ਖਾਲਸਾ ਜੀ ਦੇ ਨਾਂ ਮਹਾਤਮਾ ਗਾਂਧੀ ਦਾ ਸੰਦੇਸ਼

ਖਾਲਸਾ ਜੀ ਦੇ ਨਾਂ ਮਹਾਤਮਾ ਗਾਂਧੀ ਦਾ ਸੰਦੇਸ਼

ਗੁਰਦੁਆਰਾ ਸੁਧਾਰ ਲਹਿਰ ਸ਼ਾਂਤਮਈ ਲੀਹਾਂ ’ਤੇ ਚੱਲੀ ਅਤੇ ਇਸ ਨੇ ਆਜ਼ਾਦੀ ਦੇ ਅੰਦੋਲਨ ’ਤੇ ਵੱਡਾ ਪ੍ਰਭਾਵ ਪਾਇਆ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮਦਨ ਮੋਹਨ ਮਾਲਵੀਆ ਅਤੇ ਕਾਂਗਰਸ ਦੇ ਹੋਰ ਆਗੂਆਂ ਨੇ ਇਸ ਲਹਿਰ ਦੀ ਭਰਵੀਂ ਹਮਾਇਤ ਕੀਤੀ। ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਮਹਾਤਮਾ ਗਾਂਧੀ 3 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚਿਆ। ਉਸ ਨੇ ਕਿਹਾ, ‘‘ਮੈਂ ਤੁਹਾਡਾ ਦੁੱਖ... ਵੰਡਾਉਣ ਆਇਆ ਹਾਂ। ... ਇਸ (ਸਿੱਖਾਂ ਦੀਆਂ ਕੁਰਬਾਨੀਆਂ) ਨੇ ਭਾਰਤ ਦੀ ਇੱਜ਼ਤ ਅਤੇ ਜੱਸ ਨੂੰ ਵਧਾਇਆ ਹੈ। ... ਇਨ੍ਹਾਂ ਘਟਨਾਵਾਂ ਤੋਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਜ਼ਾਲਮਾਨਾ ਅਤੇ ਵਹਿਸ਼ੀ ਕਾਰਾ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦਾ ਦੂਸਰਾ ਕਾਂਡ (Edition) ਹੈ ... ਇੰਨੇ ਵੱਡੇ ਪੱਧਰ ਦਾ ਕਾਰਾ ਇਕੱਲਾ ਮਹੰਤ ਹੀ ਨਹੀਂ ਸੀ ਕਰ ਸਕਦਾ। ਸਰਕਾਰੀ ਅਹਿਲਕਾਰ ਇਸ ਘਿਨੌਣੇ ਅਪਰਾਧ ਵਿਚ ਸ਼ਾਮਲ ਸਨ। ਜਦ ਮਹੰਤ ਇਸ ਖ਼ੂੰਖਾਰ ਘਟਨਾ ਨੂੰ ਅੰਜ਼ਾਮ ਦੇਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਸਰਕਾਰੀ ਅਧਿਕਾਰੀ ਕਿੱਥੇ ਸਨ?’ ... ‘‘ਸ਼ਹੀਦਾਂ ਨੇ ਉਹ ਸਰਬਉੱਤਮ ਹਿੰਮਤ ਅਤੇ ਸਬਰ ਦਿਖਾਇਆ ਹੈ ਜਿਸ ’ਤੇ ਸਿੱਖਾਂ, ਭਾਰਤ ਅਤੇ ਸਾਰੀ ਦੁਨੀਆਂ ਦਾ ਮਾਣ ਕਰਨਾ ਬਣਦਾ ਹੈ।’’ ਮਹਾਤਮਾ ਗਾਂਧੀ ਦਾ ਖ਼ਤ ਰੂਪੀ ਲੇਖ ‘ਦਿ ਟ੍ਰਿਬਿਊਨ’ 6 ਮਾਰਚ, 1921 ਨੂੰ ਛਪਿਆ। ਅਸੀਂ ਉਸ ਲੇਖ ਦੇ ਮੁੱਖ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਖਾਲਸਾ ਜੀ,

ਨਨਕਾਣਾ ਸਾਹਿਬ ਦੀ ਯਾਤਰਾ ਕਰਦਿਆਂ ਮੈਂ ਚਾਹੁੰਦਾ ਹਾਂ ਕਿ ਆਪਣੇ ਸਿੱਖ ਦੋਸਤਾਂ ਨੂੰ ਇਕ ਗੱਲ ਸਾਂਝੀ ਕਰਾਂ। ਤੁਹਾਡੇ ਸਭ ਤੋਂ ਵੱਡੇ ਗੁਰਧਾਮਾਂ ’ਚ ਸ਼ੁਮਾਰ ਇਕ ਗੁਰਧਾਮ ਵਿਖੇ ਵਾਪਰੇ ਕਤਲੇਆਮ ਦੇ ਜੋ ਨਿਸ਼ਾਨ ਮੈਂ ਦੇਖੇ ਹਨ ਅਤੇ ਇਸ ਨਾਲ ਜੁੜੀਆਂ ਜੋ ਕਹਾਣੀਆਂ ਸੁਣੀਆਂ ਹਨ, ਉਨ੍ਹਾਂ ਦੀ ਮੇਰੇ ਮਨ ’ਤੇ ਨਾ ਮਿਟਣ ਵਾਲੀ ਛਾਪ ਪੈ ਗਈ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਜਾਪਦਾ ਕਿ ਐਤਵਾਰ ਵਾਲੇ ਦਿਨ ਅਕਾਲੀ ਦਲ ਦੇ ਕਰੀਬ ਡੇਢ ਸੌ ਕਾਰਕੁਨਾਂ ਦਾ ਕਤਲੇਆਮ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਬੇਹੁਰਮਤੀ ਕੀਤੀ ਗਈ ਹੈ ਜਦੋਂਕਿ ਅਕਾਲੀ ਦਲ ਹੱਥੋਂ ਕਾਤਲ ਧਿਰ ਦਾ ਇਕ ਵੀ ਬੰਦਾ ਜ਼ਖ਼ਮੀ ਨਹੀਂ ਹੋਇਆ। ਇਸ ਵਿਚ ਵੀ ਕੋਈ ਸੰਦੇਹ ਨਹੀਂ ਹੈ ਕਿ ਘੱਟੋਘੱਟ ਇਕ ਅਕਾਲੀ ਨੂੰ ਗੁਰਦੁਆਰੇ ਦੇ ਮੈਦਾਨ ਵਿਚ ਖੜ੍ਹੇ ਇਕ ਦਰੱਖ਼ਤ ਨਾਲ ਨੂੜ ਦਿੱਤਾ ਗਿਆ ਸੀ ਅਤੇ ਸੰਭਵ ਤੌਰ ’ਤੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਲਾਸ਼ਾਂ ’ਤੇ ਪੈਰਾਫੀਨ ਛਿੜਕ ਦਿੱਤੀ ਗਈ ਸੀ ਤਾਂ ਕਿ ਇਸ ਤੱਥ ਨੂੰ ਢਕਿਆ ਜਾ ਸਕੇ ਕਿ ਜਿਨ੍ਹਾਂ ਨੂੰ ਸਾੜਿਆ ਗਿਆ ਸੀ, ਉਹ ਇਕ ਹੀ ਧਿਰ ਦੇ ਬੰਦੇ ਸਨ। ਕਤਲੇਆਮ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰਦੁਆਰੇ ਅੰਦਰ ਦਾਖ਼ਲ ਹੋਏ ਅਕਾਲੀ ਕਾਰਕੁਨਾਂ ’ਚੋਂ ਕੋਈ ਇਕ ਜਣਾ ਵੀ ਬਚ ਕੇ ਨਹੀਂ ਨਿਕਲ ਸਕਿਆ।

ਇਹ ਗੁਰਦੁਆਰਾ ਇਕ ਕਿਲੇ ਵਾਂਗ ਲੱਗਦਾ ਹੈ। ਗੁਰਦੁਆਰੇ ਦੇ ਆਲੇ-ਦੁਆਲੇ ਦੇ ਕਮਰਿਆਂ ਦੀਆਂ ਕੰਧਾਂ ਗੋਲੀਆਂ ਨਾਲ ਵਿੰਨ੍ਹੀਆਂ ਪਈਆਂ ਹਨ। ਅੰਦਰਲੀਆਂ ਕੰਧਾਂ ਵਿਚ ਮੋਰੀਆਂ ਕੀਤੀਆਂ ਹੋਈਆਂ ਸਨ। ਮੁੱਖ ਦੁਆਰ ’ਤੇ ਸਟੀਲ ਦੀਆਂ ਵੱਡੀਆਂ ਪਲੇਟਾਂ ਲਾਈਆਂ ਹੋਈਆਂ ਸਨ ਜੋ ਹਾਲ ਵਿਚ ਬਣੀਆਂ ਲੱਗਦੀਆਂ ਹਨ। ਸ੍ਰੀ ਗ੍ਰੰਥ ਸਾਹਿਬ ਦੀ ਬੀੜ ’ਤੇ ਵੀ ਗੋਲੀਆਂ ਵੱਜੀਆਂ ਹਨ। ਦਰਬਾਰ ਸਾਹਿਬ ਅਤੇ ਥਮਲਿਆਂ ’ਤੇ ਗੋਲੀਆਂ ਦੇ ਨਿਸ਼ਾਨ ਸਾਰੀ ਕਹਾਣੀ ਦੱਸਦੇ ਹਨ। ਅਕਾਲੀ ਦਲ ਦੇ ਕਾਰਕੁਨਾਂ ਨੂੰ ਅੰਦਰ ਆਉਣ ਲਈ ਫੁਸਲਾਇਆ ਗਿਆ ਤੇ ਫਿਰ ਦਰਵਾਜ਼ੇ ਬੰਦ ਕਰ ਦਿੱਤੇ ਗਏ। ਜੋ ਕੁਝ ਵੀ ਮੈਂ ਦੇਖਿਆ-ਸੁਣਿਆ, ਉਹ ਡਾਇਰਪੁਣੇ ਦਾ ਦੂਜਾ ਕਾਂਡ ਸੀ ਜੋ ਜੱਲ੍ਹਿਆਂਵਾਲੇ ਬਾਗ਼ ਵਿਚ ਹੋਏ ਸਾਕੇ ਨਾਲੋਂ ਵੀ ਜ਼ਿਆਦਾ ਵਹਿਸ਼ੀ ਅਤੇ ਵਧੇਰੇ ਗਿਣਿਆ-ਮਿੱਥਿਆ ਤੇ ਘਿਨਾਉਣਾ ਸੀ। ਉਸ ਸਿਆਹ ਐਤਵਾਰ ਦੇ ਦਿਨ ਉਸੇ ਨਨਕਾਣਾ ਸਾਹਿਬ ਵਿਚ ਇਕ ਬੰਦਾ ਸ਼ੈਤਾਨ ਬਣ ਗਿਆ ਜਿੱਥੇ ਕਿਸੇ ਸਮੇਂ ਇਕ ਬਾਲ ਗੁਰੂ ਦੇ ਚਿਹਰੇ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਇਕ ਸੱਪ ਨੇ ਫਣ ਫੈਲਾਅ ਦਿੱਤਾ ਸੀ।

ਅੱਜ ਇਸ ਤਰਾਸਦੀ ’ਤੇ ਪੂਰਾ ਹਿੰਦੋਸਤਾਨ ਅੱਥਰੂ ਵਹਾ ਰਿਹਾ ਹੈ। ਮੈਨੂੰ ਸ਼ਰਮਿੰਦਗੀ ਇਸ ਗੱਲ ਦੀ ਹੈ ਕਿ ਅੱਜ ਸਾਡੇ ਵਿਚਕਾਰ ਐਸੇ ਬੰਦੇ ਮੌਜੂਦ ਹਨ ਜੋ ਦੇਸ਼ ਦੇ ਸਭ ਤੋਂ ਪਵਿੱਤਰ ਧਾਮਾਂ ਵਿਚ ਸ਼ੁਮਾਰ ਗੁਰਦੁਆਰੇ ਅੰਦਰ ਇਹੋ ਜਿਹਾ ਅਪਰਾਧ ਕਰਨ ਦੇ ਸਮੱਰਥ ਹਨ। ਇਸ ਗੱਲ ਦੀ ਜਾਣਕਾਰੀ ਘੱਟ ਮਿਲ ਰਹੀ ਹੈ ਕਿ ਅਕਾਲੀ ਧਿਰ ਦੇ ਬੰਦੇ ਗੁਰਦੁਆਰੇ ਅੰਦਰ ਕਿਉਂ ਗਏ ਸਨ ਅਤੇ ਕੀ ਉਨ੍ਹਾਂ ਕਾਤਲਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਸਾਰਿਆਂ ਨੇ ਕਿਰਪਾਨਾਂ ਪਹਿਨੀਆਂ ਹੋਈਆਂ ਸਨ ਅਤੇ ਜਿਨ੍ਹਾਂ ’ਚੋਂ ਬਹੁਤੀਆਂ ਉਨ੍ਹਾਂ ਦੇ ਨਾਲ ਹੀ ਪਈਆਂ ਸਨ। ਜੋ ਕੁਝ ਵਾਪਰਿਆ ਉਸ ਬਾਰੇ ਤਿੰਨ ਸੰਭਾਵਨਾਵਾਂ ਹੋ ਸਕਦੀਆਂ ਹਨ।

1. ਜਥਾ ਤਾਕਤ ਦੇ ਜ਼ੋਰ ’ਤੇ ਗੁੁਰਦੁਆਰੇ ਦਾ ਕਬਜ਼ੇ ਲੈਣ ਦੇ ਇਰਾਦੇ ਨਾਲ ਉੱਥੇ ਗਿਆ ਸੀ, ਪਰ ਡਾਢਿਆਂ ਨੇ ਉਨ੍ਹਾਂ ’ਤੇ ਕਾਬੂ ਪਾ ਲਿਆ ਅਤੇ ਉਹ ਬਹਾਦਰੀ ਨਾਲ ਲੜਦਿਆਂ ਮਾਰੇ ਗਏ ਸਨ।

2. ਜਥਾ ਮਹਿਜ਼ ਸ਼ਰਧਾਲੂਆਂ ਦੇ ਤੌਰ ’ਤੇ ਗਿਆ ਸੀ ਤੇ ਉਸ ਦਾ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਨ੍ਹਾਂ ਨੂੰ ਧੋਖੇ ਨਾਲ ਘੇਰ ਕੇ ਮਾਰ ਦਿੱਤਾ ਗਿਆ ਤੇ ਆਪਣੇ ਬਚਾਅ ਦਾ ਮੌਕਾ ਵੀ ਨਾ ਦਿੱਤਾ ਗਿਆ।

3. ਜਥਾ ਦੂਜੀ ਸੰਭਾਵਨਾ ਵਾਂਗ ਸ਼ਰਧਾਲੂਆਂ ਦੇ ਤੌਰ ’ਤੇ ਗਿਆ ਸੀ ਅਤੇ ਉਸ ਉਪਰ ਬੇਕਿਰਕੀ ਨਾਲ ਹਮਲਾ ਕੀਤਾ ਗਿਆ ਪਰ ਹਾਲਾਂਕਿ ਉਹ ਆਪਣਾ ਬਚਾਅ ਕਰਨ ਦੇ ਸਮੱਰਥ ਸਨ ਪਰ ਉਨ੍ਹਾਂ ਮੋੜਵਾਂ ਹਮਲਾ ਨਹੀਂ ਕੀਤਾ ਅਤੇ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਹੋਣ ਕਰ ਕੇ ਹਿੰਸਾ ਨਾ ਕਰਨ ਦੇ ਅਹਿਦ ਨੂੰ ਨਿਭਾਉਂਦਿਆਂ ਉਨ੍ਹਾਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਮੈਨੂੰ ਮਿਲੀ ਜਾਣਕਾਰੀ ਦਾ ਮੰਨਣਾ ਹੈ ਕਿ ਜਥੇ ਦੇ ਉੱਥੇ ਜਾਣ ਅਤੇ ਮਾਰੇ ਜਾਣ ਬਾਰੇ ਤੀਜੀ ਸੰਭਾਵਨਾ ਸਹੀ ਜਾਪਦੀ ਹੈ। ਜੇ ਇਹ ਵਾਕਈ ਸੱਚ ਹੈ ਤਾਂ ਸ਼ਹੀਦਾਂ ਨੇ ਕਮਾਲ ਦੀ ਦਲੇਰੀ ਅਤੇ ਆਤਮ-ਸਮਪਰਣ ਦਾ ਪ੍ਰਗਟਾਵਾ ਕੀਤਾ ਹੈ ਜਿਸ ਉਪਰ ਸਿੱਖ, ਹਿੰਦੋਸਤਾਨ ਅਤੇ ਸਮੁੱਚਾ ਜਗਤ ਮਾਣ ਕਰ ਸਕਦਾ ਹੈ। ਇਸ ਗੱਲ ਦੀ ਬਹੁਤ ਸੰਤੁਸ਼ਟੀ ਹੈ ਕਿ ਜਿਨ੍ਹਾਂ ਸਿੱਖਾਂ ਨਾਲ ਮੈਂ ਇਸ ਬਾਰੇ ਵਿਚਾਰ ਚਰਚਾ ਕੀਤੀ ਸੀ ਉਨ੍ਹਾਂ ਦਾ ਵੀ ਅਖੀਰਲੀ ਸੰਭਾਵਨਾ ’ਤੇ ਹੀ ਵਿਸ਼ਵਾਸ ਹੈ।

ਦੂਜੀ ਸੰਭਾਵਨਾ ਵਿਚ ਵੀ ਪੀੜਤਾਂ ਦੀ ਬਹਾਦਰੀ ਉੱਤੇ ਉਵੇਂ ਹੀ ਕਿੰਤੂ ਨਹੀਂ ਕੀਤਾ ਜਾ ਸਕਦਾ ਜਿਵੇਂ ਤੀਜੀ ਸੰਭਾਵਨਾ ਵਿਚ ਨਹੀਂ ਕੀਤਾ ਜਾਂਦਾ। ਪਹਿਲੀ ਸੂਰਤ ਦੀ ਕਲਪਨਾ ਵਿਚ ਬਹਾਦਰੀ ਤਾਂ ਬਹੁਤ ਵੱਡੀ ਹੈ ਪਰ ਕਾਰਜ ਦੀ ਨੈਤਿਕਤਾ ਭਾਵ ਤਾਕਤ ਦੇ ਜ਼ੋਰ ’ਤੇ ਕਬਜ਼ਾ ਲੈਣ ਬਾਰੇ ਕਿੰਤੂ ਪਰੰਤੂ ਕੀਤਾ ਜਾ ਸਕਦਾ ਹੈ ਅਤੇ ਇਹ ਆਮ ਬੋਲਚਾਲ ਵਿਚ ਅਕਾਲੀ ਧਿਰ ਨੂੰ ਅਵੱਗਿਆਕਾਰੀ ਬਣਾਉਂਦੀ ਹੈ ਜਿਨ੍ਹਾਂ ਖਿਲਾਫ਼ ਕਾਨੂੰਨਨ ਕਾਬਜ਼ ਧਿਰ ਵੱਲੋਂ ਮੋੜਵੀਂ ਕਾਰਵਾਈ ਕੀਤੀ ਗਈ ਸੀ।

ਇਹ ਅਕਾਲੀ ਸੁਧਾਰਵਾਦੀਆਂ ਦਾ ਦਲ ਸਨ। ਉਹ ਗੁਰਦੁਆਰਿਆਂ ਨੂੰ ਕੁਰੀਤੀਆਂ ਤੋਂ ਮੁਕਤ ਕਰਾਉਣ ਲਈ ਤਤਪਰ ਹਨ। ਉਨ੍ਹਾਂ ਗੁਰਦੁਆਰਿਆਂ ਅੰਦਰ ਇਕਸਾਰ ਮਰਿਆਦਾ ਦਾ ਜ਼ਿੰਮਾ ਚੁੱਕ ਲਿਆ ਹੈ। ਕੁਝ ਸਾਲਾਂ ਤੋਂ ਇਸ ਸਬੰਧੀ ਲਹਿਰ ਚੱਲ ਰਹੀ ਹੈ। ਨਾਮਿਲਵਰਤਣ ਲਹਿਰ ਸ਼ੁਰੂ ਹੋਣ ਤੋਂ ਬਾਅਦ ਜਿੱਥੋਂ ਤੱਕ ਗੁਰਦੁਆਰਾ ਸੁਧਾਰ ਲਹਿਰ ਦਾ ਸਵਾਲ ਹੈ, ਸਹਿਯੋਗੀ ਅਤੇ ਅਸਹਿਯੋਗੀ ਦੋਵੇਂ ਤਰ੍ਹਾਂ ਦੇ ਸਿੱਖ ਇਸ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਰਹੇ ਹਨ। ਤੇ ਜੇ ਅੰਤ ਨੂੰ ਇਹ ਵੀ ਪਤਾ ਚਲਦਾ ਹੈ ਕਿ ਅਕਾਲੀਆਂ ਦੀ ਧਿਰ ਤਾਕਤ ਦੇ ਜ਼ੋਰ ’ਤੇ ਸਿੱਖਾਂ ਦੇ ਭਰੋਸੇ ਦੀ ਕੁਵਰਤੋਂ ਕਰ ਰਹੇ ਮਹੰਤਾਂ ਨੂੰ ਖਦੇੜਨ ਲਈ ਨਨਕਾਣਾ ਸਾਹਿਬ ਗਈ ਸੀ ਤਾਂ ਵੀ ਇਤਿਹਾਸ ਇਸ ਕਾਰਵਾਈ ਨੂੰ ਉਨ੍ਹਾਂ ਦੀ ਸਲਾਹੁਣਯੋਗ ਬਹਾਦਰੀ ਹੀ ਗਿਣੇਗਾ। ... ... ... ਕਾਤਲਾਂ ਵੱਲੋਂ ਕੀਤੀ ਗਈ ਇਸ ਘਿਨਾਉਣੀ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਲਈ ਕਾਨੂੰਨ ਦੀਆਂ ਅਦਾਲਤਾਂ ਖੁੱਲ੍ਹੀਆਂ ਸਨ ਤੇ ਹਿੰਸਾ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਕਾਨੂੰਨੀ ਅਦਾਲਤਾਂ ਦਾ ਸਹਾਰਾ ਨਾ ਤੱਕ ਕੇ ਅਹਿੰਸਾ ਦੀ ਦਲੀਲ ਨਹੀਂ ਦੇ ਸਕਦਾ।

ਮੈਂ ਇਸ ਤ੍ਰਾਸਦੀ ਬਾਰੇ ਸਿਰਫ਼ ਹਿੰਦੋਸਤਾਨੀ ਪ੍ਰਸੰਗ ਵਿਚ ਹੀ ਸੋਚ ਸਕਦਾ ਹਾਂ। ਬਹਾਦਰੀ ਭਰੇ ਇਸ ਕਾਰਨਾਮੇ ਦੀ ਗੁਣਵੱਤਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਹੀਂ ਰਹਿਣੀ ਚਾਹੀਦੀ ਸਗੋਂ ਸਮੁੱਚੀ ਕੌਮ ਨਾਲ ਜੁੜਨੀ ਚਾਹੀਦੀ ਹੈ। ਇਸ ਲਈ ਸਿੱਖ ਦੋਸਤਾਂ ਨੂੰ ਮੇਰੀ ਸਲਾਹ ਹੈ ਕਿ ਉਹ ਆਪਣਾ ਸਾਰਾ ਭਵਿੱਖੀ ਕਾਰ-ਵਿਹਾਰ ਰਾਸ਼ਟਰ ਦੀਆਂ ਲੋੜਾਂ ਮੁਤਾਬਿਕ ਵਿਉਂਤਣ। ... ... ...

ਇਸ ਤੋਂ ਇਲਾਵਾ ਨਾਮਿਲਵਰਤਣੀਏ ਸ਼ਾਇਦ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਤਾਨਵੀ ਕਾਨੂੰਨੀ ਅਦਾਲਤਾਂ ਦੀ ਚਾਰਾਜੋਈ ਨਾ ਕਰਨ। ਜੇ ਅਸੀਂ ਇਕ ਸਾਲ ਦੇ ਅੰਦਰ ਅੰਦਰ ਆਜ਼ਾਦ ਹੋ ਜਾਂਦੇ ਹਾਂ ਭਾਵੇਂ ਕਾਤਲ ਬਚ ਜਾਣ ਤਾਂ ਵੀ ਸਾਡੇ ’ਚ ਉਸ ਵਕਤ ਤੱਕ ਸੰਤਾਪ ਹੰਢਾਉਣ ਦਾ ਹੌਸਲਾ ਹੋਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਆਪਣੀ ਪਸੰਦ ਦੀ ਸਰਕਾਰ ਕਾਇਮ ਨਹੀਂ ਕਰ ਲੈਂਦੇ ਅਤੇ ਜੋ ਇਨਸਾਫ਼ ਦੀ ਤਸਦੀਕ ਕਰਦੀ ਹੋਵੇ।

ਸਿੱਖਾਂ ਨੂੰ ਸਚੇਤ ਰਹਿਣਾ ਚਾਹੀਦਾ ਹੈ। ਬਿਨਾਂ ਸ਼ੱਕ ਸਰਕਾਰ ਇਹ ਦਰਸਾ ਕੇ ਕਿ ਕੇਵਲ ਉਹੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਸਕਦੀ ਹੈ, ਉਨ੍ਹਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੇਗੀ। ਇਕ ਸ਼ੈਤਾਨ ਸਰਕਾਰ ਦੀ ਨਿਆਂਇਕ ਅਦਾਲਤ ਇਕ ਅਜਿਹੀ ਕੁੜਿੱਕੀ ਦੀ ਤਰ੍ਹਾਂ ਹੈ ਜਿਸ ਵਿਚ ਅਣਭੋਲ ਬੰਦੇ ਅਣਜਾਣੇ ਹੀ ਫ਼ਸ ਜਾਂਦੇ ਹਨ। ... ... ...

ਇਹ ਸਭ ਲੋਕ ਜਾਣਦੇ ਹਨ ਕਿ ਮਹੰਤ ਵੱਲੋਂ ਲੰਮੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਤੇ ਉਹ ਖੁੱਲ੍ਹੇਆਮ ਲੜਾਈ ਕਰਨਾ ਚਾਹੁੰਦਾ ਸੀ। ਉਸ ਕੋਲ ਹਥਿਆਰ ਸਨ। ਉਸ ਨੇ ਅਸਲ੍ਹਾ ਇਕੱਤਰ ਕੀਤਾ ਹੋਇਆ ਸੀ ਤੇ ਬਦਮਾਸ਼ ਪਾਲ਼ ਰੱਖੇ ਸਨ। ਇਹ ਸੰਭਵ ਨਹੀਂ ਕਿ ਸਰਕਾਰੀ ਅਫ਼ਸਰਾਂ ਨੂੰ ਇਨ੍ਹਾਂ ਤਿਆਰੀਆਂ ਦਾ ਪਤਾ ਨਹੀਂ ਚੱਲ ਸਕਿਆ। ਇਸ ਲਈ ਤੁਸੀਂ ਸੁਭਾਵਿਕ ਤੌਰ ’ਤੇ ਸ਼ੱਕ ਕਰ ਸਕਦੇ ਹੋ ਕਿ ਜੇ ਉੱਚ ਅਧਿਕਾਰੀਆਂ ਦੀ ਇਸ ਘਿਨਾਉਣੇ ਕਾਂਡ ਵਿਚ ਮਿਲੀਭਗਤ ਨਹੀਂ ਵੀ ਸੀ ਤਾਂ ਵੀ ਉਨ੍ਹਾਂ ਇਕ ਸਮਤੋਲ ਬਣਾ ਕੇ ਰੱਖਣ ਬਾਰੇ ਜ਼ਰੂਰ ਸੋਚ ਵਿਚਾਰ ਕੀਤੀ ਹੋਵੇਗੀ। ਅਸਲ ਹਕੀਕਤ ਜਾਣਨ ਦੀ ਤੁਹਾਡੀ ਬਹੁਤ ਇੱਛਾ ਹੋਵੇਗੀ। ਇਕ ਪਲ ਲਈ ਇਕਾਗਰਚਿਤ ਹੋਣ ਨਾਲ ਹੀ ਤੁਸੀਂ ਇਸ ਗੱਲ ਦੇ ਕਾਇਲ ਹੋ ਜਾਓਗੇ ਕਿ ਜੇ ਇਸ ਗੱਲ ਦਾ ਪਤਾ ਲਾ ਵੀ ਲਿਆ ਜਾਂਦਾ ਹੈ ਕਿ ਕੁਝ ਸਰਕਾਰੀ ਅਫ਼ਸਰਾਂ ਦੀ ਇਸ ਵਿਚ ਅਜਿਹੀ ਕੋਈ ਮਿਲੀਭੁਗਤ ਸੀ ਤਾਂ ਇਹ ਲੱਭਤ ਤੁਹਾਨੂੰ ਅਤੇ ਹਿੰਦੋਸਤਾਨ ਨੂੰ ਉਸ ਮੁਕਾਮ ਤੋਂ ਅਗਾਂਹ ਨਹੀਂ ਲੈ ਕੇ ਜਾਂਦੀ ਜਿੱਥੇ ਅਸੀਂ ਅੱਜ ਖਲੋਤੇ ਹਾਂ। ਤੁਸੀਂ ਅਤੇ ਵਿਹਾਰਕ ਤੌਰ ’ਤੇ ਸਮੁੱਚਾ ਹਿੰਦੋਸਤਾਨ ਚਾਹੁੰਦਾ ਹੈ ਕਿ ਜਿੰਨੀ ਦੇਰ ਤੱਕ ਜਿਸ ਸਿਸਟਮ ਤਹਿਤ ਸਾਡੇ ’ਤੇ ਚਲਾਏ ਜਾ ਰਹੇ ਸ਼ਾਸਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਨਾ ਕੀਤੀਆਂ ਜਾਣ, ਤਦ ਤੀਕ ਇਸ ਸਮੁੱਚੀ ਸਰਕਾਰ ਨੂੰ ਹੂੰਝ ਕੇ ਪਰ੍ਹੇ ਸੁੱਟ ਦਿੱਤਾ ਜਾਵੇ। ਰਾਸ਼ਟਰ ਦੇ ਕਿਸੇ ਵੀ ਤਬਕੇ ਦਾ ਮੁੱਖ ਜਾਂ ਦੇਸ਼ ਨੂੰ ਇਸ ਵੇਲੇ ਦਰਪੇਸ਼ ਇਕੋ ਇਕ ਮੁੱਦੇ ਤੋਂ ਧਿਆਨ ਭਟਕਾਉਣਾ ਸਹੀ ਨਹੀਂ ਹੋਵੇਗਾ। ... ... ...

ਮਾਰਚ 4, 1921

ਮੈਂ ਤੁਹਾਡਾ ਭਰੋਸੇਮੰਦ ਦੋਸਤ

ਐਮ ਕੇ ਗਾਂਧੀ।

ਭਾਰੀ ਜਾਨੀ ਨੁਕਸਾਨ  ਦੀ ਖ਼ਬਰ

ਹੇਠ ਲਿਖਿਆ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ:

ਐਤਵਾਰ ਸਵੇਰੇ ਕਰੀਬ 7.30 ਵਜੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਜਨਮ ਅਸਥਾਨ ਵਿਖੇ ਇਕ ਬਹੁਤ ਭਿਆਨਕ ਘਟਨਾ ਵਾਪਰੀ। ਸ਼ੇਖੂਪੁਰਾ ਦੇ ਡਿਪਟੀ ਕਮਿਸ਼ਨਰ (ਮਿਸਟਰ ਸਰੀ) ਜੋ ਨੇੜਲੇ ਇਲਾਕੇ ਦੇ ਦੌਰੇ ਉਤੇ ਸਨ, ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਫ਼ੌਰੀ ਨਨਕਾਣਾ ਸਾਹਿਬ ਲਈ ਰਵਾਨਾ ਹੋ ਗਏ ਅਤੇ ਬਾਅਦ ਦੁਪਹਿਰ ਕਰੀਬ 12.30 ਵਜੇ ਉਥੇ ਪਹੁੰਚ ਗਏ। ਉਨ੍ਹਾਂ ਪਾਇਆ ਕਿ ਉਥੇ ਬਹੁਤ ਮੌਤਾਂ ਸਾਰੀਆਂ ਹੋਈਆਂ ਅਤੇ ਬਹੁਤ ਸਾਰੇ ਪੀੜਤ, ਜੋ ਮੁੱਖ ਤੌਰ ’ਤੇ ਸਿੱਖ ਸਨ, ਨੂੰ ਸਾੜ ਦਿੱਤਾ ਗਿਆ। ਉਨ੍ਹਾਂ ਨੂੰ ਜਾਪਿਆ ਕਿ ਉਥੇ ਹਾਲਾਤ ਵਿਗੜਨ ਦਾ ਭਾਰੀ ਖ਼ਤਰਾ ਸੀ ਅਤੇ ਉਨ੍ਹਾਂ ਵਧੇਰੇ ਸੁਰੱਖਿਆ ਦਸਤੇ ਮੰਗਵਾਉਣ ਲਈ ਲਾਹੌਰ ਨੂੰ ਤਾਰ ਭੇਜੀ। ਜਿਉਂ ਹੀ ਉਨ੍ਹਾਂ ਦੀ ਤਾਰ ਲਾਹੌਰ ਪੁੱਜੀ ਤਾਂ ਨਨਕਾਣਾ ਸਾਹਿਬ ਨੂੰ ਅਲੱਗ ਕਰ ਦੇਣ ਦੇ ਬੰਦੋਬਸਤ ਕੀਤੇ ਗਏ, ਜਿਸ ਤਹਿਤ ਉਥੋਂ ਲੰਘਣ ਵਾਲੀਆਂ ਸਾਰੀਆਂ ਰੇਲਾਂ ਨੂੰ ਉਥੇ ਬਿਨਾਂ ਰੁਕਿਆਂ ਅਗਾਂਹ ਜਾਣ ਲਈ ਆਖਿਆ ਗਿਆ ਅਤੇ ਨਾਲ ਹੀ 100 ਬ੍ਰਿਟਿਸ਼ ਤੇ 10 ਇੰਡੀਅਨ ਇਨਫੈਂਟਰੀ ਦੀ ਥੋੜ੍ਹੀ ਜਿਹੀ ਫੋਰਸ ਵੀ ਭੇਜੀ ਗਈ। ਸੁਰੱਖਿਆ ਦਸਤਿਆਂ ਨੂੰ ਲੈ ਕੇ ਗਏ ਵਿਸ਼ੇਸ਼ ਟਰੇਨ ਰਾਤ ਕਰੀਬ 8.30 ਵਜੇ ਨਨਕਾਣਾ ਸਾਹਿਬ ਪੁੱਜ ਗਈ, ਜਿਸ ਵਿਚ ਦਸਤਿਆਂ ਦੇ ਨਾਲ ਲਾਹੌਰ ਦੇ ਕਮਿਸ਼ਨਰ (ਮਿਸਟਰ ਸੀ.ਐਮ. ਕਿੰਗ) ਅਤੇ ਡੀਆਈਜੀ ਪੁਲੀਸ ਸੈਂਟਰਲ ਰੇਂਜ (ਮਿਸਟਰ ਮਰਸਨ) ਵੀ ਸਨ। ਉਨ੍ਹਾਂ ਨੂੰ ਮਿਸਟਰ ਕੈਰੀ (Mr. Currie) ਮਿਲੇ ਅਤੇ ਰਿਪੋਰਟ ਦਿੱਤੀ ਕਿ ਉਦੋਂ ਤੱਕ ਮਾਹੌਲ ਸ਼ਾਂਤ ਹੋ ਚੁੱਕਾ ਸੀ ਪਰ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ ਅਤੇ ਖ਼ਿਆਲ ਕੀਤਾ ਜਾ ਰਿਹਾ ਸੀ ਕਿ ਸਿੱਖਾਂ ਦਾ ਇਕ ਭਾਰੀ ਜੱਥਾ ਆਪਣੇ ਭਾਈਚਾਰੇ ਦੇ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਨਨਕਾਣਾ ਸਾਹਿਬ ਵਿਖੇ ਹਮਲਾ ਕਰੇਗਾ। ਮਿਸਟਰ ਕਰੀ ਕੋਲ ਮੌਜੂਦ ਸੁਰੱਖਿਆ ਦਸਤਿਆਂ ਦੀ ਨਫ਼ਰੀ ਇੰਨੀ ਨਹੀਂ ਸੀ ਕਿ ਉਹ ਸੁਰੱਖਿਆ ਦਸਤਿਆਂ ਨੂੰ ਲੈ ਕੇ ਆ ਰਹੀ ਰੇਲ ਗੱਡੀ ਦੇ ਅੱਪੜਨ ਤੱਕ ਮਸ਼ਕੂਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਸਕਣ। ਪਰ ਤਾਂ ਵੀ ਜਿੰਨੀ ਛੇਤੀ ਹੋ ਸਕਿਆ ਗੁਰਦੁਆਰਾ ਸਾਹਿਬ ਦੀ ਹਿਫ਼ਾਜ਼ਤ ਲਈ ਸਲਾਮਤੀ ਦਸਤੇ ਤਾਇਨਾਤ ਕਰ ਦਿੱਤੇ ਗਏ ਅਤੇ ਮਹੰਤ ਨਰਾਇਣ ਦਾਸ, ਉਸ ਦੇ ਦੋ ਚੇਲੇ ਅਤੇ ਕਰੀਬ 26 ਪਠਾਣ ਚੌਕੀਦਾਰ ਗ੍ਰਿਫ਼ਤਾਰ ਕਰ ਲਏ ਗਏ। ਇਨ੍ਹਾਂ ਫੜੇ ਗਏ ਵਿਅਕਤੀਆਂ ਨੂੰ ਉਸੇ ਰਾਤ ਸਪੈਸ਼ਲ ਰੇਲ ਗੱਡੀ ਰਾਹੀਂ ਲਾਹੌਰ ਭੇਜ ਕੇ ਕੇਂਦਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ। 

ਸਲਾਮਤੀ ਦਸਤਿਆਂ ਵਾਲੀ ਰੇਲ ਵਿਚ ਛੇ ਸਿੱਖਾਂ ਦਾ ਇਕ ਵਫ਼ਦ ਵੀ ਨਨਕਾਣਾ ਸਾਹਿਬ ਗਿਆ ਹੈ, ਜਿਸ ਵਿਚ ਸਰਦਾਰ ਮਹਿਤਾਬ ਸਿੰਘ ਐਮਐਲਸੀ, ਪਬਲਿਕ ਪ੍ਰਾਸੀਕਿਊਟਰ, ਸਿੱਖ ਲੀਗ ਦੇ ਸਕੱਤਰ ਅਤੇ ‘ਲੌਇਲ ਗਜ਼ਟ’ ਦੇ ਐਡੀਟਰ ਵੀ ਸ਼ਾਮਲ ਹਨ, ਤਾਂ ਕਿ ਉਹ ਉਥੇ ਤਫ਼ਤੀਸ਼ ਵਿਚ ਮਦਦ ਕਰ ਸਕਣ। 

ਸ਼ੇਖੂਪੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਾਲੇ ਇਲਾਕੇ ਵਿਚ ਦਫ਼ਾ 144 ਸੀਪੀਸੀ ਲਾਗੂ ਕਰ ਦਿੱਤੀ ਹੈ ਅਤੇ ਪੁਲੀਸ ਇਸ ਦੇ ਪਹਿਰੇ ਉਤੇ ਤਾਇਨਾਤ ਹੈ। ਇਸ ਸਬੰਧੀ ਪੁਲੀਸ ਜਾਂਚ ਆਰੰਭ ਦਿੱਤੀ ਗਈ ਹੈ, ਜੋ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ (ਮਿਸਟਰ ਕਰੀ) ਤੋਂ ਇਲਾਵਾ ਦੋ ਹੋਰ ਮੈਜਿਸਟਰੇਟਾਂ ਨੂੰ ਵੀ ਨਨਕਾਣਾ ਸਾਹਿਬ ਭੇਜਿਆ ਗਿਆ ਹੈ ਅਤੇ ਡੀਆਈਜੀ ਪੁਲੀਸ, ਸ਼ੇਖੂਪੁਰਾ ਜ਼ਿਲ੍ਹੇ ਦੇ ਪੁਲੀਸ ਕਪਤਾਨ ਅਤੇ ਸੀਆਈਡੀ ਪੰਜਾਬ ਤੋਂ ਖ਼ਾਸ ਪੁਲੀਸ ਅਫ਼ਸਰ ਜਾਂਚ ਵਿਚ ਸ਼ਾਮਲ ਹਨ। 

[ਸਾਨੂੰ ਸਕੱਤਰ, ਸਿੰਘ ਸਭਾ, ਜੜਾਂਵਾਲਾ (Jaranwala) ਤੋਂ ਇਕ ਟੈਲੀਗ੍ਰਾਮ ਮਿਲੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਕੇ ਵਿਚ ਵੱਡੀ ਗਿਣਤੀ ਵਿਅਕਤੀ ‘‘ਛਵੀਆਂ ਤੇ ਬੰਦੂਕਾਂ ਨਾਲ ਮਾਰ ਅਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤੇ ਗਏ ਹਨ ਅਤੇ ਕਿ ਮੌਤਾਂ ਦੀ ਗਿਣਤੀ 100 ਤੋਂ ਵੱਧ ਸੀ।’’ – ਸੰਪਾਦਕ ਦਿ ਟ੍ਰਿਬਿਊਨ]

ਹੋਰ ਮਿਲੀਆਂ ਟੈਲੀਗ੍ਰਾਮਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਆਨਰੇਰੀ ਸਕੱਤਰ ਬਾਵਾ ਕਾਹਨ ਸਿੰਘ ਬੇਦੀ ਨੇ ਸਾਨੂੰ ਵੱਖ-ਵੱਖ ਟੈਲੀਗ੍ਰਾਮਾਂ ਛਾਪਣ ਹਿੱਤ ਭੇਜੀਆਂ ਹਨ, ਜੋ ਉਨ੍ਹਾਂ ਨੂੰ ਨਨਕਾਣਾ ਸਾਹਿਬ ਸਾਕੇ ਬਾਰੇ ਪ੍ਰਾਪਤ ਹੋਈਆਂ ਹਨ:

(1)

ਤਾਰੀਖ਼ 20 ਫਰਵਰੀ, 2021, ਸਵੇਰੇ 10.40 ਵਜੇ, ਨਨਕਾਣਾ ਸਾਹਿਬ –- ਸਿੱਖਾਂ ਦਾ ਵਿਆਪਕ ਕਤਲੇਆਮ ਜਾਰੀ ਹੈ, ਮਿੱਟੀ ਦਾ ਤੇਲ ਪਾ ਕੇ ਸਾੜਿਆ ਜਾ ਰਿਹਾ ਹੈ। ਛੇਤੀ ਤੋਂ ਛੇਤੀ ਪੂਰੀ ਸਰਕਾਰੀ ਸਹਾਇਤਾ ਲੈ ਕੇ ਪਹੁੰਚੋ ਅਤੇ ਸਾਰੇ ਆਗੂ ਇਹ ਸੁਨੇਹਾ ਵੱਡੇ ਪੱਧਰ ’ਤੇ ਅੱਗੇ ਫੈਲਾਉਣ।

(2)

ਤਾਰੀਖ਼ 20 ਫਰਵਰੀ, 2021, ਸ਼ਾਮ 4.16 ਵਜੇ, ਜੜਾਂਵਾਲਾ – ਚੱਕ 96 ਨੂੰ ਜਾ ਰਹੇ ਭਾਈ ਲਛਮਣ ਸਿੰਘ ਤੇ ਉਨ੍ਹਾਂ ਦਾ ਜੱਥਾ ਜਦੋਂ ਅੱਜ ਸਵੇਰੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਗਿਆ ਤਾਂ ਉਨ੍ਹਾਂ ਦਾ  - - - - - ਵੱਲੋਂ ਤੇ ਉਸ ਦੇ ਬੰਦਿਆਂ ਵੱਲੋਂ ਛਵੀਆਂ ਤੇ ਬੰਦੂਕਾਂ ਨਾਲ ਕਤਲੇਆਮ ਕਰ ਦਿੱਤਾ ਗਿਆ। ਜਾਨੀ ਨੁਕਸਾਨ 100 ਤੋਂ ਵੱਧ।

(3)

ਤਾਰੀਖ਼ 20 ਫਰਵਰੀ, 2021, ਰਾਤ 7.55 ਵਜੇ, ਨਨਕਾਣਾ ਸਾਹਿਬ – 

ਸਿੱਖ ਅਹਿੰਸਕ ਬਣੇ ਰਹੇ। ਕਰੀਬ ਇਕ ਸੌ ਪੰਜਾਹ ਸਿੱਖਾਂ ਨੂੰ ਮਾਰ ਅਤੇ ਤੇਲ ਪਾ ਕੇ ਸਾੜ ਦਿੱਤਾ ਗਿਆ। ਡਿਪਟੀ ਕਮਿਸ਼ਨਰ ਮੌਕੇ ’ਤੇ ਪੁੱਜਾ। ਸੁਰੱਖਿਆ ਦਸਤੇ ਆ ਰਹੇ ਹਨ। ਛੇਤੀ ਪਹੁੰਚੋ।

(4)

ਤਾਰੀਖ਼ 20 ਫਰਵਰੀ, ਬੁਚੀਆਣਾ (Buchiana)।

ਅੱਜ ਸਵੇਰੇ ਨਨਕਾਣਾ ਸਾਹਿਬ ਵਿਖੇ - - - - - ਤੇ ਉਸ ਦੇ ਬੰਦਿਆਂ ਨੇ ਕਰੀਬ ਇਕ ਸੌ ਖ਼ਾਲਸਾ ਸਾਹਿਬਾਨ ਉਤੇ ਬੰਦੂਕਾਂ, ਬੰਬਾਂ ਤੇ ਛਵੀਆਂ ਨਾਲ ਹਮਲਾ ਕਰ ਦਿੱਤਾ ਅਤੇ ਜ਼ਖ਼ਮੀਆਂ ਨੂੰ ਮਿੱਟੀ ਦਾ ਤੇਲ ਪਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ ਗਿਆ।

ਨਨਕਾਣਾ ਸਾਹਿਬ ਸਾਕੇ ਬਾਰੇ ਮੰਗਲਵਾਰ 22 ਫਰਵਰੀ, 1921 ਦੇ ‘ਦਿ ਟ੍ਰਿਬਿਊਨ’ ਵਿਚ ਛਪੀ ਖ਼ਬਰ ਦਾ ਪੰਜਾਬੀ ਉਲਥਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All