ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਇੱਥੇ ਪਲਾਸਟਿਕ ਦੇ ਕੱਚੇ ਮਾਲ ਦੇ ਨਿਰਮਾਣ ਯੂਨਿਟ ਵਿੱਚ ਅੱਜ ਅੱਗ ਲੱਗ ਗਈ ਪਰ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਅਨੁਸਾਰ ਬਾਹਰੀ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ਵਿੱਚ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਬਾਰੇ ਸਵੇਰੇ 8.26 ਵਜੇ ਪਤਾ ਲੱਗਿਆ। ਸੂਚਨਾ ਮਿਲਣ ਮਗੋਰਂ ਅੱਗ ’ਤੇ ਕਾਬੂ ਪਾਉਣ ਲਈ 30 ਫਾਇਰ ਟੈਂਡਰ ਭੇਜੇ ਗਏ ਅਤੇ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਪਹਿਲੀ ਮੰਜ਼ਿਲ ’ਤੇ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਸਾਹਿਬਾਬਾਦ ਸਾਈਟ 4 ਉਦਯੋਗ ਖੇਤਰ ਵਿੱਚ ਵੀ ਅੱਜ ਤੜਕੇ ਇੱਕ ਫੈਕਟਰੀ ਵਿੱਚ ਅੱਗ ਲੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ।