ਹਰਿਭਜਨ ਸਿੰਘ ਭਾਟੀਆ*
ਨਰਿੰਦਰ ਸਿੰਘ ਕਪੂਰ ਵਰਤਮਾਨ ਸਮੇਂ ਵਿਚ ਸਭ ਤੋਂ ਵੱਧ ਮਕਬੂਲ ਅਤੇ ਗੌਲਣਯੋਗ ਵਾਰਤਕਕਾਰ ਹੈ। ਜੀਵਨ-ਪੰਧ ਦੀ ਪੌਣੀ ਤੋਂ ਉੱਪਰ ਸਦੀ ਪਾਰ ਕਰ ਚੁੱਕੇ ਕਪੂਰ (6 ਮਾਰਚ 1944) ਦਾ ਜਨਮ ਪਿੰਡ ਆਧ੍ਹੀ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਪਿਤਾ ਸ. ਹਰਦਿੱਤ ਸਿੰਘ ਅਤੇ ਮਾਤਾ ਵੀਰਾਂ ਵਾਲੀ ਦੇ ਘਰ ਹੋਇਆ ਸੀ। ਅਧਿਆਪਕ ਦੇ ਕਿੱਤੇ ਨਾਲ ਪਰਨਾਏ ਜਾਣ ਤੋਂ ਮਗਰੋਂ ਉਸ ਦਾ ਸਮੁੱਚਾ ਜੀਵਨ ਪੜ੍ਹਨ, ਪੜ੍ਹਾਉਣ ਅਤੇ ਲਿਖਣ ਦੇ ਇਰਦ-ਗਿਰਦ ਹੀ ਘੁੰਮਿਆ। ਤੀਹ ਤੋਂ ਵਧੀਕ ਪੁਸਤਕਾਂ ਦੀ ਰਚਨਾ ਕਰਨ ਵਾਲੇ ਇਸ ਲੇਖਕ ਨੇ ਡੇਢ ਦਰਜਨ ਵਾਰਤਕ ਰਚਨਾਵਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਵਾਰਤਕ ਤੋਂ ਇਲਾਵਾ ਖੋਜ, ਆਲੋਚਨਾ ਅਤੇ ਤਰਜਮੇ ਦੇ ਖੇਤਰ ਵਿਚ ਵੀ ਉਸ ਆਪਣੇ ਪਛਾਣਨਯੋਗ ਨਕਸ਼ ਉਲੀਕੇ ਹਨ। ਲੋਕਪ੍ਰਿਯ ਜਾਂ ਮਕਬੂਲ ਉਹ ਇਸ ਹੱਦ ਤਕ ਹੋਇਆ ਹੈ ਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਵਿਆਹਾਂ ਮੌਕੇ ਮਠਿਆਈ ਦੀ ਥਾਂ ਉਸ ਦੀਆਂ ਵਾਰਤਕ ਪੁਸਤਕਾਂ ਨੂੰ ਹੀ ਮਠਿਆਈ ਦੇ ਰੂਪ ਵਿਚ ਵੰਡਿਆ ਹੈ। ਉਸ ਦੇ ਲਿਖੇ ਛੋਟੇ ਛੋਟੇ ਚਮਤਕਾਰੀ ਅਤੇ ਤਲਿੱਸਮੀ ਸੂਤਰਾਂ ਨੂੰ ਫਰੇਮਾਂ ਵਿਚ ਸਾਂਭਣ ਦੇ ਸਮਾਚਾਰ ਵੀ ਪ੍ਰਾਪਤ ਹੁੰਦੇ ਰਹੇ ਹਨ। ਕੋਈ ਮੁਬਾਲਗਾ ਆਰਾਈ ਨਹੀਂ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਗਰੋਂ ਪੰਜਾਬੀ ਵਾਰਤਕ ਦੇ ਖੇਤਰ ਵਿਚ ਉਹ ਸਭ ਤੋਂ ਵੱਧ ਪੜ੍ਹਿਆ, ਗੌਲਿਆ ਅਤੇ ਸਰਾਹਿਆ ਜਾਣ ਵਾਲਾ ਵਾਰਤਕਕਾਰ ਹੈ। ਬੇਸ਼ੱਕ ਉਸ ਦੀ ਪ੍ਰਥਮ ਵਾਰਤਕ ਰਚਨਾ ਵਿਆਖਿਆ ਵਿਸ਼ਲੇਸ਼ਣ 1982 ਵਿਚ ਛਪ ਕੇ ਸਾਹਮਣੇ ਆਈ, ਪਰ ‘ਪੰਜਾਬੀ ਟ੍ਰਿਬਿਊਨ’ ਦੇ 15 ਅਗਸਤ 1978 ਵਿਚ ਛਪਣਾ ਸ਼ੁਰੂ ਹੋਣ ਤੋਂ ਛੇਤੀ ਮਗਰੋਂ ਉਸ ਦੇ ਲਿਖੇ ਲੇਖ ਛਪਣੇ ਸ਼ੁਰੂ ਹੋ ਗਏ ਸਨ। ‘ਪੰਜਾਬੀ ਟ੍ਰਿਬਿਊਨ’ ਵਿਚ ਸਭ ਤੋਂ ਵੱਧ ਲੇਖ ਹੁਣ ਤਕ ਉਸੇ ਨੇ ਲਿਖੇ ਹਨ। ਮਨੁੱਖੀ ਵਿਹਾਰ, ਜੀਵਨ ਜਾਚ ਅਤੇ ਜੀਵਨ ਸ਼ੈਲੀ ਦੇ ਇਰਦ-ਗਿਰਦ ਘੁੰਮਣ ਵਾਲੇ ਉਸ ਦੇ ਲੇਖਾਂ ਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਲੇਖਾਂ ਵਾਂਗ ਪੱਤਰਕਾਰੀ ਅਤੇ ਸਾਹਿਤ ਰਚਨਾ ਦੇ ਫ਼ਾਸਲੇ ਨੂੰ ਮੇਟ ਦਿੱਤਾ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਉਹ ਲੇਖ-ਰਚਨਾ ਦੇ ਕਾਰਜ ਵਿਚ ਮਸਰੂਫ਼ ਹੈ ਅਤੇ ਲੇਖ ਤੋਂ ਇਲਾਵਾ ਸਫ਼ਰਨਾਮਾ (ਸੱਚੋ ਸੱਚ, 1990) ਅਤੇ ਹੁਣੇ ਹੁਣੇ ਛਪ ਕੇ ਸਾਹਮਣੇ ਆਈ ਸਵੈ-ਜੀਵਨੀ ਧੁੱਪਾਂ-ਛਾਂਵਾਂ ਵੀ ਉਸ ਦੀ ਵਾਰਤਕ ਰਚਨਾ ਦਾ ਹਿੱਸਾ ਹਨ। ਆਪਣੇ ਦੁਆਰਾ ਲਿਖੀ ਵਾਰਤਕ ਕਰਕੇ ਸਿਰਫ਼ ਉਸ ਨੂੰ ਭਰਪੂਰ ਪ੍ਰਸੰਸਾ ਹੀ ਨਹੀਂ ਮਿਲੀ ਸਗੋਂ ਕਈ ਵਾਰ ਕੌੜੀ ਪ੍ਰਤਿਕਿਰਿਆ, ਤਿੱਖੇ ਵਿਰੋਧ ਅਤੇ ਮੁਕੱਦਮੇਬਾਜ਼ੀ ਤਕ ਦਾ ਵੀ ਸਾਹਮਣਾ ਕਰਨਾ ਪਿਆ ਹੈ। ਕਵਿਤਾ, ਨਾਵਲ, ਕਹਾਣੀ ਅਤੇ ਨਾਟਕ ਦੇ ਖੇਤਰ ਵਿਚ ਬੇਸ਼ੱਕ ਉਸ ਕਦਮ ਨਹੀਂ ਰੱਖਿਆ, ਪਰ ਨਵੇਂ ਤੇ ਅਨੂਠੇ ਵਿਸ਼ਿਆਂ ਬਾਰੇ ਲਿਖੀ ਉਸ ਦੀ ਵਾਰਤਕ ਵਿਚ ਕਾਵਿ, ਗਲਪ ਤੇ ਨਾਟਕ ਦੇ ਤੱਤ ਸਮੋਏ ਹੋਏ ਹਨ। ਇਹ ਵਾਰਤਕ ਰਚਨਾ ਆਪਣੇ ਨਿਵੇਕਲੇ ਵੱਥ, ਮੌਲਿਕ ਸ਼ੈਲੀ ਅਤੇ ਤਾਰਕਿਕ ਅਤੇ ਵਿਗਿਆਨਕ ਜੀਵਨ ਨਜ਼ਰੀਏ ਕਰਕੇ ਆਪਣੇ ਪਾਠਕਾਂ ਨੂੰ ਕੀਲਦੀ ਹੈ।
ਧੁੱਪਾਂ-ਛਾਂਵਾਂ ਸਵੈਜੀਵਨੀ ਦੇ ਬਿੰਦੂ ਉਪਰ ਖਲੋ ਕੇ ਰਤਾ ਪਿੱਛਲਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਵਿਚ ਸਵੈ-ਪ੍ਰਗਟਾਵੇ ਦੀ ਭਾਵਨਾ ਜਾਂ ਇੱਛਾ ਦੂਸਰੇ ਆਧੁਨਿਕ ਸਾਹਿਤ ਰੂਪਾਂ ਦੀ ਤੁਲਨਾ ਵਿਚ ਕਰੀਬ ਅੱਧੀ ਸਦੀ ਪੱਛੜ ਕੇ ਆਈ। ਆਪਣੇ ਧਾਰਮਿਕ ਸੰਸਕਾਰਾਂ ਕਰਕੇ, ਜੀਵਨ ਦੇ ਅਣਜਾਣੇ ਤੇ ਛੁਪੇ ਸਮਾਚਾਰਾਂ ਅਤੇ ਖ਼ੁਦ ਨੂੰ ਸੱਚ ਦੇ ਰੂ-ਬ-ਰੂ ਕਰਨ ਤੋਂ ਪੰਜਾਬੀ ਬੰਦਾ ਖ਼ਾਸਾ ਹਿਚਕਚਾਉਂਦਾ ਰਿਹਾ ਹੈ। ਸਵੈਜੀਵਨੀ ਲਿਖਣ ਲਈ ਜਿਸ ਅਨੁਭਵ ਦੀ ਵਿਸ਼ਾਲਤਾ, ਜੁਰੱਅਤ, ਹੁਨਰ ਤੇ ਨਜ਼ਰੀਏ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੰਜਾਬੀ ਬੰਦੇ ਪਾਸ ਖਾਸੀ ਤੋਟ ਰਹੀ ਹੈ। ਇਸ ਦੇ ਬਾਵਜੂਦ ਨਾਨਕ ਸਿੰਘ, ਤੇਜਾ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਬਲਵੰਤ ਗਾਰਗੀ, ਬਲਰਾਜ ਸਾਹਨੀ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਵਣਜਾਰਾ ਬੇਦੀ ਅਤੇ ਸੰਤ ਸਿੰਘ ਸੇਖੋਂ ਆਦਿ ਨੇ ਮੁੱਲਵਾਨ ਤੇ ਗੌਲਣਯੋਗ ਰਚਨਾਵਾਂ ਦੀ ਸਿਰਜਣਾ ਕੀਤੀ ਹੈ। ਆਪਣੀਆਂ ਤਮਾਮ ਖ਼ੂਬੀਆਂ ਦੇ ਬਾਵਜੂਦ ਸੱਚ ਨੂੰ ਪੇਸ਼ ਕਰਨ ਤੋਂ ਸੰਕੋਚ ਦੀ ਭਾਵਨਾ, ਸਵੈ-ਪ੍ਰਸੰਸਾ, ਲੁਕਾਉ ਬਿਰਤੀ, ਤੱਥਾਂ ਨੂੰ ਸਨਸਨੀਖੇਜ਼ ਬਣਾਉਣ ਦੇ ਰੁਝਾਨ, ਕਲਪਨਾ ਦੀ ਅਣਲੋੜੀਂਦੀ ਪੁੱਠ, ਰੁਮਾਂਟਿਕ ਤੇ ਧਾਰਮਿਕ ਬਿਰਤੀ ਅਤੇ ਫ਼ਾਸਲਾਸਾਜ਼ੀ ਦੀ ਘਾਟ ਇਨ੍ਹਾਂ ਸਵੈਜੀਵਨੀਆਂ ਦੀ ਸੀਮਾ ਜਾਂ ਘਾਟ ਬਣੀ ਦਿਖਾਈ ਦਿੰਦੀ ਹੈ। ਆਪਣੇ ਜੀਵਨ ਨਾਲ ਕਿਉਂਕਿ ਹੋਰਨਾਂ ਦਾ ਜੀਵਨ ਵੀ ਜੁੜਿਆ ਹੁੰਦਾ ਹੈ ਇਸ ਲਈ ਆਪਣੇ ਜੀਵਨ ਦੀਆਂ ਛੁਪੀਆਂ, ਹਨੇਰੀਆਂ ਗੁਫ਼ਾਵਾਂ ਦੇ ਅੰਦਰਵਾਰ ਪਾਠਕ ਨੂੰ ਲੈ ਜਾਣ ਦੀ ਜੁਰੱਅਤ ਕੋਈ ਵਿਰਲਾ ਟਾਵਾਂ ਹੀ ਕਰਦਾ ਹੈ। ਕੌਣ ਲਿਖਦਾ ਹੈ ਸਵੈਜੀਵਨੀ? ਜਿਸ ਦੇ ਜੀਵਨ ਵਿਚ ਕੁਝ ਗੌਲਣਯੋਗ, ਮਹੱਤਵਪੂਰਨ ਅਤੇ ਅਨੂਠੀਆਂ ਸਾਂਝੀਆਂ ਕਰਨਯੋਗ ਘਟਨਾਵਾਂ ਘਟੀਆਂ ਹੋਵਣ। ਜੀਵਨ ਦੀਆਂ ਧੁੱਪਾਂ-ਛਾਵਾਂ ਦੇ ਇਰਦ-ਗਿਰਦ ਘੁੰਮਣ ਵਾਲੀ ਨਰਿੰਦਰ ਸਿੰਘ ਕਪੂਰ ਦੀ ਸਵੈਜੀਵਨੀ ਅਸਲੋਂ ਵੱਖਰੀ ਵੀ ਹੈ ਅਤੇ ਵਿਲੱਖਣ ਵੀ।
ਧੁੱਪਾਂ-ਛਾਂਵਾਂ ਸਵੈਜੀਵਨੀ ਨਰਿੰਦਰ ਸਿੰਘ ਕਪੂਰ ਦੇ ਜੀਵਨ ਤਜਰਬਿਆਂ, ਮਹੱਤਵਪੂਰਨ ਘਟਨਾਵਾਂ, ਵਿਅਕਤੀਆਂ ਅਤੇ ਹਾਦਸਿਆਂ ਦੇ ਇਰਦ-ਗਿਰਦ ਘੁੰਮਦੀ ਹੈ। ਸੱਚ ਨੂੰ ਲੁਕੋਣ ਅਤੇ ਛੁਪਾਉਣ ਦੀ ਬਜਾਏ ਪ੍ਰਗਟਾਉਣ ਅਤੇ ਦਿਖਾਉਣ ਦੀ ਭਾਵਨਾ ਇਸ ਸਵੈਜੀਵਨੀ ਵਿਚੋਂ ਪ੍ਰਚੰਡ ਅਤੇ ਸ਼ਕਤੀਸ਼ਾਲੀ ਰੂਪ ਵਿਚ ਉੱਭਰਦੀ ਦਿਖਾਈ ਦਿੰਦੀ ਹੈ। ਉਸ ਦੀ ਸੋਚ ਕਿ ‘‘ਅਖ਼ੀਰਲੀ ਘੰਟੀ ਤੋਂ ਪਹਿਲਾਂ, ਬਸਤਾ ਬੰਨ੍ਹ ਕੇ ਤਿਆਰ ਬੈਠਿਆਂ, ਖਿ਼ਆਲ ਆਇਆ ਕਿ ਆਪਣੇ ਜੀਵਨ ਦਾ ਵਹੀ-ਖਾਤਾ ਲਿਖ ਦੇਵਾਂ,’’ ਉਸ ਦੇ ਸੁਪਨੇ ਤੇ ਇੱਛਾ ਨੂੰ ਹੀ ਸਾਕਾਰ ਕਰਦੀ ਹੈ। ਰਚਨਾ ਦੇ ਕੇਂਦਰ ਵਿਚ ਲੇਖਕ ਖ਼ੁਦ, ਉਸ ਦਾ ਆਲਾ-ਦੁਆਲਾ, ਪਰਿਵਾਰ, ਯਾਰ ਮਿੱਤਰ, ਵਾਪਰੀਆਂ ਘਟਨਾਵਾਂ ਅਤੇ ਇਤਿਹਾਸਕ ਵੇਰਵੇ ਹਨ। ਇਤਿਹਾਸਕ ਵੇਰਵਿਆਂ ਰਾਹੀਂ ਆਪਣੇ ਗਿਆਨ ਤੇ ਸੋਝੀ ਦੇ ਦਿਖਾਵੇ ਜਾਂ ਪ੍ਰਦਰਸ਼ਨੀ ਹਿਤ ਉਹ ਅਣਲੋੜੀਂਦੇ ਤੱਥਾਂ ਤੇ ਵੇਰਵਿਆਂ ਨੂੰ ਪੇਸ਼ ਕਰਨ ਤੋਂ ਸੰਕੋਚ ਕਰਦਾ ਹੈ। ਇਸ ਰਚਨਾ ਵਿਚ ਇਤਿਹਾਸਕ ਘਟਨਾਵਾਂ ਜਿਵੇਂ ਦੇਸ਼ ਵੰਡ, ਲੁੱਟਾਂ ਖੋਹਾਂ, ਉਜਾੜੇ, ਅਕਾਲੀ ਮੋਰਚਿਆਂ, ਪੰਜਾਬੀ ਸੂਬੇ, ਅਤਿਵਾਦ ਦੇ ਦੌਰ ਅਤੇ ਅਜੋਕੇ ਵਿਸ਼ਵੀਕਰਨ, ਆਪਾਧਾਪੀ, ਭੱਜ ਨੱਸ ਸਬੰਧੀ ਸਿਰਫ਼ ਓਨੇ ਕੁ ਵੇਰਵੇ ਹੀ ਦਰਜ ਹਨ ਜਿਨ੍ਹਾਂ ਦਾ ਸਬੰਧ ਉਸ ਦੇ ਨਿੱਜ ਜਾਂ ਜੀਵਨ ਅਨੁਭਵ ਨਾਲ ਹੈ। ਇਸ ਰਚਨਾ ਵਿਚ ਹਾਜ਼ਰ ਹੈ ਉਹ ਸਖ਼ਸ਼ ਜੋ ਕਿਸਮਤ, ਹੋਣੀ ਅਤੇ ਰੱਬ ਦੀ ਬਜਾਏ ਜੀਵਨ ਦੀਆਂ ਕਰੂਰ ਹਕੀਕਤਾਂ ਨਾਲ ਲਗਾਤਾਰ ਟਕਰਾਉਂਦਾ, ਜੱਦੋਜਹਿਦ ਕਰਦਾ ਅਤੇ ਲਗਾਤਾਰ ਹਰਕਤ ਵਿਚ ਰਹਿ ਕੇ ਕਿਸੇ ਮੁਕਾਮ ਉੱਪਰ ਅੱਪੜਦਾ ਹੈ। ਪੇਸ਼ ਹੋਇਆ ਬੰਦਾ ਆਪਣੀ ਹੋਣੀ ਅਤੇ ਕਿਸਮਤ ਨਾਲੋਂ ਕਿਤੇ ਬਲਵਾਨ ਅਤੇ ਸ਼ਕਤੀਸ਼ਾਲੀ ਨਜ਼ਰ ਆਉਂਦਾ ਹੈ। ਇਹ ਸੰਘਰਸ਼ ਜਾਂ ਜੱਦੋਜਹਿਦ ਕੋਈ ਇਨਕਲਾਬੀ ਜਾਂ ਕ੍ਰਾਂਤੀਕਾਰੀ ਭਾਂਤ ਦੀ ਨਹੀਂ ਸਗੋਂ ਉੱਜੜ-ਉੱਖੜ ਅਤੇ ਲੁੱਟੇ-ਪੁੱਟੇ ਜਾਣ ਮਗਰੋਂ ਹੇਠਲੀ ਮੱਧ ਸ਼੍ਰੇਣੀ ਦੇ ਬੰਦੇ ਦੀ ਆਪਣੀ ਹੋਂਦ ਜਾਂ ਵਜੂਦ ਦੀ ਸੁਰੱਖਿਆ ਲਈ ਲੜੀ ਗਈ ਲੜਾਈ ਹੈ। ਇਸ ਸਥਿਤੀ ਵਿਚ ਡਿੱਗਦਾ, ਢਹਿੰਦਾ, ਉੱਠਦਾ, ਬਹਿੰਦਾ ਅਤੇ ਲਗਾਤਾਰ ਮਿਹਨਤ-ਮੁਸ਼ੱਕਤ ਕਰਦਾ ਬੰਦਾ ਸ਼ਾਇਦ ਜੱਦੋਜਹਿਦ ਅਤੇ ਸੰਘਰਸ਼ ਦੇ ਮਾਅਨਿਆਂ ਤੋਂ ਵੀ ਵਾਕਿਫ਼ ਨਹੀਂ ਹੁੰਦਾ। ਉਹ ਪੂਰੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਮਿਹਨਤ ਕਰਦਾ, ਖ਼ੂਬ ਤੋਂ ਖ਼ੂਬਤਰ ਦਾ ਸਫ਼ਰ ਕਰਦਾ ਅਤੇ ਨਿਰੰਤਰ ਅਗਾਂਹ ਸਰਕਦਾ ਜਾਂਦਾ ਹੈ। ਉਸ ਜ਼ਮਾਨੇ ਵਿਚ ਗ਼ਰੀਬ ਅਤੇ ਸਾਧਨਹੀਣ ਦਾ ਬੱਚਾ ਮਿਹਨਤ ਤੇ ਸੁਹਿਰਦਤਾ ਨਾਲ ਕਿਸੇ ਮੁਕਾਮ ਉੱਪਰ ਠੇਢੇ ਖਾਂਦਾ ਅੱਪੜ ਜਾਂਦਾ ਸੀ, ਪਰ ਵਿਸ਼ਵੀਕਰਨ ਦੇ ਅਜੋਕੇ ਮੰਡੀ, ਮਾਇਆ ਤੇ ਗਰਜ਼ ਦੁਆਲੇ ਘੁੰਮ ਰਹੇ ਵਿਸ਼ਵ ਵਿਚ ਇਹ ਸੰਭਾਵਨਾ ਵੀ ਮੱਧਮ ਪੈ ਗਈ ਹੈ। ਕਾਬਲੀਅਤ ਦੀ ਬੇਕਦਰੀ ਦੇ ਇਸ ਜ਼ਮਾਨੇ ਵਿਚ ਹੀ ਉਹ ਲਿਖਦਾ ਹੈ ਕਿ ‘‘ਅਜੋਕੇ ਵਿਦਿਆਰਥੀਆਂ ਦੇ ਚਿਹਰਿਆਂ ਤੋਂ ਰੌਣਕ ਅਤੇ ਚਮਕ ਰੁਸਦੀ ਜਾ ਰਹੀ ਹੈ।’’ ਇਹ ਰਚਨਾ ਰੱਬ ਦੀ ਥਾਵੇਂ ਮਨੁੱਖ, ਹੋਣੀ ਦੀ ਥਾਂ ਮੁਸ਼ੱਕਤ, ਵਾਹਿਗੁਰੂ ਦੀ ਕਿਰਪਾ ਦੀ ਜਗ੍ਹਾ ਹਿੰੰਮਤ ਨੂੰ ਟਿਕਾਅ, ਧਾਰਮਿਕ ਦੀ ਜਗ੍ਹਾ ਯਥਾਰਥਕ ਜੀਵਨ ਨਜ਼ਰੀਏ ਦਾ ਪੱਖ ਪੂਰਦੀ ਹੈ। ਲੇਖਕ ਦੀ ਧਾਰਨਾ ਮੁਤਾਬਿਕ ‘‘ਕੁਝ ਕਰਦੇ ਰਹੋਗੇ, ਜਿਉਂਦੇ ਰਹੋਗੇ, ਚਲਦੇ ਰਹੋਗੇ, ਰਸਤੇ ਬਣਦੇ ਜਾਣਗੇ, ਲੋਕ ਰਲਦੇ ਰਹਿਣਗੇ ਅਤੇ ਤਾਕਤ ਮਿਲਦੀ ਰਹੇਗੀ।’’ ਬੇਹਿੰਮਤੇ ਬਣ ਰੱਬ ਅੱਗੇ ਫ਼ਰਿਆਦਾਂ ਕਰਨ, ਕਿਸਮਤ ਤੇ ਹੋਣੀ ਦੇ ਰੋਣੇ ਰੋਣ ਨਾਲੋਂ ਇਹ ਰਚਨਾ ਅਜੋਕੇ ਬੰਦੇ ਅੰਦਰਲੀ ਤਾਕਤ ਤੇ ਊਰਜਾ ਨੂੰ ਹੁਲਾਰਾ ਦੇਂਦੀ ਅਤੇ ਜਗਾਉਣ ਦਾ ਕੰਮ ਕਰਦੀ ਹੈ।
ਧੁੱਪਾਂ-ਛਾਂਵਾਂ ਸਵੈਜੀਵਨੀ ਦਾ ਸਭ ਤੋਂ ਤਾਕਤਵਰ ਹਿੱਸਾ ਉਸ ਬਾਲ ਦੀ ਗਾਥਾ ਨੂੰ ਦਿਖਾਉਣਾ ਹੈ ਜਿਸ ਦਾ ਪਰਿਵਾਰ ਦੇਸ਼ ਵੰਡ ਸਮੇਂ ਕਈ ਰਿਫਿਊਜੀ ਕੈਂਪਾਂ ਵਿਚ ਧੱਕੇ-ਧੌੜੇ ਖਾਂਦਾ ਅੰਤ ਪਟਿਆਲਾ ਸ਼ਹਿਰ ਵਿਚ ਆ ਟਿਕਦਾ ਹੈ। ਆਪਣੇ ਬਚਪਨ ਦੀ ਦਰਦ ਭਿੱਜੀ ਦਾਸਤਾਨ ਨੂੰ ਉਹ ਉਨ੍ਹਾਂ ਸਭਨਾਂ ਦੀ ਕਹਾਣੀ ਬਣਾ ਕੇ ਪੇਸ਼ ਕਰਦਾ ਹੈ ਜਿਹੜੇ ਇਸ ਦਰਦ ਅਤੇ ਪੀੜਾ ਥਾਣੀਂ ਗੁਜ਼ਰੇ ਹਨ। ਮੈਨੂੰ ਖ਼ੁਦ ਨੂੰ, ਲਗਪਗ ਦੋ ਦਹਾਕਿਆਂ ਵਿਚ ਫੈਲੀ ਇਹ ਦਾਸਤਾਨ, ਇੰਜ ਜਾਪੀ ਹੈ ਜਿਵੇਂ ‘‘ਮਿਰੀ ਦਾਸਤਾਂ ਕੋ ਜ਼ਰਾ ਸਾ ਬਦਲ ਕਰ, ਮੁਝੇ ਹੀ ਸੁਨਾਇਆ ਸਵੇਰੇ ਸਵੇਰੇ।’’ ਇਸ ਰਚਨਾ ਵਿਚ ਪੇਸ਼ ਬਾਲ ਬਿੰਬ ਉਸ ਬਾਲ ਜੇਹਾ ਨਹੀਂ ਜਿਹੜਾ ਚਾਂਦੀ ਜਾਂ ਸੋਨੇ ਦਾ ਚਮਚਾ ਮੂੰਹ ਵਿਚ ਰੱਖ ਜੰਮਦਾ ਹੈ ਸਗੋਂ ਉਸ ਬਾਲ ਦਾ ਹੈ ਜਿਸ ਨੂੰ ਖੇਡਣ ਦੀ ਬਾਲ-ਉਮਰੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਭਾਂਤ ਭਾਂਤ ਦੇ ਚੰਗੇ-ਮਾੜੇ, ਭਾਉਂਦੇ ਨਾਭਾਉਂਦੇ ਕੰਮ-ਧੰਦੇ ਕਰਨੇ ਪੈਂਦੇ ਹਨ। ਏਥੇ ਮਸਲਾ ਚੋਣ ਜਾਂ ਮਰਜ਼ੀ ਦਾ ਨਹੀਂ ਰਹਿੰਦਾ, ਮਹਿਜ਼ ਜੀਊਣ ਦਾ ਬਣ ਜਾਂਦਾ ਹੈ। ਬਾਲ ਉਮਰੇ ਕਦੀ ਛਾਪੇਖਾਨੇ, ਕਦੀ ਅਖ਼ਬਾਰ, ਕਦੀ ਕੰਪਾਉਂਡਰ, ਕਦੀ ਮੰਜੇ-ਪਾਵਿਆਂ ਵਾਲੀ ਦੁਕਾਨ, ਕਦੀ ਚੀਨੀ ਦੇ ਡਿਪੂ, ਕਦੀ ਬੈਂਕ ਦੀ ਨੌਕਰੀ, ਕਦੀ ਦਰਜ਼ੀਖਾਨੇ, ਕਦੀ ਫ਼ੌਜੀ ਕੰਟੀਨ, ਕਦੀ ਠੇਕੇਦਾਰ ਕੋਲ ਕੰਮ ਅਤੇ ਕਦੀ ਸਬਜ਼ੀ ਵੇਚਣ ਦੇ ਕੰਮ ਆਦਿ ਰੁਝੇਵੇਂ ਬੱਚੇ ਦੇ ਜੀਵਨ ਵਿਚ ‘ਬਚਪਨ’ ਆਉਣ ਵੀ ਕਿੱਥੇ ਦੇਂਦੇ ਹਨ? ਅਜਿਹੀ ਮੁਸ਼ੱਕਤ ਰੰਗੀਨ ਜੀਵਨ ਦੇ ਦਰਵਾਜ਼ੇ ਅਤੇ ਰਾਹ ਤਾਂ ਬੰਦ ਕਰ ਦਿੰਦੀ ਹੈ, ਪਰ ਸੋਚ ਤੇ ਸੂਝ ਦੀਆਂ ਖਿੜਕੀਆਂ ਧੀਮੇ ਧੀਮੇ ਖੋਲ੍ਹ ਦੇਂਦੀ ਹੈ। ਇਸੇ ਰਾਹੀਂ ਹੀ ਜੀਵਨ ਦੇ ਕਰੂਰ ਅਤੇ ਕਠੋਰ ਯਥਾਰਥ ਨਾਲ ਟਕਰਾਉਣ ਅਤੇ ਉਸ ਦਾ ਸਾਹਮਣਾ ਕਰਨ ਦੀ ਤਾਕਤ ਪੈਦਾ ਹੁੰਦੀ ਹੈ। ਧੁੱਪਾਂ-ਛਾਵਾਂ ਵਿਚ ਸਿਰਜੇ ਬਾਲ ਬਿੰਬ ਦੀ ਤਾਕਤ ਕੁਝ ਵੀ ਛੁਪਾਉਣ, ਲੁਕਾਉਣ, ਉਚਿਆਉਣ, ਰੰਗੀਨ ਬਣਾ ਕੇ ਪੇਸ਼ ਕਰਨ ਜਾਂ ਉਸ ਨੂੰ ਸਨਸਨੀਖੇਜ਼ ਬਣਾਉਣ ਵਿਚ ਨਹੀਂ ਸਗੋਂ ਉਸ ਨੂੰ ਦੱਸਣ, ਦਿਖਾਉਣ ਅਤੇ ਪ੍ਰਗਟ ਕਰਨ ਵਿਚ ਛੁਪੀ ਹੋਈ ਹੈ।
ਧੁੱਪਾਂ-ਛਾਂਵਾਂ ਵਿਚ ਸਿਰਜੇ ਸਵੈ-ਬਿੰਬ ਦੀ ਨੁਹਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅੰਗਰੇਜ਼ੀ ਦੀ ਐਮ.ਏ. ਕਰਨ ਅਤੇ ਪਹਿਲਾਂ ਨਾਭੇ ਕਾਲਜ ਵਿਖੇ ਨੌਕਰੀ ਕਰਨ ਅਤੇ ਮਗਰੋਂ ਪਬਲਿਕ ਸਰਵਿਸ ਕਮਿਸ਼ਨ ਦੁਆਰਾ 1966 ਵਿਚ ਚੁਣੇ ਜਾਣ ਅਤੇ ਸੰਗਰੂਰ, ਫਿਰ ਮਹਿੰਦਰਾ ਕਾਲਜ ਪਟਿਆਲਾ ਵਿਖੇ ਨੌਕਰੀ ਕਰਨ ਨਾਲ ਬਦਲਦੀ ਅਤੇ ਨਿਰੰਤਰ ਨਿੱਖਰਦੀ ਜਾਂਦੀ ਹੈ। ਪ੍ਰਚਲਿਤ ਵਿਹਾਰ ਮੁਤਾਬਿਕ ਨੌਕਰੀ ਤੇ ਖ਼ਾਸਕਰ ਚੰਗੀ ਨੌਕਰੀ ਮਿਲਣ ਮਗਰੋਂ ਬੰਦਾ ਖ਼ੁਦ ਨੂੰ ਮੰਜ਼ਿਲ ਉੱਪਰ ਅੱਪੜ ਗਿਆ ਮਹਿਸੂਸ ਕਰਦਾ ਹੈ, ਪਰ ਕਪੂਰ ਦੇ ਪ੍ਰਸੰਗ ਵਿਚ ਅਜਿਹਾ ਨਹੀਂ ਵਾਪਰਦਾ। ਉਹ ਰੋਜ਼ਮੱਰਾ ਦੇ ਕੰਮਾਂ ਤੋਂ ‘ਕੁਝ ਵਾਧੂ’ ਕਰਕੇ ਆਪਣੀ ਪਛਾਣ ਨੂੰ ਪੱਕਿਆਂ ਕਰਦਾ ਹੈ। ਐਮ.ਏ. ਅੰਗਰੇਜ਼ੀ ਕਰਨ ਅਤੇ ਸਰਕਾਰੀ ਕਾਲਜ ਵਿਚ ਨੌਕਰੀ ਕਰਨ ਤੋਂ ਮਗਰੋਂ ਉਹ ਪੰਜਾਬੀ ਅਤੇ ਫਿਲਾਸਫ਼ੀ ਦੀ ਐਮ.ਏ. ਹੀ ਨਹੀਂ ਕਰਦਾ ਸਗੋਂ ਬੈਚੁਲਰ ਆਫ ਜਰਨਲਿਜ਼ਮ, ਐਲ.ਐਲ.ਬੀ. ਅਤੇ ਪੀਐੱਚ.ਡੀ. ਦੀਆਂ ਡਿਗਰੀਆਂ ਵੀ ਹਾਸਲ ਕਰਦਾ ਹੈ। ਨਿਰੰਤਰ ਮਿਹਨਤ ਨਾਲ ਹੀ ਉਹ ਕਾਲਜ ਤੋਂ ਯੂਨੀਵਰਸਿਟੀ ਅੱਪੜਦਾ ਹੈ। ਦੋ ਐਮ.ਏ. (ਫਿਲਾਸਫ਼ੀ ਤੇ ਪੰਜਾਬੀ) ਸਰਕਾਰੀ ਕਾਲਜ ਰਹਿੰਦਿਆਂ ਮੁਕੰਮਲ ਕਰਕੇ ਬਾਕੀ ਡਿਗਰੀਆਂ, ਡਿਪਲੋਮੇ ਉਹ ਯੂਨੀਵਰਸਿਟੀ ਪਹੁੰਚ ਕੇ ਹਾਸਲ ਕਰਦਾ ਅਤੇ ਲੈਕਚਰਰ ਤੋਂ ਰੀਡਰ, ਰੀਡਰ ਤੋਂ ਪ੍ਰੋਫ਼ੈਸਰ ਅਤੇ ਪ੍ਰੋਫ਼ੈਸਰ ਤੋਂ ਮਗਰੋਂ ਦੋ ਵਿਭਾਗਾਂ (ਪੰਜਾਬੀ ਅਤੇ ਜਰਨਲਿਜ਼ਮ) ਦੇ ਮੁਖੀ ਵਜੋਂ ਕੰਮ ਕਰਦਾ ਅਤੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਉੱਪਰ ਅੱਪੜਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੀ ਅੱਠਵੇਂ ਦਹਾਕੇ ਦੇ ਸ਼ੁਰੂ ਵਿਚ ਉਸ ਦੀ ਅੰਗਰੇਜ਼ੀ ਦੀ ਲੈਕਚਰਰ ਨਾਲ ਸ਼ਾਦੀ ਹੁੰਦੀ ਹੈ ਜੋ ਲੈਕਚਰਰ ਮਗਰੋਂ ਰੀਡਰ ਤੇ ਫਿਰ ਪ੍ਰੋਫ਼ੈਸਰ ਦੇ ਅਹੁਦਿਆਂ ਤਕ ਅੱਪੜਦੀ ਹੈ। ਸਾਲ 1995 ਵਿਚ ਉਹ ਜਰਨਲਿਜ਼ਮ ਦਾ ਪ੍ਰੋਫ਼ੈਸਰ ਤੇ ਮੁਖੀ ਬਣਦਾ ਅਤੇ ਨਾਲ ਹੀ ਨਾਲ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਅਤੇ ਡੀਨ ਵਿਦਿਆਰਥੀ ਭਲਾਈ ਦੀ ਸੇਵਾ ਨਿਭਾਉਂਦਾ ਹੈ। ਨੌਕਰੀ ਮਗਰੋਂ ਕੰਮ-ਕਾਜੀ ਇਸਤਰੀ ਨਾਲ ਸ਼ਾਦੀ ਉਸ ਦੀ ਜ਼ਿੰਦਗੀ ਦਾ ਰਉਂ ਰੁਖ਼ ਹੀ ਬਦਲ ਦੇਂਦੀ ਹੈ। ਕੁਝ ਵੀ ਰੱਬੀ ਮਿਹਰ, ਵਾਹਿਗੁਰੂ ਦੀ ਕਿਰਪਾ ਜਾਂ ਅਲੀ ਬਾਬੇ ਦੇ ਖੁੱਲ੍ਹ ਜਾ ਸਿਮ-ਸਿਮ ਦੇ ਜਾਦੂ ਵਾਂਗ ਨਹੀਂ ਵਾਪਰਦਾ, ਹਰ ਪ੍ਰਾਪਤੀ ਲਈ ਲੋੜੀਂਦੀ ਮਿਹਨਤ, ਮੁਸ਼ੱਕਤ ਤੇ ਇਮਾਨਦਾਰੀ ਸਾਥ ਦੇਂਦੀ ਹੈ। ਦੁੱਖ-ਦਰਦ ਭਰਿਆ ਬਚਪਨ ਤੇ ਜਵਾਨੀ ਦਾ ਮੁੱਢਲਾ ਪੜਾਅ ਪਾਰ ਕਰਨ ਮਗਰੋਂ ਦੁੱਖ-ਸੁੱਖ, ਧੁੱਪਾਂ-ਛਾਂਵਾਂ ਨਾਲ-ਨਾਲ ਤੁਰਦੀਆਂ ਹਨ। ਮੁਨੀਰ ਨਿਆਜ਼ੀ ਦੇ ਕਹਿਣ ਵਾਂਗ: ‘‘ਏਕ ਔਰ ਦਰੱਯਾ ਕਾ ਸਾਮਨਾ ਥਾ ਐ ਮੁਨੀਰ ਮੁਝਕੋ, ਮੈਂ ਏਕ ਦਰੱਯਾ ਕੇ ਪਾਰ ਉਤਰਾ ਤੋਂ ਮੈਨੇ ਦੇਖਾ।’’
ਨਿੱਜ, ਪਰਿਵਾਰ, ਨੌਕਰੀ ਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਨਾਲ ਤੁਰਦੀਆਂ ਹਨ। ਜੀਵਨ ਦੇ ਵੱਖ ਵੱਖ ਵਰਤਾਰਿਆਂ ਪ੍ਰਤੀ ਨਜ਼ਰੀਆ ਲਗਾਤਾਰ ਸਾਫ਼-ਸ਼ਫ਼ਾਫ਼ ਹੁੰਦਾ ਅਤੇ ਨਿੱਖਰਦਾ ਜਾਂਦਾ ਹੈ। ਸਿਰਜਤ ਬਿੰਬ ਆਪਣੇ ਅਨੁਭਵ, ਪੁਸਤਕਾਂ ਅਤੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਰਾਹੀਂ ਆਪਣੇ ਗਿਆਨ ਅਤੇ ਸੋਝੀ ਵਿਸਥਾਰ ਦਾ ਕਾਰਜ ਨਿਰੰਤਰ ਕਰਦੀ ਰਹਿੰਦੀ ਹੈ। ਬਹੁਭਾਸ਼ੀ ਯੋਗਤਾ ਨਾਲ ਉਹ ਵਿਸ਼ਵ ਪੱਧਰ ਉਪਰ ਪੈਦਾ ਹੋ ਰਹੇ ਗਿਆਨ ਨਾਲ ਆਪਣਾ ਪੱਕਾ ਪੀਢਾ ਨਾਤਾ ਜੋੜਦਾ ਹੈ। ਅਨੁਭਵ ਅਤੇ ਗਿਆਨ ਹਾਸਲ ਕਰਦਾ ਉਹ ਆਪਣੀ ਉਮਰ ਦੇ ਚੌਥੇ ਦਹਾਕੇ ਦੇ ਅੱਧ ਵਿਚ ਪੂਰੀ ਮਜ਼ਬੂਤੀ ਅਤੇ ਮਕਸਦ ਨਾਲ ਕਲਮ ਨੂੰ ਹੱਥ ਪਾਉਂਦਾ ਹੈ। ਆਪਣੇ ਮਨੋਰਥ ਪ੍ਰਤੀ ਸਪਸ਼ਟ ਇਹ ਸ਼ਖ਼ਸੀਅਤ ਇਸ ਆਸ਼ੇ ਨਾਲ ਅਗਾਂਹ ਸਰਕਦੀ ਹੈ ਕਿ ‘‘ਮੈਂ ਜ਼ਿੰਦਗੀ ਦੀਆਂ ਅਨੇਕਾਂ ਤੰਗ ਗਲੀਆਂ ਵਿਚੋਂ ਨਿਕਲ ਕੇ ਮਾਲ ਰੋਡ ’ਤੇ ਪਹੁੰਚਿਆ ਹਾਂ, ਮੇਰੀ ਇੱਛਾ ਹੈ ਕਿ ਮੈਂ ਹਰ ਕਿਸੇ ਨੂੰ ਇਕ ਮਾਲ ਰੋਡ ਦਾ ਤੋਹਫ਼ਾ ਦੇਵਾਂ।’’ ਉਹ ਆਪਣੀ ਰਚਨਾ ਦਾ ਉਦੇਸ਼ ‘‘ਉਸ ਮਨੁੱਖ ਦੀ ਉਸਾਰੀ ਕਰਨਾ’’ ਦੱਸਦਾ ਹੈ, ਜਿਸ ਦੀਆਂ ਬਾਹਾਂ ਵਿਚ ਸਾਰਾ ਸੰਸਾਰ ਆ ਸਕੇ- ਜਿਹੜਾ ਰਾਹ ਵਿਚ ਰੱਬ ਦੇ ਅਚਾਨਕ ਮਿਲ ਪੈਣ ਉੱਤੇ ਮੁਸਕਰਾ ਕੇ ਹੱਥ ਮਿਲਾ ਸਕੇ…।’’ ਸਵੈਜੀਵਨੀਕਾਰ ਆਪਣੇ ਜੀਵਨ ਦੀ ਪ੍ਰਦਰਸ਼ਨੀ ਨਹੀਂ ਲਗਾਉਂਦਾ ਸਗੋਂ ਆਪਣੀ ਮਿਹਨਤ ਮੁਸ਼ੱਕਤ ਨੂੰ ਕੁਝ ਇਸ ਤਰ੍ਹਾਂ ਵੰਨਗੀ ਵਜੋਂ ਪੇਸ਼ ਕਰਦਾ ਹੈ ਤਾਂ ਕਿ ਲੋਕ ਉਸ ਤੋਂ ਕੁਝ ਸਿੱਖ ਕੇ ਆਪਣੇ ਜੀਵਨ ਢੰਗ ਨੂੰ ਸੰਵਾਰ ਸਕਣ।
ਧੁੱਪਾਂ-ਛਾਂਵਾਂ ਸਵੈਜੀਵਨੀ ਵਿਚ ਸਿਰਜਿਆ ਸਵੈ-ਬਿੰਬ ਪੜ੍ਹਨ, ਪੜ੍ਹਾਉਣ ਅਤੇ ਲਿਖਣ ਦੇ ਇਰਦ-ਗਿਰਦ ਘੁੰਮਦਾ ਹੈ। ਇਸ ਲਈ ਪੁਸਤਕ ਦੇ ਢਾਂਚੇ ਵਿਚ ਲੇਖਕ ਦੀ ਸਾਹਿਤਕ ਸਵੈਜੀਵਨੀ ਵੀ ਛੁਪੀ ਹੋਈ ਹੈ। ਇਸ ਵਿਚ ਉਸ ਦੀ ਸਮੁੱਚੀ ਵਾਰਤਕ ਰਚਨਾ ਦੀ ਸਮਝ ਲਈ ਲੋੜੀਂਦੇ ਤੱਥ ਅਤੇ ਸੂਤਰ ਛੁਪੇ ਹੋਏ ਹਨ। ਕੁਝ ਲੋੜੀਂਦੇ ਪੁਸ਼ਟੀਯੋਗ ਤੱਥ ਪੇਸ਼ ਕਰਨ ਦੀ ਜ਼ਰੂਰਤ ਮਹਿਸੂਸ ਕਰਦਾ ਹੋਇਆ ਉਹ ਆਮ ਕਰਕੇ ਤੱਥਾਂ, ਨਾਵਾਂ ਅਤੇ ਥਾਵਾਂ ਨੂੰ ਪ੍ਰਸਤੁਤ ਕਰਨ ਦੇ ਝਮੇਲਿਆਂ ਤੋਂ ਗੁਰੇਜ਼ ਕਰਦਾ ਹੈ। ਇਹ ਰਚਨਾ ਤੱਥਾਂ ਦੇ ਘੜਮੱਸ ਵਿਚ ਗੁਆਚਣ ਦੀ ਥਾਂ ਗਿਆਨ, ਸਿਆਣਪ ਅਤੇ ਜੀਵਨ ਦੇ ਸਦੀਵੀ ਮੁੱਲਾਂ ਦੀ ਪੇਸ਼ਕਾਰੀ ਦਾ ਰਾਹ ਅਪਣਾਉਂਦੀ ਹੈ। ਉਸ ਦੇ ਵਾਰਤਕ ਦੇ ਖੇਤਰ ਵਿਚ ਪ੍ਰਵੇਸ਼, ਸਮੇਂ-ਸਮੇਂ ਸਾਹਮਣੇ ਆਈਆਂ ਮੌਲਿਕ ਪੁਸਤਕਾਂ, ਉਸ ਦੇ ਮਨਭਾਉਂਦੇ ਵਿਸ਼ੇ, ਉਸ ਦੇ ਮਨਪਸੰਦ ਪੰਜਾਬੀ ਤੇ ਵਿਦੇਸ਼ੀ ਲੇਖਕ, ਉਸ ਦਾ ਨਿਵੇਕਲਾ ਅੰਦਾਜ਼ ਅਤੇ ਤਰਕਸ਼ੀਲ ਵਿਗਿਆਨਕ ਨਜ਼ਰੀਏ ਸਬੰਧੀ ਤਮਾਮ ਵੇਰਵੇ ਇਸ ਪੁਸਤਕ ਵਿਚ ਹਾਜ਼ਰ ਹਨ। ਪੰਜਾਬੀ ਵਿਚੋਂ ਪ੍ਰਿੰ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਬਲਵੰਤ ਗਾਰਗੀ ਅਤੇ ਅੰਮ੍ਰਿਤਾ ਪ੍ਰੀਤਮ ਉਸ ਦੇ ਮਨਪਸੰਦ ਲੇਖਕ ਹਨ, ਪਰ ਉਹ ਵਿਸ਼ਿਆਂ ਦੀ ਚੋਣ, ਅੰਦਾਜ਼ ਅਤੇ ਨਜ਼ਰੀਏ ਸਮੇਂ ਕਿਸੇ ਦਾ ਵੀ ਪ੍ਰਭਾਵ ਇੰਨ-ਬਿੰਨ ਨਹੀਂ ਕਬੂਲਦਾ। ਅਸਲ ਵਿਚ ਉਸ ਦਾ ਗਿਆਨ ਅਤੇ ਅਨੁਭਵ ਉਸ ਦੇ ਅਵਚੇਤਨ ਵਿਚ ਟਿਕ ਵਿਸ਼ਿਆਂ ਦੀ ਚੋਣ, ਪੇਸ਼ਕਾਰੀ ਅਤੇ ਉਸ ਦੇ ਜੀਵਨ ਨਜ਼ਰੀਏ ਨੂੰ ਪੁਖ਼ਤਾ ਬਣਾਉਂਦਾ ਜਾਂਦਾ ਹੈ। ਉਸ ਦੀ ਸਮੁੱਚੀ ਵਾਰਤਕ ਧਰਮ, ਰੁਮਾਂਸ ਜਾਂ ਰਾਜਨੀਤੀ ਦੀ ਬਜਾਏ ਮਨੁੱਖੀ ਵਿਹਾਰ ਦੇ ਇਰਦ-ਗਿਰਦ ਘੁੰਮਦੀ ਹੈ। ਮਾਨਸਿਕ, ਸਮਾਜਕ, ਸਭਿਆਚਾਰਕ ਅਤੇ ਵਿਹਾਰਕ ਮਸਲਿਆਂ ਨੂੰ ਛੋਹਣ ਵੇਲੇ ਉਹ ਇਸ ਮੂਲ ਕੇਂਦਰ ਨਾਲੋਂ ਟੁੱਟਦਾ-ਥਿੜਕਦਾ ਦਿਖਾਈ ਨਹੀਂ ਦਿੰਦਾ।
ਧੁੱਪਾਂ-ਛਾਂਵਾਂ ਸਵੈਜੀਵਨੀ ਵਿਚ ਨਰਿੰਦਰ ਸਿੰਘ ਕਪੂਰ ਨੇ ਸਵੈਜੀਵਨੀ ਲਿਖਣ ਦੇ ਪ੍ਰਚਲਿਤ ਢੰਗ-ਤਰੀਕੇ ਦੇ ਬੰਧਨ ਨੂੰ ਮੂਲੋਂ ਤਿਆਗ ਦਿੱਤਾ ਹੈ। ਉਸ ਦੀ ਸ਼ੈਲੀ ਅਸਲੋਂ ਵੱਖਰੀ ਹੈ। ਇਸ ਵਿਚ ਉਹ ਵਾਪਰੀਆਂ ਘਟਨਾਵਾਂ, ਪਾਤਰਾਂ ਜਾਂ ਵੇਰਵਿਆਂ ਨੂੰ ਕਾਲਕ੍ਰਮ ਮੁਤਾਬਿਕ ਸਿੱਧੀ ਲਕੀਰ ਵਿਚ ਨਹੀਂ ਤੋਰਦਾ। ਉਹ ਨਿੱਕੀਆਂ-ਨਿੱਕੀਆਂ ਘਟਨਾਵਾਂ, ਛੋਟੇ-ਛੋਟੇ ਵੇਰਵਿਆਂ ਉਪਰ ਅਲਪਾਕਾਰੀ ਲੇਖ ਲਿਖਦਾ ਹੈ। ਇਹ ਟੁਕੜੇ ਗ਼ਜ਼ਲ ਦੇ ਸ਼ਿਅਰਾਂ ਵਾਂਗ ਮੁਕੰਮਲ ਵੀ ਭਾਸਦੇ ਨੇ ਅਤੇ ਬਾਕੀ ਟੁਕੜਿਆਂ ਨਾਲ ਆਪਣਾ ਨਾਤਾ ਵੀ ਜੋੜਦੇ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਵਾਰਤਕਕਾਰ ਵੱਖ ਵੱਖ ਕੋਣਾਂ ਤੋਂ ਆਪਣੇ ਜੀਵਨ ਦੀਆਂ ਹੀ ਵੱਖ ਵੱਖ ਤਸਵੀਰਾਂ ਪੇਸ਼ ਕਰ ਰਿਹਾ ਹੋਵੇ। ਵੱਖਰੇ ਵੱਖਰੇ ਅਨੁਭਵ-ਖੰਡ ਨਵੇਂ ਸੰਗਠਨ ਵਿਚ ਜੁੜ ਕੇ ਅਸਲੋਂ ਨਵੇਂ ਚਿੱਤਰ ਬਣਾਉਂਦੇ ਹਨ, ਕਲੈਡੋਸਕੋਪ ਵਿਚਲੀਆਂ ਚੂੜੀਆਂ ਦੇ ਟੁਕੜਿਆਂ ਵਾਂਗ। ਕਈ ਵਾਰ ਇਹ ਤਕਨੀਕ ਚੇਤਨਾ ਪ੍ਰਵਾਹ ਦੀ ਤਕਨੀਕ ਦਾ ਰੂਪ ਧਾਰ ਲੇਖਕ ਦੇ ਜੀਵਨ, ਪਾਤਰਾਂ, ਘਟਨਾਵਾਂ ਅਤੇ ਪਿਛੋਕੜ ਦੇ ਇਰਦ-ਗਿਰਦ ਘੁੰਮਦੀ ਦਿਖਾਈ ਦਿੰਦੀ ਹੈ। ਅਨੁਭਵ ਦਾ ਬੇਰੋਕ ਨਿਰੰਤਰ ਵਹਾਅ ਇਨ੍ਹਾਂ ਟੁਕੜਿਆਂ ਜਾਂ ਭਾਗਾਂ ਨੂੰ ਇਕ-ਦੂਸਰੇ ਨਾਲ ਜੋੜ ਕੇ ਲੇਖਕ ਦੇ ਜੀਵਨ ਅਤੇ ਆਲੇ-ਦੁਆਲੇ ਦਾ ਇਕ ਮਹਾਂਦ੍ਰਿਸ਼ ਉਜਾਗਰ ਕਰਦਾ ਹੈ। ਉਸ ਦੇ ਜੀਵਨ ਨਾਲ ਸਬੰਧਿਤ ਇਨ੍ਹਾਂ ਪੱਤਰਿਆਂ, ਟੁਕੜਿਆਂ ਜਾਂ ਭਾਗਾਂ ਬਾਰੇ ਉਸ ਦੀ ਆਪਣੀ ਰਾਇ ਹੈ ਕਿ ਇਨ੍ਹਾਂ ਵਿਚ ‘‘ਗੁਣਾਂ-ਔਗੁਣਾਂ, ਗ਼ਲਤੀਆਂ, ਗੁਸਤਾਖ਼ੀਆਂ ਅਤੇ ਪਛਤਾਵਿਆਂ; ਪ੍ਰਾਪਤੀਆਂ ਅਤੇ ਘਾਟਿਆਂ; ਜਿੱਤਾਂ-ਹਾਰਾਂ; ਕਮਜ਼ੋਰੀਆਂ-ਸ਼ਕਤੀਆਂ; ਧੁੱਪਾਂ-ਛਾਵਾਂ; ਲਾਭਾਂ-ਹਾਨੀਆਂ; ਸਿਖਰਾਂ-ਡੂੰਘਾਈਆਂ; ਮਿਲਾਪਾਂ-ਵਿਛੋੜਿਆਂ; ਕਮੀਨਗੀਆਂ-ਪਰਉਪਕਾਰਾਂ ਨੂੰ ਮਹਾਨਤਾ, ਵਿਲੱਖਣਤਾ ਅਤੇ ਵਿਸ਼ੇਸ਼ਤਾ ਦੇ ਪਲੇਥਣ ਤੋਂ ਬਿਨਾਂ ਸਾਧਾਰਨ ਵਿਅਕਤੀ ਦੀ ਦਿ੍ਰਸ਼ਟੀ ਤੋਂ ਪ੍ਰਗਟਾਇਆ ਗਿਆ ਹੈ।’’ ਜੀਵਨ ਦੇ ਮਹਾਂਦ੍ਰਿਸ਼ ਨੂੰ ਵੱਖ ਵੱਖ ਟੁਕੜਿਆਂ ਵਿਚ ਪੇਸ਼ ਕਰਨ ਕਰਕੇ ਜਾਣਕਾਰੀ ਤੇ ਵਾਕਫ਼ੀ ਦਾ ਮੁੜ ਮੁੜ ਦੁਹਰਾਓ ਇਸ ਸਵੈਜੀਵਨੀ ਦੀ ਕਾਇਆ ਦਾ ਹਿੱਸਾ ਬਣ ਗਿਆ ਹੈ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਭਾਸ਼ਾ-ਸ਼ੈਲੀ ਦੀ ਪ੍ਰਸੰਸਾ ਉਸ ਨੂੰ ‘ਸ਼ਬਦਾਂ ਦਾ ਜਾਦੂਗਰ’ ਆਖ ਕੇ ਕੀਤੀ ਜਾਂਦੀ ਹੈ ਅਤੇ ਨਰਿੰਦਰ ਸਿੰਘ ਕਪੂਰ ਤਲਿੱਸਮੀ ਅਤੇ ਚਮਤਕਾਰੀ ਫ਼ਿਕਰਿਆਂ ਦਾ ਬਾਦਸ਼ਾਹ ਹੈ। ਉਹ ਚਮਤਕਾਰੀ ਫ਼ਿਕਰਿਆਂ ਵਿਚ ਜੀਵਨ ਦੇ ਕਿਸੇ ਪੱਖ ਜਾਂ ਪਾਸਾਰ ਸਬੰਧੀ ਕੋਈ ਨਾ ਕੋਈ ਸੂਤਰ ਜ਼ਰੂਰ ਪੇਸ਼ ਕਰਦਾ ਹੈ। ਅਨੁਭਵ ਦੇ ਟੁਕੜੇ, ਘਟਨਾਵਾਂ ਅਤੇ ਕਈ ਥਾਂ ਚੁਟਕਲਾਨੁਮਾ ਵੇਰਵੇ ਇਸ ਗਾਥਾ ਵਿਚਲੀ ਕਥਨ-ਸ਼ੈਲੀ ਦੀ ਰੌਚਿਕਤਾ ਵਿਚ ਵਾਧਾ ਕਰਦੇ ਹਨ। ਯਥਾਰਥਵਾਦੀ ਦ੍ਰਿਸ਼ਟੀ, ਤਰਕਸ਼ੀਲ ਤੇ ਵਿਗਿਆਨਕ ਜੀਵਨ ਨਜ਼ਰੀਆ, ਜੀਵਨ ਪ੍ਰਤੀ ਹਾਂ-ਪੱਖੀ ਦ੍ਰਿਸ਼ਟੀਕੋਣ ਅਤੇ ਨਿੱਗਰ, ਬੱਝਵੀਂ ਅਤੇ ਸੁਹਜਮਈ ਭਾਸ਼ਾ ਇਸ ਸਵੈਜੀਵਨੀ ਦੇ ਅਦਬੀ ਗੁਣਾਂ ਵਿਚ ਵਾਧਾ ਕਰਦੀ ਹੈ।
ਸੰਪਰਕ: 98557-19118
* ਸਾਬਕਾ ਮੁਖੀ ਅਤੇ ਡੀਨ, ਭਾਸ਼ਾ ਫੈਕਲਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।