ਕਾਰਗਿਲ ਦਾ ਇਲਾਕਾ ਸਾਡੇ ਲਈ ਅਹਿਮ ਹੈ। ਹੁਣ ਤੱਕ ਦੀਆਂ ਹਿੰਦ-ਪਾਕਿਸਤਾਨ ਲੜਾਈਆਂ ਵਿੱਚ ਇਹ ਹਮੇਸ਼ਾ ਉੱਭਰ ਕੇ ਆਇਆ ਹੈ। ਕਾਰਗਿਲ ਦਾ ਇਕ ਉਪ-ਖੇਤਰ ਦਰਾਸ ਸਾਇਬੇਰੀਆ ਮਗਰੋਂ ਦੁਨੀਆ ਦਾ ਵਸੋਂ ਵਾਲਾ ਸਭ ਤੋਂ ਠੰਢਾ ਇਲਾਕਾ ਹੈ। ਇਸ ਇਲਾਕੇ ਵਿੱਚ ਤਾਇਨਾਤ ਫ਼ੌਜੀ ਯੂਨਿਟਾਂ ਸਰਦੀਆਂ ਵਿੱਚ ਬਹੁਤ ਉਚਾਈ ਵਾਲੀਆਂ ਚੌਕੀਆਂ ਖਾਲੀ ਕਰ ਦਿੰਦੀਆਂ ਸਨ ਅਤੇ ਗਰਮੀ ’ਚ ਜਾ ਫੜਦੀਆਂ। ਸਰਦੀਆਂ ਵਿੱਚ ਇਨ੍ਹਾਂ ’ਤੇ ਗਸ਼ਤ ਪਾਰਟੀ ਭੇਜ ਕੇ ਨਿਗ੍ਹਾ ਰੱਖੀ ਜਾਂਦੀ ਹੈ। ਸਮਾਂ ਪੈ ਕੇ ਰੁਟੀਨ ਵਿੱਚ ਸੁਸਤੀ ਅਤੇ ਲਾਪ੍ਰਵਾਹੀ ਆ ਜਾਂਦੀ ਹੈ ਅਤੇ ਆਈ। ਦੁਸ਼ਮਣ ਦੋ ਸਰਦੀਆਂ ਤੱਕਦਾ ਰਿਹਾ। ਅੰਤ ਮੌਕਾ ਵੇਖ ਕੇ ਚੁੱਪਚਾਪ ਆ ਬੈਠਾ। ਉਸ ਦਾ ਮੰਤਵ ਲਗਭਗ 10 ਕਿਲੋਮੀਟਰ ਅੰਦਰ ਆ ਕੇ ਭਾਰਤ ਦਾ ਕੌਮੀ ਸ਼ਾਹਮਾਰਗ 1 ਏ ਕੱਟ ਕੇ 70-80 ਵਰਗ ਕਿਲੋਮੀਟਰ ਇਲਾਕੇ ਵਿੱਚ ਅਧਿਕਾਰ ਖੇਤਰ ਵਧਾਉਣਾ ਸੀ।
ਫ਼ੌਜ ਨੂੰ ਇਸ ਕਬਜ਼ੇ ਦਾ ਪਤਾ ਇੱਕ ਚਰਵਾਹੇ ਤੋਂ ਲੱਗਿਆ ਸੀ। ਸਾਡੀਆਂ ਗਸ਼ਤ ਪਾਰਟੀਆਂ ਨੇ ਘੁਸਪੈਠ ਦੀ ਜਾਂਚ ਕੀਤੀ ਤਾਂ ਮੁੱਠਭੇੜਾਂ ਵਿੱਚ ਸਾਡੇ ਕਈ ਜਵਾਨ ਮਾਰੇ ਗਏ। ਘੁਸਪੈਠ ਨੂੰ ਸੀਮਿਤ ਕਰਨ ਲਈ ਸਭ ਤੋਂ ਪਹਿਲਾਂ 1/8 ਗੋਰਖਾ ਰਾਈਫਲਜ਼ ਅਤੇ 12 ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਬਟਾਲੀਅਨਾਂ ਭੇਜੀਆਂ ਗਈਆਂ ਜੋ ਸਿਆਚਿਨ ’ਚੋਂ ਹੇਠਾਂ ਉਤਰੀਆਂ ਸਨ ਅਤੇ ਬਹੁਤ ਉਚਾਈ ’ਤੇ ਲੜਨ ਦੇ ਸਮਰੱਥ ਸਨ। ਜਿਉਂ ਜਿਉਂ ਘੁਸਪੈਠ ਦਾ ਖੇਤਰ ਪਤਾ ਲੱਗਾ, ਹਰ ਰੋਜ਼ ਨਵੀਆਂ ਯੂਨਿਟਾਂ ਅਤੇ ਹੈੱਡਕੁਆਰਟਰ ਭੇਜਣੇ ਪਏ ਤਾਂ ਕਿ ਦੁਸ਼ਮਣ ਨੂੰ ਸਰਹੱਦ ਦੇ ਪਾਰ ਧੱਕਿਆ ਜਾ ਸਕੇ। ਸਾਡੇ ਦੇਸ਼ ਦੀਆਂ ਜਾਂਬਾਜ਼ ਬਟਾਲੀਅਨਾਂ ਵਿੱਚ ਅੱਠ ਸਿੱਖ ਵੀ ਸ਼ੁਮਾਰ ਹੈ ਜੋ ਸਿੱਖ ਰੈਜੀਮੈਂਟ ਦੀ ਅੱਠਵੀਂ ਬਟਾਲੀਅਨ ਹੈ।
ਇਸ ਪਲਟਨ ਨੇ ਜਾਨਾਂ ਵਾਰ ਕੇ ਫ਼ਤਹਿ ਲਈ ਅਜਿਹੀ ਪੌੜੀ ਲਾਈ ਜਿਸ ’ਤੇ ਪੈਰ ਧਰ ਕੇ ਹੋਰ ਪਲਟਨਾਂ (ਖ਼ਾਸਕਰ 18 ਗਰਨੇਡੀਅਰ) ਨੇ ਟਾਈਗਲ ਹਿੱਲ ਫ਼ਤਹਿ ਕੀਤੀ। ਇਹ ਲੜਾਈ ਲਗਭਗ ਦੋ ਮਹੀਨੇ ਜਾਰੀ ਰਹੀ।
ਅੱਠ ਸਿੱਖ ਦਾ ਖੇਤਰ ਵਿੱਚ ਦਾਖ਼ਲਾ
ਛੇ ਮਈ 1999 ਨੂੰ ਇਹ ਬਟਾਲੀਅਨ ਆਪਣਾ ਸ਼ਾਂਤੀ ਕਾਲ (ਪੀਸ ਸਟੇਸ਼ਨ) ਪਠਾਨਕੋਟ ਕੱਟ ਕੇ ਅਤਿਵਾਦੀਆਂ ਦੇ ਇਲਾਕੇ ਪੁਲਵਾਮਾ ਵਿੱਚ ਨੌਂ ਮਈ ਨੂੰ ਪਹੁੰਚੀ। ਅਜੇ ਸਮਾਨ ਖੋਲ੍ਹਿਆ ਨਹੀਂ ਸੀ ਕਿ ਤੀਜੇ ਦਿਨ (12 ਮਈ) ਇਸ ਨੂੰ ਕਾਰਗਿਲ ਖੇਤਰ ਦੇ ਦਰਾਸ ਉਪ-ਖੇਤਰ ਵਿੱਚ ਪਹੁੰਚਣ ਦਾ ਹੁਕਮ ਮਿਲਿਆ। ਕਮਾਂਡਿੰਗ ਅਫ਼ਸਰ ਲੈਫਟੀਨੈਂਟ (ਸੀ.ਓ.) ਕਰਨਲ ਐੱਸ.ਪੀ. ਸਿੰਘ ਦੀ ਅਗਵਾਈ ਵਾਲੀ ਪਲਟਨ 14 ਮਈ ਨੂੰ ਚੱਲੀ ਅਤੇ ਜੋਜ਼ੀਲਾ ਦੇ ਪਾਰ ਪਾਂਡਰਸ ਵਿਖੇ ਅੱਪੜ ਕੇ ਰਿਪੋਰਟ ਕੀਤਾ। ਹੁਕਮ ਹਾਸਲ ਕਰ ਰਾਤ ਨੂੰ ਹੀ ਪਲਟਨ ਵਿੱਚ ਪਰਤ ਕੇ, ਅਫ਼ਸਰ ਅਤੇ ਜੇ.ਸੀ.ਓਜ਼. ਨੂੰ ਬ੍ਰਿਗੇਡ ਦੇ ਹੁਕਮਾਂ ਦੇ ਖਾਕੇ ਦੀ ਜਾਣਕਾਰੀ ਦਿੱਤੀ। ਇਹ ਇੰਝ ਸੀ:
1) ਅੱਠ ਸਿੱਖ, ਬ੍ਰਿਗੇਡ ਵੱਲੋਂ ਇਸ ਉਪ-ਖੇਤਰ ਵਿੱਚ ਲਾਂਚ ਕੀਤੇ ਜਾਣ ਵਾਲੇ ਹਮਲੇ ਲਈ 1 NAGA (ਨਾਗਾ ਰੈਜੀਮੈਂਟ) ਦੀ ਰਿਜ਼ਰਵ ਬਟਾਲੀਅਨ ਹੋਵੇਗੀ।
2) ਸ਼ੁਰੂ ਸ਼ੁਰੂ ਵਿੱਚ ਇਸ ਦਾ ਕੰਮ ਬਿੰਮਟ ਤੋਂ ਬਿੰਮਟ ਕੰਟਰੋਲ ਰੇਖਾ ਤੱਕ ਇਲਾਕਾ ਸੁਰੱਖਿਅਤ ਕਰਨ ਵਿੱਚ ਮਦਦ ਕਰਨਾ ਹੋਵੇਗਾ।
3) ਲੋੜ ਪੈਣ ’ਤੇ ਦੋਵੇਂ ਮੁਲਕਾਂ ਦੀ ਕੰਟਰੋਲ ਰੇਖਾ ਲੰਘ ਕੇ ਦੁਸ਼ਮਣ ਦੇ ਇਲਾਕੇ ਵਿੱਚ ਪ੍ਰਸਿੱਧ ਉੱਚੀਆਂ ਚੋਟੀਆਂ ’ਤੇ ਕਬਜ਼ਾ ਕਰੇਗੀ। ਉਸ ਵਕਤ ਤੱਕ ਸੈਨਾ ਮੁਖੀ ਵੱਲੋਂ ਕਿਸੇ ਵੀ ਹਾਲਤ ਵਿੱਚ ਕੰਟਰੋਲ ਰੇਖਾ ਪਾਰ ਨਾ ਕਰਨ ਦੇ ਹੁਕਮ ਨਹੀਂ ਆਏ ਸਨ।
ਅਗਲੇ ਦਿਨ ਕਮਾਂਡਿੰਗ ਅਫ਼ਸਰ ਨੇ ਬ੍ਰਿਗੇਡ ਹੈੱਡਕੁਆਰਟਰ ਵਿੱਚ ਆਪਣੀ ਬਟਾਲੀਅਨ ਲਈ ਹੁਕਮ ਵਿਸਥਾਰ ਵਿੱਚ ਸੁਣਾਏ। ਪਲਟਨ ਕੋਲ ਉਚਾਈ ’ਤੇ ਕਾਰਵਾਈ ਕਰਨ ਲਈ ਲੋੜੀਂਦਾ ਲੀੜਾ ਕੱਪੜਾ ਨਹੀਂ ਸੀ ਕਿਉਂਕਿ ਅੱਠ ਸਿੱਖ, ਪੰਜਾਬ ਦੀ ਗਰਮੀ ’ਚੋਂ ਲਗਾਤਾਰ ਚੱਲ ਕੇ ਉੱਥੇ ਪਹੁੰਚੀ ਸੀ।
15 ਮਈ ਨੂੰ ਸ਼ਾਮ ਚਾਰ ਵਜੇ ਹੁਕਮ ਮਿਲੇ ਕਿ ‘ਏ’ ਕੰਪਨੀ ਅਗਲੇ ਹੁਕਮਾਂ ਲਈ ਪਹੁੰਚੇ। ਇਹ ਕੰਪਨੀ ਮੇਜਰ ਆਸ਼ੂ ਸਕਸੈਨਾ ਦੀ ਕਮਾਂਡ ਪੁੱਜੀ। ਮੇਜਰ ਆਸ਼ੂ ਨੂੰ ਪੁਆਇੰਟ 4400 ਅਤੇ ਟਾਈਗਰ ਹਿੱਲ ਵਿਚਕਾਰ ਬਲਾਕ ਲਾਉਣ ਦੇ ਹੁਕਮ ਮਿਲੇ ਤਾਂ ਕਿ ਦੁਸ਼ਮਣ ਪੁਆਇੰਟ 4195 ਅਤੇ ਦੱਖਣ ਵੱਲ ਕੌਮੀ ਸ਼ਾਹਮਾਰਗ ਵੱਲ ਨਾ ਵਧ ਸਕੇ। ਮੇਜਰ ਨੇ ਸੀ.ਓ. ਨੂੰ ਟੈਲੀਫੋਨ ’ਤੇ ਮਿਲੇ ਕੰਮ ਬਾਰੇ ਦੱਸਿਆ ਅਤੇ ਖ਼ੁਦ ਮੂਹਰੇ ਲੱਗ ਕੇ ਬਰਫ਼ ਵਾਲੇ ਕੱਪੜਿਆਂ ਬੂਟਾਂ, ਤੋਪਖਾਨਾ, ਕਿਸੇ ਸਥਾਨਕ ਗਾਈਡ ਆਦਿ ਤੋਂ ਬਿਨਾਂ ਅਤੇ ਘੱਟ ਵਾਇਰਲੈੱਸ ਸੈੱਟਾਂ ਨਾਲ ਚੱਲ ਪਿਆ। ਪਿੱਛੇ ਅੱਠ ਸਿੱਖ ਕੋਲ ਤਿੰਨ ਕੰਪਨੀਆਂ ਹੀ ਬਚੀਆਂ।
16 ਮਈ ਸਵੇਰੇ ਪਲਟਨ ਨੂੰ ਨਵੇਂ ਹੁਕਮ ਮਿਲੇ। ਇਸ ਨੂੰ ਪੁਆਇੰਟ 4195, 4460 ਅਤੇ ਟਾਈਗਰ ਗਿੱਲ ’ਤੇ ਕਬਜ਼ਾ ਕਰਨ ਨੂੰ ਕਿਹਾ ਗਿਆ। ਇਨ੍ਹਾਂ ਨੂੰ ਜਗ੍ਹਾ ਤੇ ਦੁਸ਼ਮਣ ਦੀ ਮੌਜੂਦਗੀ ਅਤੇ ਤਾਦਾਦ ਬਾਰੇ ਕੋਈ ਖ਼ਬਰ ਨਹੀਂ ਸੀ। ਏਨਾ ਕੁ ਕਿਹਾ ਗਿਆ, ‘‘ਕੁਝ ਕੁ ਮੁਜਾਹਿਦੀਨ ਹਨ, ਜਾਓ ਅਤੇ ਕੱਢ ਬਾਹਰ ਸੁਟੋ।’’
ਪਲਟਨ ਪਾਂਡਰਸ ਤੋਂ 16 ਮਈ ਨੂੰ ਸ਼ਾਮ ਚਾਰ ਵਜੇ ਚੱਲੀ ਅਤੇ ਘਾਟੀ ਦੇ ਪਾਰ ਰੋਡ ਹੈੱਡ ’ਤੇ ਸੈਂਡੋ ਪੋਸਟ (16 ਗਰਨੇਡੀਅਰਜ) ’ਤੇ ਰਾਤ ਢਾਈ ਵਜੇ (17 ਮਈ) ਪਹੁੰਚੀ। ਥੋੜ੍ਹੇ ਆਰਾਮ ਮਗਰੋਂ ਮਾੜੇ ਮੌਸਮ ਦੀ ਪ੍ਰਵਾਹ ਕੀਤੇ ਬਗੈਰ ਦੁਸ਼ਮਣ ਤੋਂ ਬਚ ਕੇ ਸੀ.ਓ. ਵੱਲੋਂ ਚੁਣੇ ਰਸਤੇ ਉੱਤੇ ਸੈਂਡੋ ਨਾਲੇ ਵਿਚਦੀ ਲੰਘ ਕੇ ਸਿੱਧੀ ਚੜ੍ਹਾਈ ਚੜ੍ਹਨ ਲੱਗੀ। ਰਸਤੇ ਵਿੱਚ ਮਾੜੇ ਮੋਟੇ ਜੰਮੇ ਹੋਏ ਨਾਲੇ ਸਹਾਇਕ ਸਿੱਧ ਹੋਏ ਜੋ ਵਗਦੇ ਹੋਣ ’ਤੇ ਲੰਘਣੇ ਔਖੇ ਸਨ। ਸੀ.ਓ. ਕਰਨਲ ਐਸ.ਪੀ. ਸਿੰਘ ਅਗਵਾਈ ਕਰ ਰਿਹਾ ਸੀ ਅਤੇ ਜਿੱਥੇ ‘ਏ’ ਕੰਪਨੀ ਇਕ ਦਿਨ ਪਹਿਲਾਂ ਪਹੁੰਚੀ ਸੀ, ਆ ਪਹੁੰਚੇ। ਸੀ.ਓ. ਨੇ ਦੁਸ਼ਮਣ ਬਾਰੇ ਜਾਣਕਾਰੀ ਲੈਣ ਲਈ ਤਿੰਨ ਗਸ਼ਤੀ ਟੁਕੜੀਆਂ (ਪੈਟਰੋਲਾਂ) ਨੂੰ ਪੁਆਇੰਟ 4195, 4460 ਅਤੇ ਟਾਈਗਰ ਹਿੱਲ ਲਈ ਭੇਜਿਆ। ਦੋ ਪਾਰਟੀਆਂ ਨੇ ਦੱਸਿਆ ਕਿ ਦੁਸ਼ਮਣ ਨਹੀਂ ਹੈ। ਤੀਜੀ ਟੁਕੜੀ ਰਸਤੇ ਵਿੱਚ ਭਾਰੀ ਬਰਫ਼ ਕਾਰਨ ਪਹੁੰਚ ਹੀ ਨਹੀਂ ਸਕੀ। ਏ ਕੰਪਨੀ (ਮੇਜਰ ਕੌਸ਼ਿਕ ਦੀ ਕਮਾਂਡ ਹੇਠ) ਨੇ ਰਾਤ ਨੌਂ ਵਜੇ ਪੁਆਇੰਟ 4195 ਅਤੇ 4460 ’ਤੇ ਇੱਕ ਇੱਕ ਪਲਟੂਨ ਲਾ ਦਿੱਤੀ। ਸੀ.ਓ. ਨੇ ਮੇਜਰ ਆਸ਼ੂ ਦੀ ਕੰਪਨੀ ਨੂੰ ਇੱਕ ਤਕੜੀ ਟੁਕੜੀ ਰਾਤ ਨੂੰ ਬਰਫ਼ ਵਿਚਦੀ ਰਸਤਾ ਬਣਾਉਣ ਲਈ ਭੇਜਣ ਦੇ ਹੁਕਮ ਦਿੱਤੇ। ਇਹ ਪੱਛਮੀ ਸਪੱਰ (ਪਹਾੜੀ ਦੀ ਸ਼ਾਖ) ਟਾਈਗਰ ਹਿੱਲ ਵੱਲ ਜਾਂਦੀ ਸੀ। ਇਹ ਪਾਰਟੀ ਵੀ ਅੱਗੇ ਨਾ ਜਾ ਸਕੀ।
ਅਗਲੇ ਦਿਨ ਸਵੇਰੇ ਇਕ ਜੇ.ਸੀ.ਓ. ਅਤੇ 10 ਜਵਾਨ ਫਿਰ ਟਾਈਗਰ ਹਿੱਲ ਵੱਲ ਭੇਜੇ ਗਏ। ਇਹ ਜਦ ਨੇੜੇ ਪਹੁੰਚੀ ਤਾਂ ਇਸ ’ਤੇ ਟਾਈਗਰ ਹਿੱਲ ਵੱਲੋਂ ਫਾਇਰ ਆਇਆ। ਮੂਹਰਲੇ ਸਕਾਊਟ ਨਾਇਕ ਰਣਜੀਤ ਸਿੰਘ ਨੇ ਪੈਟਰੋਲ ਪਾਰਟੀ ਨੂੰ ਸੂਚਿਤ ਕਰਨ ਲਈ ਫਾਇਰ ਕਰ ਦਿੱਤਾ ਤਾਂ ਕਿ ਪਿਛਲੇ ਸੰਭਲ ਜਾਣ। ਇਹ ਕਰਦਿਆਂ ਉਹ ਮਾਰਿਆ ਗਿਆ ਜਿਸ ਨੂੰ ਮਰਨ ਉਪਰੰਤ ਸੈਨਾ ਮੈਡਲ ਦਿੱਤਾ ਗਿਆ। ਪੈਟਰੋਲ ਲੀਡਰ ਸੂਬੇਦਾਰ ਜੋਗਿੰਦਰ ਸਿੰਘ ਖ਼ੁਦ ਜ਼ਖ਼ਮੀ ਹੋ ਕੇ ਵੀ ਪੈਟਰੋਲ ਨੂੰ ਕਵਰ ਕਰਦਾ ਰਿਹਾ। ਮਗਰੋਂ ਉਸ ਦੀ ਲਾਸ਼ ਉਸੇ ਜਗ੍ਹਾ ਤੋਂ ਮਿਲੀ। ਇੱਥੇ ਹੀ ਇੱਕ ਹੋਰ ਐਨ.ਸੀ.ਓ. ਮਾਰਿਆ ਗਿਆ ਅਤੇ ਇਕ ਜ਼ਖ਼ਮੀ ਹੋ ਗਿਆ। ਥੋੜ੍ਹੀ ਦੇਰ ਮਗਰੋਂ ਰਸਤਾ ਬਣਾ ਰਹੀ ਬੀ ਕੰਪਨੀ ’ਤੇ ਵੀ ਫਾਇਰ ਆ ਗਿਆ। ਰਬੋ 315 ਫੀਲਡ ਰੈਜੀਮੈਂਟ (ਆਰਟਿਲਰੀ) ਦੇ ਮੇਜਰ ਓ.ਪੀ. ਮਿਸ਼ਰਾ ਨੇ ਦੁਸ਼ਮਣ ਦੀ ਪੁਜੀਸ਼ਨ ’ਤੇ ਫਾਇਰ ਕਰਵਾ ਕੇ ਪਾਰਟੀ ਕੱਢ ਲਈ।
20 ਮਈ ਨੂੰ ਮੇਜਰ ਜੇ.ਐੱਸ. ਰਾਠੌੜ ਦੀ ਡੀ ਕੰਪਨੀ ਨੂੰ ਟਾਈਗਰ ਹਿੱਲ ਨੂੰ ਪੂਰਬ ਵੱਲੋਂ ਘੇਰਾ ਪਾ ਕੇ ਉੱਤਰ ਵੱਲ ਪਰੀਓਂ ਕਾ ਤਾਲਾਬ ਪਹੁੰਚਣ ਦਾ ਜ਼ਿੰਮਾ ਦਿੱਤਾ ਗਿਆ। ਇਰਾਦਾ ਇਸੇ ਪਾਸਿਉਂ ਟਾਈਗਰ ਹਿੱਲ ’ਤੇ ਕਬਜ਼ੇ ਦਾ ਸੀ। ਡੀ ਕੰਪਨੀ ਸੈਂਡੋ ਨਾਲੇ ਵਿੱਚ ਉਤਰ ਕੇ ਟਾਈਗਰ ਹਿੱਲ ’ਤੇ ਕਬਜ਼ੇ ਲਈ ਚੜ੍ਹੀ। ਰਸਤੇ ਵਿੱਚ ਇੱਕ ਜਵਾਨ ਚਟਾਨ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹੈਲੀਕਾਪਟਰ ਰਾਹੀਂ ਉੱਥੋਂ ਲਿਜਾਣਾ ਪਿਆ। ਸਭ ਮੁਸ਼ਕਲਾਂ ਦੇ ਬਾਵਜੂਦ ਹਨੇਰਾ ਹੋਣ ਤੋਂ ਪਹਿਲਾਂ ਕੰਪਨੀ ਦਿੱਤੀ ਜਗ੍ਹਾ ’ਤੇ ਲੱਗ ਗਈ। ਇੱਕੀ ਤਾਰੀਖ਼ ਨੂੰ ਬਟਾਲੀਅਨ ਬ੍ਰਿਗੇਡੀਅਰ ਅੋਲ ਦੇ 56 ਬਿਗ੍ਰੇਡ ਦੀ ਕਮਾਂਡ ਹੇਠ ਆ ਗਈ। ਸੀ.ਓ. ਨੇ ਕਮਾਂਡਰ ਨੂੰ ਜਾਣਕਾਰੀ ਦਿੱਤੀ। ਕਮਾਂਡਰ ਨੇ ਅੱਠ ਸਿੱਖ ਨੂੰ ਪੱਛਮੀ ਰਿੱਜ ਦਾ ਸੰਪਰਕ ਤੋੜਨ ਦੇ ਆਦੇਸ਼ ਦਿੱਤੇ। ਡੀ ਕੰਪਨੀ ਦੀ ਇੱਕ ਤਕੜੀ ਟੁਕੜੀ (ਦੋ ਅਫ਼ਸਰ, ਦੋ ਜੇ.ਸੀ.ਓ. ਅਤੇ 30 ਜੁਆਨ) ਨੇ ਉੱਤਰ ਪੱਛਮੀ ਸਪੱਰ ’ਤੇ ਪਹੁੰਚਣਾ ਸੀ। ਚੜ੍ਹਦੇ ਸਾਰ ਪੈਟਰੋਲ ਸਖ਼ਤ ਗੋਲੀਬਾਰੀ ਦੀ ਮਾਰ ’ਚ ਆ ਗਈ ਅਤੇ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਪੰਜ ਘੰਟੇ ਚਲਿਆ। ਦੁਸ਼ਮਣ ਚੋਟੀਆਂ ’ਤੇ ਸੀ। ਆਖ਼ਰ ਟੁਕੜੀ ਵਾਪਸ ਮੁੜ ਪਈ, ਪਰ ਇੱਕ ਅਫ਼ਸਰ ਲੈਫਟੀਨੈਂਟ ਭੱਟਾਚਾਰੀਆ ਅਤੇ ਤਿੰਨ ਜਵਾਨ ਗੁਆ ਕੇ। ਸੂਬੇਦਾਰ ਕੁਲਦੀਪ ਸਿੰਘ ਅਤੇ 13 ਜਵਾਨ ਜ਼ਖ਼ਮੀ ਹੋਏ। ਇਸ ਮੁਕਾਬਲੇ ਵਿੱਚ ਸਿਪਾਹੀ ਮੇਜਰ ਸਿੰਘ ਸਭ ਤੋਂ ਅਗਲਾ ਸਕਾਊਟ ਹੋਣ ਕਰਕੇ ਕਾਫ਼ੀ ਅੱਗੇ ਸੀ। ਉਸ ਨੇ ਦੁਸ਼ਮਣ ਦੀ ਘਾਤ ਵੇਖ ਲਈ ਜੋ ਸਿੱਖਾਂ ਦੀ ਉਡੀਕ ਵਿੱਚ ਸੀ। ਉਸ ਨੇ ਪਿਛਲਿਆਂ ਨੂੰ ਸੰਭਲਣ ਦਾ ਮੌਕਾ ਦੇਣ ਲਈ ਫਾਇਰ ਖੋਲ੍ਹ ਦਿੱਤਾ, ਪਰ ਉਹ ਮੁਕਾਬਲੇ ਵਿੱਚ ਮਾਰਿਆ ਗਿਆ। ਉਸ ਨੂੰ ਸੈਨਾ ਮੈਡਲ ਦਿੱਤਾ ਗਿਆ। ਅੱਧੀ ਤੋਂ ਵੱਧ ਪਾਰਟੀ ਸ਼ਹੀਦ ਹੋ ਗਈ ਅਤੇ 22 ਜ਼ਖ਼ਮੀ ਬੇਸ ਹਸਪਤਾਲ ਭੇਜੇ ਗਏ। ਲੈਫਟੀਨੈਂਟ ਭੱਟਾਚਾਰੀਆ ਅਤੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਪਿੱਛੇ ਰਹਿ ਗਈਆਂ। ਐੱਸ ਕੰਪਨੀ ਨੂੰ ਪਰੀਓਂ ਕੇ ਤਾਲਾਬ ’ਤੇ ਮੋਚਰਾ ਸੰਭਾਲਣ ਲਈ ਕਿਹਾ। ਸੀ.ਓ. ਨੇ ਮੇਜਰ ਕੌਸ਼ਿਕ ਨੂੰ ਵਾਪਸ ਬੁਲਾ ਲਿਆ ਅਤੇ ਕੰਪਨੀ ਰਾਠੌੜ ਦੀ ਕਮਾਂਡ ਹੇਠ ਆ ਗਈ। ਅੱਠ ਸਿੱਖ ਨੂੰ ਟਾਈਗਰ ਹਿੱਲ ਨੂੰ ਅਲੱਗ-ਥਲੱਗ ਕਰਨ ਲਈ ਹੁਕਮ ਮਿਲੇ। ਸੀ.ਓ. ਨੇ ਮੇਜਰ ਦਲਬੀਰ ਸਿੰਘ ਨੂੰ 15 ਜੁਆਨ ਲੈ ਕੇ ਪਰੀਓਂ ਕਾ ਤਾਲਾਬ ’ਤੇ ਜਾਣ ਲਈ ਕਿਹਾ। 24 ਨੂੰ ਸੀ.ਓ. ਮੂਹਰੇ ਆ ਪੁੱਜਾ। 25 ਤੋਂ 27 ਤਾਰੀਖ਼ ਤੱਕ ਦੁਸ਼ਮਣ ਨੇ ਪੂਰਬੀ ਸਪੱਰ ’ਤੇ ਪੈਰ ਨਾ ਜੰਮਣ ਦਿੱਤੇ। ਸੂਬੇਦਾਰ ਸਤਨਾਮ ਸਿੰਘ ਦੀ ਪਾਰਟੀ ਲੈਫਟੀਨੈਂਟ ਭੱਟਾਚਾਰੀਆ, ਸਿਪਾਹੀ ਮੇਜਰ ਸਿੰਘ ਅਤੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰਨ ਵਿੱਚ ਲੱਗੀ ਹੋਈ ਸੀ। ਉਨ੍ਹਾਂ ਮੁਸ਼ਕਿਲ ਨਾਲ ਤਿੰਨ ਜਵਾਨਾਂ ਦੀ ਲਾਸ਼ਾਂ ਲੱਭ ਲਿਆਂਦੀਆਂ, ਪਰ ਭੱਟਾਚਾਰੀਆ ਅਤੇ ਮੇਜਰ ਸਿੰਘ ਦੀ ਲਾਸ਼ਾਂ ਨਾ ਕੱਢ ਸਕੇ। ਵਾਪਸੀ ’ਤੇ ਭਾਰੀ ਗੋਲੀਬਾਰੀ ਹੇਠੋਂ ਲੰਘਦਿਆਂ ਨਾਇਕ ਬਹਾਦਰ ਸਿੰਘ ਮਾਰਿਆ ਗਿਆ ਜੋ ਇੱਕ ਲਾਸ਼ ਬਹੁਤ ਔਖੀ ਥਾਂ ਤੋਂ ਕੱਢ ਕੇ ਲਿਆਇਆ ਸੀ। ਉਸ ਨੂੰ ਮਰਨ ਉਪਰੰਤ ਸੈਨਾ ਮੈਡਲ ਦਿੱਤਾ ਗਿਆ। ਉਸੇ ਦਿਨ ਸੈਂਡੋ ਪੋਸਟ ’ਤੇ ਤਾਇਨਾਤ ਸੀ ਕੰਪਨੀ ਦੇ ਛੇ ਜਵਾਨ ਦੁਸ਼ਮਣ ਵੱਲੋਂ ਕੀਤੀ ਗੋਲੀਬਾਰੀ ਕਾਰਨ ਜ਼ਖ਼ਮੀ ਹੋ ਗਏ।
25 ਮਈ ਨੂੰ ਲੈਫਟੀਨੈਂਟ ਆਰ.ਕੇ. ਸ਼ੇਰਾਵਤ ਦੀ ਬੀ ਕੰਪਨੀ ਇੱਕ ਪਲਟਨ ਛੱਡ ਕੇ ਪੁਆਇੰਟ 5100 ਦੇ ਦੱਖਣ ਪੂਰਬੀ ਪਾਸੇ ਫਸਟ ਨਾਗਾ ਦੀ ਥਾਂ ਲੈਣ ਭੇਜੀ ਗਈ ਕਿਉਂਕਿ ਉਸ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਬੀ ਕੰਪਨੀ ਦੀ ਇਕ ਪਲਟਨ ਸੂਬੇਦਾਰ ਸਰਦਾਰਾ ਸਿੰਘ ਹੇਠ ‘ਉਬਾਂ ਲਾ’ ਭੇਜੀ ਗਈ ਤਾਂ ਕਿ ਦੁਸ਼ਮਣ ਦੱਖਣ ਵੱਲੋਂ ਅੰਦਰ ਨਾ ਆ ਸਕੇ। ਸਾਰੀਆਂ ਮੁਸ਼ਕਲਾਂ ’ਤੇ ਕਾਬੂ ਪਾਉਂਦਾ ਸਰਦਾਰਾ ਸਿੰਘ ਅਤੇ ਉਸ ਦੇ ਜਵਾਨ ਪੁਆਇੰਟ 4245 ’ਤੇ ਜਾ ਲਗੇ ਅਤੇ ਰੋਕ ਲਾ ਦਿੱਤੀ। ਇਹ ਪਲਟਨ ਪੂਰੇ 35 ਦਿਨ ਇਸ ਜਗ੍ਹਾ ਅਲੱਗ ਥਲੱਗ ਰਹੀ। ਅੱਠ ਸਿੱਖ ਨੇ ਟਾਈਗਰ ਹਿੱਲ ਨੂੰ ਤਿੰਨ ਪਾਸੇ ਤੋਂ ਕੱਟ ਦਿੱਤਾ।
29 ਮਈ ਨੂੰ ਇਕ ਸੀਨੀਅਰ ਹੌਲਦਾਰ ਸੁਰਿੰਦਰ ਸਿੰਘ ਮੌਸਮ ਕਾਰਨ ਸਿਹਤ ਖ਼ਬਰ ਹੋਣ ਕਰਕੇ ਮਰ ਗਿਆ। ਧੰਨ ਸਨ ਅੱਠ ਸਿੱਖ ਦੇ ਫ਼ੌਜੀ ਜੋ ਬਗੈਰ ਕਿਸੇ ਅਗਾਊਂ ਤਿਆਰੀ ਤੇ ਲੋੜੀਂਦੇ ਸਾਜ਼ੋ-ਸਾਮਾਨ 15-16 ਹਜ਼ਾਰ ਫੁੱਟ ਦੀ ਉਚਾਈ ’ਤੇ ਲੜ ਰਹੇ ਸਨ, ਉਂਝ ਫਿੱਟ ਹੋਣ ਲਈ ਮਹੀਨਾ ਲੱਗਦਾ ਹੈ।
30 ਮਈ ਤੋਂ 2 ਜੂਨ ਤੱਕ ਭਾਰਤੀ ਫ਼ੌਜ ਦੇ ਉੱਤਰ, ਦੱਖਣ ਅਤੇ ਪੂਰਬ ਵੱਲੋਂ ਸਖ਼ਤੀ ਵਧਾਉਂਦੀ ਗਈ। ਦੁਸ਼ਮਣ ਵੀ ਪੂਰੀ ਵਾਹ ਲਾ ਰਿਹਾ ਸੀ। ਤਿੰਨ ਜੂਨ ਨੂੰ ਬ੍ਰਿਗੇਡ ਵੱਲੋਂ ਖ਼ਾਸ ਸਿਖਲਾਈ ਵਾਲਾ ਹੌਲਦਾਰ ਅਤੇ ਅੱਠ ਸਿੱਖ ਦੇ 10 ਜੁਆਨ ਸੂਬੇਦਾਰ ਤਰਲੋਚਨ ਸਿੰਘ ਹੇਠ ਗਏ, ਪਰ ਕੰਮ ਨਾ ਬਣਿਆ। ਛੇ ਜੂਨ ਤਕ ਸੂਬੇਦਾਰ ਬਲਵੰਤ ਸਿੰਘ ਅਤੇ ਸੀ ਕੰਪਨੀ ਦੀ ਇਕ ਪਲਟਨ ਟਾਈਗਰ ਹਿੱਲ ਦੇ ਐਨ ਨੇੜੇ ਪੁਆਇੰਟ 4660 ’ਤੇ ਕਾਬਜ਼ ਹੋ ਗਏ ਅਤੇ ਹੌਲੀ ਹੌਲੀ ਘੇਰਾ ਵਧਾਉਣ ਲੱਗੇ। ਇੱਥੇ ਹੀ ਟੈਲੀਫੋਨ ਲਾਈਨ/ਕੇਬਲ ਰਿਪੇਅਰ ਕਰਦੀ ਪਾਰਟੀ ਦੇ ਚਾਰ ਜਵਾਨ ਅਤੇ ਹੌਲਦਾਰ ਗੁਰਧਿਆਨ ਸਿੰਘ ਮਾਰੇ ਗਏ। ਮੇਜਰ ਆਸ਼ੂ ਦੀ ਬਦਲੀ ਆ ਜਾਣ ’ਤੇ ਏ ਕੰਪਨੀ ਮੇਜਰ ਰਾਠੌੜ ਦੀ ਹੋ ਗਈ। ਇਹ ਗੱਲ 10 ਜੂਨ ਪੁਆਇੰਟ 4660 ਦੀ ਹੈ। ਰਾਠੌੜ ਵੀ ਸੱਤ ਦਿਨਾਂ ਮਗਰੋਂ ਜ਼ਖ਼ਮੀ ਹੋਣ ਕਰਕੇ ਪਿੱਛੇ ਭੇਜਣਾ ਪਿਆ।
ਸੱਤ ਮਈ ਨੂੰ ਪਰੀਓਂ ਕਾ ਤਾਲਾਬ ’ਤੇ ਸੂਬੇਦਾਰ ਸਰਦਾਰਾ ਸਿੰਘ ਦੀ ਪਲਟਨ ਡਟੀ ਹੋਈ ਸੀ। ਇਸੇ ਵਿੱਚ ਵਲੰਟੀਅਰ ਹੋ ਕੇ ਰਿਹਾ ਸੂਬੇਦਾਰ ਗੁਰਦਿਆਲ ਸਿੰਘ ਪਿੱਛੇ ਰਹੀਆਂ ਲਾਸ਼ਾਂ ਕੱਢਣ ਲਈ ਹੰਭਲਾ ਮਾਰਦਾ ਰਿਹਾ। ਅੰਤ ਉਹ ਲੈਫਟੀਨੈਂਟ ਭੱਟਾਚਾਰੀਆ ਅਤੇ ਸਿਪਾਹੀ ਮੇਜਰ ਸਿੰਘ ਦੀ ਲਾਸ਼ ਕੱਢ ਲਿਆਇਆ। ਐਧਰ 18 ਜੂਨ ਤੋਂ 24 ਜੂਨ ਤੱਕ ਟਾਈਗਰ ਹਿੱਲ ਦੀ ਪੱਛਮੀ ਰਿੱਜ ’ਤੇ ਕਬਜ਼ੇ ਲਈ ਲੜਾਈ ਚਲਦੀ ਰਹੀ। ਇਨ੍ਹਾਂ ਵਿੱਚ 16 ਗਰਨੇਡੀਅਰਜ਼, 7 ਜਾਟ ਅਤੇ HAWS ਦੇ ਜਵਾਨ ਵੀ ਸਨ।
25 ਜੂਨ ਨੂੰ ਬਿਗੇਡੀਅਰ ਐਮ.ਪੀ.ਐੱਸ. ਬਾਜਵਾ ਨੂੰ ਇਲਾਕੇ ਦੀ ਜ਼ਿੰਮੇਵਾਰੀ ਸੌਂਪੀ ਗਈ। ਅਠਾਰਾਂ ਗਰਨੇਡੀਅਰਜ਼ ਵੀ ਆ ਜੁੜੀ। 18 ਗਰਨੇਡੀਅਰ ਦਾ ਮੇਜਰ ਧਰਮਵੀਰ ਪੰਗਲ, 4 ਅਫ਼ਸਰ, 10 ਜੇ.ਸੀ.ਓ. ਅਤੇ ਯੂਨਿਟ ਟੈਕਨੀਕਲ ਹੈੱਡਕੁਆਰਟਰ ਪੁਆਇੰਟ 4460 ’ਤੇ ਅੱਠ ਵਾਲਿਆਂ ਨਾਲ ਰਲ ਕੇ ਵੱਡਾ ਹਮਲਾ ਵਿਉਂਤਣ ਲੱਗੇ। ਕਮਾਂਡਰ ਨੇ ਤਿੰਨ ਚਾਰ ਜੁਲਾਈ ਹਮਲੇ ਦੀ ਸੋਚੀ, ਪਰ ਨਾਲ ਲੱਗਦੇ 79 ਬ੍ਰਿਗੇਡ ਨੇ 4875 ’ਤੇ ਹਮਲਾ ਕਰਨਾ ਸੀ। ਕਈ ਕਾਰਨਾਂ ਕਰਕੇ 79 ਦੇ ਹਮਲੇ ਨੂੰ ਪਹਿਲ ਦਿੱਤੀ ਗਈ।
ਦੋ ਜੁਲਾਈ ਨੂੰ ਦੋਵੇਂ ਪਲਟਨਾਂ ਦੇ ਸੀ.ਓ. ਨੇ ਕਾਰਵਾਈ ਦੇ ਹੁਕਮ ਦਿੱਤੇ। ਅਠਾਰਾਂ ਗਰਨੇਡੀਅਰ ਦਾ ਹਮਲਾ 3 ਜੁਲਾਈ ਨੂੰ ਤੜਕੇ ਸ਼ੁਰੂ ਹੋਇਆ। ਇਸ ਦੀਆਂ ਦੋ ਕੰਪਨੀਆਂ ਦਾ ਪਹੁੰਚ ਰਸਤੇ ’ਤੇ ਹੀ ਦੁਸ਼ਮਣ ਦੀ ਗੋਲੀਬਾਰੀ ਹੇਠ ਆਉਣ ਕਾਰਨ ਅੱਗੇ ਵਧਣਾ ਰੁਕ ਗਿਆ। ਪੂਰਬੀ ਅਪਰੋਚ ਵਾਲੀ ਕੰਪਨੀ ਟਾਈਗਰ ਹਿੱਲ ਦੇ ਨੇੜੇ ਪੁੱਜ ਗਈ, ਪਰ ਅੱਗੇ ਨਾ ਜਾ ਸਕੀ। ਕਮਾਂਡੋ ਪਲਟਨ ਵੀ ਕੰਪਨੀ ਨਾਲ ਆ ਰਲੀ।
ਹਾਲਤ ਮਾੜੀ ਹੋਣ ਕਰਕੇ ਕਮਾਂਡਰ ਨੇ ਗ਼ੈਰ-ਰਵਾਇਤੀ ਢੰਗ ਸੋਚਿਆ ਕਿ ਟਾਈਗਰ ਹਿੱਲ ਅਤੇ ਰੌਕੀ ਨੌਬ (ਜੋ ਪੱਛਮੀ ਰਿੱਜ ਦੇ ਐਨ ਪੱਛਮੀ ਸਿਰੇ ’ਤੇ ਸੀ) ਦੋਵੇਂ ਪੋਸਟਾਂ ਇਕ ਦੂਜੀ ਦਾ ਸਾਥ ਦੇ ਸਕਦੀਆਂ ਸਨ, ਇਸ ਲਈ ਇਨ੍ਹਾਂ ਵਿਚਕਾਰ ਜਗ੍ਹਾ ’ਤੇ ਕਬਜ਼ਾ ਕਰਕੇ ਇਨ੍ਹਾਂ ਨੂੰ ਅੱਡ ਅੱਡ ਨਬਿੜਿਆ ਜਾਵੇ। ਬ੍ਰਿਗੇਡੀਅਰ ਬਾਜਵਾ ਨੇ ਅੱਠ ਦੇ ਸੀ.ਓ. ਨੂੰ ਇਸ ਕੰਮ ਲਈ ਕਮਾਂਡੋ ਪਲਟਨ ਲਾਂਚ ਕਰਨ ਲਈ ਕਿਹਾ। ਇਸ ਦਾ ਕੰਮ ਸੈਡੋਂ ਨਾਲੇ ਤੋਂ ਸਿੱਧਾ ਚੜ੍ਹ ਕੇ ਸਿਰੇ ’ਤੇ ਪੁੱਜ ਟਾਈਗਰ ਹਿੱਲ ਦੇ ਪੱਛਮੀ ਰਿੱਜ ’ਤੇ ਲੱਗਣ ਤੋਂ ਪਹਿਲਾਂ ਇੰਡੀਆ ਗੇਟ ’ਤੇ ਕਬਜ਼ਾ ਕਰਨਾ ਸੀ। ਦੂਰੋਂ ਇਹ ਇਲਾਕਾ ਖਾਲੀ ਲੱਗਦਾ ਸੀ। ਸੀ.ਓ. ਕਰਨਲ ਐਮ.ਪੀ. ਸਿੰਘ ਨੇ ਮੇਜਰ ਪਰਮਾਰ ਦੀ ਡੀ ਕੰਪਨੀ ਨੂੰ ਲੈਫਟੀਨੈਟ ਆਰ.ਕੇ. ਸ਼ੇਰਾਵਤ ਦੀ ਕਮਾਂਡੋ ਪਲਟੂਨ ਨਾਲ ਤਿਆਰ ਰਹਿਣ ਦੇ ਹੁਕਮ ਦਿੱਤੇ। ਇਸ ਵਿੱਚ ਦੋ ਅਫ਼ਸਰ, 4 ਜੇ.ਸੀ.ਓ. ਅਤੇ 46 ਜਵਾਨ ਭਾਵ ਕੁਲ 52 ਜਣੇ ਸਨ। ਇਹ 4460 ਤੋਂ 5 ਜੁਲਾਈ ਦਸ ਵਜੇ ਚੱਲੇ। ਇਹ ਟੁਕੜੀ ਸਿੱਧੀ ਟਿੰਗਲ ਨਾਲੇ ਵਿੱਚ ਉਤਰ ਕੇ ਦੱਖਣ ਵੱਲ ਮੁੜ ਗਈ। ਇਹ ਸਾਰੀ ਹਰਕਤ ਦੁਸ਼ਮਣ ਦੀ ਅੱਖ ਥੱਲੇ ਹੋ ਰਹੀ ਸੀ। ਜਦੋਂ ਉਹ ਦੁਸ਼ਮਣ ਤੋਂ ਓਹਲੇ ਹੋਏ ਤਾਂ ਮੇਜਰ ਪਰਮਾਰ ਉੱਤਰ ਵੱਲ ਮੁੜ ਪਿਆ ਅਤੇ ਹਨੇਰਾ ਹੋਣ ਤੱਕ ਨਾਲੇ ਵਿੱਚ ਪਏ ਰਹੇ। ਫਿਰ ਤੇਜ਼ੀ ਨਾਲ ਚੱਲਕੇ ਪੱਛਮੀ ਰਿੱਜ ਦੇ ਮੁੱਢ ਵਿਚ ਨਾਲੇ ਵਿੱਚ ਅੱਪੜ ਗਏ। ਸਵੇੇਰੇ ਦੋ ਵਜੇ ਉਹ ਹਵਾਲਾ ਪੁਆਇੰਟ ਬੜਾ ਪੱਥਰ ਪਹੁੰਚ ਗਏ। ਇੱਥੋਂ ਨਿਸ਼ਾਨਾ 300 ਮੀਟਰ ਦੂਰ ਸੀ।
ਮੇਜਰ ਪਰਮਾਰ ਨੇ ਸੂਬੇਦਾਰ ਸਰਦਾਰਾ ਸਿੰਘ (ਉਬਾਂ-ਲਾ ਵਾਲਾ ਨਹੀਂ ਦੂਜਾ) ਨੂੰ ਫਾਇਰ ਬੇਸ ਤਿਆਰ ਕਰਨ ਲਈ ਕਿਹਾ ਜਿਸ ’ਤੇ ਜ਼ਿਆਦਾ ਸਮਾਂ ਨਹੀਂ ਲੱਗਿਆ। ਉਸ ਨੂੰ ਜ਼ਿੰਮੇਵਾਰੀ ਦੇ ਕੇ ਆਪ ਬਾਕੀ ਨਫ਼ਰੀ ਨਾਲ ਲੈ ਕੇ ਰਿੱਜ ਲਾਈਨ ’ਤੇ ਸਵੇਰੇ ਤਿੰਨ ਵਜੇ ਪਹੁੰਚਿਆ ਅਤੇ ਵੇਖਿਆ ਕਿ ਉਹ ਇੰਡੀਆ ਗੇਟ ਦੇ ਐਨ ਪੱਛਮੀ ਰਿੱਜ ’ਤੇ ਹਨ ਅਤੇ ਚੰਗੀ ਪੁਜੀਸ਼ਨ ਹੈ। ਵੇਖਿਆ ਕਿ ਇੰਡੀਆ ਗੇਟ ਅੰਦਾਜ਼ੇ ਦੇ ਉਲਟ ਖਾਲੀ ਨਹੀਂ ਸੀ। ਉਸ ਨੂੰ ਦੋ ਸੰਘਰ ਸਾਫ਼ ਦਿਸੇ ਅਤੇ ਕੁਝ ਪੱਥਰਾਂ ਦੀਆਂ ਢੇਰੀਆਂ ਜੋ ਸੰਘਰ ਹੀ ਲੱਗਦੇ ਸਨ। ਮੇਜਰ ਪਰਮਾਰ ਨੇ ਪਾਰਟੀ ਨੂੰ ਪੁਜੀਸ਼ਨ ਵਿੱਚ ਲਾ ਕੇ ਰੌਕੇਟ ਲਾਂਚਰ ਟੀਮ ਨੂੰ ਬੰਕਰ ਉਡਾਉਣ ਲਈ ਕਿਹਾ। ਦਸ ਮਿੰਟਾਂ ਵਿੱਚ ਰੌਕੇਟ ਸੰਗਰਾਂ ਵਿੱਚ ਜਾ ਵੱਜੇ। ਦੁਸ਼ਮਣ ਕੁਝ ਵਿਚੇ ਮਰ ਗਏ, ਬਾਕੀ ਪੂਰੀ ਵਾਹ ਨਾਲ ਟਾਈਗਰ ਹਿੱਲ ਅਤੇ ਰੌਕੀ ਨੌਬ ਵੱਲ ਉਡਦੇ ਦਿਸੇ। ਕਾਮਯਾਬੀ ਮਗਰੋਂ ਪੁਜੀਸ਼ਨ ਰੀਸੈੱਟ ਕੀਤੀ ਅਤੇ ਪਾਰਟੀ ਦੇ ਤਿੰਨ ਹਿੱਸੇ ਕਰ ਦਿੱਤੇ। ਲੈਫਟੀਨੈਟ ਸ਼ੇਰਾਵਤ ਅਤੇ ਦੋ ਜੇ.ਸੀ.ਓ. (ਕਰਨੈਲ ਸਿੰਘ ਅਤੇ ਰਵੇਲ ਸਿੰਘ), 20 ਜਵਾਨਾਂ ਨੂੰ ਹੈਲਮੈਟ ਨਾਮੀ ਜਗ੍ਹਾ ’ਤੇ ਕਬਜ਼ੇ ਲਈ ਭੇਜ ਦਿੱਤਾ। ਸਰਦਾਰਾ ਸਿੰਘ ਨੂੰ ਐਮ.ਐਮ.ਜੀ. ਸੈਕਸ਼ਨ ਨਾਲ ਹੈਲਮੈਟ ਤੋਂ ਅੱਗੇ ਰੌਕੀ ਨੌਬ ’ਤੇ ਹਮਲੇ ਲਈ ਕਿਹਾ। ਉਹ ਆਪ, ਸੂਬੇਦਾਰ ਨਿਰਮਲ ਸਿੰਘ ਅਤੇ ਬਾਕੀ ਜਵਾਨਾਂ ਨਾਲ ਇੰਡੀਆ ਗੇਟ ’ਤੇ ਰਿਹਾ। ਦੁਸ਼ਮਣ ਦੀਆਂ ਪੁਜੀਸ਼ਨਾਂ ਨੂੰ ਜਾਂਦੀ ਟੈਲੀਫੋਨ ਕੇਬਲ ਕੱਟ ਦਿੱਤੀ।
ਸਵੇਰ ਵੇਲੇ ਦੁਸ਼ਮਣ ਨੇ ਜ਼ੋਰਦਾਰ ਟਾਈਗਰ ਹਿੱਲ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਾਡੀਆਂ ਫ਼ੌਜੀ ਸ਼ਹੀਦ ਹੋਣ ਲੱਗੇ। ਅੱਠ ਸਿੱਖ ਵਾਲਿਆਂ ਇਹ ਸਭ ਖਿੜੇ ਮੱਥੇ ਝੱਲਿਆ, ਪਰ ‘ਠੰਢ’ ਇਸ ਤੋਂ ਵੀ ਵੱਡਾ ਦੁਸ਼ਮਣ ਸੀ। ਨਾ ਕੋਈ ਕੰਬਲ ਨਾ ਸਲੀਪਿੰਗ ਬੈਗ- ਇਹ ਚੀਜਾਂ ਜ਼ਿਆਦਾ ਤੋਂ ਜ਼ਿਆਦਾ ਗੋਲੀ ਸਿੱਕਾ ਚੁੱਕਣ ਖ਼ਾਤਰ ਪਿੱਛੇ ਛੱਡ ਆਏ ਸਨ। ਜੁਲਾਈ ਵਿੱਚ ਵੀ ਇਨ੍ਹਾਂ ਚੋਟੀਆਂ ’ਤੇ (5000 ਮੀਟਰ ਉੱਚੀਆਂ) ਤਾਪਮਾਨ ਜ਼ੀਰੋ ਡਿਗਰੀ ਤੋਂ ਥੱਲੇ ਹੁੰਦਾ ਹੈ। ਸ਼ਾਮ ਨੂੰ ਕਮਾਂਡਰ ਬਾਜਵਾ ਨੇ ਸੀ.ਓ. 8 ਸਿੱਖ ਅਤੇ ਮੇਜਰ ਪਰਮਾਰ ਨੂੰ ਭਾਰੀ ਜੁਆਬੀ ਹਮਲਾ ਆਉਣ ਦੀ ਸੰਭਾਵਨਾ ਦੱਸੀ ਜੋ ਫੜੇ ਗਏ ਵਾਇਰਲੈੱਸ ਸੁਨੇਹੇ ’ਤੇ ਆਧਾਰਿਤ ਸੀ, ਪਰ ਇੰਝ ਨਹੀਂ ਹੋਇਆ। ਜ਼ਖ਼ਮੀਆਂ ਨੂੰ ਮਾਰਫੀਨ ਦੇ ਲੱਗੇ ਟੀਕੇ ਦਾ ਅਸਰ ਹੌਲੀ ਘੱਟ ਰਿਹਾ ਸੀ। ਇਹ ਹਰ ਫ਼ੌਜੀ ਕੋਲ ਹੁੰਦਾ ਹੈ, ਪਰ ਕੁਝ ਵੀ ਨਹੀਂ ਸੀ ਕੀਤਾ ਜਾ ਸਕਦਾ।
ਨਾਲ ਲਿਆਂਦੇ ਦੋ ਮਿੱਟੀ ਦੇ ਤੇਲ ਵਾਲੇ ਸਟੋਵ, ਚਾਹ ਦੀ ਘੁੱਟ ਘੁੱਟ ਲਈ ਵਰਦਾਨ ਸਾਬਤ ਹੋਏ। ਹਾਲਾਤ ਦੇ ਮੱਦੇਨਜ਼ਰ ਜਵਾਨਾਂ ਕੋਲ ਕੋਈ ਰਾਸ਼ਨ ਨਹੀਂ ਸੀ। ਇਹ ਦੋ ਮਹੀਨਿਆਂ ਵਿੱਚ ਨਿੱਤ ਪਹਾੜ ਚੜ੍ਹਦੇ ਉਤਰਦੇ ਰਹੇ ਸਨ। ਉਨਾਂ ਇੱਕ ਗੱਲ ਸਿੱਖੀ ਸੀ ਕਿ ਚੌਕਲੇਟ ਬਾਰ ਸਭ ਤੋਂ ਵਧੀਆ ਸਨ। ਚਾਕਲੇਟ, ਬਰਫ਼ ਪਿਘਲਾ ਕੇ ਤਿਆਰ ਕੀਤਾ ਪਾਣੀ ਅਤੇ ਗਰਮ ਚਾਹ ਦਾ ਕੱਪ ਹੀ ਇਨ੍ਹਾਂ ਨੇ ਪਿਛਲੇ 58 ਘੰਟਿਆਂ ਵਿੱਚ ਪੀਤਾ ਸੀ। ਹੌਲਦਾਰ ਰਛਪਾਲ ਜ਼ਖ਼ਮੀਆਂ ਨੂੰ ਪੈਰਾਸਿਟਾਮੋਲ ਦੀਆਂ ਗੋਲੀਆਂ ਵੰਡਦਿਆਂ ਹੌਸਲਾ ਦੇ ਰਿਹਾ ਸੀ। ਜ਼ਖ਼ਮੀਆਂ ’ਚੋਂ ਕਈ ਰਾਤ ਦੀ ਠੰਢ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਸਦਾ ਦੀ ਨੀਂਦ ਸੌਂ ਗਏ।
ਓਧਰ ਇੰਡੀਆ ਗੇਟ ’ਤੇ ਤੜਕੇ ਪੌਣੇ ਸੱਤ ਕੁ ਵਜੇ 20 ਕੁ ਬੰਦਿਆਂ ਨਾਲ ਦੁਸ਼ਮਣ ਦਾ ਜੁਆਬੀ ਹਮਲਾ ਆਇਆ, ਪਰ ਇਹ ਹੈਲਮੈਟ ਦੇ ਨੇੜੇ ਖਦੇੜ ਦਿੱਤਾ। 45 ਮਿੰਟਾਂ ਬਾਅਦ ਦੋ ਸੰਘਰ ਜਿਨ੍ਹਾਂ ਵਿੱਚ ਨਾਇਬ ਸੂਬੇਦਾਰ ਰਵੇਲ ਸਿੰਘ ਅਤੇ ਨਾਇਬ ਸੂਬੇਦਾਰ ਕਰਨੈਲ ਸਿੰਘ ਐਮ.ਐਮ.ਜੀ. ਨਾਲ ਲੜ ਰਹੇ ਸਨ, ਰੌਕੇਟ ਦਾ ਸ਼ਿਕਾਰ ਹੋ ਕੇ ਮਾਰੇ ਗਏ। ਹੌਲਦਾਰ ਸੁਖਵੰਤ ਨੇ ਪਹਿਲਾ ਹਮਲਾ ਪਛਾੜ ਦਿੱਤਾ (ਜਿਸ ਲਈ ਮਗਰੋਂ ਉਸ ਨੂੰ ਸੈਨਾ ਮੈਡਲ ਮਿਲਿਆ), ਪਰ ਦੁਸ਼ਮਣ ਫਿਰ ਆਇਆ। ਇਸ ਵਾਰੀ ਦੋ ਪਾਕਿਸਤਾਨੀ ਅਫ਼ਸਰ ਅਗਵਾਈ ਕਰ ਰਹੇ ਸਨ। ਦੋ ਜੇਸੀਓ ਅਤੇ ਹੋਰ ਮੁੰਡੇ ਜ਼ਖ਼ਮੀ ਹੋਣ ਕਾਰਨ ਲੈਫ਼ਟੀਨੈਂਟ ਸ਼ੇਰਾਵਤ ਅਤੇ ਸੂਬੇਦਾਰ ਸਰਦਾਰਾ ਸਿੰਘ ਰੌਕੀ ਨੌਬ ਤੋਂ ਪਿੱਛੇ ਹਟ ਕੇ ਇੰਡੀਆ ਗੇਟ ਆ ਗਏ। ਦੁਸ਼ਮਣ ਨੇ ਇੰਡੀਆ ਗੇਟ ਤੱਕ ਪਿੱਛਾ ਕੀਤਾ। ਮੇਜਰ ਪਰਮਾਰ ਅਤੇ ਉਸ ਦੇ ਜਵਾਨਾਂ ਵੱਲੋਂ ਘਾਤਕ ਗੋਲੀਬਾਰੀ ਦੇ ਬਾਵਜੂਦ ਪਾਕਿਸਤਾਨੀ ਹਮਲਾਵਰ ਇਨ੍ਹਾਂ ਦੀ ਕਾਹਲੀ ਵਿਚ ਲਈ ਡਿਫੈਂਸ ਤੱਕ ਪਹੁੰਚ ਗਏ।
ਦੋਵੇਂ ਪਾਕਿਸਾਤਾਨੀ ਅਫ਼ਸਰ ਮਾਰੇ ਜਾਣ ’ਤੇ ਪਾਕਿਸਤਾਨ ਦਾ ਜਵਾਬੀ ਹਮਲਾ ਤਿੜਕ ਗਿਆ। ਇਹ 8 ਸਿੱਖ ਦੇ ਗੱਭਰੂਆਂ ਦੀ ਬਹਾਦਰੀ, ਸੰਜਮ, ਅਨੁਸਾਸ਼ਨ ਸਦਕਾ ਹੀ ਸੰਭਵ ਹੋ ਸਕਿਆ। ਸਿਪਾਹੀ ਸਤਪਾਲ ਸਿੰਘ ਤਿੰਨ ਵਾਰੀ ਜ਼ਖ਼ਮੀ ਹੋ ਚੁੱਕਿਆ ਸੀ। ਉਸ ਨੇ ਗੁੱਸੇ ਅਤੇ ਜੋਸ਼ ਵਿੱਚ ਉੱਠ ਕੇ ਦੋ ਪਾਕਿਸਤਾਨੀ ਸੰਗੀਨ ਨਾਲ ਢੇਰੀ ਕਰ ਸੁੱਟੇ। ਬਾਅਦ ਵਿੱਚ ਇਸ ਨੂੰ ਵੀਰ ਚੱਕਰ ਦਿੱਤਾ ਗਿਆ। ਜ਼ਖ਼ਮੀ ਹੋ ਚੁੱਕਿਆ ਸਿਪਾਹੀ ਗੁਰਦੀਪ ਸਿੰਘ ਵੀ ਆਖ਼ਰੀ ਪਾਕਿਸਤਾਨੀ ਦੇ ਡਿੱਗਣ ਤੱਕ ਡਟਿਆ ਰਿਹਾ ਅਤੇ ਮਗਰੋਂ ਬਹਾਦਰੀ ਲਈ ਸਨਮਾਨਿਆ ਗਿਆ।
ਸਾਹਮਣੇ ਮਰੇ ਦੋ ਪਾਕਿਸਤਾਨੀ ਅਫ਼ਸਰਾਂ ਵਿੱਚ ਇੱਕ ਕੈਪਟਨ ਕਰਨਲ ਸ਼ੇਰ, 12 ਨੁਬਰਾ ਲਾਈਟ ਇੰਨਫੈਟਰੀ ਅਤੇ ਦੂਸਰਾ ਸਪੈਸ਼ਲ ਸਰਵਿਸਜ਼ ਗਰੁੱਪ ਦਾ ਮੇਜਰ ਇਕਬਾਲ ਸਨ। ਮਗਰੋਂ ਕੈਪਟਨ ਕਰਨਲ ਸ਼ੇਰ ਨੂੰ ਪਾਕਿਸਤਾਨ ਦਾ ਬਹਾਦਰੀ ਲਈ ਸਰਬਉੱਚ ਸਨਮਾਨ ਹਲਾਲ-ਏ-ਜ਼ੁਰਤ ਦਿੱਤਾ ਗਿਆ। ਇਹ ਕਾਰਗਿਲ ਜੰਗ ਵਿੱਚ ਇਕੋ ਇਕ ਸਭ ਤੋਂ ਉੱਚਾ ਸਨਮਾਨ ਸੀ।
ਅੱਠ ਸਿੱਖ ਨੇ ਪਾਕਿਸਤਾਨੀਆਂ ਦਾ ਜੁਆਬੀ ਹਮਲਾ ਪਛਾੜ ਦਿੱਤਾ ਸੀ, ਪਰ ਉਹ ਹੈਲਮੈਟ ਅਤੇ ਟਾਈਗਰ ਹਿੱਲ ਤੋਂ ਫਾਇਰ ਕਰਦੇ ਰਹੇ।
ਮੇਜਰ ਪਰਮਾਰ ਨੇ ਸੋਚਿਆ ਕਿ ਜਾਂ ਤਾਂ ਹੈਲਮੈਟ ਲਈ ਜਾਵੇ ਜਾਂ ਫਿਰ ਆਪਣੇ ਜੁਆਨ ਸਾਹਮਣੇ ਮਰਦੇ ਵੇਖੇ। ਹੈਲਮੈਟ, ਇੰਡੀਆ ਗੇਟ ਤੋਂ ਉੱਚੀ ਸੀ। ਚਾਰ ਚੁਫ਼ੇਰਿਓਂ ਆ ਰਹੀ ਗੋਲੀਬਾਰੀ ਤੋਂ ਜਾਪਦਾ ਸੀ ਕਿ ਅੰਤ ਨੇੜੇ ਹੀ ਹੈ। ਫ਼ੈਸਲੇ ਦੀ ਘੜੀ ਸੀ। ਮੇਜਰ ਪਰਮਾਰ ਨੇ ਨਾਇਬ ਸੂਬੇਦਾਰ ਨਿਰਮਲ ਸਿੰਘ ਨੂੰ ਇੰਡੀਆ ਗੇਟ ’ਤੇ ਛੱਡ ਕੇ, ਜ਼ਖ਼ਮੀ ਲੈਫਟੀਨੈਂਟ ਸ਼ੇਰਾਵਤ ਅਤੇ 12 ਜਵਾਨਾਂ (ਜਿਨ੍ਹਾਂ ਵਿੱਚੋਂ 8 ਜ਼ਖ਼ਮੀ ਸਨ) ਨੂੰ ਨਾਲ ਲੈ ਕੇ ਹੈਲਮੈਟ ’ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ। ਕਾਮਯਾਬੀ ਦਾ ਲਾਹਾ ਲੈ ਕੇ ਮੇਜਰ ਪਰਮਾਰ, ਸ਼ੇਰਾਵਤ ਅਤੇ ਚਾਰ ਜਵਾਨਾਂ ਨੂੰ ਲੈ ਕੇ ਰੌਕੀ ਨੌਬ ਵੱਲ ਹੋ ਤੁਰਿਆ। ਉਹ ਪਹੁੰਚ ਤਾਂ ਗਏ, ਪਰ ਕਾਬਜ਼ ਨਾ ਹੋ ਸਕੇ ਅਤੇ ਮੁਨਾਸਬ ਜਗ੍ਹਾ ’ਤੇ ਪੁਜ਼ੀਸ਼ਨ ਲੈ ਲਈ। ਮੇਜਰ ਪਰਮਾਰ ਪੰਜਾਂ ਨੂੰ ਉੱਥੇ ਛੱਡ ਕੇ ਇੰਡੀਆ ਗੇਟ ਮੁੜ ਆਇਆ ਤਾਂ ਕਿ ਟਾਈਗਰ ਹਿੱਲ ਵੱਲੋਂ ਸੰਭਾਵੀ ਹਮਲੇ ਨੂੰ ਰੋਕ ਸਕਣ। ਹੁਣ ਗੋਲੀ ਸਿੱਕਾ ਮੁੱਕਣ ਹੀ ਵਾਲਾ ਸੀ। ਆਪਣੇ ਅਤੇ ਦੁਸ਼ਮਣ ਦੇ ਮਰਿਆਂ ਦੀ ਤਲਾਸ਼ੀ ਨਾਲ ਮਿਲੇ ਗੋਲੀ ਸਿੱਕੇ ਨਾਲ ਉਹ ਇਕ ਹਮਲਾ ਮੋੜਨ ਦੇ ਕਾਬਲ ਹੋ ਗਏ ਸਨ। ਰੱਬ ਦੀ ਮਿਹਰ, ਜਵਾਬੀ ਹਮਲਾ ਨਹੀਂ ਆਇਆ।
ਪਰਮਾਰ ਅਤੇ ਹੋਰਾਂ ਨੂੰ ਥੋੜ੍ਹਾ ਸੁਖ ਦਾ ਸਾਹ ਉਦੋਂ ਆਇਆ ਜਦੋਂ ਅੱਠ ਵਜੇ ਸੂਬੇਦਾਰ ਦਰਸ਼ਨ ਸਿੰਘ, ਏ ਕੰਪਨੀ, 18 ਜਵਾਨ ਅਤੇ ਗੋਲੀ ਸਿੱਕਾ ਲੈ ਕੇ ਆ ਪਹੁੰਚਿਆ। ਕੁਝ ਜਵਾਨ ਜ਼ਖ਼ਮੀਆਂ ਨੂੰ ਲਿਜਾਣ ਲਈ ਆਏ ਸਨ। ਏਥੇ ਹੀ 18 ਗਰਨੇਡੀਅਰਜ਼ ਦੀ ਮਦਦ ਵੀ ਆ ਪਹੁੰਚੀ। ਹੁਣ ਤੱਕ ਪੂਰੀ ਬਹਾਦਰੀ ਨਾਲ ਲੜਦਾ ਰਿਹਾ ਸੂਬੇਦਾਰ ਨਿਰਮਲ ਸਿੰਘ ਦੁਸ਼ਮਣ ਦੇ ਰੌਕੇਟ ਨਾਲ ਮਾਰਿਆ ਗਿਆ। ਉਸ ਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ। ਸੱਤ ਜੁਲਾਈ 6 ਵਜੇ ਮੇਜਰ ਦਲਬੀਰ ਸਿੰਘ, ਮੇਜਰ ਪਰਮਾਰ ਜੋ ਕਈ ਦਿਨਾਂ ਤੋਂ ਜ਼ਖ਼ਮੀ ਸੀ, ਦੀ ਥਾਂ ਆ ਗਿਆ।
ਇਸ 58 ਘੰਟਿਆਂ (4 ਜੁਲਾਈ ਤੋਂ 6 ਜੁਲਾਈ ਤੱਕ) ਦੀ ਲਗਾਤਾਰ ਕਾਰਵਾਈ ਵਿੱਚ 8 ਸਿੱਖ ਦੇ 52 (ਅਫ਼ਸਰ, ਜੇ.ਸੀ.ਓ. ਜਵਾਨਾਂ) ’ਚੋਂ ਤਿੰਨ ਜੇਸੀਓ ਤੇ 15 ਜੁਆਨ ਮਾਰੇ ਗਏ; ਦੋ ਅਫ਼ਸਰ (ਮੇਜਰ ਪਰਮਾਰ ਅਤੇ ਲੈਫਟੀਨੈਂਟ ਸ਼ੇਰਾਵਤ), ਇਕ ਜੇ.ਸੀ.ਓ. ਅਤੇ 18 ਜਵਾਨ ਜ਼ਖ਼ਮੀ ਹੋਏ; ਇਕ ਗੁੰਮਸ਼ੁਦਾ ਜਵਾਨ ਮਗਰੋਂ ਮ੍ਰਿਤਕ ਐਲਾਨਿਆ ਗਿਆ। 52 ਵਿਚੋਂ 39 ਸ਼ਹੀਦ। ਇਸ ਬਹਾਦਰੀ ਦੀ ਗਾਥਾ ਅਤੇ ਇੰਡੀਆ ਗੇਟ ’ਤੇ ਜਿੱਤ ਨੇ ਟਾਈਗਰ ਹਿੱਲ ’ਤੇ ਬੈਠੇ ਦੁਸ਼ਮਣ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਇਹ ਟੁਕੜੀ ਬਰਫ਼ੀਲੀ ਢਲਵਾਨ ਤੋਂ ਪਿੱਛੋਂ ਹਟਦੀ ਵੇਖੀ ਗਈ।
18 ਗਰਨੇਡੀਅਰਜ਼ ਨੇ ਪੌੜੀ ਦੇ ਇਸ ਡੰਡੇ ਤੋਂ ਅੱਗੇ ਲੜਾਈ ਤੋਰੀ ਅਤੇ 8 ਜੁਲਾਈ ਸਵੇਰੇ 8 ਵਜੇ ਟਾਈਗਰ ਹਿੱਲ ’ਤੇ ਕਬਜ਼ਾ ਕੀਤਾ।
ਇਸ ਜੰਗ ਵਿੱਚ 15 ਮਈ ਤੋਂ 26 ਜੁਲਾਈ ਤੱਕ 8 ਸਿੱਖ ਦੇ ਇਕ ਅਫ਼ਸਰ, 4 ਜੇ.ਸੀ.ਓ. ਅਤੇ 30 ਜਵਾਨ ਜਾਨਾਂ ਵਾਰ ਗਏ। ਚਾਰ ਅਫ਼ਸਰ, ਦੋ ਜੇਸੀਓ ਅਤੇ 77 ਹੋਰ ਜ਼ਖ਼ਮੀ ਹੋਏ। ਪਲਟਨ ਨੂੰ ਚੀਫ ਆਫ ਦਿ ਆਰਮੀ ਸਟਾਫ਼ ਦੀ ਯੂਨਿਟ ਸਾਈਟੇਸ਼ਨ ਨਾਲ ਨਿਵਾਜਿਆ ਗਿਆ। ਪਲਟਨ ਨੂੰ 3 ਵੀਰ ਚੱਕਰ, 11 ਸੈਨਾ ਮੈਡਲ, 12 ਮੈਨਸ਼ਡ ਇਨਡਿਸਪੈਚਜ਼, ਚਾਰ ਨੂੰ ਚੀਫ਼ ਦੇ ਅਤੇ ਤਿੰਨ ਨੂੰ ਆਰਮੀ ਕਮਾਂਡਰ ਦੇ ਕਮੈਂਡੇਸ਼ਨ ਕਾਰਡ ਦਿੱਤੇ ਗਏ। ਇਨ੍ਹਾਂ ਬਹਾਦਰੀ ਪੁਰਸਕਾਰਾਂ ਵਿਚੋਂ 15 ਮਰਨ ਉਪਰੰਤ ਦਿੱਤੇ ਗਏ।
ਸੰਪਰਕ: 92165-50612