ਸੁੱਚਾ ਸਿੰਘ ਖਟੜਾ
ਭਾਰਤ ਵਿੱਚ ਅਧਿਆਪਕ ਦਿਵਸ 5 ਸਤੰਬਰ 1962 ਤੋਂ ਮਨਾਉਣਾ ਸ਼ੁਰੂ ਹੋਇਆ ਸੀ। ਇਸ ਦਾ ਸਬੱਬ ਵੀ ਇਹ ਬਣਿਆ ਕਿ ਜਦੋਂ ਦੇਸ਼ ਦੇ ਉੱਘੇ ਚਿੰਤਕ, ਫਿਲਾਸਫਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਕਈ ਯੂਨੀਵਰਸਿਟੀਆਂ ਦੇ ਰਹਿ ਚੁੱਕੇ ਵਾਈਸ ਚਾਂਸਲਰ ਅਤੇ ਦੇਸ਼ ਦੇ ਉਸ ਸਮੇਂ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਆਗਿਆ ਮੰਗੀ ਤਾਂ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕਿ ਜੇਕਰ ਇਸ ਦਿਨ ਨੂੰ ‘ਅਧਿਆਪਕ ਦਿਵਸ’ ਦੇ ਰੂਪ ’ਚ ਮਨਾਇਆ ਜਾਵੇ। ਇੰਜ, 5 ਸਤੰਬਰ ‘ਅਧਿਆਪਕ ਦਿਵਸ’ ਬਣ ਗਿਆ। ਅਧਿਆਪਕ ਨੂੰ ਜੋ ਮਹੱਤਤਾ ਇਸ ਮਹਾਪੁਰਸ਼ ਨੇ ਦਿੱਤੀ, ਉਸ ਨੂੰ ਮਾਨਤਾ ਹੀ ਸਮਝੋ ਕਿ 1992 ਤੋਂ ‘ਅੰਤਰਰਾਸ਼ਟਰੀ ਅਧਿਆਪਕ ਦਿਵਸ’ ਮਨਾਉਣਾ ਸ਼ੁਰੂ ਹੋਇਆ ਪਰ ਇਹ 5 ਅਕਤੂਬਰ ਨੂੰ ਹੁੰਦਾ ਹੈ।
‘ਅਧਿਆਪਕ ਦਿਵਸ’ ਮੌਕੇ ਜਿੱਥੇ ਸਰਕਾਰ ਵੱਲੋਂ ਅਧਿਆਪਕਾਂ ਨੂੰ ਅਖ਼ਬਾਰੀ ਬਿਆਨਾਂ ਰਾਹੀਂ ਅਤੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਸਨਮਾਨ ਪੱਤਰਾਂ ਰਾਹੀਂ ਸਨਮਾਨਿਤ ਕੀਤਾ ਜਾਂਦਾ ਹੈ, ਉੱਥੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਅਖ਼ਬਾਰਾਂ ਵਿੱਚ ਇਸ ਦਿਨ ਅਧਿਆਪਕ-ਅਧਿਆਪਨ ਅਤੇ ਇਸ ਦੇ ਸਮਾਜਿਕ ਸਰੋਕਾਰਾਂ ਬਾਰੇ ਲੇਖ ਛਪਦੇ ਹਨ। ਅਨੇਕ ਅਧਿਆਪਕ ਆਪਣੇ ਕਿੱਤੇ ਅਤੇ ਕਿਰਤ ਪ੍ਰਤੀ ਵੀ ਆਤਮ-ਚਿੰਤਨ ਕਰਦੇ ਹਨ।
ਮੈਂ ਵੀ ਇੱਕ ਅਧਿਆਪਕ ਰਿਹਾ ਹਾਂ ਤੇ ਆਪਣੇ ਸਾਰੇ ਅਧਿਆਪਨ ਕਾਲ ’ਤੇ ਤਸੱਲੀ ਅਤੇ ਸੰਤੁਸ਼ਟੀ ਦੇ ਭਾਵ-ਪ੍ਰਭਾਵ ਨੂੰ ਮਾਣਦਾ ਰਿਹਾ ਹਾਂ। ਇਸ ਦਾ ਕਾਰਨ ਜਿੱਥੇ ਭਾਰਤੀ ਪਰੰਪਰਾਵਾਂ ਅਧੀਨ ਸਮਾਜ ਵਿੱਚ ਅਧਿਆਪਕਾਂ ਨੂੰ ਹਾਲੇ ਵੀ ਮਿਲਦਾ ਸਨਮਾਨ ਸੀ, ਉੱਥੇ ਆਪਣੇ ਵਿਦਿਆਰਥੀਆਂ ਦੀਆਂ ਵੇਖਣ-ਸੁਣਨ ਨੂੰ ਮਿਲਦੀਆਂ ਸਫ਼ਲਤਾਵਾਂ, ਵਿਦਿਆਰਥੀਆਂ, ਸਾਥੀ ਅਧਿਆਪਕ ਭੈਣ-ਭਰਾਵਾਂ ਅਤੇ ਅਧਿਕਾਰੀਆਂ ਵੱਲੋਂ ਮਿਲਦਾ ਪਿਆਰ ਸਤਿਕਾਰ ਵੀ ਸੀ, ਪਰ ਅੱਜ ਜਦੋਂ ਸਮਾਜ ਅਤੇ ਦੇਸ਼ ਦੀ ਹਾਲਤ ਵੇਖਦਾ ਹਾਂ ਤਾਂ ਲੱਗਦਾ ਹੈ ਕਿ ਕਰਨ ਤੋਂ ਕਾਫ਼ੀ ਕੁਝ ਅਧੂਰਾ ਰਹਿ ਗਿਆ ਹੈ। ਜੇਕਰ ਅਧਿਆਪਕ ਸਮਾਜ ਦਾ ਗੁਰੂ ਹੈ ਤਾਂ ਜੋ ਕੁਝ ਚੌਤਰਫ਼ਾ ਦੇਖਣ ਨੂੰ ਮਿਲ ਰਿਹਾ ਹੈ, ਉਸ ਦੀ ਜ਼ਿੰਮੇਵਾਰੀ ਸਾਨੂੰ ਅਧਿਆਪਕਾਂ ਨੂੰ ਹੀ ਲੈਣੀ ਪਵੇਗੀ। ਧਰਮ-ਜਾਤ ਦੇ ਆਧਾਰ ’ਤੇ ਹਿੰਸਕ ਵਿਤਕਰਾ ਵਿਆਪਕ ਹੈ। ਲੋਕਤੰਤਰੀ ਸੰਸਥਾਵਾਂ ਆਪਣੇ ਨਾਲ ਲੋਕ ਰਾਜ ਨੂੰ ਲੈ ਕੇ ਡੁੱਬ ਰਹੀਆਂ ਹਨ। ਸੋਚਣ, ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਅ ਦੀ ਆਜ਼ਾਦੀ ਦਾ ਗਲਾ ਘੁੱਟ ਕੇ ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਅਤੇ ਸਮਾਜ ਸੇਵਕਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਸਮਾਜ ਦੇ ਇੱਕ ਵੱਡੇ ਤਬਕੇ ਵੱਲੋਂ ਦਰਪੇਸ਼ ਸਮੱਸਿਆਵਾਂ ਦੀਆਂ ਅਨੁਸਾਰੀ ਪ੍ਰਾਥਮਿਕਤਾਵਾਂ ਪ੍ਰਤੀ ਅਗਿਆਨਤਾ ਕਾਰਨ ਬੇਰੁਜ਼ਗਾਰੀ ਅਤੇ ਆਰਥਿਕ ਮੰਦਹਾਲੀ ਵਰਗੇ ਮੁੱਦਿਆਂ ਬਾਰੇ ਦੇਸ਼ ਦੇ ਸ਼ਾਸਕ ਤੋਂ ਪੁੱਛਣ ਦੀ ਥਾਂ ਉਸ ਦੀ ਆਰਤੀ ਉਤਾਰੀ ਜਾ ਰਹੀ ਹੈ।
ਮਾਪੇ ਆਪਣੀ ਔਲਾਦ ਨੂੰ ਵਿਦੇਸ਼ ਭੇਜ ਰਹੇ ਹਨ ਤੇ ਇੱਧਰ ਬਚੀ ਜਵਾਨੀ ਨਸ਼ਿਆਂ ਦੀ ਦਲਦਲ ’ਚ ਜਾ ਰਹੀ ਹੈ। ਇਹੋ ਜਿਹਾ ਕਿੰਨਾ ਹੋਰ ਕੁਝ!
ਕੀ ਇਹ ਰੱਬ ਦੀ ਕਰਨੀ ਹੈ? ਜੇਕਰ ਅਸੀਂ ਸਮਾਜ ਦੇ ਗੁਰੂ ਹਾਂ ਤਾਂ ਇੱਧਰ-ਉੱਧਰ ਦੀਆਂ ਸੋ ਕਰ ਲਵੋ, ਸੱਚੇ ਗੁਰੂ ਦੀ ਤਰ੍ਹਾਂ ਇਸ ਕਰੂਪ ਤਸਵੀਰ ਦੀ ਜ਼ਿੰਮੇੇਵਾਰੀ ਗੁਰੂ ਨੂੰ ਹੀ ਲੈਣੀ ਪਵੇਗੀ। ਹੁਣ ਪ੍ਰਸ਼ਨ ਇਹ ਹੈ ਕਿ ਕੀ ਭਵਿੱਖ ਵਿੱਚ ਅੱਜ ਦਾ ਗੁਰੂ ਚੁਣੌਤੀ ਸਵੀਕਾਰ ਕਰ ਕੇ ਇਸ ਕਰੂਪ ਤਸਵੀਰ ਨੂੰ ਸੁਧਾਰ ਸਕਦਾ ਹੈ? ਇਸ ਦਾ ਉੱਤਰ ਨਵੀਂ ਸਿੱਖਿਆ ਨੀਤੀ ਵਿੱਚ ਮਿਲੇਗਾ ਜੋ ਕਿ ‘ਨਾਂਹ’ ਵਿੱਚ ਹੈ ਕਿਉਂਕਿ ਅਧਿਆਪਕ ਨੇ ਕਿਸੇ ਚੌਖਟੇ ਵਿੱਚ ਹੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਨਵੀਂ ਸਿੱਖਿਆ ਨੀਤੀ ਅਧੀਨ ਜੋ ਚੌਖਟਾ ਸਿਰਜਿਆ ਜਾਵੇਗਾ, ਉਸ ਵਿੱਚ ਅਧਿਆਪਕ ਇੱਕ ਸਿੱਖਿਆ ਕਰਮੀ ਬਣ ਕੇ ਰਹਿ ਜਾਵੇਗਾ ਅਤੇ ਉਹ ਡਾ. ਕੁਠਾਰੀ (ਸਿੱਖਿਆ ਨੀਤੀ 1968) ਦੇ ਸ਼ਬਦਾਂ ਨੂੰ ਯਾਦ ਕਰ ਕੇ ਰੋਇਆ ਕਰੇਗਾ। ਡਾ. ਕੁਠਾਰੀ ਦੇ ਸ਼ਬਦ ਸਨ ਕਿ ਅਧਿਆਪਕ ਦਾ ਵੇਤਨ ਦੂਜੇ ਮੁਲਾਜ਼ਮਾਂ ਦੇ ਮੁਕਾਬਲੇ ਇੰਨਾ ਹੋਣਾ ਚਾਹੀਦਾ ਹੈ ਕਿ ਅਧਿਆਪਕ ਨੂੰ ਉਮਰ ਦੇ ਕਿਸੇ ਵੀ ਪੜਾਅ ’ਤੇ ਸਿੱਖਿਆ ਵਿਭਾਗ ਵਿੱਚ ਆਉਣ ’ਤੇ ਰੱਤੀ ਭਰ ਪਛਤਾਵਾ ਨਾ ਹੋਵੇ। ਨਵੀਂ ਸਿੱਖਿਆ ਨੀਤੀ ਅਧੀਨ ਸਿਰਜੇ ਜਾਣ ਵਾਲੇ ਚੌਖਟੇ ਵਿੱਚ ਅਧਿਆਪਕ ਦੀ ਯੋਗਤਾ, ਭਰਤੀ, ਪ੍ਰਮੋਸ਼ਨ, ਵੇਤਨ ਵਾਧੇ ਅਤੇ ਸੇਵਾ ਹਾਲਤਾਂ ਦੇ ਮੁੱਦਿਆਂ ’ਤੇ ਹੀ ਸੰਖੇਪ ਚਰਚਾ ਕੀਤੀ ਜਾਵੇਗੀ।
ਨਵੀਂ ਸਿੱਖਿਆ ਨੀਤੀ ਵਿੱਚ ਪਹਿਲਾ ਮੁੱਦਾ ਅਧਿਆਪਕ ਦੀ ਯੋਗਤਾ ਅਤੇ ਭਰਤੀ ਦਾ ਹੈ। ਸਕੂਲ ਸਿੱਖਿਆ ਲਈ 5+3+3+4 ਸਾਲਾ ਚਾਰ ਸਟੇਜਾਂ ਦਾ ਪੈਟਰਨ ਬਣਾਇਆ ਗਿਆ ਹੈ। ਇਨ੍ਹਾਂ ਨੂੰ ਕ੍ਰਮਵਾਰ ਬੁਨਿਆਦੀ, ਪ੍ਰੈਪਰੇਟਰੀ, ਮਿਡਲ ਅਤੇ ਸੈਕੰਡਰੀ ਸਟੇਜਾਂ ਦੇ ਨਾਂ ਦਿੱਤੇ ਗਏ ਹਨ। ਸਾਲ 2030 ਤੱਕ ਹਰ ਸਟੇਜ ਲਈ ਮੁੱਢਲੀ ਵਿੱਦਿਅਕ ਯੋਗਤਾ ਇੰਟੀਗ੍ਰੇਟਿਡ ਗ੍ਰੈਜੂਏਟ ਹੋਵੇਗੀ। ਇਹ ਡਿਗਰੀ ਹਰ ਕਾਲਜ ਵਿੱਚੋਂ ਨਹੀਂ, ਕੇਵਲ accredited Multidisciplinary higher educational institutions ਵਿੱਚੋਂ ਹੀ ਕਰਨੀ ਹੋਵੇਗੀ। ਉਪਰੋਕਤ ਬੁਨਿਆਦੀ ਸਟੇਜ ਦੇ ਪੰਜ ਸਾਲਾਂ ਵਿੱਚੋਂ ਪਹਿਲੇ ਤਿੰਨ ਸਾਲ ਮੁੱਢਲੀ ਬਾਲ ਸਿੱਖਿਆ ਲਈ ਆਂਗਨਵਾੜੀ ਵਰਕਰ ਨੂੰ early childhood education ਦਾ ਇਨਸਰਵਿਸ ਕੋਰਸ ਕਰਵਾਇਆ ਜਾਵੇਗਾ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਛੇ ਮਹੀਨਿਆਂ ਜਾਂ ਸਾਲ ਦਾ ਹੋਵੇਗਾ। ਨਿਯੁਕਤੀ ਲਈ ਉਪਰੋਕਤ ਪੜਾਵਾਂ ਅਨੁਸਾਰ ‘ਟੈੱਟ’ ਦਾ ਸਿਲੇਬਸ ਹੋਵੇਗਾ। ‘ਟੈੱਟ’ ਦੀ ਪ੍ਰੀਖਿਆ ਹਰ ਸਟੇਜ ਦੇ ਅਧਿਆਪਕ ਲਈ ਹੋਵੇਗੀ। ਵੱਖ-ਵੱਖ ਵਿਸ਼ਿਆਂ ਲਈ ‘ਟੈੱਟ’ ਤੋਂ ਇਲਾਵਾ ਕੌਮੀ ਪ੍ਰੀਖਿਆ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਨਿਯੁਕਤੀ ਲਈ ਅਧਿਆਪਕ ਨੂੰ ਉਪਰੋਕਤ ਯੋਗਤਾਵਾਂ ਅਤੇ ਟੈਸਟ ਹੀ ਕਾਫ਼ੀ ਨਹੀਂ ਹੋਣਗੇੇ, ਉਸ ਨੂੰ ਕਲਾਮ ਰੂਮ ਵਿੱਚ ਆਪਣੀ ਨਿਪੁੰਨਤਾ ਦੇ ਪ੍ਰਦਰਸ਼ਨ ਦੇ ਨਾਲ-ਨਾਲ ਇੰਟਰਵਿਊ ਵੀ ਪਾਸ ਕਰਨੀ ਪਵੇਗੀ।
ਅਧਿਆਪਕ ਨਿਯੁਕਤ ਹੋਣ ਉਪਰੰਤ ਕਿਸੇ ਵੀ ਰੈਂਕ ਤੋਂ ਪਦਉੱਨਤੀ ਸੀਨੀਆਰਤਾ ਅਨੁਸਾਰ ਨਹੀਂ ਹੋਵੇਗੀ। ਅਧਿਆਪਕ ਨੂੰ ਪਦਉੱਨਤੀ ਵਾਲੀ ਪੋਸਟ ਲਈ ਸਰਟੀਫਿਕੇਟ ਕੋਰਸ ਪਾਸ ਕਰਨਾ ਹੋਵੇਗਾ ਅਤੇ ਐੱਨਪੀਐੱਸ (National Professional Standard for Teachers) ਵੱਲੋਂ ਨਿਰਧਾਰਿਤ ਮਾਪਦੰਡਾਂ ’ਤੇ ਪੂਰਾ ਉਤਰਨ ਦੀ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ। ਇਹ ਮਾਪਦੰਡ 2022 ਤੱਕ ਤਿਆਰ ਹੋ ਜਾਣਗੇ। ਅਧਿਆਪਕ ਇੱਕ ਤੋਂ ਦੂਜੀ ਸਟੇਜ ਵਿੱਚ ਪ੍ਰਮੋਟ ਹੋ ਸਕੇਗਾ। ਹਰ ਸਟੇਜ ਵਿੱਚ ਪਦਉੱਨਤੀ ਲਈ ਵੱਖ-ਵੱਖ ਅਹੁਦਿਆਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਹ ਕਾਰਜ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਪੱਧਰ ’ਤੇ ਕਰ ਸਕਦੇ ਹਨ।
ਐੱਨਪੀਐੱਸ ਦੇ ਮਾਪਦੰਡਾਂ ਦੇ ਆਧਾਰ ਊੱਤੇ ਮੁਲਾਂਕਣ ਪਦਉੱਨਤੀ ਲਈ ਹੀ ਨਹੀਂ ਹਰ ਵੇਤਨ ਵਾਧੇ ਅਤੇ Tenure ਲਈ ਵੀ ਜ਼ਰੂਰੀ ਹੋਣਗੇ। ਵੇਤਨ ਵਿੱਚ ਵਾਧਾ ਹੁਣ ਸਾਲਾਨਾ ਤਰੱਕੀ, 4-9-14 ਸਾਲਾ ਤਰੱਕੀ ਜਾਂ ਗ੍ਰੇਡ ਦੁਹਰਾਈ ਨਾਲ ਨਹੀਂ ਹੋਵੇਗਾ ਸਗੋਂ ਐੱਨਪੀਐੱਸ ਦੇ ਮਾਪਦੰਡਾਂ ਦੇ ਮੁਲਾਂਕਣ ’ਤੇ ਆਧਾਰਿਤ ਹੋਵੇਗਾ (ਪੈਰ੍ਹਾ 5.17)। ਇਸ ਮੁਲਾਂਕਣ ਵਿੱਚ ਕੰਪਲੈਕਸ ਸਕੂਲ ਦੇ ਮੁਖੀ, ਕਮਿਊਨਿਟੀ ਅਤੇ ਸਹਿਕਰਮੀ ਅਧਿਆਪਕਾਂ ਦੀ ਰਾਇ ਵੀ ਸ਼ਾਮਲ ਹੋਵੇਗੀ। Tenure ਦਾ ਸਬੰਧ ਸੇਵਾ ਨਾਲ ਵੀ ਅਤੇ ਸਥਾਨ ਨਾਲ ਵੀ ਹੋ ਸਕਦਾ ਹੈ। ਦੋਵਾਂ ਵਿੱਚੋਂ ਕਿਸੇ ਵੀ ਅਰਥ ’ਚ ਐੱਨਪੀਐੱਸ ਅਨੁਸਾਰ ਮੁਲਾਂਕਣ ਲਾਗੂ ਕੀਤਾ ਜਾਵੇ ਤਾਂ ਸਰਵਿਸ ਤੋਂ ਵੀ ਛੁੱਟੀ ਹੋ ਸਕਦੀ ਹੈ ਅਤੇ ਸਥਾਨ ਵੀ ਬਦਲਿਆ ਜਾ ਸਕਦਾ ਹੈ। ਅਧਿਆਪਕ ਉੱਤੇ ਨਿਗਰਾਨੀ ਸਬੰਧੀ ਨਵੀਂ ਸਿੱਖਿਆ ਨੀਤੀ ਦੇ ਸਿਧਾਂਤਾਂ ( ਪੈਰ੍ਹਾ 0.13) ਵਿੱਚ ਇਸੇ ਸਭ ਕੁਝ ਨੂੰ Light but Tight ਦੀ ਸੁੰਦਰ ਸ਼ਬਦਵਾਲੀ ਦਿੱਤੀ ਗਈ ਹੈ।
ਅਧਿਆਪਕ ਦੀ ਭਰਤੀ ਸਬੰਧੀ ਜਿੱਥੇ ਇੱਕ ਪਾਸੇ ਉਪਰੋਕਤ ਟੈਸਟਾਂ ਦਾ ਜ਼ਿਕਰ ਕੀਤਾ ਗਿਆ ਹੈ, ਉੱਥੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕੰਪਲੈਕਸ ਸਕੂਲ ਦੇ ਮੁਖੀ ਨੂੰ ਸਥਾਨਕ ਪੱਧਰ ਊੱਤੇ ਮਾਣਭੱਤਾ ਆਧਾਰਿਤ ਅਧਿਆਪਕ Hire ਕਰਨ ਦੇ ਅਤੇ ਪੱਕੇ ਅਧਿਆਪਕ ਨੂੰ ਕੰਪਲੈਕਸ ਘੇਰੇ ਅੰਦਰ ਇੱਕ ਤੋਂ ਦੂਜੇ ਸਕੂਲ ਵਿੱਚ ਲੋੜ ਵੇਲੇ ਤੁਰੰਤ ਭੇਜਣ ਦੇ ਅਧਿਕਾਰ ਵੀ ਹੋਣਗੇ। ਅਧਿਆਪਕ ਨੂੰ ਕੰਪਲੈਕਸ ਸਕੂਲਾਂ ਸਬੰਧੀ ਨਵੀਂ ਸਿੱਖਿਆ ਨੀਤੀ ਵਿੱਚ ਦਿੱਤਾ ਸਰੂਪ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।
ਸੰਪਰਕ: 94176-52947