ਬਾਤ ਨਿਕਲੀ ਹੈ, ਅਤੀਤ ਤੱਕ ਜਾ ਪੜ੍ਹੀਏ ਜੀ

ਬਾਤ ਨਿਕਲੀ ਹੈ, ਅਤੀਤ ਤੱਕ ਜਾ ਪੜ੍ਹੀਏ ਜੀ

ਐੱਸ ਪੀ ਸਿੰਘ*

ਹਾਲਾਤ ਮਾਕੂਲ ਨਹੀਂ ਸਨ। ਪ੍ਰਧਾਨ ਮੰਤਰੀ ਉੱਤੇ ਗੰਭੀਰ ਇਲਜ਼ਾਮ ਲੱਗ ਰਹੇ ਸਨ। ਬੋਫੋਰਸ ਤੋਪਾਂ ਦੀ ਖਰੀਦ ਵਿਚ ਦਲਾਲੀ ਦੀਆਂ ਸੁਰਖੀਆਂ ਚੌਤਰਫ਼ੀ ਤਾਰੀ ਸਨ। ਪਟਨਾ ਸ਼ਹਿਰ ਵਿਚ ਆਲ ਇੰਡੀਆ ਰੇਡੀਓ ਸਟੇਸ਼ਨ ਵੇਖਣ ਆਏ ਸਕੂਲੀ ਵਿਦਿਆਰਥੀਆਂ ’ਚੋਂ ਇਕ ਛੋਟੀ ਜਿਹੀ ਬੱਚੀ ਨੂੰ ਲਾਈਵ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਵਿਚ ਜਦੋਂ ਕਿਹਾ ਗਿਆ ਕਿ ਉਹ ਵੀ ਕੁਝ ਸੁਣਾਵੇ ਤਾਂ ਉਸ ਗਲੀ ਗਲੀ ਸੁਣੀ ਸੁਣਾਈ ਗੱਲ ਕਹਿ ਦਿੱਤੀ–‘‘ਗਲੀ ਗਲੀ ਮੇਂ ਸ਼ੋਰ ਹੈ, _ _ ਚੋਰ ਹੈ।’’

ਕਫ਼ੀਲ ਆਜ਼ਰ ਅਮਰੋਹਵੀ ਦੀ ਨਜ਼ਮ ਸਮਿਆਂ ਦਾ ਸਦੀਵੀ ਸੱਚ ਹੋ ਨਿੱਬੜੀ- ‘‘ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ’’ ‘‘ਗਲੀ ਗਲੀ ਮੇਂ ਸ਼ੋਰ’’ ਮੁਲਕ ਭਰ ਦੀਆਂ ਗਲੀਆਂ ਵਿਚ ਉੱਭਰ ਪਿਆ। ਰਾਜਕੁਮਾਰ ਦੇ ਸਬਰ ਦਾ ਪਿਆਲਾ ਭਰ ਰਿਹਾ ਸੀ। ਉਹਦੀ ਹਕੂਮਤ ਵਿਚ ਸੁਣਿਆ ਹੈ ਕਿ ਇਕ ਮੰਤਰੀ ਚਾਣਕਿਆ ਦੇ ਨਾਂ ਨਾਲ ਪ੍ਰਸਿੱਧ ਸੀ। ਚਾਣਕਿਆ ਨੇ ਚਾਲ ਚੱਲੀ।

ਦੇਸ਼ ਵਿਚ ਚੋਣਾਂ ਤੋਂ ਕੋਈ ਚਾਰ ਮਹੀਨੇ ਪਹਿਲਾਂ ਅਖ਼ਬਾਰੀ ਸੁਰਖੀਆਂ ਦਾ ਇਕ ਵੱਡਾ ਧਮਾਕਾ ਹੋਇਆ। ਪਤਾ ਲੱਗਿਆ ਕਿ ਆਪਣੇ ਆਪ ਨੂੰ ਬੇਦਾਗ਼, ਮਿਸਟਰ ਕਲੀਨ ਕਹਿੰਦੇ ਤਤਕਾਲੀਨ ਵਿੱਤ ਮੰਤਰੀ ਵੀਪੀ ਸਿੰਘ ਦੇ ਮੁੰਡੇ ਦੇ ਤਾਂ ਵੈਸਟਇੰਡੀਜ਼ ਵਿਚਲੇ ਇਕ ਟਾਪੂਨੁਮਾ ਦੇਸ਼, ਸੇਂਟ ਕਿਟਸ ਐਂਡ ਨੇਵਿਸ ਦੇ ਬੈਂਕ ਵਿਚ ਗੁਪਤ ਖਾਤੇ ਖੁੱਲ੍ਹੇ ਹੋਏ ਹਨ ਜਿੱਥੇ 21 ਮਿਲੀਅਨ ਡਾਲਰਾਂ ਦੇ ਭੰਡਾਰ ਪਏ ਹਨ। ਦਸਤਾਵੇਜ਼ਾਂ ਦਾ ਥੱਬਾ ਖੁੱਲ੍ਹ ਗਿਆ, ਦੇਸ਼ ਦੇ ਅਖ਼ਬਾਰੀ ਪੰਨਿਆਂ ’ਤੇ ਸਾਰਾ ਖੁਲਾਸਾ ਡੁੱਲ੍ਹ ਗਿਆ।

ਗੁਪਤ ਖਾਤੇ ਦੇ ਲਾਭਕਾਰੀਆਂ ਵਿਚ ਰਾਜੀਵ ਗਾਂਧੀ ਦਾ ਅਸਤੀਫ਼ਾ ਮੰਗਦੇ ਵੀਪੀ ਸਿੰਘ ਦਾ ਨਾਉਂ ਵੱਜਦਾ ਸੀ। ਇਹੋ ਸੀ ਨਾ ਜਿਹੜਾ ਨੌਜਵਾਨ ਦਿਲਾਂ ਦੀ ਧੜਕਣ ਵਾਲੇ ਪ੍ਰਧਾਨ ਮੰਤਰੀ ਵਿਰੁੱਧ ਦੋਸ਼ ਲਗਾਉਂਦਾ ਸੀ?

ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਕਰ ਰਿਹਾ ਹੋਵੇ ਇੰਝ ਬਦਨਾਮ ਅਤੇ ਕੱਚਾ ਚਿੱਠਾ ਖੁੱਲ੍ਹ ਜਾਵੇ ਤਾਂ ਫਿਰ ਝੱਟਪਟ ਜਾਂਚ ਤਾਂ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਜਾਂਦੀ ਹੈ। ਆਖ਼ਰ ਦੇਸ਼ ਦੀ ਸੁਰੱਖਿਆ ਨੂੰ ਵੀ ਤਾਂ ਖ਼ਤਰਾ ਹੋ ਜਾਂਦਾ ਹੈ।

ਮਾਮਲੇ ਉੱਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਚਾੜ੍ਹ ਦਿੱਤਾ ਗਿਆ। ਵੱਡੇ-ਵੱਡੇ ਜਾਂਚ ਅਧਿਕਾਰੀ 40,000 ਦੀ ਜਨਸੰਖਿਆ ਵਾਲੇ ਓਸ ਏਡੇ ਵੱਡੇ ਮੁਲਕ ਵਿੱਚ ਫੈਲ ਗਏ ਜਿਸ ਵਰਗੇ ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਚਾਰ ਪੂਰੇ ਆ ਜਾਣ। ਵਿਦੇਸ਼ੀ ਹੱਥ, ਦਸਤਾਵੇਜ਼, ਸਬੂਤ, ਗੁਪਤ ਬੈਂਕ ਖਾਤੇ, ਡਾਲਰਾਂ ਦੇ ਭੰਡਾਰ, ਦੇਸ਼ ਦੀ ਸੁਰੱਖਿਆ, ਜਾਂਚ ਏਜੰਸੀਆਂ- ਭਾਰਤੀ ਰਾਜਨੀਤਕ ਕਥਾਨਕ ਦੇ ਸਭ ਜ਼ਰੂਰੀ ਤੱਤ ਮੌਜੂਦ ਸਨ।

ਚੋਣਾਂ ਹੋਈਆਂ। ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ। ਸੀਬੀਆਈ ਨੇ ਪਤਾ ਕੀਤਾ ਕਿ ਕਰਤਾ-ਧਰਤਾ ਚਾਣਕਿਆ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਹੀ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਦਾ ਮੁਖੀ ਰਲਿਆ ਹੋਇਆ ਸੀ। ਮੰਤਰੀ ਰਹਿ ਚੁੱਕੇ ਚਾਣਕਿਆ ਦਾ ਇਕ ਤਾਂਤਰਿਕ ਯਾਰ ਅਤੇ ਹਥਿਆਰਾਂ ਦੀ ਅੰਤਰਰਾਸ਼ਟਰੀ ਵਿਕਰੀ ਦਾ ਇਕ ਦਲਾਲ ਵੀ ਸਾਜ਼ਿਸ਼ ਵਿਚ ਸ਼ਾਮਲ ਸਨ।

ਵੀਪੀ ਸਿੰਘ ਦੀ ਸਰਕਾਰ ਡਿੱਗੀ ਤਾਂ ਕੇਸ ਸੁਰਖੀਆਂ ’ਚੋਂ ਲਾਂਭੇ ਹੋ ਗਿਆ। ਚਾਣਕਿਆ ਪ੍ਰਧਾਨ ਮੰਤਰੀ ਬਣ ਗਿਆ, ਤਾਂਤਰਿਕ ਉਹਦਾ ਜੋਟੀਦਾਰ ਰਿਹਾ। ਜਾਂਚ ਕਰ ਰਹੇ ਸੀਬੀਆਈ ਅਧਿਕਾਰੀਆਂ ਦਾ ਤਬਾਦਲਾ ਹੋ ਗਿਆ। 1996 ਵਿਚ ਉਹਦੀ ਸਰਕਾਰ ਦੀ ਮਿਆਦ ਪੁੱਗੀ ਤਾਂ ਨਾਗਰਿਕ ਅਧਿਕਾਰਾਂ ਦੇ ਘੁਲਾਟੀਆਂ ਨੇ ਕਬਰਾਂ ਵਿਚੋਂ ਕੇਸ ਦੁਬਾਰਾ ਕੱਢ ਲਿਆ। ਚਾਣਕਿਆ ਜੀ ਚਾਰਜਸ਼ੀਟ ਹੋ ਗਏ। ਤਾਂਤਰਿਕ ਬਾਬਾ ਵੀ ਤੇ ਸਰਕਾਰ-ਏ-ਹਿੰਦ ਦਾ ਇਕ ਸਾਬਕਾ ਵਿਦੇਸ਼ ਰਾਜ ਮੰਤਰੀ ਵੀ।

ਪ੍ਰਧਾਨ ਮੰਤਰੀ ਰਹਿ ਚੁੱਕੇ ਚਾਣਕਿਆ ਦੇ ਵਾਰ-ਵਾਰ ਗ਼ੈਰ-ਜ਼ਮਾਨਤੀ ਵਾਰੰਟ ਨਿਕਲਦੇ ਰਹੇ ਪਰੰਤੂ ਅੰਤ ਸਬੂਤਾਂ ਦੀ ਘਾਟ ਕਾਰਨ ਉਹ ਛੁੱਟ ਗਿਆ। ਸਦੀ ਬਦਲੀ ਪਰ ਕੇਸ ਚੱਲਦਾ ਰਿਹਾ। 2001 ਤੱਕ ਵੀਪੀ ਸਿੰਘ ਅਤੇ ਉਨ੍ਹਾਂ ਦਾ ਮੁੰਡਾ ਅਦਾਲਤਾਂ ’ਚ ਪੇਸ਼ੀਆਂ ਭੁਗਤਦੇ ਰਹੇ। ਅੰਤ 2004 ਵਿਚ ਤੰਤਰ ਨੇ ਤਾਂਤਰਿਕ ਨੂੰ ਵੀ ਬਖ਼ਸ਼ ਦਿੱਤਾ।

ਕਦੀ ਵਕਤ ਲੱਗੇ ਤਾਂ ਇਸ ਸੇਂਟਕਿਟਸ ਗੁਪਤ ਬੈਂਕ ਖਾਤੇ ਦੀ ਜਾਂਚ ਕਰਨ ਵਾਲੇ ਸੀਬੀਆਈ ਦੇ ਅਧਿਕਾਰੀ ਜੁਆਇੰਟ ਡਾਇਰੈਕਟਰ ਐਨ.ਕੇ.ਸਿੰਘ ਦੇ ਖੁਲਾਸੇ ਗੂਗਲ ਕਰਕੇ ਪੜ੍ਹਨਾ। ਯਾਦ ਕਰਵਾ ਦੇਵਾਂ ਕਿ ਇਹ ਉਹੀ ਅਧਿਕਾਰੀ ਸੀ ਜਿਸ ਨੇ ਜੀਪ ਸਕੈਂਡਲ ਵਿਚ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ‘ਕਿੱਸਾ ਕੁਰਸੀ ਕਾ’ (1977) ਵਾਲੇ ਕੇਸ ਵਿੱਚ ਸੰਜੇ ਗਾਂਧੀ ਅਤੇ ਵੀ.ਸੀ. ਸ਼ੁਕਲਾ ਵਿਰੁੱਧ ਕਾਰਵਾਈ ਕੀਤੀ ਸੀ। ਉਸ ਨੇ ਇਹ ਖੁਲਾਸਾ ਵੀ ਕੀਤਾ ਕਿ ਕਿਵੇਂ ਚਾਣਕਿਆ ਨੇ ਮੰਨਿਆ ਸੀ ਕਿ ਇਹ ਸਭ ‘‘ਉਪਰੋਂ ਆਏ ਹੁਕਮਾਂ’’ ਅਨੁਸਾਰ ਹੀ ਹੋ ਰਿਹਾ ਸੀ।

ਪਰ ਬੀਤੇ ਦੀ ਇਹ ਕਥਾ ਕਿਉਂ? ਕਿਉਂਕਿ ਵਰਤਮਾਨ ਕੋਲ ਭਵਿੱਖ ਰੌਸ਼ਨ ਕਰਨ ਲਈ ਅਤੀਤ ਦਾ ਹੀ ਤਜਰਬਾ ਹੁੰਦਾ ਹੈ।

ਜਦੋਂ ਦੇਸ਼ ਦੀ ਚੁਣੀ ਹੋਈ ਸਰਕਾਰ ਦਾਅਵਾ ਕਰੇ ਕਿ ਫਲਾਣੇ ਵਿਅਕਤੀ ਤੋਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ ਤਾਂ ਕੋਈ ਨਾਗਰਿਕ ਸਰਕਾਰ ਦੀ ਮਨਸ਼ਾ ਉੱਤੇ ਕਿਉਂ ਸ਼ੱਕ ਕਰੇ? ਦੇਸ਼ ਦੀ ਏਕਤਾ ਤੇ ਅਖੰਡਤਾ ਪ੍ਰਤੀ ਅਸੀਂ ਹੁਣ ਮੁਹਾਵਰੇ ਵਾਲੀ ਸਮਝ ਤੱਕ ਸਮਰਪਿਤ ਹੋ ਚੁੱਕੇ ਹਾਂ। ਇਸ ਤੋਂ ਵੱਖਰਾ ਕੋਈ ਵੀ ਬਿਆਨੀਆ ਤੁਹਾਨੂੰ ਵੱਖਵਾਦੀ ਜਾਂ ਦੇਸ਼ਧ੍ਰੋਹੀ ਵੀ ਸਾਬਤ ਕਰ ਸਕਦਾ ਹੈ।

2018 ਦੀ ਭੀਮਾ-ਕੋਰੇਗਾਉਂ ਦੀ ਘਟਨਾ/ਹਿੰਸਾ ਤੋਂ ਬਾਅਦ ਰੋਨਾ ਵਿਲਸਨ, ਵਰਵਰਾ ਰਾਓ, ਸੁਧਾ ਭਾਰਦਵਾਜ, ਸੁਰਿੰਦਰ ਗੈਡਲਿੰਗ, ਸੁਧੀਰ ਧਾਵਾਲੇ, ਅਰੁਨ ਫਰੇਰਾ, ਗੌਤਮ ਨਵਲੱਖਾ ਅਤੇ ਫਿਰ ਪਿਛਲੇ ਸਾਲ ਆਨੰਦ ਤੇਲਤੁੰਬੜੇ ਅਤੇ ਫ਼ਾਦਰ ਸਟੈਨ ਸਵਾਮੀ ਗ੍ਰਿਫ਼ਤਾਰ ਕੀਤੇ ਗਏ। ਹੇਠਲੀਆਂ ਅਦਾਲਤਾਂ ਤੋਂ ਸੁਪਰੀਮ ਕੋਰਟ ਤਕ ਕਈ ਦਰਵਾਜ਼ੇ ਖੜਕਾਏ ਗਏ ਪਰ ਜ਼ਮਾਨਤ ਦਰਕਾਰ ਨਾ ਹੋਈ। ਹਰ ਮੋੜ ’ਤੇ ਦੱਸਿਆ ਗਿਆ ਕਿ ਇਹ ਸਭ ਬਹੁਤ ਖ਼ਤਰਨਾਕ ਲੋਕ ਹਨ।

ਨਾਗਰਿਕਾਂ ਨੂੰ ਕੁਝ ਸ਼ੱਕ ਹੋ ਸਕਦਾ ਸੀ ਪਰ ਬੰਦੇ ਝੂਠ ਬੋਲਦੇ ਹਨ, ਕੰਪਿਊਟਰ ਤਾਂ ਝੂਠ ਨਹੀਂ ਬੋਲਦੇ? ਇਨ੍ਹਾਂ ਵਿਅਕਤੀਆਂ ਵਿਰੁੱਧ ਕੰਪਿਊਟਰਾਂ ਵਿੱਚੋਂ ਦਸਤਾਵੇਜ਼ ਮਿਲੇ ਸਨ। ਹੁਣ ਡਿਜੀਟਲ ਫੋਰੈਂਸਿਕ ਵਿੱਚ ਮੁਹਾਰਤ ਰੱਖਦੀ ਅਮਰੀਕਾ ਦੀ ਇਕ ਵੱਕਾਰੀ ਫਰਮ ਨੇ ਤਫ਼ਤੀਸ਼ ਕਰਕੇ ਖ਼ੁਲਾਸਾ ਕੀਤਾ ਹੈ ਕਿ ਇਹ ਦਸਤਾਵੇਜ਼ ਜਿਹੜੇ ਸੁਰੱਖਿਆ ਅਤੇ ਜਾਂਚ ਏਜੰਸੀਆਂ ਨੂੰ ਕੰਪਿਊਟਰਾਂ ਵਿੱਚੋਂ ਮਿਲੇ, ਉਹ ਸਭ ਸਾਜ਼ਿਸ਼ ਤਹਿਤ ਤਕਨੀਕੀ ਬੇਈਮਾਨੀ ਨਾਲ ਉਨ੍ਹਾਂ ਕੰਪਿਊਟਰਾਂ ਵਿੱਚ ਚੋਰੀ-ਚੋਰੀ ਪਾਏ ਗਏ ਸਨ। ਨਾਗਰਿਕ ਅਧਿਕਾਰਾਂ ਦੇ ਘੁਲਾਟੀਆਂ ਨੂੰ, ਜਿਹੜੇ ਇਹ ਕੰਪਿਊਟਰ ਵਰਤ ਰਹੇ ਸਨ, ਇਨ੍ਹਾਂ ਬਾਰੇ ਇਲਮ ਤੱਕ ਨਹੀਂ ਸੀ।

ਅਮਰੀਕਾ ਦੇ ਨੁਮਾਇਆ ਅਖ਼ਬਾਰ, ਵਾਸ਼ਿੰਗਟਨ ਪੋਸਟ, ਨੇ ਇਸ ਤਫਤੀਸ਼ ਦੀ ਵੀ ਤਫਤੀਸ਼ ਕਰਵਾਈ। ਖ਼ੁਲਾਸੇ ਬਾਰੇ ਵੱਖ-ਵੱਖ ਆਜ਼ਾਦ ਮਾਹਿਰਾਂ ਦੀ ਰਾਇ ਲਈ। ਉਹ ਸਾਰੇ ਇਸ ਤੱਥ ਬਾਰੇ ਹਮਖਿਆਲ ਹਨ ਕਿ ਇਹ ਦਸਤਾਵੇਜ਼ ਚੋਰੀ ਅਤੇ ਫ਼ਰੇਬ ਸਹਾਰੇ ਕੰਪਿਊਟਰਾਂ ਵਿੱਚ ਪਾਏ ਗਏ ਸਨ; ਮਕਸਦ ਇਨ੍ਹਾਂ ਕਾਰਕੁਨਾਂ ਨੂੰ ਸਾਜ਼ਿਸ਼ ਵਿਚ ਫਸਾਉਣਾ ਸੀ।

ਅਜੋਕੀ ਰਾਜਨੀਤੀ ਵਿੱਚ ਇੱਜ਼ਤ ਅਤੇ ਮਾਨ-ਸਨਮਾਨ ਛੇਤੀ ਕੀਤੇ ਤੱਥਾਂ ਤੋਂ ਬਹੁਤਾ ਖ਼ਤਰਾ ਨਹੀਂ ਹੁੰਦਾ। ਅਮਰੀਕਾ ਵਿਚ ਡੋਨਲਡ ਟਰੰਪ ਨੂੰ ਅਮਰੀਕੀ ਸੰਸਦ ਦੀ ਬਹੁਗਿਣਤੀ ਨੇ ਮਹਾਂਦੋਸ਼ੀ ਮੰਨਿਆ ਪਰ ਜੇ ਲੋੜੀਂਦੀਆਂ ਦੋ-ਤਿਹਾਈ ਵੋਟਾਂ ਨਹੀਂ ਜੁੜੀਆਂ ਤਾਂ ਇਹ ਸਿਆਸਤ ’ਤੇ ਉਹਦੇ ਬਾਕਾਇਦਾ ਅਸਰ ਦਾ ਸਬੂਤ ਹੈ। ਸਾਡੀ ਰਾਜਨੀਤੀ ਵਿਚ ਕੋਈ ਕੋਹਰਾਮ ਨਹੀਂ ਮੱਚ ਜਾਣਾ ਕਿ ਪ੍ਰਧਾਨ ਮੰਤਰੀ ਵਿਰੁੱਧ ਸਾਜ਼ਿਸ਼ ਬਾਰੇ ਦਸਤਾਵੇਜ਼ੀ ਸਬੂਤ ਕੋਈ ਫਰੇਬ ਨਾਲ ਲੋਕਾਂ ਦੇ ਕੰਪਿਊਟਰਾਂ ਵਿੱਚ ਪਾਈ ਜਾਂਦਾ ਹੈ। ਕਿਸੇ ਚਾਣਕਿਆ ਨੂੰ ਕੋਈ ਫ਼ਰਕ ਨਹੀਂ ਸੀ ਪਿਆ। ਹੁਣ ਇੱਥੇ ਇਨ੍ਹਾਂ ਗੱਲਾਂ ਦਾ ਅਚਾਰ ਪਾ ਕੇ ਕੀ ਕਰਨਾ ਹੈ? ਇਸ ਪੀਹਣ ਵਿੱਚ ਪੈ ਗਏ ਤਾਂ ਫਿਰ ਉਹ ਚਿੱਠਾ ਵੀ ਖੁੱਲ੍ਹੇਗਾ ਕਿ ਲੋਕ ਸਭਾ ਵਿੱਚ ਐੱਮ.ਪੀ. ਖਰੀਦਣ ਲਈ ਇੱਕ ਵਿਸ਼ੇਸ਼ ਅਦਾਲਤ ਨੇ ਕਿਵੇਂ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਬਾਕਾਇਦਾ ਦੋਸ਼ੀ ਪਾਇਆ ਸੀ। ਛੁੱਟ ਤਾਂ ਬਾਅਦ ਵਿੱਚ ਸਾਰੇ ਜਾਂਦੇ ਹਨ। ਦਸਤਾਵੇਜ਼ ਤਾਂ ਜੈਨ ਹਵਾਲਾ ਡਾਇਰੀਆਂ ਵੀ ਸਨ।

ਸਵਾਲ ਤਾਂ ਇਹ ਹੈ ਕਿ ਹੁਣ ਅਗਲੀ ਵਾਰੀ ਜਦੋਂ ਸਰਕਾਰ ਕਹੇਗੀ ਕਿ ਕਿਸੇ ਕਾਰਕੁੰਨ ਜਾਂ ਸਿਆਸੀ/ਵਿਚਾਰਧਾਰਕ ਵਿਰੋਧੀ ਦੀਆਂ ਗਤੀਵਿਧੀਆਂ ਤੋਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ ਤਾਂ ਇਹਦਾ ਕਿੰਨਾ ਕੁ ਇਤਬਾਰ ਕੀਤਾ ਜਾਵੇ ਅਤੇ ਕਿੰਨਾ ਕੁ ਇਕ਼ਬਾਲ ਬਚਿਆ ਰਹੇਗਾ? ਕਿਸੇ ਦਿਨ ਕੋਈ ਬੱਚਾ ਕਿਸੇ ਰੇਡੀਓ ਸਟੇਸ਼ਨ ’ਤੇ ਕੁਝ ਬੋਲ ਬੈਠੇਗਾ ਤਾਂ ਸਮਝੋਗੇ? ਮੇਰੇ ਕਾਲਮ ਦੀ ਨਿਰਧਾਰਿਤ ਸ਼ਬਦ-ਸੀਮਾ ਏਨੀ ਹੀ ਸੀ, ਕੁਝ ਹੋਰ ਨਾ ਹੀ ਆਖਾਂ- ਗਲੀ ਗਲੀ ਵਿਚ ਸ਼ੋਰ ਹੋਵੇਗਾ, ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਪੁਰਾਣੀਆਂ ਖ਼ਬਰੀ ਕਾਤਰਾਂ ਫ਼ਰੋਲਦਾ ਸੋਚ ਰਿਹਾ ਹੈ ਕਿ ਜੇ ਹਾਕਮਾਂ ਨੂੰ ਤੱਥਾਂ ਦੀ ਕੋਈ ਚਿੰਤਾ ਨਹੀਂ ਤਾਂ ਲੋਕਾਂ ਨੂੰ ਹੀ ਤੱਥਾਂ, ਦਸਤਾਵੇਜ਼ਾਂ, ਦੇਸ਼ ਦੀ ਸੁਰੱਖਿਆ ਵਾਲੇ ਬਿਆਨੀਏ ਦਾ ਅਚਾਰ ਪਾਉਣਾ ਪੈਣਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All