ਮੁਆਫ਼ ਕਰਨਾ ਰਮੇਸ਼ ਉਪਾਧਿਆਏ...

ਮੁਆਫ਼ ਕਰਨਾ ਰਮੇਸ਼ ਉਪਾਧਿਆਏ...

ਪ੍ਰੋ. ਸ਼ਮਸੁਲ ਇਸਲਾਮ

ਡਾ. ਰਮੇਸ਼ ਉਪਾਧਿਆਏ ਮਹਾਨਤਮ ਜਨਵਾਦੀ ਲੇਖਕਾਂ ਵਿਚੋਂ ਇਕ ਸਨ। ਇਸ ਚਿੰਤਕ, ਹਰਦਿਲ-ਅਜ਼ੀਜ਼ ਅਧਿਆਪਕ, ਸੰਪਾਦਕ, ਲੋਕ ਅੰਦੋਲਨਾਂ ਦੀ ਪਹਿਲੀ ਕਤਾਰ ਦੇ ਬੁੱਧੀਜੀਵੀ, ਸੁਧਾ ਉਪਾਧਿਆਏ ਦੇ 52 ਸਾਲਾਂ ਦੇ ਹਮਸਫ਼ਰ, ਪ੍ਰਗਿਆ, ਸੰਘਿਆ ਤੇ ਅੰਕਿਤ ਦੇ ਦੋਸਤਾਂ ਵਰਗੇ ਪਿਤਾ ਅਤੇ ਰਾਕੇਸ਼ ਕੁਮਾਰ ਦੇ ਦੋਸਤਾਂ ਵਰਗੇ ਸਹੁਰੇ ਦਾ 23-24 ਅਪਰੈਲ ਦੀ ਰਾਤ ਨੂੰ ਕਰੀਬ ਡੇਢ ਵਜੇ ਦੇਹਾਂਤ ਹੋ ਗਿਆ।

ਮਰ ਤਾਂ ਹਰ ਕਿਸੇ ਨੇ ਜਾਣਾ ਹੈ। ਬੁੱਧ ਨੇ ਚੁਣੌਤੀ ਦਿੱਤੀ ਸੀ ਕਿ ਅਜਿਹਾ ਕੋਈ ਘਰ ਦਿਖਾਓ, ਜਿੱਥੇ ਮੌਤ ਨਾ ਹੋਈ ਹੋਵੇ। ਇਸ ਚੁਣੌਤੀ ਨੂੰ ਹਾਲੇ ਤੱਕ ਕੋਈ ਸਵੀਕਾਰ ਨਹੀਂ ਕਰ ਸਕਿਆ। ਪਰ ਰਮੇਸ਼ ਉਪਾਧਿਆਏ ਆਪਣੀ ਮੌਤ ਨਹੀਂ ਮਰੇ। ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਹੱਤਿਆ ਹੋਈ ਹੈ। ਉਨ੍ਹਾਂ ਦੇ ਪੂਰੇ ਪਰਿਵਾਰ ਨੇ 3 ਤੋਂ 5 ਅਪਰੈਲ ਦੌਰਾਨ ਟੀਕੇ ਲਗਵਾਏ ਸਨ। ਕਰੀਬ 10 ਦਿਨਾਂ ਬਾਅਦ ਕੋਵਿਡ-19 ਦੀਆਂ ਅਲਾਮਤਾਂ ਸਾਹਮਣੇ ਆਈਆਂ ਤਾਂ ਕੋਵਿਡ ਟੈਸਟ ਕਰਾਉਣ ਦੀ ਜੱਦੋਜਹਿਦ ਸ਼ੁਰੂ ਹੋਈ। ਚਾਰ ਦਿਨਾਂ ਬਾਅਦ ਟੈਸਟ ਹੋ ਸਕਿਆ ਤੇ ਤਿੰਨ ਦਿਨਾਂ ਬਾਅਦ ਪਰਿਵਾਰ ਦੇ ਚਾਰੇ ਜੀਆਂ (ਰਮੇਸ਼ ਉਪਾਧਿਆਏ, ਉਨ੍ਹਾਂ ਦੀ ਪਤਨੀ ਸੁਧਾ, ਛੋਟੀ ਧੀ ਸੰਘਿਆ ਤੇ ਪੁੱਤਰ ਅੰਕਿਤ) ਦੀ ਪਾਜ਼ੇਟਿਵ ਰਿਪੋਰਟ ਆਈ। ਇਸ ਤੋਂ ਬਾਅਦ ਸ਼ੁਰੂ ਹੋਇਆ ਕਿਸੇ ਹਸਪਤਾਲ ਵਿਚ ਬੈੱਡ ਲੱਭਣ ਦਾ ਲੰਬਾ ਸੰਘਰਸ਼। ਦਿੱਲੀ ਐਨਸੀਆਰ ਛਾਣ ਮਾਰਿਆ, ਜਿਨ੍ਹਾਂ ਜ਼ਿੰਮੇਵਾਰਾਂ ਨਾਲ ਸੰਪਰਕ ਹੋ ਸਕਿਆ, ਕਿਸੇ ਨੇ ਹੱਥ-ਪੱਲਾ ਨਹੀਂ ਫੜਾਇਆ। ਮਜਬੂਰੀ ਵਿਚ ਸਭ ਨੇ ਘਰ ਵਿਚ ਹੀ ਖ਼ੁਦ ਨੂੰ ਕੁਆਰੰਟਾਈਨ ਕਰ ਲਿਆ। 

ਕਿਵੇਂ ਨਾ ਕਿਵੇਂ ਪ੍ਰਗਿਆ ਤੇ ਰਾਕੇਸ਼ (ਉਨ੍ਹਾਂ ਦੀ ਵੱਡੀ ਧੀ ਤੇ ਜਵਾਈ) ਨੇ ਚਾਰਾਂ ਲਈ ਤੀਜੀ ਮੰਜ਼ਲ ਉੱਤੇ ਆਕਸੀਜਨ ਸਿਲੰਡਰਾਂ ਦਾ ਇੰਤਜ਼ਾਮ ਕੀਤਾ। ਉਨ੍ਹਾਂ ਇਸ ਬਿਪਤਾ ਮੌਕੇ ਪਰਿਵਾਰ ਲਈ ਉਹ ਹਰ ਕੋਸ਼ਿਸ਼ ਕੀਤੀ, ਜਿਹੜੀ ਕੀਤੀ ਜਾ ਸਕਦੀ ਸੀ, ਜਦੋਂਕਿ ਤਰ੍ਹਾਂ-ਤਰ੍ਹਾਂ ਦੇ ‘ਉੱਪਰ ਵਾਲੇ’ ਤਾਂ ਇਸ ਦੌਰਾਨ ਇੰਝ ਸੁੱਤੇ ਪਏ ਸਨ ਕਿ ਕੁੰਭਕਰਨ ਵੀ ਸੰਗ ਜਾਵੇ। ਰਮੇਸ਼ ਉਪਾਧਿਆਏ ਤੇ ਸੁਧਾ ਨੂੰ ਫ਼ੌਰੀ ਹਸਪਤਾਲ ਵਿਚ ਦਾਖ਼ਲ ਕੀਤੇ ਜਾਣ ਦੀ ਲੋੜ ਸੀ, ਉੱਤੋਂ ਦੋਵੇਂ ਬੱਚਿਆਂ ਦੀ ਹਾਲਤ ਵੀ ਵਿਗੜਨ ਲੱਗੀ। ਬੜੀ ਕੋਸ਼ਿਸ਼ ਤੋਂ ਬਾਅਦ ਕਿਸੇ ਵਾਕਫ਼ ਨੇ 21 ਅਪਰੈਲ ਨੂੰ ਚਾਰਾਂ ਲਈ ਈਐਸਆਈ ਹਸਪਤਾਲ ਓਖਲਾ ਦੇ ਕੋਵਿਡ ਵਾਰਡ ਵਿਚ ਬੈੱਡਾਂ ਦਾ ਇੰਤਜ਼ਾਮ ਕਰਵਾ ਦਿੱਤਾ। ਸਰਕਾਰੀ ਐਂਬੂਲੈਂਸ ਰਾਹੀਂ ਉੱਥੇ ਪੁੱਜੇ ਤਾਂ ਦੱਸਿਆ ਗਿਆ ਕਿ ਰਮੇਸ਼ ਤੇ ਸੁਧਾ ਨੂੰ ਹੀ ਬਜ਼ੁਰਗ ਹੋਣ ਕਾਰਨ ਦਾਖ਼ਲਾ ਮਿਲੇਗਾ। ਇਹ ਵੀ ਆਖ ਦਿੱਤਾ ਗਿਆ ਕਿ ਅੰਦਰ ਕਿਸੇ ਤਰ੍ਹਾਂ ਦੀ ਨਰਸਿੰਗ ਸਹੂਲਤ ਨਹੀਂ ਮਿਲੇਗੀ।

ਇਕ ਹਮਦਰਦ ਡਾਕਟਰ ਨੇ ਇੰਨੀ ਇਜਾਜ਼ਤ ਦੇ ਦਿੱਤੀ ਕਿ ਸੁਧਾ ਦੀ ਥਾਂ ਖ਼ੁਦ ਕੋਵਿਡ ਕਾਰਨ ਬਿਮਾਰ ਸੰਘਿਆ ਨੂੰ ਦਾਖ਼ਲ ਕਰ ਲਿਆ ਜਾਵੇ ਤਾਂ ਕਿ ਉਹ ਪਿਤਾ ਦੀ ਤੀਮਾਰਦਾਰੀ ਕਰ ਸਕੇ। ਇਸ ਦੇ ਬਾਵਜੂਦ 22-23 ਅਪਰੈਲ ਦੀ ਰਾਤ ਨੂੰ ਰਮੇਸ਼ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਨੂੰ ਬਚਾਉਣ ਲਈ ਰਾਕੇਸ਼ ਨੇ ਇਕ ਐਸਓਐਸ ਅਪੀਲ ਜਾਰੀ ਕੀਤੀ। ਇਸ ਨੂੰ ਪੜ੍ਹ ਕੇ ਮੈਤ੍ਰੇਈ ਪੁਸ਼ਪਾ ਨੇ ਕਿਤੇ ਗੱਲ ਕਰ ਕੇ ਦੱਸਿਆ ਕਿ ਰਮੇਸ਼ ਉਪਾਧਿਆਏ ਲਈ ਆਈਸੀਯੂ ਵਿਚ ਬੈੱਡ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਡਿਊਟੀ ਉੱਤੇ ਤਾਇਨਾਤ ਡਾਕਟਰ ਨੇ ਵੀ ਦੱਸਿਆ ਕਿ ਮਰੀਜ਼ ਨੂੰ ਆਈਸੀਯੂ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਪਰ ਅਖ਼ੀਰ ਤੱਕ ਵੀ ਤਬਦੀਲ ਨਹੀਂ ਕੀਤਾ ਗਿਆ। ਮੌਤ ਤੋਂ ਡੇਢ ਘੰਟਾ ਪਹਿਲਾਂ ਵੀ ਰਾਕੇਸ਼ ਨੇ ਸੀਨੀਅਰ ਡਾਕਟਰ ਨੂੰ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕਰਨ ਦੀ ਅਪੀਲ ਕੀਤੀ, ਪਰ ਡਾਕਟਰ ਤੋਂ ਜਵਾਬ ਮਿਲਿਆ ਕਿ ਉਹ ਦੇਖ ਲੈਣਗੇ। ਇੰਝ ਡਾਕਟਰ ਦੇਖਦਾ ਰਹਿ ਗਿਆ ਤੇ ਜੋ ਨਤੀਜਾ ਨਿਕਲਿਆ ਉਸ ਸਭ ਦੇ ਸਾਹਮਣੇ ਹੈ।

ਖ਼ੁਦ ਨੂੰ ਵਿਸ਼ਵ ਗੁਰੂ ਅਖਵਾਉਣ ਵਾਲੇ ਭਾਰਤ ਦੀ ਕੌਮੀ ਰਾਜਧਾਨੀ ਵਿਚ ਇਕ ਸਰਕਾਰੀ ਹਸਪਤਾਲ ਵਿਚ ਬਦਇੰਤਜ਼ਾਮੀ ਦੇ ਸਿੱਟੇ ਵਜੋਂ ਸਾਨੂੰ ਸਭ ਨੂੰ ਸ਼ਰਮਸਾਰ ਕਰਦੇ ਹੋਏ ਰਮੇਸ਼ ਉਪਾਧਿਆਏ 23-24 ਅਪਰੈਲ ਦੀ ਰਾਤ ਕਰੀਬ ਡੇਢ ਵਜੇ ਅਲਵਿਦਾ ਆਖ ਗਏ। ਜੇ ਅਸੀਂ ਕਿਸੇ ਥੋੜ੍ਹੀ ਜਿਹੀ ਵੀ ਇਨਸਾਨੀਅਤ ਵਾਲੇ ਨਿਜ਼ਾਮ ਵਿਚ ਰਹਿ ਰਹੇ ਹੁੰਦੇ ਤਾਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਂਦੀ ਕਿ ਆਈਸੀਯੂ ਦਾ ਜਿਹੜਾ ਬੈੱਡ ਰਮੇਸ਼ ਨੂੰ ਮਿਲਣਾ ਸੀ, ਉਹ ਕਿਸ ਨੂੰ ਸਿਫ਼ਾਰਸ਼ ਜਾਂ ਰਿਸ਼ਵਤਖ਼ੋਰੀ ਤਹਿਤ ਦਿੱਤਾ ਗਿਆ? ਰਮੇਸ਼ ਉਪਾਧਿਆਏ ਦੀ ਮੌਤ ਨਾਲ ਤਾਂ ਬੋਨਸ ਵਜੋਂ ਇਕ ਗ਼ੈਰ-ਆਈਸੀਯੂ ਬੈੱਡ ਵੀ ਸਗੋਂ ਖ਼ਾਲੀ ਹੋ ਗਿਆ। ਅੱਜ ਜਦੋਂ ਪੂਰਾ ਦੇਸ਼ ਹੀ ਸ਼ਮਸ਼ਾਨ-ਕਬਰਿਸਤਾਨ ਬਣ ਕੇ ਰਹਿ ਗਿਆ ਹੈ, ਹਰ ਘਰ ਵਿਚ ਮੌਤ ਦਾ ਸਾਇਆ ਹੈ, ਜਦੋਂ ਹਾਕਮਾਂ ਨੇ ਕੋਵਿਡ ਨੂੰ ਪੂਰੇ ਦੇਸ਼ ਵਿਚ ਫੈਲਣ ਦਿੱਤਾ ਅਤੇ ਆਪਣੇ ਨਾਅਰੇ ‘ਇਕ ਦੇਸ਼ - ਇਕ ਵਿਧਾਨ’ ਨੂੰ ਸਾਰਥਿਕ ਕਰ ਦਿੱਤਾ ਹੋਵੇ ਤਾਂ ਭਗਤ ਆਖ ਸਕਦੇ ਹਨ ਕਿ ਉਨ੍ਹਾਂ ਲਈ ਰਮੇਸ਼ ਉਪਾਧਿਆਏ ਵਰਗੇ ਕਿਸੇ ਇਕ ਵਿਅਕਤੀ ਦੀ ਮੌਤ ਕੀ ਅਹਿਮੀਅਤ ਰੱਖਦੀ ਹੈ।  

ਆਖਿਆ ਜਾ ਸਕਦਾ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਦੇਸ਼ ਦੇ ਹਾਕਮਾਂ, ਅਫ਼ਸਰਾਂ, ਭਾਰਤੀ ਸਿਹਤ ਸੇਵਾਵਾਂ, ਸੁਪਰੀਮ ਕੋਰਟ ਤੱਕ ਅਤੇ ਕੁਝ ਕੁ ਮੀਡੀਆ ਚੈਨਲਾਂ ਨੂੰ ਛੱਡ ਕੇ ਬਾਕੀ ਨੇ ਵੀ ਕੋਈ ਵਧੀਆ ਭੂਮਿਕਾ ਨਹੀਂ ਨਿਭਾਈ। ਇਹ ਉਹੋ ਸਿਹਤ ਸਹੂਲਤਾਂ ਹਨ, ਜਿਨ੍ਹਾਂ ਬਾਰੇ ਅਸੀਂ ਵਾਰ-ਵਾਰ ਸ਼ੇਖੀਆਂ ਮਾਰਦੇ ਸਾਂ ਕਿ ਭਾਰਤ ਦੁਨੀਆਂ ਭਰ ਵਿਚ ‘ਹੈਲਥ ਟੂਰਿਜ਼ਮ’ ਦਾ ਕੇਂਦਰ ਬਣ ਗਿਆ ਹੈ ਅਤੇ ਸਾਡਾ ਸਿਹਤ ਸਿਸਟਮ ਇੰਨਾ ਸ਼ਾਨਦਾਰ ਹੈ ਕਿ ਦੁਨੀਆਂ ਦੇ ਅਮੀਰ ਲੋਕ ਅਮਰੀਕਾ-ਯੂਰੋਪ ਨਾ ਜਾ ਕੇ ਸਾਡੇ 5-8 ਸਿਤਾਰਾ ਹਸਪਤਾਲਾਂ ਵਿਚ ਆਉਂਦੇ ਹਨ ਅਤੇ ਦੇਸੀ ਅਮੀਰ ਮਰੀਜ਼ਾਂ ਨੂੰ ਏਅਰ-ਐਂਬੂਲੈਂਸ ਰਾਹੀਂ ਸਿੱਧੇ ਹਸਪਤਾਲ ਵਿਚ ਉਤਾਰਿਆ ਜਾ ਸਕਦਾ ਹੈ। ਅੱਜ ਦੇਸ਼ ਦੇ ਜੋ ਹਾਲਾਤ ਬਣ ਚੁੱਕੇ ਹਨ, ਉਸ ਨੂੰ ਦੇਖ ਕੇ ਇਹ ਕੁਝ ਵੀ ਗ਼ੈਰਮਾਮੂਲੀ ਨਹੀਂ ਜਾਪਦਾ, ਕਾਲ਼ਜਾ ਹਲ਼ਕ ਵਿਚ ਨਹੀਂ ਆਉਂਦਾ। ਪਰ ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਭਾਸ਼ਾ ਦੇ ਸਾਹਿਤਕਾਰਾਂ ਅਤੇ ਸੈਂਕੜੇ ਜਥੇਬੰਦੀਆਂ ਨੇ ਜੋ ਬੇਪ੍ਰਵਾਹੀ ਤੇ ਸੰਵੇਦਨਹੀਣਤਾ ਦਿਖਾਈ, ਉਸ ਤੋਂ ਜ਼ਰੂਰ ਕਾਲ਼ਜਾ ਮੂੰਹ ਵਿਚ ਆਉਂਦਾ ਹੈ। ਇਸ ਦੌਰਾਨ ਉਪਾਧਿਆਏ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਜਾਂ ਕਿਸੇ ਕੰਮ ਲਈ ਪੁੱਛਣ ਵਾਲੇ ਲੋਕਾਂ ਤੇ ਸੰਸਥਾਵਾਂ ਦੀ ਗਿਣਤੀ ਮਹਿਜ਼ ਉਂਗਲਾਂ ’ਤੇ ਗਿਣੀ ਜਾਣ ਜੋਗੀ ਹੀ ਹੈ। ਹੁਣ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਦੇਸ਼ ਦੀ ਸਾਹਿਤ ਅਕਾਦਮੀ ਅਤੇ ਦਿੱਲੀ ਦੀ ਹਿੰਦੀ ਅਕਾਦਮੀ ਦੇ ਅਫ਼ਸਰ ਸ਼ਾਇਦ ਸੋਗ ਸਭਾਵਾਂ ਜ਼ਰੂਰ ਕਰਨਗੇ। ਪਰ ਕੀ ਫ਼ਾਇਦਾ ਇਸ ਰਸਮ ਪੂਰਤੀ ਦਾ?

ਰਮੇਸ਼ ਨਾਲ ਮੇਰੀ ਗੱਲ ਆਖ਼ਰੀ ਵਾਰ 20 ਅਪਰੈਲ ਨੂੰ ਹੋਈ ਸੀ, ਮੈਂ ਉਨ੍ਹਾਂ ਨੂੰ ਫ਼ਰਾਜ਼ ਦੀਆਂ ਇਹ ਦੋ ਤੁਕਾਂ ਗਾ ਕੇ ਸੁਣਾਈਆਂ ਸਨ: 

ਗ਼ਮ-ਏ-ਦੁਨੀਆ ਭੀ ਗ਼ਮ-ਏ-ਯਾਰ ਮੇਂ ਸ਼ਾਮਿਲ ਕਰ ਲੋ,

ਨਸ਼ਾ ਬੜ੍ਹਤਾ ਹੈ, ਸ਼ਰਾਬੇਂ ਜੋ ਸ਼ਰਾਬੋਂ ਮੇਂ ਮਿਲੇਂ।

ਮੇਰੇ ਦੋਸਤ ਨੇ ਸ਼ੋਸ਼ਣ ਰਹਿਤ ਅਤੇ ਸਮਾਨਤਾ ਤੇ ਨਿਆਂ ਵਾਲਾ ਸਮਾਜ ਬਣਾਉਣ ਲਈ ਜ਼ਿੰਦਗੀ ਭਰ ਲੜਾਈ ਲੜੀ। ਮੈਂ ਫ਼ਰਾਜ਼ ਦਾ ਸ਼ਿਅਰ ਸੁਣਾ ਕੇ ਉਨ੍ਹਾਂ ਦੇ ਹੀ ਜੀਵਨ ਦਾ ਮੰਤਰ ਉਨ੍ਹਾਂ ਨੂੰ ਚੇਤੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹ ਬਹੁਤ ਦਲੇਰ ਸਨ, ਪਰ ਕੀ ਪਤਾ ਸੀ ਕਿ ਉਨ੍ਹਾਂ ਦੀਆਂ ਜ਼ਿੰਦਾ ਰਹਿਣ ਦੀਆਂ ਤਮਾਮ ਖ਼ਾਹਿਸ਼ਾਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਆਈਸੀਯੂ ਬੈੱਡ ਤੋਂ ਹੀ ਵਾਂਝਾ ਕਰ ਦਿੱਤਾ ਜਾਵੇਗਾ।

ਜਦੋਂ ਸੇਵਾ ਦਾ ਦਮ ਭਰਨ ਵਾਲੀਆਂ ਸਰਕਾਰੀ ਸੰਸਥਾਵਾਂ ਗੈਰ-ਮਨੁੱਖੀ ਵਤੀਰੇ ਦੀਆਂ ਹੱਦਾਂ ਪਾਰ ਕਰ ਰਹੀਆਂ ਸਨ ਤਾਂ ਉਸ ਦੌਰਾਨ ਰਮੇਸ਼ ਦੀ ਪਤਨੀ ਸੁਧਾ ਤੇ ਬੱਚਿਆਂ ਨੇ ਜਿਵੇਂ ਉਨ੍ਹਾਂ ਦੀ ਸੇਵਾ ਕੀਤੀ, ਜੇ ਉਹ ਜ਼ਿੰਦਾ ਹੁੰਦੇ ਤਾਂ ਜ਼ਰੂਰ ਮਾਣ ਮਹਿਸੂਸ ਕਰਦੇ। ਇਨ੍ਹਾਂ ਮਨਹੂਸ ਦਿਨਾਂ ਦੌਰਾਨ 21 ਤੋਂ 24 ਅਪਰੈਲ ਦੌਰਾਨ ਪ੍ਰਗਿਆ, ਸੰਘਿਆ, ਰਾਕੇਸ਼ ਤੇ ਅੰਕਿਤ ਸ਼ਾਇਦ ਹੀ ਇਕ ਪਲ ਲਈ ਸੁੱਤੇ ਹੋਣ। ਸੰਘਿਆ ਖ਼ੁਦ ਕੋਵਿਡ ਦੀ ਮਾਰ ਝੱਲਣ ਦੇ ਨਾਲ ਹੀ ਪਿਤਾ ਦੀ ਤੀਮਾਰਦਾਰੀ ਲਈ ਮਰਦਾਂ ਵਾਲੇ ਵਾਰਡ ਵਿਚ ਦਾਖ਼ਲ ਸੀ, ਆਖ਼ਰੀ ਸਾਹ ਤੱਕ ਪਿਤਾ ਦੇ ਨਾਲ ਰਹੀ ਤੇ ਉਸੇ ਨੇ ਆਪਣੇ ਪਿਤਾ ਨੂੰ ਆਪਣੇ ਸਾਹਮਣੇ ਦਮ ਤੋੜਦਿਆਂ ਦੇਖਿਆ। ਮੌਤ ਤੋਂ ਪਹਿਲਾਂ ਰਮੇਸ਼ ਨੇ ਧੀ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਘਰ ਲੈ ਚੱਲੋ, ਪਰ ਮਜਬੂਰ ਧੀ ਕੁਝ ਵੀ ਨਾ ਕਰ ਸਕੀ। ਪਿਤਾ ਦੀ ਮੌਤ ਤੋਂ ਬਾਅਦ ਸੰਘਿਆ ਫ਼ੌਰੀ ਆਪਣੀ ਮਾਂ ਤੇ ਭਰਾ ਦੀ ਤੀਮਾਰਦਾਰੀ ਲਈ ਕੋਵਿਡ ਦੇ ਬਾਵਜੂਦ ਘਰ ਪੁੱਜੀ ਤਾਂ ਕਿ ਉਹ ਉਨ੍ਹਾਂ ਦੀ ਸੰਭਾਲ ਕਰ ਸਕੇ।

ਇਹ ਤਾਂ ਘਰ ਦੇ ਲੋਕ ਸਨ, ਉਨ੍ਹਾਂ ਦਾ ਫ਼ਰਜ਼ ਸੀ। ਇਸ ਦੇ ਬਾਵਜੂਦ, ਇਸ ਸਿਖਰ ਦੇ ਸੰਵੇਦਨਹੀਣਤਾ ਵਾਲੇ ਇਸ ਮਾਹੌਲ ਵਿਚ ਵੀ ਪਰਿਵਾਰ ਤੋਂ ਬਾਹਰ ਦੇ ਕੁਝ ਲੋਕ ਉਨ੍ਹਾਂ ਦੀ ਮਦਦ ਲਈ ਬਹੁੜੇ, ਜਿਸ ਤੋਂ ਉਮੀਦ ਬੱਝਦੀ ਹੈ ਕਿ ਇਨਸਾਨੀਅਤ ਆਸਾਨੀ ਨਾਲ ਨਹੀਂ ਹਾਰੇਗੀ। ਹਸਪਤਾਲ ਦਾਖਲੇ ਵਾਲੀ ਰਾਤ ਰਮੇਸ਼ ਤੇ ਸੰਘਿਆ ਲਈ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਲੋੜ ਪਈ। ਓਖਲਾ ਵਿਚ ‘ਚੈਰਿਟੀ ਅਲਾਇੰਸ’ ਦੇ ਮਾਜ਼ਿਨ ਖ਼ਾਨ ਨਾਲ ਸੰਪਰਕ ਹੋਇਆ, ਜਿਨ੍ਹਾਂ ਦੇ ਦਾਦਾ ਦੀ ਉਸੇ ਸ਼ਾਮ ਮੌਤ ਹੋਈ ਸੀ ਤੇ ਉਹ ਦਾਦਾ ਦੀ ਕਬਰ ਤਿਆਰ ਕਰਵਾ ਰਹੇ ਸਨ। ਇਸ ਦੇ ਬਾਵਜੂਦ ਉਨ੍ਹਾਂ ਦੁਕਾਨਾਂ ਖੁਲ੍ਹਵਾਈਆਂ ਅਤੇ ਰਾਤ 12 ਵਜੇ ਬਿਨਾਂ ਕਾਸੇ ਦੀ ਪ੍ਰਵਾਹ ਕੀਤਿਆਂ ਖ਼ੁਦ ਦਵਾਈਆਂ ਪਹੁੰਚਾਈਆਂ ਵੀ। ਉਸ ਦੌਰ ਵਿਚ ਜਦੋਂ ਕਰੋਨਾ ਨੂੰ ਮੌਕਾ ਬਣਾ ਕੇ ਬਹੁਤ ਸਾਰੇ ਵਪਾਰੀ ਮਾਸਕ, ਸੈਨੀਟਾਈਜ਼ਰ ਤੋਂ ਲੈ ਕੇ ਦਵਾਈਆਂ ਤੱਕ ਹਰੇਕ ਚੀਜ਼ ਵਿਚ ਕਾਲਾਬਾਜ਼ਾਰੀ ਕਰ ਕੇ ਜੇਬਾਂ ਭਰ ਰਹੇ ਹਨ ਤਾਂ ਮਾਜ਼ਿਨ ਖ਼ਾਨ ਤੇ ਦਵਾਫ਼ਰੋਸ਼ ਮੁਹੰਮਦ ਖ਼ਾਵਰ ਖ਼ਾਨ ਵਰਗੇ ਲੋਕਾਂ ਨੇ ਇਕ ਵੀ ਵਾਧੂ ਪੈਸਾ ਵਸੂਲੇ ਬਿਨਾਂ ਸਾਰਾ ਸਾਮਾਨ ਮੁਹੱਈਆ ਕਰਵਾਇਆ।

ਇਸ ਮੌਕੇ ਸ਼ਹੀਦ ਨਦੀਮ ਦੀਆਂ ਇਹ ਦੋ ਸਤਰਾਂ ਬਹੁਤ ਯਾਦ ਆ ਰਹੀਆਂ ਹਨ ਜੋ ਮੇਰੇ ਦੋਸਤ ਨੂੰ ਵੀ ਬਹੁਤ ਪਸੰਦ ਸਨ:

ਇਨਸਾਨ ਅਭੀ ਤਕ ਜ਼ਿੰਦਾ ਹੈ,

ਜ਼ਿੰਦਾ ਹੋਨੇ ਪਰ ਸ਼ਰਮਿੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All