ਸੁਰਿੰਦਰ ਸਿੰਘ ਤੇਜ
ਪੜ੍ਹਦਿਆਂ-ਸੁਣਦਿਆਂ
ਬੜਾ ਕਹਿਰ ਢਾਹੁੰਦੇ ਹਨ ਜੰਗ-ਯੁੱਧ; ਖ਼ਾਸ ਤੌਰ ’ਤੇ ਮਾਸੂਮਾਂ ਅਤੇ ਨਿਤਾਣਿਆਂ ਉਤੇ। ਜੰਗ ਸ਼ੁਰੂ ਕਰਨ ਵਿਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ, ਪਰ ਤਬਾਹੀ ਅਸਲ ਵਿਚ ਮਾਸੂਮਾਂ ਤੇ ਬੇਦੋਸ਼ਿਆਂ ਨੂੰ ਹੀ ਝੱਲਣੀ ਪੈਂਦੀ ਹੈ। 6 ਅਗਸਤ 1945 ਦਾ ਦਿਨ ਹੀਰੋਸ਼ੀਮਾ ਦੇ ਵਸਨੀਕਾਂ ਲਈ ਪਰਲੋਕਾਰੀ ਸਾਬਤ ਹੋਇਆ। ਤਿੰਨ ਦਿਨ ਬਾਅਦ ਇਹੋ ਭਾਣਾ ਨਾਗਾਸਾਕੀ ਵਿਚ ਵਾਪਰਿਆ। ਦੋ ਐਟਮ ਬੰਬਾਂ ਨੇ ਦੋਵਾਂ ਜਪਾਨੀ ਸ਼ਹਿਰਾਂ ਨੂੰ ਮਲੀਆਮੇਟ ਕਰ ਦਿੱਤਾ। ਇਕ ਲੱਖ 60 ਹਜ਼ਾਰ ਲੋਕ ਤਾਂ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਤੱਤ-ਫੱਟ ਜਾਨਾਂ ਗੁਆ ਬੈਠੇ। 90 ਹਜ਼ਾਰ ਹੋਰਨਾਂ ਦੇ ਜ਼ਖ਼ਮਾਂ ਦੀ ਹਾਲਤ ਏਨੀ ਸ਼ਦੀਦ ਸੀ ਕਿ ਡਾਕਟਰੀ ਇਮਦਾਦ ਦੇ ਬਾਵਜੂਦ ਉਹ ਵੀ ਇਕ ਹਫ਼ਤੇ ਦੇ ਅੰਦਰ ਪ੍ਰਾਣ ਤਿਆਗ ਗਏ। ਕਿਸੇ ਜੰਗ ਦੌਰਾਨ ਇਕੋ ਦਿਨ, ਇਕ ਥਾਂ ’ਤੇ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈਣ ਦੀ ਇਨਸਾਨੀ ਇਤਿਹਾਸ ਵਿਚ ਪਹਿਲੀ ਮਿਸਾਲ ਸੀ। ਐਟਮ ਬੰਬਾਂ ਨਾਲੋਂ ਵੀ ਵੱਧ ਮਾਰੂ, ਵੱਧ ਵਿਨਾਸ਼ਕਾਰੀ ਹਥਿਆਰਾਂ ਦੀ ਆਮਦ ਦੇ ਬਾਵਜੂਦ ਇਹ ਮਿਸਾਲ ਅੱਜ ਵੀ ਬਰਕਰਾਰ ਹੈ। ਇਸ ਦੀ ਵਜ੍ਹਾ ਸਾਫ਼ ਹੈ: ਇਹ ਵਿਨਾਸ਼ਕਾਰੀ ਹਥਿਆਰ ਹੁਣ ਇਕੱਲੇ ਅਮਰੀਕਾ ਦੀ ਸੰਪਤੀ ਨਹੀਂ ਰਹੇ। ਦੁਨੀਆਂ ਵਿਚ 25 ਦੇ ਕਰੀਬ ਮੁਲਕ ਹੁਣ ਅਜਿਹੇ ਹਥਿਆਰ ਬਣਾਉਣ ਦੀ ਸਮਰੱਥਾ ਨਾਲ ਲੈਸ ਹਨ। ਇਨ੍ਹਾਂ ਵਿਚੋਂ ਅੱਧਿਆਂ ਕੋਲ ਅਜਿਹੇ ਹਥਿਆਰ ਤਿਆਰ ਰੂਪ ਵਿਚ ਮੌਜੂਦ ਹਨ; ਬਾਕੀ ਅੱਧੇ ਮੁਲਕ ਚੰਦ ਘੰਟਿਆਂ ਅੰਦਰ ਇਹ ਹਥਿਆਰ ਖ਼ੁਦ ਵੀ ਘੜ ਸਕਦੇ ਹਨ ਅਤੇ ਗਾਹਕਾਂ ਨੂੰ ਸਪਲਾਈ ਵੀ ਕਰ ਸਕਦੇ ਹਨ। ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਐਟਮ ਬੰਬ ਸੁੱਟੇ ਗਏ, ਉਦੋਂ ਅਮਰੀਕੀ ਜ਼ਖ਼ੀਰੇ ਵਿਚ ਇਨ੍ਹਾਂ ਬੰਬਾਂ ਦੀ ਗਿਣਤੀ ਚਾਰ ਸੀ। ਇਨ੍ਹਾਂ ਵਿਚੋਂ ਤਿੰਨ ਵਰਤੇ ਗਏ। ਹੀਰੋਸ਼ੀਮਾ ਉੱਤੇ ਸੁੱਟਿਆ ਪਹਿਲਾ ਬੰਬ ਫਟਿਆ ਹੀ ਨਹੀਂ, ਦੂਜਾ ਫਟਿਆ। ਨਾਗਾਸਾਕੀ ਦੇ ਮਾਮਲੇ ਵਿਚ ਪਹਿਲਾ ਬੰਬ ਹੀ ਹੀਰੋਸ਼ੀਮਾ ਦੀ ਤਬਾਹੀ ਵਾਲਾ ਮੰਜ਼ਰ ਦੁਹਰਾ ਗਿਆ। ਇਸੇ ਤਬਾਹੀ ਨੇ ਜਪਾਨ ਨੂੰ ‘ਅਮਰੀਕਾ ਅੱਗੇ’ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।
ਜਪਾਨ ਵੱਲੋਂ ਗੋਡੇ ਟੇਕਣ ਦੇ ਬਾਵਜੂਦ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿਨਾਸ਼ ਦੀ ਦਰਦ-ਕਹਾਣੀ ਪੂਰੇ ਇਕ ਸਾਲ ਬਾਅਦ (31 ਅਗਸਤ 1946 ਨੂੰ) ਦੁਨੀਆਂ ਦੇ ਸਾਹਮਣੇ ਆਈ। ਅਮਰੀਕੀ ਪ੍ਰਸ਼ਾਸਨ, ਤੇ ਖ਼ਾਸ ਕਰ ਫ਼ੌਜੀ ਅਧਿਕਾਰੀਆਂ ਨੇ ਇਸ ਨੂੰ ਪੂਰੀ ਸਖ਼ਤੀ ਨਾਲ ਬਾਕੀ ਦੁਨੀਆਂ ਤੋਂ ਲੁਕਾ ਕੇ ਰੱਖਿਆ। ਅਮਰੀਕੀ ਮੀਡੀਆ ਨੇ ਵੀ ਇਸ ਪਰਦਾਪੋਸ਼ੀ ਵਿਚ ਸਾਥ ਦਿੱਤਾ। ਹੋਰਨਾਂ ਮੁਲਕਾਂ ਦੇ ਮੀਡੀਆ ਨੂੰ ਜਪਾਨ ਵਿਚ ਜਾਣ ਹੀ ਨਹੀਂ ਦਿੱਤਾ ਗਿਆ। ਅਮਰੀਕੀ ਸੈਨਾ ਦੀ ਪ੍ਰਸ਼ਾਂਤ ਮਹਾਂਸਾਗਰੀ ਕਮਾਨ ਦੇ ਮੁਖੀ ਜਨਰਲ ਡੱਗਲਸ ਮੈਕਆਰਥੁਰ ਨੇ ਹੀਰੋਸ਼ੀਮਾ ਉਪਰ ਐਟਮ ਬੰਬ ਸੁੱਟੇ ਜਾਣ ਦੇ ਹੁਕਮ ਦਾ ਵਿਰੋਧ ਕੀਤਾ ਸੀ। ਉਸ ਨੇ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਨੂੰ ਇਕ ਵਾਰ ਮੁੜ ਸੋਚਣ ਦੀ ਅਪੀਲ ਵੀ ਇਕ ਗੁਪਤ ਸੁਨੇਹੇ ਰਾਹੀਂ ਕੀਤੀ ਸੀ। ਪਰ ਜਦੋਂ ਕਿਆਮਤ ਢਾਹ ਦਿੱਤੀ ਗਈ ਤਾਂ ਮੈਕਆਰਥੁਰ ਤੇ ਉਸ ਦੇ ਡਿਪਟੀ ਜਨਰਲ ਲੈਸਲੀ ਗਰੋਵਜ਼ ਨੇ ਸੂਚਨਾਵਾਂ ਤੇ ਤਸਵੀਰਾਂ ਦੇ ਪ੍ਰਵਾਹ ਨੂੰ ਇਸ ਹੱਦ ਤਕ ਸੈਂਸਰ ਕੀਤਾ ਕਿ ਆਮ ਅਮਰੀਕੀਆਂ ਵਿਚ ਵਰ੍ਹਿਆਂ ਤਕ ਇਹ ਪ੍ਰਭਾਵ ਬਣਿਆ ਰਿਹਾ ਕਿ ‘‘ਫੀਨਿਆਂ ਤੇ ਗਿੱਠਮੁਠੀਆਂ ਦੀ ਦੋ ਵੱਡੇ ਭਾਰੀ-ਭਰਕਮ ਬੰਬਾਂ ਨੇ ਹੀ ਬਸ ਕਰਾ ਦਿੱਤੀ।’’ ਉਨ੍ਹਾਂ ਨੂੰ ਸਾਲ ਭਰ ਇਹ ਆਭਾਸ ਤਕ ਨਹੀਂ ਸੀ ਹੋਣ ਦਿੱਤਾ ਗਿਆ ਕਿ ਹੀਰੋਸ਼ੀਮਾ ਜਾਂ ਨਾਗਾਸਾਕੀ ਨਾਲ ਜੋ ਵਾਪਰਿਆ ਉਹ ਇਨਸਾਨੀ ਵਜੂਦ ਨੂੰ ਚੰਦ ਸਕਿੰਟਾਂ ਦੇ ਅੰਦਰ ਮਿਟਾਉਣ ਵਾਲਾ ਅਤਿਅੰਤ ਹੌਲਨਾਕ ਵਰਤਾਰਾ ਸੀ। ਭਰਮ ਦਾ ਇਹ ਪਰਦਾ ਸ਼ਾਇਦ ਕੁਝ ਹੋਰ ਵਰ੍ਹੇ ਬਰਕਰਾਰ ਰਹਿੰਦਾ ਜੇਕਰ ਵਕਾਰੀ ਅਮਰੀਕੀ ਰਸਾਲੇ ‘ਨਿਊ ਯੌਰਕਰ’ ਦੇ ਸੰਪਾਦਕ ਹੀਰੋਸ਼ੀਮਾ ਦੀ ਅਸਲੀਅਤ ਦੁਨੀਆਂ ਸਾਹਮਣੇ ਲਿਆਉਣ ਦਾ ਜਿਗਰਾ ਨਾ ਦਿਖਾਉਂਦੇ ਅਤੇ ਇਹ ਕਾਰਜ ਜੌਹਨ ਰਿਚਰਡ ਹਰਸੀ ਨਾਮੀ ਨਿਸ਼ਠਾਵਾਨ ਪੱਤਰਕਾਰ ਨੂੰ ਨਾ ਸੌਂਪਦੇ।
ਹਰਸੀ ਨੂੰ ਜਪਾਨੀਆਂ ਨਾਲ ਕੋਈ ਮੋਹ ਨਹੀਂ ਸੀ। ਪਰਲ ਹਾਰਬਰ ਕਾਂਡ ਦੀ ਰੰਜਿਸ਼ ਉਸ ਨੂੰ ਵੀ ਸੀ। ‘ਫ਼ੀਨਿਆਂ ਨੂੰ ਸਬਕ ਸਿਖਾਉਣ’ ਵਾਲੀ ਲਲਕ ਉਸ ਦੇ ਅੰਦਰ ਵੀ ਮੌਜੂਦ ਸੀ। ਪਰ ਬਤੌਰ ਪੱਤਰਕਾਰ ਉਹ ਨਿਰਪੱਖ ਪੱਤਰਕਾਰੀ ਦਾ ਕੱਟੜ ਮੁਦਈ ਵੀ ਸੀ ਤੇ ਪੂਰਾ ਜੁਗਤੀ ਵੀ। ਸੂਚਨਾ ਪ੍ਰਵਾਹ ਦੀ ਅਮਰੀਕੀ ਜਰਨੈਲਾਂ ਵੱਲੋਂ ਕੀਤੀ ਗਈ ਤਾਲਾਬੰਦੀ ਨੂੰ ਉਸ ਨੇ ਸ਼ਾਤਿਰਤਾ ਨਾਲ ਤੋੜਿਆ। ‘ਨਿਊ ਯੌਰਕਰ’ ਦੇ ਮੁੱਖ ਸੰਪਾਦਕਾਂ ਤੋਂ ਮਿਲੇ ਹੁਕਮਾਂ (ਤੇ ਖ਼ਰਚੇ) ਮਗਰੋਂ ਉਹ ਪਹਿਲਾਂ ਸਿੱਧਾ ਚੀਨ ਗਿਆ। ਉੱਥੇ ਉਹ ਹਫ਼ਤਾ ਕੁ ਰਿਹਾ। ਦੋ-ਚਾਰ ਸਾਧਾਰਨ ਜਿਹੀਆਂ ਰਿਪੋਰਟਾਂ ਉੱਥੋਂ ਭੇਜੀਆਂ। ਫਿਰ ਉੱਥੋਂ ਹਵਾਈ ਜਹਾਜ਼ ਰਾਹੀਂ ਟੋਕੀਓ ਪਹੁੰਚਿਆ। ਅਮਰੀਕੀ ਸੈਨਿਕ ਅਧਿਕਾਰੀਆਂ ਪਾਸੋਂ ਹੀਰੋਸ਼ੀਮਾ ਜਾਣ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਉਸ ਨੇ ਬਾਕਾਇਦਗੀ ਨਾਲ ਹਾਸਿਲ ਕੀਤੀਆਂ। ਹੀਰੋਸ਼ੀਮਾ ਜਾ ਕੇ ਵੀ ਉਸ ਨੇ ਉਦਾਸੀਨਤਾ ਵਾਲਾ ਮਖੌਟਾ ਓੜ੍ਹੀ ਰੱਖਿਆ। ਇਕ ਹਫ਼ਤੇ ਦੌਰਾਨ ਉਹ ਵੱਖ ਵੱਖ ਥਾਵਾਂ ’ਤੇ ਗਿਆ, ਬਹੁਤੀ ਵਾਰ ਉਨ੍ਹਾਂ ਥਾਵਾਂ ’ਤੇ ਜਿੱਥੇ ਅਮਰੀਕੀ ਫ਼ੌਜ ਨੇ ਤਬਾਹੀ ਦੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ ਸਨ। ਨਾਲ ਹੀ ਗੁਪਤ ਰੂਪ ਵਿਚ ਅਜਿਹੇ ਲੋਕਾਂ ਨੂੰ ਵੀ ਮਿਲਦਾ ਰਿਹਾ ਜੋ ਕਿਆਮਤ ਨੂੰ ਪਿੰਡੇ ਉੱਤੇ ਹੰਢਾਉਣ ਦੇ ਬਾਵਜੂਦ ਜ਼ਿੰਦਗੀ ਨੂੰ ਨਵੀਂ ਤਰਤੀਬ ਦੇਣ ’ਚ ਮਸਰੂਫ਼ ਸਨ। ਉਸ ਨੇ ਨੋਟਸ ਬੜੇ ਘੱਟ ਲਏ। ਬਹੁਤਾ ਕੁਝ ਆਪਣੇ ਚੇਤੇ ਵਿਚ ਜ਼ਖ਼ੀਰਾਬੰਦ ਤੇ ਜਜ਼ਬ ਕਰਨ ਦੀ ਵਿਧੀ ਅਪਣਾਈ। ਤਸਵੀਰਾਂ ਵੀ ਲਈਆਂ, ਪਰ ਉਦਾਸੀਨਤਾ ਵਾਲਾ ਮਖੌਟਾ ਓੜ੍ਹ ਕੇ। ਜੰਗਾਂ-ਯੁੱਧਾਂ ਦੀ ਕਵਰੇਜ ਦੇ ਤਜਰਬੇ ਅਤੇ ਅਜਿਹੇ ਹੀ ਇਕ ਘਟਨਾਕ੍ਰਮ ਦੌਰਾਨ ਅਮਰੀਕੀ ਫ਼ੌਜੀ ਦੀ ਜਾਨ ਬਚਾਉਣ ਬਦਲੇ ਫ਼ੌਜ ਤੋਂ ਮਿਲਿਆ ਮੈਡਲ ਉਸ ਦੇ ਬਾਖ਼ੂਬੀ ਕੰਮ ਆਇਆ। ਕਮਾਂਡਰਾਂ ਦੇ ਖੇਮਿਆਂ ਦੇ ਦੁਆਰ ਉਸ ਲਈ ਸਹਿਜੇ ਹੀ ਖੁੱਲ੍ਹਦੇ ਰਹੇ। ਬਹੁਤ ਕੁਝ ਉਹ ਸੁਣਨ ਨੂੰ ਮਿਲਿਆ, ਜੋ ਸਰਕਾਰੀ ਦਸਤਾਵੇਜ਼ਾਂ ਦਾ ਹਿੱਸਾ ਕਦੇ ਨਹੀਂ ਬਣਦਾ। ਹਫ਼ਤਾ ਭਰ ਉਸ ਨੇ ਇਕ ਵੀ ਰਿਪੋਰਟ ਨਹੀਂ ਲਿਖੀ। ਫੌ਼ਜੀ ਅਫ਼ਸਰ ਸੈਂਸਰ ਕੀ ਕਰਦੇ? ਸਭ ਨੂੰ ਦੁਆ-ਸਲਾਮ ਕਰਕੇ ਉਹ ਨਿਊਯਾਰਕ ਪਰਤ ਗਿਆ। ਉੱਥੇ 30 ਹਜ਼ਾਰ ਸ਼ਬਦਾਂ ਦਾ ਮਜ਼ਮੂਨ ਲਿਖਿਆ, ਇਸ ਦੇ ਟਾਈਪਸ਼ੁਦਾ 150 ਪੰਨੇ ਬਣੇ। ਬੜਾ ਵਿਸਫੋਟਕ ਸੀ ਇਹ ਮਜ਼ਮੂਨ। ਸੰਸਥਾਪਕ ਤੇ ਮੁੱਖ ਸੰਪਾਦਕ ਹੈਰਲਡ ਰੌ ਤੇ ਦੂਜੇ ਮੁੱਖ ਸੰਪਾਦਕ ਵਿਲੀਅਮ ਸ਼ਾਅਨ ਨੇ ਬਾਕੀ ਸਾਰੇ ਫੀਚਰ ਛੱਡ ਕੇ ਰਸਾਲੇ ਦਾ ਪੂਰੇ ਦਾ ਪੂਰਾ ਅੰਕ ਇਸ ਮਜ਼ਮੂਨ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਲਿਆ। ਡਰ ਸੀ, ਗੱਲ ਸਰਕਾਰੀ ਅਧਿਕਾਰੀਆਂ ਤਕ ਨਾ ਪੁੱਜ ਜਾਵੇ। ਮੁਲਕ ਵਿਚ ਹੰਗਾਮੀ ਹਾਲਤ ਤੇ ਯੁੱਧ ਸਬੰਧੀ ਨਿਯਮ 1946 ਵਿਚ ਵੀ ਲਾਗੂ ਸਨ। ਅਧਿਕਾਰੀ ਸਮੁੱਚੇ ਅੰਕ ਦਾ ਪ੍ਰਕਾਸ਼ਨ ਰੋਕ ਸਕਦੇ ਸਨ। ਛਪਿਆ ਅੰਕ ਜ਼ਬਤ ਹੋ ਸਕਦਾ ਸੀ। ਲਿਹਾਜ਼ਾ, ਪੂਰੀ ਰਾਜ਼ਦਾਰੀ ਵਰਤੀ ਗਈ। ਆਮ ਵਰਗੇ ਇਕ ਅੰਕ ਦੀ ਡੰਮੀ ਤਿਆਰ ਕੀਤੀ ਗਈ। ਉਸ ਵਿਚ ਸਾਰੇ ਫੀਚਰ ਸ਼ਾਮਲ ਕੀਤੇ ਗਏ। ਅਸਲ ਅੰਕ ਦੀ ਡੰਮੀ ਦਾ ਗਿਆਨ ਸਿਰਫ਼ ਚਾਰ ਵੱਡੇ ਸੰਪਾਦਕਾਂ ਅਤੇ ਰਸਾਲੇ ਦੇ ਕਾਨੂੰਨੀ ਸਲਾਹਕਾਰ ਨੂੰ ਸੀ। ਰਸਾਲੇ ਦੀ ਛਪਾਈ ਦਿਨ ਦੀ ਥਾਂ ਰਾਤ ਵੇਲੇ ਹੋਈ। ਪ੍ਰਭਾਵ ਇਹ ਦਿੱਤਾ ਗਿਆ ਕਿ ਇਹ ਤਬਦੀਲੀ, ਛਾਪੇਖਾਨੇ ਦੀ ਖ਼ਰਾਬੀ ਕਾਰਨ ਕੀਤੀ ਗਈ। ਜਦੋਂ ਤਕ ਅੰਕ ਛਪ ਕੇ ਡਿਸਪੈਚ ਨਹੀਂ ਹੋ ਗਿਆ, ਰੌ ਤੇ ਸ਼ਾਅਨ ਛਾਪੇਖਾਨੇ ਵਿਚ ਹੀ ਮੌਜੂਦ ਰਹੇ। ਅੰਕ ਦੇ ਸਟੈਂਡਾਂ ’ਤੇ ਪਹੁੰਚਦਿਆਂ ਹੀ ਤਹਿਲਕਾ ਮੱਚ ਗਿਆ। ਅਮਰੀਕੀ ਲੋਕਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਹੀਰੋਸ਼ੀਮਾ ਨੇ ਕਿੰਨਾ ਦਰਦ ਝੱਲਿਆ। ਮਜ਼ਮੂਨ ਬਾਅਦ ਵਿਚ ਕਿਤਾਬ ਦੇ ਰੂਪ ਵਿਚ ਵੀ ਛਪਿਆ। ‘ਹੀਰੋਸ਼ੀਮਾ’ ਨਾਮ ਦੀ ਇਹ ਕਿਤਾਬ ਹੁਣ ਵੀ ਉਪਲੱਬਧ ਹੈ।
ਹਰਸੀ ਦੀ ਦੀਦਾ-ਦਲੇਰੀ ਅਤੇ ਪੱਤਰਕਾਰੀ ਦੇ ਅਕੀਦਿਆਂ ਦੀ ਵਚਨਬੱਧਤਾ ਨੂੰ ਹੁਣ 74 ਵਰ੍ਹਿਆਂ ਬਾਅਦ ਅਮਰੀਕੀ ਪੱਤਰਕਾਰ ਤੇ ਲੇਖਕ ਲੈਸਲੀ ਐਮ.ਐਮ. ਬਲੂਮ ਨੇ ਆਪਣੀ ਕਿਤਾਬ ‘ਫਾਲਆਊਟ’ (ਸਾਇਮਨ ਐਂਡ ਸ਼ੁਸਟਰ; 276 ਪੰਨੇ) ਰਾਹੀਂ ਬੜੇ ਨਿੱਖਰਵੇਂ ਢੰਗ ਨਾਲ ਸਾਹਮਣੇ ਲਿਆਂਦਾ ਹੈ। ਕਿਤਾਬ ਦਾ ਕਿੰਡਲ ਐਡੀਸ਼ਨ ਅਜੇ ਉਪਲੱਬਧ ਹੈ। ਭਾਰਤੀ ਪ੍ਰਿੰਟ ਐਡੀਸ਼ਨ ਮਹੀਨੇ ਦੇ ਅੰਤ ਤਕ ਸਾਹਮਣੇ ਆ ਜਾਏਗਾ। ਬਲੂਮ ਖ਼ੁਦ ਬੜੀ ਮਿਹਨਤੀ ਪੱਤਰਕਾਰ ਹੈ। ਜਾਣਕਾਰੀ ਨੂੰ ਤਰਤੀਬ ਦੇਣ, ਵਾਕ ਬਣਤਰ ਅਤੇ ਸ਼ਬਦਾਂ ਦੀ ਚੋਣ ਉੱਤੇ ਉਸ ਦੀ ਪਕੜ ਬਾਕਮਾਲ ਹੈ। ਕਿਤਾਬ ਦਾ ਨਾਮ ਹੈ: ਫਾਲਆਊਟ: ਦਿ ਹੀਰੋਸ਼ੀਮਾ ਕਵਰ-ਅੱਪ ਐਂਡ ਦਿ ਰਿਪੋਰਟਰ ਹੂ ਰਿਵੀਲਡ ਇਟ ਟੂ ਦਿ ਵਲ਼ਡ)। ਇਹ ਕਿਸੇ ਚੰਗੇ ਜਾਸੂਸੀ ਨਾਵਲ ਜਿੰਨੀ ਰਸੀਲੀ ਹੋਣ ਦੇ ਨਾਲ-ਨਾਲ ਨਿਰਪੱਖ ਪੱਤਰਕਾਰੀ ਦੇ ਅਕੀਦਿਆਂ ਨੂੰ ਅਕੀਦਤ ਵੀ ਹੈ ਅਤੇ ਅੰਧ-ਰਾਸ਼ਟਰਵਾਦ ਤੋਂ ਬਚਣ ਦਾ ਸੁਨੇਹਾ ਵੀ। ਇਸ ਵਾਲਾ ਸੁਨੇਹਾ ਜਿੰਨਾ ਅਮਰੀਕਾ ਉੱਤੇ ਲਾਗੂ ਹੁੰਦਾ ਹੈ, ਓਨਾ ਹੀ ਸਾਡੇ ਆਪਣੇ ਮੁਲਕ ਉਪਰ ਵੀ।
* * *
ਡਾ. ਸ਼ਿਆਮ ਸੁੰਦਰ ਦੀਪਤੀ ਮਾਂ-ਬੋਲੀ ਪੰਜਾਬੀ ਦੀ ਚਿਰ-ਕਾਲ ਤੋਂ ਸੇਵਾ ਕਰਦੇ ਆ ਰਹੇ ਹਨ। ਰੋਗਾਂ-ਇਲਾਜਾਂ ਸਬੰਧੀ ਦਾਨਿਸ਼ਵਾਰਾਨਾ ਮਜ਼ਮੂਨ ਲਿਖਣ ਤੋਂ ਇਲਾਵਾ ਉਹ ਸਾਹਿਤ ਦੀਆਂ ਹੋਰਨਾਂ ਵਿਧਾਵਾਂ ਨਾਲ ਵੀ ਖ਼ੂਬ ਜੁੜੇ ਹੋਏ ਹਨ। ਚਹੁਮਾਸਿਕ ਪਰਚੇ ‘ਗੁਫ਼ਤਗੂ’ ਦਾ ਪ੍ਰਕਾਸ਼ਨ ਤੇ ਸੰਪਾਦਨ ਇਸੇ ਉਡਾਨ ਦੀ ਨਵੀਂ ਕੜੀ ਹੈ। ਰਸਾਲੇ ਦੇ ਮੁੱਢਲੇ ਦੋਵੇਂ ਅੰਕ (ਜਨਵਰੀ-ਅਪਰੈਲ ਅਤੇ ਮਈ-ਅਗਸਤ) ਅਦਬੀ ਗੁਫ਼ਤਗੂ ਦੇ ਸੰਕਲਪ ਨੂੰ ਹੁਲਾਰਾ ਦੇਣ ਵਾਲੇ ਹਨ। ਸਮਾਜਿਕ ਸਰੋਕਾਰਾਂ ਅਤੇ ਆਮ ਆਦਮੀ ਦੇ ਸੰਘਰਸ਼ ਨੂੰ ਵੀ ਰਸਾਲੇ ਵਿਚ ਪ੍ਰਮੁੱਖਤਾ ਦਿੱਤੀ ਗਈ ਹੈ। ਰਚਨਾਵਾਂ, ਪਾਠਕ ਨੂੰ ਆਸਵੰਦੀ ਦੇ ਰਾਹ ਤੋਰਦੀਆਂ ਹਨ। ਆਮ ਬੰਦੇ ਅੰਦਰਲੇ ਉਮੀਦ ਦੇ ਸਿਪਾਹੀ ਨੂੰ ਜਗਾਉਣ ਦਾ ਇਹ ਯਤਨ ਸਲਾਮ ਦਾ ਹੱਕਦਾਰ ਹੈ।