਨੇਡਾ ਵਿਚ ਇਸ ਪੱਧਰ ਦਾ ਹੋਰ ਕੋਈ ਵੀ ਸਾਹਿਤਿਕ ਪ੍ਰੋਗਰਾਮ ਨਹੀਂ ਦੇਖਿਆ।
ਫ਼ੋਰਕਸ, ਜਿੱਥੇ ਦੋ ਦਰਿਆ ਮਿਲਦੇ ਹਨ, ਸੈਰ-ਸਪਾਟੇ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਮੈਨੀਟੋਬਾ ਥੀਏਟਰ ਫ਼ਾਰ ਯੰਗ ਪੀਪਲ ਵੀ ਏਥੇ ਹੀ ਹੈ। ਇਸ ਜਗ੍ਹਾ ’ਤੇ ਹਰ ਸਾਲ ਬੱਚਿਆਂ ਵਾਸਤੇ ਵੱਡਾ ਇੰਟਰਨੈਸ਼ਲ ਫ਼ੈਸਟੀਵਲ ਲਾਇਆ ਜਾਂਦਾ ਹੈ। ਪਰ ਜਦੋਂ ਮੈ ਫ਼ੋਰਕਸ ਗਿਆ ਤਾਂ ਉੱਥੇ ਇਕ ਖੁੱਲ੍ਹੇ ਵਿਹੜੇ ਵਿਚ ਕੈਨੇਡਾ ਦੇ ਲੋਕ-ਗਾਇਕਾਂ ਅਤੇ ਸਾਜ਼ੀਆਂ ਵੱਲੋਂ ਅਦਭੁਤ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਸੰਗੀਤ ਵਿੱਚ ਪਿੰਡਾਂ ਦੀ ਮਹਿਕ ਸੀ ਅਤੇ ਜੋਸ਼-ਖਰੋਸ਼ ਨਾਲ ਗਾਇਣ ਹੋ ਰਿਹਾ ਸੀ। ਉਸੇ ਉਤਸ਼ਾਹ ਨਾਲ ਲੋਕ ਪ੍ਰੋਗਰਾਮ ਦੇਖ ਰਹੇ ਸਨ। ਕਈ ਗੀਤਾਂ ਨਾਲ ਬੱਚੇ ਨੱਚਣ ਵੀ ਲੱਗ ਪੈਂਦੇ ਸਨ। ਪਰ ਕੈਨੇਡਾ ਡੇਅ ਦੇ ਸੰਬੰਧ ਵਿਚ ਉੱਥੇ ਹੁੰਦੇ ਵੱਡੇ ਪ੍ਰੋਗਰਾਮ ਦੀ ਤਾਂ ਆਪਣੀ ਹੀ ਆਭਾ ਹੁੰਦੀ ਹੈ ਜਿਸ ਨੂੰ ਵਿਨੀਪੈੱਗ ਦੇ ਬਹੁਤ ਸਾਰੇ ਲੋਕ ਮਾਣਦੇ ਹਨ। ਇਹ ਮੇਲਾ ਸਾਰਾ ਦਿਨ ਭਰਿਆ ਰਹਿੰਦਾ ਹੈ ਤੇ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਕੈਨੇਡਾ ਡੇਅ ’ਤੇ ਇਕ ਖੁੱਲ੍ਹੇ ਮੈਦਾਨ ਵਿਚ ਸਟੇਜ ਲਾ ਕੇ ਦੇਸ ਦੇ ਪ੍ਰਸਿੱਧ ਗਾਇਕਾਂ ਦੇ ਪ੍ਰੋਗਰਾਮ ਸਾਰਾ ਦਿਨ ਚਲਾਏ ਜਾਂਦੇ ਹਨ ਜਿਨ੍ਹਾਂ ਨੂੰ ਹਜ਼ਾਰਾਂ ਲੋਕ ਦੇਖਦੇ ਹਨ। ਲੋਕਾਂ ਉੱਤੇ ਕਿਸੇ ਕਿਸਮ ਦੇ ਅਨੁਸ਼ਾਸਨ ਦਾ ਕੋਈ ਭਾਰ ਨਹੀਂ ਹੁੰਦਾ। ਤੁਸੀਂ ਘਰੋਂ ਕੁਰਸੀ ਲੈ ਆਵੋ ਜਾਂ ਆਪਣੀ ਚਾਦਰ ਵਿਛਾ ਕੇ ਲੰਮੇ ਪੈ ਜਾਵੋ। ਕੁਝ ਲੋਕ ਘਰਾਂ ਤੋਂ ਖਾਣਾ ਪਕਾ ਕੇ ਲਿਆਉਂਦੇ ਹਨ। ਬਾਕੀ ਦਰਸ਼ਕਾਂ ਦੇ ਪਿੱਛੇ ਇਕ ਹੋਰ ਮੈਦਾਨ ਵਿਚ ਉੱਥੇ ਲੱਗੀਆਂ ਰੇਹੜੀਆਂ ਤੋਂ ਮਨਭਾਉਂਦਾ ਭੋਜਨ ਖ਼ਰੀਦ ਲੈਂਦੇ ਹਨ। ਇਸਨੂੰ ਅਸੀਂ ਵਿਨੀਪੈੱਗ ਦੇ ਸਭ ਤੋਂ ਵੱਡੇ ਸਭਿਆਚਾਰਕ ਮੇਲੇ ਦੇ ਰੂਪ ਵਿਚ ਦੇਖ ਸਕਦੇ ਹਾਂ; ਪਰ ਉਸ ਵਿੱਚ ਕੋਈ ਹੁੱਲੜਬਾਜ਼ੀ ਨਹੀਂ। ਸਾਰੇ ਆਪੋ-ਆਪਣਿਆਂ ਨਾਲ ਘੁਲਦੇ-ਮਿਲਦੇ ਹਨ, ਕਿਸੇ ਹੋਰ ਨੂੰ ਤੰਗ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਲੇ ਦੀ ਸਟੇਜ ਦੇ ਪਿੱਛੇ ਹਿਊਮਨ ਰਾਈਟਸ ਮਿਊਜ਼ੀਅਮ ਦੀ ਇਮਾਰਤ ਅੱਖਾਂ ਨੂੰ ਹੀ ਨਹੀਂ, ਦਿਲ-ਦਿਮਾਗ਼ ਨੂੰ ਵੀ ਸੁਹਣੀ ਲੱਗਦੀ ਹੈ ਜਿਸਦਾ ਚਰਚਾ ਅਗਲੇ ਲੇਖਾਂ ਵਿਚ ਹੋਵੇਗਾ। ਇਸੇ ਤਰ੍ਹਾਂ ਇਕ ਪਾਸੇ ਮੂਲ-ਵਾਸੀਆਂ ਦਾ ਸਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ ਜਿਵੇਂ ਅਸੀਂ ਹਾਕੀ ਦੇ ਮੈਦਾਨ ਦੇ ਦੁਆਲੇ ਹਾਕੀ ਦਾ ਮੈਚ ਦੇਖਦੇ ਹਾਂ। ਉੱਥੇ ਵੱਖ-ਵੱਖ ਪੇਸ਼ਕਾਰੀਆਂ ਤੋਂ ਵੀ ਜ਼ਿਆਦਾ ਖਿੱਚ ਮੂਲ-ਵਾਸੀ ਕਲਾਕਾਰਾਂ ਦੀ ਤਿਆਰੀ ਦੀ ਸੀ ਜਿਨ੍ਹਾਂ ਨੂੰ ਵਿਸ਼ੇਸ਼ ਰੂਪ ਵਿਚ ਬੜੀ ਬਾਰੀਕੀ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਗੂੜ੍ਹੇ ਰੰਗਾਂ ਦੇ ਕੱਪੜੇ ਪਾਏ ਹੁੰਦੇ ਹਨ ਅਤੇ ਦੋ-ਤਿੰਨ ਲੋਕ ਉਸ ਦੀ ਤਿਆਰੀ ਵਿਚ ਰੁੱਝੇ ਹੁੰਦੇ ਹਨ, ਹਰ ਇਕ ਦੇ ਸਿਰ ਉੱਤੇ ਜਾਨਵਰਾਂ ਦੇ ਵਾਲਾਂ ਨਾਲ ਬਣਿਆ ਟੋਪ ਹੁੰਦਾ ਹੈ। ਪਹਿਰਾਵੇ ਵਿਚ ਖੰਭਾਂ ਦਾ ਖ਼ਾਸ ਮਹੱਤਵ ਹੁੰਦਾ ਹੈ। ਪੁਰਾਣੇ ਸਮੇਂ ਦੇ ਸਾਰੇ ਪਹਿਰਾਵੇ, ਗਹਿਣੇ, ਜੁੱਤੀਆਂ ਅਤੇ ਰੰਗ-ਬਰੰਗੀਆਂ ਪੱਟੀਆਂ ਉਨ੍ਹਾਂ ਦੇ ਦੁਆਲੇ ਪੈਦਾ ਹੁੰਦੀਆਂ ਫ਼ਸਲਾਂ ਅਤੇ ਜਾਨਵਰਾਂ ਦੀਆਂ ਹੱਡੀਆਂ, ਪੂਛਾਂ ਅਤੇ ਚਮੜੀ ਦੇ ਬਣਾਏ ਜਾਂਦੇ ਹਨ। ਮੂਲ-ਵਾਸੀ ਜਦੋਂ ਆਪਣੇ ਪਰੰਪਰਾਗਤ ਤਰੀਕੇ ਨਾਲ ਤਿਆਰ ਹੋ ਜਾਂਦਾ ਹੈ ਤਾਂ ਇਕ ਤਸਵੀਰ ਜਾਂ ਸੁਪਨੇ ਵਾਂਗ ਖ਼ੂਬਸੂਰਤ ਦਿਖਾਈ ਦੇਂਦਾ ਹੈ। ਫ਼ੋਰਕਸ ਦੇ ਐਨ ਕੰਢੇ ’ਤੇ ਇਕ ਮਿਨੀ ਮਾਰਕਿਟ ਹੈ ਜਿਸ ਵਿਚ ਲਗਪਗ ਹਰ ਕੌਮ ਦੇ ਵਿਅੰਜਣ ਪੱਕਦੇ ਹਨ। ਉੱਥੇ ਤਾਂ ਰੋਜ਼ ਹੀ ਮੇਲਾ ਹੁੰਦਾ ਹੈ।
ਡਾਊਨਟਾਊਨ ਇੱਥੋਂ ਦੇ ਥੀਏਟਰ-ਹਾਲਾਂ ਦਾ ਵੀ ਕੇਂਦਰ ਹੈ। ਮੈਂ ਸੈਨਟੇਨੀਅਲ ਹਾਲ ’ਚ ਇਕ ਵਾਰ ਪੰਜਾਬੀਆਂ ਦਾ ਸਭਿਆਚਾਰਕ ਪ੍ਰੋਗਰਾਮ ਦੇਖਿਆ ਸੀ ਜਿਹੜਾ ਮਨੋਰੰਜਨ ਅਤੇ ਕਲਾ ਪੱਖੋਂ ਵਾਹਵਾ ਸੀ। ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ। ਉਸ ਵਿਚ ਪੰਜਾਬੀ ਨਾਚਾਂ ਅਤੇ ਗੀਤ-ਸੰਗੀਤ ਦਾ ਬੋਲਬਾਲਾ ਸੀ। ਇਸ ਮੇਲੇ/ਕਲਾ-ਮੁਕਾਬਲੇ ਦਾ ਪ੍ਰਬੰਧ ਕਰਨ ਵਾਲੀ ਸੰਸਥਾ ‘ਬੁੱਲਾ ਆਰਟਸ’ ਹੈ। ਭਾਵੇਂ ਟੋਰਾਂਟੋ ਵਿਚ ‘ਵਾਰਸ ਭਵਨ’ ਨਾਂ ਦੀ ਛੋਟੀ ਜਿਹੀ ਇਮਾਰਤ ਵਿਚ ਸਾਹਿਤਕ-ਸਭਿਆਚਾਰਕ ਸਰਗਰਮੀ ਹੁੰਦੀ ਹੈ ਪਰ ਉਸ ਦਾ ਸੰਬੰਧ ਜਨ-ਸਾਧਾਰਨ ਨਾਲ ਨਹੀਂ, ‘ਬੁੱਲਾ ਆਰਟਸ’ ਬੱਚਿਆਂ ਅਤੇ ਉਨ੍ਹਾਂ ਰਾਹੀਂ ਆਮ ਲੋਕਾਂ ਨਾਲ ਜੁੜੀ ਤਨਜ਼ੀਮ ਹੈ। ਮੇਰੀ ਜਾਣਕਾਰੀ ਵਿਚ ਇਹ ਇਕੱਲੀ ਅਜਿਹੀ ਸਭਿਆਚਾਰਕ ਸੰਸਥਾ ਹੈ ਜਿਹੜੀ ਧਰਮ ਦੀ ਰੰਗਤ ਤੋਂ ਬਾਹਰ ਆ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਕੁਝ ਵੱਡੇ ਪੱਧਰ ’ਤੇ ਉਭਾਰਣ ਦਾ ਯਤਨ ਕਰ ਰਹੀ ਜਾਪਦੀ ਹੈ। ਮੇਰੀ ਇੱਛਾ ਹੈ ਕਿ ਇਹ ਕੈਨੇਡਾ ਦੇ ਪੰਜਾਬੀ ਸਭਿਆਚਾਰ ਦੀ ਸੱਚੀ-ਸੁੱਚੀ ਦੂਤ ਬਣ ਜਾਵੇ। ਨਾਚ ਅਤੇ ਸੰਗੀਤ ਸਾਰੇ ਸੰਸਾਰ ਨੂੰ ਆਪਸ ਵਿਚ ਜੋੜ ਦੇਂਦੇ ਹਨ। ਸੰਗੀਤ ਦੇ ਜ਼ਰੀਏ ਪੂਰਬ ਨਾਲ ਪੱਛਮ, ਗੋਰਿਆਂ ਨਾਲ ਕਾਲੇ, ਬੰਦਿਆਂ ਨਾਲ ਔਰਤਾਂ ਤੇ ਬੁੱਢਿਆਂ ਨਾਲ ਬੱਚੇ ਬਿਨਾਂ ਇਕ ਦੂਜੇ ਦੀ ਬੋਲੀ ਜਾਣਿਆਂ ਜੁੜ ਜਾਂਦੇ ਹਨ। ਚੰਗੇ ਭਾਗਾਂ ਨੂੰ ਸੰਗੀਤ ਵਿਨੀਪੈੱਗ ਦੇ ਸਕੂਲਾਂ ਦਾ ਲਾਜ਼ਮੀ ਵਿਸ਼ਾ ਹੈ। ਹਰ ਬੱਚਾ ਆਰਕੈਸਟਰਾ ਕਲਾਸ ਲਾਉਂਦਾ ਹੈ ਅਤੇ ਕਲਾਰਨੈੱਟ, ਫ਼ਲਿਊਟ ਆਦਿ ਵਿੱਚੋਂ ਕਿਸੇ ਇਕ ਸਾਜ਼ ਦੀ ਚੋਣ ਕਰਦਾ ਹੈ। ਬੱਚਿਆਂ ਨੂੰ ਇਹ ਸਾਜ਼ ਘਰੇਲੂ ਪ੍ਰੈਕਟਿਸ ਵਾਸਤੇ ਵੀ ਕੁਝ ਸਮੇਂ ਲਈ ਦਿੱਤੇ ਜਾਂਦੇ ਹਨ। ਮੇਰੀ ਦੋਹਤੀ ਦਾ ਨਾਂ ਰਿਆਜ਼ ਕੌਰ ਹੈ। ਮੇਰੀ ਬੇਟੀ ਜੈਦੀਪ ਨੇ ਜਾਣ-ਬੁੱਝ ਕੇ ਆਪਣੀ ਧੀ ਨੂੰ ਇਹ ਨਾਂ ਦਿੱਤਾ ਸੀ ਤਾਂ ਕਿ ਲੜਕੀ ਸੰਗੀਤ ਨਾਲ ਜੁੜੀ ਰਹੇ। ਦਰਅਸਲ ਜੈਦੀਪ ਦੀ ਵੀ ਸੰਗੀਤ ਵਿਚ ਬਹੁਤ ਰੁਚੀ ਹੈ ਅਤੇ ਉਹ ਚੰਗੀ ਗਾਇਕਾ ਹੈ, ਪਰ ਗਾਇਣ ਉਸਦਾ ਸਿਰਫ਼ ਸ਼ੌਕ ਬਣਿਆ। ਸ਼ਾਇਦ ਰਿਆਜ਼ ਰਾਹੀਂ ਉਹ ਆਪਣੇ ਸੁਪਨਿਆਂ ਦੀ ਪੂਰਤੀ ਦੇਖ ਰਹੀ ਹੈ। ਉਂਜ ਕੈਨੇਡਾ ਦੇ ਬੱਚੇ ਨੂੰ ਲੋੜੋਂ ਵੱਧ ਕਿਸੇ ਕੰਮ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਰਿਆਜ਼ ਨੇ ਵੀ ਸੰਗੀਤ ਵਿਚ ਬਹੁਤ ਜ਼ਿਆਦਾ ਰੁਚੀ ਦਿਖਾਈ ਹੈ ਤੇ ਬਾਰਾਂ ਸਾਲ ਦੀ ਉਮਰ ਵਿਚ ਠੀਕ-ਠਾਕ ਗਾਉਂਦੀ ਹੈ ਅਤੇ ਕਈ ਪੂਰਬੀ ਤੇ ਪੱਛਮੀ ਸਾਜ਼ ਵਜਾਉਂਦੀ ਹੈ। ਮੈਂ ਉਦੋਂ ਬਹੁਤ ਖ਼ੁਸ਼ ਹੋਇਆ ਜਦੋਂ ਉਸ ਦੇ ਸਕੂਲ ਦੇ ਲਗਪਗ ਸਾਰੇ ਵਿਦਿਆਰਥੀਆਂ ਨੇ ਸਾਜ਼ੀ-ਸੰਗੀਤ ਪੇਸ਼ ਕੀਤਾ। ਸਟੇਜ ’ਤੇ ਬੈਠੇ 30-35 ਬੱਚੇ ਮਿਲ ਕੇ ਮਨਮੋਹਕ ਧੁਨਾਂ ਪੇਸ਼ ਕਰ ਰਹੇ ਸਨ ਅਤੇ ਉਨ੍ਹਾਂ ਦੇ ਟੀਚਰ ਆਪਣੇ ਵਿਦਿਆਰਥੀਆਂ ਦੇ ਆਰਕੈਸਟਰਾ ਦਾ ਸੰਚਾਲਨ ਕਰ ਰਹੇ ਸਨ। ਜੇਕਰ ਸਾਰੇ ਸਕੂਲਾਂ ਵਿਚ ਸੰਗੀਤ ਦਾ ਏਹੋ ਪੱਧਰ ਹੈ ਤਾਂ ਵਿਨੀਪੈੱਗ ਇਨ੍ਹਾਂ ਦੇ ਭਵਿੱਖ ਨੂੰ ਵੀ ਸੰਗੀਤਮਈ ਅਤੇ ਰਸੀਲਾ ਬਣਾਏਗਾ।
ਜਦੋਂ ਮੇਰੀ ਬੇਟੀ ਨੇ ਲੁਧਿਆਣਾ ਛੱਡ ਕੇ ਵਿਨੀਪੈੱਗ ਜਾਣ ਦਾ ਫ਼ੈਸਲਾ ਲਿਆ ਸੀ ਤਾਂ ਮੈਨੂੰ ਡਰ ਸੀ ਕਿ ਹੁਣ ਰਿਆਜ਼ ਕੌਰ ਅੰਦਰਲਾ ਸੰਗੀਤ ਮੁਰਝਾ ਜਾਵੇਗਾ। ਦੂਜਾ ਖ਼ਤਰਾ ਸੀ ਉਸ ਦਾ ਪੰਜਾਬੀ ਬੋਲੀ ਨਾਲ ਰਿਸ਼ਤਾ। ਮੈਨੂੰ ਖ਼ੁਸ਼ੀ ਹੈ ਕਿ ਮੈਂ ਦੋਹਾਂ ਹੀ ਗੱਲਾਂ ਵਿਚ ਗ਼ਲਤ ਸਾਬਤ ਹੋਇਆ। ਸਕੂਲ ਬੋਰਡ ਦੇ ਇਕ ਡਾਇਰੈਕਟਰ ਡੈਰਿਕ ਡੈਬੀ ਦੇ ਸੰਗੀਤ ਵਾਸਤੇ ਲਗਾਉ ਨੇ ਕ੍ਰਿਸ਼ਮਾ ਕੀਤਾ। ਸੈਵਨ ਓਕ ਸਕੂਲ ਖੇਤਰ ਵਿਚ ਉਸ ਨੇ ਇਹ ਗੁੰਜਾਇਸ਼ ਰੱਖੀ ਹੈ ਕਿ ਜਿਹੜਾ ਵੀ ਬੱਚਾ ਭਾਰਤੀ ਸੰਗੀਤ ਸਿੱਖਣ ਦਾ ਚਾਹਵਾਨ ਹੈ ਉਹ ਹਫ਼ਤਾਵਾਰੀ ਕਲਾਸ ਲਾ ਸਕਦਾ ਹੈ। ਰਿਆਜ਼ ਦੀ ਖ਼ੁਸ਼ਕਿਸਮਤੀ ਹੈ ਕਿ ਵਿਨੀਪੈੱਗ ਵਿਚ ਸੰਗੀਤ ਦਾ ਬਹੁਤ ਗੁਣੀ ਵਿਅਕਤੀ ਉਸਤਾਦ ਅਮਜਦ ਰਹਿੰਦਾ ਹੈ। ਉਹ ਮੂਲ ਰੂਪ ਵਿਚ ਪਾਕਿਸਤਾਨੀ ਬਸ਼ਿੰਦਾ ਹੈ ਪਰ ਧਰਮ ਅਤੇ ਜਾਤ ਵੱਲੋਂ ਵੱਖਰਾ ਹੋਣ ਕਾਰਨ ਪਾਕਿਸਤਾਨੀ ਸਮਾਜ ਦੇ ਜ਼ੁਲਮਾਂ ਦਾ ਸ਼ਿਕਾਰ ਸੀ। ਖ਼ੁਸ਼ਕਿਸਮਤੀ ਨੂੰ ਉਸ ਦਾ ਚਾਚਾ ਲਾਹੌਰ ਦੇ ਰੇਡੀਓ ਸਟੇਸ਼ਨ ਦਾ ਡਾਇਰੈਕਟਰ ਹੁੰਦਾ ਸੀ। ਉਨ੍ਹੀਂ ਦਿਨੀਂ ਪ੍ਰੋਗਰਾਮਾਂ ਲਈ ਗਾਇਕ ਸਰਕਾਰੀ ਰੇਡੀਓ ਦੇ ਮੁਹਤਾਜ ਸਨ। ਇਸ ਲਈ ਪਾਕਿਸਤਾਨ ਦੇ ਵੱਡੇ-ਵੱਡੇ ਗਾਇਕ ਉਸਤਾਦ ਅਮਜਦ ਦੇ ਚਾਚੇ ਦੇ ਚੱਕਰ ਕੱਟਦੇ ਹੁੰਦੇ ਸਨ। ਬਾਅਦ ਵਿਚ ਇਹ ਸਾਰੇ ਗਾਇਕ ਸੰਸਾਰ ਭਰ ਵਿਚ ਪ੍ਰਸਿੱਧ ਹੋਏ। ਚਾਚਾ ਉਨ੍ਹਾਂ ਨੂੰ ਪ੍ਰੋਗਰਾਮ ਦੇਣ ਦੀ ਅਜੀਬ ਫ਼ੀਸ ਮੰਗਦਾ ਹੁੰਦਾ ਸੀ। ਉਹ ਭਤੀਜੇ ਦੇ ਸੰਗੀਤ ਦੇ ਸ਼ੌਕ ਦਾ ਕਦਰਦਾਨ ਸੀ; ਹਰੇਕ ਗਾਇਕ ਨੂੰ ਅਮਜਦ ਦੇ ਘਰ ਜਾ ਕੇ ਕੁਝ ਤਾਨਾਂ ਸਿਖਾਉਣ ਲਈ ਕਹਿ ਦੇਂਦਾ ਸੀ। ਉਸਤਾਦ ਨੇ ਮੈਨੂੰ ਨਮ ਅੱਖਾਂ ਨਾਲ ਦੱਸਿਆ ਕਿ ਇਹ ਵੱਡੇ ਲੋਕ ਸਿਖਾਉਣ ਤਾਂ ਉਸਦੇ ਘਰ ਆਉਂਦੇ ਸਨ ਪਰ ਪਾਣੀ ਗੁਆਂਢੀਆਂ ਦੇ ਘਰ ਦਾ ਪੀਂਦੇ ਸਨ। ਇਸੇ ਲਈ ਅਮਜਦ ਕੈਨੇਡਾ ਵਿਚ ਆ ਗਿਆ। ਕੈਨੇਡਾ ਵਿਚ ਜਾਤ ਦੀ ਹਕੀਕਤ ਬਹੁਤ ਧੁੰਦਲੀ ਰਹਿ ਜਾਂਦੀ ਹੈ। ਉਸਤਾਦ ਅਮਜਦ ਗਾਇਣ ਦੇ ਨਾਲ-ਨਾਲ ਵਾਇਲਨ ਅਤੇ ਤਬਲੇ ਦਾ ਵੀ ਉਸਤਾਦ ਹੈ। ਮੈਨੂੰ ਦੁੱਖ ਹੈ ਕਿ ਸਾਡੀ ਕਮਿਊਨਟੀ ਨੇ ਵਿਨੀਪੈੱਗ ਵਿਚ ਉਸ ਦੀ ਕਲਾ ਦਾ ਪੂਰਾ ਫ਼ਾਇਦਾ ਨਹੀਂ ਉਠਾਇਆ। ਰਿਆਜ਼ ਕੌਰ ਤੋਂ ਇਲਾਵਾ ਹੋਰ ਸਿਰਫ਼ 7-8 ਵਿਦਿਆਰਥੀ ਅਮਜਦ ਹੁਰਾਂ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਦੇ ਹਨ। ਇਸ ਵਾਰ ਜਦੋਂ ਮੈਂ ਉਨ੍ਹਾਂ ਦੀ ਕਲਾਸ ਵਿਚ ਗਿਆ ਤਾਂ ਰਿਆਜ਼ ਸਮੇਤ ਬੱਚਿਆਂ ਨੇ ਰਾਗ ਬਾਗੇਸ਼ਵਰੀ ਦੀ ਇਕ ਖ਼ੂਬਸੂਰਤ ਬੰਦਿਸ਼ ਸੁਣਾਈ। ਮੈਨੂੰ ਉਦੋਂ ਲੱਗਾ ਕਿ ਡੈਰਿਕ ਡੈਬੀ, ਉਸਤਾਦ ਅਮਜਦ ਅਤੇ ਵਿਨੀਪੈੱਗ ਦੇ ਖੁੱਲ੍ਹੇ ਬਹੁ-ਸਭਿਆਚਾਰਵਾਦ ਕਾਰਨ ਮੇਰੀ ਦੋਹਤੀ ਦਾ ਭਾਰਤੀ ਸੰਗੀਤ ਨਾਲ ਲਗਾਉ ਸਗੋਂ ਹੋਰ ਪੁਖ਼ਤਾ ਹੋ ਰਿਹਾ ਹੈ। ਹੁਣ ਉਹ ਹਾਰਮੋਨੀਅਮ ਦੇ ਸੁਰਾਂ ਨਾਲ ਖੇਲ਼੍ਹ ਵੀ ਸਕਦੀ ਹੈ, ਪੱਛਮੀ ਅਤੇ ਭਾਰਤੀ ਗਾਇਣ ਕਰ ਸਕਦੀ ਹੈ ਅਤੇ ਬਾਂਸੁਰੀ, ਪਿਆਨੋ ਅਤੇ ਕਲਾਰਨੈੱਟ ਵੀ ਸਿੱਖ ਰਹੀ ਹੈ। ਜੇ ਰਿਆਜ਼ ਦਾ ‘ਰਿਆਜ਼’ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਜ਼ਰੂਰ ਕੁਝ ਕਰ ਗੁਜ਼ਰੇਗੀ। ਸ਼ੁਕਰੀਆ ਵਿਨੀਪੈੱਗ!
ਸੰਪਰਕ: 98760-18501