ਪਾਵੇਲ ਕੁੱਸਾ
ਦਹਾਕਾ ਪੁਰਾਣੀ ਇਸ ਤਸਵੀਰ ਨੂੰ ਇਨ੍ਹੀਂ ਦਿਨੀਂ ਗਹੁ ਨਾਲ ਵਾਚਣ ਦੀ ਜ਼ਰੂਰਤ ਹੈ। ਇਨ੍ਹੀਂ ਦਿਨੀਂ ਇਸ ਕਰਕੇ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀ ਚਰਚਾ ਹੋ ਰਹੀ ਹੈ। ਭਵਿੱਖ ਬਦਲ ਦੇਣ ਦੀਆਂ ਦਾਅਵੇਦਾਰੀਆਂ ਹਨ, ਇਨ੍ਹਾਂ ਦਾਅਵੇਦਾਰੀਆਂ ਤੋਂ ਕਈ ਉਮੀਦਾਂ ਜਾਗ ਰਹੀਆਂ ਹਨ ਤੇ ਟੁੱਟ ਵੀ ਰਹੀਆਂ ਹਨ। ਪੰਜਾਬ ਦਾ ਭਵਿੱਖ ਕੀ ਹੈ? ਇਹ ਸਵਾਲ ਨਿੱਤ ਦਿਨ ਹਵਾ ਵਿਚ ਲਟਕਦਾ ਹੈ। ਇਸ ਲਟਕਦੇ ਸਵਾਲ ਦਾ ਜਵਾਬ ਇਸ ਤਸਵੀਰ ਦੇ ਹਵਾਲੇ ਨਾਲ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਜੇ ਦਹਾਕਾ ਪੁਰਾਣੇ ਅਤੀਤ ਦੀ ਇਹ ਤਸਵੀਰ ਸਾਡੇ ਵਰਤਮਾਨ ਉੱਤੇ ਗੂੜ੍ਹਾ ਪ੍ਰਛਾਵਾਂ ਹੋ ਕੇ ਉੱਘੜੀ ਹੈ ਤਾਂ ਲਾਜ਼ਮੀ ਹੀ ਇਸ ਵਿਚੋਂ ਭਵਿੱਖ ਦੀਆਂ ਸੈਨਤਾਂ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਇਹ ਤਸਵੀਰ ਅਕਤੂਬਰ 2011 ਵਿਚ ਮਾਨਸਾ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਦੇ ਖੇਤਾਂ ਦੀ ਹੈ। ਇਹ ਉਹ ਖੇਤ ਹਨ ਜਿਨ੍ਹਾਂ ਨੂੰ ਇੱਕ ਕਾਰਪੋਰੇਟ ਕੰਪਨੀ ਨੇ ਬਿਜਲੀ ਪੈਦਾਵਾਰ ਵਾਲੇ ਥਰਮਲ ਪਲਾਂਟ ਲਾਉਣ ਲਈ ਐਕਵਾਇਰ ਕੀਤਾ ਜਾ ਰਿਹਾ ਸੀ। ਪਿੰਡ ਦੇ ਲੋਕ ਇਸ ਜਬਰੀ ਜ਼ਮੀਨ ਐਕਵਾਇਰ ਦੇ ਫਰਮਾਨਾਂ ਖ਼ਿਲਾਫ਼ ਡਟ ਗਏ। ਪੰਜਾਬ ਦੀ ਜਥੇਬੰਦ ਕਿਸਾਨ ਲਹਿਰ ਨੇ ਇਸ ਉਜਾੜੇ ਖ਼ਿਲਾਫ਼ ਮੋਰਚਾ ਮੱਲ ਲਿਆ ਅਤੇ ਕਈ ਮਹੀਨੇ ਦੇ ਸਿਦਕੀ ਸੰਘਰਸ਼ ਨਾਲ ਖੇਤਾਂ ਦੀ ਰਾਖੀ ਕੀਤੀ। ਇਹ ਤਸਵੀਰ ਉਸ ਸੰਘਰਸ਼ ਦੀ ਗਾਥਾ ਬਿਆਨਦੀ ਹੈ। ਉਦੋਂ ਔਰਤਾਂ ਦੇ ਸਿਦਕ ਨੂੰ ਹਰਾਇਆ ਨਹੀਂ ਜਾ ਸਕਿਆ ਸੀ।
ਤਸਵੀਰ ਵਿਚੋਂ ਉਭਰਦਾ ਕੇਂਦਰੀ ਪ੍ਰਭਾਵ ਜਾਬਰ ਸੱਤਾ ਤੋਂ ਨਾਬਰੀ ਦਾ ਹੈ। ਲੋਕ ਸਾਂਝ ਦੇ ਜ਼ੋਰ ਉੱਤੇ ਉੱਭਰੀ ਨਾਬਰੀ ਦਾ ਹੈ। ਸੱਤਾ ਜਿਸ ਕੋਲ ਆਪਣੀ ਮਨਵਾਉਣ ਲਈ ਡਾਂਗ ਦਾ ਜ਼ੋਰ ਹੈ, ਨੂੰ ‘ਵਿਕਾਸ’ ਲਈ ਇਸ ਡਾਂਗ ਦੀ ਜ਼ਰੂਰਤ ਪੈਂਦੀ ਹੈ। ਇਸ ਉੱਚੀ ਉੱਠੀ ਹੋਈ ਡਾਂਗ ਤੋਂ ਬਿਨਾਂ ਇਹ ਲੋਕਾਂ ਨੂੰ ਵਿਕਾਸ ਦੀ ਜ਼ਰੂਰਤ ਸਮਝਾ ਨਹੀਂ ਸਕਦੀ। ਪੁਲੀਸ ਦੀਆਂ ਧਾੜਾਂ ਪਿੰਡ ਦੇ ਲੋਕਾਂ ਨੂੰ ਇਹ ‘ਸਮਝਾਉਣ’ ਲਈ ਆਈਆਂ ਹਨ ਕਿ ਕਾਰਪੋਰੇਟ ਕੰਪਨੀ ਨੂੰ ਜ਼ਮੀਨ ਦੇਣ ਨਾਲ ਪਿੰਡ ਅਤੇ ਇਲਾਕੇ ਦਾ ਵਿਕਾਸ ਕਿਵੇਂ ਹੋਵੇਗਾ! ਤਸਵੀਰ ਪੰਜਾਬ ਵਿਚ ਹੋਏ ‘ਵਿਕਾਸ’ ਦੇ ਸੁਭਾਅ ਅਤੇ ਇਸ ਦੀ ਕੀਮਤ ਦਾ ਭੇਤ ਵੀ ਦਿੰਦੀ ਹੈ ਪਰ ਪਿੰਡ ਦੀ ਲੋਕਾਈ ਨਾਬਰ ਹੈ, ਇਹ ਤਸਵੀਰ ਉਸ ਨਾਬਰੀ ਦਾ ਸਭ ਤੋਂ ਜ਼ਾਹਰਾ ਇਜ਼ਹਾਰ ਹੈ।
ਇਹ ਅਜਿਹੀ ਨਾਬਰੀ ਹੈ ਜਿਸ ਪਿੱਛੇ ਪੰਜਾਬ ਦੇ ਕਿਰਤੀਆਂ ਦੀ ਸਦੀਆਂ ਦੀ ਰਵਾਇਤ ਹੈ, ਵਿਦੇਸ਼ੋਂ ਆਏ ਹਮਲਾਵਰਾਂ ਸਾਹਮਣੇ ਡਟ ਜਾਣ ਦੀ ਰਵਾਇਤ। ਇਹ ਹਮਲਾਵਰ ਕੋਈ ਵੀ ਭੇਸ ਧਾਰ ਕੇ ਆਉਣ, ਇਨ੍ਹਾਂ ਨੂੰ ਟੱਕਰ ਮਿਲਦੀ ਰਹੀ ਹੈ। ਪੰਜਾਬੀ ਇਸ ਰਵਾਇਤ ਉੱਤੇ ਫਖ਼ਰ ਕਰਦੇ ਹਨ। ਇਹ ਤਸਵੀਰ ਨਾਬਰੀ ਦੀ ਰਵਾਇਤ ਦੀ ਬੁਲੰਦੀ ਕਾਇਮ ਰਹਿਣ ਦੀ ਗਵਾਹੀ ਹੈ। ਦਹਾਕਾ ਪਹਿਲਾਂ ਜਦੋਂ ਪੰਜਾਬ ਨੂੰ ਬੇ-ਆਸ ਧਰਤੀ ਕਰਾਰ ਦਿੱਤਾ ਜਾ ਰਿਹਾ ਸੀ, ਜਦੋਂ ਪੰਜਾਬੀ ਚਿੰਤਕਾਂ ਅੰਦਰ ਪੰਜਾਬੀਆਂ ਦੇ ਸੰਘਰਸ਼ ਨਾ ਕਰ ਸਕਣ ਅਤੇ ਨਿਰਾਸ਼ਾ ਦੇ ਆਲਮ ਦੇ ਹੋਰ ਡੂੰਘਾ ਪਸਰ ਜਾਣ ਦੇ ਫਿਕਰਾਂ ਦੀ ਗੱਲ ਹੋ ਰਹੀ ਸੀ ਤਾਂ ਉਦੋਂ ਪੰਜਾਬ ਦੀ ਧਰਤੀ ਉੱਤੇ ਨਾਬਰੀ ਦੀ ਇਸ ਰਵਾਇਤ ਨੂੰ ਮਘਦੀ ਰੱਖਿਆ ਜਾ ਰਿਹਾ ਸੀ। ਉਹ ਰਵਾਇਤ ਜਿਹੜੀ ਫਿਰ ਕਿਸਾਨ ਸੰਘਰਸ਼ ਦੌਰਾਨ ਮੁੜ ਜੋਬਨ ਤੇ ਆ ਕੇ ਧੜਕੀ। ਇਹ ਤਸਵੀਰ ਉਸ ਨੂੰ ਔਖੇ ਸਮਿਆਂ ਵਿਚ ਜਿਊਂਦੇ ਰੱਖਣ ਵਾਲੇ ਸਿਦਕਵਾਨਾਂ ਦੀ ਯਾਦ ਦਿਵਾਉਂਦੀ ਹੈ। ਜਦੋਂ ਜਵਾਨੀ ਨਸ਼ਿਆਂ ਦਾ ਕਹਿਰ ਝੱਲ ਰਹੀ ਸੀ, ਕਿਸਾਨੀ ਗਲਾਂ ਵਿਚ ਫਾਹੇ ਪਾ ਰਹੀ ਸੀ ਤਾਂ ਇਕ ਰੁਝਾਨ ਇਹ ਵੀ ਸੀ। ਇਹ ਯਾਦ ਦਿਵਾਉਂਦੀ ਹੈ ਕਿ ਕਿਸਾਨ ਸੰਘਰਸ਼ ਅੰਦਰ ਮਕਬੂਲ ਹੋ ਕੇ ਘਰਾਂ ਦੇ ਬਨੇਰਿਆਂ ਤੇ ਫੈਲ ਗਏ ਇਨ੍ਹਾਂ ਝੰਡਿਆਂ ਨੂੰ ਪਹਿਲਾਂ ਕਿਨ੍ਹਾਂ ਹਾਲਾਤ ਵਿਚ ਝੂਲਦੇ ਰੱਖਿਆ ਗਿਆ ਸੀ। ਇਹ ਤਸਵੀਰ ਸੰਘਰਸ਼ ਦੇ ਰੁਝਾਨ ਦੀ ਨੁਮਾਇੰਦਾ ਤਸਵੀਰ ਹੋ ਨਿੱਬੜਦੀ ਹੈ।
ਮੁਲਕ ਦੀ ਕਿਸਾਨੀ ਨੂੰ ਝੰਜੋੜ ਕੇ ਜਗਾ ਦੇਣ ਵਾਲੇ ਇਤਿਹਾਸਕ ਕਿਸਾਨ ਸੰਘਰਸ਼ ਦੋ ਪਿਛੋਕੜ ਵਿਚ ਵੀ ਇਸ ਤਸਵੀਰ ਨੂੰ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੰਜਾਬ ਦੇ ਵਰਤਮਾਨ ਉੱਤੇ ਗੂੜ੍ਹਾ ਪ੍ਰਛਾਵਾਂ ਬਣ ਕੇ ਉੱਕਰੀ ਗਈ ਹੈ; ਕਿਵੇਂ ਇਸ ਤਸਵੀਰ ਵਿਚੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠੀਆਂ ਸਿਦਕਵਾਨ ਵੀਰਾਂਗਣਾਂ ਦੀਆਂ ਹਜ਼ਾਰਾਂ ਤਸਵੀਰਾਂ ਨੇ ਜਨਮ ਲਿਆ ਹੈ। ਅਜਿਹੀਆਂ ਤਸਵੀਰਾਂ ਪੂਰੀ ਦੁਨੀਆ ਵਿਚ ਜਾਬਰਾਂ ਦੀ ਸੱਤਾ ਤੋਂ ਕਿਰਤੀ ਲੋਕਾਂ ਦੀ ਨਾਬਰੀ ਦਾ ਪ੍ਰਤੀਕ ਹੋ ਕੇ ਉੱਭਰੀਆਂ ਹਨ। ਇਹ ਤਸਵੀਰ ਸਾਲ ਭਰ ਲਈ ਦਿੱਲੀ ਦੇ ਬਾਰਡਰਾਂ ਤੇ ਫ਼ੈਲ ਗਈ ਜਾਪਦੀ ਹੈ। ਕੇਂਦਰ ਸਰਕਾਰ ਖ਼ਿਲਾਫ਼ ਜੂਝਦੀ ਪੰਜਾਬ ਦੀ ਮਿਹਨਤਕਸ਼ ਲੋਕਾਈ ਇਸ ਤਸਵੀਰ ਤੋਂ ਉਤਸ਼ਾਹ ਤੇ ਪ੍ਰੇਰਨਾ ਲੈਂਦੀ ਰਹੀ ਹੈ। ਇਹ ਤਸਵੀਰ ਵਾਰ ਵਾਰ ਸੋਸ਼ਲ ਮੀਡੀਆ ਤੇ ਘੁੰਮਦੀ ਰਹੀ ਹੈ।
ਇਹ ਤਸਵੀਰ ਇਸ ਸਵਾਲ ਦਾ ਜਵਾਬ ਵੀ ਦਿੰਦੀ ਹੈ ਕਿ ਖੇਤੀ ਕਾਨੂੰਨਾਂ ਖਿ਼ਲਾਫ਼ ਇਤਿਹਾਸਕ ਕਿਸਾਨ ਸੰਘਰਸ਼ ਅੰਦਰ ਪੰਜਾਬ ਕਿਉਂ ਮੋਹਰੀ ਹੋ ਨਬਿੜਿਆ ਸੀ। ਇਹ ਨਾ ਸਿਰਫ਼ ਗੋਬਿੰਦਪੁਰੇ ਦਾ ਸੰਘਰਸ਼ ਸੀ ਸਗੋਂ ਉਸ ਤੋਂ ਵੀ ਪਹਿਲਾਂ ਟਰਾਈਡੈਂਟ ਕੰਪਨੀ ਲਈ ਬਰਨਾਲੇ ਜਿ਼ਲ੍ਹੇ ਦੇ ਤਿੰਨ ਪਿੰਡਾਂ ਵਿਚ ਐਕਵਾਇਰ ਕੀਤੀ ਜ਼ਮੀਨ ਖਿ਼ਲਾਫ਼ ਸੰਘਰਸ਼ ਵੀ ਸੀ ਜਿਸ ਨੇ ਪੰਜਾਬੀ ਕਿਸਾਨਾਂ ਨੂੰ ਖੇਤੀ ਜ਼ਮੀਨਾਂ ਉੱਤੇ ਕਾਰਪੋਰੇਟ ਧਾਵੇ ਬਾਰੇ ਸੁਚੇਤ ਕਰ ਦਿੱਤਾ ਸੀ ਤੇ ਇਸ ਧਾਵੇ ਖ਼ਿਲਾਫ਼ ਜੂਝਣ ਦਾ ਮੁੱਢਲਾ ਅਭਿਆਸ ਵੀ ਕਰਵਾ ਦਿੱਤਾ ਸੀ। ਕਿਸਾਨੀ ਦਾ ਮੱਥਾ ਰਾਜ ਭਾਗ ਦੀਆਂ ਜਾਬਰ ਸ਼ਕਤੀਆਂ ਨਾਲ ਲੱਗ ਚੁੱਕਾ ਸੀ ਤੇ ਉਹ ਅਜਿਹੀ ਜਦੋ-ਜਹਿਦ ਦੀ ਤਿਆਰੀ ਦੇ ਅਰਸੇ ਵਿਚੋਂ ਗੁਜ਼ਰ ਚੁੱਕੀ ਸੀ। ਸਭ ਤੋਂ ਵਧ ਕੇ ਉਸ ਨੇ ਇਨ੍ਹਾਂ ਕਈ ਸਥਾਨਕ ਜਦੋ-ਜਹਿਦਾਂ ਰਾਹੀਂ ਆਪਣੇ ਆਪ ਨੂੰ ਅਜਿਹੀ ਤਾਕਤ ਵਜੋਂ ਜਥੇਬੰਦ ਕਰ ਲਿਆ ਹੋਇਆ ਸੀ ਜਿਹੜੀ ਵੱਡੇ ਧਨਾਢਾਂ ਦੇ ਹੱਲੇ ਮੂਹਰੇ ਢਾਲ ਬਣ ਸਕਦੀ ਸੀ ਤੇ ਜੂਝਣ ਦਾ ਹੌਸਲਾ ਜੁਟਾ ਸਕਦੀ ਸੀ। ਖੇਤੀ ਕਾਨੂੰਨਾਂ ਦੇ ਕਾਰਪੋਰੇਟ ਧਾਵੇ ਮੂਹਰੇ ਇਹ ਢਾਲ ਕਈ ਗੁਣਾ ਹੋ ਕੇ ਫੈਲ ਗਈ ਤੇ ਹਕੂਮਤੀ ਫਰਮਾਨਾਂ ਸਾਹਮਣੇ ਅੜ ਗਈ। ਬੀਤੇ ਦੌਰਾਨ ਹੋਈਆਂ ਇਨ੍ਹਾਂ ਜਦੋ-ਜਹਿਦਾਂ ਮੌਕੇ ਵਿਕਸਿਤ ਕੀਤੀਆਂ ਸੰਘਰਸ਼ ਨੀਤੀਆਂ ਭਰ ਜੋਬਨ ਤੇ ਆਈਆਂ ਤੇ ਹੋਰਨਾਂ ਸੂਬਿਆਂ ਦੀ ਕਿਸਾਨੀ ਲਈ ਵੀ ਰਾਹ ਦਰਸਾਵਾ ਬਣ ਗਈਆਂ। ਇਨ੍ਹਾਂ ਜਦੋ-ਜਹਿਦਾਂ ਦੀ ਕਮਾਈ ਅਰਥ ਭਰਪੂਰ ਹੋ ਨਬਿੜੀ ਅਤੇ ਪੰਜਾਬ ਦੀ ਕਿਸਾਨੀ ਮੁਲਕ ਦੀ ਕਿਸਾਨੀ ਦਾ ਮੋਹਰੀ ਦਸਤਾ ਹੋ ਕੇ ਨਿਭ ਸਕੀ।
ਤਸਵੀਰ ਵਿਚ ਜ਼ਾਹਿਰ ਹੋ ਰਹੀ ਨਾਬਰੀ ਦੀ ਸਿਖਰ ਕਿਸਾਨ ਔਰਤ ਦੇ ਹੱਥ ਵਿਚ ਸੰਘਰਸ਼ ਦੇ ਝੰਡੇ ਦਾ ਉੱਚਾ ਹੋਣਾ ਹੈ। ਇਹ ਝੰਡਾ ਜਿਨ੍ਹਾਂ ਸਾਹਮਣੇ ਉੱਚਾ ਹੋ ਰਿਹਾ ਹੈ, ਉਹ ਘੋੜਿਆਂ ਤੇ ਚੜ੍ਹੇ ਮਰਦ ਹਨ, ਉਹ ਰਾਜ ਸੱਤਾ ਦੇ ਨੁਮਾਇੰਦੇ ਹਨ ਪਰ ਮਰਦਾਵੀਂ ਸੱਤਾ ਸਾਹਮਣੇ ਤਣੀ ਖੜ੍ਹੀ ਔਰਤ ਨਿਤਾਣੀ ਜਾਂ ਵਿਚਾਰੀ ਨਹੀਂ। ਉਹ ਮਰਦਾਂ ਦੀ ਜਮਾਤੀ ਸੱਤਾ ਦੇ ਦੂਹਰੇ ਦਾਬੇ ਨੂੰ ਚੁਣੌਤੀ ਦੇ ਰਹੀ ਹੈ। ਇਹ ਉਨ੍ਹਾਂ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜਿਨ੍ਹਾਂ ਨੇ ਖੇਤੀ ਸੰਕਟ ਵੱਡੇ ਜਿਗਰੇ ਨਾਲ ਝੱਲਿਆ; ਜਿਨ੍ਹਾਂ ਨੇ ਇਸ ਸੰਕਟ ਵੱਲੋਂ ਨਿਗਲ ਲਏ ਗਏ ਪੁੱਤਾਂ/ਪਤੀਆਂ ਦੀਆਂ ਲਾਸ਼ਾਂ ਨੂੰ ਹੱਥੀਂ ਤੋਰ ਕੇ ਜਿ਼ੰਦਗੀ ਦੀ ਗੱਡੀ ਨੂੰ ਰਿੜ੍ਹਦੇ ਰੱਖਿਆ ਹੈ; ਜਿਨ੍ਹਾਂ ਦੇ ਇਸ ਸਿਦਕ ਨੂੰ ਇਕ ਦਸਤਾਵੇਜ਼ੀ ਫਿਲਮਕਾਰ ਨੇ ਹਵਾ ਸਾਹਵੇਂ ਜਗਦੀਆਂ ਮੋਮਬੱਤੀਆਂ ਦੀ ਤਸ਼ਬੀਹ ਦਿੱਤੀ ਸੀ। ਝੱਖੜਾਂ ਸਾਹਮਣੇ ਜਗਣ ਦੀ, ਲਟ ਲਟ ਬਲਣ ਦੀ ਇਹ ਤਾਕਤ ਇਨ੍ਹਾਂ ਧਰਤ ਜਾਈਆਂ ਨੇ ਕਿਰਤਾਂ ਦੇ ਸਮੁੱਚੇ ਅਮਲ ਵਿਚੋਂ ਹਾਸਲ ਕੀਤੀ ਹੈ। ਇਹ ਤਾਕਤ ਚੇਤਨਾ ਵਿਚ ਵਟ ਕੇ ਅਜਿਹਾ ਇਰਾਦਾ ਹੋ ਨਿੱਬੜਦੀ ਹੈ ਜਿਸ ਦਾ ਪ੍ਰਭਾਵ ਇਸ ਤਸਵੀਰ ਵਿਚੋਂ ਵੀ ਉੱਭਰਦਾ ਹੈ ਤੇ ਜਿਹੜਾ ਪ੍ਰਭਾਵ ਸੰਸਾਰ ਹੁਣੇ ਹੀ ਹੰਢਾਉਣ ਦੇ ਅਮਲ ਵਿਚੋਂ ਲੰਘਿਆ ਹੈ।
ਇਹ ਤਸਵੀਰ ਰਾਜ ਸੱਤਾ ਅਤੇ ਲੋਕਾਂ ਦੇ ਰਿਸ਼ਤੇ ਦੀ ਸਨਦ ਵੀ ਬਣਦੀ ਹੈ। ਇਹ ਸਨਦ ਹੁਣ ਜ਼ਰੂਰ ਨਜ਼ਰਾਂ ਸਾਹਵੇਂ ਕਰ ਲੈਣੀ ਚਾਹੀਦੀ ਹੈ। ਅੱਜ ਜਿਸ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਉਸ ਵਿਕਾਸ ਦਾ ਤਜਰਬਾ ਲੋਕਾਂ ਨੇ ਕਿਵੇਂ ਹੰਢਾਇਆ ਹੈ, ਇਸ ਤਸਵੀਰ ਦੇ ਹਵਾਲੇ ਨਾਲ ਬੀਤੇ ਦੋ ਦਹਾਕਿਆਂ ਦਾ ਪੰਜਾਬ ਦਾ ਅਤੀਤ ਫਰੋਲਣਾ ਚਾਹੀਦਾ ਹੈ। ਪੰਜਾਬ ਵਿਚ ਉਗਾ ਦਿੱਤੇ ਗਏ ਕਾਰਪੋਰੇਟਾਂ ਦੇ ਥਰਮਲਾਂ ਦੀਆਂ ਦੀਆਂ ਬਰਕਤਾਂ ਨਾਲ ਇਸ ਤਸਵੀਰ ਦੀਆਂ ਤੰਦਾਂ ਜੋੜਨੀਆਂ ਚਾਹੀਦੀਆਂ ਹਨ।
ਕਿਰਤੀ ਪੰਜਾਬੀਆਂ ਅੰਦਰ ਨਾਬਰੀ ਦਾ ਇਹ ਜਜ਼ਬਾ ਹੀ ਪੰਜਾਬ ਦੀ ਆਸ ਹੈ। ਕਿਸਾਨ ਸੰਘਰਸ਼ ਦੌਰਾਨ ਇਹ ਨਾਬਰੀ ਹੀ ਕਿਸਾਨੀ ਦੀ ਤਾਕਤ ਬਣ ਕੇ ਉੱਭਰੀ। ਇਹ ਆਸ ਪੰਜਾਬੀ ਕਿਰਤੀ ਲੋਕਾਂ ਦੇ ਨਾਬਰੀ ਦੇ ਜਜ਼ਬੇ ਵਿਚ ਹੈ। ਇਸ ਦਾ ਕਾਇਮ ਰਹਿਣਾ ਅਤੇ ਅਗਲੀ ਬੁਲੰਦੀ ਉੱਤੇ ਜਾਣਾ ਜ਼ਰੂਰੀ ਹੈ। ਇਸ ਜਜ਼ਬੇ ਦਾ ਹਕੀਕੀ ਬੁਨਿਆਦੀ ਬਦਲਾਓ ਦੀ ਚੇਤਨਾ ਵਿਚ ਬਦਲਣਾ ਇਸ ਦਾ ਅਗਲਾ ਪੰਧ ਹੈ ਜਿਹੜਾ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੇ ਰਲ ਕੇ ਤੈਅ ਕਰਨਾ ਹੈ। ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟਾਂ ਨੇ ਜਿਵੇਂ ਆਉਂਦੇ ਸਮੇਂ ਅੰਦਰ ਲੋਕਾਂ ਉੱਤੇ ਮੜ੍ਹੇ ਜਾਣਾ ਹੈ, ਉਵੇਂ ਹੀ ਇਸ ਜਜ਼ਬੇ ਅਤੇ ਇਸ ਜਜ਼ਬੇ ਦੇ ਸਿਆਸੀ ਚੇਤਨਾ ਨਾਲ ਗੁੰਦੇ ਜਾਣ ਦੀ ਲੋੜ ਹੋਰ ਤਿੱਖੀ ਹੋਣੀ ਹੈ।
ਸੰਪਰਕ: pavelnbs11@gmail.com