ਮਜ਼ਹਰ ਤਿਰਮਜ਼ੀ ਦੀ ਕਵਿਤਾ

ਮਜ਼ਹਰ ਤਿਰਮਜ਼ੀ ਦੀ ਕਵਿਤਾ

ਮਜ਼ਹਰ ਤਿਰਮਜ਼ੀ, ਲੰਦਨ, ਅਕਤੂਬਰ 2021. ‘ਉਮਰਾਂ ਲੰਘੀਆਂ ਪੱਬਾਂ ਭਾਰ’ ਗੀਤ ਦਾ ਲਿਖਾਰੀ ਫ਼ੋਟੋਕਾਰ: ਅਮਰਜੀਤ ਚੰਦਨ

ਅਮਰਜੀਤ ਚੰਦਨ

ਮਜ਼ਹਰ ਤਿਰਮਜ਼ੀ ਅਪਣੇ ਈ ਵਰਗਾ ਨਿਆਰਾ ਸ਼ਾਇਰ ਹੈ। ਆਓ, ਵੇਖੀਏ ਕਿਵੇਂ।

ਬਹੁਤੇ ਮਰਦ ਕਵੀ ਵੀ ਪਰਮਾਤਮਾ (‘ਪਰਮ+ਆਤਮਾ’ ਇਸਤਰੀ ਲਿੰਗ) ਨੂੰ ਪੁਰਖ ਦੀ ਸ਼ਕਲ ਵਿਚ ਦੇਖਦਿਆਂ ਤੇ ਆਪ ਇਸਤਰੀ ਬਣ ਕੇ ਸ਼ਹੁ ਨੂੰ ਤੇ ਜਣਦੀ ਮਾਂ ਨੂੰ ਅਪਣੇ ਹੋਣ ਦੀ ਪੀੜ ਦਸਦੇ ਰਹੇ ਹਨ। ਮਜ਼ਹਰ ਦੀ ਕਵਿਤਾ ਵਿਚ ਕਿਤੇ ਵੀ ਪਰਮਾਤਮਾ ਦਾ ਦਖ਼ਲ ਨਹੀਂ ਹੈ ਤੇ ਇਹਨੇ ਅਪਣੇ ਹੋਣ ਦੀ ਪੀੜ ਦਾ ਹਾਲ ਨਾ ਸੂਫ਼ੀਆਂ ਵਾਂਙ ਔਰਤ ਬਣ ਕੇ ਦੱਸਿਆ ਹੈ ਤੇ ਨਾ ਕਿਤੇ ਰੱਬ ਅੱਗੇ ਮਿੰਨਤਜ਼ਾਰੀ ਕੀਤੀ ਹੈ।

ਪੰਜਾਬੀ ਸਮਾਜ ਵਿਚ ਵੀ ਮਰਦ ਨੂੰ ਬੇਹਿਸ ਜਾਣਿਆ ਜਾਂਦਾ ਹੈ; ਕਿ ਔਰਤ ਸਭ ਤੋਂ ਵਧ ਕੇ ਮਜ਼ਲੂਮ ਹੈ ਤੇ ਸਭ ਤੋਂ ਵਧ ਦੁੱਖ ਵੀ ਇਹੋ ਜਰਦੀ ਹੈ। ਪੰਜਾਬੀ ਕਵਿਤਾ ਵਿਚ ਮਰਦ ਕਵੀ ਅਪਣਾ ਮਾਂ ਕੋਲ਼ ਦੁੱਖ ਫੋਲ਼ਦਾ ਹੈ; ਪਿਉ ਕੋਲ਼ ਨਹੀਂ। ਮਜ਼ਹਰ ਨੇ ਦੁੱਖ ਦੇ ਇਜ਼ਹਾਰ ਦੀ ਸੂਫ਼ੀ ਰੀਤ ਤੱਜ ਕੇ ਨਵੇਂ ਮੁਹਾਵਰੇ ਵਿਚ ਗੱਲ ਕੀਤੀ ਹੈ। ਜੇ ਕਿਤੇ ਅਪਣਾ ਹਾਲ ਦੱਸਦਾ ਹੈ, ਤਾਂ ਅਪਣੇ ਆਪ ਨੂੰ ਦਸਦਾ ਹੈ। ਖੌਰੇ ਇਸ ਲਈ ਕਿ ਕਿਸੇ ਨੇ ਇਹਦਾ ਦੁੱਖ ਸਮਝਣਾ ਨਹੀਂ ਜਾਂ ਦੁੱਖ ਦੱਸਿਆ ਹੀ ਨਹੀਂ ਜਾ ਸਕਦਾ।

ਰਾਤ ਦੀ ਅੰਨ੍ਹੀ ਰੁਸ਼ਨਾਈ ਸੀ

...ਮੈਂ ਅਪਣੀ ਹੀ ਲੋਰ ਚ ਡੋਲਦਾ ਢਲ਼ਿਆ

ਬੁੱਢੜੇ ਹੱਥ ਸਹਾਰਾ ਮੰਗਿਆ...

ਮੇਰੇ ਯਾਰ ਦੁਖੀ ਨੇ ਅਪਣਾ ਆਪ ਧਰੂ ਕੇ

ਮੇਰੇ ਮੋਢੇ ਤੋਂ ਸਿਰ ਚੁੱਕ ਕੇ

ਪੈਰ ਜ਼ਮੀਨ ’ਤੇ ਧਰਿਆ

ਘਰ ਦਾ ਬੂਹਾ ਫੜਿਆ। (ਦੁੱਖ ਦੀ ਮਿਲਣੀ)

ਮਜ਼ਹਰ ਦੀ ਮਾਂ-ਬੋਲੀ ਦੁਆਬੀ ਹੈ। ਇਹਦਾ ਜਨਮ ਸੰਨ 1951 ਦਾ ਹੈ; ਮਿੰਟਗੁਮਰੀ ਸਾਹੀਵਾਲ਼ ਦੇ ਗਰਾਂ ਚੀਚਾਵਤਨੀ ਦਾ, ਜਿੱਥੇ ਇਹਦੇ ਘਰ ਦੇ ਦੁਆਬੇ ਦੀ ਧੁੰਨੀ ਦੇ ਪਿੰਡ ਸਰਹਾਲ਼ ਕਾਜ਼ੀਆਂ ਤੋਂ ਸੰਨ ਸੰਤਾਲ਼ੀ ਵਿਚ ਉੱਠ ਕੇ ਗਏ ਸਨ। ਮਜ਼ਹਰ ਦੀ ਕਵਿਤਾ ਵਿਚ ਸਾਹੀਵਾਲ਼ੀ ਦਾ ਰੰਗ ਆਉਣਾ ਤਾਂ ਸੁਭਾਉਕੀ ਸੀ, ਪਰ ਸਮੁੱਚੀ ਸੁਰ ਦੁਆਬੀ ਦੀ ਹੀ ਹੈ। ਇਸ ਸੁਰ ਦੀ ਧੁਨੀ (ਸਾਊਂਡ) ਤੇ ਕਣ (ਟੋਨ, ਟੈਕਸਚਰ, ਰੰਗ) ਨੂੰ ਲਿਖ ਕੇ ਨਹੀਂ ਦੱਸਿਆ ਜਾ ਸਕਦਾ; ਸਿਰਫ਼ ਸੁਣਿਆ ਹੀ ਜਾਂਦਾ ਹੈ। ਇਹ ਸਮਝ ਵੀ ਕੋਈ ਦੁਆਬੀਆ ਹੀ ਸਕਦਾ ਹੈ। (ਓਵੇਂ ਹੀ ਜਿਵੇਂ ਕੋਈ ਲਹੌਰੀਆ ਲਹੌਰੀ ਸਮਝਦਾ ਹੋਵੇਗਾ।) ਨਿਰੇ ਕੰਨ ਨਹੀਂ, ਸਾਡਾ ਸਾਰਾ ਸਰੀਰ ਸੁਣਦਾ ਹੈ। ਸੁਰ ਲਹੂ ਵਿਚ ਗਰਦਿਸ਼ ਕਰਦੀ ਹੈ। ਠੇਠ ਦੁਆਬੀ ਤੁਫ਼ੈਲ ਨਿਆਜ਼ੀ ਦੇ ਗਾਉਣ ਵਿਚ, ਮੁਨੀਰ ਨਿਆਜ਼ੀ ਤੇ ਹਬੀਬ ਜਾਲਿਬ ਦੀ ਪੰਜਾਬੀ ਵਿਚ ਲਿਖੀ ਕਵਿਤਾ ਵਿਚ ਸੁਣਦੀ ਹੈ।

ਲੰਦਨ ਦੇ ਕਿਸੇ ਹਸਪਤਾਲ ਵਿਚ ਇਕ ਵਾਰੀ ਮੇਰੇ ਨਾਲ਼ ਚਮਤਕਾਰ ਹੋਇਆ ਮੈਂ ਅਪਣੀ ਵਾਰੀ ਉਡੀਕਦਾ ਨਾਲ਼ ਬੈਠੀ ਬੀਬੀ ਨਾਲ਼ ਗੱਲੀਂ ਲਗ ਪਿਆ। ਮੈਂ ਇਕਦਮ ਪੁੱਛਿਆ: ਬੀਬੀ ਤੂੰ ਨਕੋਦਰ ਦੀ ਐਂ?

ਉਹ ਬੋਲੀ: ਹਾਂ।

ਉਹਨੇ ਤਾਂ ਹੈਰਾਨ ਹੋਣਾ ਈ ਸੀ; ਮੈਂ ਆਪ ਹੈਰਾਨ ਸੀ ਕਿ ਇਕਦਮ ਮੈਂ ਆਵਾਜ਼ ਤੋਂ ਹੀ ਕਿਵੇਂ ਪਛਾਣ ਲਿਆ ਕਿ ਇਹ ਬੀਬੀ ਨਕੋਦਰ ਦੀ ਹੈ। ਇਹਦੀ ਆਵਾਜ਼ ਵਿਚ ਮੈਨੂੰ ਅਪਣੀ ਮਾਂ ਤੇ ਭੈਣਾਂ ਬੋਲਦੀਆਂ ਸੁਣੀਆਂ ਸਨ। ਉਸ ਦੱਸਿਆ ਉਹ ਵੱਡੇ ਰੌਲ਼ਿਆਂ ਵੇਲੇ ਦੋ ਸਾਲ ਦੀ ਸੀ। ਪਿੰਡ ਨਕੋਦਰ ਲਾਗੇ ਮਾਲੜੀ। ਇਹਦਾ ਬਾਪ ਨੂਰਪੁਰ ਵਿਚ ਸਕੂਲ ਮਾਸਟਰ ਸੀ। ਉੱਠ ਕੇ ਪਾਕਿਸਤਾਨ ਚਲੇ ਗਏ; ਇਨ੍ਹਾਂ ਮੁੜ ਮਾਲੜੀ ਨਹੀਂ ਆਏ। ਉਸ ਬੀਬੀ ਰਾਣੀ ਦੀ ਬਾਣੀ ਵਿਚ ਐਸੀਆਂ ਤਰੰਗਾਂ ਸਨ, ਜਿਨ੍ਹਾਂ ਨੇ ਇਕਦਮ ਮੈਨੂੰ ਗਲ਼ ਨਾਲ਼ ਲਾ ਲਿਆ ਸੀ।

ਵਿਜੋਗ ਪਰਦੇਸ

ਮਾਰਕਸ ਨੇ ਸਰਮਾਏਦਾਰੀ ਸਮਾਜ ਵਿਚ ਬੰਦੇ ਦੀ ਤੇ ਖ਼ਾਸ ਕਰਕੇ ਕਿਰਤੀ ਦੇ ਚਾਰ ਤਰ੍ਹਾਂ ਦੇ ਵਿਜੋਗ (ਏਲੀਏਨੇਸ਼ਨ) ਦੀ ਗੱਲ ਕੀਤੀ: ਬੰਦਾ ਪ੍ਰਕ੍ਰਿਤੀ ਅਪਣੇ ਖ਼ਾਸੇ ਨਾਲ਼ੋਂ, ਸਮਾਜ ਨਾਲ਼ੋਂ, ਅਪਣੀ ਕਿਰਤ ਨਾਲ਼ੋਂ, ਅਪਣੇ ਆਪ ਨਾਲ਼ੋਂ ਵਿਜੋਗਿਆ ਜਾਂਦਾ ਹੈ। ਪਰ ਮਾਰਕਸ ਨੇ ਸਰਮਾਏਦਾਰੀ ਦੌਰ ਵਿਚ ਪਰਦੇਸੀ ਹੋਏ ਕਿਰਤੀ ਦੀ ਗੱਲ ਨਹੀਂ ਕੀਤੀ, ਜਦਕਿ ਉਹ ਆਪ ਪਰਦੇਸ ਜਲਾਵਤਨੀ ਦੇ ਜਾਨਲੇਵਾ ਰੋਗ ਦਾ ਝੰਬਿਆ ਹੋਇਆ ਸੀ। ਇਥੇ ਹਵਾਲਾ ਵਤਨ ਤੇ ਬੇਵਤਨੀ ਦਾ ਹੈ। ਅਪਣੇ ਵਤਨ ਵਿਚ ਅਪਣੇ ਘਰ ਬੈਠੇ ਬੰਦੇ ਦਾ ਪਰਦੇਸੀ ਹੋਏ ਬੰਦੇ ਦਾ ਦੁੱਖ ਇੱਕੋ-ਜਿਹਾ ਨਹੀਂ ਹੁੰਦਾ। ਕਿਰਤੀ ਅਪਣੇ ਭੋਇੰ ਅਪਣੀ ਬੋਲੀ ਨਾਲ਼ੋਂ ਵੀ ਤਾਂ ਟੁੱਟ ਜਾਂਦਾ ਹੈ। ਫਿਰ ‘ਨਿੱਕਾ-ਨਿੱਕਾ ਗਮ ਕਰਦਾ ਬੰਦਾ ਮਰਜਾਂ’ ਤੇ ਹੋਣੀ ਦਾ ਰੋਗ ਲੁਆ ਬਹਿੰਦਾ ਹੈ।

ਸਾਨੂੰ ਮਾਰਿਆ ਸਾਡੀ ਗ਼ਰੀਬੀ ਨੇ

ਨਹੀਂ ਤਾਂ ਅਸੀਂ ਵੀ ਮਿਣ ਮਿਣ ਗੱਲਾਂ ਕਰਦੇ

ਛਾਤੀ ’ਤੇ ਹੱਥ ਮਾਰ ਕੇ ਕਹਿੰਦੇ

ਬੋਲੀ ਸਾਡੀ ਜੀਵਨੀ ਏ... 

(ਬੋਲੀ ਨਾਲ਼ੋਂ ਤਰੁੱਟਿਆ ਬੰਦਾ)

ਅਰਬੀ ਦਾ ਸ਼ਬਦ ‘ਗ਼ਰੀਬ’ ਪਰਦੇਸੀ, ਓਭੜ, ਅਜਨਬੀ ਦੇ ਅਰਥ ਵਿਚ ਵੀ ਵਰਤੀਂਦਾ ਹੈ। ਗ਼ਰੀਬ ਦੇ ਹੋਰ ਵੀ ਮਾਅਨੇ ਹਨ: ਦਲਿਦਰੀ, ਕੰਗਾਲ, ਲਾਚਾਰ, ਦੁਖੀ, ਬੇਵਸ, ਬੇਸਹਾਰਾ।

ਯੂਰਪ ਅਮਰੀਕਾ ਵਸਦੇ ਪੰਜਾਬੀ ਲਿਖਾਰੀ ਬਾਬਾ ਨਾਨਕ ਜੀ ਦੀ ਇਸ ਤੁਕ ਦੀ ਗ਼ਲਤ ਵਿਆਖਿਆ ਕਰਦੇ ਹਨ: ਮਨੁ ਪਰਦੇਸੀ ਜੇ ਥੀਆ ਸਭੁ ਦੇਸੁ ਪਰਾਇਆ...। ਗੁਰੂ ਜੀ ਜਿਸ ਪਰਦੇਸ ਦੀ ਗੱਲ ਕਰਦੇ ਹਨ, ਉਹ ਪਾਸਪੋਰਟਾਂ ਵੀਜ਼ਿਆਂ ਵਾਲ਼ਾ ਪੌਂਡਾਂ ਡਾਲਿਆਂ ਵਾਲ਼ਾ ਪਰਦੇਸ ਨਹੀਂ ਹੈ। ਬੰਦਾ ਅਪਣੇ ਪਿੰਡ ਘਰ ਬੈਠਾ ਵੀ ਪਰਦੇਸੀ ਹੋ ਸਕਦਾ ਹੈ। ਇਹ ਪਰਦੇਸ ਵਿਜੋਗ ਦਾ ਹੈ। ਰੱਬ ਨਾਲ਼ੋਂ ਵਿਛੜੀ ਹੋਈ ਅੰਦਰਲੇ ਪਰਦੇਸ ਭਟਕਦੀ ਆਤਮਾ।

ਸਾਰਾ ਇਤਿਹਾਸ ਪਰਦੇਸਗਮਨ, ਪਰਵਾਸ, ਆਵਾਸ ਦਾ ਇਤਿਹਾਸ ਹੈ। ਕੋਈ ਵਿਰਲਾ ਹੀ ਪੰਜਾਬੀ ਹੋਣਾ ਹੈ, ਜਿਹਨੂੰ ਅਜੋਕੇ ਯੁੱਗ ਵਿਚ ਅਪਣਾ ਪਿੰਡ-ਗਰਾਂ ਨਾ ਛੱਡਣਾ ਪਿਆ ਹੋਵੇ। ਪੂੰਜੀਵਾਦ ਦੀ ਯਾਤਰਾ ਪਿੰਡ ਤੋਂ ਸ਼ਹਿਰ ਵਲ ਦੀ ਯਾਤਰਾ ਹੈ। ਸਾਡੇ ਵੇਲਿਆਂ ਦਾ ਸਭ ਤੋਂ ਵੱਡਾ ਵਿਸਥਾਪਨ (ਡਿਸਪਲੇਸਮੈਂਟ) ਸੰਨ ਸੰਤਾਲ਼ੀ ਦਾ ਉਜਾੜਾ ਸੀ। ਓਦੋਂ ਮਜ਼ਹਰ ਦੇ ਘਰ ਦੇ ਸਰਹਾਲ਼ ਕਾਜ਼ੀਓਂ ਉੱਜੜ ਕੇ ਲਹੌਰ ਗਏ ਤੇ ਓਥੋਂ ਅੱਗੇ ਸਾਹੀਵਾਲ਼। ਫੇਰ ਮਜ਼ਹਰ ਆਪ ਲਹੌਰ ਪੜ੍ਹਾਈ ਕਰਨ ਗਿਆ ਤੇ ਓਥੋਂ ਅਗਾਂਹ ਸਤ ਸਮੁੰਦਰ ਪਾਰ ਲੰਦਨ ਕਮਾਈਆਂ ਕਰਨ।

ਪੰਜਾਬੀਆਂ ਦੇ ਇਸ ਮਹਾਨ ਗਮਨ ਵਿਚ ਕੁਝ ਲਿਖਾਰੀਆਂ ਨੇ ਚੰਗੀ ਕਵਿਤਾ ਲਿਖੀ ਹੈ; ਭਾਵੇਂ ਕੋਈ ਕਲਾਸਿਕ ਨਾਵਲ ਕਹਾਣੀ ਨਹੀਂ ਲਿਖੀ ਗਈ। ਮਜ਼ਹਰ ਦੀਆਂ ਕਈ ਕਵਿਤਾਵਾਂ ਹੱਡ-ਬੀਤੇ ਪਰਦੇਸ ਗਮਨ ਦੀਆਂ ਹਨ।

ਪਰਦੇਸ ਨਾਲ਼ ਨੌਸਤੈਲਜੀਆ (ਹੇਰਵਾ) ਸ਼ਬਦ ਜੁੜਿਆ ਹੋਇਆ ਹੈ। ਇਹਦੀ ਜੜ੍ਹ ਯੂਨਾਨੀ ਸ਼ਬਦ ਨੋਸਤੋਸ ਵਿਚ ਹੈ; ਯਾਨੀ ਪਿਛਲ-ਯਾਤਰਾ, ਵਾਪਸੀ ਦਾ ਸਫ਼ਰ। ਬੰਦਾ ਯਾਦ ਦਾ ਹੀ ਤਾਂ ਬਣਿਆ ਹੋਇਆ ਹੈ। ਯਾਦ ਕਿੱਥੋਂ ਤਕ ਪਿਛਾਂਹ ਜਾ ਸਕਦੀ ਹੈ; ਕਿੰਨੀ-ਕੁ ਪੁਰਾਣੀ ਹੋ ਸਕਦੀ ਹੈ? ਓਥੋਂ ਤਕ ਜਿੱਥੇ ਤਕ ਬੰਦੇ ਨੂੰ ਜੀਉਣ ਦਾ ਆਸਰਾ ਹੋਵੇ। ਸਾਰੀ ਹਸਤੀ ਨੌਸਤੈਲਜੀਆ ਹੈ। ਸਾਰੀ ਭਾਸ਼ਾ ਨੌਸਤੈਲਜੀਆ ਹੈ। ਸਾਰਾ ਇਤਿਹਾਸ ਨੌਸਤੈਲਜੀਆ ਹੈ।

ਮਜ਼ਹਰ ਦੀ ਕਵਿਤਾ ਵਿਚ ਯਾਦ ਰੋਗ ਨਹੀਂ ਬਣਦੀ। ਇਸ ਤੋਂ ਜੀਣ ਦੀ ਸ਼ਕਤੀ ਮਿਲ਼ਦੀ ਹੈ। ਨੌਸਤੈਲਜੀਆ ਪਰਦੇਸ-ਰੋਗ ਦੀ ਦਵਾਈ ਹੈ। ਕਵੀ ਜਾਣਦਾ-ਬੁੱਝਦਾ ਵੀ ਪੁੱਛਦਾ ਹੈ: ਕਿੱਥੇ ਗਏ ਨੇ ਸਾਰੇ? (ਮਕਬਰੇ)

ਯਾਦਾਂ ਦਾ ਸਤਾਇਆ ਜਣਾ ਤਸਵੀਰਾਂ ਦਾ ਥੱਬਾ ਭਰ ਕੇ ਬਲ਼ਦੇ ਚੁੱਲ੍ਹੇ ਵਿਚ ਸੁੱਟਦਾ ਹੈ। (ਤਸਵੀਰਾਂ ਵੀ ਤਾਂ ਕਾਗ਼ਜ਼ ’ਤੇ ਛਪੀਆਂ ਪ੍ਰਤੱਖ ਯਾਦਾਂ ਹੀ ਹਨ)। 

ਜਣਾ ਬਲ਼ਦੀ ਅੱਗ ਵਿਚ ਆਪ ਛਾਲ਼ ਮਾਰਦਾ ਹੈ। ਪਰ ਮਾਂ ਅੱਗੇ ਹੋ ਕੇ ਬਚਾਅ ਲੈਂਦੀ ਹੈ; ਯਾਦਾਂ ਨੂੰ ਸਵਾਹ ਹੋਣ ਨਹੀਂ ਦਿੰਦੀ; ਤਸਵੀਰਾਂ ਅੱਗ ਚੋਂ ਕੱਢ ਲੈਂਦੀ ਹੈ। ਗਵਾਚਾ ਵੇਲਾ ਕਿਸੇ ਪੁਰਾਣੇ ਖੂਹ ਵਿਚ ਧੁਰ ਹੇਠਾਂ ਕਿਸੇ ਜਾਦੂਗਰ ਦਾ ਕੈਦ ਕੀਤਾ ਹੋਇਆ ਹੈ। ਇਹ ਜਾਦੂਗਰ ਕੌਣ ਹੈ? ਜਾਦੂਗਰਾਂ ਦਾ ਜਾਦੂਗਰ? ਪਰ ਉਹਨੂੰ ਤਾਂ ਕਵੀ ਮੰਨਦਾ ਨਹੀਂ।

ਕਵੀ ਦਾ ਚਿੱਤ ਕਰਦਾ ਏ ਕਿ ਸਭ ਕੁਝ ਪਹਿਲੋਂ ਵਾਂਗਰ ਹੋ ਜਾਵੇ। ਪਰ ਇੰਜ ਹੁੰਦਾ ਨਹੀਂ; ਹੋਣਾ ਨਹੀਂ। ਪਰਦੇਸੀ ਹੋਏ ਵਿਜੋਗੇ ਬੰਦੇ ਨੂੰ ਇਹਦਾ ਚਾਨਣ ਅਪਣੇ ਜੱਦੀ-ਪੁਸ਼ਤੀ ਪਿੰਡ ਸਰਹਾਲ਼ ਕਾਜ਼ੀਆਂ ਜਾ ਕੇ ਹੁੰਦਾ ਏ। ਇਹਨੂੰ ਵੱਡੇ ਅਦੀਬ ਜ੍ਹੌਨ ਬਰਜਰ ਨੇ ‘ਵਾਪਸੀ ਦਾ ਭੁਲੇਖਾ’ (ਮਿਥ ਆੱਵ ਰੀਟਰਨ) ਆਖਿਆ ਸੀ।

ਲੰਦਨ ਦਾ ਰੁੱਖੜਾ ਨਜ਼ਮ ਇੰਜ ਤੁਰਦੀ ਹੈ:

ਇਕ ਤੂੰ ਹੀ ਸਾਡੇ ਮਨ ਭਾਉਂਦਾ ਏਂ

ਬਾਹਾਂ ਅੱਡ ਖਲੋਨਾਂ ਏਂ

ਜੀਅ ਸਦਕੇ ਤੁਸੀਂ ਆਏ ਹੋ.

ਤੈਨੂੰ ਤੱਕਿਆਂ ਲਗਦਾ ਏ

ਓਹੀ ਰੁੱਤ ਪਰਤ ਆਈ ਏ

ਜਿਸ ਰੁੱਤੇ ਅਸੀਂ ਢੋਲੇ ਗਾਏ.

ਬ੍ਰਿਕ ਲੇਨ ਦੀ ਦੁਪਹਿਰ ਨਜ਼ਮ ਵਿਚ ‘ਯਾਰ ਮਨਾਂ...’ ਦੇ ਦੋ ਬੋਲਾਂ ਵਿਚ ਪਰਦੇਸੀ ਦੀ ਸਾਰੀ ਪੀੜ ਕਸ਼ੀਦ ਕੀਤੀ ਹੋਈ ਹੈ। ਗੁਮਸੁਮ ਮੁਰਦਾਰ ਉਦਾਸੀ... (ਰੇਨਬੋ ਵੇਖ ਕੇ)। ਇਕਲਾਪਾ; ਜਿਸ ਵਿੱਚੋਂ ਸ਼ਬਦਾਂ ਦੀਆਂ ਖੁੰਬਾਂ ਜੰਮਦੀਆਂ ਹਨ (ਸ਼ਬਦ)।

ਫ਼ਲਸਫ਼ਾ ਤੇ ਸ਼ਾਇਰੀ

ਫ਼ਲਸਫ਼ੇ ਤੇ ਸ਼ਾਇਰੀ ਦੀ ਸਮਝੀ ਜਾਂਦੀ ਟੱਕਰ ਅਸਲ ਵਿਚ ਹੈ ਨਹੀਂ। ਕਾਮਯਾਬ ਨਜ਼ਮ ਅਪਣਾ ਮਨਤਕ ਆਪ ਘੜਦੀ ਹੈ। ਇਹ ਹੋਣੀ ਨੂੰ ਅਣਹੋਣੀ ਬਣਾਉਂਦੀ ਹੈ। ਆਸਮਾਨ ਨੂੰ ਟਾਕੀ ਲਾਉਂਦੀ ਹੈ। ਇਸ ਵਿਚ ਸਾਰਾ ਗਗਨ ਥਾਲ ਬਣ ਜਾਂਦਾ ਹੈ, ਜਿਸ ਵਿਚ ਪਿਆ ਸੂਰਜ ਦਾ ਦੀਵਾ ਬਲ਼ਦਾ ਹੈ। ਸੁਰਗ ਨੂੰ ਪੌੜੀਆਂ ਲਗਦੀਆਂ ਹਨ।

ਮਜ਼ਹਰ ਦੀ ਕਵਿਤਾ ਵਿਚ ਆਦਿ-ਜੁਗਾਦੀ ਸਵਾਲ ਹਨ, ਪਰ ਜਿਨ੍ਹਾਂ ਦਾ ਜਵਾਬ ਕਿਸੇ ਅਫਲਾਤੂ ਕੋਲ਼ ਵੀ ਨਹੀਂ। ਕਵੀ ਐਸੇ ਸਵਾਲ ਪਾ ਕੇ ਆਪ ਹੀ ਕਹਿੰਦਾ ਹੈ: ‘ਮੇਰੀ ਗਈ ਬਸੰਤ ਨੂੰ ਕਿਸੇ ਮੋੜ ਨਹੀਂ ਲਿਆਣਾ ਏ/ ਚਿੜੀਆਂ ਗਾਉਂਦੇ ਗਾਉਂਦੇ ਚੁੱਪ ਕਰ ਜਾਣਾ ਏ।’ ਬੰਦਾ ਵੀ ਤਾਂ ਚਿੜੀ ਹੀ ਹੈ। ਇਹਦੇ ਸਵਾਲਾਂ ਦੀ ਚੀਂ-ਚੀਂ ਵੀ ਇਕ ਦਿਨ ਬੰਦ ਹੋ ਜਾਣੀ ਹੈ।

ਪ੍ਰੇਮ ਕਹਾਣੀ

ਪੰਜਾਬੀ ਕਵੀ ਅਪਣੀ ਪ੍ਰੇਮ ਕਹਾਣੀ ਵੀਹਵੀਂ ਸਦੀ ਵਿਚ ਆਣ ਕੇ ਲਿਖਣ ਲੱਗਾ ਸੀ। ਲੋਕਬਾਣੀ ਵਿਚ ਪੰਜਾਬੀ ਜਣਾ ਤੇ ਸਵਾਣੀ ਅਪਣੇ ਪਿਆਰ ਦੀ ਕਹਾਣੀ ਕਈ ਸਦੀਆਂ ਤੋਂ ਪਾਉਂਦੀ ਰਹੀ। ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਦਾ ਭਾਗਭਰੀ ਨਾਂ ਦੀ ਨਾਰ ਨਾਲ਼ ਇਸ਼ਕ ਸੀ। ਸੋਚਣ ਵਾਲ਼ੀ ਗੱਲ ਹੈ ਕਿ ਸ਼ਾਹ ਜੀ ਅਪਣੀ ਪ੍ਰੇਮ ਕਹਾਣੀ ਲਿਖਦੇ, ਤਾਂ ਕਿਸ ਤਰ੍ਹਾਂ ਦੀ ਲਿਖਦੇ।

ਵੀਹਵੀਂ ਸਦੀ ਦੇ ਪਹਿਲੇ ਅੱਧ ਦੀ ਪੰਜਾਬੀ ਕਵਿਤਾ ਆਜ਼ਾਦੀ ਦੀ ਲਹਿਰ ਦੀ, ਧਰਮ ਤੇ ਸਮਾਜ ਸੁਧਾਰ ਵਾਲ਼ੀ ਹੈ। ਸੰਨ ਸੰਤਾਲ਼ੀ ਬਾਅਦ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਦਬ ਦਾ ਵਟਾਂਦਰਾ ਸੰਨ ਸੱਤਰਾਂ ਵਿਚ ਹੀ ਹੋਣ ਲੱਗਾ ਸੀ। ਦੋਹਵੇਂ ਪਾਸਿਆਂ ਦੇ ਅਦਬ ਦੀਆਂ ਧਾਰਾਵਾਂ ਵੱਖਰੀਆਂ ਚਲਦੀਆਂ ਰਹੀਆਂ। ਅਜੋਕੀ ਪ੍ਰੇਮ ਕਵਿਤਾ ਦੀ ਰੀਤ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨੇ ਪਾਈ। ਲਹਿੰਦੇ ਪੰਜਾਬ ਵਿਚ ਪੰਜਾਬੀ ਵਿਚ ਲਿਖਣ ਦਾ ਜ਼ੋਰ ਵੀ ਸੰਨ ਸੱਤਰਾਂ ਵਿਚ ਹੀ ਲੱਗਣ ਲੱਗਿਆ। ਬਹੁਤਾ ਧਿਆਨ ਪੰਜਾਬੀਅਤ ਦੀ ਪਛਾਣ ਲੱਭਣ ਵਲ ਹੀ ਰਿਹਾ। ਚੜ੍ਹਦੇ ਪਾਸੇ ਵਰਗੀ ਸਿਆਸੀ ਕਵਿਤਾ ਵੀ ਨਹੀਂ ਲਿਖੀ ਗਈ। ਪ੍ਰੇਮ ਕਵਿਤਾ ਦਾ ਨਾਂ-ਨਿਸ਼ਾਨ ਵੀ ਨਹੀਂ ਦਿਸਦਾ। ਮੁਨੀਰ ਨਿਆਜ਼ੀ ਦੀ ਪੰਜਾਬੀ ਰਚਨਾ ਵਿਚ ਮਾਸ਼ੂਕ ਹੈਂਸਿਆਰੀ ਧੱਕੜ ਰੰਨ ਹੈ। ਮਜ਼ਹਰ ਦੀ ਲਿਖੀ ਪ੍ਰੇਮ ਕਵਿਤਾ ਵਿਚ ਮਾਸ਼ੂਕ ਬਰਾਬਰ ਦੀ ਦੋਸਤ ਹੈ। ਇਸ ਪੁਖ਼ਤਾ ਖ਼ਿਆਲੀ ਵਿਚ ਬੜਬੋਲੀ ਇਸ਼ਕੀਆ ਸ਼ਾਇਰੀ ਦਾ ਸ਼ਿਕਵਾ ਸ਼ਿਕਾਇਤ ਨਹੀਂ; ਹੰਝੂ ਨਹੀਂ, ਜ਼ਖ਼ਮ ਨਹੀਂ, ਬਿਰਹੋਂ ਦੇ ਕੀੜੇ ਨਹੀਂ।

ਖੌਰੇ ਇਹ ਜਗ ਤੇਰੀ ਹੀ ਆਵਾਜ਼ ਦਾ ਭੁੱਲਿਆ ਬੋਲ ਏ

ਇਹ ਤੇਰੀ ਆਵਾਜ਼ ਏ, ਇਹ ਮੇਰੀ ਆਵਾਜ਼ ਏ

ਮੈਂ ਅਪਣੀ ਆਵਾਜ਼ ਦਾ ਹੱਥ ਫੜਦਾ ਹਾਂ

ਇਹ ਤਾਂ ਚੁੱਪ ਏ

ਮੈਂ ਅਪਣੀ ਆਵਾਜ਼ ਦੇ ਜੰਗਲ਼ ਅੰਦਰ ਕੱਲਾ ਟੁਰਦਾ ਜਾਂਦਾ ਹਾਂ

ਫੇਰ ਮੈਂ ਸੁਪਨਾ ਵੇਹਨਾਂ

ਸਾਰਾ ਜਗ ਅਪਣੀ ਆਵਾਜ਼ ਦਾ ਸੁਪਨਾ ਦੇਖ ਰਿਹਾ ਏ

ਦੋ ਆਵਾਜ਼ਾਂ ਦੋ ਗਾਣਾ ਇਕ ਰਾਗ ਇਕ ਆਵਾਜ਼ ਇਹ ਹਮਆਹੰਗੀ (ਇੱਕੋ-ਜਿਹੀ ਆਵਾਜ਼) ਦਾ ਨਵੇਕਲਾ ਖ਼ਿਆਲ ਕਮਾਲ ਹੈ।

ਬੰਦੇ ਦੇ ਹੋਣ ਨਾ ਹੋਣ ਦਾ ਖ਼ਿਆਲ ਮੁੱਢ-ਕਦੀਮ ਦਾ ਹੈ। ਇਹਦੀ ਨਜ਼ਮ ਨਾ ਹੁੰਦੇ ਤਾਂ ਦੀ ਪਹਿਲੀ ਸਤਰ ਦਾ ਸਵਾਲ ਤੇ ਇਹਦਾ ਆਖ਼ਿਰੀ ਸਤਰ ਵਿਚ ਦਿੱਤਾ ਜਵਾਬ ਧਿਆਨ ਦੇਣ ਵਾਲ਼ਾ ਹੈ:

ਨਾ ਹੁੰਦੇ, ਤਾਂ ਚੰਗਾ ਨਹੀਂ ਸੀ?

...

ਨਾ ਹੁੰਦੇ, ਤਾਂ ਚੰਗਾ ਨਹੀਂ ਸੀ।

ਮੈਂ ਤੇਰੀ ਆਵਾਜ਼ ਦਾ ਗਾਵਣ ਗਾਨਾਂ

ਮੈਂ ਅਪਣੀ ਆਵਾਜ਼ ਸੁਣੀ ਤੇ

ਇਹ ਤੇਰੀ ਆਵਾਜ਼ ਸੀ

ਮੈਂ ਤੇਰੀ ਆਵਾਜ਼ ਦੇ ਡੂੰਘੇ ਪਾਣੀਆਂ ਅੰਦਰ ਤਰਦਾ ਹਾਂ

ਨੀਲਿਆਂ ਅੰਬਰਾਂ ਤੋਂ ਡਿਗਦੀ ਬਰਖਾ

ਜੰਗਲ਼ਾਂ ਅੰਦਰ ਸਰ-ਸਰ ਕਰਦੀ ਵਾ

ਤੇਰੀ ਹੀ ਆਵਾਜ਼ ਏ

ਮੈਂ ਤੇਰੀ ਆਵਾਜ਼ ਦੇ ਸੁਪਨੇ ਅੰਦਰ ਸੁੱਤਿਆਂ

ਟੁਰਿਆ ਜਾਂਦਾ ਗਾਉਂਦਾ ਹਾਂ

ਇਸ ਗਾਵਣ ਦੇ ਬੋਲ ਸਮਝ ਨਹੀਂ ਆਉਂਦੇ

ਜਾਗਣ ਸਾਰ ਹੀ ਭੁੱਲ ਜਾਂਦੇ ਨੇ

ਖੌਰੇ ਇਹ ਜਗ ਤੇਰੀ ਹੀ ਆਵਾਜ਼ ਦਾ ਭੁੱਲਿਆ ਬੋਲ ਏ

ਇਹ ਤੇਰੀ ਆਵਾਜ਼ ਏ, ਇਹ ਮੇਰੀ ਆਵਾਜ਼ ਏ

ਮੈਂ ਅਪਣੀ ਆਵਾਜ਼ ਦਾ ਹੱਥ ਫੜਦਾ ਹਾਂ

ਇਹ ਤਾਂ ਚੁੱਪ ਏ

ਮੈਂ ਅਪਣੀ ਆਵਾਜ਼ ਦੇ ਜੰਗਲ਼ ਅੰਦਰ ਕੱਲਾ ਟੁਰਦਾ ਜਾਂਦਾ ਹਾਂ

ਫੇਰ ਮੈਂ ਸੁਪਨਾ ਵੇਹਨਾਂ

ਸਾਰਾ ਜਗ ਅਪਣੀ ਆਵਾਜ਼ ਦਾ ਸੁਪਨਾ ਦੇਖ ਰਿਹਾ ਏ

ਖ਼ੁਸ਼ਬੋ

ਤੂੰ ਨਹੀਂ ਆਈ

ਤੇਰੇ ਹੱਥਾਂ ਦੀ ਖ਼ੁਸ਼ਬੋ ਆ ਢੁੱਕੀ ਏ

ਨਾਲ਼ ਹਵਾਵਾਂ ਕੀ ਨਹੀਂ ਲੈ ਕੇ ਆਈਆਂ

ਪੱਖੂਆਂ ਦੇ ਪੱਰ

ਘਾਹ ਤੀਲੇ ਮੁਰਗ਼ਾਈਆਂ

ਬੀਤ ਗਏ ਦੁੱਖ

ਨੇੜੇ ਨੇੜੇ ਆਂਦੇ ਸੁੱਖ ਦਾ ਪਰਛਾਵਾਂ

ਸੁੱਤੀ ਜਾਗ ਪਈ ਏ ਅੱਖਾਂ ਮਲ਼ਦੀ ਕਾਲ਼ੀ ਰਾਤ ਏਹ ਚੰਦਰੀ

ਐਹ ਰੁੱਤ ਤੇਰੇ ਸਾਹਵਾਂ ਦੀ ਮਹਿਕਾਰ ਐ

ਤੇਰੀਆਂ ਸੱਧਰਾਂ ਭਰੀਆਂ ਅੱਖੀਆਂ ਦੀ ਚਮਕਾਰ ਐ

ਮੈਂ ਤੈਨੂੰ ਹੁਣ ਸੁਪਨੇ ਵਾਲ਼ੀ ਪ੍ਰੀਤ ਕਹਾਣੀ ਸਮਝਾਂ

ਯਾ ਕੋਈ ਰਸਤਾ ਭੁੱਲੀ ਦੇਸ ਕਿਸੇ ਦੀ ਰਾਣੀ ਸਮਝਾਂ

ਜੰਗਲ਼ ਦੇ ਕਿਸੇ ਰੁੱਖ ’ਤੇ ਅੱਖੀਆਂ ਨੂਟੀ

ਬੈਠੀ ਚਿੜੀ ਨਮਾਣੀ ਸਮਝਾਂ

ਜਿਹੜੀ ਇਸ ਰੁੱਤ ਨਵਾਂ ਬਸੇਰਾ ਨਵੀਂ ਉਡਾਰੀ ਭਰ ਕੇ

ਮੇਰੇ ਕੋਲ਼ ਆਵਣ ਦੀ ਤਾਂਘ ਸੰਭਾਲ਼ੀ ਸੋਚ ਰਹੀ ਏ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All