ਪਾਸ਼ ਦੀ ਲਿਖੀ ਮਿਲਖਾ ਸਿੰਘ ਦੀ ਜੀਵਨੀ ‘ਫਲਾਈਂਗ ਸਿੱਖ’ ਪੜ੍ਹ ਕੇ ਖੇਡਾਂ ਬਾਰੇ ਹੋਰ ਲਿਖਣ ਲਈ ਉਤਸ਼ਾਹਤ ਹੋਣ ਵਾਲਾ ਰਵਿੰਦਰ ਚੋਟ ਖੇਡਾਂ ਖਿਡਾਰੀਆਂ ਦੇ ਮਨੋਵਿਗਿਆਨ ਬਾਰੇ ਲਿਖਣ ਵਾਲਾ ਲਿਖਾਰੀ ਹੈ। ਜਗਤਪੁਰ ਸਕੂਲ ਦੇ ਖੁੱਲ੍ਹੇ ਖੇਡ ਮੈਦਾਨ ਵਿਚ ਉਸ ਨੂੰ ਫੁੱਟਬਾਲ ਖੇਡਣ ਦੀ ਚੇਟਕ ਲੱਗੀ। ਪਿੰਡ ਵਿਚ ਮੁਖਤਾਰ ਸਿੰਘ ਨੇ ਵੇਟ ਟ੍ਰੇਨਿੰਗ ਸੈਂਟਰ ਖੁੱਲ੍ਹਵਾਇਆ ਹੋਇਆ ਸੀ ਜਿਥੇ ਰਵਿੰਦਰ ਚੋਟ ਨੇ ਜੁੱਸਾ ਵੀ ਕਮਾਇਆ ਤੇ ਪਹਿਲਾ ਖੇਡ ਲੇਖ ਉਸ ਸੈਂਟਰ ਬਾਰੇ ਹੀ ਲਿਖਿਆ। ਉਸ ਦੀ ਪਹਿਲੀ ਕਹਾਣੀ 1975 ਵਿਚ ਪ੍ਰੋ. ਮੋਹਨ ਸਿੰਘ ਦੇ ਸਾਹਿਤਕ ਰਸਾਲੇ ‘ਪੰਜ ਦਰਿਆ’ ਵਿਚ ਛਪੀ ਸੀ। ਐੱਮਏ ਦੀਆਂ ਡਿਗਰੀਆਂ ਹਾਸਲ ਕਰਨ ਪਿੱਛੋਂ ਉਹਨੇ ਕੁਝ ਚਿਰ ਕਾਲਜਾਂ ਵਿਚ ਪੜ੍ਹਾਉਣ ਦੀ ਆਰਜ਼ੀ ਨੌਕਰੀ ਕੀਤੀ, ਫਿਰ ਆਬਕਾਰੀ ਵਿਭਾਗ ਦੀ ਸਰਵਿਸ ਵਿਚ ਆ ਗਿਆ। ਅੱਜ ਕੱਲ੍ਹ ਉਸ ਦਾ ਵਸੇਬਾ ਫਗਵਾੜੇ ਵਿਚ ਹੈ।
ਪ੍ਰਿੰ. ਸਰਵਣ ਸਿੰਘ
ਰਵਿੰਦਰ ਚੋਟ ਖੇਡਾਂ ਖਿਡਾਰੀਆਂ ਦੇ ਮਨੋਵਿਗਿਆਨ ਬਾਰੇ ਲਿਖਣ ਵਾਲਾ ਖੇਡ ਲੇਖਕ ਹੈ। ਉਸ ਦੇ ਸੌ ਤੋਂ ਵੱਧ ਅਖ਼ਬਾਰੀ ਲੇਖ ਅਤੇ ਕਹਾਣੀ ਸੰਗ੍ਰਹਿ ‘ਹਿੱਕ ਤੇ ਬਲਦਾ ਦੀਵਾ’ ਛਪੇ ਹਨ। ਪਹਿਲਾਂ ਉਹ ਲਿਖਾਰੀ ਸਭਾ ਜਗਤਪੁਰ ਤੇ ਪਿੱਛੋਂ ਫਗਵਾੜੇ ਦੀਆਂ ਸਾਹਿਤਕ ਸਰਗਰਮੀਆਂ ਵਿਚ ਸ਼ਾਮਲ ਹੁੰਦਾ ਰਿਹਾ। ਅੱਜ ਕੱਲ੍ਹ ਉਹ ‘ਸਕੇਪ’ ਸਾਹਿਤਕ ਸੰਸਥਾ ਦਾ ਪ੍ਰਧਾਨ ਹੈ ਜੋ ਸਾਹਿਤਕ ਤੇ ਸਭਿਆਚਾਰਕ ਸਮਾਗਮ ਕਰਦੀ ਕਰਵਾਉਂਦੀ ਹੈ। ਉਸ ਦੀ ਪਹਿਲੀ ਕਹਾਣੀ 1975 ਵਿਚ ਪ੍ਰੋ. ਮੋਹਨ ਸਿੰਘ ਦੇ ਸਾਹਿਤਕ ਰਸਾਲੇ ‘ਪੰਜ ਦਰਿਆ’ ਵਿਚ ਛਪੀ ਸੀ। ਮਹਿੰਦਰਾ ਕਾਲਜ ਪਟਿਆਲੇ ਪੜ੍ਹਦਿਆਂ ਉਹ ਕਾਲਜ ਮੈਗਜ਼ੀਨ ‘ਮਹਿੰਦਰਾ’ ਦਾ ਵਿਦਿਆਰਥੀ ਸੰਪਾਦਕ ਬਣਿਆ। ਉਹ ਕਾਲਜ ਦੇ ਯੰਗ ਰਾਈਟਰਜ਼ ਕਲੱਬ ਦਾ ਵੀ ਸੈਕਟਰੀ ਸੀ। ਜਿਥੇ ਉਹ ਹੁਸ਼ਿਆਰ ਵਿਦਿਆਰਥੀ ਸੀ, ਉਥੇ ਫੁੱਟਬਾਲ ਦਾ ਵੀ ਤਕੜਾ ਖਿਡਾਰੀ ਸੀ। ਉਸ ਨੂੰ ਫੁੱਟਬਾਲ ਖੇਡਣ ਦੀ ਚੇਟਕ ਜਗਤਪੁਰ ਦੇ ਖੇਡ ਮੈਦਾਨ ਅਤੇ ਸਾਹਿਤਕ ਲਿਖਤਾਂ ਲਿਖਣ ਦੀ ਜਾਗ ਜਗਤਪੁਰ ਦੀ ਲਿਖਾਰੀ ਸਭਾ ਵਿਚੋਂ ਲੱਗੀ ਸੀ।
ਉਸ ਦਾ ਜਨਮ ਲੋਹੜੀ ਵਾਲੀ ਰਾਤ 13 ਜਨਵਰੀ 1952 ਨੂੰ ਪਿੰਡ ਜਗਤਪੁਰ ਤਸੀਲ ਬੰਗਾ ਵਿਚ ਹੋਇਆ ਸੀ। ਅਕਾਦਮਿਕ ਹਲਕਿਆਂ ਵਿਚ ਡਾ. ਸਰਦਾਰਾ ਸਿੰਘ ਜੌਹਲ ਦਾ ਕਾਲਜ ਕਹੇ ਜਾਂਦੇ ਅਮਰਦੀਪ ਸਿੰਘ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ ਇਕ ਕਿਲੋਮੀਟਰ ਨੇੜਲਾ ਜਗਤਪੁਰ, ਪ੍ਰੋਫੈਸਰ ਪਿਆਰਾ ਸਿੰਘ, ਰਵਿੰਦਰ ਰਵੀ, ਮਹਿੰਦਰ ਸਿੰਘ ਦੁਸਾਂਝ, ਗੁਰਦਿਆਲ ਸਿੰਘ ਕੰਵਲ, ਖੇਡ ਕੁਮੈਂਟੇਟਰ ਨਿਰੰਜਨ ਸਿੰਘ, ਖੇਡ ਡਾਇਰੈਕਟਰ ਮੁਖਤਾਰ ਸਿੰਘ, ਖਿਡਾਰੀ ਗੁਰਦਿਆਲ ਸਿੰਘ ਅਤੇ ਕਈ ਹੋਰ ਲੇਖਕਾਂ ਤੇ ਖਿਡਾਰੀਆਂ ਦਾ ਪਿੰਡ ਹੈ। ਮੈਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਰਿਹਾ ਹੋਣ ਕਾਰਨ ਮੇਰਾ ਇਸ ਪਿੰਡ ਨਾਲ ਵਾਹਵਾ ਵਾਹ ਰਿਹਾ। ਉਥੋਂ ਦਾ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਪੰਜਾਬ ਦਾ ਪਹਿਲਾ ਪੇਂਡੂ ਸਟੇਡੀਅਮ ਹੈ ਜਿਸ ਨੂੰ ਹਕੀਮਪੁਰ ਦੀਆਂ ਪੁਰੇਵਾਲ ਖੇਡਾਂ ਨੇ ਆਬਾਦ ਰੱਖਿਆ ਹੋਇਆ। ਹਕੀਮਪੁਰ ਦੇ ਖੇਡ ਪ੍ਰੋਮੋਟਰ ਗੁਰਜੀਤ ਸਿੰਘ ਪੁਰੇਵਾਲ ਦਾ ਪਰਿਵਾਰ ਆਪਣੇ ਸੱਜਣਾਂ ਮਿੱਤਰਾਂ ਨਾਲ ਰਲ ਕੇ ਆਏ ਸਾਲ ਉਥੇ ਪੁਰੇਵਾਲ ਖੇਡ ਮੇਲਾ ਕਰਾਉਂਦੇ ਆ ਰਹੇ ਹਨ। ਉਹ ਸਟੇਡੀਅਮ ਮੇਰੀ ਮਨਪਸੰਦ ਜਗ੍ਹਾ ਰਿਹਾ ਹੈ। ਮੇਰੀ ਸਵੇਰ ਦੀ ਸੈਰ ਉਸ ਸਟੇਡੀਅਮ ਤਕ ਹੁੰਦੀ ਸੀ ਜਿਥੇ ਮੈਂ ਰੇਵੀਏ ਚਾਲ ਚੱਲਦਾ ਚੱਕਰ ਲਾਉਂਦਾ। ਜਗਤਪੁਰੀਆਂ ਨੂੰ ਖੇਡਾਂ ਤੇ ਲੇਖਣੀ ਦੀ ਗੁੜਤੀ ਮਿਲਦੀ ਰਹੀ ਹੈ, ਜਿਵੇਂ ਰਾਮਪੁਰੀਆਂ ਨੂੰ ਕਵਿਤਾ ਦੀ ਮਿਲਦੀ ਰਹੀ। ਰਾਮਪੁਰ ਦੇ ਕਵੀਆਂ ਬਾਰੇ ਕਿਹਾ ਜਾਂਦਾ ਰਿਹਾ ਕਿ ਜੀਹਨੇ ਨਾਲ ਵਗਦੀ ਨਹਿਰ ਸਰਹੰਦ ਦਾ ਪਾਣੀ ਪੀ ਲਿਆ ਉਹ ਕਵੀ ਬਣ ਗਿਆ!
ਰਵਿੰਦਰ ਚੋਟ ਨੇ ਮੈਟ੍ਰਿਕ ਜਗਤਪੁਰ ਦੇ ਹਾਈ ਸਕੂਲ, ਪ੍ਰੈੱਪ ਸਿੱਖ ਨੈਸ਼ਨਲ ਕਾਲਜ ਬੰਗਾ, ਬੀਏ ਮਹਿੰਦਰਾ ਕਾਲਜ ਪਟਿਆਲਾ ਤੇ ਐੱਮਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਹ ਐੱਮਏ ਮਨੋਵਿਗਿਆਨ, ਐੱਮਏ ਪੰਜਾਬੀ ਅਤੇ ਪੋਸਟ ਗਰੈਜੂਏਸ਼ਨ ਡਿਪਲੋਮਾ ਇਨ ਫਿਲਾਸਫੀ ਹੈ। ਜਗਤਪੁਰ ਸਕੂਲ ਦੇ ਖੁੱਲ੍ਹੇ ਖੇਡ ਮੈਦਾਨ ਵਿਚ ਉਸ ਨੂੰ ਫੁੱਟਬਾਲ ਖੇਡਣ ਦੀ ਚੇਟਕ ਲੱਗੀ ਜਿਸ ਨਾਲ ਉਹ ਸਕੂਲਾਂ ਤੇ ਕਾਲਜਾਂ ਦੀਆਂ ਫੁੱਟਬਾਲ ਟੀਮਾਂ ਵਿਚ ਖੇਡਿਆ। ਪਿੰਡ ਵਿਚ ਮੁਖਤਾਰ ਸਿੰਘ ਨੇ ਵੇਟ ਟ੍ਰੇਨਿੰਗ ਸੈਂਟਰ ਖੁੱਲ੍ਹਵਾਇਆ ਹੋਇਆ ਸੀ ਜਿਥੇ ਰਵਿੰਦਰ ਚੋਟ ਨੇ ਜੁੱਸਾ ਵੀ ਕਮਾਇਆ ਤੇ ਪਹਿਲਾ ਖੇਡ ਲੇਖ ਉਸ ਸੈਂਟਰ ਬਾਰੇ ਹੀ ਲਿਖਿਆ। ਉਦੋਂ ਉਸ ਦਾ ਕੋਚ ਭਗਤ ਰਾਮ ਹੁੰਦਾ ਸੀ। ਐੱਮਏ ਦੀਆਂ ਡਿਗਰੀਆਂ ਹਾਸਲ ਕਰਨ ਪਿੱਛੋਂ ਰਵਿੰਦਰ ਚੋਟ ਨੇ ਕੁਝ ਚਿਰ ਕਾਲਜਾਂ ਵਿਚ ਪੜ੍ਹਾਉਣ ਦੀ ਆਰਜ਼ੀ ਨੌਕਰੀ ਕੀਤੀ, ਫਿਰ ਛੇਤੀ ਹੀ ਆਬਕਾਰੀ ਵਿਭਾਗ ਦੀ ਪੱਕੀ ਸਰਵਿਸ ਵਿਚ ਆ ਗਿਆ ਤੇ ਤੀਹ ਕੁ ਸਾਲ ਆਬਕਾਰੀ ਤੇ ਕਰ ਅਫਸਰ ਰਹਿ ਕੇ ਰਿਟਾਇਰ ਹੋਇਆ। ਅੱਜ ਕੱਲ੍ਹ ਉਸ ਦਾ ਵਸੇਬਾ ਫਗਵਾੜੇ ਵਿਚ ਹੈ।
ਉਹ ਦੱਸਦਾ ਹੈ: 1977 ਵਿਚ ਮੈਂ ਪਾਸ਼ ਦੀ ਲਿਖੀ ਮਿਲਖਾ ਸਿੰਘ ਦੀ ਜੀਵਨੀ ‘ਫਲਾਈਂਗ ਸਿੱਖ’ ਪੜ੍ਹੀ ਜਿਸ ਤੋਂ ਮੈਨੂੰ ਖੇਡਾਂ ਬਾਰੇ ਹੋਰ ਲਿਖਣ ਲਈ ਉਤਸ਼ਾਹ ਮਿਲਿਆਂ। ਖੇਡਾਂ ਦੇ ਨਾਲ ਮੈਂ ਹੋਰ ਵਿਸ਼ਿਆਂ, ਟੈਕਸ, ਮਨੋਵਿਗਿਆਨ, ਫਿਲਾਸਫੀ ਅਤੇ ਸਮਾਜਿਕ ਜੀਵਨ ਨਾਲ ਸੰਬੰਧਿਤ ਕਹਾਣੀਆਂ ਤੇ ਤਕਰੀਬਨ 100 ਕੁ ਆਰਟੀਕਲ ਲਿਖੇ ਜੋ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੇ ਰਹੇ। ਉਹ ਰੇਡੀਓ ਤੇ ਦੂਰਦਰਸ਼ਨ ਦੇ ਪ੍ਰਸਾਰਨ ਪ੍ਰੋਗਰਾਮਾਂ ਵਿਚ ਵੀ ਭਾਗ ਲੈਂਦਾ ਰਿਹਾ। ਹੁਣ ਉਹ ਫਗਵਾੜੇ ਦੀ ਸੀਨੀਅਰ ਸਿਟੀਜ਼ਨ ਕੌਸ਼ਲ ਦਾ ਪ੍ਰਧਾਨ ਹੈ ਜਿਥੇ ਬਜੁਰਗਾਂ ਦੀ ਭਲਾਈ ਦੇ ਕਾਰਜ ਚਲਦੇ ਰਹਿੰਦੇ ਹਨ। ਪੇਸ਼ ਹਨ ਉਹਦੀਆਂ ਲਿਖਤਾਂ ਦੇ ਦੋ ਨਮੂਨੇ:
ਖੇਡਾਂ ਖਿਡਾਰੀਆਂ ਦਾ ਮਨੋਵਿਗਿਆਨ
ਕਿਸੇ ਵੀ ਅਹਿਮ ਪ੍ਰਾਪਤੀ ਲਈ ਸਰੀਰ ਤੇ ਮਨ ਦਾ ਇੱਕ-ਮਿਕ ਹੋਣਾ ਜਰੂਰੀ ਹੈ। ਮਨ ਦੀ ਇਕਾਗਰਤਾ ਤੋਂ ਬਿਨਾ ਸਰੀਰ ਨੂੰ ਵੀ ਨਹੀਂ ਸਾਧਿਆ ਜਾ ਸਕਦਾ। ਇਕੱਲੀ ਸਰੀਰਕ ਸਾਧਨਾ ਉਨੀ ਦੇਰ ਪ੍ਰਾਪਤੀ ਦਾ ਕੋਈ ਦਰ ਨਹੀਂ ਖੋਲ੍ਹਦੀ, ਜਿੰਨੀ ਦੇਰ ਉਸ ਨੂੰ ਮਾਨਸਿਕ ਊਰਜਾ ਸਾਥ ਨਹੀਂ ਦਿੰਦੀ। ਸਰੀਰ ਤੇ ਮਨ ਦੋਹਾਂ ਨੂੰ ਸਾਧ ਕੇ ਹੀ ਵਿਸ਼ਾਲ ਸਾਗਰ ਪਾਰ ਕੀਤੇ ਜਾ ਸਕਦੇ ਹਨ, ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ ਜਾ ਸਕਦਾ ਹੈ ਤੇ ਕੁਦਰਤ ਦੀਆਂ ਹੋਣੀਆਂ ਅਣਹੋਣੀਆਂ ਨਾਲ ਮੱਥਾ ਲਾ ਕੇ ਉਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਮਨ ਤੇ ਸਰੀਰ ਦੀ ਇਕੋ ਸੇਧ ਵਿਚ ਤਪੱਸਿਆ ਸਿਰਫ ਨਾਥਾਂ ਯੋਗੀਆਂ ਲਈ ਹੀ ਲੋੜੀਂਦੀ ਨਹੀਂ ਹੁੰਦੀ, ਇਹ ਜ਼ਿੰਦਗੀ ਦੇ ਹਰ ਖੇਤਰ ਵਿਚ ਰੰਗ ਭਰਨ ਅਤੇ ਕਾਮਯਾਬੀ ਹਾਸਲ ਕਰਨ ਲਈ ਸਭ ਲਈ ਜ਼ਰੂਰੀ ਹੁੰਦੀ ਹੈ। ਧਿਆਨ ਧਰ ਕੇ ਕੀਤੀ ਮਿਹਨਤ ਹੀ ਮਾਣਮੱਤੀਆਂ ਪ੍ਰਾਪਤੀਆਂ ਦੇ ਦਰ ਖੋਲ੍ਹਦੀ ਹੈ। ਖੇਤਰ ਭਾਵੇਂ ਸਾਹਿਤ ਦਾ ਹੋਵੇ, ਆਰਥਿਕ ਹੋਵੇ, ਖੇਡਾਂ ਦਾ ਹੋਵੇ ਜਾਂ ਕੋਈ ਵੀ ਹੋਰ ਹੋਵੇ, ਮਨ ਤੇ ਸਰੀਰ ਦੀ ਇਕਾਗਰਤਾ ਹੀ ਕਿਸੇ ਮਨੁੱਖ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਜਦੋਂ ਉਹ ਸਾਡੀਆਂ ਅੰਦਰਲੀਆਂ ਸੰਭਾਵਨਾਵਾਂ ਨੂੰ ਵਿਸਥਾਰ ਦੇ ਕੇ ਵਿਰਾਟ ਰੂਪ ਦੇ ਦਿੰਦੀ ਹੈ ਤਾਂ ਧੰਨ ਧੰਨ ਹੋ ਜਾਂਦੀ ਹੈ; ਖਾਸ ਕਰਕੇ ਖੇਡ ਮੈਦਾਨਾਂ ਵਿਚ ਵੱਡੀਆਂ ਪ੍ਰਾਪਤੀਆਂ ਲਈ ਵੱਡਾ ਰੋਲ ਅਦਾ ਕਰਦੀ ਹੈ। ਇਸ ਮੰਤਵ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ।
ਇਸ ਤੱਥ ਨੂੰ ਸਮਝਦਿਆਂ 1920 ਵਿਚ ਜਰਮਨੀ ਦੇ ਮਨੋਵਿਗਿਆਨੀ ਕਾਰਲ ਡੀਮ ਨੇ ਰਾਜਧਾਨੀ ਬਰਲਿਨ ਵਿਚ ਸਪੋਰਟਸ ਮਨੋਵਿਗਿਆਨ ਦੀ ਪ੍ਰਯੋਗਸ਼ਾਲਾ ਖੋਲ੍ਹ ਕੇ ਖਿਡਾਰੀਆਂ ਤੇ ਤਜਰਬੇ ਕਰਨੇ ਸ਼ੁਰੂ ਕੀਤੇ ਸਨ ਕਿ ਕਿਵੇਂ ਮਨੋਵਿਗਿਆਨ ਖਿਡਾਰੀਆਂ ਦੀ ਯੋਗਤਾ ਤੇ ਸਮਰੱਥਾ ਅਨੁਸਾਰ ਸਿਖਰ ਦੀ ਪ੍ਰਾਪਤੀ ਕਰਨ ਵਿਚ ਸਹਾਈ ਹੋ ਸਕਦਾ ਹੈ? ਇਸ ਤੋਂ ਬਾਅਦ 1923 ਵਿਚ ਇਲੀਨਾਏ ਯੂਨੀਵਰਸਿਟੀ ਵਿਚ ਮਨੋਵਿਗਿਆਨੀ ਕੋਲਮਨ ਗ੍ਰਿਫਤ ਨੇ ਵੀ ਇਸ ਵਿਸ਼ੇ ਨੂੰ ਪੜ੍ਹਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਖਿਡਾਰੀਆ ਤੇ ਕੋਚਾਂ ਨੂੰ ਮਨੋਵਿਗਿਆਨਕ ਦਾਅ-ਪੇਚ ਸਿਖਾਉਣੇ ਸ਼ੁਰੂ ਕੀਤੇ। 1925 ਵਿਚ ਲੈਨਿਨਗ੍ਰਾਡ ਇੰਸਟੀਚਿਊਟ ਆਫ ਫਿਜ਼ੀਕਲ ਕਲਚਰ ਨਾਂ ਦੀ ਪ੍ਰਯੋਗਸ਼ਾਲਾ ਮਨੋਵਿਗਿਆਨੀ ਏ ਜ਼ੈੱਡ ਪੁਨੀ ਦੁਆਰਾ ਸ਼ੁਰੂ ਕੀਤੀ ਗਈ। ਉਸ ਨੇ ਖੇਡਾਂ ਦੇ ਸਬੰਧ ਵਿਚ ਮਨੋਵਿਗਿਆਨਕ ਤਜਰਬੇ ਕਰ ਕੇ ਕਈ ਖੇਡਾਂ ਲਈ ਲਾਹੇਵੰਦ ਸਿੱਟੇ ਕੱਢੇ ਅਤੇ ਇਸ ਤੇ ਇੱਕ ਕਿਤਾਬ ਵੀ ਲਿਖੀ ਪਰ ਫੰਡਾਂ ਦੀ ਘਾਟ ਕਾਰਨ ਇਹ ਕੰਮ ਉਸ ਨੂੰ 1932 ਵਿਚ ਬੰਦ ਕਰਨਾ ਪਿਆ। ਇਉਂ ਇਸ ਖੇਤਰ ਦੀ ਖੋਜ ਵਿਚ ਲੰਮੀ ਖੜੋਤ ਆ ਗਈ।
1965 ਵਿਚ ਅਮਰੀਕਾ ਦੇ ਮਨੋਵਿਗਿਆਨੀ ਫੈਰੂਸੀਓ ਐਂਟੇਲੀ ਨੇ ਸਪੋਰਟਸ ਸਾਈਕਾਲੋਜੀ ਇੰਟਰਨੈਸ਼ਨਲ ਸੁਸਾਇਟੀ ਬਣਾਈ ਜੋ ਹੁਣ ਤਕ ਇਸ ਖੇਤਰ ਵਿਚ ਕੰਮ ਕਰ ਰਹੀ ਹੈ। ਭਾਰਤ ਵਿਚ ਸਪੋਰਟਸ ਸਾਈਕਾਲੋਜੀ ਐਸੋਸੀਏਸ਼ਨ ਆਫ ਇੰਡੀਆ 1977 ਈਸਵੀ ਵਿਚ ਬਣਾਈ ਗਈ। ਫਿਰ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਵਿਚ ਇਸ ਵਿਸ਼ੇ ਤੇ ਪੜ੍ਹਾਈ ਸ਼ੁਰੂ ਕਰਵਾਈ ਗਈ, ਪ੍ਰੈਕਟੀਕਲ ਕੀਤੇ ਜਾਣ ਲੱਗੇ ਅਤੇ ਖੋਜਾਂ ਹੋ ਰਹੀਆਂ ਹਨ ਪਰ ਅਜੇ ਵੀ ਜਿੰਨੀ ਲੋੜ ਹੈ, ਉਨਾ ਕੰਮ ਨਹੀਂ ਹੋ ਰਿਹਾ। ਆਮ ਤੌਰ ਤੇ ਇਹੀ ਸਮਝਿਆ ਜਾਂਦਾ ਹੈ ਕਿ ਮਨੋਵਿਗਿਆਨ ਦੀ ਲੋੜ ਸਿਰਫ ਉਦੋ ਹੀ ਪੈਂਦੀ ਹੈ, ਜਦੋ ਕਿਸੇ ਖਿਡਾਰੀ ਨੂੰ ਕੋਈ ਮਾਨਸਿਕ ਸਮੱਸਿਆ ਹੋਵੇ। ਖਿਡਾਰੀ ਵੀ ਮਨੋਵਿਗਿਆਨੀ ਦੀ ਮਦਦ ਲੈਣ ਤੋਂ ਇਸ ਕਰਕੇ ਡਰਦੇ ਹਨ ਕਿ ਉਨ੍ਹਾਂ ਨੂੰ ਰੋਗੀ ਨਾ ਸਮਝ ਲਿਆ ਜਾਵੇ। ਅਜੇ ਵੀ ਮਾਹਿਰ ਖੇਡ ਮਨੋਵਿਗਿਆਨੀਆਂ ਦੀ ਘਾਟ ਹੈ ਅਤੇ ਇਹ ਸਾਡੇ ਦੇਸ਼ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਦੀ ਇੱਕ ਕਮਜ਼ੋਰ ਕੜੀ ਹੈ।
ਖਿਡਾਰੀਆਂ ਨੂੰ ਸਿਧਾਉਣ ਵਾਲੇ ਕੋਚਾਂ ਨੇ ਆਪਣੇ ਤਜਰਬਿਆਂ ਦੇ ਨਿਚੋੜ ਵਿਚੋਂ ਇਹ ਗੱਲ ਕੱਢੀ ਹੈ ਕਿ ਕਈ ਵਾਰੀ ਸਰੀਰਕ ਤਾਕਤ ਅਤੇ ਮਿਹਨਤ ਨੂੰ ਦਿੱਤਾ ਸਮਾਂ ਬਰਾਬਰ ਹੋਣ ਦੇ ਬਾਵਜੂਦ ਦੋ ਖਿਡਾਰੀਆਂ ਦੀ ਪ੍ਰੋਫਾਰਮੈਂਸ ਵਿਚ ਬਹੁਤ ਫਰਕ ਰਹਿ ਜਾਂਦਾ ਹੈ। ਇਸ ਦਾ ਹੱਲ ਲੱਭਣ ਲਈ ਖੇਡ ਮਨੋਵਿਗਿਆਨੀ ਮਦਦ ਲਈ ਆਉਂਦੇ ਹਨ। ਸਭ ਤੋਂ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਕੋਈ ਖਿਡਾਰੀ ਆਪਣਾ ਨਿਸ਼ਾਨਾ ਕਿੰਨਾ ਸਾਰਥਕ ਮਿੱਥਦਾ ਹੈ ਤੇ ਉਸ ਮਿਥੇ ਹੋਏ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਮਿਹਨਤ ਕਰਨ ਦੇ ਨਾਲ ਨਾਲ ਉਸ ਨਿਸ਼ਾਨੇ ਤੇ ਆਪਣੇ ਮਨ ਨੂੰ ਕਿੰਨਾ ਇਕਾਗਰ ਕਰਦਾ ਹੈ। ਇਥੇ ਸਾਨੂੰ ਮਹਾਂਭਾਰਤ ਵਿਚ ਅਰਜਨ ਦੇ ਮਛਲੀ ਦੀ ਅੱਖ ਵਿਚ ਤੀਰ ਮਾਰਨ ਦੇ ਨਿਸ਼ਾਨੇ ਵੱਲ ਧਿਆਨ ਦੇਣ ਦੀ ਲੋੜ ਹੈ। ਬਾਕੀ ਯੋਧਿਆਂ ਨੂੰ ਜਦੋਂ ਪੁਛਿਆ ਗਿਆ ਕਿ ਤੁਹਾਨੂੰ ਤੇਲ ਦੇ ਕੜਾਹੇ ਵਿਚ ਕੀ ਦਿਸਦਾ ਹੈ ਤਾਂ ਕਿਸੇ ਦਾ ਜਵਾਬ ਸੀ ‘ਮੱਛਲੀ ਨੂੰ ਘੁਮਾਉਣ ਵਾਲਾ ਚੱਕਰ’ ਤੇ ਕਿਸੇ ਦਾ ਜਵਾਬ ਸੀ ‘ਮੱਛਲੀ’ ਪਰ ਅਰਜਨ ਦਾ ਜਵਾਬ ਸੀ- ‘ਸਿਰਫ ਮਛਲੀ ਦੀ ਅੱਖ ਦਿਸਦੀ ਹੈ’। ਏਨੀ ਇਕਾਗਰਤਾ ਸੀ ਉਸ ਦੀ ਅਸਲ ਨਿਸ਼ਾਨੇ ਤੇ! ਇਸੇ ਲਈ ਉਹ ਤੇਲ ਦੇ ਕੜਾਹੇ ਵਿਚ ਉਪਰ ਚਲ ਰਹੇ ਚੱਕਰ ਦੇ ਪ੍ਰਛਾਵੇ ਨੂੰ ਵੇਖ ਕੇ ਮਛਲੀ ਦੀ ਅੱਖ ਦਾ ਨਿਸ਼ਾਨਾ ਵਿੰਨ੍ਹ ਸਕਿਆ। ਖੇਡ ਦੇ ਮੈਦਾਨ ਵਿਚ ਵੀ ਜਦੋਂ ਸਾਡੇ ਮਨ ਦੀ ਇਕਾਗਰਤਾ ਦੀ ਸੇਧ ਵਿਚ ਸਾਡਾ ਨਿਸ਼ਾਨਾ ਹੋਵੇਗਾ ਤਾਂ ਵੱਡੇ ਮੁਕਾਬਲਿਆਂ ਦੇ ਵੀ ਮੈਡਲ ਜ਼ਰੂਰ ਜਿੱਤੇ ਜਾ ਸਕਣਗੇ। ਊਰਦੂ ਦੇ ਵੱਡੇ ਸ਼ਾਇਰ ਜਨਾਬ ਬਸ਼ੀਰ ਬਦਰ ਨੇ ਲਿਖਿਆ ਹੈ:
ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਲ ਪੇ ਨਜ਼ਰ ਹੈ,
ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ।
ਇਹ ਆਮ ਕਰਕੇ ਦੇਖਿਆ ਗਿਆ ਹੈ ਕਿ ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕਰਨ ਸਮੇਂ ਸਿਆਣੇ ਕੋਚ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਸਮਝਣ ਦੇ ਨਾਲ ਨਾਲ ਉਸ ਦੇ ਪਿਛੋਕੜ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਉਸ ਦੇ ਮਾਨਸਿਕ ਵਰਤਾਰੇ ਤੇ ਉਸ ਦੀ ਆਰਥਿਕ ਹਾਲਤ ਅਤੇ ਸਮਾਜਿਕ ਹਾਲਤ ਦਾ ਗੂੜ੍ਹਾ ਪ੍ਰਭਾਵ ਪੈਂਦਾ ਹੈ ਜੋ ਉਸ ਦੀ ਸਰੀਰਕ ਯੋਗਤਾ ਲਈ ਬਾਧਾ ਬਣ ਸਕਦੀ ਹੈ। ਜੇ ਕਿਸੇ ਕੌਮੀ ਜਾਂ ਕੌਮਾਂਤਰੀ ਖਿਡਾਰੀ ਨੂੰ ਰੋਜ਼ੀ ਰੋਟੀ ਲਈ ਦੂਸਰੇ ਦੇ ਖੇਤਾਂ ਵਿਚ ਝੋਨਾ ਲਾਉਣਾ ਪਵੇ ਜਾਂ ਹਮੇਸ਼ਾ ਖੇਡ ਮੈਦਾਨ ਵਿਚ ਜਾ ਕੇ ਵੀ ਘਰ ਦੀ ਤੰਗੀ ਦਾ ਹੀ ਫਿਕਰ ਰਹੇ ਤਾਂ ਸੁਆਲ ਹੈ ਕਿ ਉਸ ਦਾ ਮਨ ਖੇਡ ਵਿਚ ਕਿੰਨਾ ਕੁ ਲੱਗ ਸਕੇਗਾ ਤੇ ਕਿੰਨੀ ਕੁ ਵੱਡੀ ਪ੍ਰਾਪਤੀ ਹੋ ਸਕੇਗੀ?
ਜੇ ਕੋਈ ਖਿਡਾਰੀ ਖੇਡ ਮੈਦਾਨ ਵਿਚ ਆ ਕੇ ਵੀ ਆਪਣੀਆਂ ਘਰੇਲੂ ਸਮੱਸਿਆਵਾਂ ਬਾਰੇ ਹੀ ਸੋਚਦਾ ਰਿਹਾ ਤਾਂ ਉਹ ਆਪਣੀ ਖੇਡ ਨਾਲ ਪੂਰਾ ਇਨਸਾਫ ਨਹੀਂ ਕਰ ਸਕੇਗਾ। ਉਸ ਦੀ ਸਰੀਰਕ ਤਾਕਤ ਭਾਵੇਂ ਜਿੰਨੀ ਮਰਜ਼ੀ ਜ਼ੋਰਾਵਰ ਹੋਵੇ, ਉਹ ਆਪਣੇ ਅੰਦਰਲੇ ਖਿਡਾਰੀ ਨੂੰ ਕੰਟਰੋਲ ਨਹੀਂ ਕਰ ਸਕੇਗਾ। ਉਹ ਆਪਣੇ ਗੋਲ ਦੇ ਨਿਸ਼ਾਨੇ ਤੇ ਇਕਾਗਰ ਨਹੀਂ ਹੋ ਸਕੇਗਾ। ਤਜਰਬੇ ਇਹ ਦੱਸਦੇ ਹਨ, ਆਮ ਕਰਕੇ ਖਿਡਾਰੀ ਆਪਣੀ ਸਰੀਰਕ ਸ਼ਕਤੀ ਦਾ ਅੱਧਾ ਹਿੱਸਾ ਵੀ ਵਰਤੋਂ ਵਿਚ ਨਹੀਂ ਲਿਆਉਂਦਾ। ਇਹ ਮਾਨਸਿਕ ਸ਼ਕਤੀ ਹੀ ਹੁੰਦੀ ਹੈ ਜੋ ਖਿਡਾਰੀ ਨੂੰ ਪੂਰੀ ਸਰੀਰਕ ਸ਼ਕਤੀ ਲਾਉਣ ਲਈ ਪ੍ਰੇਰਦੀ ਹੈ।
ਕਿਸੇ ਵੀ ਕੰਮ ਜਾਂ ਖੇਡ ਵਿਚ ਉਨੀ ਦੇਰ ਖਿਡਾਰੀ ਆਪਣੀ ਯੋਗਤਾ ਨਾਲ ਇਨਸਾਫ ਨਹੀਂ ਕਰ ਸਕਦੇ, ਜਦੋਂ ਤਕ ਉਹ ਆਪਣੇ ਨਿਸ਼ਾਨੇ ‘ਤੇ ਕੇਂਦਰਤ ਨਹੀਂ ਹੁੰਦੇ। ਸਰੀਰਕ ਪੱਠਿਆਂ ਦੀ ਤਰ੍ਹਾਂ ਹੀ ਨਿਸ਼ਾਨੇ ‘ਤੇ ਫੋਕਸ ਵੀ ਸਾਡਾ ਮਾਨਸਿਕ ਮੱਸਲ ਹੈ। ਜਿੰਨਾ ਇਹ ਤਾਕਤਵਰ ਹੋਵੇਗਾ, ਉਨੀ ਹੀ ਵੱਡੀ ਸਾਡੀ ਖੇਡ ਪ੍ਰਾਪਤੀ ਹੋਵੇਗੀ। ਮਾਨਸਿਕ ਮੱਸਲ ਨੂੰ ਵੀ ਸਾਧਨਾ ਨਾਲ ਹੀ ਤਾਕਤਵਰ ਕੀਤਾ ਜਾ ਸਕਦਾ ਹੈ। ਅਸਲ ਵਿਚ ਮੈਦਾਨ ਵਿਚ ਬਹੁਤ ਕੁਝ ਅਜਿਹਾ ਵਰਤਾਰਾ ਚੱਲ ਰਿਹਾ ਹੁੰਦਾ ਹੈ ਜੋ ਉਸ ਨੂੰ ਆਪਣੇ ਗੋਲ ਦੀ ਪ੍ਰਾਪਤੀ ਵਿਚ ਅੜਚਣ ਬਣ ਰਿਹਾ ਹੁੰਦਾ ਹੈ। ਬਾਹਰੀ ਅੜਚਣਾਂ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਇਕਾਗਰਤਾ ਗੋਲ ਤੇ ਵਧਾਉਣ ਦੀ ਲੋੜ ਹੁੰਦੀ ਹੈ। ਗੋਲ ਪ੍ਰਾਪਤੀ ਲਈ ਜਿਥੇ ਖਿਡਾਰੀ ਨੂੰ ਬਾਹਰਲੀਆਂ ਅੜਚਣਾਂ ਨਾਲ ਲੜਨਾ ਪੈਦਾ ਹੈ, ਉਥੇ ਉਸ ਨੂੰ ਆਪਣੇ ਅੰਦਰ ਚਲ ਰਹੀਆਂ ਮਾਨਸਿਕ ਅੜਚਣਾਂ ਨਾਲ ਵੀ ਜੂਝਣਾ ਪੈਦਾ ਹੈ। ਖੇਡ ਮੈਦਾਨ ਵਿਚ ਕੁਝ ਮਨੋਵਿਗਿਆਨਕ ਕਾਰਕ ਖਿਡਾਰੀ ਦੀ ਖੇਡ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਅਤੇ ਖਿਡਾਰੀ ਕਿਵੇਂ ਆਪਣਾ ਵਧੀਆ ਖੇਡ ਪ੍ਰਦਰਸ਼ਨ ਕਰ ਸਕਦਾ ਹੈ, ਇਸ ਬਾਰੇ ਨਿਠ ਕੇ ਅਧਿਐਨ ਕਰਨ ਦੀ ਲੋੜ ਹੈ।
ਅਸਲ ਵਿਚ ਖੇਡ ਮਨੋਵਿਗਿਆਨੀ ਇਸੇ ਸਥਿਤੀ ਦੀ ਖੋਜ ਕਰਕੇ ਖਿਡਾਰੀ ਦੀ ਮਦਦ ਕਰਦਾ ਹੈ। ਮਨੋਵਿਗਿਆਨੀ ਇਸ ਗੱਲ ਦਾ ਵੀ ਸਰਵੇਖਣ ਅਤੇ ਅਧਿਐਨ ਕਰਦਾ ਹੈ ਕਿ ਖਿਡਾਰੀ ਦੀ ਖੇਡ ਤੇ ਕਿਸੇ ਮਾਨਸਿਕ ਵਿਗਾੜ, ਉਦਾਸੀ, ਚਿੰਤਾ ਅਤੇ ਉਸ ਦੀ ਆਰਥਿਕ ਹਾਲਤ ਦਾ ਕੀ ਪ੍ਰਭਾਵ ਪੈਦਾ ਹੈ? ਹੋਰ ਕਾਰਕਾਂ ਵਿਚ ਉਸ ਨਾਲ ਹੋਈ ਕਿਸੇ ਧੱਕੇਸ਼ਾਹੀ ਜਾਂ ਪ੍ਰੇਸ਼ਾਨੀ, ਮੁਕਾਬਲੇ ਦੀ ਚਿੰਤਾ, ਆਪਣੇ ਹਾਣੀ ਖਿਡਾਰੀਆਂ ਦਾ ਦਬਾਅ, ਜ਼ਿੰਦਗੀ ਦੇ ਹੋਰ ਖੇਤਰਾਂ ਵਿਚਲੀਆਂ ਸਮੱਸਿਆਵਾਂ, ਪ੍ਰੇਰਨਾ ਦੀ ਘਾਟ, ਮਾਪਿਆਂ ਤੇ ਕੋਚਾਂ ਦਾ ਦਬਾਅ ਉਸ ਦੀ ਖੇਡ ਤੇ ਅਸਰ ਪਾ ਸਕਦਾ ਹੈ। ਜੇ ਕਿਸੇ ਸਮੇਂ ਖਿਡਾਰੀ ਕੋਈ ਸੱਟ ਫੇਟ ਲੱਗਣ ਕਾਰਨ ਸਦਮੇ ‘ਚ ਚਲੇ ਜਾਵੇ ਤਾਂ ਸਦਮੇ ਵਿਚੋਂ ਕੱਢਣ ਲਈ ਵੀ ਮਨੋਵਿਗਿਆਨੀ ਮਦਦ ਕਰ ਸਕਦੇ ਹਨ।
ਜ਼ਿੰਦਗੀ ਵਿਚ ਮਾਨਸਿਕ ਦਬਾਅ ਤਾਂ ਹਰ ਮਨੁੱਖ ਨੂੰ ਝੱਲਣਾ ਪੈਂਦਾ ਹੈ ਪਰ ਖਿਡਾਰੀਆਂ ਵਿਚ ਇਸ ਨੂੰ ਝੱਲਣ ਦੇ ਮੌਕੇ ਅਤੇ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਉਸ ਦੀ ਸੋਚ, ਮਹਿਸੂਸ ਕਰਨ ਦੀ ਕਿਰਿਆ ਅਤੇ ਮੂਡ ਨੂੰ ਪ੍ਰਭਾਵਿਤ ਕਰਦੇ ਹਨ। 2013 ਵਿਚ ਫੁੱਟਬਾਲ ਨਾਲ ਸਬੰਧਤ ਸੰਸਾਰ ਪੱਧਰ ਦੀ ਇੱਕ ਸੰਸਥਾ ਨੇ ਖਿਡਾਰੀਆਂ ਦਾ ਇੱਕ ਸਰਵੇਖਣ ਕੀਤਾ। ਉਨ੍ਹਾਂ ਨੇ 607 ਫੁੱਟਬਾਲ ਖਿਡਾਰੀਆਂ ਦੇ ਇੱਕ ਗਰੁੱਪ ਜਿਨ੍ਹਾਂ ਵਿਚ ਨਵੇਂ ਅਤੇ ਸਾਬਕਾ ਖਿਡਾਰੀ ਸ਼ਾਮਲ ਸਨ ਤੇ ਉਮਰ 27 ਤੋਂ 35 ਸਾਲ ਸੀ, ਉਨ੍ਹਾਂ ਦਾ ਖੇਡਣ ਦਾ ਕਾਲ 8 ਤੋਂ 12 ਸਾਲ ਸੀ, ਉਤੇ ਤਜਰਬੇ ਕੀਤੇ। ਉਨ੍ਹਾਂ ਵਿਚ 15% ਤੋਂ 18% ਉਦਾਸੀ ਦੇ ਲੱਛਣ ਪਾਏ ਗਏ ਅਤੇ 38% ਵਿਚ ਘੋਰ ਉਦਾਸੀ ਤੇ ਚਿੰਤਾ ਪਾਈ ਗਈ। ਉਨ੍ਹਾਂ ਵਿਚੋਂ ਮੌਜੂਦਾ ਖਿਡਾਰੀਆਂ ਵਿਚ 9% ਅਤੇ ਸਾਬਕਾ ਖਿਡਾਰੀਆਂ ਵਿਚੋਂ 25% ਉਦਾਸੀ ਦੂਰ ਕਰਨ ਲਈ ਅਲਕੋਹਲ ਦੀ ਵਰਤੋਂ ਕਰਦੇ ਪਾਏ ਗਏ। ਇਹ ਵੀ ਦੇਖਿਆ ਗਿਆ ਕਿ ਡਿਪਰੈਸ਼ਨ ਕਾਰਨ 23% ਤੋਂ 28% ਨੂੰ ਨੀਂਦ ਪੂਰੀ ਤਰ੍ਹਾਂ ਨਹੀਂ ਆਉਂਦੀ ਸੀ ਜਿਸ ਕਾਰਨ ਉਹ ਆਪਣੀ ਖੇਡ ਵਿਚ ਸਿਖਰ ਦੀ ਪ੍ਰਾਪਤੀ ਨਹੀਂ ਸਨ ਕਰ ਸਕਦੇ। ਇਸੇ ਤਰ੍ਹਾਂ 2015 ਵਿਚ 540 ਫੁੱਟਬਾਲਰਾਂ ਦਾ ਸਰਵੇਖਣ ਕੀਤਾ ਗਿਆ ਜੋ ਪੰਜ ਦੇਸ਼ਾਂ ਨਾਲ ਸੰਬੰਧਿਤ ਸਨ। ਨਾਰਵੇ ਦੇ 43% ਖਿਡਾਰੀਆਂ ਵਿਚ ਚਿੰਤਾ ਅਤੇ ਡਿਪਰੈਸ਼ਨ ਪਾਈ ਗਈ। ਸਪੇਨ ਦੇ 33% ਖਿਡਾਰੀ ਨੀਂਦ ਦੀਆਂ ਸਮੱਸਿਆਵਾਂ ਤੋਂ ਦੁਖੀ ਸਨ। ਫਿਨਲੈਂਡ, ਫਰਾਂਸ ਅਤੇ ਸਵੀਡਨ ਦੇ ਖਿਡਾਰੀਆਂ ਵਿਚ ਵੀ ਇਹੋ ਜਿਹੀਆਂ ਹੀ ਅਲਾਮਤਾਂ ਪਾਈਆਂ ਗਈਆਂ।
ਜਿਹੜੇ ਕੋਚ ਖਿਡਾਰੀ ਨੂੰ ਮੈਦਾਨ ਵਿਚ ਭੇਜਣ ਵੇਲੇ ਉਸ ਅੰਦਰਲੀ ਸਕਾਰਾਤਮਕ ਮਾਨਸਿਕ ਸ਼ਕਤੀ ਨੂੰ ਪ੍ਰਚੰਡ ਕਰ ਦਿੰਦੇ ਹਨ, ਉਹ ਖਿਡਾਰੀ ਫਤਿਹ ਪਾਉਂਦੇ ਹਨ। ਇਹ ਵੀ ਨੋਟ ਕੀਤਾ ਗਿਆ ਕਿ ਇੱਕ ਕਾਲਜ ਦੀ ਫੁੱਟਬਾਲ ਦੀ ਟੀਮ ਦੇ ਕੋਚ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਕਾਲਜ ਦੇ ਖ਼ਾਸ ਕਮਰੇ ਵਿਚ ਲਿਜਾ ਕੇ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਖਿਡਾਰੀਆਂ ਵਿਚ ਜੋਸ਼ ਭਰਦੇ ਸਨ ਤੇ ਉਨ੍ਹਾਂ ਦੇ ਮਨਾਂ ਨੂੰ ਪ੍ਰਚੰਡ ਕਰਦੇ ਸਨ। ਇੰਜ ਟੀਮ ਵੱਡੇ ਕਾਰਨਾਮੇ ਕਰ ਜਾਂਦੀ ਸੀ। ਸਾਡਾ ਸਰੀਰ ਹਾਰਡਵੇਅਰ ਹੈ ਤੇ ਸਾਡਾ ਮਨ ਇਸ ਦਾ ਸੌਫਟਵੇਅਰ ਹੈ। ਜਿਹੜੇ ਖਿਡਾਰੀ ਮੈਦਾਨ ਫਤਿਹ ਕਰਦੇ ਹਨ, ਉਹ ਆਪਣੇ ਸਰੀਰ ਤੋਂ ਸਿਖਰ ਦਾ ਕੰਮ ਲੈਣ ਲਈ ਆਪਣੇ ਮਾਨਸਿਕ ਢਾਂਚੇ ਨੂੰ ਥੰਮ੍ਹ ਵਾਂਗ ਨਰੋਆ ਰੱਖਦੇ ਹਨ। ਸਾਡੇ ਦਿਮਾਗ ਤੋਂ ਲੈ ਕੇ ਸਰੀਰ ਦੇ ਸਾਰੇ ਅੰਗ ਮਨ ਸੌਫਟਵੇਅਰ ਦੇ ਇਸ਼ਾਰੇ ਤੇ ਕੰਮ ਕਰਦੇ ਹਨ। ਹਰ ਮੈਦਾਨ ਫਤਿਹ ਕਰਨ ਲਈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਚੜ੍ਹਦੀ ਕਲਾ ਦਾ ਫਲਸਫਾ ਇਸੇ ਕਰਕੇ ਦਿੱਤਾ ਸੀ, ਕਿਉਂਕਿ ਉਹ ਮਹਾਨ ਮਨੋਵਿਗਿਆਨੀ ਵੀ ਸਨ। ਮਨ ਦੀ ਸ਼ਕਤੀ ਨੂੰ ਸਮਝ ਕੇ ਹੀ ਉਨ੍ਹਾਂ ਨੇ ਲਿਖਿਆ ਸੀ- “ਮਨੁ ਜੀਤੈ ਜਗੁ ਜੀਤ॥”
ਜੇ ਖਿਡਾਰੀ ਨਿਰਾਸ਼ਾ, ਭੈਅ ਤੇ ਅਸੁਰੱਖਿਆ ਵੱਸ ਨਸ਼ਿਆਂ ਵਲ ਤੁਰਦਾ ਹੈ, ਗੈਂਗਸਟਰਾਂ ਜਾਂ ਹੋਰ ਸਮਾਜ ਵਿਰੋਧੀ ਅਨਸਰਾਂ ਦੇ ਢਹੇ ਚੜ੍ਹਦਾ ਹੈ ਤਾਂ ਇਥੇ ਵੀ ਮਨੋਵਿਗਿਆਨਕ ਪਹੁੰਚ ਦੀ ਘਾਟ ਨਜ਼ਰ ਆਉਂਦੀ ਹੈ। ਭਾਵੇਂ ਇੱਥੇ ਬੇਰੁਜ਼ਗਾਰੀ, ਸਮੇਂ ਤੇ ਜਿੱਤ ਦਾ ਸਨਮਾਨ ਤੇ ਮਾਣ ਸਤਿਕਾਰ ਨਾ ਮਿਲਣਾ, ਖੇਡਾਂ ਵਿਰੋਧੀ ਸਿਆਸਤ ਵੀ ਮਾਨਸਿਕ ਦਬਾਓ ਦਾ ਕਾਰਨ ਬਣਦੇ ਹਨ ਪਰ ਕਿਤੇ ਨਾ ਕਿਤੇ ਉਨ੍ਹਾਂ ਪ੍ਰਤੀ ਅਪਨਾਏ ਗਏ? ਗ਼ੈਰ ਮਨੋਵਿਗਿਆਨਕ ਢੰਗ ਤਰੀਕੇ ਵੀ ਜ਼ਿੰਮੇਵਾਰ ਬਣਦੇ ਹਨ। ਖੇਡਾਂ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਤੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਮਾਜਿਕ ਸੰਸਥਾਵਾਂ ਤੇ ਸਰਕਾਰਾਂ ਨੂੰ ਇਸ ਪਾਸੇ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਮਨੋਵਿਗਿਆਨਕ ਉਪਾਅ ਖੇਡਾਂ ਦੀ ਜਿੱਤ ਹਾਰ ਵਿਚ ਵਿਸ਼ੇਸ਼ ਰੋਲ ਅਦਾ ਕਰਦੇ ਹਨ।
ਫੁੱਟਬਾਲ ਦਾ ਘਰ ਫਗਵਾੜਾ
ਜਿਵੇਂ ਸੰਸਾਰਪੁਰ ਤੇ ਮਿੱਠਾਪੁਰ ਨੇ ਹਾਕੀ ਵਿਚ ਮੱਲਾਂ ਮਾਰੀਆਂ ਹਨ, ਉਵੇਂ ਫਗਵਾੜੇ ਤੇ ਮਾਹਿਲਪੁਰ ਨੇ ਫੁੱਟਬਾਲ ਵਿਚ ਮਾਰੀਆਂ ਹਨ; ਜਿਵੇਂ ਮਾਹਿਲਪੁਰ ਨਾਲ ਲੱਗਦੇ ਪਿੰਡਾਂ ਦੇ ਮੈਦਾਨਾਂ ਵਿਚ ਖੇਡ ਕੇ ਜਰਨੈਲ ਸਿੰਘ, ਗੁਰਦੇਵ ਸਿੰਘ ਤੇ ਮਨਜੀਤ ਸਿੰਘ ਵਰਗੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਧੁੰਮਾਂ ਪਾਈਆਂ ਹਨ, ਉਵੇਂ ਫਗਵਾੜੇ ਦੇ ਇਲਾਕੇ ਵਿਚੋਂ ਉੱਠ ਕੇ ਕਈ ਫੁੱਟਬਾਲ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ। ਫਗਵਾੜੇ ਦੇ ਜੰਮਪਲ ਇੰਦਰ ਸਿੰਘ ਨੂੰ ਜਿਸ ਨੇ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀ, ਫੁੱਟਬਾਲ ਦੀ ਖੇਡ ਦਾ ਪੇਲੇ ਕਿਹਾ ਜਾਂਦਾ ਹੈ। ਉਸ ਨੇ 1960 ਵਿਚ ਸਰਕਾਰੀ ਹਾਈ ਸਕੂਲ ਫਗਵਾੜਾ ਤੋਂ ਮੈਟਰਿਕ ਕਰਨ ਸਾਰ ਹੀ ਫੁੱਟਬਾਲ ਵਿਚ ਆਪਣੀ ਖੇਡ ਦਾ ਲੋਹਾ ਮੰਨਵਾ ਲਿਆ ਸੀ। ਉਸ ਦੀ ਖੇਡ ਲੀਡਰ ਕਲੱਬ ਜਲੰਧਰ ਦੇ ਸੰਚਾਲਕਾਂ ਪਸੰਦ ਆ ਗਈ ਸੀ। ਉਹ 1960 ਤੋਂ 74 ਤਕ ਉਸ ਕਲੱਬ ਵੱਲੋਂ ਫੁੱਟਬਾਲ ਖੇਡਿਆ। 1974 ਤੋਂ ਜੇਸੀਟੀ ਕਲੱਬ ਫਗਵਾੜਾ ਵਿਚ ਖੇਡਣਾ ਸ਼ੁਰੂ ਕਰ ਦਿਤਾ। ਉਸ ਦੀ ਖੇਡ ਉਸ ਸਮੇਂ ਪੂਰੀ ਜਵਾਨੀ ਤੇ ਸਿਖਰਾਂ ਤੇ ਪਹੁੰਚ ਚੁੱਕੀ ਸੀ। ਕੌਮਾਂਤਰੀ ਪੱਧਰ ਤੇ ਉਸ ਦੀਆਂ ਮਾਰੀਆਂ ਮੱਲਾਂ ਨੂੰ ਦੇਖਦੇ ਹੋਏ ਉਸ ਨੂੰ 1969 ਵਿਚ ਰਾਸ਼ਟਰਪਤੀ ਵੱਲੋਂ ਅਰਜੁਨ ਅਵਾਰਡ ਨਾਲ ਨਿਵਾਜਿਆ ਗਿਆ। ਉਸ ਨੇ 1969, 73 ਤੇ 75 ਵਿਚ ਭਾਰਤੀ ਟੀਮਾਂ ਦੀ ਕਪਤਾਨੀ ਕੀਤੀ। 1967 ਵਿਚ ਮਲੇਸ਼ੀਆ ਵਿਖੇ ਇੰਦਰ ਸਿੰਘ ਦੀ ਖੇਡ ਤੋਂ ਖੁਸ਼ ਹੋ ਕੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਉਸ ਨੂੰ ਬਹੁਤ ਵੱਡਾ ਅਹੁਦਾ ਦੇਣ ਦੀ ਪੇਸ਼ਕਸ ਕੀਤੀ ਸੀ ਪਰ ਉਸ ਨੇ ਨਾਂਹ ਕਰ ਦਿਤੀ ਸੀ ਕਿਊਂਕਿ ਉਹ ਆਪਣੇ ਵਤਨ ਪੰਜਾਬ/ਭਾਰਤ ਲਈ ਹੀ ਖੇਡਣਾ ਚਾਹੁੰਦਾ ਸੀ। ਮੋਹਨ ਬਗਾਨ ਫੁੱਟਬਾਲ ਕਲੱਬ ਨੇ ਬਲੈਂਕ ਚੈੱਕ ਪੇਸ਼ ਕੀਤਾ ਸੀ ਪਰ ਉਸ ਨੇ ਸਾਰੀ ਉਮਰ ਆਪਣੀ ਖੇਡ ਜੇਸੀਟੀ ਪੰਜਾਬ ਨੂੰ ਹੀ ਸਮਰਪਤ ਕੀਤੀ ਰੱਖੀ।
ਸੁਖਵਿੰਦਰ ਸਿੰਘ ਸੁੱਖੀ ਫੁੱਟਬਾਲ ਨੂੰ ਸਮਰਪਤ ਖਿਡਾਰੀ/ਕੋਚ ਹੈ ਜਿਸ ਨੇ ਜੇਸੀਟੀ ਕਲੱਬ ਲਈ ਅੱਧੀ ਉਮਰ ਲਗਾਈ। ਪਹਿਲਾਂ ਉਹ ਪੰਜ ਸਾਲ ਬੀਐੱਸਐੱਫ ਲਈ ਫੁੱਟਬਾਲ ਖੇਡਿਆ। ਐੱਨਆਈਐੱਸ ਪਟਿਆਲਾ ਤੋਂ ਕੋਚਿੰਗ ਦਾ ਕੋਰਸ ਕਰ ਕੇ ਉਹ 1992 ਵਿਚ ਜੇਸੀਟੀ ਵਿਖੇ ਹੀ ਕੋਚ ਲੱਗ ਗਿਆ ਸੀ। ਉਹ ਮਿਨਰਵਾ ਫੁੱਟਬਾਲ ਅਕੈਡਮੀ ਦਾ ਵੀ ਟੈਕਨੀਕਲ ਡਾਇਰੈਕਟਰ ਰਿਹਾ। ਇੰਦਰ ਸਿੰਘ ਨੂੰ ਅਰਜੁਨ ਅਵਾਰਡ ਤੇ ਸੁਖਵਿੰਦਰ ਸੱਖੀ ਨੂੰ ਧਿਆਨ ਚੰਦ ਅਵਾਰਡ ਮਿਲੇ। ਫੁੱਟਬਾਲਰ ਪ੍ਰਮਿੰਦਰ ਸਿੰਘ ਦਾ ਜਨਮ ਭਾਵੇਂ ਕੁਰਾਲੀ ਵਿਚ ਹੋਇਆ ਪਰ ਉਸ ਦੀ ਖੇਡ ਨਿਖਾਰਨ ਵਿਚ ਜੇਸੀਟੀ ਮਿਲਜ਼ ਫਗਵਾੜਾ ਦੀਆਂ ਗਰਾਊਂਡਾਂ ਦਾ ਬਹੁਤ ਵੱਡਾ ਰੋਲ ਹੈ। ਉਸ ਨੇ 17 ਸਾਲ ਨੈਸ਼ਨਲ ਸੰਤੋਸ਼ ਟਰਾਫੀ, ਫੈਡਰੇਸ਼ਨ ਕੱਪ ਅਤੇ ਇੰਟਰਨੈਸ਼ਨਲ ਮੈਚ ਖੇਡੇ। ਇਸੇ ਤਰ੍ਹਾਂ ਪਿੰਡ ਬੱਡੋਂ ਵਿਚ ਜਨਮੇ ਫੁੱਟਬਾਲਰ ਜੀ. ਐਸ ਪਰਮਾਰ ਫਗਵਾੜੇ ਦੇ ਹੀ ਹੋ ਕੇ ਰਹਿ ਗਏ। ਉਹ 18 ਸਾਲ ਜੇਸੀਟੀ ਕਲੱਬ ਲਈ ਖੇਡੇ। 1979 ਅਤੇ 1982 ਵਿਚ ਉਸ ਨੇ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ। ਦੀਪਕ ਕੁਮਾਰ 15 ਸਾਲ ਫਗਵਾੜੇ ਚ ਫੁੱਟਬਾਲ ਖੇਡਦਿਆਂ ਭਾਰਤ ਦੀ ਟੀਮ ਲਈ ਵੀ ਫੁੱਟਬਾਲ ਖੇਡਿਆ। ਕਸ਼ਮੀਰਾ ਸਿੰਘ ਪੰਦਰਾਂ ਸਾਲ ਇਸ ਕਲੱਬ ਵੱਲੋਂ ਫੁੱਟਬਾਲ ਖੇਡਿਆ ਅਤੇ 12 ਵਾਰ ਸੰਤੋਸ਼ ਟਰਾਫੀ ਵਿਚ ਭਾਗ ਲਿਆ। ਏਐੱਸ ਭਾਟੀਆ ਤੇ ਜਗੀਰ ਸਿੰਘ ਉੱਚ ਕੋਟੀ ਦੇ ਖਿਡਾਰੀ ਅਤੇ ਕੋਚਿੰਗ ਵਿਚ ਨਿਪੁੰਨ ਕੋਚ ਰਹੇ ਜਿਨ੍ਹਾਂ ਨੇ ਬਹੁਤ ਵਧੀਆ ਖਿਡਾਰੀ ਤਿਆਰ ਕੀਤੇ। ਸੀਤਲ ਸਿੰਘ ਪਲਾਹੀ ਕੌਮਾਂਤਰੀ ਫੁੱਟਬਾਲਰ ਤੇ ਖੇਡ ਲੇਖਕ ਰਿਹਾ। ਹਰਜਿੰਦਰ ਸਿੰਘ, ਅਸ਼ੋਕ ਕੁਮਾਰ ਤੇ ਹੋਰ ਵੀ ਕਈ ਖਿਡਾਰੀ ਭਾਰਤ ਦੀਆਂ ਟੀਮਾਂ ਲਈ ਫੁੱਟਬਾਲ ਖੇਡੇ। ਫਗਵਾੜੇ ਨੂੰ ਇਸ ਗੱਲ ਤੇ ਮਾਣ ਹੈ ਕਿ ਹੋਰ ਰਾਜਾਂ ਦੇ ਸਿਰਕੱਢ ਫੁੱਟਬਾਲ ਖਿਡਾਰੀ ਵੀ ਜੇਸੀਟੀ ਕਲੱਬ ਦੀ ਟਰੇਨਿੰਗ ਅਤੇ ਸਰਵਿਸ ਨੂੰ ਤਰਜੀਹ ਦਿੰਦੇ ਰਹੇ। ਭਾਰਤ ਦਾ ਸਟਾਰ ਫੁੱਟਬਾਲ ਖਿਡਾਰੀ ਬੈਚਿੰਗ ਭੁਟੀਆ ਸਿੱਕਮ ਤੋਂ ਆ ਕੇ ਸੁੱਖਵਿੰਦਰ ਸੁੱਖੀ ਤੋਂ ਕੋਚਿੰਗ ਲੈਂਦਾ ਰਿਹਾ। ਸ਼ੁਨੀਲ ਸ਼ੇਤਰੀ ਜਿਹੜਾ ਕਿ ਫੁੱਟਬਾਲ ਦੇ ਅੰਬਰ ‘ਤੇ ਧਰੂ ਤਾਰੇ ਵਾਂਗ ਚਮਕ ਰਿਹਾ ਹੈ, ਫਗਵਾੜੇ ਦੀਆਂ ਗਰਾਊਂਡਾਂ ਵਿਚ ਧੁੰਮਾਂ ਪਾਉਂਦਾ ਰਿਹਾ। ਮਨੀ ਵਿਜ਼ਾਨ ਕੇਰਲਾ, ਜੈ ਪਾਲ ਅੰਸਾਰੀ ਕੇਰਲਾ ਅਤੇ ਐਨਥੋਨੀ ਚੈਪਮਨ ਕਰਨਾਟਕਾ ਤੋਂ ਆ ਕੇ ਜੇਸੀਟੀ ਦੀਆਂ ਗਰਾਊਂਡਾਂ ਨੂੰ ਰੰਗਭਾਗ ਲਾਉਂਦੇ ਰਹੇ ਤੇ ਫਗਵਾੜੇ ਦੇ ਕੋਚਾਂ ਤੋਂ ਦਾਅ ਪੇਚ ਸਿਖ ਕੇ ਵੱਡੀਆਂ ਪ੍ਰਾਪਤੀਆਂ ਕਰਦੇ ਰਹੇ।
ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ, ਜੀਐੱਨਏ ਫੁੱਟਬਾਲ ਅਕੈਡਮੀ ਪਾਂਛਟਾਂ, ਬੋਨੀ ਫੁੱਟਬਾਲ ਕਲੱਬ ਗੋਰਾਇਆ ਵੀ ਇਸ ਖੇਤਰ ਵਿਚ ਸਰਗਰਮ ਹਨ। ਇਸ ਇਲਾਕੇ ਵਿਚ ਸਮੇਂ ਸਮੇਂ ਫੁੱਟਬਾਲ ਟੂਰਨਾਮੈਂਟ ਹੁੰਦੇ ਰਹਿੰਦੇ ਹਨ ਅਤੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਰਹਿੰਦਾ ਹੈ। ਜੇਕਰ ਪੰਜਾਬ ਸਰਕਾਰ ਹਰਿਆਣੇ ਵਾਂਗ ਇਹਨਾਂ ਕਲੱਬਾਂ ਦੇ ਸਿਰ ਤੇ ਹੱਥ ਰੱਖੇ ਤਾਂ ਕੋਈ ਵੱਡੀ ਗੱਲ ਨਹੀ ਕਿ ਇਸ ਇਲਾਕੇ ਦੇ ਖਿਡਾਰੀ ਕੌਮਾਤਰੀ ਪੱਧਰ ਤੇ ਮੱਲਾਂ ਮਾਰ ਕੇ ਫੁੱਟਬਾਲ ਵਿਚ ਪੰਜਾਬ ਦੀ ਖੋਈ ਹੋਈ ਸ਼ਾਨ ਮੁੜ ਬਹਾਲ ਕਰਵਾ ਸਕਦੇ ਹਨ।
ਸੰਪਰਕ: principalsarwansingh@gmail.com