ਸੁਰਿੰਦਰ ਸਿੰਘ ਤੇਜ
ਕਈ ਜਿੰਦੜੀਆਂ ਦੀ ਸੰਘਰਸ਼ ਗਾਥਾ ਸਾਧਾਰਨ ਦਿਸਦੀ ਹੋਈ ਵੀ ਅਸਾਧਾਰਨ ਹੁੰਦੀ ਹੈ। ਆਲ ਇੰਡੀਆ ਰੇਡੀਓ ਦੀ ਪਹਿਲੀ ਮਹਿਲਾ ਨਿਊਜ਼ ਰੀਡਰ ਸਈਦਾ ਬਾਨੋ ਦੀ ਕਹਾਣੀ ਵੀ ਅਜਿਹੀ ਹੀ ਰਹੀ। ‘ਡਗਰ ਸੇ ਹਟ ਕਰ’ ਸਿਰਲੇਖ ਵਾਲੀ ਆਤਮ-ਕਥਾ 1994 ’ਚ ਉਰਦੂ ਵਿਚ ਛਪੀ ਸੀ। ਉਦੋਂ ਬਹੁਤੀ ਚਰਚਿਤ ਨਹੀਂ ਹੋਈ। ਹੁਣ ਇਹ ਅੰਗਰੇਜ਼ੀ ਵਿਚ ‘ਔਫ ਦਿ ਬੀਟਨ ਟਰੈਕ’ (ਪੈਂਗੁਇਨ ਰੈਂਡਮ ਹਾਊਸ-ਜ਼ੁਬਾਨ; 268 ਪੰਨੇ; 499 ਰੁਪਏ) ਨਾਮ ਨਾਲ ਉਪਲਬਧ ਹੈ। ਸਈਦਾ ਦੀ ਇੱਛਾ ਮੁਤਾਬਿਕ ਇਸ ਦਾ ਅੰਗਰੇਜ਼ੀ ਅਨੁਵਾਦ ਉਸ ਦੀ ਪੋਤੀ ਸ਼ਾਹਾਨਾ ਰਜ਼ਾ ਨੇ ਕੀਤਾ। ਸ਼ਾਹਾਨਾ ਦਸਤਾਵੇਜ਼ੀ ਫ਼ਿਲਮਸਾਜ਼ ਤੇ ਪ੍ਰਸਾਰਨਕਾਰ ਹੈ। ਉਸ ਨੂੰ ਉਰਦੂ ਨਹੀਂ ਸੀ ਆਉਂਦੀ; ਦਾਦੀ ਨੇ ਰੰਗਮੰਚ ਨਾਲ ਜੁੜੀ ਆਪਣੀ ਇਕ ਸਹੇਲੀ ਨਾਜ਼ਨੀਨ ਨਕਵੀ ਦੀ ਆਵਾਜ਼ ਵਿਚ ਪੂਰੀ ਕਿਤਾਬ ਰਿਕਾਰਡ ਕਰਵਾ ਕੇ ਅੱਠ ਟੇਪਾਂ ਦੇ ਰੂਪ ਵਿਚ ਪੋਤੀ ਨੂੰ ਸੌਂਪ ਦਿੱਤੀ। ਅੰਗਰੇਜ਼ੀ ਅਨੁਵਾਦ 2001 ਵਿਚ ਸਈਦਾ ਦੇ ਇੰਤਕਾਲ ਵੇਲੇ ਤਕ ਤਾਂ ਸੰਭਵ ਨਾ ਹੋ ਸਕਿਆ, ਇਹ ਹੁਣ ਛਪਿਆ ਹੈ। ਉਰਦੂ ਦੀਆਂ ਬਾਰੀਕੀਆਂ ਫੜਨ ਅਤੇ ਦਾਦੀ ਦੇ ਅਲਫ਼ਾਜ਼ ਦਾ ਅੰਗਰੇਜ਼ੀ ਵਿਚ ਉਰਦੂ ਵਰਗੀ ਪਾਕੀਜ਼ਗੀ ਨਾਲ ਉਤਾਰਾ ਕਰਨ ਲਈ ਸ਼ਾਹਾਨਾ ਨੂੰ ਚਾਰ ਸਾਲ ਮੁਸ਼ੱਕਤ ਕਰਨੀ ਪਈ। ਇਸ ਮੁਸ਼ੱਕਤ ਨੂੰ ਫ਼ਲ ਪਿਆ। ਕਿਤਾਬ, ਤਰਜਮੇ ਵਾਲਾ ਪ੍ਰਭਾਵ ਨਹੀਂ ਦਿੰਦੀ। ਸ਼ਬਦਾਂ ਦੀ ਚੋਣ ਜ਼ਹੀਨਤਰੀਨ, ਬਿਲਕੁਲ ਉਰਦੂ ਵਰਗੀ ਮਿਠਾਸ ਤੇ ਨਫ਼ਾਸਤ ਵਾਲੀ ਹੈ। ਇਹ ਤੱਤ ਵੀ ਇਸ ਕਿਤਾਬ ਨੂੰ ਜ਼ਿਕਰਯੋਗ ਬਣਾਉਂਦਾ ਹੈ।
ਸਈਦਾ ਦਾ ਜੀਵਨ ਸਫ਼ਰ ਭੁਪਾਲ ਤੋਂ ਸ਼ੁਰੂ ਹੋਇਆ। ਸਕੂਲੀ ਸਿੱਖਿਆ ਲਖਨਊ ਵਿਚ ਹੋਈ। ਉੱਥੋਂ ਹੀ ਉਸ ਨੇ ਐਫ.ਏ. ਕੀਤੀ। ਵਿਆਹੀ ਵੀ ਉਹ ਲਖਨਊ ਵਿਚ ਗਈ। ਪਰ ਆਪਣੀ ਜ਼ਿੰਦਗੀ ਨੂੰ ਆਪਣੀ ਤਰਜ਼-ਇ-ਰਉਂ ਨਾਲ ਜਿਊਣ ਦੀ ਆਜ਼ਾਦੀ ਉਸ ਨੂੰ ਦਿੱਲੀ ਵਿਚ ਜਾ ਕੇ ਮਿਲੀ; ਆਲ ਇੰਡੀਆ ਰੇਡੀਓ ਵਿਚ 150 ਰੁਪਏ ਮਹੀਨਾ ਦੀ ਨੌਕਰੀ ਸਦਕਾ। ਇੱਥੋਂ ਹੀ (ਉਸ ਦੇ ਸ਼ਬਦਾਂ ਮੁਤਾਬਿਕ) ਉਸ ਦੀ ‘ਗ਼ੈਰ-ਰਵਾਇਤੀ ਜ਼ਿੰਦਗੀ’ ਦਾ ਆਗਾਜ਼ ਹੋਇਆ।
ਭੁਪਾਲ, ਹੋਰਨਾਂ ਮੁਸਲਿਮ ਰਿਆਸਤਾਂ ਨਾਲੋਂ ਕਈ ਪੱਖੋਂ ਵੱਖਰੀ ਸੀ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਮਗਰੋਂ 1707 ਵਿਚ ਉਸ ਦੇ ਇਕ ਜਰਨੈਲ ਦੋਸਤ ਮੁਹੰਮਦ ਖ਼ਾਨ (ਸੂਰਮਾ ਪਠਾਣ) ਵੱਲੋਂ ਕਾਇਮ ਕੀਤੀ ਇਸ ਰਿਆਸਤ ਵਿਚ 1819 ਤੋਂ 1926 ਤਕ ਬੇਗ਼ਮਾਂ ਦੀਆਂ ਚਾਰ ਪੁਸ਼ਤਾਂ ਦੀ ਹਕੂਮਤ ਰਹੀ। ਲਾਰਡ ਵੈੱਲਜ਼ਲੀ ਦਾ 1848 ਵਿਚ ਉਣਿਆ ‘ਲੈਪਸ ਦਾ ਸਿਧਾਂਤ’ ਵੀ ਇਸ ਹਕੂਮਤ ਨੂੰ ਹਿਲਾ ਨਾ ਸਕਿਆ ਅਤੇ ਨਾ ਹੀ 1857 ਵਾਲਾ ਵਿਦਰੋਹ। 1926 ਵਿਚ ਤਤਕਾਲੀ ਹੁਕਮਰਾਨ, ਸੁਲਤਾਨ ਜਹਾਨ ਬੇਗ਼ਮ ਵੱਲੋਂ ਆਪਣੇ ਪੁੱਤਰ, ਨਵਾਬ ਹਮੀਦਉੱਲਾ ਖ਼ਾਨ (ਫ਼ਿਲਮ ਅਭਿਨੇਤਰੀ ਸ਼ਰਮੀਲਾ ਟੈਗੋਰ ਦੇ ਨਾਨਾ-ਸਹੁਰਾ) ਦੇ ਹੱਕ ਵਿਚ ਰਾਜਗੱਦੀ ਤਿਆਗੇ ਜਾਣ ਨਾਲ ਇਹ ਸਿਲਸਿਲਾ ਖ਼ਤਮ ਹੋਇਆ। ਬੇਗ਼ਮਾਂ ਦੀ ਹਕੂਮਤ ਸਮਾਜਿਕ-ਪ੍ਰਬੰਧ ਵਿਚੋਂ ਸ਼ਰ੍ਹਈ ਕੱਟੜਤਾ ਤਾਂ ਬਹੁਤੀ ਨਾ ਘਟਾ ਸਕੀ, ਪਰ ਔਰਤਾਂ ਦੇ ਹੱਕ ਵਿਚ ਕਈ ਸੁਧਾਰ ਜ਼ਰੂਰ ਸੰਭਵ ਹੋਏ। ਉਨ੍ਹਾਂ ਦੀ ਸਿੱਖਿਆ ਲਈ ਸਕੂਲ-ਕਾਲਜ ਖੋਲ੍ਹੇ ਗਏ, ਉਹ ਵੀ ਅੰਗਰੇਜ਼ਾਂ ਵੱਲੋਂ ਖੋਲ੍ਹੇ ਸਕੂਲਾਂ ਦੀ ਤਰਜ਼ ’ਤੇ। ਸਈਦਾ ਦੇ ਪਰਿਵਾਰ ਨੂੰ ਇਸ ਦਾ ਫ਼ਾਇਦਾ ਹੋਇਆ। ਉਸ ਦੇ ਪਿਤਾ ਮੀਰ ਮਾਜਿਦ ਹੁਸੈਨ, ਸੁਲਤਾਨ ਜਹਾਨ ਬੇਗ਼ਮ ਦੇ ਬੱਚਿਆਂ ਦੇ ਅੰਗਰੇਜ਼ੀ ਦੇ ਟਿਊਟਰ ਸਨ। ਉਨ੍ਹਾਂ ਨੂੰ ਸਿੱਖਿਆ ਪ੍ਰਬੰਧ ਦੇ ਸੁਧਾਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਰ ਮਾਜਿਦ ਦੀ ਜ਼ੱਦ ਅਵਧੀ ਸੀ। ਨਵਾਬ ਹਮੀਦਉੱਲਾ ਖ਼ਾਨ ਨਾਲ ਮਤਭੇਦਾਂ ਮਗਰੋਂ ਉਹ ਲਖਨਊ ਪਰਤ ਗਏ। ਉਦੋਂ ਤਕ ਸਈਦਾ ਮੈਟ੍ਰਿਕ ’ਚ ਪਹੁੰਚ ਗਈ ਸੀ।
ਭੁਪਾਲ ਦੇ ਸ਼ਾਹੀ ਜੀਵਨ ਦੇ ਨਾਲ ਨਾਲ ਲਖਨਊ ਦੇ ਮੁਸਲਿਮ ਰਈਸਾਂ ਦੀ ਜ਼ਿੰਦਗੀ ਦਾ ਬਿਆਨ ਇਸ ਕਿਤਾਬ ਦਾ ਮੁਢਲਾ ਹਿੱਸਾ ਹੈ। ਮੁੰਬਈ ’ਚ 1960ਵਿਆਂ ਦੌਰਾਨ ਬਣੀਆਂ ‘ਮੇਰੇ ਮਹਬਿੂਬ’, ‘ਪਾਲਕੀ’ ਵਰਗੀਆਂ ਮੁਸਲਿਮ ਸੋਸ਼ਲ ਫ਼ਿਲਮਾਂ ਵਰਗੀ ਹੀ ਸੀ ਇਹ ਜ਼ਿੰਦਗੀ। ਮਹਿਫ਼ਿਲਾਂ, ਪਰਦਾਦਾਰੀ, ਇਸ਼ਕ-ਪੇਚੇ, ਝੂਠੀ ਸ਼ਾਨ ਖ਼ਾਤਿਰ ਕਰਜ਼ਦਾਰੀ; ਮਰਦਾਂ ਲਈ ਖੁੱਲ੍ਹਾਂ, ਔਰਤਾਂ ਲਈ ਬੰਦਸ਼ਾਂ। ਬੰਦਸ਼ਾਂ ਤੋਂ ਜੁਜ਼ਵਕਤੀ ਆਜ਼ਾਦੀ ਲਈ ਗ਼ੈਰ-ਰਵਾਇਤੀ ਤੌਰ-ਤਰੀਕੇ ਅਪਣਾਏ ਜਾਂਦੇ ਸਨ। ਅਜਿਹੇ ਚਲਨ ਤੋਂ ਬਚਣਾ ਚਾਹੁੰਦੀ ਸੀ ਸਈਦਾ। ਇਸੇ ਲਈ 18 ਵਰ੍ਹਿਆਂ ਦੀ ਉਮਰ ਵਿਚ ਵਿਆਹ ਦਾ ਉਸ ਨੇ ਵਿਰੋਧ ਕੀਤਾ; ਪਿਤਾ ਨੂੰ ਦੋ ਸਫ਼ਿਆਂ ਦਾ ਖ਼ਤ ਲਿਖ ਕੇ। ਪਿਤਾ ਨੇ ਇਹ ਵਿਰੋਧ ਨਜ਼ਰਅੰਦਾਜ਼ ਕਰ ਦਿੱਤਾ। ਵਿਆਹ ਹੋ ਗਿਆ। ਦੁਲਹਾ ਅੱਬਾਸ ਰਜ਼ਾ ਮੁਨਸਿਫ਼ ਸੀ ਅਤੇ ਸਹੁਰਾ ਜਸਟਿਸ ਮੁਹੰਮਦ ਰਜ਼ਾ ਸੂਬਾਈ ਹਾਈ ਕੋਰਟ ਦਾ ਜੱਜ। ਸਾਰਾ ਪਰਿਵਾਰ ਪੜ੍ਹਿਆ ਲਿਖਿਆ, ਪਰ ਔਰਤਾਂ ਲਈ ਹਰ ਤਰ੍ਹਾਂ ਦੀਆਂ ਬੰਦਸ਼ਾਂ ਵਾਲਾ। ਵਿਆਹ ਸਈਦਾ ਲਈ ਖ਼ੁਸ਼ਗਵਾਰੀ ਨਹੀਂ ਲਿਆਇਆ। ਪਤੀ ਵਿਸ਼ਾਦੀ ਸੁਭਾਅ ਦਾ ਸੀ, ਗੱਲ ਗੱਲ ’ਤੇ ਰੁੱਸਣ ਵਾਲਾ। ਦੋ ਬੇਟੇ ਅਸਦ ਤੇ ਸਈਦ ਹੋਣ ਦੇ ਬਾਵਜੂਦ ਸਈਦਾ ਅੱਠ ਸਾਲ ਬੇਮੁਹੱਬਤੀ ਵਜੂਦ ਨਾਲ ਘੁਲਦੀ ਰਹੀ। ਅੰਤ ਉਸ ਨੇ ਪਹਿਲਾਂ ਵਿੱਤੀ ਆਜ਼ਾਦੀ ਅਤੇ ਫਿਰ ਪਤੀ ਨਾਲੋਂ ਅਲਹਿਦਗੀ ਵਾਲਾ ਰਾਹ ਅਪਣਾਇਆ, ਆਲ ਇੰਡੀਆ ਰੇਡੀਓ (ਦਿੱਲੀ) ਵਿਚ ਨੌਕਰੀ ਸ਼ੁਰੂ ਕਰ ਕੇ। ਉਸ ਨੂੰ ਪਹਿਲਾਂ ਬੀਬੀਸੀ ਵਿਚ ਵੀ ਨੌਕਰੀ ਮਿਲ ਗਈ ਸੀ, ਪਰ ਉਸ ਨੂੰ ਦੱਸੇ ਬਿਨਾਂ ਉਸ ਦੇ ਪਤੀ ਨੇ ਇਹ ਨੌਕਰੀ ਠੁਕਰਾ ਦਿੱਤੀ ਸੀ। ਸਈਦਾ ਦੇ ਫ਼ੈਸਲੇ ਨੂੰ ਸਿਰਫ਼ ਦੋ ਜਣਿਆਂ ਤੋਂ ਪੂਰੀ ਹਮਾਇਤ ਮਿਲੀ; ਸੱਸ ਬੇਗ਼ਮ ਰਜ਼ਾ (ਜਿਸ ਨੂੰ ਉਹ ਚੱਚੀਜਾਨ ਬੁਲਾਉਂਦੀ ਸੀ) ਤੋਂ ਅਤੇ ਮਾਂ ਮਾਜਿਦਾ ਬੇਗ਼ਮ ਤੋਂ। ਉਹ ਲਿਖਦੀ ਹੈ: ‘‘ਦੋਵੇਂ ਅਨਪੜ੍ਹ ਔਰਤਾਂ ਸਨ; ਪਰਦੇ ਵਿਚ ਰਹਿਣ, ਪਤੀ ਦਾ ਹਰ ਹੁਕਮ ਵਜਾਉਣ ਅਤੇ ਬੇਟਿਆਂ ਦਾ ਹਰ ਨਖ਼ਰਾ ਸਹਿਣ ਦੀਆਂ ਆਦੀ। ਪਰ ਦੋਵਾਂ ਨੇ ਖ਼ਾਮੋਸ਼, ਪਰ ਨਿੱਗਰ ਢੰਗ ਨਾਲ ਮੇਰਾ ਸਾਥ ਦਿੱਤਾ। ਪੁਰਸ਼-ਪ੍ਰਧਾਨੀ ਦੇ ਖ਼ਿਲਾਫ਼ ਉਨ੍ਹਾਂ ਦੇ ਇਸ ਖ਼ਾਮੋਸ਼ ਵਿਦਰੋਹ ਨੇ ਮੇਰੇ ਇਰਾਦੇ ਨੂੰ ਬੇਹੱਦ ਮਜ਼ਬੂਤੀ ਬਖ਼ਸ਼ੀ।’’
ਵੱਡੇ ਬੇਟੇ ਅਸਦ ਨੂੰ ਸ਼ੇਰਵੁੱਡ ਸਕੂਲ, ਨੈਨੀਤਾਲ ਵਿਚ ਦਾਖ਼ਲ ਕਰਵਾ ਕੇ ਅਤੇ ਛੋਟੇ ਸਈਦ ਨੂੰ ਨਾਲ ਲੈ ਕੇ ਸਈਦਾ ਦਿੱਲੀ ਆ ਗਈ। ਮਹਿਲਾਂ ਵਰਗਾ ਘਰ ਛੱਡ ਕੇ ਦਿੱਲੀ ਦੇ ਵਾਈਸੀਡਬਲਿਊਏ ਹੋਸਟਲ ਦੇ ਇਕ ਕਮਰੇ ਵਿਚ ਰਹਿਣ ਲਈ। ਉਹ 10 ਅਗਸਤ 1947 ਨੂੰ ਦਿੱਲੀ ਪਹੁੰਚੀ। 13 ਅਗਸਤ ਨੂੰ ਉਸ ਨੇ ਪਹਿਲਾ ਖ਼ਬਰ ਬੁਲੇਟਿਨ ਪੜ੍ਹਿਆ। ਮੁਲਕ ਵੰਡ ਨਾਲ ਜੁੜੀ ਵਹਿਸ਼ਤ ਉਸ ਨੇ ਅਗਲੇ ਦਿਨਾਂ ਦੌਰਾਨ ਅੱਖੀਂ ਵੇਖੀ। ਖ਼ਤਰੇ ਵਾਲੀ ਹਾਲਤ ਕਾਰਨ ਉਹ ਉਸ ਸਮੇਂ ਦੇ ਕੇਂਦਰੀ ਵਜ਼ੀਰ ਤੇ ਕਾਂਗਰਸੀ ਆਗੂ ਰਫ਼ੀ ਅਹਿਮਦ ਕਿਦਵਈ ਦੀ ਰਿਹਾਇਸ਼ ’ਚ ਪਨਾਹ ਲੈਣ ਲਈ ਮਜਬੂਰ ਹੋਈ। ਸਹੁਰੇ-ਪੇਕੇ ਪਰਿਵਾਰ ਦੇ ਬਹੁਤ ਸਾਰੇ ਜੀਅ ਪਾਕਿਸਤਾਨ ਚਲੇ ਗਏ, ਪਰ ਉਹ ਭਾਰਤ ਵਿਚ ਹੀ ਟਿਕੇ ਰਹਿਣ ’ਤੇ ਦ੍ਰਿੜ੍ਹ ਰਹੀ। 1950 ਵਿਚ ਉਸ ਦੇ ਜੀਵਨ ਵਿਚ ਨੂਰੁਦੀਨ (ਅਹਿਮਦ) ਆਇਆ। ਖ਼ਾਨਦਾਨੀ ਰਈਸ, ਉਭਰਦਾ ਵਕੀਲ, ਉਭਰਦਾ ਸਿਆਸਤਦਾਨ। ਤੁਆਰੁਫ਼, ਦੋਸਤੀ ਤੋਂ ਮੁਹੱਬਤ ਵਿਚ ਬਦਲ ਗਿਆ। ਵਿਆਹਿਆ-ਵਰਿਆ ਸੀ ਨੂਰੁਦੀਨ। ਦੋ ਬੱਚਿਆਂ ਦਾ ਬਾਪ। ਸਈਦਾ ਵੀ ਦੋ ਬੱਚਿਆਂ ਦੀ ਮਾਂ ਸੀ; ਪਤੀ ਤੋਂ ਅਲਹਿਦਾ, ਪਰ ਤਲਾਕਸ਼ੁਦਾ ਨਹੀਂ। ਉਸ ਦੇ ਲਿਖਣ ਅਨੁਸਾਰ, ‘‘ਔਰਤਾਂ ਇਕੱਲਾ ਰਹਿਣਾ ਸਿੱਖ ਲੈਂਦੀਆਂ ਹਨ, ਪਰ ਮੈਂ ਸ਼ਾਇਦ ਉਸ ਮਿੱਟੀ ਦੀ ਨਹੀਂ ਸੀ ਬਣੀ ਹੋਈ। ਮੈਨੂੰ ਸਾਥ ਦੀ ਜ਼ਰੂਰਤ ਸੀ; ਜਿਸਮਾਨੀ ਘੱਟ, ਜਜ਼ਬਾਤੀ ਵੱਧ। ਇਸੇ ਲਈ ਮੈਂ ਨੂਰ ’ਤੇ ਵਿਆਹ ਲਈ ਕਦੇ ਦਬਾਅ ਨਹੀਂ ਪਾਇਆ, ਉਸ ਤੋਂ ਮਾਇਕ ਇਮਦਾਦ ਦੀ ਕਦੇ ਤਵੱਕੋ ਵੀ ਨਹੀਂ ਕੀਤੀ। ਉਸ ਨੇ ਮੇਰੇ ਬੱਚਿਆਂ ਨੂੰ ਪਿਤਾ ਵਾਲਾ ਮੋਹ ਦਿੱਤਾ, ਪਿਤਾ ਵਾਂਗ ਫ਼ਲ-ਫਰੂਟ ਲਿਆਂਦਾ ਰਿਹਾ। ਮੈਂ ਕੰਨ ਵਲ੍ਹੇਟਣੇ ਸਿੱਖ ਲਏ ਸਨ। ਕੋਸ਼ਿਸ਼ ਇਹੋ ਰਹੀ ਕਿ ਸਾਡੇ ਰਿਸ਼ਤੇ ਦਾ ਸੇਕ ਬੱਚਿਆਂ ਤਕ ਨਾ ਪਹੁੰਚੇ। ਉਨ੍ਹਾਂ ਵਿਚ ਵੀ ਸੁਣਨ-ਸਹਿਣ ਦਾ ਮਾਦਾ ਸਮੇਂ ਦੇ ਨਾਲ ਵਿਕਸਿਤ ਹੋ ਗਿਆ।’’ ਨੂਰੁਦੀਨ ਤਿੰਨ ਵਾਰ ਦਿੱਲੀ ਦਾ ਮੇਅਰ ਰਿਹਾ, ਫਿਰ ਦਿੱਲੀ ਵਿਧਾਨ ਸਭਾ ਦਾ ਪਹਿਲਾ ਸਪੀਕਰ ਬਣਿਆ। ਪਤਨੀ ਦੀ ਮੌਤ ਮਗਰੋਂ ਉਸ ਨੇ ਸਈਦਾ ਨਾਲ ਨਿਕਾਹ ਕਰ ਲਿਆ। ਇਹ ਨਿਕਾਹ, ਸਈਦਾ ਨੂੰ ਹੱਕ ਨਾ ਦਿਵਾ ਸਕਿਆ- ਨਾ ਬੀਵੀ ਵਾਲੇ, ਨਾ ਬੇਵਾ ਵਾਲੇ। ਉਸ ਨੇ ਮੰਗੇ ਵੀ ਨਹੀਂ। ਆਪਣੇ ਰਿਸ਼ਤੇ ਨੂੰ ਉਸ ਨੇ ਫ਼ੈਜ਼ ਦੇ ਇਸ ਸ਼ਿਅਰ ਨਾਲ ਬਿਆਨ ਕੀਤਾ ਹੈ: ‘‘ਕਰਜ਼-ਇ-ਨਿਗਾਹ-ਇ-ਯਾਰ ਅਦਾ ਕਰ ਚੁਕੇ ਹੈਂ ਹਮ/ ਸਭ ਕੁਛ ਨਿਸਾਰ-ਇ-ਰਾਹ-ਇ-ਵਫ਼ਾ ਕਰ ਚੁਕੇ ਹੈਂ ਹਮ/ ਅਬ ਇਹਤਿਆਦ ਕੀ ਕੋਈ ਸੂਰਤ ਨਹੀਂ ਰਹੀ/ ਕਾਤਿਲ ਸੇ ਰਸਮ-ਓ-ਰਾਹ ਸਿਵਾ ਕਰ ਚੁਕੇ ਹੈਂ ਹਮ।’’
ਆਲ ਇੰਡੀਆ ਰੇਡੀਓ ਦੀ ਉਰਦੂ ਸੇਵਾ ਦੀ ਕਰਤਾ-ਧਰਤਾ ਦੇ ਰੁਤਬੇ ਤਕ ਪੁੱਜਣ ਅਤੇ ਸਿਆਸੀ-ਸਮਾਜਿਕ ਹਸਤੀਆਂ ਨਾਲ ਕਰੀਬੀਅਤ ਦੇ ਬਾਵਜੂਦ ਸਈਦਾ ਨੇ ਰਿਸ਼ਤਿਆਂ ਨੂੰ ਮਾਇਕ ਲਾਭਾਂ ਲਈ ਨਹੀਂ ਰਿੜਕਿਆ। ਬੱਚਿਆਂ ਨੇ ਮਾਂ ਦੇ ਸੰਘਰਸ਼ ਦਾ ਮੁੱਲ ਪਾਇਆ। ਪਹਿਲਾਂ ਨੀਮ-ਸਰਕਾਰੀ ਤੇ ਫਿਰ ਕਾਰਪੋਰੇਟ ਜਗਤ ਵਿਚ ਉੱਚ ਅਹੁਦਿਆਂ ਉੱਤੇ ਪਹੁੰਚ ਕੇ। ਉਸ ਦੇ ਲਿਖਣ ਮੁਤਾਬਿਕ ਉਹ ਖ਼ੁਸ਼ਨਸੀਬ ਰਹੀ ਕਿ ਵੱਡੀ ਭੈਣ ਨੂੰ ਛੱਡ ਕੇ ਬਾਕੀ ਸਾਰੇ ਕਰੀਬੀਆਂ ਨੇ ਉਸ ਦੀਆਂ ਖ਼ਾਮੀਆਂ ਨੂੰ ਕਦੇ ਨਹੀਂ ਚਿਤਾਇਆ, ਮੁਸੀਬਤਾਂ ਸਮੇਂ ਉਸ ਦਾ ਸਹਾਰਾ ਬਣੇ, ਉਸ ਨੂੰ ਸਦਾ ਸਨੇਹ ਤੇ ਦੁਲਾਰ ਦਿੱਤਾ। ਇਨ੍ਹਾਂ ਵਿਚ ਉਸ ਨੇ ਭਰਾ-ਭਰਜਾਈ, ਆਪਣੀ ਨਣਦ, ਦਿਓਰ ਤੇ ਦਰਾਣੀਆਂ ਅਤੇ ਉਨ੍ਹਾਂ ਦੇ ਬਾਲ-ਬੱਚੇ ਸ਼ੁਮਾਰ ਕੀਤੇ ਹਨ। ਪੁੱਤਰਾਂ-ਨੂੰਹਾਂ ਨੇ ਮਾਂ ਦੇ ਯੋਗਦਾਨ ਨੂੰ ਸਮਝਿਆ-ਸਵੀਕਾਰਿਆ। ਉਨ੍ਹਾਂ ਨੇ ਹੀ ਮਾਂ ਨੂੰ ਆਤਮ-ਕਥਾ ਲਿਖਣ ਦਾ ਹੌਸਲਾ ਤੇ ਹੁਲਾਰਾ ਦਿੱਤਾ। ਮਸ਼ਹੂਰ ਉਰਦੂ ਤੇ ਅੰਗਰੇਜ਼ੀ ਲੇਖਿਕਾ ਕੁਰੱਤੁਲੇਨ ਹੈਦਰ ਨੇ ਇਸ ਆਤਮ-ਕਥਾ ਦੇ ਖਰੜੇ ਨੂੰ ‘ਸਿੱਧਾ-ਸਪਾਟ ਪਰ ਪੜ੍ਹਨਯੋਗ’ ਦੱਸਿਆ ਸੀ। ਹੈ ਵੀ ਇਹ ਸਿੱਧੀ-ਸਪਾਟ ਕਹਾਣੀ। ਅਦਬੀ ਗੁਲਕਾਰੀ ਤੇ ਫ਼ਲਸਫ਼ਾਨਾ ਫ਼ਿਕਰੇਬਾਜ਼ੀ ਤੋਂ ਮਹਿਰੂਮ, ਪਰ ਦਿਆਨਤਦਾਰੀ ਨਾਲ ਲੈਸ। ਇਹੋ ਇਸ ਦਾ ਸਭ ਤੋਂ ਦਿਲਕਸ਼ ਪੱਖ ਹੈ।