ਗੁਲਜ਼ਾਰ ਸਿੰਘ ਸੰਧੂ
ਅਜ਼ੀਮ ਸੁਖਨਵਰ
ਮਿਰਜ਼ਾ ਗ਼ਾਲਬਿ ਦੇ ਜੀਵਨ ਕਾਲ ਵਿਚ ਕੈਮਰਾ ਇਕ ਦੁਰਲੱਭ ਚੀਜ਼ ਸੀ। ਉਸ ਦੀਆਂ ਰਚਨਾਵਾਂ ਦੀ ਜਿਲਦ ਉੱਤੇ ਜੋ ਵੀ ਤਸਵੀਰਾਂ ਛਪੀਆਂ ਹਨ, ਉਸ ਦੇ ਮੱਦਾਹ ਚਿੱਤਰਕਾਰਾਂ ਨੇ ਬਣਾਈਆਂ ਹੋਈਆਂ ਹਨ। ਜਿਵੇਂ ਵੱਖ-ਵੱਖ ਚਿੱਤਰਕਾਰਾਂ ਨੇ ਅਨੇਕਾਂ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਅਵਤਾਰਾਂ ਦੇ ਚਿੱਤਰ ਬਣਾਏ ਹਨ।
ਮਿਰਜ਼ਾ ਗ਼ਾਲਬਿ ਦੇ ਦੇਹਾਂਤ ਤੋਂ ਅੱਠ-ਦਸ ਮਹੀਨੇ ਪਹਿਲਾਂ ਉਸ ਦੇ ਮੱਦਾਹਾਂ, ਦੋਸਤਾਂ ਅਤੇ ਸ਼ਾਗਿਰਦਾਂ ਨੂੰ ਪਤਾ ਲੱਗਿਆ ਕਿ ਵਾਜਿਦ ਅਲੀ ਸ਼ਾਹ ਤੇ ਬਹਾਦਰ ਸ਼ਾਹ ਜ਼ਫਰ ਦੀਆਂ ਤਸਵੀਰਾਂ ਖਿੱਚੀਆਂ ਜਾ ਚੁੱਕੀਆਂ ਹਨ ਤਾਂ ਉਨ੍ਹਾਂ ਨੇ ਵੀ ਆਪਣੇ ਮਹਬਿੂਬ ਸ਼ਾਇਰ ਦੀ ਤਸਵੀਰ ਖਿਚਵਾਉਣ ਦਾ ਪੱਕਾ ਇਰਾਦਾ ਕਰ ਲਿਆ। ਉਹ ਦਿੱਲੀ ਨਿਵਾਸੀ ਫੋਟੋਗ੍ਰਾਫਰ ਰਹਿਮਤ ਅਲੀ ਕੋਲ ਗਏ ਤੇ ਉਸ ਨੂੰ ਮਿਰਜ਼ਾ ਗ਼ਾਲਬਿ ਦੀ ਤਸਵੀਰ ਕੈਮਰੇ ਨਾਲ ਖਿੱਚਣ ਲਈ ਕਿਹਾ। ਉਹ ਕਿੱਥੋਂ ਦਾ ਸੀ ਤੇ ਉਸ ਨੇ ਕੈਮਰਾ ਕਿੱਥੋਂ ਖਰੀਦਿਆ ਸੀ, ਕੋਈ ਨਹੀਂ ਜਾਣਦਾ। ਪਰ ਖੋਜੀਆਂ ਨੇ ਆਪਣੀ ਖੋਜ ਦੇ ਆਧਾਰ ਊੱਤੇ ਇਹ ਜ਼ਰੂਰ ਲੱਭ ਲਿਆ ਕਿ ਇਹ 1868 ਵਿਚ ਮਈ, ਜੂਨ ਦੇ ਮਹੀਨੇ ਖਿੱਚੀ ਗਈ। ਗ਼ਾਲਬਿ ਦੇ ਦੇਹਾਂਤ ਤੋਂ ਨੌਂ ਮਹੀਨੇ ਪਹਿਲਾਂ। ਕੈਮਰੇ ਨਾਲ ਖਿੱਚੀ ਗਈ ਇਹ ਤਸਵੀਰ ਮਿਰਜ਼ਾ ਗ਼ਾਲਬਿ ਦੀ ਪਹਿਲੀ ਤੇ ਆਖ਼ਰੀ ਤਸਵੀਰ ਹੈ। ਅਜੋਕੇ ਦੌਰ ਵਿਚ ਜਣੇ-ਖਣੇ ਦੇ ਹੱਥ ਵਿਚ ਫੋਟੋ ਖਿੱਚਣ ਵਾਲੇ ਮੋਬਾਈਲ ਦੇਖਣ ਵਾਲਿਆਂ ਦਾ ਹੈਰਾਨ ਹੋਣਾ ਕੁਦਰਤੀ ਹੈ। ਨਿੱਕੇ-ਨਿੱਕੇ ਨਿਆਣੇ ਰਹਿਮਤ ਅਲੀ ਬਣੇ ਬੈਠੇ ਹਨ। ਇੱਥੇ ਹੀ ਬੱਸ ਨਹੀਂ। ਉਹ ਆਪਣੀਆਂ ਮੱਝਾਂ-ਗਾਈਆਂ, ਭੇਡ-ਬੱਕਰੀਆਂ ਤੇ ਪਾਲਤੂ ਜਾਨਵਰਾਂ ਦੀਆਂ ਤਸਵੀਰਾਂ ਖਿੱਚ ਕੇ ਇਨ੍ਹਾਂ ਨੂੰ ਉਨ੍ਹਾਂ ਸਮਿਆਂ ਦੇ ਗ਼ਾਲਬਿ ਤੇ ਜ਼ਫਰ ਦੇ ਬਰਾਬਰ ਖੜ੍ਹਾ ਕਰ ਦਿੰਦੇ ਹਨ।
ਉਦੋਂ ਮਿਰਜ਼ਾ ਗ਼ਾਲਬਿ ਨੇ ਵੀ ਉਸ ਤਸਵੀਰ ਦੀਆਂ ਕਈ ਕਾਪੀਆਂ ਬਣਵਾ ਕੇ ਆਪਣੇ ਦੋਸਤਾਂ-ਮਿੱਤਰਾਂ ਨੂੰ ਹੀ ਨਹੀਂ, ਸਰਪ੍ਰਸਤਾਂ ਨੂੰ ਵੀ ਭੇਜੀਆਂ ਸਨ। ਇਨ੍ਹਾਂ ਵਿਚੋਂ ਦੋ ਤਸਵੀਰਾਂ ਅੱਜ ਵੀ ਮੌਜੂਦ ਹਨ। ਜੇ ਇਹ ਨਾ ਹੁੰਦੀਆਂ ਤਾਂ ਅੱਜ ਸਾਡੇ ਕੋਲ ਮਿਰਜ਼ਾ ਗ਼ਾਲਬਿ ਦੇ ਮੁਸੱਵਰਾਂ ਦੇ ਬਣਾਏ ਚਿੱਤਰ ਤਾਂ ਹੋਣੇ ਸਨ, ਪਰ ਕੈਮਰੇ ਵਾਲੀ ਤਸਵੀਰ ਨਹੀਂ ਸੀ ਹੋਣੀ। ਗ਼ਾਲਬਿ ਵੱਲੋਂ ਮਾਰਹਰਾ ਦੇ ਸਾਹਬ ਆਲਮ ਨੂੰ ਭੇਜੀ ਤਸਵੀਰ ਅੱਜ ਵੀ ਮੌਲਾਨਾ ਆਜ਼ਾਦ ਨੈਸ਼ਨਲ ਲਾਇਬਰੇਰੀ ਵਿਚ ਮੌਜੂਦ ਹੈ। ਇਹ ਤਸਵੀਰ ਤੇ ਉਸ ਦਾ ਲਿਫ਼ਾਫ਼ਾ, ਜਿਸ ਉੱਤੇ ਆਨੇ ਆਨੇ ਦੀਆਂ ਦੋ ਟਿਕਟਾਂ ਲੱਗੀਆਂ ਹੋਈਆਂ ਹਨ- ਪੁਖ਼ਤਾ ਬਾਗ਼ ਮਾਰਹਰਾ ਦੇ ਮੂਜ ਜ਼ੈਦੀ ਨਾਂ ਦੇ ਬੰਦੇ ਤੋਂ ਮਿਲੇ ਹਨ। ਗ਼ਾਲਬਿ ਨੇ ਇਹ ਤਸਵੀਰ ਰਜਿਸਟਰੀ ਕਰਵਾ ਕੇ ਭੇਜੀ ਸੀ। ਇਸ ਉੱਤੇ ਦਿੱਲੀ ਦੇ ਡਾਕਖਾਨੇ ਦੀ ਮੋਹਰ ਸਾਫ਼ ਤਾਂ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਮਿਤੀ 27 ਹੈ ਤੇ ਸਾਲ 1868, ਮਹੀਨਾ 5 ਹੈ ਜਾਂ 6 ਪੜ੍ਹਿਆ ਨਹੀਂ ਜਾਂਦਾ। ਹਾਂ, ਲਿਫ਼ਾਫੇ਼ ਉੱਤੇ ਲਿਖਿਆ ਪਤਾ ਗ਼ਾਲਬਿ ਦੀ ਲਿਖਤ ਹੈ। ਮਹੀਨੇ ਦਾ ਪਤਾ ਊਸ ਇਸ਼ਤਿਹਾਰ ਤੋਂ ਲੱਗਦਾ ਹੈ ਜਿਹੜਾ ਊਸ ਵੇਲੇ ਦਿੱਲੀ ਤੋਂ ਛਪਦੇ ਅਖ਼ਬਾਰ ‘ਅਕਮਲ-ਉਲ-ਅਖ਼ਬਾਰ’ ਦੇ 28 ਮਈ ਦੇ ਅੰਕ ਵਿਚ ਛਪਿਆ ਸੀ। ਅਖ਼ਬਾਰ ਵੱਲੋਂ ਛਾਪੀ ਗਈ ਇਸ ਤਸਵੀਰ ਦਾ ਕੈਪਸ਼ਨ ਸੀ, ‘ਸਲਤਨਤ ਕੇ ਸਭ ਸੇ ਦੁਰਖਸ਼ਿੰਦਾ (ਚਮਕਣ ਵਾਲਾ) ਸਿਤਾਰ-ਏ-ਆਲੀ ਮਰਤਬਤ (ਮਹਾਮਹਿਮ) ਅਸਦੁੱਲਾਹ ਕੀ ਤਸਵੀਰ। ਇਸ਼ਤਿਹਾਰ ਵਿਚ ਇਹ ਵੀ ਦਰਜ ਸੀ:
ਮਿਰਜ਼ਾ ਗ਼ਾਲਬਿ ਦੇ ਅਣਗਿਣਤ ਪ੍ਰਸ਼ੰਸਕਾਂ ਤੇ ਅਖ਼ਬਾਰ ਦੇ ਪਾਠਕਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਇਕ ਫੋਟੋਗ੍ਰਾਫਰ ਨੇ ਆਪਣੇ ਕੈਮਰੇ ਨਾਲ ਇਸ ਅਜ਼ੀਮ ਹਸਤੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਉਤਾਰੀਆਂ ਹਨ। ਜਿਹੜਾ ਵੀ ਇਹ ਤਸਵੀਰ ਹਾਸਲ ਕਰਨਾ ਚਾਹੁੰਦਾ ਹੈ ਉਹ ਦੋ ਰੁਪਏ ਦਾ ਡਾਕ ਟਿਕਟ ਲਾਲ ਬਿਹਾਰੀ ਲਾਲ ਅਕਮਲ-ਮਤਬਾ, ਦਿੱਲੀ ਨੂੰ ਭੇਜ ਦੇਵੇ। ਗ਼ਾਲਬਿ ਦੀ ਤਸਵੀਰ ਉਸ ਨੂੰ ਵੀ.ਪੀ. ਰਾਹੀਂ ਭੇਜ ਦਿੱਤੀ ਜਾਵੇਗੀ। ਸਪਸ਼ਟ ਹੈ ਕਿ ਗ਼ਾਲਬਿ ਦੀ ਤਸਵੀਰ 28 ਮਈ 1868 ਤੋਂ ਪਹਿਲਾਂ ਖਿੱਚੀ ਗਈ ਸੀ।
ਸਾਡੇ ਕੋਲ ਮਿਰਜ਼ਾ ਗ਼ਾਲਬਿ ਦੇ ਮੱਦਾਹਾਂ ਦੇ ਚਿੱਤਰਾਂ ਅਤੇ ਕੈਮਰੇ ਨਾਲ ਖਿੱਚੀ ਤਸਵੀਰ ਤੋਂ ਵਧੀਆ ਤਸਵੀਰਾਂ ਵੀ ਹਨ, ਪਰ ਇਨ੍ਹਾਂ ਨੂੰ ਪੜ੍ਹਨ/ਵੇਖਣ ਤੋਂ ਪਹਿਲਾਂ ਗ਼ਾਲਬਿ ਦੀ ਜ਼ਿੰਦਗੀ ਬਾਰੇ ਜਾਣਨਾ ਠੀਕ ਰਹੇਗਾ।
ਮਿਰਜ਼ਾ ਗ਼ਾਲਬਿ ਦਾ ਜਨਮ 27 ਦਸੰਬਰ 1797 ਨੂੰ ਆਗਰਾ ’ਚ ਹੋਇਆ। ਪਿਤਾ ਮਿਰਜ਼ਾ ਅਬਦੁੱਲਾਹ ਬੇਗ ਖ਼ਾਨ ਇਕ ਯੋਧਾ ਸੀ ਜੋ ਲੰਮਾ ਸਮਾਂ ਲਖਨਊ ਤੇ ਹੈਦਰਾਬਾਦ ’ਚ ਕੰਮ ਕਰਨ ਤੋਂ ਬਾਅਦ ਅਲਵਰ ਦੇ ਰਾਜਾ ਬਖ਼ਤਾਵਰ ਸਿੰਘ ਕੋਲ ਮੁਲਾਜ਼ਮ ਹੋ ਗਿਆ ਤੇ ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਦੀ ਇਕ ਬਗ਼ਾਵਤ ਨੂੰ ਦਬਾਉਣ ਦੇ ਸਿਲਸਿਲੇ ’ਚ ਲੜਦੇ ਹੋਏ ਚੱਲ ਵਸਿਆ। ਗ਼ਾਲਬਿ ਉਦੋਂ ਪੰਜ ਕੁ ਸਾਲ ਦਾ ਸੀ।
ਗ਼ਾਲਬਿ ਦੇ ਦਾਦੇ ਨੂੰ ਸ਼ਾਹ ਆਲਮ ਸਾਨੀ (1728-1806) ਕਾਲ ’ਚ ਪਹਾਸੂ (ਜ਼ਿਲ੍ਹਾ ਬੁਲੰਦਸ਼ਹਿਰ) ਦਾ ਇਲਾਕਾ ਜਾਗੀਰ ’ਚ ਮਿਲਿਆ ਸੀ। ਨਾਨੇ ਕੋਲ ਵੀ ਜਾਗੀਰ ਦੇ ਰੂਪ ਵਿਚ ਬਹੁਤ ਸਾਰੇ ਪਿੰਡ ਸਨ। ਪਿਤਾ ਦੀ ਮੌਤ ਪਿੱਛੋਂ ਚਾਰ ਸਾਲ ਗ਼ਾਲਬਿ ਨੂੰ ਉਸ ਦੇ ਚਾਚੇ ਨੇ ਲਾਡ ਲਡਾਇਆ ਤੇ ਉਸ ਪਿੱਛੋਂ ਨਾਨਕਿਆਂ ਨੇ। ਤੇਰ੍ਹਾਂ ਸਾਲ ਦੀ ਉਮਰ ’ਚ ਗ਼ਾਲਬਿ ਦੀ ਸ਼ਾਦੀ ਦਿੱਲੀ ਦੇ ਇਕ ਖ਼ਾਨਦਾਨੀ ਨਵਾਬ ਇਲਾਹੀ ਬਖ਼ਸ਼ ਖਾਂ ‘ਮਾਰੂਫ’ ਦੀ ਬੇਟੀ ਉਮਰਾਓ ਬੇਗ਼ਮ (ਉਮਰ ਗਿਆਰਾਂ ਸਾਲ) ਨਾਲ ਹੋ ਗਈ। ਸ਼ਾਦੀ ਹੋਣ ਪਿੱਛੋਂ ਗ਼ਾਲਬਿ 1812-13 ’ਚ ਪੱਕੇ ਤੌਰ ’ਤੇ ਆਗਰਾ ਤੋਂ ਦਿੱਲੀ ਚਲੇ ਆਏ। ਊਹ ਦਿੱਲੀ ਦੇ ਬੇਹੱਦ ਖ਼ੂਬਸੂਰਤ ਤੇ ਮੰਨੇ-ਪ੍ਰਮੰਨੇ ਨੌਜਵਾਨਾਂ ’ਚ ਗਿਣੇ ਜਾਣ ਲੱਗੇ ਤੇ ਮਿਰਜ਼ਾ ਨੌਸ਼ਾ ਕਹਾਏ।
ਘਰ ਵਿਚ ਹੀ ਅਰਬੀ, ਫ਼ਾਰਸੀ ਦੀ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਅਤੇ ਗਿਆਰਾਂ ਵਰ੍ਹਿਆਂ ਦੀ ਉਮਰ ਵਿਚ ਫ਼ਾਰਸੀ ’ਚ ਸ਼ਾਇਰੀ ਸ਼ੁਰੂ ਕਰ ਦਿੱਤੀ, ਬੇਦਿਲ ਦੀ ਤਰਜ਼ ’ਚ। ਆਖ਼ਰ ਪੱਚੀ ਸਾਲ ਦੇ ਹੋਣ ਤੋਂ ਪਿੱਛੋਂ ਉਰਦੂ ਸ਼ਾਇਰੀ ਸ਼ੁਰੂ ਕੀਤੀ। ਫਿਰ ਵੀ ਜ਼ਿੰਦਗੀ ਭਰ ਆਪਣੇ ਫ਼ਾਰਸੀ ਕਲਾਮ ਨੂੰ ਨਕਸ਼ ਹਾਏ ਰੰਗ ਰੰਗ ਤੇ ਉਰਦੂ ਕਲਾਮ ਨੂੰ ਬੇਰੰਗ ਸਮਝਦੇ ਤੇ ਕਹਿੰਦੇ ਰਹੇ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਸਦੀਵੀ ਸ਼ੋਹਰਤ ਦਾ ਚਾਨਣ ਮੁਨਾਰਾ ਉਰਦੂ ਕਲਾਮ ਹੀ ਸਾਬਤ ਹੋਇਆ।
ਜਿੱਥੋਂ ਤਕ ਗ਼ਾਲਬਿ ਦੇ ਪੜ੍ਹਨ-ਲਿਖਣ ਦੀ ਗੱਲ ਹੈ ਉਨ੍ਹਾਂ ਦੇ ਘਰ ਵਿਚ ਕਿਤਾਬ ਦਾ ਕਿਤੇ ਨਾਂ-ਨਿਸ਼ਾਨ ਨਹੀਂ ਸੀ। ਹਮੇਸ਼ਾਂ ਕਿਰਾਏ ’ਤੇ ਕਿਤਾਬਾਂ ਮੰਗਵਾਉਂਦੇ ਸਨ ਤੇ ਉਨ੍ਹਾਂ ਨੂੰ ਪੜ੍ਹ ਕੇ ਵਾਪਸ ਕਰ ਦਿੰਦੇ ਸਨ। ਜੋ ਵੀ ਕੰਮ ਦੀ ਗੱਲ ਹੁੰਦੀ, ਉਨ੍ਹਾਂ ਦੇ ਦਿਮਾਗ਼ ’ਤੇ ਨਕਸ਼ ਹੋ ਜਾਂਦੀ ਸੀ। ਗ਼ਜ਼ਲ ਲਿਖਣ ਦਾ ਤਰੀਕਾ ਵੀ ਅਜੀਬ ਸੀ। ਰਾਤ ਨੂੰ ਸਰੂਰ ਤੇ ਮਸਤੀ ’ਚ ਸ਼ਿਅਰ ਕਹਿੰਦੇ ਤੇ ਜਦੋਂ ਸ਼ਿਅਰ ਪੂਰਾ ਹੋ ਜਾਂਦਾ ਤਾਂ ਨਾਲੇ ’ਚ ਇਕ ਗੰਢ ਮਾਰ ਲੈਂਦੇ। ਇਸ ਤਰ੍ਹਾਂ ਅੱਠ-ਦਸ ਗੰਢਾਂ ਮਾਰ ਕੇ ਸੌਂ ਜਾਂਦੇ ਤੇ ਸਵੇਰੇ ਚੇਤਾ ਖਰੋਚ ਕੇ ਇਕ-ਇਕ ਸ਼ਿਅਰ ਯਾਦ ਕਰਕੇ ਗੰਢਾਂ ਖੋਲ੍ਹਦੇ ਤੇ ਗ਼ਜ਼ਲ ਪੂਰੀ ਹੋ ਜਾਂਦੀ।
ਉਨ੍ਹਾਂ ਨੇ ਕੇਵਲ ਕਿਤਾਬਾਂ ਹੀ ਕਿਰਾਏ ’ਤੇ ਨਹੀਂ ਲਈਆਂ, ਖ਼ੁਦ ਵੀ ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨਾਂ ਤੇ ਹਵੇਲੀਆਂ ਵਿਚ ਗੁਜ਼ਾਰੀ। ਹਵੇਲੀਆਂ ਇਸ ਲਈ ਕਿ ਬੇਔਲਾਦ (ਸੱਤ ਮੁੰਡੇ ਕੁੜੀਆਂ ਵਿਚੋਂ ਕੋਈ ਵੀ 15 ਮਹੀਨੇ ਤੋਂ ਵੱਧ ਨਹੀਂ ਜੀਵਿਆ) ਹੋਣ ਦੇ ਬਾਵਜੂਦ ਬੀਵੀ, ਇਕ ਸਾਲੀ ਤੇ ਉਸ ਦੇ ਦੋ ਬੱਚੇ ਤੇ ਅੱਗੇ ਉਨ੍ਹਾਂ ਦੇ ਦੋ ਬੇਟਿਆਂ ਤੋਂ ਬਿਨਾਂ ਮਦਾਰੀ ਸਮੇਤ ਉਨ੍ਹਾਂ ਕੋਲ ਡੇਢ ਦਰਜਨ ਮੈਂਬਰ ਸਦਾ ਹੀ ਰਹਿੰਦੇ ਸਨ।
ਸਕੇ ਭਰਾ ਦੀਵਾਨਾ ਦੀ ਮੌਤ ਤੋਂ ਪਿੱਛੋਂ ਛੋਟੀ ਭਰਜਾਈ ਤੇ ਉਸ ਦੇ ਬੱਚਿਆਂ ਨੂੰ ਵੀ, ਜਿਹੜੇ ਜੈਪੁਰ ਰਹਿੰਦੇ ਸਨ, ਥੋੜ੍ਹੇ ਬਹੁਤ ਪੈਸੇ ਭੇਜਦੇ ਸਨ। ਏਧਰ 1857 ਦੇ ਗ਼ਦਰ ਤੋਂ ਪਿੱਛੋਂ ਉਨ੍ਹਾਂ ਦੇ ਇਕ ਹੋਰ ਭਰਾ ਮਿਰਜ਼ਾ ਯੂਸਫ ਵੀ ਚੱਲ ਵਸੇ ਤੇ ਇਕੋ-ਇਕ ਭੈਣ ਦਾ ਬੇਟਾ ਆਸ਼ੂਰ ਬੇਗ ਤੇ ਉਸ ਦਾ ਬੇਟਾ ਵੀ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਤਾਂ ਉਨ੍ਹਾਂ ਦੇ ਪਰਿਵਾਰ ਵੀ ਮਿਰਜ਼ਾ ਗ਼ਾਲਬਿ ਤੋਂ ਕੁਝ ਨਾ ਕੁਝ ਮਦਦ ਲੈਂਦੇ ਰਹੇ। ਫਿਰ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਖ਼ਰਚਿਆਂ ਨਾਲੋਂ ਆਮਦਨ ਬਹੁਤ ਘੱਟ ਹੋਣ ਉੱਤੇ ਵੀ ਕੋਈ ਭਿਖਾਰੀ ਉਨ੍ਹਾਂ ਦੇ ਦਰ ਤੋਂ ਖਾਲੀ ਨਹੀਂ ਸੀ ਜਾਂਦਾ।
ਇਸ ਦੇ ਬਾਵਜੂਦ ਗ਼ਾਲਬਿ ਨੇ ਜ਼ਿੰਦਗੀ ਭਰ ਸਵੈਮਾਣ ਤੇ ਜਾਗੀਰਦਾਰੀ ਸ਼ਾਨ ਨਹੀਂ ਤਿਆਗੀ। ਇਸ ਸੰਦਰਭ ਵਿਚ ਇਕ ਕਿੱਸਾ ਤਾਂ ਹਰ ਕੋਈ ਜਾਣਦਾ ਹੈ। ਗ਼ਾਲਬਿ ਦੀ ਵਿਦਵਤਾ ਤੇ ਸ਼ੋਹਰਤ ਸੁਣ ਕੇ ਗੋਰੀ ਸਰਕਾਰ ਦੇ ਸਕੱਤਰ ਜੇਮਸ ਟਾਮਸਨ ਨੇ ਦਿੱਲੀ ਕਾਲਜ ’ਚ ਫ਼ਾਰਸੀ ਦੇ ਪ੍ਰੋਫ਼ੈਸਰ ਦੀ ਅਸਾਮੀ ’ਤੇ ਨਿਯੁਕਤ ਕਰਨ ਲਈ ਉਨ੍ਹਾਂ ਨੂੰ ਸੱਦਾ ਭੇਜਿਆ। ਮਿਰਜ਼ਾ ਗ਼ਾਲਬਿ ਪਾਲਕੀ ’ਚ ਸਵਾਰ ਹੋ ਕੇ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ ਅਤੇ ਆਪਣੇ ਆਉਣ ਦੀ ਸੂਚਨਾ ਦੇ ਕੇ ਬਾਹਰ ਹੀ ਰੁਕੇ ਰਹੇ। ਚਾਹੁੰਦੇ ਸਨ ਕਿ ਸਕੱਤਰ ਖ਼ੁਦ ਉਨ੍ਹਾਂ ਦੇ ਸੁਆਗਤ ਲਈ ਆਉਣ। ਜਦੋਂ ਟਾਮਸਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਾਹਰ ਆ ਕੇ ਕਹਿਣ ਲੱਗਿਆ ਕਿ ਇਸ ਵਕਤ ਤੁਸੀਂ ਨੌਕਰੀ ਲਈ ਆਏ ਹੋ, ਇਸ ਲਈ ਦਰਬਾਰੀ ਸਲੂਕ ਦੇ ਹੱਕਦਾਰ ਨਹੀਂ ਹੋ। ਮਿਰਜ਼ਾ ਗ਼ਾਲਬਿ ਨੇ ਇਸ ਨੂੰ ਆਪਣਾ ਨਿਰਾਦਰ ਸਮਝਿਆ ਤੇ ਸੌ ਰੁਪਏ ਮਹੀਨੇ ਦੀ ਚੰਗੀ ਭਲੀ ਨੌਕਰੀ ਛੱਡ ਕੇ ਆਪਣੇ ਘਰ ਪਰਤ ਆਏ।
ਏਧਰ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਵੀ ਸ਼ਾਇਰ ਹੋਣ ਕਾਰਨ ਇਲਮ-ਓ-ਅਦਬ ਦੇ ਕਦਰਦਾਨ ਸਨ। ਉਨ੍ਹਾਂ ਨੇ ਮਿਰਜ਼ਾ ਗ਼ਾਲਬਿ ਨੂੰ ਮੁਗ਼ਲ ਖ਼ਾਨਦਾਨ ਦਾ ਇਤਿਹਾਸ ਲਿਖਣ ਦਾ ਕੰਮ ਸੌਂਪਣ ਦੇ ਨਾਲ-ਨਾਲ ‘ਨਜਮੁਦੌਲਾ ਦਬੀਰੁਲ ਮੁਲਕ ਤੇ ਨਿਜ਼ਾਮੇ-ਜੰਗ’ ਜਿਹੀਆਂ ਉਪਾਧੀਆਂ ਨਾਲ ਸਨਮਾਨਿਤ ਕਰਕੇ ਮਹੀਨਾਵਾਰ ਤਨਖ਼ਾਹ ਵੀ ਮੁਕੱਰਰ ਕੀਤੀ। ਪਰ 1857 ਦੀ ਜੰਗੇ-ਆਜ਼ਾਦੀ ਦਾ ਐਲਾਨ ਹੁੰਦਿਆਂ ਹੀ ਗ਼ਾਲਬਿ ਲਈ ਇਹ ਸਭ ਕੁਝ ਇਕ ਸੁਪਨੇ ਵਾਂਗ ਹੋ ਗਿਆ। ਬਹਾਦੁਰ ਸ਼ਾਹ ਦੇ ਦਰਬਾਰ ਤੋਂ ਮਿਲਣ ਵਾਲੀ ਮਾਸਿਕ ਆਮਦਨ ਹੀ ਬੰਦ ਨਹੀਂ ਹੋਈ, ਮੁਗ਼ਲੀਆ ਦਰਬਾਰ ਨਾਲ ਸਬੰਧਤ ਹੋਣ ਕਾਰਨ ਅੰਗਰੇਜ਼ੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ।
ਆਮ ਜੀਵਨ ਵਿਚ ਮਿਰਜ਼ਾ ਗ਼ਾਲਬਿ ਮਿਠਬੋਲੜੇ, ਜ਼ਿੰਦਾਦਿਲ ਤੇ ਹਾਜ਼ਰਜਵਾਬ ਸਨ। ਜੋ ਕੁਝ ਉਨ੍ਹਾਂ ਦੀ ਜ਼ੁਬਾਨ ਤੋਂ ਨਿਕਲਦਾ ਉਹ ਲੁਤਫ਼ ਤੋਂ ਖਾਲੀ ਨਹੀਂ ਸੀ ਹੁੰਦਾ। ਉਨ੍ਹਾਂ ਵੱਲੋਂ ਹਾਸਾ ਮਜ਼ਾਕ, ਸ਼ੋਖੀ ਤੇ ਸ਼ਰਾਰਤੀ ਗੱਲਾਂ ਕਰਨਾ ਪ੍ਰਸਿੱਧ ਸੀ। ਗੱਲ ਤੋਂ ਗੱਲ ਪੈਦਾ ਕਰਨ ’ਚ ਉਹ ਬੇਜੋੜ ਸਨ। ਇਕ ਵਾਰ ਜਦੋਂ ਰਮਜ਼ਾਨ ਦਾ ਸਾਰਾ ਪਵਿੱਤਰ ਮਹੀਨਾ ਬੀਤ ਗਿਆ ਤਾਂ ਕਿਲੇ ’ਚ ਗਏ। ਬਾਦਸ਼ਾਹ ਜ਼ਫਰ ਨੇ ਪੁੱਛਿਆ, ‘ਮਿਰਜ਼ਾ ਤੁਮਨੇ ਕਿਤਨੇ ਰੋਜ਼ੇ ਰੱਖੇ?’ ਫਟਾਕ ਬੋਲੇ, ‘ਹਜ਼ੂਰ ਏਕ ਨਹੀਂ ਰੱਖਾ।’ ਉਨ੍ਹਾਂ ਦੇ ਸ਼ਾਗਿਰਦ ਮੌਲਾਨਾ ਹਾਲੀ ਦੇ ਲਿਖਣ ਮੁਤਾਬਿਕ ਮਿਰਜ਼ਾ ਗ਼ਾਲਬਿ ਬਹੁਤ ਸ਼ਿਸ਼ਟ, ਸਭਿਯ ਤੇ ਮਿਲਣਸਾਰ ਇਨਸਾਨ ਸਨ। ਜਿਹੜਾ ਵਿਅਕਤੀ ਉਨ੍ਹਾਂ ਨਾਲ ਇਕ ਵਾਰ ਮਿਲ ਲੈਂਦਾ, ਉਸ ਨੂੰ ਉਨ੍ਹਾਂ ਨਾਲ ਵਾਰ-ਵਾਰ ਮਿਲਣ ਦੀ ਤਾਂਘ ਰਹਿੰਦੀ। ਉਨ੍ਹਾਂ ਦੇ ਦੋਸਤ ਹਰ ਧਰਤ ਤੇ ਫ਼ਿਰਕੇ ਨਾਲ ਸਬੰਧ ਰੱਖਦੇ ਸਨ। ਨਾ ਸਿਰਫ਼ ਦਿੱਲੀ ਸਗੋਂ ਸਾਰੇ ਹਿੰਦੋਸਤਾਨ ਵਿਚ ਫੈਲੇ ਹੋਏ ਸਨ।
ਮਿਰਜ਼ਾ ਗ਼ਾਲਬਿ ਦੀ ਹਾਜ਼ਰਜਵਾਬੀ ਤੇ ਜੀਵਨ ਸ਼ੈਲੀ ਦੀ ਅਸਲ ਤਸਵੀਰ ਉਨ੍ਹਾਂ ਦੀ ਕੈਮਰੇ ਨਾਲ ਖਿੱਚੀ ਫੋਟੋ ਜਾਂ ਚਿੱਤਰਕਾਰਾਂ ਵੱਲੋਂ ਬਣਾਈਆਂ ਤਸਵੀਰਾਂ ਵਿਚ ਨਹੀਂ, ਉਨ੍ਹਾਂ ਦੇ ਖ਼ਤਾਂ ਜਾਂ ਉਨ੍ਹਾਂ ਵੱਲੋਂ ਆਪਣੇ ਦੋਸਤਾਂ, ਪ੍ਰਸ਼ੰਸਕਾਂ ਤੇ ਸਰਪ੍ਰਸਤਾਂ ਨੂੰ ਸਮੇਂ-ਸਮੇਂ ਦਿੱਤੇ ਜਵਾਬਾਂ ਵਿਚ ਹੈ। ਪਹਿਲਾਂ ਹਾਜ਼ਰਜਵਾਬੀ ਤੇ ਫਿਰ ਖ਼ਤ।
ਬਹੁਤ ਸਾਰੇ ਲੇਖਕ ਗ਼ਾਲਬਿ ਦੀ ਹਾਜ਼ਰਜਵਾਬੀ ਨੂੰ ਲਤੀਫੇ਼ ਵੀ ਕਹਿੰਦੇ ਹਨ। ਮਿਸਾਲ ਵਜੋਂ:
ਗ਼ਦਰ ਦੇ ਹੰਗਾਮੇ ਪਿੱਛੋਂ ਫੜੋ-ਫੜੀ ਸ਼ੁਰੂ ਹੋਈ ਤਾਂ ਮਿਰਜ਼ਾ ਗ਼ਾਲਬਿ ਨੂੰ ਪੁੱਛਗਿੱਛ ਲਈ ਸੱਦਿਆ ਗਿਆ। ਕਰਨਲ ਬਰਾਊਨ ਸਾਹਮਣੇ ਪੇਸ਼ ਹੋਏ ਤਾਂ ਮਿਰਜ਼ਾ ਗ਼ਾਲਬਿ ਹਮੇਸ਼ਾ ਵਾਂਗ ਆਪਣੀ ਉੱਚੀ ਟੋਪੀ ਪਹਿਨੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਚਾਲ-ਢਾਲ ਕੁਝ ਅਜੀਬ ਜਿਹੀ ਲੱਗਦੀ ਸੀ। ਉਨ੍ਹਾਂ ਨੂੰ ਵੇਖ ਕੇ ਕਰਨਲ ਬਰਾਊਨ ਨੇ ਕਿਹਾ, ‘‘ਵੈੱਲ! ਮਿਰਜ਼ਾ ਸਾਹਬ ਤੁਮ ਮੁਸਲਮਾਨ ਹੋ।’’ ਮਿਰਜ਼ਾ ਸਾਹਬ ਨੇ ਬਹੁਤ ਹੀ ਧੀਰਜ ਨਾਲ ਜਵਾਬ ਦਿੱਤਾ, ‘‘ਆਧਾ ਮੁਸਲਮਾਨ ਹੂੰ।’’ ਕਰਨਲ ਬਰਾਊਨ ਨੇ ਹੈਰਾਨੀ ਨਾਲ ਕਿਹਾ, ‘‘ਆਧਾ ਮੁਸਲਮਾਨ ਕਯਾ? ਇਸ ਕਾ ਮਤਲਬ?’’ ‘‘ਸ਼ਰਾਬ ਪੀਤਾ ਹੂੰ, ਸੂਅਰ ਨਹੀਂ ਖਾਤਾ।’’ ਗ਼ਾਲਬਿ ਨੇ ਤੁਰੰਤ ਜਵਾਬ ਦਿੱਤਾ। ਇਹ ਸੁਣ ਕੇ ਕਰਨਲ ਬਰਾਊਨ ਇੰਨਾ ਖ਼ੁਸ਼ ਹੋਇਆ ਕਿ ਗ਼ਾਲਬਿ ਨੂੰ ਇੱਜ਼ਤ ਨਾਲ ਰੁਖ਼ਸਤ ਕਰ ਦਿੱਤਾ।
* * *
ਭੋਪਾਲ ਤੋਂ ਇਕ ਵਿਅਕਤੀ ਦਿੱਲੀ ਦੀ ਸੈਰ ਨੂੰ ਆਇਆ। ਮਿਰਜ਼ਾ ਗ਼ਾਲਬਿ ਨੂੰ ਵੀ ਮਿਲਿਆ। ਪੁਸ਼ਾਕ ਤੋਂ ਲੱਗਦਾ ਸੀ ਕਿ ਇਹ ਪਰਹੇਜ਼ਦਾਰ (ਸੰਜਮੀ) ਹੈ। ਮਿਰਜ਼ਾ ਗ਼ਾਲਬਿ ਇਨ੍ਹਾਂ ਨਾਲ ਬਹੁਤ ਵਧੀਆ ਢੰਗ ਨਾਲ ਪੇਸ਼ ਆਏ। ਪਰ ਉਹ ਉਸ ਵੇਲੇ ਉੱਥੇ ਪਹੁੰਚਿਆ ਸੀ ਜਦੋਂ ਗਿਲਾਸ ਤੇ ਸ਼ਰਾਬ ਦਾ ਸ਼ੀਸ਼ਾ ਅੱਗੇ ਰੱਖਿਆ ਹੋਇਆ ਸੀ। ਇਸ ਵਿਚਾਰੇ ਨੂੰ ਸ਼ਰਾਬਨੋਸ਼ੀ ਦੀ ਖ਼ਬਰ ਨਹੀਂ ਸੀ। ਸ਼ਰਬਤ ਦਾ ਗਿਲਾਸ ਸਮਝ ਕੇ ਹੱਥ ਨਾਲ ਚੁੱਕ ਲਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਇਸ ’ਚ ਸ਼ਰਾਬ ਹੈ ਤਾਂ ਆਪਣੇ ਮਾਸੂਮ ਲਹਿਜੇ ’ਚ ਕਿਹਾ, ‘‘ਮੈਨੇ ਸ਼ਰਬਤ ਕੇ ਧੋਖੇ ਮੇਂ ਇਸ ਕੋ ਉਠਾ ਲਿਯਾ ਥਾ।’’ ਮਿਰਜ਼ਾ ਸਾਹਿਬ ਨੇ ਮੁਸਕਰਾ ਕੇ ਉਸ ਵੱਲ ਤੱਕਿਆ ਤੇ ਕਿਹਾ, ‘‘ਜ਼ਹੇ ਨਸੀਬ (ਅਹੋ ਭਾਗ) ਧੋਕੇ ਮੇਂ ਨਿਜਾਤ ਹੋ ਗਈ।’’
* * *
ਮਿਰਜ਼ਾ ਗ਼ਾਲਬਿ ਨੇ ਮਰਨ ਤੋਂ ਸੱਤ-ਅੱਠ ਸਾਲ ਪਹਿਲਾਂ ਆਪਣੀ ਮ੍ਰਿਤੂ ਤਿਥੀ ਦਾ ਮਾਦਾ (ਮੂਲ ਤੱਤ) ਕੱਢਿਆ ਸੀ ਜਿਸ ਤੋਂ 1277 ਹਿਜਰੀ ਨਿਕਲਦਾ ਸੀ। ਇਤਫ਼ਾਕ ਨਾਲ ਇਸੇ ਸਾਲ ਸ਼ਹਿਰ ’ਚ ਮਹਾਂਮਾਰੀ ਫੈਲ ਗਈ, ਪਰ ਮਿਰਜ਼ਾ ਬਚ ਗਏ। ਇਸ ਗੱਲ ਬਾਰੇ ਇਕ ਖ਼ਤ ’ਚ ਲਿਖਦੇ ਹਨ, ‘ਮਿਯਾਂ 1277 ਕੀ ਬਾਤ ਗ਼ਲਤ ਨ ਥੀ (ਯਾਨੀ ਇਸ ਸਾਲ ਮੁਝੇ ਮਰਨਾ ਚਾਹਿਯੇ ਥਾ) ਮਗਰ ਮੈਨੇ ਇਸ ਆਮ ਮਹਾਂਮਾਰੀ ਮੇਂ ਮਰਨਾ ਅਪਨੇ ਲਾਇਕ ਨਹੀਂ ਸਮਝਾ। ਵਾਕਈ ਇਸ ਮੇਂ ਮੇਰੀ ਸ਼ਾਨ ਘਟਤੀ ਥੀ। ਬਾ’ਦ ਰਫ਼ਏ ਫ਼ਸਾਦ-ਏ-ਹਵਾ (ਦੂਸ਼ਿਤ ਵਾਤਾਵਰਨ ਸਮਾਪਤ ਹੋਣ ’ਤੇ) ਸੋਚਾ ਜਾਏਗਾ।’
ਮਿਰਜ਼ਾ ਗ਼ਾਲਬਿ ਵੱਲੋਂ ਲਿਖੇ ਖ਼ਤਾਂ ਦੀ ਗੱਲ ਕਰੀਏ ਤਾਂ ਅੱਜ ਦੇ ਯੁੱਗ ਵਿਚ ਇਹ ਕੈਮਰੇ ਦੀ ਫੋਟੋ ਵਾਂਗ ਹੀ ਅਲੌਕਿਕ ਹਨ। ਉਨ੍ਹਾਂ ਦਿਨਾਂ ਵਿਚ ਮੋਬਾਈਲ ਤਾਂ ਕੀ ਟੈਲੀਫੋਨ ਵੀ ਨਹੀਂ ਸਨ ਹੁੰਦੇ। ਇਕ-ਦੂਜੇ ਦੀ ਖ਼ਬਰ ਸਾਰ ਰੱਖਣ ਦਾ ਇਕੋ ਇਕ ਮਾਧਿਅਮ ਖ਼ਤ ਸਨ। ਗ਼ਾਲਬਿ ਬਹੁਤ ਲੰਮੇ ਖ਼ਤ ਲਿਖਦੇ ਸਨ। ਪੰਜਾਬ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਵਾਂਗ ਪੋਸਟ ਕਾਰਡ ਉੱਤੇ ਦੋ-ਚਾਰ ਲਾਈਨਾਂ ਲਿਖ ਕੇ ਨਹੀਂ ਸਨ ਸਾਰਦੇ। ਮੁਨਸ਼ੀ ਹਰਗੋਪਾਲ ਤਫ਼ਤਾ ਕੋਲੋਂ ਉਨ੍ਹਾਂ ਦੇ ਲਿਖੇ 123 ਖ਼ਤ ਮਿਲੇ, ਅਲਾਉਦੀਨ ਅਹਿਮਦ ਖਾਂ ਅਲਾਈ ਕੋਲੋਂ 58 ਤੇ ਮਿਰਜ਼ਾ ਹਾਤਿਮ ਅਲੀ ਮੇਹਰ ਕੋਲੋਂ 29 ਖ਼ਤ। ਇੱਥੇ ਤਫ਼ਤਾ ਨੂੰ ਲਿਖੇ ਖ਼ਤਾਂ ਵਿਚੋਂ ਇਕ ਦੀਆਂ ਆਖ਼ਰੀ ਲਾਈਨਾਂ ਅਤੇ ਅਜ਼ੀਜ਼ੁਦੀਨ ਨੂੰ ਲਿਖਿਆ ਉਹ ਖ਼ਤ ਜਿਸ ਵਿਚ 1857 ਤੋਂ ਪਿੱਛੋਂ ਦਿੱਲੀ ਦਾ ਹਾਲ ਦਰਜ ਹੈ, ਪੇਸ਼ ਹਨ।
ਤਫ਼ਤਾ ਨੂੰ ਲਿਖੇ ਖ਼ਤ ਦਾ ਦੂਜਾ ਅੱਧ- ‘ਹਿੰਦੂਓਂ ਮੇਂ ਅਗਰ ਕੋਈ ਅਵਤਾਰ ਹੂਆ ਤੋ ਕਯਾ ਔਰ ਮੁਸਲਮਾਨੋਂ ਮੇਂ ਕੋਈ ਨਬੀ (ਪੈਗੰਬਰ) ਬਨਾ ਤੋ ਕਯਾ? ਦੁਨਿਯਾ ਮੇਂ ਨਾਮ-ਆਵਰ (ਮਸ਼ਹੂਰ) ਹੁਏ ਤੋ ਕਯਾ ਔਰ ਗੁਮਨਾਮ ਜਿਯੇ ਤੋ ਕਯਾ? ਕੁਛ ਵਜ੍ਹੇ-ਮਆਸ਼ (ਗੁਜ਼ਰ ਬਸਰ ਦਾ ਹੀਲਾ) ਹੈ ਔਰ ਕੁਛ ਸੇਹਤ-ਏ-ਜਿਸਮਾਨੀ। ਬਾਕੀ ਸਬ ਵਹਮ ਹੈ ਐ ਯਾਰ ਜਾਨੀ। ਹਰ ਚੰਦ (ਭਾਵੇਂ) ਵੋ ਭੀ ਵਹਮ ਹੈ, ਮਗਰ ਮੈਂ ਅਭੀ ਇਸੀ ਪਾਏ (ਦਰਜੇ) ਪਰ ਹੂੰ। ਸ਼ਾਇਦ ਆਗੇ ਬੜ੍ਹ ਕਰ ਯੇ ਪਰਦਾ ਭੀ ਉਠ ਜਾਏ ਔਰ ਵਜ੍ਹ-ਏ-ਮਈਸ਼ਤ (ਜੀਵਤ ਨਿਰਬਾਹ ਦਾ ਸਾਧਨ) ਔਰ ਸੇਹਤ-ਓ-ਰਾਹਤ ਸੇ ਭੀ ਗੁਜ਼ਰ ਜਾਊਂ; ਆਲਮ-ਏ-ਬੇਰੰਗੀ (ਸੂਝ ਅਤੇ ਅਨੁਭਵ ਤੋਂ ਪਰ੍ਹਾਂ ਦੀ ਸਥਿਤੀ) ਸੇ ਗੁਜ਼ਰ ਪਾਊਂ। ਜਿਸ ਸੰਨਾਟੇ ਮੇਂ ਹੂੰ ਵਹਾਂ ਤਮਾਮ ਆਲਮ, ਬਲਕਿ ਦੋਨੋਂ ਆਲਮ ਕਾ ਪਤਾ ਨਹੀਂ। ਹਰ ਕਿਸੀ ਕਾ ਜਵਾਬ ਮੁਤਾਬਿਕ ਸਵਾਲ ਕੇ ਦਿਯੇ ਦੇਤਾ ਹੂੰ ਔਰ ਜਿਸਸੇ ਜੋ ਮੁਆਮਲਾ ਹੈ, ਉਸਕੋ ਵੈਸਾ ਹੀ ਬਰਤ ਰਹਾ ਹੂੰ, ਲੇਕਿਨ ਸਬ ਕੋ ਵਹਮ ਜਾਨਤਾ ਹੂੰ। ਯੇ ਦਰਯਾ ਨਹੀਂ ਹੈ, ਸਰਾਬ (ਮ੍ਰਿਗ-ਤ੍ਰਿਸ਼ਨਾ) ਹੈ। ਹਸਤੀ ਨਹੀਂ ਹੈ, ਪਿੰਦਾਰ (ਅਹੰਕਾਰ) ਹੈ। ਹਮ ਤੁਮ ਦੋਨੋਂ ਅੱਛੇ ਖ਼ਾਸੇ ਸ਼ਾਇਰ ਹੈਂ। ਮਾਨਾ ਕਿ ਸਾਦੀ-ਓ-ਹਾਫ਼ਿਜ਼ ਕੇ ਬਰਾਬਰ ਮਸ਼ਹੂਰ ਰਹੇਂਗੇ। ਉਨਕੋ ਸ਼ੋਹਰਤ ਸੇ ਕਯਾ ਹਾਸਿਲ ਹੁਆ ਕਿ ਹਮ ਤੁਮ ਕੋ ਹੋਗਾ।’
ਅਜ਼ੀਜ਼ੁਦੀਨ ਨੂੰ ਲਿਖਿਆ ਛੋਟਾ ਖ਼ਤ:
‘ਕੈਸੀ ਸਾਹਿਬਜ਼ਾਦੋਂ ਕੀ ਸੀ ਬਾਤੇਂ ਕਰਤੇ ਹੋ। ਦਿੱਲੀ ਕੋ ਵੈਸਾ ਆਬਾਦ ਜਾਨਤੇ ਹੋ ਜੈਸੀ ਆਗੇ ਥੀ। ਕਾਸਿਮਜਾਨ ਕੀ ਗਲੀ, ਮੀਰ ਖ਼ੈਰਾਤੀ ਕੇ ਫਾਟਕ ਸੇ ਫ਼ਤਹਉੱਲਾ ਬੇਗ ਖ਼ਾਂ ਕੇ ਫਾਟਕ ਤਕ ਬੇਚਿਰਾਗ਼ ਹੈ। ਹਾਂ ਅਗਰ ਆਬਾਦੀ ਹੈ ਤੋ ਯੇ ਹੈ ਕਿ ਗ਼ੁਲਾਮ ਹੁਸੈਨ ਖ਼ਾਂ ਕੀ ਹਵੇਲੀ ਅਸਪਤਾਲ ਹੈ ਔਰ ਜ਼ਿਯਾਉਦੀਨ ਖ਼ਾਂ ਕੇ ਕਮਰੇ ਮੇਂ ਡਾਕਟਰ ਸਾਹਿਬ ਰਹਤੇ ਹੈਂ ਔਰ ਕਾਲੇ ਸਾਹਿਬ ਕੇ ਮਕਾਨੋਂ ਮੇਂ ਏਕ ਔਰ ਸਾਹਿਬ ਆਲੀ ਸ਼ਾਨੇ-ਇੰਗਲਿਸਤਾਨ ਤਸ਼ਰੀਫ਼ ਰਖਤੇ ਹੈਂ। ਜ਼ਿਯਾਉਦੀਨ ਖ਼ਾਂ ਔਰ ਉਨਕੇ ਭਾਈ ਮਅਕਬਾਇਲ-ਓ-ਅਸ਼ਾਇਰ (ਸਗੇ ਸਬੰਧੀਆਂ ਸਮੇਤ) ਲੋਹਾਰੂ ਮੇਂ। ਲਾਲ ਕੂਏਂ ਕੇ ਮੁਹੱਲੇ ਮੇਂ ਖ਼ਾਕ ਉੜਤੀ ਹੈ। ਆਦਮੀ ਕਾ ਨਾਮ ਨਹੀਂ।’
ਮਿਰਜ਼ਾ ਗ਼ਾਲਬਿ ਦੇ ਕੈਮਰੇ ਤੇ ਮਸੱਵਰੀ ਚਿੱਤਰਾਂ ਤੋਂ ਬਿਨਾਂ ਕਲਮੀ ਪੇਸ਼ਕਾਰੀਆਂ ਤੋਂ ਪਤਾ ਲੱਗਦਾ ਹੈ ਕਿ ਮਿਰਜ਼ਾ ਗ਼ਾਲਬਿ ਦਾ ਸਾਰਾ ਜੀਵਨ ਮਾਇਆ ਦੀ ਅਵਾਜ਼ਾਰੀ, ਕਿਰਾਏ ਦੇ ਮਕਾਨਾਂ ਵਿਚ ਰਿਹਾਇਸ਼ ਅਤੇ ਮੁਗ਼ਲ ਤੇ ਬਰਤਾਨਵੀ ਸਰਕਾਰ ਦੇ ਵਜ਼ੀਫ਼ਿਆਂ ਦੀ ਟੁੱਟ-ਭੱਜ ਵਿਚ ਲੰਘਿਆ, ਪਰ ਉਨ੍ਹਾਂ ਨੇ ਖੁਦਦਾਰੀ ਨਹੀਂ ਤਿਆਗੀ। ਅੰਤਿਮ ਸਾਹ ਲੈਣ ਤਕ ਵਕਤ ਉੱਤੇ ਵਿਅੰਗ ਕਸਦੇ ਰਹੇ। ਸ਼ੌਕ ਪਾਲੇ, ਪਰ ਮੁਹਤਾਜ ਨਹੀਂ ਹੋਏ। ਦੋਜ਼ਖ ਤੇ ਜੰਨਤ ਨੂੰ ਮੰਨਦੇ ਵੀ ਰਹੇ ਤੇ ਨਕਾਰਦੇ ਵੀ। ਮੌਤ ਤੋਂ ਪਿੱਛੋਂ ਜੰਨਤ ਜਾਣ ਦੇ ਅਨੇਕਾਂ ਪ੍ਰਮਾਣ ਉਨ੍ਹਾਂ ਦੇ ਦੀਵਾਨ ਵਿਚ ਮੌਜੂਦ ਹਨ। ਦੋ ਸ਼ਿਅਰ ਪੇਸ਼ ਹਨ:
– ਇਨ ਪਰੀਜ਼ਾਦੋ ਸੇ ਲੇਂਗੇ ਖੁਲਦ ਮੇਂ ਹਮ ਇੰਤਕਾਮ
ਕੁਦਰਤ-ਏ-ਹੱਕ ਸੇ ਯਹੀ ਹੂਰੇਂ ਅਗਰ ਵਾਂ ਹੋ ਗਈ
– ਕਿਊਂ ਨਾ ਦੋਜ਼ਖ ਕੋ ਭੀ ਫਿਰਦੌਸ ਮੇਂ ਮਿਲਾ ਲੇਂ ਯਾ ਰੱਬ
ਸੈਰ ਕੇ ਵਾਸਤੇ ਥੋੜ੍ਹੀ ਸੀ ਫਿਜ਼ਾ ਔਰ ਸਹੀ
ਸਪਸ਼ਟ ਹੈ ਕਿ ਮਿਰਜ਼ਾ ਨੌਸ਼ਾ (ਮਿਰਜ਼ਾ ਗ਼ਾਲਬਿ) ਨੇ ਜੰਨਤ ਵਿਚ ਪ੍ਰਵੇਸ਼ ਕਰਨ ਦੀ ਟਿਕਟ ਖ਼ੁਦ ਹੀ ਆਪਣੇ ਨਾਂ ਕੱਟ ਰੱਖੀ ਸੀ। ਇਹ ਤਾਂ ਕੁਝ ਵੀ ਨਹੀਂ, ਖ਼ੁਦ ਵੀ ਆਪਣੀ ਅਜ਼ਮਤ ਪਹਿਚਾਣਦੇ ਸਨ।
ਯੇਹ ਮਸਾਇਲ-ਏ-ਤਸੱਵਫ਼ ਯੇਹ ਤੇਰਾ ਬਿਆਨ ਗ਼ਾਲਬਿ
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾਖਵਾਰ ਹੋਤਾ
ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਹੋਰ ਕਿਸੇ ਦੇ ਚੰਗੇ ਕਲਾਮ ਦਾ ਮੁੱਲ ਨਹੀਂ ਸੀ ਪਾਉਂਦੇ। ਇਕ ਵਾਰੀ ਮੋਮਨ ਦਾ ਸ਼ਿਅਰ ‘ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ’ ਸੁਣ ਕੇ ਬੋਲੇ, ‘‘ਕਾਸ਼! ਮੋਮਨ ਇਹ ਸ਼ਿਅਰ ਮੈਨੂੰ ਦੇ ਦੇਵੇ ਤਾਂ ਮੈਂ ਆਪਣਾ ਪੂਰਾ ਦੀਵਾਨ ਉਹਦੇ ਹਵਾਲੇ ਕਰ ਦਿਆਂ।’’
ਮੀਰ ਦੀ ਕਾਵਿਕ ਉੱਤਮਤਾ ਦੀ ਦਾਦ ਦੇਣ ਲਈ ਇਹ ਸ਼ਿਅਰ ਤਾਂ ਹੈ ਹੀ ਲਾਜਵਾਬ:
ਰੇਖਤਾ ਕੇ ਤੁਮ ਹੀ ਉਸਤਾਦ ਨਹੀਂ ਹੋ ਗ਼ਾਲਬਿ
ਕਹਿਤੇ ਹੈਂ ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ
ਕਿਉਂ ਨਾ ਮਿਰਜ਼ਾ ਗ਼ਾਲਬਿ ਦੀ 151ਵੀਂ ਬਰਸੀ ’ਤੇ ਉਸ ਨੂੰ ਯਾਦ ਕਰੀਏ! ਦੇਰ ਆਇਦ ਦਰੁਸਤ ਆਇਦ!!