ਤੋਸ਼ ਗਰਗ, ਮਹੇਸ਼ ਕੁਮਾਰ ਤੇ ਐਸਕੇ ਸੰਧੂ*
ਮੱਕੀ ਦੀ ਅਜਿਹੀ ਛੱਲੀ, ਜਿਸ ਨੇ ਅਜੇ ਸੂਤ ਕੱਤਣਾ ਸ਼ੁਰੂ ਕੀਤਾ ਹੋਵੇ, ਪਰ ਅਜੇ ਦਾਣੇ ਬਣਨ ਦੀ ਪ੍ਰਕਿਰਿਆ ਸ਼ੁਰੂ ਨਾ ਹੋਈ ਹੋਵੇ ਨੂੰ ਤੋੜ ਕੇ ਬੇਬੀ ਕੌਰਨ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਵਿਭਿੰਨ ਪਕਵਾਨਾਂ ਨੂੰ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਹਲਵਾ, ਖੀਰ, ਬਰਫੀ, ਜੈਮ, ਚਟਨੀ, ਅਚਾਰ, ਕੈਂਡੀ, ਮੁਰੱਬਾ, ਸੂਪ, ਮੰਚੂਰਿਅਨ, ਚਾਉਮੀਨ ਅਤੇ ਰਵਾਇਤੀ ਉਤਪਾਦ ਜਿਵੇਂ ਕਿ ਪਕੌੜੇ, ਸਲਾਦ, ਸੁੱਕੀਆਂ ਸਬਜ਼ੀਆਂ, ਕੋਫਤਾ, ਮਿਸ਼ਰਤ ਸਬਜ਼ੀ, ਰਾਇਤਾ ਆਦਿ। ਬੇਬੀ ਕੌਰਨ ਦੀ ਫ਼ਸਲ ਤਕਰੀਬਨ 60-65 ਦਿਨਾਂ ਵਿੱਚ ਖ਼ਤਮ ਹੋ ਜਾਂਦੀ ਹੈ। ਬੇਬੀ ਕੌਰਨ ਤੋੜਨ ਤੋਂ ਬਾਅਦ ਬਚੇ ਹੋਏ ਟਾਂਡਿਆਂ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ।
ਢੁਕਵੀਂ ਕਿਸਮ: ਬੇਬੀ ਕੌਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ 1 ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਏਯੂ ਵੱਲੋਂ ਪਹਿਲਾਂ ਸਿਫ਼ਾਰਸ਼ ਕੀਤੀ ਗਈ ਕਿਸਮਾਂ ਵਿੱਚੋਂ ਕਿਸਾਨਾਂ ਨੂੰ ਵਪਾਰਕ ਵਰਤੋਂ ਲਈ ਚੰਗੀ ਗੁਣਵੱਤਾ ਦੇ ਬੇਬੀ ਕੌਰਨ ਪ੍ਰਾਪਤ ਕਰਨ ਲਈ ਬਾਬੂ ਝੰਡੇ ਕੱੱਢਣੇ ਪੈਂਦੇ ਹਨ। ਇਸ ਰੁਕਾਵਟ ਨੂੰ ਸਿਫ਼ਾਰਸ਼ ਕੀਤੀ ਕਿਸਮ ਵਿੱਚ ਸਫਲਤਾਪੂਰਵਕ ਦੂਰ ਕੀਤਾ ਗਿਆ ਹੈ। ਪੰਜਾਬ ਬੇਬੀ ਕੌਰਨ 1 ਕਿਸਮ ਸਾਈਟੋਪਲਾਜ਼ਮਿਕ ਮੇਲ ਸਟਰਲਿਟੀ ਤੇ ਆਧਾਰਿਤ ਹੈ, ਜਿਸ ਦਾ ਮਤਲਬ ਇਹ ਹੈ ਕਿ ਇਸ ਕਿਸਮ ਵਿੱਚ ਪਰਾਗ ਕਣ ਨਹੀਂ ਹੁੰਦੇ। ਇਸ ਲਈ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੇਬੀ ਕੌਰਨ ਪ੍ਰਾਪਤ ਕਰਨ ਲਈ ਬਾਬੂ ਝੰਡਿਆਂ ਨੂੰ ਕੱਢਣ (ਡੀਟੈਸਲਿੰਗ) ਦੀ ਲੋੜ ਨਹੀਂ ਪੈਂਦੀ ਕਿਉਂਕਿ ਪਰਾਗਣ ਨਾਲ ਬੀਜ ਬਣ ਜਾਂਦਾ ਹੈ ਅਤੇ ਜੋ ਕਿ ਇਸ ਨੂੰ ਬੇਬੀ ਕੌਰਨ ਦੇ ਤੌਰ ‘ਤੇ ਅਸਵੀਕਾਰਯੋਗ ਬਣਾ ਦਿੰਦਾ ਹੈ। ਇਸ ਨਾਲ ਬਾਬੂ ਝੰਡਿਆਂ ਨੂੰ ਕੱੱਢਣ ਲਈ ਹੋਣ ਵਾਲੇ ਸਮੇਂ, ਮਿਹਨਤ ਅਤੇ ਖ਼ਰਚੇ ਦੀ ਬੱੱਚਤ ਹੁੰਦੀ ਹੈ। ਇਹ ਕਿਸਮ ਲਗਪਗ ਬਿਜਾਈ ਤੋਂ 52 ਦਿਨਾਂ ਬਾਅਦ ਬੇਬੀ ਕੌਰਨ ਦੀ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਕਿਸਾਨ 10-12 ਦਿਨਾਂ ਦੇ ਵਕਫ਼ੇ ਵਿੱਚ 2 ਤੋਂ 3 ਤੁੜਾਈਆਂ ਲੈ ਸਕਦੇ ਹਨ। ਇਸ ਕਿਸਮ ਦੇ ਬੇਬੀ ਕੌਰਨ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਹੈਕਟੇਅਰ ਹੈ। ਬੇਬੀ ਕੌਰਨ ਦੀ ਤੁੜਾਈ ਤੋਂ ਬਾਅਦ ਕਿਸਾਨ ਮੱਕੀ ਦੇ ਟਾਂਡਿਆਂ ਨੂੰ ਹਰੇ ਚਾਰੇ ਵਜੋਂ ਵਰਤ ਸਕਦੇ ਹਨ। ਇਹ ਕਿਸਮ ਬੇਬੀ ਕੌਰਨ ਦੀ ਤੁੜਾਈ ਪੂਰੀ ਹੋਣ ਤੋਂ ਬਾਅਦ 128 ਕੁਇੰਟਲ ਪ੍ਰਤੀ ਏਕੜ ਚਾਰੇ ਦਾ ਝਾੜ ਦਿੰਦੀ ਹੈ।
ਬਿਜਾਈ ਦਾ ਸਮਾਂ ਤੇ ਢੰਗ: ਬੇਬੀ ਕੌਰਨ ਦੀ ਕਾਸ਼ਤ ਅਪਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਬਿਜਾਈ ਲਈ 20 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਜਾਈ ਸਿੱਧੀਆਂ ਕਤਾਰਾਂ ਵਿੱਚ ਕਰੋ। ਕਤਾਰ ਤੋਂ ਕਤਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਸਾਰਾ ਖੇਤ ਇੱਕੋ ਵਾਰ ਨਹੀਂ ਬੀਜਣਾ ਚਾਹੀਦਾ ਖੇਤ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਲਵੋ ਅਤੇ ਥੋੜ੍ਹੇ-ਥੋੜ੍ਹੇ ਵਕਫ਼ੇ ਮਗਰੋਂ ਬਿਜਾਈ ਕਰੋ ਤਾਂ ਜੋ ਸਮੇਂ-ਸਮੇਂ ਸਿਰ ਮਾਰਕੀਟ ਦੀ ਮੰਗ ਅਨੁਸਾਰ ਸਪਲਾਈ ਕੀਤੀ ਜਾ ਸਕੇ।
ਸੰਭਾਵੀ ਫ਼ਸਲ ਚੱਕਰ: ਬੇਬੀ ਕੌਰਨ ਦੀ ਫ਼ਸਲ ਸਿਰਫ਼ 60-65 ਦਿਨਾਂ ਦੀ ਹੈ, ਇਸ ਲਈ ਅਪਰੈਲ ਤੋਂ ਸਤੰਬਰ ਤੱਕ ਦੋ ਜਾਂ ਤਿੰਨ ਫ਼ਸਲਾਂ ਲਗਾਤਾਰ ਇਕੋ ਹੀ ਖੇਤ ਵਿੱੱਚੋਂ ਲਈਆਂ ਜਾ ਸਕਦੀਆਂ ਹਨ। ਅਪਰੈਲ ਵਿੱੱਚ ਬੀਜੀ ਬੇਬੀ ਕੌਰਨ ਤੋਂ ਬਾਅਦ ਜੂਨ-ਜੁਲਾਈ ਵਿੱਚ ਝੋਨਾ ਜਾਂ ਬਾਸਮਤੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਬੀ ਕੌਰਨ ਦੀਆਂ ਲਗਾਤਾਰ ਦੋ ਫ਼ਸਲਾਂ ਲੈਣ ਤੋਂ ਬਾਅਦ ਸਤੰਬਰ ਵਿੱਚ ਅਗੇਤੇ ਮਟਰ ਜਾਂ ਅਕਤੂਬਰ ਵਿੱੱਚ ਆਲੂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਬੀ ਕੌਰਨ ਖੇਤੀ ਆਮਦਨ ਵਧਾਉਣ ਅਤੇ ਖੇਤੀ ਵੰਨ-ਸੁਵੰਨਤਾ ਵਿੱੱਚ ਅਹਿਮ ਯੋਗਦਾਨ ਪਾ ਸਕਦੀ ਹੈ।
ਖਾਦਾਂ ਦੀ ਵਰਤੋਂ: ਖ਼ੁਰਾਕੀ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀਏਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇ ਖੇਤ ਵਿੱਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇ ਡੀਏਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਉ। ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਸਾਰੀ ਫਾਸਫੋਰਸ, ਪੌਟਾਸ਼ ਅਤੇ ਅੱਧਾ ਹਿੱਸਾ ਯੂਰੀਆ ਖਾਦ ਬਿਜਾਈ ਸਮੇਂ ਪਾਉ। ਬਾਕੀ ਦੀ ਰਹਿੰਦੀ ਯੂਰੀਆ ਖਾਦ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਉਸ ਵੇਲੇ ਪਾਓ।
ਬੇਬੀ ਕੌਰਨ ਵਿੱਚ ਖੁਰਾਕੀ ਤੱਤ: ਬੇਬੀ ਕੌਰਨ ਵਿੱਚ ਉਹ ਸਾਰੇ ਜ਼ਰੂਰੀ ਖ਼ੁਰਾਕੀ ਤੱਤ ਹੁੰਦੇ ਹਨ ਜੋ ਦੂਜੀਆਂ ਸਬਜ਼ੀਆਂ ਵਿੱਚ ਹੁੰਦੇ ਹਨ। ਬੇਬੀ ਕੌਰਨ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਫਾਸਫੋਰਸ ਵੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਸਬਜ਼ੀ ਦੇ ਤੌਰ ‘ਤੇ ਬੇਬੀ ਕੌਰਨ ਇਸ ਕਰ ਕੇ ਵੀ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਪੱਤਿਆਂ ਵਿੱਚ ਲਪੇਟਿਆ ਹੋਣ ਕਾਰਨ ਕੀਟਨਾਸ਼ਕ ਜ਼ਹਿਰਾਂ ਦੇ ਮਾਰੂ ਅਸਰ ਤੋਂ ਮੁਕਤ ਹੁੰਦੀ ਹੈ।
ਬੇਬੀ ਕੌਰਨ ਦੀ ਤੁੜਾਈ: ਸੂਤ ਨਿਕਲਣ ਸਾਰ ਨਰਮ ਕੱਚੀਆਂ ਛੱਲੀਆਂ ਨੂੰ ਤੋੜ ਲੈਣਾ ਚਾਹੀਦਾ ਹੈ। ਤੁੜਾਈ ਲੇਟ ਹੋਣ ਨਾਲ ਇਹ ਛੱਲੀਆਂ ਸਖ਼ਤ ਅਤੇ ਮੋਟੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਕੌਰਨ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ। ਇਕ ਬੂਟੇ ਤੋਂ ਦੋ ਜਾਂ ਤਿੰਨ ਵਾਰ ਛੱਲੀਆਂ ਤੋੜਨੀਆਂ ਚਾਹੀਦੀਆਂ ਹਨ। ਇਸ ਤੋਂ ਵੱੱਧ ਲੱਗਣ ਵਾਲੀਆਂ ਛੱਲੀਆਂ ਦੀ ਗੁਣਵੱਤਾ ਚੰਗੀ ਨਹੀਂ ਹੁੰਦੀ। ਤੁੜਾਈ ਵੇਲੇ ਬੇਬੀ ਕੌਰਨ ਉੱਪਰ ਪਰਦੇ ਦੀ ਇਕ ਤਹਿ ਰਹਿਣ ਦੇਣੀ ਚਾਹੀਦੀ ਹੈ ਤਾਂ ਜੋ ਮੰਡੀ ਵਿੱੱਚ ਵੇਚਣ ਵੇਲੇ ਇਸ ਦੀ ਦਿਖ ਪ੍ਰਭਾਵਸ਼ਾਲੀ ਰਹੇ ਅਤੇ ਗੁਣਵੱਤਾ ‘ਤੇ ਮਾੜਾ ਅਸਰ ਨਾ ਪਵੇ।
ਮੰਡੀਕਰਨ: ਬੇਬੀ ਕੌਰਨ ਦੀ ਹੋਟਲਾਂ, ਹਵਾਈ ਅਤੇ ਸਮੁੰਦਰੀ ਜਹਾਜ਼ਾਂ ਦੀਆਂ ਕੰਪਨੀਆਂ ਵਿੱੱਚ ਬਹੁਤ ਮੰਗ ਹੈ। ਪ੍ਰਾਈਵੇਟ ਕੰਪਨੀਆਂ ਇਸ ਨੂੰ ਪੱੱਛਮੀ ਦੇਸ਼ਾਂ ਨੂੰ ਨਿਰਯਾਤ ਕਰਦੀਆਂ ਹਨ। ਬੇਬੀ ਕੌਰਨ ਇੱਕ ਜਲਦ ਖ਼ਰਾਬ ਹੋਣ ਵਾਲੀ ਵਸਤੂ ਹੈ, ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਪਜ ਦੇ ਮੰਡੀਕਰਨ ਲਈ ਪਹਿਲਾਂ ਤੋਂ ਲਿੰਕ ਸਥਾਪਤ ਕਰਨ। ਸ਼ਹਿਰੀ ਅਤੇ ਕਸਬਿਆਂ ਦੇ ਆਸ-ਪਾਸ ਦੇ ਕਿਸਾਨਾਂ ਕੋਲ ਬੇਬੀ ਕੌਰਨ ਦੀ ਕਾਸ਼ਤ ਕਰ ਕੇ ਵਧੇਰੇ ਆਮਦਨ ਲੈਣ ਦੇ ਬਿਹਤਰ ਮੌਕੇ ਹਨ। ਪੰਜਾਬ ਦੇ ਕਿਸਾਨਾਂ ਨੂੰ ਪੀਏਯੂ ਵੱਲੋਂ ਵਿਕਸਤ ਕੀਤੀਆਂ ਨਵੀਂਆਂ ਕਿਸਮਾਂ ਅਤੇ ਤਕਨੀਕਾਂ ਦੀਆਂ ਸੰਭਾਵਨਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ), ਪੀਏਯੂ, ਲੁਧਿਆਣਾ।