ਪ੍ਰਿੰਸੀਪਲ ਵਿਜੈ ਕੁਮਾਰ
ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਸਿੱਧ ਸਰਜਨ, ਮਨੋਵਿਗਿਆਨਕ ਤੇ ਸਿੱਖਿਆ ਸ਼ਾਸਤਰੀ ਜਾਵੇਦ ਮੁਹੰਮਦ ਦੇ ਇੱਕ ਸੈਮੀਨਾਰ ਦਾ ਵੀਡੀਓ ਸੁਣਨ ਨੂੰ ਮਿਲਿਆ। ਮੇਰੀ ਸਲਾਹ ਅਨੁਸਾਰ ਉਹ ਵੀਡਿਓ ਬੱਚਿਆਂ ਦੇ ਹਰ ਮਾਂ-ਬਾਪ, ਅਧਿਆਪਕਾਂ, ਸਿੱਖਿਆ ਸ਼ਾਸਤਰੀਆਂ ਅਤੇ ਸਾਡੇ ਦੇਸ਼ ਦੀਆਂ ਸਿੱਖਿਆ ਨੀਤੀਆਂ ਦੇ ਘਾੜਿਆਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਉਹ ਆਪਣੇ ਭਾਸ਼ਣ ਵਿੱਚ ਕਹਿੰਦਾ ਹੈ ਕਿ ਸਾਡੀਆਂ ਸਿੱਖਿਆ ਨੀਤੀਆਂ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਦੇ ਮਨ ਅਤੇ ਦਿਮਾਗ ਵਿੱਚ ਇਹ ਫਤੂਰ ਭਰ ਦਿੱਤਾ ਹੈ ਕਿ ਉਨ੍ਹਾਂ ਦਾ ਬੱਚਾ ਡਾਕਟਰ, ਇੰਜਨੀਅਰ, ਜੱਜ, ਪ੍ਰੋਫੈਸਰ, ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਚੰਗੀ ਕਮਾਈ ਵਾਲਾ ਵੱਡਾ ਅਫ਼ਸਰ ਬਣਨਾ ਚਾਹੀਦਾ ਹੈ। ਜੇਕਰ ਉਹ ਇਨ੍ਹਾਂ ਵਿੱਚੋਂ ਕੁੱਝ ਵੀ ਨਹੀਂ ਬਣਦਾ ਤਾਂ ਉਸ ਨੂੰ ਹੋਣਹਾਰ ਬੱਚਾ ਨਹੀਂ ਮੰਨਿਆ ਜਾਂਦਾ। ਅਧਿਆਪਕ ਨੂੰ ਕੌਮ ਦਾ ਨਿਰਮਾਤਾ ਤਾਂ ਕਿਹਾ ਜਾਂਦਾ ਹੈ ਪਰ ਕੋਈ ਵੀ ਮਾਂ-ਬਾਪ ਆਪਣੇ ਬੱਚੇ ਨੂੰ ਅਧਿਆਪਕ ਬਣਾਉਣ ਲਈ ਤਿਆਰ ਨਹੀਂ। ਇਹ ਗੱਲ ਕਿਵੇਂ ਸੰਭਵ ਹੋ ਸਕਦੀ ਹੈ ਕਿ ਹਰ ਬੱਚਾ ਡਾਕਟਰ, ਇੰਜਨੀਅਰ, ਜੱਜ, ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕੋਈ ਵੱਡਾ ਅਫ਼ਸਰ ਹੀ ਬਣੇ। ਚੰਗੇ ਵਪਾਰੀ, ਕਿਸਾਨ, ਕਾਰੀਗਰ, ਕਲਾਕਾਰ ਤੇ ਪੇਂਟਰ ਬਣਨ ਵਾਲੇ ਬੱਚੇ ਵੀ ਹੋਣਹਾਰ ਹੋ ਸਕਦੇ ਹਨ। ਜਿਹੜੇ ਮਾਪੇ ਆਪਣੇ ਬੱਚਿਆਂ ਉੱਤੇ ਉਨ੍ਹਾਂ ਦੀ ਬੌਧਿਕ ਯੋਗਤਾ ਦਾ ਅੰਦਾਜ਼ਾ ਲਗਾਉਣ ਤੋਂ ਬਿਨਾ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਜਾ ਕੇ ਉਨ੍ਹਾਂ ਨੂੰ ਡਾਕਟਰ, ਇੰਜਨੀਅਰ, ਜੱਜ, ਵਕੀਲ, ਪ੍ਰੋਫੈਸਰ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕੋਈ ਵੱਡਾ ਅਫ਼ਸਰ ਬਣਾਉਣ ਦੀ ਆਪਣੀ ਇੱਛਾ ਥੋਪਦੇ ਹਨ, ਉਹ ਮਾਪੇ ਖੁਦ ਵੀ ਪ੍ਰੇਸ਼ਾਨ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚੇ ਵੀ।
ਮਨੋਵਿਗਿਆਨਕਾਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਇਹ ਕਹਿਣਾ ਹੈ ਕਿ ਹਰ ਬੱਚੇ ਦੀ ਬੌਧਿਕ ਯੋਗਤਾ ਅਤੇ ਦਿਲਚਸਪੀ ਕਦੇ ਵੀ ਇੱਕੋ ਜਿਹੀ ਨਹੀਂ ਹੋ ਸਕਦੀ। ਕਿਸੇ ਵੀ ਬੱਚੇ ਦੀ ਬੌਧਿਕ ਯੋਗਤਾ ਤੋਂ ਵੱਧ ਕੇ ਅਤੇ ਉਸ ਦੀ ਦਿਲਚਸਪੀ ਤੋਂ ਹਟਕੇ ਉਸ ਲਈ ਖੇਤਰ ਦੀ ਚੋਣ ਕਰਨਾ ਉਸ ਦੀ ਜ਼ਿੰਦਗੀ ਨਾਲ ਬੇਇਨਸਾਫ਼ੀ ਕਰਨਾ ਹੁੰਦਾ ਹੈ। ਮਾਪਿਆਂ ਦੀ ਉਮੀਦ ’ਤੇ ਬੱਚਿਆਂ ਦੁਆਰਾ ਪੂਰਾ ਨਾ ਉਤਰਨ ਦੀ ਹਾਲਤ ਵਿੱਚ ਮਾਪਿਆਂ ਦਾ ਬੱਚਿਆਂ ਨੂੰ ਵਾਰ ਵਾਰ ਕੋਸਣਾ, ਉਨ੍ਹਾਂ ਨੂੰ ਬੁਰਾ ਭਲਾ ਕਹਿਣਾ ਅਤੇ ਉਨ੍ਹਾਂ ਦਾ ਮੁਕਾਬਲਾ ਹੁਸ਼ਿਆਰ ਬੱਚਿਆਂ ਨਾਲ ਕਰਕੇ ਉਨ੍ਹਾਂ ਨੂੰ ਤਾਅਨੇ ਮਿਹਣੇ ਦੇਣੇ, ਕਈ ਵਾਰ ਬੱਚਿਆ ਨੂੰ ਮਾਨਸਿਕ ਤੌਰ ’ਤੇ ਬਿਮਾਰ, ਦਬੂ, ਵਿਦਰੋਹੀ ਤੇ ਹੀਣਭਾਵਨਾ ਦਾ ਸ਼ਿਕਾਰ ਬਣਾ ਦਿੰਦਾ ਹੈ। ਕਈ ਵਾਰ ਤਾਂ ਅਜਿਹੇ ਬੱਚੇ ਆਤਮ ਹੱਤਿਆ ਦਾ ਕਦਮ ਵੀ ਚੁੱਕ ਬੈਠਦੇ ਹਨ। ਕੋਈ ਸਮਾਂ ਸੀ ਕਿ ਬੱਚਿਆਂ ਦੇ ਮਾਪੇ ਕੇਵਲ ਐਨੇ ਨਾਲ ਹੀ ਸੰਤੁਸ਼ਟ ਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ। ਉਨ੍ਹਾਂ ਦੇ ਬਹੁਤ ਚੰਗੇ ਅੰਕ ਆਉਂਦੇ ਹਨ ਪਰ ਅੱਜਕੱਲ੍ਹ ਤਾਂ ਬੱਚਿਆਂ ਦੇ ਮਾਪੇ ਉਨ੍ਹਾਂ ਵਲੋਂ 98 ਫ਼ੀਸਦ ਅੰਕ ਲਏ ਜਾਣ ’ਤੇ ਵੀ ਸੰਤੁਸ਼ਟ ਨਹੀਂ ਹੁੰਦੇ। ਉਨ੍ਹਾਂ ਦੀ ਆਪਣੇ ਬੱਚਿਆਂ ਪ੍ਰਤੀ ਸ਼ਿਕਾਇਤ ਇਹ ਵੀ ਹੁੰਦੀ ਹੈ ਕਿ ਉਹ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਕਿਉਂ ਨਹੀਂ ਆਇਆ? ਉਸ ਦੀ ਮੈਰਿਟ ਕਿਉਂ ਨਹੀਂ ਆਈ? ਮਾਪਿਆਂ ਦੀ ਆਪਣੇ ਬੱਚਿਆਂ ਪ੍ਰਤੀ ਇਸ ਸੋਚ ਅਤੇ ਉਮੀਦ ਨੇ ਬੱਚਿਆਂ ਤੋਂ ਉਨ੍ਹਾਂ ਦੀ ਚੰਗੀ ਸਿਹਤ ਖੋਹ ਲਈ ਹੈ। ਉਹ ਹੱਸਣਾ ਅਤੇ ਖੇਡਣਾ ਭੁੱਲ ਗਏ ਹਨ। ਅਜੇ ਬੱਚੇ ਨੇ ਸੁਰਤ ਵੀ ਸੰਭਾਲੀ ਨਹੀਂ ਹੁੰਦੀ ਕਿ ਉਸ ਨੂੰ ਸਕੂਲ ਤੌਰ ਦਿੱਤਾ ਜਾਂਦਾ ਹੈ।
ਬੱਚੇ ਲਈ ਸਕੂਲ ਦੀ ਚੋਣ ਕਰਨ ਲੱਗਿਆਂ ਇਹ ਵੀ ਨਹੀਂ ਵੇਖਿਆ ਜਾਂਦਾ ਕਿ ਉਸ ਦੇ ਸਕੂਲ ਤੋਂ ਉਨ੍ਹਾਂ ਦੇ ਘਰ ਦੀ ਦੂਰੀ ਕਿੰਨੀ ਹੈ। ਵਧੀਆ ਸਕੂਲ ਦੀ ਚੋਣ ਦੇ ਚੱਕਰ ਵਿੱਚ ਇਹ ਵੀ ਨਹੀਂ ਵੇਖਿਆ ਜਾਂਦਾ ਕਿ ਬੱਚਾ ਹਰ ਰੋਜ਼ ਐਨੀ ਦੂਰੀ ਕਿਵੇਂ ਤੈਅ ਕਰੇਗਾ? ਇਸ ਲਈ ਸਾਡੇ ਦੇਸ਼ ਦੀਆਂ ਸਿੱਖਿਆ ਨੀਤੀਆਂ ਜ਼ਿੰਮੇਵਾਰ ਹਨ। ਇੱਕ ਪ੍ਰਸਿੱਧ ਮਨੋਵਿਗਿਆਨਕ ਦੀ ਖੋਜ ਅਨੁਸਾਰ ਇਹ ਕਿਹਾ ਗਿਆ ਹੈ ਕਿ ਸਾਡੇ ਦੇਸ਼ ਦੀਆਂ ਸਿੱਖਿਆ ਨੀਤੀਆਂ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ ਬੱਚਿਆਂ ਨੂੰ ਗੁਸੈਲੇ, ਚਿੜਚਿੜੇ, ਅਨੁਸ਼ਾਸ਼ਨਹੀਣ, ਬਦਲਾ ਖੋਰ ਅਤੇ ਵਿਦਰੋਹੀ ਬਣਾ ਰਹੀਆਂ ਹਨ। ਸਾਡੇ ਦੇਸ਼ ਦੀਆਂ ਸਰਕਾਰਾਂ ਦਾ ਸਿੱਖਿਆ ਦੀ ਇਸ ਖਾਮੀ ਵੱਲ ਕੋਈ ਧਿਆਨ ਹੀ ਨਹੀਂ। ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਨੀਵਾਂ ਹੋਣ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੱਛਮੀ ਦੇਸ਼ਾਂ ਵਿੱਚ ਸਕੂਲਾਂ ਵਿੱਚ ਦਾਖਲੇ ਲਈ ਜ਼ੋਨ ਵਿਵਸਥਾ ਕੀਤੀ ਗਈ ਹੈ। ਬੱਚੇ ਦੇ ਸਕੂਲ ਦੀ ਦੂਰੀ ਉਸ ਦੇ ਘਰ ਤੋਂ ਘੱਟ ਤੋਂ ਘੱਟ ਹੋਵੇਗੀ। ਉਨ੍ਹਾਂ ਦੇਸ਼ਾਂ ਦੇ ਸਕੂਲ ਸਾਡੇ ਦੇਸ਼ ਦੇ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਹਨ। ਬੱਚਿਆਂ ਉੱਤੇ ਪੜ੍ਹਾਈ ਦਾ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਹੈ। ਸਕੂਲ ਪੱਧਰ ਤੱਕ ਦੀ ਸਿੱਖਿਆ ਬਿਲਕੁੱਲ ਮੁਫ਼ਤ ਹੈ। ਬੱਚੇ ਨੇ ਕੀ ਬਣਨਾ ਹੈ, ਇਸ ਦਾ ਫੈਸਲਾ ਬੱਚਿਆਂ ਦੇ ਮਾਪੇ ਨਹੀਂ ਸਗੋਂ ਉਨ੍ਹਾਂ ਦੇਸ਼ਾਂ ਦੀ ਸਿੱਖਿਆ ਵਿਵਸਥਾ ਕਰਦੀ ਹੈ।
ਬੱਚਿਆਂ ਉੱਤੇ ਨਿਯਮਾਂ ਦਾ ਬੋਝ ਥੋਪ ਕੇ ਨਹੀਂ ਸਗੋਂ, ਉਨ੍ਹਾਂ ਨੂੰ ਆਜ਼ਾਦ ਮਾਹੌਲ ਵਿੱਚ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਦੇਸ਼ਾਂ ਵਿੱਚ ਬੱਚਿਆਂ ਦੀ ਸਿਹਤ ਅਤੇ ਆਜ਼ਾਦੀ ਨੂੰ ਪਹਿਲ ਦਿੱਤੀ ਜਾਂਦੀ ਹੈ।
ਜਪਾਨ ਵਿੱਚ ਬੱਚੇ ਨੂੰ ਸਾਰੇ ਵਿਸ਼ਿਆਂ ਦਾ ਕੰਮ ਦੇ ਕੇ ਇਹ ਵੇਖਿਆ ਜਾਂਦਾ ਹੈ ਕਿ ਉਹ ਸਭ ਤੋਂ ਪਹਿਲਾਂ ਕਿਸ ਵਿਸ਼ੇ ਦੇ ਕੰਮ ਨੂੰ ਕਰਨ ਲਈ ਪਹਿਲ ਦਿੰਦਾ ਹੈ। ਉਸ ਆਧਾਰ ’ਤੇ ਉਸ ਲਈ ਕਿੱਤੇ ਦੀ ਚੋਣ ਕੀਤੀ ਜਾਂਦੀ ਹੈ। ਅਜੋਕੇ ਯੁੱਗ ਵਿੱਚ ਪੜ੍ਹੇ ਲਿਖੇ ਮਾਪੇ ਇਹ ਜਾਣਨ ਲਈ ਕਿ ਉਨ੍ਹਾਂ ਦੇ ਬੱਚੇ ਦਾ ਬੌਧਿਕ ਪੱਧਰ ਕੀ ਹੈ, ਉਸ ਨੂੰ ਕਿਹੜੇ ਖੇਤਰ ਵਿੱਚ ਭੇਜਣਾ ਚਾਹੀਦਾ ਹੈ, ਆਪਣੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿੱਚ ਬਣੇ ਕੌਂਸਲਿੰਗ ਸੈੱਲਾਂ ਵਿੱਚ ਲਿਜਾ ਕੇ ਹਜ਼ਾਰਾਂ ਰੁਪਏ ਖਰਚ ਕਰਕੇ ਉਨ੍ਹਾਂ ਦੇ ਟੈਸਟ ਕਰਵਾਉਂਦੇ ਹਨ ਪਰ ਪੱਛਮੀ ਦੇਸ਼ਾਂ ਵਿੱਚ ਸਿੱਖਿਆ ਵਿਵਸਥਾ ਆਪਣੇ ਆਪ ਬੱਚੇ ਦਾ ਬੌਧਿਕ ਪੱਧਰ ਅਤੇ ਉਸ ਲਈ ਕਿੱਤੇ ਦਾ ਖੇਤਰ ਤੈਅ ਕਰ ਦਿੰਦੀ ਹੈ। ਪੜ੍ਹਾਈ ਦੇ ਬੋਝ ਅਤੇ ਮਾਪਿਆਂ ਦੇ ਕਾਰਨ ਬੱਚੇ ਰਾਤ ਨੂੰ ਸੁੱਤੇ ਪਏ ਵੀ ਅੰਗਰੇਜ਼ੀ ਅਤੇ ਹਿਸਾਬ ਦਾ ਟੈਸਟ ਯਾਦ ਕਰ ਰਹੇ ਹੁੰਦੇ ਹਨ। ਮਾਪੇ ਉਸ ਨੂੰ ਸੁਣਕੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਦਾ ਕਿੰਨਾ ਫ਼ਿਕਰ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਬੱਚੇ ਦਾ ਵਿਕਾਸ ਰੁਕ ਰਿਹਾ ਹੈ। ਇੱਕ ਬੱਚੇ ਦੇ ਮਾਪੇ ਉਸ ਨੂੰ ਉਸ ਦੀ ਸਿਹਤ ਨਾ ਬਣਨ ਕਰਕੇ ਅਨੇਕ ਵੱਡੇ ਹਸਪਤਾਲਾਂ ਦੇ ਡਾਕਟਰਾਂ ਕੋਲ ਲੈਕੇ ਗਏ। ਬੱਚਾ ਸੱਤਵੀਂ ਜਮਾਤ ਵਿੱਚ ਪੜ੍ਹਦੇ ਹੋਏ ਵੀ ਚੌਥੀ ਜਮਾਤ ਦਾ ਬੱਚਾ ਲੱਗਦਾ ਸੀ। ਉਸ ਦੀ ਜਮਾਤ ਦੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸੀ। ਬੱਚੇ ਵਿੱਚ ਹੀਣਭਾਵਨਾ ਆ ਚੁੱਕੀ ਸੀ। ਉਸ ਦੇ ਸਾਰੇ ਟੈਸਟ ਹੋਏ ਪਰ ਕੋਈ ਬਿਮਾਰੀ ਨਾ ਨਿਕਲੀ। ਅਖੀਰ ਵਿੱਚ ਡਾਕਟਰਾਂ ਨੇ ਉਸ ਦੇ ਮਾਪਿਆਂ ਨੂੰ ਇਹ ਸੁਝਾਅ ਦਿੱਤਾ ਕਿ ਤੁਹਾਡਾ ਬੱਚਾ ਦਬਾਅ ਦਾ ਸ਼ਿਕਾਰ ਹੈ। ਜੇਕਰ ਆਪਣੇ ਬੱਚੇ ਦੀ ਚੰਗੀ ਸਿਹਤ ਚਾਹੁੰਦੇ ਹੋ ਤਾਂ ਆਪਣੇ ਬੱਚੇ ਉੱਤੋਂ ਪੜ੍ਹਾਈ ਦਾ ਬੋਝ ਘਟਾਓ।
ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜਨੀਅਰ ਜਾਂ ਵੱਡੇ ਅਫ਼ਸਰ ਬਣਾਉਣ ਦੀ ਦੌੜ ਵਿੱਚ ਪ੍ਰਾਂਤਕ ਬੋਰਡਾਂ ਵਾਲੇ ਸਕੂਲਾਂ ਨੂੰ ਛੱਡ ਕੇ ਕੇਂਦਰੀ ਸਿੱਖਿਆ ਬੋਰਡਾਂ ਵਾਲੇ ਸਕੂਲਾਂ ਵਿੱਚ ਦਾਖਲ ਕਰਾਉਣ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਉਨ੍ਹਾਂ ਬੋਰਡਾਂ ਦਾ ਸਿਲੇਬਸ ਪ੍ਰਾਂਤਕ ਬੋਰਡਾਂ ਨਾਲੋਂ ਕਿਤੇ ਵਧੇਰੇ ਅਤੇ ਔਖਾ ਹੈ ਪਰ ਬੱਚਿਆਂ ਦੇ ਮਾਪੇ ਇਸ ਗੱਲ ਤੋਂ ਅਣਜਾਣ ਬਣੇ ਰਹਿੰਦੇ ਹਨ ਕਿ ਔਖੇ ਸਿਲੇਬਸ ਬੱਚਿਆਂ ਦੇ ਦਿਮਾਗ ਉੱਤੇ ਦਬਾਅ ਅਤੇ ਬੋਝ ਵੀ ਪਾਉਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਦੇਸ਼ ਦੇ ਬੋਰਡਾਂ ਦਾ ਸਿਲੇਬਸ ਇੱਕੋ ਜਿਹਾ ਕੀਤਾ ਜਾਵੇ। ਸਰਕਾਰਾਂ ਨੂੰ ਦੇਸ਼ ਦੀਆਂ ਸਿੱਖਿਆ ਨੀਤੀਆਂ ਵਿੱਚ ਲੋੜੀਂਦੀ ਸੋਧ ਕਰਨੀ ਚਾਹੀਦੀ ਹੈ ਤਾਂ ਕਿ ਬੱਚਿਆਂ ਉੱਤੇ ਪੜ੍ਹਾਈ ਦਾ ਬੋਝ ਪੈਣ ਤੋਂ ਬਚ ਸਕੇ। ਸਾਰੇ ਬੋਰਡਾਂ ਦਾ ਸਿਲੇਬਸ ਇੱਕੋ ਜਿਹਾ ਕੀਤਾ ਜਾਵੇ। ਬੱਚਿਆਂ ਨੂੰ ਸਕੂਲ ਭੇਜਣ ਦੀ ਉਮਰ ਵਿੱਚ ਵਾਧਾ ਕੀਤਾ ਜਾਵੇ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕੀਤਾ ਜਾਵੇ। ਬੱਚਿਆਂ ਨੂੰ ਘੱਟ ਤੋਂ ਘੱਟ ਦੂਰੀ ਵਾਲੇ ਸਕੂਲਾਂ ਵਿੱਚ ਦਾਖਲ ਕਰਵਾਉਣਾ ਲਾਜ਼ਮੀ ਬਣਾਇਆ ਜਾਵੇ। ਬੱਚਿਆਂ ਉੱਤੋਂ ਵਾਧੂ ਸਿਲੇਬਸ ਦਾ ਬੋਝ ਘਟਾਇਆ ਜਾਵੇ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਉੱਤੇ ਆਪਣੀਆਂ ਇੱਛਾਵਾਂ ਨਾ ਥੋਪਣ। ਉਨ੍ਹਾਂ ਦੀ ਬੌਧਿਕ ਯੋਗਤਾ ਤੋਂ ਵੱਧ ਕੇ ਉਨ੍ਹਾਂ ਤੋਂ ਡਾਕਟਰ, ਇੰਜਨੀਅਰ, ਜੱਜ ਵਕੀਲ ਪ੍ਰੋਫੈਸਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਵੱਡੇ ਅਫਸਰ ਬਣਨ ਦੀ ਉਮੀਦ ਨਾ ਰੱਖਣ। ਉਨ੍ਹਾਂ ਦੀ ਦਿਲਚਸਪੀ ਤੋਂ ਹਟਕੇ ਉਨ੍ਹਾਂ ਲਈ ਹੋਰ ਖੇਤਰ ਦੀ ਚੋਣ ਨਾ ਕਰਨ। ਉਨ੍ਹਾਂ ਉੱਤੇ ਜ਼ਰੂਰਤ ਤੋਂ ਜ਼ਿਆਦਾ ਬੋਝ ਨਾ ਪਾਇਆ ਜਾਵੇ।
ਸੰਪਰਕ: 9972627136