ਕਥਾ ਪ੍ਰਵਾਹ

ਰੁੱਤ ਫਿਰੀ ਵਣ ਕੰਬਿਆ

ਰੁੱਤ ਫਿਰੀ ਵਣ ਕੰਬਿਆ

ਦੀਪ ਦਵਿੰਦਰ ਸਿੰਘ

ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਆਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ। ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲ੍ਹੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ। ਕਦੇ ਥੋੜ੍ਹੀ ਜਿਹੀ ਅੱਖ ਲੱਗਦੀ ਵੀ। ਫਿਰ ਅੱਬੜਵਾਹੇ ਉੱਠ ਬੈਠਦਾ। ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ ਜਾਂਦਾ। ਬੈੱਡ ਦੀ ਢੋਅ ਨਾਲ ਸਿਰਹਾਣੇ ’ਤੇ ਸਿਰ ਟਿਕਾ ਕੇ ਅੱਧ-ਲੇਟੀ ਬੀਬੀ ਦੇ ਥੋੜ੍ਹਾ ਵਿੰਗੇ ਹੋ ਗਏ ਮੂੰਹ ’ਚੋਂ ਵਗਦੇ ਪਾਣੀ ਨੂੰ ਮੈਂ ਕੋਲ ਪਏ ਤੌਲੀਏ ਨਾਲ ਸਾਫ਼ ਕਰਦਾ ਸਾਂ। ਉਹਦਾ ਮੱਥਾ ਟੋਹ ਕੇ ਵੇਖਦਾ ਸਾਂ। ਪਹਿਲਾਂ ਤਾਂ ਮੱਥਾ ਭਖਦਾ ਜਿਹਾ ਰਿਹਾ ਸੀ, ਪਰ ਹੁਣ ਤਾਪ ਲਹਿ ਗਿਆ ਲੱਗਦਾ ਹੈ। ਤਾਂ ਹੀ ਸਰੀਰ ਠੰਢਾ-ਠਾਰ ਹੋਇਆ ਪਿਆ ਹੈ। ਬੀਬੀ ਦੇ ਮੱਥੇ ਦੇ ਨਾਲ ਹੱਥਾਂ ਦੀਆਂ ਤਲੀਆਂ ਵੀ ਸਿੱਲੀਆਂ-ਸਿੱਲੀਆਂ ਜਿਹੀਆਂ ਨੇ।

ਮੈਂ ਟਿਕਟਿਕੀ ਲਗਾ ਕੇ ਬੀਬੀ ਵੱਲ ਵੇਖਦਾ ਹਾਂ। ਉਹਦੇ ਦੁੱਧ ਚਿੱਟੇ ਨਿੱਕੇ-ਨਿੱਕੇ ਵਾਲ ਇਕ ਦੂਜੇ ’ਚ ਉਲਝੇ ਤੇ ਬੇਜਾਨ ਦਿਸਦੇ ਹਨ। ਕਦੇ-ਕਦੇ ਉਹ ਆਪਣੇ ਕਮਜ਼ੋਰ ਜਿਹੇ ਸੱਜੇ ਹੱਥ ਨਾਲ ਖਿਲਰੇ ਵਾਲਾਂ ਨੂੰ ਸੰਵਾਰਨ ਦਾ ਯਤਨ ਕਰਦੀ ਹੈ। ਇਉਂ ਨਿਢਾਲ ਪਈ ਬੀਬੀ ਨੂੰ ਵੇਖਦਿਆਂ ਸੋਚਦਾ ਹਾਂ ਕਿ ਹਫ਼ਤਾ ਪਹਿਲਾਂ ਤਾਂ ਬੀਬੀ ਰਾਜ਼ੀ ਖ਼ੁਸ਼ੀ ਸੀ। ਘਰ ਦੇ ਨਿੱਕੇ-ਮੋਟੇ ਕੰਮਾਂ ’ਚ ਰੁੱਝੀ ਰਹਿੰਦੀ ਸੀ ਸਾਰਾ ਦਿਨ। ਉਸ ਦਿਨ ਮੇਰੇ ਲਾਗੇ ਬੈਠਿਆਂ ਗੱਲਾਂ ਸੁਣਦੀ-ਸੁਣਦੀ ਧੜੰਮ ਕਰਕੇ ਮੂਧੜੇ ਮੂੰਹ ਜਾ ਡਿੱਗੀ। ਬੀਬੀ ਦਾ ਇਕ ਪਾਸਾ ਕੰਬਣ ਲੱਗਿਆ ਤੇ ਨਾਲ ਹੀ ਹੱਥਾਂ ਪੈਰਾਂ ਦੇ ਕੁੰਢ ਮੁੜ ਗਏ। ਕਈ ਦਿਨ ਹਸਪਤਾਲਾਂ ਦੇ ਧੱਕੇ ਧੋੜੇ ਖਾਧੇ। ਵੱਡੇ ਡਾਕਟਰ ਨੇ ਆਪਣੇ ਕਮਰੇ ’ਚ ਬੁਲਾ ਕੇ ਦੱਸਿਆ ਕਿ ‘ਮਾਤਾ ਨੂੰ ਅਧਰੰਗ ਦਾ ਦੌਰਾ ਪਿਆ ਹੈ। ਰਿਪੋਰਟ ’ਚ ਸਾਫ਼ ਦਿਸਦਾ ਹੈ ਕਿ ਇਨ੍ਹਾਂ ਦੇ ਦਿਮਾਗ਼ ਦੀ ਨਸ ’ਚ ਕਲੌਟ ਅਟਕ ਗਿਆ ਹੈ ਜਿਸ ਨਾਲ ਖੱਬੇ ਪਾਸੇ ਵਾਲੀ ਲੱਤ, ਬਾਂਹ ਤੇ ਜਬਾੜੇ ’ਤੇ ਅਸਰ ਹੋਇਆ ਹੈ। ਜਦੋਂ ਤੱਕ ਕੁਝ ਬੋਲਦੇ ਚਾਲਦੇ ਨਹੀਂ ਉਦੋਂ ਤੱਕ ਜ਼ੁਬਾਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ’। ਮੈਂ ਅਣਮੰਨੇ ਜਿਹੇ ਮਨ ਨਾਲ ਦੱਸਦਾ ਹਾਂ ਕਿ ਬੀਬੀ ਤਾਂ ਜਨਮ ਤੋਂ ਹੀ ਕੁਝ ਨਹੀਂ ਸੀ ਬੋਲਦੀ ਤੇ ਨਾਲ ਹੀ ਬੇਜ਼ੁਬਾਨੀ ਬੀਬੀ ਦਾ ਚਿਹਰਾ ਮੇਰੀਆਂ ਅੱਖਾਂ ਅੱਗਿਉਂ ਗੁਜ਼ਰਦਾ ਹੈ। ਹੋਸ਼ ਸੰਭਾਲਣ ਤੋਂ ਲੈ ਕੇ ਬੀਬੀ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਹੀ ਸਮਝਾਉਂਦੇ ਵੇਖਿਆ। ਮੈਂ ਤਾਂ ਇਹਦੇ ਲਹੂ ਮਾਸ ਦਾ ਹਿੱਸਾ ਹਾਂ। ਬੇਸ਼ੱਕ ਬੀਬੀ ਆਪ ਨਹੀਂ ਸੀ ਬੋਲ ਸਕਦੀ, ਪਰ ਮੈਂ ਇਸੇ ਤੋਂ ਹੀ ਬੋਲਣਾ ਸਿੱਖਿਆ। ਬੀਬੀ ਕੀ ਕਹਿਣਾ ਚਾਹੁੰਦੀ ਐ, ਉਹਦੀਆਂ ਅੱਖਾਂ ਤੋਂ ਹੀ ਸਮਝ ਜਾਨਾ। ਜੇ ਇਹ ਮੇਰੇ ਤੋਂ ਛੋਟੇ ਹੁੰਦਿਆਂ ਖੰਡ ਮੰਗਵਾਉਂਦੀ ਤਾਂ ਮੈਨੂੰ ਕਦੇ ਵੀ ਖੰਡ ਦੀ ਥਾਂ ਲੂਣ ਲਿਆਉਣ ਦਾ ਭੁਲੇਖਾ ਨਹੀਂ ਸੀ ਲੱਗਿਆ। ਇਹਦੀ ਚੁੱਪ ਤੇ ਚੀਕਣ ਦੀ ਭਾਸ਼ਾ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ।

ਲੋਕ ਮੇਰੀ ਬੀਬੀ ਨੂੰ ਤਾਰੋ ਗੂੰਗੀ ਕਹਿੰਦੇ ਨੇ। ਪਹਿਲਾਂ-ਪਹਿਲਾਂ ਤਾਂ ਕਿਸੇ ਦੇ ਮੂੰਹੋਂ ਬੀਬੀ ਨੂੰ ਗੂੰਗੀ ਕਹਿੰਦਿਆਂ ਸੁਣਦਾ ਤਾਂ ਪੱਥਰ ਮਾਰ ਕੇ ਉਹਦਾ ਸਿਰ ਪਾੜਨ ਨੂੰ ਦਿਲ ਕਰਦਾ ਸੀ। ਹੁਣ ਨਹੀਂ ਗੁੱਸਾ ਆਉਂਦਾ, ਦਿਲ ਨੂੰ ਸਮਝਾ ਲਿਆ ਆਪਾਂ।

ਮੈਂ ਵੇਖਦਾ ਹਾਂ ਬੀਬੀ ਥੋੜ੍ਹਾ ਟਿਕਾਅ ’ਚ ਆ ਗਈ ਲੱਗਦੀ ਐ। ਜ਼ਿੰਦਗੀ ਦੇ ਉਬੜ-ਖਾਬੜ ਪੈਂਡਿਆਂ ਤੇ ਵਾਪਰੀਆਂ ਘਟਨਾਵਾਂ ਨੂੰ ਕਿਸੇ ਸਿਰੇ ਤੋਂ ਫੜਨ ਦੀ ਕੋਸ਼ਿਸ਼ ਕਰਦਿਆਂ ਯਾਦ ਆਉਂਦਾ ਹੈ ਕਿ ਮੈਂ ਪੰਜ ਛੇ ਵਰ੍ਹਿਆਂ ਦੇ ਨੇ ਬੀਬੀ ਦੇ ਪਿੱਛੇ-ਪਿੱਛੇ ਇਸ ਵਿਹੜੇ ਪੈਰ ਧਰਿਆ ਸੀ ਬੁੱਟਰਾਂ ਵਾਲੇ ਗੁਲਜ਼ਾਰੀ ਦੇ ਨਾਲ। ਗੁਲਜ਼ਾਰੀ ਆਪ ਤਾਂ ਸਾਨੂੰ ਸੁੱਤਿਆਂ ਛੱਡ ਕਿਤੇ ਮੂੰਹ ਹਨੇਰੇ ਹੀ ਤੁਰ ਗਿਆ ਸੀ। ਘਰ ’ਚ ਵੱਡੀ ਬੇਬੇ ਸੀ ਤੇ ਇਕ ਉਹਦਾ ਮੁੰਡਾ ਜਿਹੜਾ ਕਾਗ਼ਜ਼ਾਂ ’ਚ ਮੇਰਾ ਪਿਉ ਬਣ ਗਿਆ ਸੀ।

ਬੀਬੀ ਪਹਿਲੇ ਦਿਨ ਹੀ ਸੁਵਖ਼ਤੇ ਉੱਠ ਖਲੋਤੀ ਸੀ। ਚੁੱਲ੍ਹੇ ਅੱਗ ਬਾਲ ਕੇ ਚਾਹ ਵੀ ਧਰ ਦਿੱਤੀ ਸੀ। ਬੇਬੇ ਭਾਪੇ ਦੇ ਕੰਨ ਲਾਗੇ ਮੂੰਹ ਕਰਕੇ ਕਹਿ ਰਹੀ ਸੀ, ‘‘ਪੁੱਤ ਕਰਮਿਆਂ! ਵਹੁਟੀ ਘਰ ਸਾਂਭਣ ਵਾਲੀ ਲੱਗਦੀ ਐ। ਜਿਹੜੀ ਆਉਂਦੀ ਚੌਂਕੇ ਜਾ ਚੜ੍ਹੀ ਐ।’’ ਮੈਂ ਵੱਡੀ ਬੇਬੇ ਦੀਆਂ ਗੱਲਾਂ ਸੁਣ ਕੇ ਹੈਰਾਨ ਸਾਂ। ਬੀਬੀ ਨੂੰ ਤਾਂ ਬੁੱਟਰਾਂ ਵਾਲਾ ਗੁਲਜ਼ਾਰੀ ਆਪਣੀ ਵਹੁਟੀ ਦੱਸਦਾ ਹੁੰਦਾ ਸੀ। ਉਹ ਤਾਂ ਕੱਲ੍ਹ ਹੀ ਘਰੋਂ ਸਾਨੂੰ ਇਹ ਕਹਿ ਕੇ ਤੁਰਿਆ ਸੀ ਕਿ ਮੱਸਿਆ ਨਹਾਉਣ ਚੱਲੇ ਆਂ। ਡੂੰਘੀਆਂ ਤ੍ਰਿਕਾਲਾਂ ਵੇਲੇ ਉਸ ਨੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ। ਉਸ ਸਮੇਂ ਬੀਬੀ ਨੇ ਗੁੱਟ ਲਾਗਿਉਂ ਮੇਰਾ ਹੱਥ ਘੁੱਟ ਕੇ ਫੜਿਆ ਹੋਇਆ ਸੀ। ਓਪਰੀ ਜਗ੍ਹਾ ਵੇਖ ਬੀਬੀ ਸਹਿਮੀ-ਸਹਿਮੀ ਜਿਹੀ ਲੱਗਦੀ ਸੀ। ਵੱਡੀ ਬੇਬੇ ਨੂੰ ਵਿਹੜੇ ’ਚ ਆਈ ਵੇਖ ਬੀਬੀ ਨੇ ਵੀ ਕੁਝ ਹੌਸਲਾ ਫੜਿਆ। ਮੇਰੇ ਗੁੱਟ ਨੂੰ ਫੜੀ ਉਹ ਬੇਬੇ ਵੱਲ ਨੂੰ ਸਰਕ ਗਈ।

ਗੁਲਜ਼ਾਰੀ ਦਾ ਘਰ ਥੋੜ੍ਹਾ-ਥੋੜ੍ਹਾ ਮੈਨੂੰ ਅਜੇ ਵੀ ਚੇਤੇ ਹੈ। ਘਰ ਕਾਹਦਾ ਪਿੰਡੋਂ ਬਾਹਰਵਾਰ ਬੱਕਰੀਆਂ ਦਾ ਵਾੜਾ ਸੀ। ਗੁਲਜ਼ਾਰੀ ਵੈਲੀ ਕਿਸਮ ਦਾ ਬੰਦਾ ਸੀ। ਉਹਦੇ ਵੈਲੀ ਯਾਰ ਵੀ ਉਸੇ ਘਰ ਵੜੇ ਰਹਿੰਦੇ। ਦਾਰੂ ਪੀਂਦੇ ਤੇ ਬੁਲਬੁਲੀਆਂ ਮਾਰਦੇ। ਗੁਲਜ਼ਾਰੀ ਕਈ ਵਾਰੀ ਉਨ੍ਹਾਂ ਨੂੰ ਘਰੇ ਛੱਡ ਮੈਨੂੰ ਚੁੱਕ ਕੇ ਰੋਹੀ ਵੱਲ ਨਿਕਲ ਜਾਂਦਾ। ਮੈਂ ਸੁੱਕੀ ਰੋਹੀ ਦੇ ਕੰਢੇ ਦੀ ਰੋੜਾਂ ਵਾਲੀ ਜ਼ਮੀਨ ’ਤੇ ਨਿੱਠ ਕੇ ਬੈਠੇ ਗੁਲਜ਼ਾਰੀ ਵੱਲ ਵੇਖਦਾ। ਰੂੰ ਦੇ ਫੰਬਿਆਂ ਵਰਗੇ ਹਵਾ ’ਚ ਉੱਡਦੇ ਮਾਈ ਬੁੱਢੀ ਦੇ ਝਾਟੇ ਉਹਦੀ ਪੋਟਾ-ਪੋਟਾ ਵਧੀ ਬੇਢੱਬੀ ਜਿਹੀ ਦਾੜ੍ਹੀ ’ਚ ਫਸੇ ਵਿਖਾਈ ਦਿੰਦੇ। ਉਹ ਅੱਖਾਂ ਮੀਚ-ਮੀਚ ਮੇਰੇ ਵੱਲ ਝਾਕਦਾ ਤਾਂ ਮੈਨੂੰ ਉਸ ਤੋਂ ਖੌਫ਼ ਜਿਹਾ ਆਉਂਦਾ।

ਘਰ ਮੁੜਦੇ ਤਾਂ ਬੀਬੀ ਲੋਹੀ ਲਾਖੀ ਹੋਈ ਮੂਧੇ ਮੂੰਹ ਪਈ ਹੁੰਦੀ। ਗੁਲਜ਼ਾਰੀ ’ਚ ਉਸ ਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਹੁੰਦੀ। ਬੇਸ਼ੱਕ ਬੀਬੀ ਜ਼ੁਬਾਨੋਂ ਕੁਝ ਨਹੀਂ ਸੀ ਬੋਲਦੀ, ਪਰ ਉਹਦੇ ਗੁਸੈਲ ਚਿਹਰੇ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਤੇ ਉਸ ਤੋਂ ਭੈਅ ਵੀ ਖਾਂਦਾ ਸੀ। ਮੈਂ ਸੋਚਦਾ ਕਿ ਇਹ ਜਦੋਂ ਵੀ ਓਪਰੇ ਬੰਦਿਆਂ ਨੂੰ ਇਕੱਲੇ ਘਰ ਛੱਡ ਕੇ ਮੈਨੂੰ ਰੋਹੀ ਵੱਲ ਲੈ ਕੇ ਜਾਂਦੈ ਤਾਂ ਬੀਬੀ ਉਦੋਂ ਹੀ ਗ਼ੁੱਸੇ ਦੀ ਹਾਲਤ ’ਚ ਹੁੰਦੀ ਐ।

ਉਸ ਰਾਤ ਤਾਂ ਹੱਦ ਹੀ ਹੋ ਗਈ। ਜਦੋਂ ਇਹ ਤੇ ਦੋ ਜਣੇ ਹੋਰ ਗਈ ਰਾਤ ਤੀਕ ਵਾੜੇ ’ਚ ਬੈਠੇ ਦਾਰੂ ਪੀਂਦੇ ਰਹੇ ਸਨ। ਗੁਲਜ਼ਾਰੀ ਦੱਬੇ ਪੈਰੀਂ ਅੰਦਰ ਆਇਆ ਤੇ ਮੈਨੂੰ ਸੁੱਤੇ ਪਏ ਨੂੰ ਬੀਬੀ ਲਾਗਿਉਂ ਚੁੱਕਣ ਲੱਗਿਆ। ਮੈਂ ਉੱਚੀ-ਉੱਚੀ ਡਾਡਾਂ ਮਾਰਨ ਲੱਗਿਆ। ਗੁਲਜ਼ਾਰੀ ਨੇ ਮੇਰੀ ਗਿੱਚੀ ’ਚ ਜ਼ੋਰ ਦੀ ਇਕ ਛੱਡੀ। ਉਸ ਨੇ ਆਪਣੇ ਉੱਪਰ ਲਏ ਖੇਸ ਦੇ ਝੂੰਗਲਮਾਟੇ ’ਚ ਮੈਨੂੰ ਲਿਆ ਤੇ ਕੋਠੇ ਦੀ ਛੱਤ ’ਤੇ ਜਾ ਕੇ ਬਹਿ ਗਿਆ। ਰਾਤ ਦੇ ਹਨੇਰੇ ’ਚ ਮੈਂ ਉਹਦੀ ਬੁੱਕਲ ’ਚ ਵੜਿਆ ਡਰ ਦਾ ਮਾਰਿਆ ਕੁਸਕਿਆ ਤੱਕ ਨਹੀਂ। ਅੰਦਰੋਂ ਗੁੱਥਮਗੁੱਥਾ ਹੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕੋਈ ਬੀਬੀ ਨਾਲ ਹੱਥੋ-ਪਾਈ ਹੋ ਰਿਹਾ ਸੀ। ਉਹ ਚੀਕਣ ਦੀ ਕੋਸ਼ਿਸ਼ ਕਰ ਰਹੀ ਸੀ।

‘‘ਗੁਲਜ਼ਾਰੀ! ਓ ਗੁਲਜ਼ਾਰੀ!’’ ਕੋਠੇ ਹੇਠੋਂ ਕਿਸੇ ਦੱਬਵੀਂ ਜਿਹੀ ਆਵਾਜ਼ ਮਾਰੀ, ‘‘ਹੇਠਾਂ ਆ ਛੇਤੀ, ਗੂੰਗੀ ਦੰਦੀਆਂ ਵੱਢਦੀ ਐ ਅੱਗਿਉਂ।’’ ਉਹ ਮੈਨੂੰ ਕੋਠੇ ਦੀ ਛੱਤ ’ਤੇ ਬਿਠਾ ਕੇ ਹੇਠਾਂ ਜਾ ਉਤਰਿਆ। ਮੈਂ ਆਸੇ-ਪਾਸੇ ਝਾਕ ਰਿਹਾ ਸਾਂ। ਅੰਬਰ ’ਚ ਚੰਦ ਦਾ ਕਿਤੇ ਨਾਮ-ਨਿਸ਼ਾਨ ਵੀ ਨਹੀਂ ਸੀ। ਕਾਲੀ ਤੇ ਹਨੇਰੀ ਰਾਤ ’ਚ ਮੈਂ ਸਹਿਮਿਆ ਹੋਇਆ ਹੇਠਾਂ ਨੂੰ ਵੇਖਣ ਲੱਗਿਆਂ। ਕੁਝ ਨਹੀਂ ਸੀ ਦਿਸਦਾ ਹੇਠਾਂ ਵੀ। ਫਿਰ ਬੁੜਬੁੜ ਕਰਦੇ ਦੋ ਜਣੇ ਕਮਰੇ ਅੰਦਰੋਂ ਬਾਹਰ ਨਿਕਲਦਿਆਂ ਦਾ ਮੈਨੂੰ ਝਉਲਾ ਜਿਹਾ ਪਿਆ। ਪਿੱਛੇ-ਪਿੱਛੇ ਗੁਲਜ਼ਾਰੀ ਵੀ। ਹਨੇਰੇ ’ਚ ਪਰਛਾਵੇਂ ਝੱਟ ਹੀ ਕਿਧਰੇ ਅਲੋਪ ਹੋ ਗਏ ਸਨ। ਥੋੜ੍ਹੀ ਸ਼ਾਂਤੀ ਹੋਈ ਤਾਂ ਪੈਰ ਘਸੀਟਦੀ ਬੀਬੀ ਕਮਰੇ ਅੰਦਰੋਂ ਬਾਹਰ ਨਿਕਲੀ ਤੇ ਡੰਡਿਆਂ ’ਤੇ ਪੈਰ ਧਰਦੀ ਬਨੇਰੇ ਤੱਕ ਆਣ ਅੱਪੜੀ। ਆਪਣੇ ਗਲ ਪਾਏ ਕਮੀਜ਼ ਦੀ ਬਾਂਹ ਨਾਲ ਉਸ ਨੇ ਅੱਖਾਂ ਵਿਚਲਾ ਪਾਣੀ ਸਾਫ਼ ਕੀਤਾ ਤੇ ਆਪਣੇ ਆਸਰੇ ਨਾਲ ਇਕ-ਇਕ ਡੰਡਾ ਉਤਾਰਦੀ ਮੈਨੂੰ ਕੋਠੇ ਅੰਦਰ ਲੈ ਗਈ। ਮੈਨੂੰ ਚੇਤੇ ਐ ਉਹ ਰਾਤ ਭਰ ਬੁਸਕਦੀ ਰਹੀ ਤੇ ਲਾਗੇ ਪਏ ਨੂੰ ਮੈਨੂੰ ਵੀ ਚੱਜ ਨਾਲ ਨੀਂਦ ਨਹੀਂ ਸੀ ਆਈ।

ਇਸ ਰੌਲੇ-ਗੌਲੇ ਦੀ ਕੰਨਸੋਅ ਪਤਾ ਨਹੀਂ ਕਿੰੰਝ ਪਿੰਡ ’ਚ ਪਹੁੰਚ ਗਈ। ਪਰ੍ਹੇ ’ਚ ਖਲੋਤੇ ਨੂੰ ਤਾਈ ਭਜਨ ਕੌਰ ਨੇ ਫਿਟ-ਤੋਏ ਕਰਦਿਆਂ ਘੂਰਿਆ ਕਿ ‘... ਬੇਜ਼ੁਬਾਨ ਤੀਵੀਂ ਨੂੰ ਭੇਡ-ਬੱਕਰੀ ਹੀ ਸਮਝ ਰੱਖਿਆ। ਜਾਨਵਰ ’ਤੇ ਵੀ ਲੋਕ ਰਹਿਮ ਕਰਦੇ ਐ। ਤਾਰੋ ਦੇ ਪਿੰਡੇ ’ਤੇ ਵੱਜੇ ਖਰੂੰਡ ਮੈਂ ਆਪ ਅੰਦਰ ਜਾ ਕੇ ਵੇਖਕੇ ਆਈ ਆਂ। ਜਿਵੇਂ ਹਲਕੇ ਕੁੱਤਿਆਂ ਨੇ ਨੋਚਿਆ ਹੁੰਦਾ ਉਹਨੂੰ। ਜੇ ਤੀਵੀਂ ਦੀ ਇੱਜ਼ਤ ਦਾ ਭਾਈਵਾਲ ਨਹੀਂ ਤਾਂ ਕਾਹਨੂੰ ਘਰ ਰੱਖਿਆ ਈ ਕਰਮਾਂ ਮਾਰੀ ਨੂੰ। ਜਾਣ ਦੇ ਆਪੇ ਕਿਤੇ ਮੰਗ-ਤੰਗ ਕੇ ਗੁਜ਼ਾਰਾ ਕਰ ਲੈਣਗੇ ਮਾਂ ਪੁੱਤ।’ ਜੁੜੀ ਪਰ੍ਹੇ ਨੇ ਵੀ ਝਿੜਕਿਆ ਤੇ ਤਾੜਨਾ ਕੀਤੀ ਕਿ ‘ਇਨ੍ਹਾਂ ਨੂੰ ਜਾਂ ਤਾਂ ਕਿਸੇ ਲੋੜਵੰਦ ਤੇ ਇੱਜ਼ਤ ਵਾਲੇ ਘਰ ਛੱਡ ਕੇ ਆ, ਨਹੀਂ ਤਾਂ ਕਿਸੇ ਮੰਦਰ ਗੁਰਦੁਆਰੇ ਅਸੀਂ ਆਪ ਛੱਡ ਆਈਏ।’ ਗੁਲਜ਼ਾਰੀ ਇਸ ਵੇਰਾਂ ਸੱਚਮੁੱਚ ਹੀ ਡਰ ਗਿਆ ਸੀ। ਲੋੜਵੰਦ ਉਸ ਦੀ ਨਜ਼ਰ ’ਚ ਸੀ ਜਿਨ੍ਹਾਂ ਨੂੰ ਸਾਈ ਉਸ ਨੇ ਪਹਿਲਾਂ ਹੀ ਲਾਈ ਹੋਈ ਸੀ। ਦੋ ਕੁ ਦਿਨ ਬਾਅਦ ਹੀ ਸਾਨੂੰ ਘਰੋਂ ਲੈ ਕੇ ਤੁਰਿਆ ਤੇ ਇਸ ਘਰ ਦਾ ਆਣ ਬੂਹਾ ਖੜਕਾਇਆ ਸੀ।

ਹਮੇਸ਼ਾ ਕੰਮ ’ਚ ਰੁੱਝੀ ਰਹਿਣ ਵਾਲੀ ਬੀਬੀ ਨੇ ਵੱਡੀ ਬੇਬੇ ਦਾ ਮਨ ਜਿੱਤ ਲਿਆ ਸੀ। ਉਹ ਥਾਂ-ਥਾਂ ਤੋਂ ਕਰੂਪ ਹੋਏ ਵਿਹੜੇ ਨੂੰ ਸੰਵਾਰਦੀ। ਚੌਂਕੇ ਦੇ ਓਟੇ ਉੱਤੇ ਬਣੀਆਂ ਮੋਰ ਘੁੱਗੀਆਂ ਉਹਦੇ ਹੱਥਾਂ ਦੀ ਛੋਹ ਨਾਲ ਮੁੜ ਚਹਿਕ ਉੱਠੀਆਂ।

ਬੀਬੀ ਦਾ ਕਣਕਵੰਨਾ ਰੰਗ ਨਵੇਂ ਘਰ ’ਚ ਆ ਕੇ ਚਹਿਕ ਉਠਿਆ। ਭਾਪਾ ਆਨੀ-ਬਹਾਨੀ ਬੀਬੀ ਦੇ ਲਾਗੇ ਬਹਿਣ ਦੀ ਕੋਸ਼ਿਸ਼ ਕਰਦਾ। ਮੈਂ ਕਈ ਵਾਰ ਵੇਖਦਾ ਕਿ ਬੀਬੀ ਭਾਪੇ ਨੂੰ ਇਸ਼ਾਰਿਆਂ ਨਾਲ ਕੁਝ ਸਮਝਾਉਣ ਦਾ ਯਤਨ ਕਰ ਰਹੀ ਐ ਤੇ ਭਾਪਾ ਨਿਆਣਿਆਂ ਵਾਂਗ ਡੌਰ-ਭੌਰ ਹੋਇਆ ਉਹਦੇ ਮੂੰਹ ਵੱਲ ਝਾਕੀ ਜਾਂਦੈ। ਬੀਬੀ ਦੇ ਨਿੱਕੇ-ਨਿੱਕੇ ਇਸ਼ਾਰਿਆਂ ਨਾਲ ਕੀਤੀ ਗੱਲਬਾਤ ਭਾਪੇ ਦੇ ਜ਼ਿਹਨ ’ਚ ਨਾ ਪੈਂਦੀ ਵੇਖ ਕੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਬੋਲ ਪਿਆ ਕਿ ਬੀਬੀ ਤਾਂ ਮੇਲਾ ਵੇਖਣ ਜਾਣ ਨੂੰ ਕਹਿੰਦੀ ਐ। ਸੁਣ ਕੇ ਭਾਪੇ ਦਾ ਚਿਹਰਾ ਖਿੜ ਉੱਠਿਆ। ਜਿਵੇਂ ਕੋਈ ਖ਼ਾਸ ਨੁਕਤਾ ਉਹਦੇ ਹੱਥ ਲੱਗ ਗਿਆ ਹੋਵੇ।

ਦੋਵਾਂ ਦੇ ਨਿੱਕੇ-ਨਿੱਕੇ ਹਾਸੇ ਠੱਠੇ ’ਚ ਬੀਬੀ ਵੱਲੋਂ ਲੁਕਵੇਂ ਜਿਹੇ ਇਸ਼ਾਰੇ ’ਚ ਕੀਤੀ ਗੱਲ ਜੇ ਭਾਪੇ ਦੀ ਸਮਝ ਨਾ ਪੈਂਦੀ ਤਾਂ ਉਹ ਮੈਨੂੰ ਆਵਾਜ਼ ਮਾਰ ਲੈਂਦਾ। ਮੈਂ ਗੱਲ ਸਮਝਣ ਲਈ ਬੀਬੀ ਵੱਲ ਵੇਖਦਾ ਤਾਂ ਉਹਦੇ ਚਿਹਰੇ ’ਤੇ ਸੰਗ ਸ਼ਰਮ ਦੀ ਇਕ ਤਹਿ ਘੁਲ ਜਾਂਦੀ। ਉਹ ਮਿੱਠੀ ਜਿਹੀ ਘੂਰੀ ਵੱਟ ਕੇ ਮੈਨੂੰ ਜਾਣ ਦਾ ਇਸ਼ਾਰਾ ਕਰਦੀ। ਭਾਪਾ ਮੈਨੂੰ ਖਲੋ ਕੇ ਦੱਸਣ ਲਈ ਜ਼ੋਰ ਪਾਉਂਦਾ। ਮੈਨੂੰ ਹਾਸਾ ਵੀ ਆਉਂਦਾ ਤੇ ਮਜ਼ਾ ਵੀ।

ਬੀਬੀ ਕਈ ਵਾਰੀ ਜ਼ੁਬਾਨੋਂ ਆਹਰੀ ਹੋਣ ਕਰਕੇ ਮਾਯੂਸ ਹੋ ਜਾਂਦੀ। ਖ਼ਾਸ ਕਰਕੇ ਵਿਆਹ ਸ਼ਾਦੀ ਦੇ ਸਮੇਂ ਜਦੋਂ ਹੋਰ ਔਰਤਾਂ ਰਲ ਕੇ ਘੋੜੀਆਂ ਸੁਹਾਗ ਗਾਉਂਦੀਆਂ ਤਾਂ ਕੰਧ ਨਾਲ ਢੋਹ ਲਾ ਕੇ ਬੈਠੀ ਬੀਬੀ ਬੋਲਦੀਆਂ ਔਰਤਾਂ ਦੇ ਚਿਹਰਿਆਂ ਵਲ ਵੇਂਹਦੀ ਰਹਿੰਦੀ ਸੀ। ਮੈਂ ਚਾਹੁੰਦਾ ਸਾਂ ਕਿ ਬੀਬੀ ਬੈਠੀਆਂ ਜ਼ਨਾਨੀਆਂ ਨਾਲ ਰਲ ਕੇ ਕੁਝ ਨਾ ਕੁਝ ਬੋਲਣ ਦੀ ਕੋਸ਼ਿਸ਼ ਕਰੇ। ਸ਼ਾਇਦ ਇਹਦੀ ਜ਼ੁਬਾਨ ਚੱਲਣ ਲੱਗੇ, ਪਰ ਇਉਂ ਕਦੇ ਨਾ ਹੋਇਆ। ਹਰ ਵਾਰੀ ਸਾਡੇ ਦੋਵਾਂ ਦੇ ਪੱਲੇ ਨਿਰਾਸਤਾ ਹੀ ਪੈਂਦੀ।

ਘਰ ਸਾਂਭਣ ਨੂੰ ਬੀਬੀ ਨੇ ਕੋਈ ਕਸਰ ਨਹੀਂ ਸੀ ਛੱਡੀ। ਪਰ ਉਸ ਦਿਨ ਮੰਗਣ ਆਈ ਤਾਬੋ ਮਰਾਸਣ ਨੇ ਬੀਬੀ ਨੂੰ ਪਛਾਣ ਲਿਆ ਤੇ ਉਸੇ ਦਿਨ ਤ੍ਰੇਲੀਉ-ਤ੍ਰੇਲੀ ਹੋਈ ਬੀਬੀ ਦੇ ਰਾਜ਼ ਦਾ ਪਤਾ ਚੱਲਿਆ। ਪਤਾ ਕਾਹਦਾ ਚੱਲਿਆ ਘਰ ’ਚ ਹੇਠਲੀ ਉਤਲੀ ਹੋ ਗਈ। ਕਿਸੇ ਡਰਾਉਣੀ ਫਿਲਮ ਵਾਂਗੂੰ ਏਨੇ ਵਰ੍ਹੇ ਪਹਿਲਾਂ ਵਾਪਰੀ ਘਟਨਾ ਮੇਰੇ ਸਾਹਮਣੇ ਮੁੜ ਸਾਕਾਰ ਹੋਣ ਲੱਗਦੀ ਹੈ।

ਸਿਖ਼ਰ ਦੁਪਹਿਰ ਸੀ ਉਦੋਂ। ਵੱਡੀ ਬੇਬੇ ਬਾਹਰਲੇ ਦਰਵਾਜ਼ਿਉਂ ਅੰਦਰਵਾਰ ਬਣੀ ਡਿਉੜੀ ਹੇਠਾਂ ਮੰਜੀ ਡਾਹ ਕੇ ਬੈਠੀ ਸੀ। ਇਕ ਮੰਗਣ ਵਾਲੀ ਬੂਹਿਉਂ ਅੰਦਰ ਆ ਖਲੋਤੀ। ਬੇਬੇ ਨੇ ਮੰਜੀ ’ਤੇ ਬੈਠੀ-ਬੈਠੀ ਨੇ ਪੈਰ ਹੇਠਾਂ ਲਮਕਾ ਕੇ ਫੱਟੀ ਉਹਦੇ ਵੱਲ ਸਰਕਾਉਂਦਿਆਂ ਉਹਨੂੰ ਬਹਿਣ ਦਾ ਇਸ਼ਾਰਾ ਕੀਤਾ ਤੇ ਨਾਲ ਹੀ ਬੀਬੀ ਨੂੰ ਪਾਣੀ ਪਿਲਾਉਣ ਲਈ ਆਵਾਜ਼ ਵੀ ਮਾਰ ਦਿੱਤੀ।

ਬੀਬੀ ਨੂੰ ਗੜਵੀ ’ਚ ਪਾਣੀ ਲੈ ਕੇ ਆਈ ਵੇਖ, ਮੰਗਣ ਵਾਲੀ ਮੂੰਹ ਅੱਗੇ ਚੱਪਾ ਧਰ ਥੋੜ੍ਹੀ ਕੁ ਅੱਗੇ ਨੂੰ ਝੁਕ ਗਈ। ਬੀਬੀ ਨੇ ਪਤਲੀ ਜਿਹੀ ਧਾਰ ਉਹਦੇ ਚੱਪੇ ’ਤੇ ਪਾਉਣੀ ਸ਼ੁਰੂ ਕੀਤੀ। ਗੜਵੀ ਅੱਧਿਉਂ ਬਹੁਤੀ ਖਾਲੀ ਹੋ ਗਈ।

ਮੰਗਣ ਵਾਲੀ ਨੇ ਉੱਪਰ ਲਏ ਲੀੜੇ ਨਾਲ ਮੂੰਹ ਪੂੰਝਿਆ। ਹੌਲੀ ਜਿਹੀ ਬੋਲੀ, ‘‘ਪਰਭਾਣੀ, ਬੁੱਟਰਾਂ ਵਾਲੀ ਤਾਰੋ ਤੇਰੇ ਕੋਲ ਕਿੱਦਾਂ ਪਹੁੰਚ ਗਈ?’’ ਬੇਬੇ ਦਾ ਹੱਥ ਥਾਵੇਂ ਰੁਕ ਗਿਆ ਤੇ ਹੌਲੀ ਜਿਹੀ ਬੋਲੀ, ‘‘ਕੁੜੇ ਤਾਬੋ, ਤੂੰ ਸਿਆਣਦੀ ਐਂ ਇਹਨੂੰ?’’ ‘‘ਪਰਭਾਣੀ, ਤੇਰਾ ਬੱਚਾ ਜੀਵੇ, ਸਾਰੀ ਉਮਰ ਪਿੰਡੋ-ਪਿੰਡ ਮੰਗਦਿਆਂ ਕੱਢੀ ਐ। ਇਕੱਲੇ-ਇਕੱਲੇ ਜੀਅ ਨੂੰ ਪਛਾਣਦੀ ਆਂ।’’ ਬੇਬੇ ਅੱਗਿਉਂ ਕੁਝ ਨਹੀਂ ਸੀ ਬੋਲੀ, ਗੁੰਮ-ਸੁੰਮ ਵਿਹੰਦੀ ਰਹੀ ਸੀ। ਤਾਬੋ ਫਿਰ ਬੋਲੀ, ‘‘ਉਂਜ ਚੰਗਾ ਕੀਤਾ ਪਰਭਾਣੀ, ਨਰਕ ’ਚੋਂ ਕੱਢੇ ਜੇ ਮਾਂ-ਪੁੱਤ।’’

ਚੁੱਪਚਾਪ ਬੈਠੀ ਬੇਬੇ ’ਚ ਮੰਗਣ ਵਾਲੀ ਕੋਲੋਂ ਕੁਝ ਹੋਰ ਜਾਨਣ ਦੀ ਜਗਿਆਸਾ ਉੱਠ ਖਲੋਤੀ। ਤਾਂਹੀਉਂ ਉਸ ਨੇ ਮੰਗਣ ਵਾਲੀ ਨੂੰ ਸਿਰ ਦੇ ਇਸ਼ਾਰੇ ਨਾਲ ਥੋੜ੍ਹਾ ਨੇੜੇ ਸਰਕਣ ਲਈ ਕਿਹਾ। ਹੌਲੀ ਜਿਹੀ ਪੁੱਛਿਆ, ‘‘ਕਦੋਂ ਕੁ ਦੀ ਸੀ ਬੱਕਰੀਆਂ ਵਾਲੇ ਦੇ ਘਰ?’’

‘‘ਹਾਅ ਮੁੰਡਾ ਕੁੱਛੜ ਸੀ ਇਹਦੇ। ਜਦੋਂ ਉਹਨੇ ਲਿਆਂਦੀ ਸੀ।’’ ਮੰਗਣ ਵਾਲੀ ਨੇ ਦੱਸਿਆ।

‘‘ਲਿਆਇਆ ਕਿੱਥੋਂ ਸੀ?’’ ਬੇਬੇ ਹੋਰ ਜਾਨਣਾ ਚਾਹੁੰਦੀ ਸੀ।

‘‘ਦਰਿਆਉਂ ਪਾਰ ਕੋਈ ਜਨਾਨੀ ਕਿਸੇ ਪੀਰ ਦੀ ਚੌਂਕੀ ਭਰਦੀ ਐ। ਬੁੱਟਰਾਂ ਵਾਲੇ ਦਾ ਵੀ ਆਉਣਾ ਜਾਣਾ ਸੀ ਉੱਥੇ। ਉਸੇ ਜਗ੍ਹਾ ਇਹ ਵੀ ਬਹੁਕਰ ਬਾਰ੍ਹੀ ਦੇ ਕੇ ਰੋਟੀ ਟੁੱਕ ਖਾ ਛੱਡਦੀ।’’

‘‘ਇਦ੍ਹਾ ਅੱਗਾ ਪਿੱਛਾ?’’ ਬੇਬੇ ਨੇ ਪੁੱਛਿਆ।

ਮੰਗਣ ਵਾਲੀ ਹੋਰ ਕੁਝ ਦੱਸਣ ਹੀ ਲੱਗੀ ਸੀ ਜਦੋਂ ਬੀਬੀ ਨੇ ਦੋ ਰੋਟੀਆਂ ਉੱਤੇ ਅਚਾਰ ਰੱਖ ਕੇ ਉਹਦੇ ਹੱਥ ਦੀ ਤਲੀ ’ਤੇ ਆਣ ਧਰੀਆਂ। ਉਹਨੇ ਬੀਬੀ ਵੱਲ ਵੇਖਦਿਆਂ ਕਿਹਾ, ‘‘ਤੇਰਾ ਬੱਚਾ ਜੀਵੇ, ਪਾਣੀ ਵੀ ਦੋ ਘੁੱਟ ਪਿਲਾ ਜਾ ਬੀਬੀ ਭੈਣ। ਤਪਸ਼ ਨਾਲ ਤਾਂ ਹਲਕ ਸੁੱਕੀ ਜਾਂਦੈ। ਅਈਥੇ ਡਿਉੜੀ ਛਾਵੇਂ ਬੈਠਿਆਂ ਫਿਰ ਵੀ ਥੋੜ੍ਹਾ ਚੈਨ ਐ। ਬਾਹਰ ਪਿੰਡੇ ਲੂੰਹਦੀ ਲੂਅ ਵੱਗਦੀ ਐ। ਨਿਰ੍ਹੀ ਅੱਗ। ਹਾੜ ਅੱਧਾ ਲੰਘ ਗਿਆ, ਓਪਰੋਂ ਕਿਤੇ ਛਿੱਟ ਨਹੀਂ ਕਿਰੀ ਐਤਕੀਂ।’’

ਬੀਬੀ ਕਰਕੇ ਮੰਗਣ ਵਾਲੀ ਨੇ ਗੱਲਬਾਤ ਦਾ ਰੁਖ਼ ਬਦਲ ਲਿਆ ਸੀ। ਬੀਬੀ ਪਾਣੀ ਪਿਲਾ ਕੇ ਮੁੜ ਅੰਦਰ ਜਾ ਵੜੀ। ਮੰਗਣ ਵਾਲੀ ਨੇ ਵੀ ਰੋਟੀ ਦੀ ਆਖ਼ਰੀ ਬੁਰਕੀ ਤੇ ਅਚਾਰ ਦੀ ਰਹਿੰਦੀ ਫਾੜੀ ਨੂੰ ਚੰਗੀ ਤਰ੍ਹਾਂ ਘਿਸਾ ਲਿਆ ਤੇ ਬੁਰਕੀ ਮੂੰਹ ਅੰਦਰ ਸੁੱਟ ਕੇ ਬਚਦਾ ਪਾਣੀ ਵੀ ਪੀ ਲਿਆ। ਮੰਗਣ ਵਾਲੀ ਨੇ ਲੜੀ ਦੇ ਟੁੱਟੇ ਤੰਦ ਨੂੰ ਮੁੜ ਗੰਢਦਿਆਂ ਗੱਲ ਸ਼ੁਰੂ ਕੀਤੀ, ‘‘ਪਰਭਾਣੀ, ਦਰਿਆ ਦੇ ਪੱਤਣ ਤੋਂ ਪੰਜ ਛੇ ਕੋਹ ਚੜ੍ਹਦੇ ਪਾਸੇ ਪਿੰਡ ਐ ਕੋਈ, ਅਵੱਲੇ ਜਿਹੇ ਨਾਂ ਵਾਲਾ। ਮੇਰੇ ਤੋਂ ਵੱਡੀ ਮੇਰੀ ਭੈਣ ਵਿਆਹੀ ਐ ਉੱਥੇ। ਅੱਧਿਉਂ ਬਹੁਤਾ ਪਿੰਡ ਮੁਸਲਮਾਨ ਅਰਾਈਆਂ ਦਾ ਸੀ।’’ ਮੰਗਣ ਵਾਲੀ ਛੋਹੀ ਲੜੀ ਟੁੱਟਣ ਨਹੀਂ ਸੀ ਦੇ ਰਹੀ। ਰੱਬ ਜਾਣੇ ਕਿਹੜਾ ਕਿਹੜਾ ਰਾਜ਼ ਛੁਪਿਆ ਉਹਦੇ ਅੰਦਰ ਜਿਹਨੂੰ ਵੱਡੀ ਬੇਬੇ ਸੁਣਨਾ ਚਾਹੁੰਦੀ ਸੀ।

ਮੰਗਣ ਵਾਲੀ ਕਹਿੰਦੀ, ‘‘ਬੇਬੇ, ਤੇਰੇ ਨੈਣ ਪ੍ਰਾਣ ਰਾਜ਼ੀ ਰਹਿਣ, ਮੇਰੀ ਕਹੀ ਗੱਲ ਕਿਤੇ ਵੀਹੀਂ ਵਰ੍ਹੀਂ ਵੀ ਝੂਠ ਨਿਕਲੇ ਤਾਂ ਨੀਵੇਂ ਥਾਂ ਬਿਠਾ ਲੀਂ। ਨੂੰਹ ਤੇਰੀ ਉਸੇ ਪਿੰਡ ਦੇ ਫੱਜੇ ਅਰਾਈਂ ਦੀ ਕੁੜੀ ਊ, ਮੁਖਤਾਰਾਂ।’’ ਕਹਿੰਦਿਆਂ ਮੰਗਣ ਵਾਲੀ ਚੁੱਪ ਹੋ ਗਈ ਤੇ ਧੌਣ ਉਸ ਨੇ ਹੇਠਾਂ ਸੁੱਟ ਲਈ।

ਦੋਵੇਂ ਪਾਸੇ ਸੰਘਣੀ ਚੁੱਪ ਤਣ ਗਈ। ਮੱਠੀ-ਮੱਠੀ ਵੱਗਦੀ ਪੱਛੋਂ ਦੀ ਹਵਾ ਵੀ ਕਦੋਂ ਦੀ ਰੁਕ ਗਈ ਸੀ। ਕਿਤੇ ਪੱਤਾ ਹਿਲਦਾ ਵੀ ਦਿਖਾਈ ਨਹੀਂ ਸੀ ਦਿੰਦਾ।

‘‘ਵੱਡੇ ਰੌਲਿਆਂ ’ਚ ਇਹਦੇ ਅਗਲੇ ਪਿਛਲੇ ਮਰ ਖਪ ਗਏ ਹੋਣੇ ਐਂ?’’ ਵੱਡੀ ਬੇਬੇ ਨੇ ਚੁੱਪ ਤੋੜੀ ਸੀ।

‘‘ਪਰਭਾਣੀ, ਬੜੇ ਅਲੋਕਾਰੀ ਕੰਮ ਹੋਏ ਉਨ੍ਹਾਂ ਦਿਨਾਂ ’ਚ। ਧਰਤੀ ’ਤੇ ਲਕੀਰ ਵੱਜ ਗਈ, ਜਾਨਾਂ ਬਚਾਉਂਦੇ ਲੋਕ ਨੱਠ ਭੱਜ ਗਏ। ਹਫ਼ੜਾ-ਦਫ਼ੜੀ ਮੱਚ ਗਈ ਚਾਰੇ ਪਾਸੇ। ਚੁੱਲ੍ਹਿਆਂ ’ਤੇ ਸਬਜ਼ੀਆਂ ਰਿੱਝੀਆਂ ਰਹਿ ਗਈਆਂ ਤੇ ਚੰਗੇਰਾਂ ’ਚ ਰੋਟੀਆਂ, ਕੁੱਤਿਆਂ ਬਿੱਲਿਆਂ ਦੇ ਖਾਣ ਗੋਚਰੀਆਂ। ਲੋਕ ਖੁੱਲ੍ਹੇ ਬੂਹੇ ਛੱਡ, ਜੀਆ-ਜੰਤ ਨੂੰ ਆਵਾਜ਼ਾਂ ਮਾਰਦੇ ਭੱਜ ਉਠੇ, ਜਿਧਰ ਕਿਸੇ ਦਾ ਮੂੰਹ ਹੋਇਆ।

ਇਹਦੀ ਮਾਂ ਕਿਤੇ ਥੋੜ੍ਹੇ ਦਿਨ ਪਹਿਲਾਂ ਕੋਠੇ ਨੂੰ ਮਿੱਟੀ ਲਾਉਂਦੀ ਪੌੜੀ ਤੋਂ ਤਿਲ੍ਹਕ ਕੇ ਹੇਠਾਂ ਆਣ ਪਈ ਸੀ। ਡਿੱਗਦੀ ਦਾ ਚੂਲਾ ਟੁੱਟ ਗਿਆ, ਉਹ ਮੰਜੇ ’ਤੇ ਪਈ ਸੀ। ਮਾਂ ਵੱਡੀਏ, ਤੇਰੀਆਂ ਵੀ ਤਾਂ ਅੱਖਾਂ ਸਾਹਮਣੇ ਹੋਇਆ ਸਭ ਕੁਝ, ਮਾਵਾਂ ਪੁੱਤ ਨਹੀਂ ਸੰਭਾਲੇ ਉਨ੍ਹਾਂ ਦਿਨਾਂ ’ਚ। ਉਹਨੂੰ ਮੰਜੇ ’ਤੇ ਪਈ ਨੂੰ ਕੌਣ ਪੁੱਛਦਾ? ਸਾਰਾ ਟੱਬਰ ਰਾਤ ਦੇ ਹਨੇਰੇ ’ਚ ਨੱਠ ਭੱਜ ਗਿਆ। ਇਹਦੀ ਮਾਂ ਇਕੱਲੀ ਪਈ ਰਹੀ ਅੰਦਰਲੀ ਕੋਠੜੀ ’ਚ। ਜਦੋਂ ਕਿਤੇ ਪਿੰਡੋਂ ਬਾਹਰਵਾਰ ਟੱਬਰ ਦੇ ਜੀਅ ਇਕੱਠੇ ਹੋ ਕੇ ਤੁਰਨ ਲੱਗੇ ਤਾਂ ਇਹਨੇ ਵੇਖਿਆ ਵਿਚ ਮਾਂ ਨਹੀਂ ਐ। ਪਿਛਾਂਹ ਨੂੰ ਭੱਜ ਆਈ। ਘਰ ਆਈ ਨੂੰ ਮਾਂ ਨੇ ਝਿੜਕਿਆ, ‘ਕੁੜੇ ਭੱਜ ਕੇ ਜਾ ਰਲ ਆਪਣੇ ਭੈਣ-ਭਰਾਵਾਂ ਨਾਲ। ਰਹਿਣ ਦੇ ਮੈਨੂੰ। ਥੋੜ੍ਹਾ ਠੰਢ-ਠੰਡੋਲਾ ਹੋਊ ਮੁੜ ਆਇਉ। ਘਰ ਕਿਤੇ ਨਹੀਂ ਭੱਜ ਚਲਿਆ, ਨਾਲੇ ਮੈਂ ਵੀ। ਜਾ ਨੱਠ ਜਾ ਮੇਰੀ ਬੀਬੀ ਧੀ।’

ਮੂੰਹੋਂ ਬੋਲਣ ਦੇ ਤੇ ਇਹਨੇ ਵਿਧ ਮਾਤਾ ਤੋਂ ਕਿਤੇ ਕਰਮ ਹੀ ਨਹੀਂ ਲਿਖਾਏ, ਪਰ ਢਿੱਡੋਂ ਮਾਂ ਨਾਲ ਏਨਾ ਮੋਹ ਕਿ ਉਹਦੀ ਮੰਜੀ ਦੇ ਸਿਰਹਾਣੇ ਪਾਵੇ ਫੜ੍ਹ ਭੋਇੰ ’ਤੇ ਬਹਿ ਗਈ। ਮਾਂ ਨੇ ਬੈਠੀ ਦੇ ਸਿਰ ’ਚ ਦੋ ਚਾਰ ਵਾਰ ਪਟੋਕੀਆਂ ਵੀ ਮਾਰੀਆਂ ਤੇ ਝਿੜਕਿਆ ਝੰਭਿਆ ਵੀ, ਪਰ ਇਸ ਮਾਂ ਦੀ ਧੀ ਨੇ ਉਸ ਦੀ ਮੰਜੀ ਦੇ ਪਾਵੇ ਨਾ ਛੱਡੇ। ਉੱਥੇ ਹੀ ਪੈਰਾਂ ਭਾਰ ਬੈਠੀ ਬੁਸਕਦੀ ਰਹੀ।’’

ਵੱਡੀ ਬੇਬੇ ਮੰਗਣ ਵਾਲੀ ਦੀ ਗੱਲ ਦਾ ਕੋਈ ਬਹੁਤਾ ਹੁੰਗਾਰਾ ਨਹੀਂ ਸੀ ਭਰ ਰਹੀ। ਬਸ, ਅੱਖਾਂ ਝਪਕਦੀ ਸੀ ਕਦੇ ਕਦਾਈਂ। ਸ਼ਾਇਦ ਉਹ ਮੰਗਣ ਵਾਲੀ ਦਾ ਧਿਆਨ ਅਟਕਾਉਣਾ ਨਹੀਂ ਸੀ ਚਾਹੁੰਦੀ। ਮੰਗਣ ਵਾਲੀ ਵੀ ਵੱਡੀ ਬੇਬੇ ਦੇ ਕੰਨ ਰਸ ਦਾ ਧਿਆਨ ਰੱਖਦਿਆਂ ਕਿਸੇ ਅਮਰ ਕਥਾ ਵਾਂਗ ਸਾਰੀ ਗੱਲ ਬੇਰੋਕ ਦੱਸ ਰਹੀ ਸੀ, ‘‘ਸਰਦਾਰਨੀਏ, ਗੱਲ ਦੱਸਦਿਆਂ ਕਲੇਜਾ ਮੂੰਹ ਨੂੰ ਆਉਂਦੈ। ਲੁੱਟ ਮਾਰ ਤੇ ਵੱਢ-ਟੁੱਕ ਕਰਨ ਵਾਲੇ ਇਨ੍ਹਾਂ ਦੇ ਘਰ ਵੀ ਆਣ ਵੜੇ। ਘਰ ਲੁੱਟੀਂਦਾ ਵੇਖ ਮਾਂ ਇਹਦੀ ਅੱਗਿਉਂ ਗਾਲ੍ਹ ਮੰਦਾ ਕਰਨ ਲੱਗੀ। ਕਿਸੇ ਨੇ ਅਗਾਂਹ ਹੋ ਕੇ ਇੱਕੋ ਟੱਪ ਨਾਲ ਹਮੇਸ਼ਾ ਲਈ ਚੁੱਪ ਕਰਵਾ ਦਿੱਤੀ। ਸਾਰੀ ਰਾਤ ਤਾਂਡਵ ਨਾਚ ਹੁੰਦਾ ਰਿਹਾ ਇਨ੍ਹਾਂ ਦੇ ਵਿਹੜੇ ’ਚ। ਇਹਦੀਆਂ ਚੀਕਾਂ ਪਿੰਡੋਂ ਦੂਜੇ ਪਾਸੇ ਸੁਣਾਈ ਦੇਂਦੀਆਂ ਸਨ। ਉਸ ਰਾਤ ਪਿੰਡ ਦੇ ਲੋਕ ਰੱਬ ਜਾਣੇ ਜਾਗਦੇ ਹੀ ਸੌਂ ਗਏ ਸਨ ਜਾਂ ਫਿਰ ਉਨ੍ਹਾਂ ਕੰਨਾਂ ’ਚ ਸਿੱਕਾ ਢਾਲ ਕੇ ਭਰ ਦਿੱਤਾ ਸੀ।

ਲੋਅ ਲੱਗਦੀ ਨੂੰ ਚਰਨੋ ਨੈਣ ਨੇ ਆਪਣੇ ਬਨੇਰੇ ਉੱਤੋਂ ਦੀ ਇਨ੍ਹਾਂ ਦੇ ਵਿਹੜੇ ’ਚ ਝਾਤੀ ਮਾਰ ਕੇ ਵੇਖਿਆ। ਇਹਨੂੰ ਮੰਜੀ ਦੀਆਂ ਹੀਆਂ ਨਾਲ ਇਕੱਲੇ-ਇਕੱਲੇ ਹੱਥ ਤੇ ਪੈਰ ਨੂੰ ਜਕੜ ਕੇ ਬੰਨ੍ਹਿਆ ਹੋਇਆ ਸੀ। ਸਰੀਰ ਦਾ ਨੰਗੇਜ਼ ਕੱਜਣ ਲਈ ਕਿਤੇ ਚੱਪਾ ਭਰ ਵੀ ਕੱਪੜਾ ਨਹੀਂ ਸੀ ਰਹਿਣ ਦਿੱਤਾ ਚੰਡਾਲਾਂ ਨੇ।’’

ਸੁਣ ਕੇ ਵੱਡੀ ਬੇਬੇ ਹੱਕੀ-ਬੱਕੀ ਰਹਿ ਗਈ। ਉਹਦਾ ਮੱਥਾ ਤ੍ਰੇਲੀਓ-ਤ੍ਰੇਲੀ ਹੋ ਗਿਆ। ਮੰਗਣ ਵਾਲੀ ਤਾਬੋ ਕੋਲ ਗੱਲ ਕਰਨ ਦਾ ਤਰੀਕਾ ਵੀ ਸੀ ਤੇ ਸਲੀਕਾ ਵੀ। ਉਹ ਬੈਠੀ-ਬੈਠੀ ਵੱਡੀ ਬੇਬੇ ਦੇ ਗੋਡੇ ਘੁੱਟਣ ਲੱਗੀ ਤੇ ਗੱਲ-ਗੱਲ ’ਤੇ ਅਸੀਸਾਂ ਵੀ ਦਿੰਦੀ ਰਹੀ। ਬੇਸ਼ੱਕ ਵੱਡੀ ਬੇਬੇ ਦਾ ਮਨ ਉਹਦੀਆਂ ਗੱਲਾਂ ਤੋਂ ਭਰ ਗਿਆ ਲੱਗਦਾ ਸੀ। ਪਰ ਤਾਬੋ ਦੀ ਹਾਲੇ ਵੀ ਤਸੱਲੀ ਨਹੀਂ ਸੀ ਹੋਈ ਲੱਗਦੀ। ਉਸ ਨੇ ਆਪਣੇ ਅੰਦਰ ਛੁਪਾ ਕੇ ਰੱਖਿਆ ਅੰਤਲਾ ਫਾਇਰ ਹਾਲੇ ਦਾਗਣਾ ਸੀ।

ਉਸ ਬੇਬੇ ਦੇ ਕੰਨ ਲਾਗੇ ਮੂੰਹ ਕਰਕੇ ਅੰਤਲੀ ਗੱਲ ਆਖੀ, ‘‘ਪਰਭਾਣੀ! ਉਸ ਰਾਤ ਹਰ ਉਮਰ ਦੇ ਵਹਿਸ਼ੀ ਨੇ ਤਾਰੋ ਦੇ ਹੱਥ ਪੈਰ ਬੰਨ੍ਹ ਕੇ ਇਹਦੀ ਪੱਤ ਰੋਲੀ। ਉਸੇ ਰਾਤ ਦੇ ਹੱਲੇ-ਗੁੱਲੇ ’ਚ ਹਾਅ ਤੇਰੇ ਕੋਲ ਬੈਠਾ ਮੁੰਡਾ ਇਹਦੀ ਕੁੱਖੇ ਆਣ ਪਿਆ ਜਿਸ ਨੂੰ ਇਹਨੇ ਅੱਲੜ੍ਹ ਉਮਰੇ ਡੇਰੇ ’ਚ ਰਹਿੰਦਿਆਂ ਜਨਮ ਦਿੱਤਾ।’’ ਇਹ ਸੁਣ ਕੇ ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਿਆ ਮੈਨੂੰ ਵੀ। ਉਸੇ ਝਟਕੇ ਦਾ ਮਾਰਿਆ ਮੈਂ ਅਜੇ ਤਕ ਆਪਣੇ ਆਪ ਦਾ ਸਾਹਮਣਾ ਨਹੀਂ ਕਰ ਪਾਉਂਦਾ। ਸ਼ਰਮ ਜਿਹੀ ਆਉਂਦੀ ਐ ਆਪਣੇ ਆਪ ਤੋਂ ਵੀ। ਮੈਂ ਜਦੋਂ ਵੀ ਬੀਬੀ ਨੂੰ ਵੇਖਦਾ ਹਾਂ ਤਾਂ ਇਉਂ ਲੱਗਦੈ ਜਿਉਂ ਹਜ਼ਾਰਾਂ ਕੀੜੇ ਕੁਰਬਲ-ਕੁਰਬਲ ਕਰਦੇ ਉਹਦੇ ਸਰੀਰ ’ਤੇ ਰੀਂਗਦੇ ਹੋਣ। ਮੇਰੇ ਵਿਹੰਦਿਆਂ ਸਾਰ ਉਹ ਸਾਰੇ ਮੇਰੇ ਇਰਦ-ਗਿਰਦ ਇਕੱਠੇ ਹੋ ਕੇ ਮੇਰੇ ਅੰਦਰ ਜਜ਼ਬ ਹੋ ਜਾਂਦੇ ਹੋਣ।

ਇਨ੍ਹਾਂ ਉਲਝਣਾਂ ’ਚ ਉਲਝਿਆ ਮੈਂ ਪਤਾ ਨਹੀਂ ਕਦੋਂ ਦਾ ਪੈਰ ਘਸੀਟਦਾ ਬੀਬੀ ਦੇ ਸਿਰਹਾਣੇ ਆਣ ਖਲੋਤਾ ਸਾਂ। ਬੀਬੀ ਦਾ ਚਿੱਬਾ ਹੋ ਗਿਆ ਮੂੰਹ ਮੇਰੇ ਸਾਹਮਣੇ ਸੀ ਤੇ ਨਾਲ ਹੀ ਉਸ ਦਿਨ ਬੀਬੀ ਦੇ ਡਿੱਗਣ ਤੇ ਉਹਦੇ ਪਾਸਾ ਮਾਰੇ ਜਾਣ ਦੀ ਨਿੱਕੀ-ਨਿੱਕੀ ਗੱਲ ਮੇਰੇ ਅੱਗਿਉਂ ਦੀ ਗੁਜ਼ਰਦੀ ਹੈ। ਮੈਨੂੰ ਕਦੇ-ਕਦੇ ਆਪਣੇ ਆਪ ’ਤੇ ਵੀ ਖਿਝ ਆਉਂਦੀ ਐ। ਐਵੇਂ ਕਾਹਲਾ ਪੈ ਗਿਆ ਸਾਂ ਮੈਂ ਵੀ। ਬੀਬੀ ਦਾ ਭਰਮ ਬਣਿਆ ਰਹਿੰਦਾ ਜਿਹੜੀ ਸਾਰੀ ਉਮਰ ਇਹ ਸਮਝਦੀ ਰਹੀ ਸੀ ਕਿ ਮੈਨੂੰ ਆਪਣੀ ਹੋਂਦ ਬਾਰੇ ਪਤਾ ਨਹੀਂ ਹੈ ਅਤੇ ਨਾ ਹੀ ਉਸ ਨੇ ਆਪ ਕਦੇ ਇਸ ਬਾਰੇ ਭਿਣਕ ਬਾਹਰ ਕੱਢੀ ਸੀ। ਉਸ ਦਿਨ ਮੇਰੇ ਅੰਦਰਲੇ ਖੌਰੂ ਪਾਉਂਦੇ ਖ਼ਿਆਲਾਂ ਦਾ ਯੁੱਧ ਸਿਖਰ ’ਤੇ ਸੀ। ਮੇਰੇ ਕੋਲੋਂ ਰਿਹਾ ਨਹੀਂ ਸੀ ਗਿਆ। ਪਤਾ ਨਹੀਂ ਕਿੰਝ ਨਾ ਚਾਹੁੰਦਿਆਂ ਵੀ ਮੈਥੋਂ ਕਹਿ ਹੋ ਗਿਆ ਕਿ ‘ਮਾਂ ਮੇਰੀਏ! ਤੇਰੇ ਨਾਲ ਧੱਕਾ ਉਨ੍ਹਾਂ ਪਾਪੀਆਂ ਨੇ ਕੀਤਾ ਤੇ ਸਜ਼ਾ ਮੈਂ ਭੋਗੀ ਹੈ ਉਮਰ ਭਰ। ਜਦੋਂ ਕਦੇ ਬੈਠੀਆਂ ਜ਼ਨਾਨੀਆਂ ‘ਤਾਰੋ ਪਿੱਛੋਂ ਲੈ ਕੇ ਆਈ ਐ ਇਹਨੂੰ’ ਵਰਗਾ ਮੇਹਣਾ ਮਾਰਦੀਆਂ ਤਾਂ ਨੱਕ ਡੋਬ ਕੇ ਮਰ ਜਾਣ ਨੂੰ ਚਿੱਤ ਕਰਦਾ ਹੁੰਦਾ ਸੀ ਮੇਰਾ।’ ਮੈਂ ਇਕ ਟੱਕ ਬੀਬੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਵੇਖ ਰਿਹਾ ਸੀ ਤੇ ਉਹ ਹੈਰਾਨ ਹੋਈ ਮੇਰੇ ਵੱਲ ਝਾਕ ਰਹੀ ਸੀ। ਮੈਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ‘‘ਬੀਬੀਏ! ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ। ਉਨ੍ਹਾਂ ਵਹਿਸ਼ੀ ਦਰਿੰਦਿਆਂ ਦੇ ਪਾਪ ਨੂੰ ਕਿਤੇ ਜੰਮਦਿਆਂ ਸਾਰ ਉਸੇ ਦਰਿਆ ਦੇ ਡੂੰਘੇ ਖਤਾਨਾਂ ’ਚ ਜਿਉਂਦਿਆਂ ਦੱਬ ਦੇਣਾ ਸੀ ਜੀਹਦੇ ਕੰਢੇ ਤੂੰ ਮੈਨੂੰ ਜਨਮ ਦਿੱਤਾ।’’ ਹੋਰ ਪਤਾ ਨਹੀਂ ਮੈਂ ਕੀ-ਕੀ ਬੋਲ ਗਿਆ ਸਾਂ ਜੋ ਸੁਣ ਕੇ ਬੀਬੀ ਗੁੰਮ-ਸੁੰਮ ਹੋ ਗਈ ਤੇ ਮੇਰੇ ਤੋਂ ਅੱਖਾਂ ਫੇਰ ਲਈਆਂ। ਮੇਰੇ ਵਿਹੰਦਿਆਂ-ਵਿਹੰਦਿਆਂ ਹੀ ਉਹ ਧੜੰਮ ਕਰਕੇ ਮੂਧੜੇ ਮੂੰਹ ਜਾ ਡਿੱਗੀ ਸੀ।

ਮੈਂ ਦੋ ਕੁ ਪੈਰ ਅਗਾਂਹ ਹੋ ਕੇ ਬੀਬੀ ਦੇ ਡੂੰਘੀਆਂ ਝੁਰੜੀਆਂ ਵਾਲੇ ਚਿਹਰੇ ਨੂੰ ਨੀਝ ਲਾ ਕੇ ਵੇਖਿਆ। ਮੈਨੂੰ ਡਾਕਟਰ ਦੀ ਕਹੀ ਗੱਲ ਚੇਤੇ ਆਈ ਕਿ ‘ਮਾਤਾ ਜੀ ਦੇ ਦਿਮਾਗ਼ ਦੀ ਕਿਸੇ ਨਸ ’ਚ ਕਲੌਟ ਅਟਕ ਗਿਆ ਹੈ’। ਮੇਰਾ ਗੱਚ ਭਰ ਆਇਆ। ਮੈਨੂੰ ਇਉਂ ਲੱਗਦਾ ਜਿਵੇਂ ਇਸ ਵਾਰ ਦਿਮਾਗ਼ ਦੀ ਨਸ ’ਚ ਫਸੇ ਇਸ ਕਲੌਟ ਹੱਥੋਂ ਬੀਬੀ ਦੀ ਹਾਰ ਹੋ ਗਈ ਹੋਵੇ। ਇਸੇ ਉਧੇੜ-ਬੁਣ ’ਚ ਪਤਾ ਨਹੀਂ ਕਦੋਂ ਬੀਬੀ ਦੇ ਪੈਰਾਂ ਵੱਲ ਬੈਠਿਆਂ-ਬੈਠਿਆਂ ਮੇਰੀ ਅੱਖ ਲੱਗ ਗਈ ਤੇ ਜਦੋਂ ਅੱਖ ਖੁੱਲ੍ਹੀ ਤਾਂ ਬਾਹਰ ਦਿਨ ਦੇ ਚੜਾਅ ਦੀ ਵਾਹਵਾ ਲੋਅ ਆਣ ਉਤਰੀ ਸੀ।
ਸੰਪਰਕ: 098721-65707

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All