ਰਮੇਸ਼ਵਰ ਸਿੰਘ
1947 ਦੇ ਅੱਲ੍ਹੇ ਜ਼ਖ਼ਮ ਹੁਣ ਤਕ ਸੁੱਕੇ ਨਹੀਂ, ਬਿਨਾਂ ਮਤਲਬ ਬਰਤਾਨਵੀਆਂ ਦੇ ਇਸ਼ਾਰੇ ਤੇ ਪੰਜਾਬ ਦੇ ਦੋ ਟੁਕੜੇ ਕੀਤੇ ਗਏ। ਲੱਖਾਂ ਜਾਨਾ ਭੇਟ ਚੜ੍ਹ ਗਈਆਂ। ਕਾਰਨ ਕੀ ਸੀ, ਅੱਜ ਤਕ ਕਿਸੇ ਨੂੰ ਸਮਝ ਨਹੀਂ ਆਇਆ। ਕਤਲੇਆਮ ਪਿੱਛੇ ਕਿਸ ਦਾ ਹੱਥ ਸੀ, ਹੁਣ ਤਕ ਸਮਝ ਨਹੀਂ ਆਇਆ ਤੇ ਨਾ ਸਮਝਣ ਦੀ ਕੋਸਿ਼ਸ਼ ਕਰ ਰਹੇ ਹਾਂ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਭਾਸ਼ਾ, ਪਹਿਰਾਵਾ, ਵਿਰਸਾ ਸਭ ਇੱਕੋ ਹੈ; ਦੋਨਾਂ ਪੰਜਾਬਾਂ ਵਿਚ ਸਾਰੇ ਧਰਮਾਂ ਵਾਲੇ ਲੋਕ ਰਹਿੰਦੇ ਹਨ। ਫਿਰ ਟੁਕੜੇ ਕਿਉਂ ਹੋਏ, ਕਦੇ ਕਿਸੇ ਨੇ ਸੋਚਿਆ? ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵਪਾਰ ਆਰਾਮ ਨਾਲ ਹੋ ਸਕਦਾ ਹੈ, ਕੁਝ ਘੰਟਿਆਂ ਵਿਚ ਟਰੱਕਾਂ ਨਾਲ ਜ਼ਰੂਰੀ ਮਾਲ ਇੱਧਰ ਉੱਧਰ ਕੀਤਾ ਜਾ ਸਕਦਾ ਹੈ ਪਰ ਨਹੀਂ! ਕਾਰਨ ਕੀ ਹੈ ਗੁਜਰਾਤ ਸਮੁੰਦਰੀ ਰਸਤੇ ਰਾਹੀਂ ਵਪਾਰ ਕੀਤਾ ਜਾ ਰਿਹਾ ਹੈ? ਵਪਾਰੀ ਮੁਫ਼ਤ ਵਿਚ ਮੋਟੀ ਰਕਮ ਕਮਾ ਰਹੇ ਹਨ ਅਤੇ ਸਾਨੂੰ ਮਹਿੰਗਾ ਮਾਲ ਮਿਲ ਰਿਹਾ ਹੈ।
ਦੋਹਾਂ ਪੰਜਾਬਾਂ ਵਿਚ ਰਹਿੰਦੇ ਲੋਕਾਂ ਦੇ ਧਾਰਮਿਕ ਸਥਾਨ ਅਲੱਗ ਅਲੱਗ ਥਾਵਾਂ ਉੱਤੇ ਹਨ ਤੇ ਰਿਸ਼ਤੇਦਾਰ ਵੀ ਅਲੱਗ ਥਾਵਾਂ ਤੇ ਰਹਿੰਦੇ ਹਨ। ਮਿਲਣ ਲਈ ਵੀਜ਼ਾ ਪ੍ਰਾਪਤ ਕਰਨਾ ਪੈਂਦਾ ਹੈ ਜਿਸ ਲਈ ਬਹੁਤ ਖੱਜਲ ਖੁਆਰੀ ਹੁੰਦੀ ਹੈ। 2019 ਵਿਚ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਉਤਸਵ ਕਰਤਾਰਪੁਰ ਸਾਹਿਬ ਵਿਚ ਮਨਾਇਆ ਗਿਆ। ਆਉਣ ਜਾਣ ਲਈ ਰਸਤਾ ਖੁੱਲ੍ਹਵਾਉਣ ਲਈ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਕਰੋਨਾ ਕਾਰਨ ਰਸਤਾ ਬੰਦ ਕਰ ਦਿੱਤਾ ਗਿਆ ਅਤੇ ਇਹ ਰਾਹ ਦੁਬਾਰਾ ਖੁੱਲ੍ਹਵਾਉਣ ਲਈ ਸਰਕਾਰਾਂ ਦੀਆਂ ਮਿੰਨਤਾਂ ਕਰਨੀਆਂ ਪਈਆਂ। ਇਸੇ ਤਰ੍ਹਾਂ ਲਹਿੰਦੇ ਪੰਜਾਬ ਵਾਲਿਆਂ ਦੇ ਇਧਰ ਬਹੁਤ ਧਾਰਮਿਕ ਸਥਾਨ ਹਨ, ਉਨ੍ਹਾਂ ਨੂੰ ਵੀ ਦਰਸ਼ਨ ਕਰਨ ਲਈ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਵੀਜ਼ੇ ਦੀ ਵੀ ਸੀਮਾ ਹੁੰਦੀ ਹੈ। ਜਾਣ ਵਾਲੇ ਉਸ ਥਾਂ ਤੇ ਹੀ ਜਾ ਸਕਦੇ ਹਨ ਜਿੱਥੇ ਜਾਣ ਦੀ ਸਰਕਾਰ ਨੇ ਮੋਹਰ ਲਾਈ ਹੋਵੇ। ਲੱਖਾਂ ਲੋਕ ਇਧਰ ਉੱਧਰ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਕੇ ਆ ਗਏ ਪਰ ਬਾਕੀ ਧਾਰਮਿਕ ਸਥਾਨ ਅਤੇ ਲੋਕਾਂ ਨੂੰ ਮਿਲਣਾ ਰਹਿ ਗਿਆ।
ਸਾਡੀ ਭਾਸ਼ਾ, ਵਿਰਸਾ ਸਭ ਇੱਕ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਅਨੇਕਾਂ ਰੇਡੀਓ ਹਨ ਪਰ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ ਸਰਕਾਰਾਂ ਨੇ ਇੱਕ ਦੂੁਜੇ ਪਾਸੇ ਆਵਾਜ਼ ਜਾਣ ਤੇ ਪਾਬੰਦੀ ਲਾਈ ਹੋਈ ਹੈ। ਨਾ ਲਹਿੰਦੇ ਪੰਜਾਬ ਦੀ ਸਰਕਾਰ ਨੇ ਅਤੇ ਨਾ ਹੀ ਚੜ੍ਹਦੇ ਪੰਜਾਬ ਦੀ ਸਰਕਾਰ ਨੇ ਕਦੇ ਇਹ ਮਸਲਾ ਨਹੀਂ ਚੁੱਕਿਆ। ਰੇਡੀਓ ਅਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਤੋਂ ਅਸੀਂ ਦੋਨੋਂ ਪੰਜਾਬਾਂ ਵਾਲੇ ਵਾਂਝੇ ਹਾਂ। ਇਹ ਸਨ ਉਹ ਪਾਬੰਦੀਆਂ ਜੋ ਬਿਨਾਂ ਕਾਰਨ 1947 ਵਿਚ ਲਗਾ ਦਿੱਤੀਆਂ ਗਈਆਂ। ਫਿਰ ਆਇਆ ਸਾਲ 1966; ਸਾਡੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ। ਕਾਰਨ ਕੀ ਸੀ? ਅੱਜ ਤਕ ਕਿਸੇ ਨੂੰ ਸਮਝ ਨਹੀਂ ਆਇਆ। ਦੂਸਰੀ ਭਾਸ਼ਾ ਵਾਲੇ ਅਲੱਗ ਸੂਬਿਆਂ ਵਿਚ ਬੈਠੇ ਹਨ ਤੇ ਰਾਜਨੀਤਕ ਪਾਰਟੀਆਂ ਕੋਈ ਨਾ ਕੋਈ ਮੁੱਦਾ ਲੱਭ ਕੇ ਲੜਾਈ ਕਰਾਉਣ ਲਈ ਅੱਗੇ ਰਹਿੰਦੀਆਂ ਹਨ। ਕਦੇ ਪਾਣੀ ਦਾ ਝਗੜਾ, ਕਦੇ ਭਾਸ਼ਾ ਦਾ ਝਗੜਾ।
ਚੰਡੀਗੜ੍ਹ ਪੰਜਾਬ ਦੀ ਧਰਤੀ ਉੱਤੇ ਵਸਿਆ ਤੇ ਇਸ ਉੱਤੇ ਰਾਜ ਹੁਣ ਕੇਂਦਰ ਸਰਕਾਰ ਕਰ ਰਹੀ ਹੈ। ਅਨੇਕਾਂ ਰਾਜਨੀਤਕ ਪਾਰਟੀਆਂ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਵੋਟਾਂ ਪ੍ਰਾਪਤ ਕਰ ਗਈਆਂ ਪਰ ਚੰਡੀਗੜ੍ਹ ਕੇਂਦਰ ਕੋਲ ਹੀ ਹੈ।
ਫਿਰ ਆਇਆ ਸਾਲ 1984; ਗਲਤੀ ਕਿਸੇ ਨੇ ਕੀਤੀ, ਸਜ਼ਾ ਲੱਖਾਂ ਲੋਕਾਂ ਨੂੰ ਭੁਗਤਣੀ ਪਈ। ਇਹ ਜ਼ਖ਼ਮ ਹੁਣ ਤਕ ਅੱਲ੍ਹੇ ਹਨ। ਸਭ ਪਤਾ ਹੈ ਕਿਸ ਨੇ ਗ਼ਲਤ ਕਦਮ ਚੁੱਕੇ ਪਰ ਸਜ਼ਾ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ। ਕਾਰਨ? ਸਾਨੂੰ ਮਿਲ ਕੇ ਬੈਠ ਕੇ ਦੁੱਖਾਂ ਬਾਰੇ ਵਿਚਾਰ ਕਰਨਾ ਨਹੀਂ ਆਉਂਦਾ, ਤੇ ਰਾਜਨੀਤਕ ਪਾਰਟੀਆਂ ਰੋਟੀ ਸੇਕ ਜਾਂਦੀਆਂ ਹਨ। ਉਸ ਤੋਂ ਬਾਅਦ ਲਾਰੇ ਲੱਪੇ ਚਾਲੂ ਰਹਿੰਦੇ ਹਨ। ਹੁਣ ਸਰਕਾਰ ਨੂੰ ਨਵਾਂ ਸ਼ੋਸ਼ਾ ਸੁੱਝਿਆ ਹੈ। ਭਾਖੜਾ ਬੰਨ੍ਹ ਪੰਜਾਬ ਦੀ ਧਰਤੀ ਉੱਤੇ ਹੈ, ਸਾਰੀ ਦੁਨੀਆ ਜਾਣਦੀ ਹੈ, ਫਿਰ ਵੀ ਪਤਾ ਨਹੀਂ ਸਰਕਾਰ ਨੂੰ ਕੀ ਅਹੁੜਿਆ ਕਿ ਹਿੱਸਾ ਹੀ ਖ਼ਤਮ ਕਰ ਦਿੱਤਾ। ਭਾਖੜਾ ਤੋਂ ਪੰਜਾਬ ਦੀ ਲੋੜ ਜਿੰਨਾ ਪਾਣੀ ਵੀ ਕਦੇ ਨਹੀਂ ਦਿੱਤਾ ਗਿਆ।
ਪੰਜਾਬ ਵਿਚ ਨਵੀਂ ਸਰਕਾਰ ਹੋਂਦ ਵਿਚ ਆ ਗਈ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਜਿਸ ਜਿਸ ਥਾਂ ਤੇ ਚੀਜ਼ਾਂ ਅਤੇ ਹੱਕ ਹਨ, ਉਹ ਲੈਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਸਰਕਾਰਾਂ ਦੇ ਲਾਰੇ ਸੁਣਨੇ ਬੰਦ ਕਰ ਦਿਉ। ਅਸੀਂ ਦਿੱਲੀ ਜਾ ਕੇ ਜਬਰੀ ਥੋਪੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਹਨ। ਫਿਰ ਆਪਣੇ ਹੱਕ ਕਿਉਂ ਨਹੀਂ ਲੈਂਦੇ? ਰਾਜਨੀਤਕ ਪਾਰਟੀਆਂ ਸਭ ਇੱਕੋ ਹੀ ਹਨ। ਨਹਿਰਾਂ, ਸੂਏ, ਕੱਸੀਆਂ ਸਭ ਪੱਕੀਆਂ ਕਰ ਦਿੱਤੀਆਂ, ਪਾਣੀ ਰਿਸ ਕੇ ਧਰਤੀ ਵਿਚ ਕੀ ਜਾਣਾ ਸੀ! ਉਲਟਾ ਪੰਜਾਬੀਆਂ ਉੱਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਝੋਨੇ ਦੀ ਫ਼ਸਲ ਲਗਾ ਕੇ ਧਰਤੀ ਵਿਚੋਂ ਪਾਣੀ ਖਿੱਚਦੇ ਹਨ। ਇਸ ਲਈ ਪੰਜਾਬੀਓ, ਜਾਗੋ। ਆਪਣੇ ਹੱਕਾਂ ਲਈ ਜਾਗੋ। ਪੰਜਾਬ ਮਾਰੂਥਲ ਬਣਨ ਵੱਲ ਵਧ ਰਿਹਾ ਹੈ। ਆਪਣੇ ਹੱਕ ਪਛਾਣੋ ਤੇ ਜਲਦੀ ਤੋਂ ਜਲਦੀ ਪ੍ਰਾਪਤ ਕਰੋ।
ਸਰਕਾਰਾਂ ਆਪਾਂ ਬਣਾਉਂਦੇ ਹਾਂ, ਉਨ੍ਹਾਂ ਵੱਲ ਨਾ ਦੇਖੋ। ਖੇਤੀ ਆਪਣਾ ਮੁੱਖ ਧੰਦਾ ਹੈ, ਇਸ ਨੂੰ ਬਚਾਓ।
ਬਾਕੀ ਕੰਮ ਕਰ ਹੀ ਲਵਾਂਗੇ।
ਸੰਪਰਕ: 99148-80392