ਯਾਦਾਂ: ਫ਼ਸਲਾਂ, ਪਿੰਡ, ਪਾਣੀ... : The Tribune India

ਆਖ਼ਰੀ ਰਚਨਾ

ਯਾਦਾਂ: ਫ਼ਸਲਾਂ, ਪਿੰਡ, ਪਾਣੀ...

ਯਾਦਾਂ: ਫ਼ਸਲਾਂ, ਪਿੰਡ, ਪਾਣੀ...

ਨਿੰਦਰ ਗਿੱਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਮੈਂ ਸੰਨ 1976 ਦੇ ਅਖ਼ੀਰਲੇ ਮਹੀਨਿਆਂ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਉਪਰਲੇ ਤੇ ਪਠਾਨਕੋਟ ਦੇ ਹੇਠਲੇ ਇਲਾਕਿਆਂ ਦਾ ਸ਼ੁੱਕਰਵਾਰ ਸ਼ਾਮ ਸਰਵੇਖਣ ਮੁਕਾ ਕੇ ਘਰ ਜਾਣ ਲਈ ਦਸੂਹੇ ਕੋਲੋਂ ਦੀ ਲੰਘਿਆ ਕਰਦਾ ਸੀ। ਉਦੋਂ ਕਾਫ਼ੀ ਹਨੇਰਾ ਹੁੰਦਾ ਸੀ, ਪਰ ਉੱਥੇ ਦੂਰ-ਦੂਰ ਤੱਕ ਬਲਦੇ ਬਲਬਾਂ ਨੇ ਦਿਨ ਚੜ੍ਹਾਇਆ ਹੁੰਦਾ ਸੀ। ਬਲਬਾਂ ਦੀ ਰੌਸ਼ਨੀ ਹੇਠ ਦੂਰ-ਦੂਰ ਤੱਕ ਬੋਰੀਆਂ ਖੜ੍ਹੀਆਂ ਹੁੰਦੀਆਂ ਸਨ ਤੇ ਕਾਮੇ ਬੋਰੀਆਂ ਦੇ ਮੂੰਹ ਮੁੰਦਿਆ ਕਰਦੇ ਸਨ। ਬਾਅਦ ਵਿਚ ਪੁੱਛਣ ’ਤੇ ਪਤਾ ਲੱਗਿਆ ਕਿ ਬਲਬਾਂ ਦੀ ਰੌਸ਼ਨੀ ਵਾਲੀ ਥਾਂ ਦਸੂਹੇ ਦੀ ਦਾਣਾ ਮੰਡੀ ਹੈ ਤੇ ਬੋਰੀਆਂ ਵਿਚ ਜੀਰੀ/ਝੋਨੇ/ਚੌਲਾਂ ਦੀ ਫ਼ਸਲ ਹੈ। ਇਸ ਤੋਂ ਤਕਰੀਬਨ ਦਸ ਕੁ ਸਾਲ ਪਹਿਲਾਂ, ਮੇਰੇ ਬਚਪਨ ਵਿਚ ਚਿੱਟੇ ਦਿਨ ਸੁੱਕੀ ਨਦੀ ਵਿਚ ਠਾਠਾਂ ਮਾਰਦਾ ਪਾਣੀ ਆ ਜਾਣ ਵਾਂਗ ਹਰਾ ਇਨਕਲਾਬ ਸਾਡੇ ਸਿਰ ਆ ਚੜ੍ਹਿਆ ਸੀ। ਕਣਕ ਉਮੀਦ ਤੋਂ ਕਿਤੇ ਵੱਧ ਹੋਈ ਸੀ। ਸਾਡਾ ਨੌਕਰ ਯੋਗ ਰਾਜ ਕਿਹਾ ਕਰਦਾ ਸੀ, ‘‘ਕਣਕਾਂ ਨੇ ਤਾਂ ਬੂਥ ਚੜ੍ਹਾ ਤਾ।’’ ਉਦੋਂ ਸਾਡੀ ਖੰਨਾ ਮੰਡੀ ਕਣਕ ਦੀ ਹਾਲਤ ਵੀ ਦਸੂਹਾ ਮੰਡੀ ਦੇ ਚੌਲਾਂ ਦੀ ਮੰਡੀ ਵਰਗੀ ਬਣ ਗਈ ਸੀ। ਕਣਕ ਦੀ ਉਮੀਦ ਤੋਂ ਕਿਤੇ ਵੱਧ ਹੋਈ ਫ਼ਸਲ ਨੇ ਸਾਡੇ ਪੁਸ਼ਤੈਨੀ ਗੁੱਜਰ ਮੱਲ ਆੜ੍ਹਤੀਆਂ ਦੀ ਹਾਲਤ ‘ਅਚਿੰਤੇ ਬਾਜ ਪਏ’ ਵਰਗੀ ਕਰ ਦਿੱਤੀ ਸੀ। ਆੜ੍ਹਤੀਆਂ ਵਰਗੀ ਹਾਲਤ ਹੀ ਸਾਡੀ ਖੰਨਾ ਦਾਣਾ ਮੰਡੀ ਦੀ ਸੀ। ਮੰਡੀ ਜੀਟੀ ਰੋਡ ਦੇ ਦੋਵੇਂ ਪਾਸੇ ਸੀ। ਕਣਕ ਐਨੀ ਹੋ ਗਈ ਕਿ ਮੰਡੀ ਦੀ ਹਾਲਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਤੋਂ ਵੀ ਵੱਧ ਮਾੜੀ। ਕਿਸਾਨਾਂ ਦੀ ਹਾਲਤ ਅਰਬੀ ਸ਼ੇਖਾਂ ਵਰਗੀ। ਜਿਨ੍ਹਾਂ ਨੂੰ ਅਚਾਨਕ ਤੇਲ ਨਿਕਲ ਆਉਣ ਕਾਰਨ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ ਤੇ ਕੀ ਨਾ ਕਰਨ। ਉਪਰੋਂ ਕਣਕ ਦੀ ਖਰੀਦ ਦੇ ਯੋਗ ਪ੍ਰਬੰਧ ਨਹੀਂ ਸਨ। ਮੰਡੀ ਕਣਕ ਆਈ ਦੇਖ ਖਰੀਦਦਾਰਾਂ ਦੀ ਹਾਲਤ ‘ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ, ਤੇਲ ਭੁਲਾਮੇਂ ਬਾਣੀਏ, ਦਿੱਤਾ ਸ਼ਹਿਦ ਉਲੱਥ; ਪਕੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ’ ਵਰਗੀ ਹੋ ਗਈ। ਉਪਰੋਂ ਰੱਬ ਦੀ ਕਰੋਪੀ, ਜ਼ੋਰਦਾਰ ਮੀਂਹ ਪੈ ਗਏ। ਕਿਸਾਨਾਂ ਤੋਂ ਮੰਡੀ ਪਈ ਆਪਣੀ ਕਣਕ ਨਾ ਸੰਭਾਲੀ ਜਾਵੇ। ਕਣਕ ਹੜ੍ਹ ਕੇ ਸੜਕ ’ਤੇ ਵਗਦੇ ਪਾਣੀ ਤੇ ਆਸੇ-ਪਾਸੇ ਪਏ ਮਿੱਟੀ ਘੱਟੇ, ਗੰਦ-ਮੰਦ ਵਿਚ ਰਲ ਗਈ। ਰਲ ਕੇ ਫੁੱਲ ਗਈ, ਗਲ ਗਈ, ਮੁਸ਼ਕ ਮਾਰਨ ਲੱਗੀ। ਨਿੰਬਲ ਹੋ ਕੇ ਅਸਮਾਨ ਨਿੱਖਰ ਗਿਆ, ਪਰ ਗਲੀ ਕਣਕ ਦਾ ਮੁਸ਼ਕ ਕਈ ਦਿਨ ਬਾਅਦ ਵੀ ਮਾਰਦਾ ਰਿਹਾ। ਅਜਿਹੀ ਮੁਸ਼ਕ ਮੈਂ ਕਈ ਸਾਲਾਂ ਬਾਅਦ ਫਿਲੌਰ ਤੋਂ ਅੱਗੇ ਦੁਆਬੇ ਵਿਚ ਨਵਾਂਸ਼ਹਿਰ ਜਲੰਧਰ ਨੂੰ ਜਾਂਦਿਆਂ ਸੜਕਾਂ ਦੁਆਲੇ ਸੁੱਟੇ ਗਲੇ ਗੰਦੇ ਆਲੂਆਂ ਤੋਂ ਆਉਂਦੀ ਮਹਿਸੂਸ ਕੀਤੀ। ਪਰ ਸੱਚ ਮੰਨਿਉਂ ਮੈਨੂੰ ਇਹ ਮੁਸ਼ਕ ਅਸਲੋਂ ਹੀ ਆਉਣੀ ਉਦੋਂ ਹੱਟ ਗਈ ਜਦੋਂ ਮੈਨੂੰ ਬਚਪਨ ਵਿਚ ਸੁਣਿਆ ਗੀਤ ‘ਕੀ ਹੋ ਗਿਆ ਪ੍ਰਾਹੁਣਿਆ ਵੇ ਤੇਰੀ ਮੱਤ ਨੂੰ, ਲੌਂਗ ਨਾ ਘੜਾ ਕੇ ਲਿਆਇਆ ਮੇਰੇ ਨੱਕ ਨੂੰ’ ਯਾਦ ਆਇਆ। ਜੇ ਮੈਂ ਦੋ ਸਾਲ ਸਵੀਡਨ ਲਾ ਕੇ ਪੱਕਾ ਹੋ ਕੇ ਭਾਰਤ ਨਾ ਆਇਆ ਹੁੰਦਾ ਤਾਂ ਇਸ ਗੀਤ ਦੀ ਸਾਰਥਿਕਤਾ ਤੇ ਮਹੱਤਤਾ ਸ਼ਾਇਦ ਮੈਨੂੰ ਪਤਾ ਨਾ ਲੱਗਦੀ। ਸਵੀਡਨ ਸਮੇਤ ਸਾਰੇ ਸਕੈਂਡੇਨੇਵੀਆ, ਉੱਤਰੀ ਯੂਰਪ ਦੇ ਲੰਮੇ ਸਮੇਂ ਤੋਂ ਸੰਸਾਰ ਦੇ ਸਭ ਤੋਂ ਖ਼ੁਸ਼ ਮੁਲਕ ਫਿਨਲੈਂਡ ਵਾਲੇ ਬੇਹੱਦ ਵੋਦਕਾ ਪੀਂਦੇ ਹਨ। ਸਾਬਕਾ ਸੋਵੀਅਤ ਦੇਸ਼ ਦੇ ਲੋਕਾਂ ਦੀ ਮਨਪਸੰਦ ਸ਼ਰਾਬ ਵੋਦਕਾ ਹੈ। ਇਹ ਸ਼ਰਾਬ ਆਲੂਆਂ ਤੋਂ ਬਣਦੀ ਹੈ। ਹੋਰ ਸ਼ਰਾਬ ਬਣਾਉਣ ਵਾਲੀਆਂ ਵਸਤਾਂ ਸਮੇਤ ਆਲੂ ਵੀ ਅਲਕੋਹਲ ਉਦੋਂ ਬਣਾਉਣੀ ਸ਼ੁਰੂ ਕਰਦੇ ਹਨ। ਦੁਨੀਆਂ ਭਰ ਦੀਆਂ ਬਿਹਤਰੀਨ ਵਾਈਨਾਂ ਅੰਗੂਰਾਂ ਸਮੇਤ ਹੋਰ ਮਿੱਠੇ ਫਲਾਂ ਤੋਂ ਬਣਦੀਆਂ ਹਨ। ਵੱਡੇ ਢੋਲਾਂ ਵਿਚ ਚੰਗੇ ਸੱਜਰੇ ਗਲੇ-ਸੜੇ ਫਲ ਸੁੱਟ ਦਿੱਤੇ ਜਾਂਦੇ ਹਨ। ਹੌਲੀ-ਹੌਲੀ ਉਪਰ ਨਿੱਤਰ ਕੇ ਆਉਂਦਾ ਤਰਲ ਵਾਈਨ ਹੁੰਦਾ ਹੈ। ਸਸਤੀ ਸ਼ਰਾਬ ਗੰਦੇ ਗੁੜ, ਗਲੇ-ਸੜੇ ਆਲੂਆਂ, ਕਣਕ ਤੇ ਚੌਲਾਂ ਤੋਂ ਬਣਦੀ ਹੈ। ਦਰਅਸਲ, ਜੇ ਬੰਦਾ ਕਾਰਖਾਨੇ ਵਿਚ ਵਾਈਨ, ਵੋਦਕਾ ਜਾਂ ਕੋਈ ਵੀ ਸ਼ਰਾਬ ਬਣਦੀ ਦੇਖ ਲਵੇ ਤਾਂ ਸ਼ਰਾਬ ਦੀ ਬੋਤਲ ਵੱਲ ਮੂੰਹ ਨਾ ਕਰੇ। ਕਾਰਖਾਨੇ ਵਿਚ ਗੰਦਾ-ਮੰਦਾ ਗੁੜ, ਅਲਕੋਹਲ ਸਪਿਰਟ ਬਣਾਉਣ ਵਾਲੀਆਂ ਅਸਲੋਂ ਗੰਦੀਆਂ ਮੰਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਜਿਹੜੀਆਂ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ।

ਸਾਡੇ ਪੰਜਾਬੀ ਤੇ ਆਲੂ ਸਾਰੀ ਦੁਨੀਆਂ ਵਿਚ ਮਿਲਦੇ ਹਨ ਤੇ 90 ਫ਼ੀਸਦੀ ਪੰਜਾਬੀ ਬਾਹਰ ਸ਼ਰਾਬ ਪੀਂਦੇ ਹਨ ਤੇ ਆਪਣੇ ਆਪ ਨੂੰ ਸਫ਼ਲ ਪੰਜਾਬੀ ਪਰਵਾਸੀ ਕਹਾਉਣ ਵਾਲਿਆਂ ਨੂੰ ਵੀ ਸੰਸਾਰ ਭਰ ’ਚ ਆਲੂਆਂ ਤੋਂ ਸ਼ਰਾਬ ਬਣਦੀ ਸਾਹਮਣੇ ਦਿਖਾਈ ਦਿੰਦੀ ਕਿਉਂ ਨਹੀਂ ਦਿੰਦੀ? ਜਦੋਂ ਮੈਂ ਆਪਣੇ ਚਾਚੇ ਦੀ ਥਾਂ ਲੱਗਦੇ ਇਕ ਬੰਦੇ ਨੂੰ ਆਲੂਆਂ ਤੋਂ ਸੰਸਾਰ ਭਰ ਦੀ ਵਧੀਆ ਸ਼ਰਾਬ ਬਣਨ ਬਾਰੇ ਦੱਸਿਆ ਤਾਂ ਕਹਿ ਉੱਠਿਆ, ‘‘ਓ ਮੱਲ ਭਤੀਜ, ਕੇਰਾਂ ਮੈਨੂੰ ਆਲੂਆਂ ਤੋਂ ਸ਼ਰਾਬ ਬਣਾਉਣ ਦਾ ਨੁਸਖਾ ਲਿਆ ਦੇ, ਫੇਰ ਮੈਂ ਕਮਾਈ ਵਿਚ ਬਿਰਲੇ ਨੂੰ ਪਿੱਛੇ ਛੱਡ ਜੂੰ। ਹੁਣ ਤਾਂ ਦੋ ਵਾਰ ਹਰ ਸਾਲ ਦਸ ਕਿੱਲੇ ਆਲੂ ਲਾਈਦੇ ਹਨ- ਘਾਟੇ ਹੀ ਖਾਂਦੇ ਹਾਂ- ਜੇ ਇਕ ਫ਼ਸਲ ਚਾਰ ਪੈਸੇ ਬਚ ਜਾਂਦੇ ਹਨ ਤਾਂ ਅਗਲੀ ਵਾਰ ਦੇ ਘਾਟੇ ਸਭ ਮੁਨਾਫ਼ੇ ਖਾ ਜਾਂਦੇ ਹਨ।’’

ਛੇ ਦਸੰਬਰ 1976 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਲੋਕਲ ਆਡਿਟ ਡਿਪਾਰਟਮੈਂਟ ਵਿਚ ਬਤੌਰ ਜੂਨੀਅਰ ਆਡੀਟਰ ਮੇਰੀ ਨਿਯੁਕਤੀ ਹੋਈ। ਮੇਰੀ ਬਦਲੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਰੈਜ਼ੀਡੈਂਟ ਸਕੀਮ ਵਿਚ ਹੁੰਦੀ ਹੀ ਰਹਿੰਦੀ। ਦਿਨੇ ਯੂਨੀਵਰਸਿਟੀ ਦੇ ਖੋਜੀਆਂ, ਵਿਦਵਾਨਾਂ, ਅਧਿਆਪਕਾਂ ਤੇ ਸ਼ਾਮ ਨੂੰ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਗੁਲਜ਼ਾਰ ਸੰਧੂ, ਡਾਕਟਰ ਸਾਧੂ ਸਿੰਘ, ਸੁਰਜੀਤ ਪਾਤਰ, ਅਮਰਜੀਤ ਗਰੇਵਾਲ ਨਾਲ ਮੁਲਾਕਾਤਾਂ ਹੁੰਦੀਆਂ। ਪਤਾ ਨਹੀਂ ਮੇਰੀ ਮੱਤ ਨੂੰ ਕੀ ਹੋ ਜਾਂਦਾ। ਮੈਂ ਹਰ ਵਾਰ ਉਨ੍ਹਾਂ ਨੂੰ ਦੱਸਣਾ ਭੁੱਲ ਜਾਂਦਾ, ‘‘ਮੇਰੇ ਪਿੰਡ ਦਾ ਮੇਰਾ ਇਕ ਹਾਣੀ ਹਿਮਾਚਲ ਦੀ ਪਾਂਘੀ ਘਾਟੀ ਵਿਚ ਵਾਇਰਲੈੱਸ ਅਪਰੇਟਰ ਹੈ। ਪਾਂਘੀ ਘਾਟੀ ਸਿਆਲ ਵਿਚ ਸਾਰੇ ਸੰਸਾਰ ਤੋਂ ਟੁੱਟ ਜਾਂਦੀ ਹੈ। ਇਸ ਦਾ ਸੰਸਾਰ ਨਾਲੋਂ ਸੰਪਰਕ ਟੁੱਟਣ ਤੋਂ ਪਹਿਲਾਂ ਲੋਕ ਛੇ ਮਹੀਨਿਆਂ ਦਾ ਰਾਸ਼ਨ ਬਾਲਣ ’ਕੱਠਾ ਕਰ ਲੈਂਦੇ ਹਨ। ਉਦੋਂ ਪਾਂਘੀ ਘਾਟੀ ਦਾ ਬਾਹਰੀ ਸੰਸਾਰ ਨਾਲ ਸੰਪਰਕ ਸਿਰਫ਼ ਵਾਇਰਲੈੱਸ ਰਾਹੀਂ ਹੁੰਦਾ ਹੈ। ਮੇਰਾ ਹਾਣੀ ਸਹਿਦੇਵ ਦੱਸਦਾ ਹੁੰਦਾ ਹੈ ਕਿ ਪਾਂਘੀ ਘਾਟੀ ਵਿਚ ਕਣਕ ਤੋਂ ਸ਼ਰਾਬ ਬਣਦੀ ਹੈ। ਇਕ ਕਿੱਲੋ ਕਣਕ ਤੋਂ ਇਕ ਬੋਤਲ, ਪਰ ਇਕ ਕਿੱਲੋ ਗੁੜ ਤੋਂ ਬਣੀ ਸ਼ਰਾਬ ਦੀ ਬੋਤਲ ਨਾਲੋਂ ਅੱਧਾ ਨਸ਼ਾ।’’ 

ਮਈ 1991 ਵਿਚ ਮੈਂ ਆਪਣੇ ਦੋ ਮਿੱਤਰਾਂ ਨਾਲ ਲੱਦਾਖ ਗਿਆ ਸੀ। ਰਾਹ ਵਿਚ ਅਸੀਂ ਸਾਂਝੇ ਪੰਜਾਬ ਦੇ ਜ਼ਿਲ੍ਹੇ ਸਪਿਤੀ (ਲਾਹੌਲ) ਦੇ ਰੈਸਟ ਹਾਊਸ ਵਿਚ ਠਹਿਰੇ। ਜੇ ਸਾਂਝੇ ਪੰਜਾਬ ਵਿਚ ਕਣਕ ਤੋਂ ਸ਼ਰਾਬ ਕੱਢੀ ਜਾ ਸਕਦੀ ਸੀ ਤਾਂ ਹੁਣ ਨਵੇਂ ਪੰਜਾਬ ’ਚ ਅਜਿਹਾ ਕਰ ਕੇ ਬਾਹਰ ਵੇਚੀ ਕਿਉਂ ਨਹੀਂ ਜਾ ਸਕਦੀ? ਜਦੋਂਕਿ ਹਰੇ ਇਨਕਲਾਬ ਤੋਂ ਬਾਅਦ ਕਣਕ ਸੀਜ਼ਨ ਵਿਚ ਮੰਡੀਆਂ ਵਿਚ ਤੇ ਬਾਅਦ ਵਿਚ ਗੋਦਾਮਾਂ ’ਚ ਰੁਲਦੀ ਰਹਿੰਦੀ ਹੈ।

ਜ਼ੀਰੀ ਦੀ ਤਾਂ ਮੰਡੀਆਂ ਗੋਦਾਮਾਂ ਵਿਚ ਕਣਕ ਤੋਂ ਵੀ ਕਿਤੇ ਵੱਧ ਬੁਰੀ ਹਾਲਤ ਹੈ। ਮੇਰੀ ਨਿਯੁਕਤੀ ਮੁੱਖ ਦਫ਼ਤਰ ਤਕਨੀਕੀ ਸ਼ਾਖਾ ਵਿਚ ਹੁੰਦੀ ਸੀ। ਉੱਥੇ ਸਰਕਾਰੀ, ਅਰਧ ਸਰਕਾਰੀ ਮਹਿਕਮਿਆਂ ਵੱਲੋਂ ਪ੍ਰੋਵੀਜ਼ਨ, ਪੇਮੈਂਟਾਂ (ਅਗਾਊਂ ਅਦਾਇਗੀ) ਦੀ ਮਨਜ਼ੂਰੀਆਂ ਲਈ ਚਿੱਠੀਆਂ ਆਇਆ ਕਰਦੀਆਂ ਸਨ। ਅਦਾਇਗੀ ਲਈ ਮਾਰਕੀਟ ਕਮੇਟੀਆਂ ਵੱਲੋਂ ਖਰੀਦ ਕੇਂਦਰਾਂ ਵਿਚ ਸਫ਼ਾਈ, ਪੀਣ ਦੇ ਪਾਣੀ, ਰੌਸ਼ਨੀ, ਸੁਰੱਖਿਆ ਪ੍ਰਬੰਧਾਂ ਲਈ ਮਨਜ਼ੂਰੀ ਪੱਤਰ ਆਇਆ ਕਰਦੇ ਸਨ। ਜੇ ਪੰਜ-ਛੇ ਪਿੰਡਾਂ ਵਿਚਾਲੇ ਵੱਡੇ ਪਿੰਡਾਂ ਵਿਚ ਫੋਕਲ ਪੁਆਇੰਟ ਭਾਵ ਮੌਸਮੀ ਜਿਣਸ ਖਰੀਦ ਕੇਂਦਰ ਨਾ ਹੁੰਦੇ ਤਾਂ ਪੰਜਾਬ ਵਿਚ ਜਿਣਸਾਂ ਖਰੀਦਣ ਦੇ ਦਿਨਾਂ ਵਿਚ ਪਰਲੋ ਆ ਜਾਣੀ ਸੀ। ਫਿਰ ਵੀ ਸਭ ਪ੍ਰਬੰਧਾਂ ਦੇ ਬਾਵਜੂਦ ਪਰਲੋ ਤਾਂ ਆ ਹੀ ਜਾਂਦੀ ਹੈ। ਸੰਨ 2005 ਵਿਚ ਮੈਂ ਛੁੱਟੀ ਲੈ ਕੇ ਸਾਲ ਲਈ ਖ਼ੁਦ ਖੇਤੀ ਕਰਾਉਣ ਲਈ ਆਇਆ। ਉਸ ਸਾਲ ਜੀਰੀ ਦੀ ਫ਼ਸਲ ਸਾਰੇ ਪੰਜਾਬ ਵਿਚ ਭਰਵੀਂ ਹੋਈ। ਸਾਡੇ ਤਾਂ ਅਗਲੇ-ਪਿਛਲੇ ਰਿਕਾਰਡ ਟੁੱਟ ਗਏ। ਸਾਡੀ ਧਮੋਟ ਮੰਡੀ ਨੇ ਸਭ ਬਾਨਨੂੰ ਤੋੜ ਦਿੱਤੇ। ਮੰਡੀ ਤੋਂ ਬਾਹਰ ਚੌਲ ਪਾਇਲ, ਮਲੌਦ ਪੱਕੀ ਸੜਕ ਦੇ ਦੋਵੇਂ ਪਾਸੇ ਦੂਰ-ਦੂਰ ਤੱਕ ਪਏ ਸਨ। ਕੁਦਰਤ ਦਾ ਕਹਿਰ, ਰਾਤ ਨੂੰ ਲਗਾਤਾਰ ਜ਼ੋਰ ਦੀ ਮੀਂਹ ਪਿਆ। ਸੜਕਾਂ ਦੁਆਲੇ ਪਏ ਚੌਲ ਖਤਾਨਾਂ, ਖੱਡਿਆਂ ਵਿਚ ਜਾ ਪਏ, ਮੰਡੀ ਅੰਦਰ ਪਏ ਚੌਲ ਹੜ੍ਹ ਕੇ ਨਾਲ ਲੱਗਦੇ ਝੀਲ ਵਰਗੇ ਟੋਭੇ ਵਿਚ ਜਾ ਪਏ। ਪਤਾ ਹੀ ਨਾ ਲੱਗੇ, ਕੀਹਦੀ ਚੌਲਾਂ ਦੀ ਢੇਰੀ ਕਿੱਥੇ ਗਈ ਕੀਹਦੇ ਨਾਲ ਰਲ ਗਈ। ਆਪਣੇ ਕਾਮੇ ਹੋਰਨਾਂ ਵਾਂਗ ਤਰਦੇ ਰੁੜ੍ਹੇ ਜਾਂਦੇ ਚੌਲ ਖੇਸਾਂ ਪੱਲੀਆਂ ਨਾਲ ’ਕੱਠੇ ਕਰਦੇ ਦੇਖ ਕੇ ਮੇਰਾ ਮਨ ਬੜਾ ਖ਼ਰਾਬ ਹੋਇਆ। ਮੈਂ ਸਭ ਕੁਝ ਆਪਣੇ ਛੋਟੇ ਭਰਾ ਨੂੰ ਸੰਭਾਲ ਸਵੀਡਨ ਆ ਗਿਆ ਤੇ ਛੁੱਟੀ ਰੱਦ ਕਰਾ ਕੰਮ ਸ਼ੁਰੂ ਕਰ ਦਿੱਤਾ ਤੇ ਸੋਚਣ ਲੱਗਾ, ‘ਕਿੱਥੇ ਤਿੰਨ ਲੱਖ ਤਨਖਾਹ ਮਹੀਨੇ ਦੀ ਲੈਣ ਵਾਲਾ ਲਾਇਸੈਂਸਸ਼ੁਦਾ ਨਰਸ ਤਿਣਕੇ ਤਿਣਕੇ ਲਈ ਪੰਜਾਬ ਧੱਕੇ ਖਾਣ ਗਿਆ ਸੀ!’ ਪਰ ਕੀ ਕਰਦਾ ਜ਼ਮੀਨ ਦੇ ਮੋਹ ਨੂੰ। ਕਿਸਾਨ ਜਿਹਦੀਆਂ ਜ਼ਮੀਨ ਬਿਨਾਂ ਜੜ੍ਹਾਂ ਧਰਤ ਤੋਂ ਤਿੰਨ ਹੱਥ ਉਪਰ ਹੁੰਦੀਆਂ ਨੇ।

(ਸਮਾਪਤ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All