ਗਰਮੀ ਦੀ ਲਹਿਰ ਦੌਰਾਨ ਚੌਕਸ ਰਹਿਣ ਦੀ ਲੋੜ : The Tribune India

ਗਰਮੀ ਦੀ ਲਹਿਰ ਦੌਰਾਨ ਚੌਕਸ ਰਹਿਣ ਦੀ ਲੋੜ

ਗਰਮੀ ਦੀ ਲਹਿਰ ਦੌਰਾਨ ਚੌਕਸ ਰਹਿਣ ਦੀ ਲੋੜ

ਡਾ. ਪ੍ਰਭਦੀਪ ਸਿੰਘ ਚਾਵਲਾ

ਅੱਜ ਕੱਲ੍ਹ ਤਾਪਮਾਨ ਕਾਫੀ ਚੜ੍ਹ ਗਿਆ ਹੈ, ਖਾਸ ਕਰ ਕੇ ਉੱਤਰੀ ਭਾਰਤ ਵਿਚ ਲੂ ਘਾਤਕ ਸਿੱਧ ਹੋ ਰਹੀ ਹੈ। ਲੂ ਲੱਗਣਾ ਗਰਮੀ ਦੇ ਮੌਸਮ ਦਾ ਰੋਗ ਅਤੇ ਵੱਡੀ ਸਮੱਸਿਆ ਹੈ। ਸੂਰਜ ਦੀ ਤਪਸ਼ ਅੱਗ ਵਰ੍ਹਾਉਂਦੀ ਪਈ ਹੈ ਤੇ ਛੋਟੇ ਬੱਚੇ-ਬਜ਼ੁਰਗ, ਕਮਜ਼ੋਰ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਤੋਂ ਪੀੜਤ ਵਿਅਕਤੀ ਲੂ ਦੀ ਲਪੇਟ ਵਿਚ ਛੇਤੀ ਆ ਜਾਂਦੇ ਹਨ। ਸੜਕਾਂ ਤੇ ਰੇੜ੍ਹੀ, ਰਿਕਸ਼ਾ ਚਾਲਕ, ਦਿਹਾੜੀਦਾਰ-ਮਜ਼ਦੂਰ, ਕਾਮੇ, ਯਾਤਰੀ ਅਤੇ ਭਿਖਾਰੀ ਆਦਿ ਵੀ ਸੂਰਜ ਦੀਆਂ ਗਰਮ ਹਵਾਵਾਂ ਦੇ ਚੱਲਦਿਆਂ ਲੂ ਦਾ ਸ਼ਿਕਾਰ ਹੋਣ ਕਾਰਨ ਬੇਹੋਸ਼ ਹੋ ਕਿ ਡਿੱਗ ਪੈਂਦੇ ਹਨ। ਸੂਰਜ ਦੀ ਗਰਮੀ ਸਾਡੀ ਊਰਜਾ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀ ਹੈ। ਪਸੀਨੇ ਰਾਹੀਂ ਸਰੀਰ ਵਿੱਚੋਂ ਕਾਫੀ ਪਾਣੀ ਬਾਹਰ ਨਿਕਲਦਾ ਹੈ। ਪਾਣੀ ਦੀ ਕਮੀ ਪੂਰਾ ਕਰਨ ਲਈ, ਜੇ ਪਾਣੀ ਅਤੇ ਪੀਣ ਵਾਲੇ ਤਰਲ ਮੌਕੇ ’ਤੇ ਨਾ ਮਿਲਦੇ ਹੋਣ ਜਾਂ ਕੰਮ ਦੇ ਰੁਝੇਵੇਂ ਵਿਚ ਪਿਆਸ ਦਾ ਖਿਆਲ ਹੀ ਨਾ ਕੀਤਾ ਜਾਵੇ ਤਾਂ ਪਾਣੀ ਦੀ ਘਾਟ-ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਤੇ ਬੰਦੇ ਨੂੰ ਲੂ ਲੱਗਣ ਦਾ ਖਦਸ਼ਾ ਵਧ ਜਾਂਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਜਦ ਪਸੀਨਾ ਆਉਣਾ ਬੰਦ ਹੋ ਜਾਵੇ ਤੇ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹੀਟ ਤੋਂ ਉਪਰ ਹੋ ਜਾਵੇ ਤਾਂ ਸਮਝੋ ਕਿ ਬੰਦੇ ਨੂੰ ਲੂ ਲੱਗ ਗਈ ਹੈ। ਗਰਮੀਆਂ ਵਿਚ ਮਲੇਰੀਆ, ਟਾਇਫਾਇਡ ਜਾਂ ਕਿਸੇ ਹੋਰ ਰੋਗ ਕਾਰਨ ਬੁਖ਼ਾਰ ਚੜ੍ਹ ਜਾਵੇ ਤਾਂ ਪਾਣੀ ਦੀ ਘਾਟ, ਲੂ ਲੱਗਣ ਦਾ ਕਾਰਨ ਬਣ ਜਾਂਦੀ ਹੈ। ਗਰਮੀ ਦੇ ਮੌਸਮ ਵਿਚ ਤਾਪਮਾਨ 45-50 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ ਤੇ ਤੇਜ਼ ਧੁੱਪ ਕਾਰਨ ਸਨਬਰਨ, ਸਕਿਨ ਵਿਚ ਜਲਣ, ਲੂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਕਦੇ-ਕਦੇ ਤਾਂ ਸੂਰਜ ਦੀਆਂ ਤੇਜ਼ ਕਿਰਨਾਂਂ ਚਮੜੀ ਝੁਲਸਾ ਦਿੰਦੀਆਂ ਹਨ। ਅਜਿਹੇ ਮੌਸਮ ਵਿਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਨਬਰਨ ਅਤੇ ਚਮੜੀ ਦੀ ਜਲਣ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਲੋਸ਼ਨ ਅਤੇ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਲੂ ਲੱਗਣ ਨਾਲ ਸਿਹਤ ਬਹੁਤ ਜ਼ਿਆਦਾ ਵਿਗੜ ਵੀ ਸਕਦੀ ਹੈ, ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰ ਕੇ ਉਨ੍ਹਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ।

ਵਧੇਰੇ ਜੋਖਮ ਸ਼੍ਰੇਣੀ ’ਚ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ-ਦਿਹਾੜੀਦਾਰ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰ ਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਆਉਂਦੇ ਹਨ। ਹਰ ਸਾਲ ਗਰਮੀ ਦੇ ਮੌਸਮ ਵਿਚ ਲੂ ਲੱਗਣ ਦੇ ਕੇਸਾਂ ਬਾਰੇ ਖ਼ਬਰਾਂ ਸੁਣੀ ਦੀਆਂ ਹਨ ਪਰ ਜੇ ਗਰਮੀ ਦੀ ਲਹਿਰ ਦੌਰਾਨ ਸਾਵਧਾਨੀਆਂ ਵਰਤੀਆਂ ਜਾਣ ਤਾਂ ਲੂ ਲੱਗਣ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਹੈ। ਲੂ ਜਾਂ ਹੀਟ ਸਟ੍ਰੋਕ ਤੋਂ ਬਚਣ ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ।

ਗਰਮੀ ਦੇ ਮੌਸਮ ਵਿਚ ਕੀ ਕਰਨਾ ਚਾਹੀਦਾ ਹੈ:

* ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਢੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਸਮੇਂ ਕੀਤੇ ਜਾਣੇ ਚਾਹੀਦੇ ਹਨ।

* ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਓ ਪਰ ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖੁਰਾਕ ’ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

* ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਅਤੇ ਸਰੀਰ ਨੂੰ ਪੂਰੇ ਢਕਣ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ।

* ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਆਦਿ ਦੀ ਵਰਤੋਂ ਕਰੋ।

* ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ-ਬੂਟ ਜਾਂ ਚੱਪਲਾਂ ਪਾਓ।

* ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ।

* ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ।

* ਮੌਸਮੀ ਫਲ ਅਤੇ ਸਲਾਦ ਜਿਵੇਂ ਕਿ ਅੰਬ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰਾ, ਮੂਲੀ, ਪਿਆਜ ਅਤੇ ਟਮਾਟਰ ਆਦਿ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

* ਉਨ੍ਹਾਂ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਕਰੋ, ਜੋ ਤੁਹਾਡੇ ਘਰ ਜਾਂ ਦਫਤਰ ਵਿੱਚ ਸਾਮਾਨ ਜਾਂ ਭੋਜਨ ਦੀ ਡਿਲਿਵਰੀ ਲਈ ਆਉਂਦੇ ਹਨ।

* ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਸੱਤੂ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੇਵਨ ਵਧਾਓ।

* ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ।

* ਘੱਟ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ, ਬਿਹਾ ਖਾਣਾ ਨਾ ਖਾਓ, ਜ਼ਿਆਦਾ ਤੇਲ ਵਾਲੇ ਜਾਂ ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ।

* ਠੰਢੇ ਪਾਣੀ ਨਾਲ ਵਾਰ-ਵਾਰ ਨਹਾਓ ਜਾਂ ਥੋੜੇ-ਥੋੜੇ ਸਮੇਂ ਬਾਅਦ ਮੂੰਹ-ਹੱਥ ਠੰਢੇ ਪਾਣੀ ਨਾਲ ਧੋਵੋ।

* ਕਸਰਤ ਸਰੀਰ ਦੇ ਵਧਦੇ ਤਾਪਮਾਨ ਦੇ ਅਨੁਕੂਲ ਕਰੋ ਅਤੇ ਖੁਰਾਕ ਤੇ ਤਰਲ ਪਦਾਰਥਾਂ ਦਾ ਸੇਵਨ ਜ਼ਰੂਰ ਕਰੋ।

ਗਰਮੀ ਦੀ ਲਹਿਰ ਦੌਰਾਨ ਸਾਵਧਾਨੀਆਂ:

* ਧੁੱਪ ਵਿੱਚ ਖਾਸ ਤੌਰ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰੋ।

* ਵਧ ਗਰਮੀ ਵਾਲੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ, ਰਸੋਈ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੋ, ਹਵਾ ਬਾਹਰ ਕੱਢਣ ਲਈ ਚਿਮਨੀ ਜਾਂ ਪੱਖਾ ਜ਼ਰੂਰ ਚਲਾਓ।

* ਅਲਕੋਹਲ, ਚਾਹ, ਕੌਫੀ, ਪੈਕਡ ਡਰਿੰਕ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿੱਚ ਸਰੀਰ ਦੇ ਤਰਲ ਪਦਾਰਥਾਂ ਦੀ ਮਾਤਰਾ ਘਟਾ ਦਿੰਦੇ ਹਨ।

* ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ।

* ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ਵਿੱਚ ਨਾ ਛੱਡੋ।

ਅਜਿਹੇ ਲੱਛਣ ਦਿੱਸਣ ’ਤੇ ਤੁਰੰਤ ਡਾਕਟਰੀ ਸਹਾਇਤਾ ਲਓ:

* ਮਾਨਸਿਕ ਸੰਤੁਲਨ ਵਿੱਚ ਬਦਲਾਅ, ਬੇਚੈਨੀ, ਬੋਲਣ ਵਿੱਚ ਮੁਸ਼ਕਲ, ਚਿੜਚਿੜਾਪਨ, ਹਕਲਾ ਕੇ ਬੋਲਣਾ ਅਤੇ ਦੌਰੇ ਆਦਿ ਨਾਲ ਬੋਲਣਾ।

* ਗਰਮ, ਲਾਲ ਅਤੇ ਖੁਸ਼ਕ ਚਮੜੀ।

* ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਜਾਂਦਾ ਹੈ।

* ਗੰਭੀਰ ਸਿਰ ਦਰਦ।

* ਚਿੰਤਾ, ਚੱਕਰ ਆਉਣੇ, ਬੇਹੋਸ਼ੀ।

* ਦਿਲ ਦੀ ਧੜਕਣ ਤੇਜ਼ ਹੋਣਾ।

* ਸਾਹ ਲੈਣ ਵਿੱਚ ਤਕਲੀਫ਼ ਹੋਣਾ।

ਲੂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸੁਝਾਅ, ਸਾਵਧਾਨੀਆਂ ਤੇ ਘਰੇਲੂ ਨੁਕਤੇ ਯਾਦ ਰੱਖੋ ਅਤੇ ਵਧੇਰੇ ਜਾਣਕਾਰੀ ਲਈ ਨੇੜੇ ਦੇ ਸਿਹਤ ਕੇਂਦਰ ਜਾਂ ਟੌਲ ਫਰੀ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: 9814656257

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All