ਹਰਪਾਲ ਸਿੰਘ ‘ਸੇਵਕ’
ਦੇਸ਼ ਦੇ ਕਿਸਾਨ ਸਰਕਾਰ ਦੇ ਨਵੇਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਵਿਚ ਤਿੰਨ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮਹੀਨੇ ਭਰ ਤੋਂ ਦਿੱਲੀ ਦੁਆਲੇ ਕੜਕਦੀ ਸਰਦੀ ਵਿਚ ਹਜ਼ਾਰਾਂ ਕਿਸਾਨ ਖੁੱਲ੍ਹੇ ਅਕਾਸ਼ ਹੇਠ ਧਰਨਿਆਂ ਤੇ ਬੈਠੇ ਹਨ। ਸਰਕਾਰ ਦੇ ਕਾਰਪੋਰੇਟ ਪੱਖੀ ਰਵੱਈਏ ਕਾਰਨ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀਆਂ ਮੀਟਿੰਗਾਂ ਵਿਚੋਂ ਫਿਲਹਾਲ ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਇਤਿਹਾਸ ਜਾਂ ਵਰਤਮਾਨ ਹਾਲਾਤ ਦੱਸਦੇ ਹਨ ਕਿ ਧਾੜਵੀਆਂ, ਜਗੀਰਦਾਰਾਂ ਅਤੇ ਵਪਾਰੀਆਂ ਹੱਥੋਂ ਹਮੇਸ਼ਾਂ ਹੀ ਕਿਰਤੀਆਂ ਅਤੇ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ। ਕਿਰਤੀਆਂ ਦੀ ਸੁੱਚੀ ਕਿਰਤ ਤੇ ਲੁਟੇਰੇ, ਰਜਵਾੜੇ, ਜਗੀਰਦਾਰ ਅਤੇ ਵਪਾਰੀ ਤਾਂ ਐਸ਼ ਦਾ ਜੀਵਨ ਬਤੀਤ ਕਰਦੇ ਹਨ ਪਰ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨਾਂ, ਕਾਮਿਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ।
ਕਿਸਾਨ ਅਤੇ ਮਜ਼ਦੂਰ ਇੱਕੋ ਸਿੱਕੇ ਦੇ ਦੋ ਪਾਸੇ ਹਨ। ਜੀਵਨ ਦਾ ਮੁੱਢਲਾ ਆਧਾਰ ਭੋਜਨ- ਅਨਾਜ, ਫ਼ਲ, ਸਬਜੀਆਂ ਆਦਿ ਖਾਧ ਪਦਾਰਥ ਕਿਸਾਨ ਪੈਦਾ ਕਰਦਾ ਹੈ ਅਤੇ ਮਜ਼ਦੂਰ, ਦਿਹਾੜੀਦਾਰ, ਕਾਮੇ, ਖੇਤਾਂ, ਕਾਰਖਾਨਿਆਂ, ਦਫ਼ਤਰਾਂ ਆਦਿ ਵਿਚ ਕੰਮ ਕਰ ਕੇ ਜਿੱਥੇ ਆਪਣਾ ਜੀਵਨ ਨਿਰਬਾਹ ਕਰਦੇ ਹਨ, ਉੱਥੇ ਦੇਸ਼ ਦੀ ਪ੍ਰਗਤੀ ਵੀ ਕਰ ਰਹੇ ਹਨ। ਭਾਰਤ ਵਿਚ ਪੰਦਰਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਮਿਆਂ ਦੀ ਕਿਰਤ ਨੂੰ ਵਡਿਆਈ ਦਿੱਤੀ। ਜੀਵਨ ਦਾ ਉੱਚ ਆਦਰਸ਼- ‘ਕਿਰਤ ਕਰੋ, ਵੰਡ ਛਕੇ ਤੇ ਨਾਮ ਜਪੋ, ਦੱਸਿਆ। ਗੁਰੂ ਜੀ ਨੇ ਕਿਰਤੀ ਲਾਲੋ ਨੂੰ ‘ਭਾਈ ਲਾਲੋ’ ਕਹਿ ਕੇ ਨਿਵਾਜਿਆ। ਜੀਵਨ ਦੇ ਆਖਰੀ 18 ਵਰ੍ਹੇ ਗੁਰੂ ਜੀ ਨੇ ਆਪ ਹਲ ਵਾਹਿਆ, ਖੇਤੀ ਕੀਤੀ, ਨਵਾਂ ਸੱਭਿਆਚਾਰ ਪੈਦਾ ਕੀਤਾ। ਹੱਕ ਅਤੇ ਸੱਚ ਦੀ ਗੱਲ ਕਰਦਿਆਂ ਉਨ੍ਹਾਂ ਲੋਕਾਂ ਦੀ ਲੁੱਟ ਕਰਨ ਵਾਲੇ ਰਾਜਿਆਂ ਨੂੰ ‘ਰਾਜੇ ਸੀਹ ਮੁਕਦਮ ਕੁੱਤੇ’ ਕਹਿ ਕੇ ਦੁਰਕਾਰਿਆ।
ਸਮੁੱਚੀ ਮਨੁੱਖਤਾ ਨੂੰ ਗੁਰੂ ਨਾਨਕ ਦੇਵ ਜੀ ਦਾ ਦਿਖਾਇਆ ਰਾਹ ਕਿਰਤੀਆਂ, ਕਿਸਾਨਾਂ, ਦਸਤਕਾਰਾਂ, ਛੋਟੇ ਕਾਰੋਬਾਰੀਆਂ, ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਲਈ ਸਾਂਝਾ ਪੰਧ ਬਣ ਗਿਆ। ਜਦੋਂ ਜਦੋਂ ਵੀ ਕਿਰਤ ਕਰਨ ਵਾਲੇ ਇਨ੍ਹਾਂ ਕਿਸਾਨਾਂ, ਕਾਮਿਆਂ ਤੇ ਸਮੇਂ ਦੇ ਹਾਕਮਾਂ ਦੀਆਂ ਧੱਕੇਸ਼ਾਹੀਆਂ ਦਾ ਪਾਣੀ ਸਿਰੋਂ ਵਗਣ ਲੱਗਾ, ਉਦੋਂ ਹੀ ਕਾਮਿਆਂ ਨੇ ਹਲਾਂ ਦੀ ਥਾਂ ਤੇਗਾਂ ਚੁੱਕੀਆਂ ਅਤੇ ਜ਼ਾਲਮ ਹਕੂਮਤ ਦੇ ਤਖਤੇ ਪਲਟ ਦਿੱਤੇ। ਸਭ ਤੋਂ ਪਹਿਲਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਸ ਨੇ ਕਰੀਬ 1712 ਤੋਂ 1716 ਦਰਮਿਆਨ ਪੰਜਾਬ ਵਿਚ ਜਗੀਰਦਾਰੀ ਖ਼ਤਮ ਕਰਨ ਲਈ ਆਦੇਸ਼ ਜਾਰੀ ਕੀਤੇ। ਉਸ ਨੇ ਕਿਹਾ ਕਿ ਜ਼ਮੀਨ ਹਲ ਵਾਹਕ ਦੀ ਹੋਵੇਗੀ ਅਤੇ ਮੁਜਾਰਿਆਂ ਨੂੰ ਮਾਲਕ ਬਣਾ ਦਿੱਤਾ। ਸੰਸਾਰ ਇਤਿਹਾਸ ਵਿਚ ਇਹ ਕਿਸਾਨ-ਸਿਪਾਹੀਆਂ ਦੀ ਪਹਿਲੀ ਕ੍ਰਾਂਤੀ ਕਹੀ ਜਾ ਸਕਦੀ ਹੈ।
1789 ਵਿਚ ਫਰਾਂਸ ਵਿਚ ਕਾਮਿਆਂ ਨੇ ਆਪਣੇ ਹੱਕਾਂ ਲਈ ਕੌਮੀ ਪੱਧਰ ਤੇ ਸੰਘਰਸ਼ ਵਿੱਢਿਆ, ਉਦਯੋਗਿਕ ਕ੍ਰਾਂਤੀ ਆਈ, ਵਿਕਾਸ ਦੇ ਰਾਹ ਖੁੱਲ੍ਹੇ, ਜਗੀਰਦਾਰੀ ਢਾਂਚਾ ਟੁੱਟਿਆ। ਪੱਛਮੀ ਦੇਸ਼ਾਂ ਵਿਚ ਕਾਮਿਆਂ ਦੇ ਲੰਮੇ ਸੰਘਰਸ਼ ਦਾ ਨਤੀਜਾ ਹੈ ਕਿ ਮਜ਼ਦੂਰਾਂ, ਕਾਮਿਆਂ ਦੀ ਕਿਰਤ ਦਾ ਉਨ੍ਹਾਂ ਨੂੰ ਪੂਰਾ ਮੁੱਲ ਮਿਲਣਾ, ਕੰਮ ਦੇ 8 ਘੰਟੇ ਨੀਯਤ ਹੋਣੇ ਅਤੇ ਪ੍ਰਤੀ ਘੰਟੇ ਦੇ ਹਿਸਾਬ ਉਜਰਤ ਮਿਲਣੀ। ਪੱਛਮੀ ਦੇਸ਼ਾਂ ਵਿਚ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਕਿਸਾਨੀ ਨੂੰ ਬਚਾਉਣ ਲਈ ਅਤੇ ਵਿਕਸਤ ਕਰਨ ਲਈ ਸੁਚੇਤ ਹਨ। ਕਿਸਾਨਾਂ ਨੂੰ ਸਹੂਲਤਾਂ ਦਿੰਦੀਆਂ ਹਨ, ਉਨ੍ਹਾਂ ਦੀ ਪੈਦਾਵਰ ਦਾ ਪੂਰਾ ਮੁੱਲ ਮਿਲਦਾ ਹੈ। ਕਾਮਿਆਂ ਨੂੰ ਕਿਸੇ ਵੇਲੇ ਜੇ ਕੰਮ ਨਾ ਮਿਲੇ ਤਾਂ ਸਰਕਾਰਾਂ ਉਨ੍ਹਾਂ ਨੂੰ ਜੀਵਨ ਨਿਰਬਾਹ ਲਈ ਬੇਰੁਜ਼ਗਾਰੀ ਭੱਤਾ ਦਿੰਦੀਆਂ ਹਨ ਪਰ ਭਾਰਤ ਵਿਚ 21ਵੀਂ ਸਦੀ ਤੱਕ ਪਹੁੰਚਣ ਤੇ ਵੀ ਕਿਸਾਨ ਅਤੇ ਕਾਮੇ ਦੋਵੇਂ ਰੁਲ ਰਹੇ ਹਨ।
ਜਿਸ ਮੰਦਹਾਲੀ ਵੱਲ ਨੂੰ ਅੱਜ ਸਾਡੇ ਦੇਸ਼ ਦੀ ਕਿਸਾਨੀ ਵੱਧ ਰਹੀ ਹੈ, ਅਜਿਹੇ ਹਾਲਾਤ ਹੀ 20ਵੀਂ ਸਦੀ ਦੇ ਚੌਥੇ ਦਹਾਕੇ ਵਿਚ ਕੈਲੀਫੋਰਨੀਆ (ਅਮਰੀਕਾ) ਦੇ ਕਿਸਾਨਾਂ ਦੀ ਹੋ ਗਈ ਸੀ। ਬੈਂਕਾਂ ਨੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਨੂੰ ਦੇ ਦਿੱਤੀਆਂ ਤੇ ਕਾਰਪੋਰੇਟਾਂ ਨੇ ਆਪਣੇ ਹਜ਼ਾਰਾਂ ਏਕੜਾਂ ਦੇ ਵੱਡੇ ਵੱਡੇ ਫਾਰਮ ਬਣਾ ਲਏ। ਉਜੜੇ ਕਿਸਾਨ ਮਜਬੂਰੀ ਵੱਸ ਕੈਲੀਫੋਰਨੀਆ ਦੇ ਬਾਗਾਂ ਵਿਚ ਮਜ਼ਦੂਰੀ ਕਰਨ ਲੱਗ ਪਏ। ਉਨ੍ਹਾਂ ਤੋਂ ਕੰਮ ਬਹੁਤ ਲਿਆ ਜਾਂਦਾ ਅਤੇ ਮਜ਼ਦੂਰੀ ਘੱਟ ਦਿੱਤੀ ਜਾਂਦੀ। ਉਨ੍ਹੀਂ ਦਿਨੀਂ ਸਟੈਨਬੈਕ ਦਾ ਨਾਵਲ ‘ਦਿ ਗਰੇਪਸ ਆਫ ਰੈਥ’ ਛਪਿਆ ਜਿਸ ਵਿਚ ਅਮਰੀਕਾ ਦੀ ਆਰਥਿਕ ਮੰਦੀ ਅਤੇ ਕਿਸਾਨਾਂ ਤੋਂ ਮਜ਼ਦੂਰ ਬਣੇ ਕਾਮਿਆਂ ਦੀ ਮੰਦਹਾਲੀ ਬਾਖ਼ੂਬੀ ਬਿਆਨ ਕੀਤੀ ਗਈ ਸੀ। ਜਦੋਂ ਇਹ ਨਾਵਲ ਉਸ ਸਮੇਂ ਦੇ ਅਮਰੀਕਾ ਦੇ ਪ੍ਰਧਾਨ ਰੂਜ਼ਵੈਲਟ ਨੇ ਪੜ੍ਹਿਆ ਤਾਂ ਉਹ ਬਹੁਤ ਘਬਰਾਇਆ, ਉਸ ਨੂੰ ਕਿਸਾਨਾਂ ਤੇ ਬਹੁਤ ਤਰਸ ਆਇਆ। ਉਸ ਨੇ ਆਪਣੀ ਪਤਨੀ ਨੂੰ ਕਿਸਾਨਾਂ, ਮਜ਼ਦੂਰਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਉਚੇਚਾ ਕੈਲੀਫੋਰਨੀਆ ਭੇਜਿਆ। ਉਸ ਦੀ ਪਤਨੀ ਨੇ ਪੂਰੀ ਜਾਂਚ ਪੜਤਾਲ ਕਰ ਕੇ ਜੋ ਰਿਪੋਰਟ ਤਿਆਰ ਕੀਤੀ, ਉਸ ਵਿਚ ਦੱਸਿਆ ਗਿਆ ਕਿ ਨਾਵਲ ਵਿਚ ਮਜ਼ਦੂਰਾਂ ਦੀ ਜੋ ਹਾਲਤ ਬਿਆਨ ਕੀਤੀ ਗਈ ਹੈ, ਹਕੀਕੀ ਹਾਲਾਤ ਉਸ ਨਾਲੋਂ ਕਈ ਗੁਣਾ ਮਾੜੀ ਹੈ। ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਅਮਰੀਕਾ ਤਬਾਹ ਹੋ ਜਾਏਗਾ। ਪ੍ਰਧਾਨ ਰੂਜ਼ਵੈਲਟ ਨੇ ਤੁਰੰਤ ਕੌਮੀ ਕਮਿਸ਼ਨ ਬਣਾ ਕੇ ਉਸ ਦੀਆਂ ਸਿਫਾਰਸ਼ਾਂ ਤੇ ਅਮਲ ਸ਼ੁਰੂ ਕਰਵਾਇਆ ਅਤੇ ਕਿਸਾਨਾਂ ਨੂੰ ਮੁੜ ਉਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕ ਬਣਾਇਆ ਪਰ ਇਹ ਤਦ ਹੀ ਸੰਭਵ ਹੋ ਸਕਿਆ ਕਿ ਉਸ ਦੇਸ਼ ਦੇ ਨੇਤਾ, ਲੋਕਾਂ ਦੇ ਦਿਲ ਦੀ ਆਵਾਜ਼ ਸੁਣਦੇ ਸਨ, ਲੋਕਾਂ ਦਾ ਦਰਦ ਮਹਿਸੂਸ ਕਰਦੇ ਸਨ। ਉਹ ਸਮਝਦੇ ਸਨ ਕਿ ਕੁਝ ਕੁ ਘਰਾਣਿਆਂ ਦਾ ਅਮੀਰ ਤੇ ਹੋਰ ਅਮੀਰ ਹੋਈ ਜਾਣਾ ਅਤੇ ਆਮ ਨਾਗਰਿਕਾਂ ਤੇ ਕਿਸਾਨਾਂ ਦਾ ਉੱਜੜ ਜਾਣਾ ਦੇਸ਼ ਦਾ ਵਿਨਾਸ਼ ਕਰ ਦੇਵੇਗਾ।
18ਵੀਂ ਸਦੀ ਵਿਚ ਜਦੋਂ ਬਰਤਾਨਵੀ ਹਕੂਮਤ ਦਾ ਭਾਰਤ ਦੇ ਵੱਡੇ ਹਿੱਸੇ ਤੇ ਰਾਜ ਹੋ ਗਿਆ ਅਤੇ 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਉਹ ਪੰਜਾਬ ਤੇ ਵੀ ਕਾਬਜ਼ ਹੋ ਗਏ। ਨਵੇਂ ਆਏ ਅੰਗਰੇਜ਼ ਹਾਕਮਾਂ ਨੇ ਕਿਸਾਨਾਂ ਤੋਂ ਮਾਲੀਆ ਜਿਣਸ ਦੇ ਰੂਪ ਦੀ ਥਾਂ ਨਕਦੀ ਰੂਪ ਵਿਚ ਲੈਣਾ ਸ਼ੁਰੂ ਕਰ ਦਿੱਤਾ। ਫ਼ਸਲ ਘੱਟ ਹੋਵੇ ਜਾਂ ਮਾਰੀ ਜਾਵੇ, ਤਦ ਵੀ ਮਾਮਲਾ ਪੂਰਾ ਦੇਣਾ ਪੈਂਦਾ। ਇਸ ਨਾਲ ਕਿਸਾਨਾਂ ਦੀ ਹਾਲਤ ਬਦਤਰ ਹੋ ਗਈ। ਇੰਗਲੈਂਡ ਵਿਚ ਮਿੱਲਾਂ ਲੱਗ ਚੁੱਕੀਆਂ ਸਨ। ਅੰਗਰੇਜ਼ ਹੁਕਮਰਾਨ, ਭਾਰਤ ਵਿਚੋਂ ਕੱਚਾ ਮਾਲ ਖਰੀਦਦੇ ਅਤੇ ਆਪਣੀਆਂ ਮਿੱਲਾਂ ਵਿਚ ਬਣਿਆ ਮਾਲ ਭਾਰਤ ਦੀ ਮੰਡੀ ਵਿਚ ਵੇਚਦੇ ਜਿਸ ਨਾਲ ਘਰੇਲੂ ਧੰਦੇ ਵੀ ਖ਼ਤਮ ਹੋ ਗਏ। ਰਜਵਾੜਿਆਂ, ਜਗੀਰਦਾਰਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਸ਼ਿੰਗਾਰ ਵਜੋਂ ਅਪਣਾ ਕੇ ਆਪਣੀਆਂ ਸਰਦਾਰੀਆਂ ਬਚਾ ਲਈਆਂ ਸਨ। ਨਿਰਾਸਤਾ ਅਤੇ ਮੰਦਹਾਲੀ ਦੇ ਅਜਿਹੇ ਦੌਰ ਵਿਚ ਪੰਜਾਬ ਦੇ ਛੋਟੇ ਜਿਹੇ ਪਿੰਡ ਰਾਈਆ-ਭੈਣੀ ਵਿਚ ਕਿਰਤੀ ਪਰਿਵਾਰ ਵਿਚ ਪੈਦਾ ਹੋਏ ਰਾਮ ਸਿੰਘ ਜੀ ਨੇ ਲੋਕਾਂ ਦੀ ਅਗਵਾਈ ਕੀਤੀ। ਉਨ੍ਹਾਂ ਦੇਸ਼ ਨੂੰ ਅੰਗਰੇਜ਼ ਸਰਕਾਰ ਦੀ ਲੁੱਟ ਤੋਂ ਬਚਾਉਣ ਲਈ ਵਿਦੇਸ਼ੀ ਸਰਕਾਰ ਵਿਰੁੱਧ ਨਾ-ਮਿਲਵਰਤਨ ਦਾ ਪ੍ਰਚਾਰ ਕੀਤਾ ਕਿ ਵਿਦੇਸ਼ੀ ਹਾਕਮਾਂ ਦੀ ਨੌਕਰੀ ਨਹੀਂ ਕਰਨੀ, ਉਨ੍ਹਾਂ ਦੇ ਆਦਾਰੇ ਰੇਲ, ਡਾਕ-ਤਾਰ, ਸਕੂਲਾਂ ਅਤੇ ਅਦਾਲਤਾਂ ਵਿਚ ਨਹੀਂ ਜਾਣਾ ਅਤੇ ਅੰਗਰੇਜ਼ ਵਪਾਰੀਆਂ ਦੀ ਬਣੀ ਕੋਈ ਚੀਜ਼ ਨਹੀਂ ਖਰੀਦਣੀ। ਆਪਣਾ ਸੱਭਿਆਚਾਰ, ਆਪਣੀ ਬੋਲੀ ਅਤੇ ਆਪਣੀਆਂ ਬਣੀਆਂ ਚੀਜ਼ਾਂ ਹੀ ਵਰਤਣੀਆਂ। ਵਿਦੇਸ਼ੀ ਹਕੂਮਤ ਦਾ ਪੂਰਨ ਬਾਈਕਾਟ ਅਤੇ ਸਵਦੇਸ਼ੀ ਨੂੰ ਅਪਨਾਉਣਾ ਆਜ਼ਾਦੀ ਸੰਗਰਾਮ ਦਾ ਅਚੂਕ ਹਥਿਆਰ ਬਣ ਗਿਆ। ਆਪ ਦੇ ਪ੍ਰਭਾਵ ਹੇਠ ਕਿਸਾਨ, ਦਸਤਕਾਰ, ਛੋਟੇ ਕਾਰੋਬਾਰੀ ਅਤੇ ਕਾਮੇ ਇਕੱਠੇ ਹੋ ਗਏ। ਸ਼ਹੀਦ ਭਗਤ ਸਿੰਘ ਨੇ 1928 ਵਿਚ ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ਹਿੰਦੀ ਮਾਸਿਕ ਪੱਤਰ ‘ਮਹਾਂਰਥੀ’ ਵਿਚ ਰਾਮ ਸਿੰਘ ਜੀ ਦੁਆਰਾ ਆਰੰਭੇ ਅੰਦੋਲਨ ਨੂੰ ਪੰਜਾਬ ਦਾ ਪਹਿਲਾ ਵਿਸ਼ਾਲ ਮੁਕਤੀ ਅੰਦੋਲਨ ਲਿਖਿਆ। ਕਵੀ ਪ੍ਰੀਤਮ ਸਿੰਘ ਨੇ ਵੀ ਪੰਜਾਬ ਵਿਚ ਪਹਿਲਾ ਕਿਸਾਨੀ ਅੰਦੋਲਨ ਕੂਕਾ ਲਹਿਰ ਨੂੰ ਹੀ ਲਿਖਿਆ ਹੈ।
ਅੱਜ ਦਿੱਲੀ ਦੀਆਂ ਹੱਦਾਂ ਤੇ ਭਾਰਤ ਦੇ ਕਿਸਾਨਾਂ ਅਤੇ ਕਾਮਿਆਂ ਦਾ ਵਿਰਾਟ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਨੇ ਪੂਰੀ ਦੁਨੀਆ, ਇਥੋਂ ਤੱਕ ਦੀ ਯੂਐੱਨਓ ਦਾ ਵੀ ਧਿਆਨ ਆਪਣੇ ਵੱਲ ਖਿਚਿਆ ਹੈ। ਕਿਸਾਨਾਂ ਅਤੇ ਕਾਮਿਆਂ ਨੇ ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਖਿ਼ਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। ਇਹ ਸੰਘਰਸ਼ ਕਿਸਾਨਾਂ, ਮਜ਼ਦੂਰਾਂ ਦਾ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਹੱਕਾਂ ਦਾ ਸੰਘਰਸ਼ ਬਣ ਗਿਆ ਹੈ।
ਸੰਪਰਕ: 81959-01321