ਧੰਨ ਰਾਜ ਭਗਤ ਦਾ ਮਹਾਕਾਲ

ਧੰਨ ਰਾਜ ਭਗਤ ਦਾ ਮਹਾਕਾਲ

ਆਪਣੇ ਕੰਮ ਵਿਚ ਮਸਰੂਫ਼ ਧੰਨ ਰਾਜ ਭਗਤ।

ਜਗਤਾਰਜੀਤ ਸਿੰਘ

ਜਗਤਾਰਜੀਤ ਸਿੰਘ

ਕਲਾ ਜੁਗਤ

‘ਮਹਾਕਾਲ’ ਮੂਰਤੀ ਦਾ ਰਚਨਾਕਾਲ 1958 ਹੈ। ਆਕਾਰ ਪੱਖੋਂ ਇਹ ਬਹੁਤ ਉੱਚੀ-ਚੌੜੀ ਨਹੀਂ। ਇਸ ਦੀ ਕੁੱਲ ਉਚਾਈ ਅਠਾਨਵੇਂ ਸੈਂਟੀਮੀਟਰ ਹੈ। ਮੂਰਤੀ ਦਾ ਨਾਂ ਅਤੇ ਰੂਪ ਭੈੈਅਭੀਤ ਕਰਨ ਦੇ ਸਮਰੱਥ ਹੈ। ਇਸ ਰਚਨਾ ਪਿੱਛੇ ਰਚਨਾਕਾਰ ਦਾ ਕੀ ਮੰਤਵ ਰਿਹਾ ਹੋਵੇਗਾ, ਗਿਆਤ ਨਹੀਂ ਹੋ ਸਕਿਆ।

ਮੂਰਤੀਕਾਰ ਧੰਨ ਰਾਜ ਭਗਤ ਦੇ ਕੰਮ ਦਾ ਦਾਇਰਾ ਵਸੀਹ ਹੈ ਜਿਸ ਵਿਚ ਠਹਿਰਾਅ ਦਾ ਦਖ਼ਲ ਬਿਲਕੁਲ ਨਹੀਂ, ਉਸ ਵੇਲੇ ਵੀ ਜਦ ਉਹ ਬਿਮਾਰ ਸੀ।

ਉਸ ਦਾ ਸਫ਼ਰ ਫਿਗਰੇਟਿਵ ਤੋਂ ਸ਼ੁਰੂ ਹੋ ਕੇ ਸੈਮੀ-ਫਿਗਰੇਟਿਵ ਨੂੰ ਛੋਹ ਕੇ ਐਬਸਟਰੈੱਕਸ਼ਨ ਤੱਕ ਜਾ ਪੁੱਜਦਾ ਹੈ।

ਧੰਨ ਰਾਜ ਭਗਤ ਦਾ ਜਨਮ 20 ਦਸੰਬਰ 1917 ਨੂੰ ਲਾਹੌਰ ਸ਼ਹਿਰ ਵਿਚ ਹੋਇਆ। ਨੌਵੀਂ ਵਿਚੋਂ ਫੇਲ੍ਹ ਹੋਣ ਦੀ ਖ਼ਬਰ ਜਦ ਕੰਨੀਂ ਪਈ ਤਾਂ ਉਸ ਘਰ ਛੱਡ ਦਿੱਤਾ। ਉਹ ਡਰਾਇੰਗ ਨੂੰ ਛੱਡ ਬਾਕੀ ਹਰ ਵਿਸ਼ੇ ਵਿਚੋਂ ਫੇਲ੍ਹ ਸੀ।

ਉਸ ਨੇ ਪਹਿਲਾਂ-ਪਹਿਲ ਹੋਟਲ ਵਿਚ ਭਾਂਡੇ ਮਾਂਜਣ ਅਤੇ ਸਾਬਣ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕੀਤਾ। ਉਸ ਨੂੰ ਇਸ ਥਾਂ ਕੰਮ ਕਰਦਿਆਂ ਦੇਖ ਕੇ ਕ੍ਰਿਸ਼ਨਾ ਪਲਾਸਟਰ ਵਰਕਸ ਦਾ ਮਾਲਕ ਦੀਨਾ ਨਾਥ ਭਾਰਦਵਾਜ ਆਪਣੇ ਨਾਲ ਲੈ ਆਇਆ। ਉਨ੍ਹੀਂ ਦਿਨੀਂ ਇਹ ਕੰਪਨੀ ਬੀ.ਸੀ. ਸਾਨਿਆਲ ਦੀ ਦੇਖ-ਰੇਖ ਹੇਠ ਤਤਕਾਲੀ ਦੇਸ਼ ਭਗਤਾਂ ਦੇ ‘ਬਸਟ’ ਤਿਆਰ ਕਰਦੀ ਹੁੰਦੀ ਸੀ। ਭਗਤ ਨੂੰ ਓਥੇ ਮਾਡਲਰ ਅਤੇ ਕਾਸਟਰ ਦਾ ਕੰਮ ਮਿਲ ਗਿਆ।

1934 ਵਿਚ ਜਦ ਧੰਨ ਰਾਜ ਭਗਤ ਲਾਹੌਰ ਦੇ ਮੇਓ ਸਕੂਲ ਆਫ ਆਰਟ ਵਿਚ ਦਾਖ਼ਲ ਹੋਇਆ ਤਾਂ ਬੀ.ਸੀ. ਸਾਨਿਆਲ ਨਾਲ ਉਸ ਦਾ ਰਿਸ਼ਤਾ ਬਦਲ ਕੇ ਗੁਰੂ-ਸ਼ਿਸ਼ ਵਾਲਾ ਹੋ ਗਿਆ। ਦੇਸ਼ ਦੀ ਆਜ਼ਾਦੀ ਬਾਅਦ ਦਿੱਲੀ ਪੌਲੀਟੈਕਨਿਕ ਦਾ ਪ੍ਰਿੰਸੀਪਲ ਬਣਨ ਮਗਰੋਂ ਬੀ.ਸੀ. ਸਾਨਿਆਲ ਨੇ ਧੰਨ ਰਾਜ ਭਗਤ ਨੂੰ ਆਪਣੇ ਕੋਲ ਸੱਦ ਲਿਆ। ਇਉਂ ਦੋਵਾਂ ਵਿਚਲਾ ਰਿਸ਼ਤਾ ‘ਸਹਿਕਰਮੀਆਂ’ ਵਾਲਾ ਹੋ ਗਿਆ। ਜਦੋਂ ਭਗਤ ਨੇ ਮੇਓ ਸਕੂਲ ਵਿਚ ਦਾਖ਼ਲਾ ਲਿਆ ਤਾਂ ਉਦੋਂ ਉੱਥੇ ਮੂਰਤੀਕਲਾ ਦੀ ਆਧੁਨਿਕ ਸਿੱਖਿਆ ਦੇਣ ਦਾ ਕੋਈ ਸਾਧਨ ਨਹੀਂ ਸੀ। ਮੂਰਤੀਕਲਾ ਦੇ ਵਰਗ ਵਿਚ ਕਲੇਅ ਮਾਡਲਿੰਗ ਜਾਂ ਪਲਾਸਟਰ ਕਾਸਟਿੰਗ ਤੋਂ ਇਲਾਵਾ ਕੁਝ ਨਹੀਂ ਸੀ ਦੱਸਿਆ ਜਾਂਦਾ। ਲੱਕੜ ਜਾਂ ਪੱਥਰ ਨੂੰ ਤਰਾਸ਼ਣ ਬਾਰੇ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ।

ਧੰਨ ਰਾਜ ਭਗਤ ਇਸੇ ਅੜਚਣ ਤੋਂ ਪਾਰ ਗਿਆ। ਉਹ ਲੱਕੜਤਰਾਸ਼ੀ ਵੱਲ ਮੁੜਿਆ। ਇਹ ਨਹੀਂ ਕਿ ਪਹਿਲਾਂ ਲੱਕੜ ਤਰਾਸ਼ ਕੇ ਮੂਰਤੀਆਂ ਨਹੀਂ ਬਣਾਈਆਂ ਜਾਂਦੀਆਂ ਸਨ। ਦਰਅਸਲ, ਉਸ ਨੇ ਰੂਪਾਕਾਰ ਦੇਵੀ-ਦੇਵਤਿਆਂ ਨੂੰ ਨਵਾਂ ਮੁਹਾਵਰਾ ਦਿੱਤਾ ਅਤੇ ਇਸ ਮਾਧਿਅਮ ਰਾਹੀਂ ਆਮ ਲੋਕਾਂ ਦੀ ਗੱਲ ਕੀਤੀ।

‘ਮਹਾਕਾਲ’ ਕਿਰਤ ਖ਼ਾਸ ਮਹੱਤਵ ਰੱਖਦੀ ਹੈ। ਸਿੱਧਾ ਜਿਹਾ ਅਰਥ ਹੈ ਕਾਲ ਦਾ ਵੀ ਵਡੇਰਾ। ਮਹਾਕਾਲ ਉਹ ਸ਼ੈਅ/ਸ਼ਕਤੀ ਜਿਸ ਵਿਚ ਸਭ ਕੁਝ ਮਰ-ਖਪ ਜਾਂਦਾ ਹੈ।

ਸੰਦਰਭ ਕੋਸ਼ ਦੇ ਹਵਾਲੇ ਨਾਲ ਪਤਾ ਲੱਗਦਾ ਹੈ ਕਿ ਇਹ ਵਿਸ਼ੇਸ਼ਣ ਸ਼ਿਵ ਵਾਸਤੇ ਵਰਤਿਆ ਜਾਂਦਾ ਹੈ। ਸ਼ਿਵ ਦੇ ਦਸ ਰੂਪ ਮੰਨੇ ਜਾਂਦੇ ਹਨ ਅਤੇ ‘ਮਹਾਕਾਲ’ ਉਨ੍ਹਾਂ ਦਾ ਪਹਿਲਾ ਅਤੇ ਸਰਬ ਪ੍ਰਮੁੱਖ ਅਵਤਾਰ ਹੈ। ਮੂਰਤੀਘਾੜੇ ਨੇ ਆਪਣੀ ਮੂਰਤੀ ਦਾ ਨਾਂ ਮਹਾਕਾਲ ਰੱਖਣ ਮਗਰੋਂ ਮੌਨ ਧਾਰ ਲਿਆ।

ਦਰਸ਼ਕ ਸਾਹਮਣੇ ਮੂਰਤੀ ਹੈ ਜਿਸ ਦਾ ਰੂਪ ਖਿੱਚ ਵਾਲਾ ਨਹੀਂ। ਉਂਜ ਉਹ ਦੇਖਣ ਵਾਲੇ ਦੇ ਮਨ ਵਿਚ ਆਪਣੇ ਲਈ ਥਾਂ ਜ਼ਰੂਰ ਬਣਾ ਲੈਂਦੀ ਹੈ। ਲੋੜੋਂ ਵੱਧ ਖੁੱਲ੍ਹੇ ਮੂੰਹ ਦੇ ਅੰਦਰਲੇ ਪਾਸੇ ਘੋਰ ਹਨੇਰਾ ਹੈ। ਦੇਖਣ ਵਾਲੇ ਦੀ ਨਜ਼ਰ ਹਨੇਰੇ ਨੂੰ ਚੀਰ ਹੋਰ ਕੁਝ ਨਹੀਂ ਦੇਖ ਸਕਦੀ। ਹਨੇਰਾ ਰਹੱਸ ਵੀ ਰਚਦਾ ਹੈ। ਮੂੰਹ ਦੇ ਥੱਲੜੇ ਹਿੱਸੇ ਨਾਲ ਕੁਝ ਸਰੀਰ ਲਟਕੇ ਦਿਸ ਰਹੇ ਹਨ। ਸਪਸ਼ਟ ਹੈ ਇਨ੍ਹਾਂ ਸਰੀਰਾਂ ਵਿਚ ਸਵਾਸ ਨਹੀਂ। ਨਿਰਜਿੰਦ ਸਰੀਰ ਮਹਾਕਾਲ ਨਿਗਲੀ ਜਾ ਰਿਹਾ ਹੈ। ਅੰਦਰ ਜਾ ਕੇ ਇਨ੍ਹਾਂ ਦਾ ਕੀ ਬਣੇਗਾ, ਕਿਸੇ ਨੂੰ ਕੁਝ ਨਹੀਂ ਪਤਾ। ਦ੍ਰਿਸ਼ ਮਰਨ ਦੀ ਗੱਲ ਕਰ ਰਿਹਾ ਹੈ, ਜਨਮ ਜਾਂ ਪੁਨਰ ਜਨਮ ਦੀ ਨਹੀਂ। ਇਉਂ ਮੂਰਤੀਘਾੜਾ ਮਨੁੱਖੀ ਜੀਵਨ ਦੇ ਇਕ ਅੰਗ ਨੂੰ ਬਿਆਨ ਰਿਹਾ ਹੈ। ਇਹ ਬਿਆਨ ਵੀ ਮਨੁੱਖ ਦੇ ਐਨ ਅੰਤਿਮ ਵੇਲੇ ਦਾ ਹੈ। ਮਰੇ ਦਾ ਅੱਗੋਂ ਕੀ ਹੋਣਾ ਹੈ, ਨਾ ਮੂਰਤੀ ਦੱਸਦੀ ਹੈ ਤੇ ਨਾ ਹੀ ਮੂਰਤੀਘਾੜਾ।

ਜਨਮ ਅਤੇ ਮਰਨ ਮਨੁੱਖ ਦੀ ਹੋਣੀ ਦੇ ਅਹਿਮ ਜੁਜ਼ ਹਨ। ਗੁਰਬਾਣੀ ਅਨੁਸਾਰ ਜਿਊਣਾ ਝੂਠ ਹੈ, ਮਰਨਾ ਸੱਚ। ਇਹ ਮੂਰਤੀ ਇਹੋ ਸੱਚ ਬਿਆਨਦੀ ਹੈ ਜਿਹੜਾ ਨਿਰਵਿਘਨ, ਨਿਰੰਤਰ ਵਾਪਰਿਆ ਹੈ, ਵਾਪਰ ਰਿਹਾ ਹੈ ਅਤੇ ਦੁਨੀਆਂ ਦੀ ਹੋਂਦ ਕਾਇਮ ਰਹਿਣ ਤੱਕ ਵਾਪਰਦਾ ਰਹੇਗਾ। ਇਸ ਤੱਥ ਨੂੰ ਧਿਆਨ ਵਿਚ ਰੱਖ ਕੇ ਮੂਰਤੀ ਨੂੰ ਦੇਖਿਆ ਜਾਵੇ ਤਾਂ ਇਹ ਮਹੱਤਵਪੂਰਨ ਰਚਨਾ ਪ੍ਰਤੀਤ ਹੁੰਦੀ ਹੈ।

ਸੰਕੇਤ ਰੂਪ ਵਿਚ ਸਾਹਮਣੇ ਦਿਸਦੇ ਆਕਾਰ ਸਮੇਂ-ਸਥਾਨ ਤੋਂ ਮੁਕਤ ਹਨ। ਇਹੋ ਗੱਲ ਮਹਾਕਾਲ ਬਾਰੇ ਵੀ ਕਹੀ ਜਾ ਸਕਦੀ ਹੈ। ਜੋ ਰੂਪ ਬਣਾਇਆ ਹੈ, ਉਹ ਕਿਸੇ ਭਾਰਤੀ ਦੇਵੀ-ਦੇਵਤੇ ਦੇ ਰੂਪ ਦਾ ਪ੍ਰਤਿਰੂਪ ਜਾਂ ਨਕਲ ਨਹੀਂ। ਮਹਾਕਾਲ ਦੇ ਚਿਹਰੇ ਦੇ ਅਨੁਪਾਤ ਵਿਚ ਉਸ ਦੇ ਸਾਰੇ ਸਰੀਰ ਦੀ ਕਲਪਨਾ ਕੀਤੀ ਜਾਵੇ ਤਾਂ ਉਹ ਕਾਫ਼ੀ ਲੰਬਾ-ਚੌੜਾ ਹੋ ਗੁਜ਼ਰੇਗਾ।

ਮਹਾਕਾਲ ਦੇ ਚਿਹਰੇ ਦਾ ਅਕਸ ਉਹੀ ਹੈ ਜੋ ਦ੍ਰਿਸ਼ਮਾਨ ਸੰਸਾਰ ਦੇ ਇਕ ਵਿਅਕਤੀ ਦਾ ਹੈ। ਅੱਖਾਂ, ਨੱਕ, ਮੂੰਹ, ਕੰਨ, ਮੱਥਾ, ਸਿਰ ਸਭ ਅੰਗ ਮਾਨਵੀ ਹੀ ਹਨ, ਕੁਝ ਵੀ ਪਰਾਭੌਤਿਕ, ਗ਼ੈਰ-ਮਾਨਵੀ ਨਹੀਂ। ਹਾਂ, ਓਦਾਂ ਇਹ ਅੰਗ ਪਰਿਵਰਤਿਤ ਹਨ। ਅੱਖਾਂ ਗੋਲਾਈਦਾਰ ਨਹੀਂ। ਇਹ ਅੰਦਰ ਨੂੰ ਧਸੇ ਡੇਲਿਆਂ ਵਾਲੀਆਂ ਹਨ। ਮੱਥਾ ਚੌੜਾ, ਪਰ ਸਿਰ ਲੰਬੂਤਰਾ ਹੈ। ਨਾਸਾਂ ਜ਼ਰੂਰਤ ਤੋਂ ਜ਼ਿਆਦਾ ਵੱਡੀਆਂ, ਫੁੱਲੀਆਂ ਹਨ। ਕੰਨਾਂ ਦੀ ਡਿਟੇਲ ਦੀ ਦੂਜੇ ਅੰਗਾਂ ਵਾਂਗ ਬਾਰੀਕ ਨਹੀਂ। ਇਹ ਮੂਰਤੀ ਅੰਗਾਂ ਦੇ ਹੋਣ ਦਾ ਅਹਿਸਾਸ ਕਰਵਾ ਰਹੀ ਹੈ, ਉਨ੍ਹਾਂ ਦੀ ਸੂਖ਼ਮਤਾ ਜਾਂ ਕੋਮਲਤਾ ਨੂੰ ਨਹੀਂ ਉਭਾਰ ਰਹੀ।

ਮੂਰਤੀ ਦੇ ਮੂੰਹ ਅਤੇ ਅੱਖਾਂ ਵੱਲ ਦੇਖਣ ਵਾਲੇ ਦੀ ਨਜ਼ਰ ਖਿੱਚੀ ਜਾਂਦੀ ਹੈ। ਗਹਿਰੀਆਂ ਅੱਖਾਂ ਦਾ ਭਾਵ ਹੈ, ਮਹਾਕਾਲ ਦੀਆਂ ਅੱਖਾਂ ਕੋਲੋਂ ਭਿੰਨ-ਭੇਦ ਕਰਨ ਵਾਲੇ ਤੱਤ ਨੂੰ ਨਿਸਤੇਜ ਕਰਨਾ। ਜੇ ਨਿਗਲੇ ਜਾਣ ਦੀ ਪ੍ਰਕਿਰਿਆ ਬਿਨਾਂ ਫ਼ਰਕ ਜਾਰੀ ਹੈ ਤਾਂ ਚੋਣ ਕਾਰਜ ਵੀ ਬਿਨਾਂ ਫ਼ਰਕ ਜਾਰੀ ਹੈ।

ਖੁੱਲ੍ਹਾ ਮੂੰਹ ਬਹੁਤ ਵਿਕਰਾਲ ਹੈ। ਮੂਰਤੀਘਾੜੇ ਨੇ ਮਹਾਕਾਲ ਦੇ ਦੰਦਾਂ ਨੂੰ ਵੀ ਖ਼ਾਸ ਥਾਂ ਦਿੱਤੀ ਹੈ। ਵਸਤੂ ਨੂੰ ਸਬੂਤਾ ਨਿਗਲ ਜਾਣਾ ਅਤੇ ਉਸ ਨੂੰ ਟੁਕੜੇ-ਟੁਕੜੇ ਕਰ ਕੇ ਚੱਬ-ਚਿੱਥ ਕੇ ਖਾਣਾ, ਅੱਡਰਾ ਰੂਪ ਰਚਦਾ ਹੈ। ਮੂਰਤੀ ਦੀ ਬਣਤਰ ਦੋਹਾਂ ਕਿਰਿਆਵਾਂ ਦੀ ਸਾਖੀ ਭਰ ਰਹੀ ਹੈ।

ਮੂਰਤੀ ਜਿਹੜੇ ਸਰੀਰ ਖਾ ਰਹੀ ਹੈ, ਉਹ ਸਾਰੇ ਸਿਰ ਪਰਨੇ ਮੂੰਹੋਂ ਥੱਲੇ ਵੱਲ ਨੂੰ ਲਟਕੇ ਹੋਏ ਹਨ। ਅਪਵਾਦ ਸਰੂਪ ਕੋਈ ਹੋਰ ਨਹੀਂ ਜਿਹੜਾ ਉਲਟਾ ਹੋਵੇ। ਇਹ ਸਭ ਸਾਧਾਰਨ ਲੱਗ ਸਕਦਾ ਹੈ, ਪਰ ਇਉਂ ਹੈ ਨਹੀਂ। ਜਦੋਂ ਵਿਅਕਤੀ ਮਰਦਾ ਹੈ ਤਾਂ ਪ੍ਰਾਣ ਦੀ ਯਾਤਰਾ ਪੈਰਾਂ ਤੋਂ ਉੱਪਰ ਵੱਲ ਨੂੰ ਹੁੰਦੀ ਹੈ। ਵਧਦੀ ਨਿਸ਼ਕਿਰਿਅਤਾ ਦਾ ਅੰਤ ਦਿਲ-ਦਿਮਾਗ਼ ਦੇ ਅੰਤ ਨਾਲ ਹੁੰਦਾ ਹੈ। ਪ੍ਰਤੀਤ ਹੁੰਦਾ ਹੈ, ਉਸ ਸੂਖ਼ਮ ਅੰਤਰਿਕ ਕਿਰਿਆ ਦਾ ਬਾਹਰੀ ਰੂਪ ਪ੍ਰਗਟਾਵਾ ਧੰਨ ਰਾਜ ਭਗਤ ‘ਮਹਾਕਾਲ’ ਰਚਨਾ ਰਾਹੀਂ ਕਰ ਰਿਹਾ ਹੈ। ਮੂਰਤੀਘਾੜੇ ਨੇ ਸੁਚੇਤ ਹੋ ਕੇ ਅਜਿਹਾ ਕੀਤਾ ਜਾਂ ਅਚੇਤ ਹੀ ਹੋ ਗਿਆ। ਇਹ ਵੀ ਸੰਭਵ ਹੈ ਕਿ ਤਕਨੀਕੀ ਤੌਰ ’ਤੇ ਇਉਂ ਕਰਨਾ ਸੁਖਾਲਾ ਸੀ ਜਿਹੜਾ ਦੇਖਣ ਨੂੰ ਵੀ ਥੋੜ੍ਹਾ ਚੰਗਾ-ਚੰਗਾ ਲੱਗੇ।

ਇਹ ਮੂਰਤੀ ਆਪਣੇ ਜਿਹੀ ਆਪ ਹੈ। ਧੰਨ ਰਾਜ ਭਗਤ ਆਪਣੇ ਚੁਣੇ ਵਿਸ਼ਿਆਂ ਵੱਲ ਮੁੜ-ਮੁੜ ਆਉਂਦਾ ਰਿਹਾ, ਪਰ ਮੌਤ ਨਾਲ ਜੁੜੇ ਵਿਸ਼ੇ ਨੂੰ ਉਸ ਨੇ ਇਸ ਤਰ੍ਹਾਂ ਜਾਂ ਕਿਸੇ ਹੋਰ ਹਟਵੇਂ ਅੰਦਾਜ਼ ਵਿਚ ਮੁੜ ਨਹੀਂ ਛੋਹਿਆ। ਹਾਂ, ਇਹ ਖ਼ਬਰ ਮਿਲਦੀ ਰਹੀ ਕਿ ਹੋਰ ਕਲਾਕਾਰਾਂ ਨੇ ‘ਮਹਾਕਾਲ’ ਕਿਰਤ ਦੇ ਹਲਕੇ ਪ੍ਰਤਿਰੂਪ ਤਿਆਰ ਕਰ ਕੇ ਬਾਜ਼ਾਰ ਵਿਚ ਉਤਾਰੇ ਜਿਨ੍ਹਾਂ ਨੂੰ ਬਿਲਕੁਲ ਹੁੰਗਾਰਾ ਨਹੀਂ ਮਿਲਿਆ।

ਦਰਅਸਲ, ਇਹ ਮੂਰਤੀ ਬਹੁਤ ਵੱਡੀ ਨਹੀਂ ਹੈ, ਪਰ ਪ੍ਰਭਾਵ ਵਿਪਰੀਤ ਦਿੰਦੀ ਹੈ। ਸਾਰੀ ਰਚਨਾ ਪਲਾਸਟਰ ਦੀ ਬਣੀ ਹੋਈ ਹੈ। ਧੰਨ ਰਾਜ ਭਗਤ ਨੇ ਇਸ ਸਮੱਗਰੀ ਦੀ ਛੋਟੇ ਅਤੇ ਵੱਡੇ ਆਕਾਰ ਦੀਆਂ ਮੂਰਤੀਆਂ ਲਈ ਖ਼ੂਬ ਵਰਤੋਂ ਕੀਤੀ। ਪਹਿਲਾਂ ਪਤਲੇ ਸਰੀਏ ਨੂੰ ਮਰੋੜ-ਤਰੋੜ ਲੋੜ ਅਨੁਸਾਰ ਢਾਂਚਾ ਤਿਆਰ ਕਰ ਲਿਆ ਜਾਂਦਾ ਹੈ। ਉਸੇ ਢਾਂਚੇ ਨੂੰ ਪਤਲੇ ਮਜ਼ਬੂਤ ਸੀਮਿੰਟ ਪਲਾਸਟਰ ਨਾਲ ਢਕ ਲਿਆ ਜਾਂਦਾ ਹੈ। ਕਿਸੇ ਵੇਲੇ ਮੁਰਗਾ ਜਾਲੀ ਨੂੰ ਸਰੀਏ ਦੇ ਢਾਂਚੇ ਨਾਲ ਬੰਨ੍ਹਣ ਉਪਰੰਤ ਪਲਾਸਟਰ ਲਾ ਕੇ ਰੂਪ-ਆਕਾਰ ਉਸਾਰ ਲਿਆ ਜਾਂਦਾ ਰਿਹਾ। ਮੂਰਤੀ ਦੀ ਬਾਹਰੀ ਪਰਤ ਨੂੰ ਜਿਸ ਤਰ੍ਹਾਂ ਦੀ ਛੋਹ ਦੇਣੀ ਹੈ, ਉਸੇ ਅਨੁਸਾਰ ਰੇਤ, ਬੱਦਰਪੁਰ, ਬਰੀਕ ਰੋੜੀ ਨੂੰ ਵਰਤਿਆ ਜਾਂਦਾ ਰਿਹਾ ਹੈ। ਲੋੜ ਅਨੁਸਾਰ ਮੂਰਤੀ ਦਾ ਬਾਹਰੀ ਪਿੰਡਾ ਚੀਕਣਾ, ਖੁਰਦਰਾ, ਉੱਘੜ-ਦੁੱਘੜ ਹੋ ਸਕਦਾ ਹੈ।

‘ਮਹਾਕਾਲ’ ਮੂਰਤੀ ਲਈ ਦੋ ਤਕਨੀਕਾਂ ਵਰਤੀਆਂ ਹਨ। ਮੂਲ ਆਕਾਰ ਉਪਰ ਦੱਸੀ ਤਕਨੀਕ ਅਨੁਸਾਰ ਬਣਿਆ ਹੈ ਜਦੋਂਕਿ ਮਰੇ ਜਨ-ਸਮੂਹ ਵਾਸਤੇ ‘ਪ੍ਰੀ ਕਾਸਟਿੰਗ’ ਤਕਨੀਕ ਵਰਤੀ ਹੈ। ਇਸ ਮੂਰਤੀ ਦੀ ਬਾਹਰੀ ਪਰਤ ਮੁਲਾਇਮ ਅਤੇ ਰੰਗ ਸੀਮਿੰਟ-ਰੰਗ ਤੋਂ ਥੋੜ੍ਹਾ ਹਲਕਾ ਹੈ।

ਧੰਨ ਰਾਜ ਭਗਤ ਦੀ ਕਲਾ-ਯਾਤਰਾ ਲੰਮੇਰੀ ਸੀ ਜਿਸ ਨੇ ਭਾਂਤ-ਭਾਂਤ ਦੀ ਸਮੱਗਰੀ ਵਰਤਦਿਆਂ ਨਾ ਸਿਰਫ਼ ਆਧੁਨਿਕ ਮੂਰਤੀ ਸ਼ਿਲਪ ਰਚਨਾ ਦੀ ਨੀਂਹ ਰੱਖੀ ਸਗੋਂ ਉਸ ਨੂੰ ਉਸ ਸੋਚ ਤੋਂ ਵੀ ਮੁਕਤ ਕੀਤਾ ਜਿਸ ਨਾਲ ਮੂਰਤੀਆਂ ਦਾ ਨਾਮ ਨੱਥੀ ਹੋ-ਹੋ ਦ੍ਰਿੜ੍ਹ ਹੋ ਚੁੱਕਾ ਸੀ। ਜਦ ਵੀ ਮੂਰਤੀ ਦਾ ਜ਼ਿਕਰ ਹੁੰਦਾ ਤਾਂ ਵਿਅਕਤੀ ਦਾ ਧਿਆਨ ਮੰਦਰ ਅੰਦਰ ਸਥਾਪਤ ਮੂਰਤੀਆਂ ਵੱਲ ਚਲਾ ਜਾਂਦਾ। ਧੰਨ ਰਾਜ ਭਗਤ ਨੇ ਮੂਰਤੀ ‘ਸਕਲਪਚਰ’ ਨੂੰ ਉਸ ਦੇ ਧਾਰਮਿਕ ਪ੍ਰਭਾਵ ਤੋਂ ਮੁਕਤ ਕਰਨ ਦਾ ਯਤਨ ਕੀਤਾ। ਉਸ ਨੇ ਮੂਰਤੀ ਦੀ ਸੁਤੰਤਰ ਹੋਂਦ ਨੂੰ ਕਾਇਮ ਕਰਨ ਦੇ ਨਾਲ-ਨਾਲ ਪ੍ਰਚੱਲਿਤ ਵੀ ਕੀਤਾ ਤਾਂ ਕਿ ਆਉਣ ਵਾਲੇ ਬੁੱਤਸਾਜ਼ਾਂ ਦਾ ਰਾਹ ਮੋਕਲਾ ਹੋ ਸਕੇ। ਧੰਨ ਰਾਜ ਭਗਤ ਦੀ ‘ਮਹਾਕਾਲ’ ਉਪਰ ਕੀ ਕਿਸੇ ਵਾਪਰ ਚੁੱਕੀ ਮਹਾਮਾਰੀ ਦਾ ਪ੍ਰਛਾਵਾਂ ਹੈ? ਕੀ ਇਸ ਨੂੰ ਵਾਪਰ ਰਹੀ ਜਾਂ ਵਾਪਰਨ ਵਾਲੀ ਕਿਸੇ ਮਹਾਮਾਰੀ ਲਈ ਵਰਤਿਆ ਜਾ ਸਕਦਾ ਹੈ? ਅਜਿਹੀ ਖਿੱਚ-ਧੂਹ ਬੇਮਾਅਨਾ ਪ੍ਰਤੀਤ ਹੁੰਦੀ ਹੈ। ਇਸ ਦੇ ਬਾਵਜੂਦ ਇਹ ਮੂਰਤੀ ਮਨੁੱਖੀ ਜੀਵਨ ਚੱਕਰ ਦੇ ਸਿਖਰਲੇ ਸਾਹ-ਸਤਹੀਣ ਖਿਣ ਦਾ ਰੂਪਾਂਤਰ ਪ੍ਰਭਾਵੀ ਰੂਪ ਵਿਚ ਕਰ ਰਹੀ ਹੈ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All