ਆਓ ਰਲ਼ ਕੇ ਬਚਾਈਏ ਆਪਣਾ ਪੰਜਾਬ

ਆਓ ਰਲ਼ ਕੇ ਬਚਾਈਏ ਆਪਣਾ ਪੰਜਾਬ

ਜਗਦੀਪ ਸਿੰਘ ਭੁੱਲਰ

ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਸੋਚ ਕੇ ਗੱਚ ਭਰ ਆਉਂਦਾ ਹੈ। ਰਾਜਨੀਤੀ ਦੇ ਗੰਧਲੇ ਮਾਹੌਲ ਵਿਚ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਅਹਿਮ ਮਸਲੇ ਹਾਸ਼ੀਆਗਤ ਹੋ ਰਹੇ ਹਨ। ਸੱਚਮੁੱਚ ਹੀ ਰਾਜਨੀਤੀ ਦੀ ਰੌਲ-ਗਦੌਲ ਵਿਚ ਬਾਪੂ ਪੰਜਾਬ ਸਿਉਂ ਕਮਜ਼ੋਰੀ ਫੜ ਗਿਆ ਹੈ। ਰਾਜਨੀਤੀ ਦੇ ਸੇਕ ਨੇ ਬਾਪੂ ਪੰਜਾਬ ਸਿਉਂ ਦੀ ਦਾਹੜੀ ਅਤੇ ਮੁੱਛਾਂ ਕਰੜ-ਬਰੜੀਆਂ ਕਰ ਦਿੱਤੀਆਂ, ਜੋ ਉਸ ਦੀ ਅਣਖ ਆਬਰੂ ਦੀਆਂ ਪ੍ਰਤੀਕ ਹਨ। ਬਾਪੂ ਦੇ ਵਾਰਸ ਅਤੇ ਹਮਾਇਤੀ ਕਹਾਉਣ ਵਾਲਿਆਂ ਨੇ ਵੀ ਇਸ ਦੀਆ ਬੇੜੀਆਂ ਵਿਚ ਵੱਟੇ ਪਾਉਣ ’ਚ ਕੋਈ ਕਸਰ ਨਹੀਂ ਛੱਡੀ। ਬਾਪੂ ਦਾ ਸੁਡੌਲ ਜੁੱਸਾ, ਮਾਰੂ ਅਲਾਮਤਾਂ ਕਾਰਨ ਪਿੰਜਰ ਬਣਦਾ ਜਾ ਰਿਹਾ ਹੈ। ਇਸ ਦੇ ਸਿਰ ’ਤੇ ਚੌਧਰ ਕਰਨ ਵਾਲੇ ਇਸ ਦਾ ਕੱਖ ਨਹੀਂ ਸੰਵਾਰ ਸਕੇ। ਸਭਨਾਂ ਨੇ ‘ਖਾਧਾ ਪੀਤਾ ਲਾਹੇ ਦਾ’ ਵਾਲੀ ਸੋਚ ਰੱਖੀ ਹੈ। ਹਰ ਕੋਈ ਇਸ ਦਾ ਮਾਸ ਨੋਚਣ ’ਤੇ ਤੁਲਿਆ ਹੈ। ਏਨਾ ਕੁਝ ਪਿੰਡੇ ’ਤੇ ਹੰਢਾ ਕੇ ਵੀ ਬਾਪੂ ਅੰਦਰ ਹਾਲੇ ਜਿਉਣ ਦੀ ਚਾਹਤ ਅਤੇ ਆਸ ਦੀ ਕਿਰਨ ਬਾਕੀ ਹੈ ਜੋ ਉਸ ਨੂੰ ਹਰਦਮ ਧੁਖਦਾ ਰੱਖਦੀ ਹੈ। ਪੰਜਾਬ ਸਿਉਂ ਨੇ ਪਿੰਡੇ ‘ਤੇ ਐਨੀਆਂ ‘ਵਾਵਾਂ ਝੱਲੀਆਂ, ਸਵਾ ਲੱਖ ਨਾਲ ਲੜਦਾ ਵੀ ਕਦੇ ਡੋਲਿਆ ਨਹੀਂ ਸੀ, ਸਭ ਦੇ ਦੰਦ ਖੱਟੇ ਕਰ ਦਿੰਦਾ ਸੀ ਪਰ ਹੁਣ ਉਸ ਅੰਦਰ ਪਹਿਲਾਂ ਵਾਲਾ ਉਜ਼ਰ ਨਹੀਂ ਰਿਹਾ, ਸਮੇਂ ਦੇ ਥਪੇੜਿਆ ਨੇ ਕਮਜ਼ੋਰ ਕਰ ਦਿੱਤਾ।

ਬਾਪੂ ਦੇ ਕੁਝ ਹਮਾਇਤੀ ਇਸ ਦੇ ਸੁਪਨੇ ਸਾਕਾਰ ਕਰਨ ਲਈ ਤਤਪਰ ਹਨ ਪਰ ਉਨ੍ਹਾਂ ’ਤੇ ਸਮੇਂ ਦੇ ਹਾਕਮਾਂ ਦਾ ਕਹਿਰ ਵਰ੍ਹਦਾ ਰਹਿੰਦਾ ਹੈ। ਦਿੱਲੀ ਦੇ ਕਿੰਗਰੇ ਢਾਹੁਣ ਦੀ ਸੋਚ ਲੈ ਕੇ ਹੁਣ ਕੋਈ ਦੁੱਲਾ ਭੱਟੀ ਅੱਗੇ ਆਉਂਦਾ ਨਹੀਂ ਦਿਖਾਈ ਦਿੰਦਾ। ਵਕਤ ਦਾ ਝੰਬਿਆ ਬਾਪੂ ਸਭ ਨੂੰ ਪਛਾਨਣ ਤੋਂ ਵੀ ਅਸਮਰੱਥ ਜਾਪਦਾ ਹੈ, ਕਿਉਂਕਿ ਹੁਣ ਉਸ ਦੇ ਮੋਟੇ ਸ਼ੀਸ਼ੇ ਵਾਲੀ ਐਨਕ ਜੋ ਲੱਗ ਗਈ ਹੈ, ਜਿਸ ਵਿਚੋਂ ਉਸ ਨੂੰ ਸਭ ਧੁੰਦਲਾ ਦਿਖਾਈ ਦਿੰਦਾ ਹੈ। ਬਾਪੂ ਦੇ ਤਾਂ ਪੁੱਤ-ਪੋਤਰੇ ਵੀ ਬੁਰੀਆਂ ਅਲਾਮਤਾਂ ਦੀ ਦਲਦਲ ਵਿਚ ਗਰਕ ਰਹੇ ਹਨ। ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਝੰਬੇ ਉਹ ਬਾਪੂ ਦੀ ਅਮੀਰ ਵਿਰਾਸਤ ਅਤੇ ਉਸ ਦੇ ਪੂਰੇ ਸੰਸਾਰ ਵਿਚ ਰੁਤਬੇ ਨੂੰ ਸਮਝਣੋਂ ਅਸਮਰੱਥ ਜਾਪਦੇ ਹਨ। ਬਾਪੂ ਬਥੇਰਾ ਚੀਖ-ਚਿਹਾੜਾ ਪਾਉਂਦਾ ਹੈ ਕਿ ‘ਮੈਨੂੰ ਬਚਾਲੋ ਉਏ, ਪੁੱਤਰੋ ਜੇ ਬਚਾ ਹੁੰਦਾ ਤਾਂ, ਮੈਂ ਰੋਜ਼ ਤਿਲ-ਤਿਲ ਘਟਦਾ ਜਾ ਰਿਹਾਂ’ ਪਰ ਉਨ੍ਹਾਂ ਕੋਲ ਇਕੋ ਬਹਾਨਾ ਹੈ ਕਿ ‘ਅਸੀਂ ਮਾੜੇ ਪ੍ਰਬੰਧ ਦੀ ਪੈਦਾਇਸ਼ ਹਾਂ, ਸਾਡੇ ਤਾਂ ਆਵਦੇ ਮਸਲੇ ਨੀ ਲੋਟ ਆਉਂਦੇ, ਤੇਰਾ ਕੀ ਕਰੀਏ, ਸਾਡੇ ਤਾਂ ਆਪ ਬੇਰੁਜ਼ਗਾਰੀ ਨੇ ਵੱਟ ਕੱਢੇ ਪਏ ਆ’। ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਅਜਿਹੇ ਮਾਰੂ ਸਿਸਟਮ ਨਾਲ ਬਾਪੂ ਬਥੇਰਾ ਦੋ-ਚਾਰ ਹੋਇਆ ਪਰ ਸਮੇਂ ਦੇ ਹਾਕਮਾਂ ਨੇ ਇਸ ਦੀ ਪੇਸ਼ ਕਿੱਥੇ ਜਾਣ ਦਿੱਤੀ, ਦੂਜਾ ਜੇ ਉਹ ਲਗਾਤਾਰ ਸੰਘਰਸ਼ ਕਰਦਾ ਰਿਹਾ ਤਾਂ ਹੀ ਅੱਜ ਤੱਕ ਇਸ ਦੇ ਸਾਹ ਚੱਲ ਰਹੇ ਹਨ। ਅੱਜ ਬਾਪੂ ਦੇ ਵਾਰਸ ਆਪਣੇ ਬਾਰੇ ਸੋਚਦੇ ਹੋਏ ਉਸ ਨੂੰ ਬੁਢਾਪੇ ਵਿਚ ਇਕੱਲਾ ਛੱਡ ਵਿਦੇਸ਼ਾਂ ਵੱਲ ਹਿਜਰਤ ਕਰ ਰਹੇ ਹਨ। ਅਜ਼ਾਦੀ ਦੇ 72 ਸਾਲਾਂ ਬਾਅਦ ਬਾਪੂ ਦੀ ਹਾਲਤ ਸੁਧਾਰਨ ਦੀ ਬਜਾਇ ਬਦ ਤੋਂ ਬਦਤਰ ਹੰਦੀ ਜਾ ਰਹੀ ਹੈ।

ਅੱਜ ਪੰਜਾਬ ਸਿਉਂ ਦੀ ਜਵਾਨੀ, ਕਿਸਾਨੀ ਅਤੇ ਪਾਣੀ ਸਭ ਲੁੱਟਿਆ ਜਾ ਰਿਹਾ ਹੈ। ਫ਼ਸਲਾਂ ਅਤੇ ਨਸਲਾਂ ਤਬਾਹ ਹੋ ਰਹੀਆਂ ਹਨ। ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ ਕਾਰਨ ਬਾਪੂ ਨੂੰ ਦਮੇ ਅਤੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਨੇ ਘੇਰ ਲਿਆ ਹੈ। ਜਿਹੜੇ ਪੰਜਾਬ ਸਿਉਂ ਨੇ ਕਦੇ ਸਿਰ ਦੁਖਦੇ ਦੀ ਗੋਲੀ ਤੱਕ ਨਹੀਂ ਸੀ ਖਾਧੀ ਅੱਜ ਉਸ ਦੇ ਸੁਆਸ ਹੀ ਦਵਾਈਆਂ ਸਿਰ ਚੱਲਦੇ ਆ। ਪਲੀਤ ਆਬੋ-ਹਵਾ ਨੇ ਬਾਪੂ ਦੇ ਚੌਗ਼ਿਰਦੇ ਦੀ ਰੌਣਕ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਅਲੋਪ ਕਰ ਦਿੱਤਾ ਹੈ। ਏਥੇ ਜਦੋਂ ਬਾਗ ਹੀ ਨਹੀਂ ਰਹੇ ਫਿਰ ਕੋਇਲਾਂ ਨੇ ਕਿੱਥੇ ਕੂਕਣਾ। ਪਸ਼ੂਆਂ ਵਾਲੇ ਛਤੜੇ ਵਿਚ ਕੱਕੇ ਰੇਤੇ ਨਾਲ ਖੰਭ ਫੜਫੜਾਉਂਦੀਆਂ ਚਿੜੀਆਂ ਕਿਧਰੇ ਅਲੋਪ ਹੋ ਗਈਆਂ ਹਨ। ਜਰਨੈਲੀ ਸੜਕਾਂ ਨੇ ਸਾਡੇ ਦਰੱਖਤਾਂ ਨੂੰ ਵੀ ਸਮੇਂ ਦੀ ਮਾਰ ਨ ਨਿਗਲ ਲਿਆ। ਜੇਠ ਹਾੜ੍ਹ ਵਿਚ ਇਨ੍ਹਾਂ ’ਤੇ ਚੱਲਦਿਆ ਕਾਂ-ਅੱਖ ਨਿਕਲਦੀ ਹੈ। ਮੀਲਾਂ ਤੱਕ ਕੋਈ ਛਾਂਦਾਰ ਦਰੱਖਤ ਨਹੀਂ ਰਿਹਾ। ਪਾਣੀ ਦੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਪੰਜਾਂ ਦਰਿਆਵਾਂ ਦੀ ਜ਼ਰਖੇਜ਼ ਜ਼ਮੀਨ ਬੰਜਰ ਹੋ ਰਹੀ ਹੈ। ਕੁਦਰਤ ਨਾਲ ਛੇੜਛਾੜ ਦਾ ਖਮਿਆਜ਼ਾ ਬਾਪੂ, ਇਸ ਦੀਆਂ ਫ਼ਸਲਾਂ ਅਤੇ ਨਸਲਾਂ ਭੁਗਤ ਰਹੀਆਂ ਹਨ।

ਪੰਜਾਬ ਦੇ ਪੁੱਤਰਾਂ ਨੂੰ ਹੁਣ ਅੱਧ ਰਿੜਕਿਆ, ਦੁੱਧ-ਘਿਉਂ, ਮੱਖਣ-ਲੱਸੀ ਹਜ਼ਮ ਹੀ ਨਹੀਂ ਹੁੰਦਾ, ਪੀਂਦਿਆਂ ਹੀ ਮਰੋੜੇ ਲੱਗ ਜਾਂਦੇ ਨੇ। ਹੁਣ ਉਹ ਬਰਗਰ, ਪੀਜੇ ਅਤੇ ਸੇਵੀਆਂ ਵਿਚ ਲੂਣ ਪਾ ਕੇ ਖਾਣ ਦਾ ਸ਼ੌਕੀਨ ਹੋ ਗਏ ਹਨ। ਖੇਡ ਮੈਦਾਨਾਂ ਵਿਚ ਜ਼ੋਰ ਅਜ਼ਮਾਈ ਦੀ ਜਗ੍ਹਾ ਸਨੈਪਚੈਟ, ਇੰਸਟਾਗਰਾਮ ਅਤੇ ਟਿਕਟੌਕ ’ਤੇ ਸਟੋਰੀਆਂ ਪਾਉਣ ਅਤੇ ਪਬਜੀ ਵਿਚ ਹੀ ਜ਼ੋਰ ਲਾ ਕੇ ਖੁ਼ਸ ਹੋਈ ਜਾਂਦੇ ਨੇ। ਅੱਜ ਪੰਜਾਬ ਸਿਉਂ ਦੇ ਪੁੱਤਰ ਟ੍ਰੈਕਟਰ ’ਤੇ ਕੁਲਦੀਪ ਮਾਣਕ ਦੀਆਂ ਕਲੀਆਂ ਲਗਾ ਕੇ ਸੂਏ ਦੇ ਮੁੱਢ ਵਾਲੇ ਪਟੇ ਵਾਹੁੰਦੇ ਬਹੁਤ ਕਦੇ ਹੀ ਨਜ਼ਰੀਂ ਪੈਂਦੇ ਹਨ। ਜੋ ਬਾਪੂ ਨੇ ਛਾਂ ਲਈ ਰੀਝਾਂ ਨਾਲ ਖੇਤ ਟਾਹਲੀ ਲਾਈ ਸੀ, ਪੁੱਤ ਉਸੇ ਨਾਲ ਝੂਟ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਰਹਿੰਦੀ ਕਸਰ ਨਸ਼ਿਆਂ ਅਤੇ ਸਲਫਾਸ ਨੇ ਕੱਢ ਦਿੱਤੀ। ਹੁਣ ਕਿਤੇ-ਕਿਤੇ ਖੇਤਾਂ ਵਿਚ ਬਿਹਾਰੀ ਕਾਮਾ ਰਾਮੂ ਹੀ ਸਵਰਾਜ 855 ’ਤੇ ਗਮਸ਼ੇ ਦਾ ਮੰਡਾਸਾ ਮਾਰ ਟੌਰ੍ਹ ਨਾਲ ਵਾਹੁੰਦਾ ਤੇ ਗਾਉਂਦਾ ਨਜ਼ਰੀਂ ਪੈਂਦਾ ਹੈ। ਇਕੱਲੇ ਪੁੱਤ ਦੇ ਤੁਰ ਜਾਣ ’ਤੇ ਕਬੀਲਦਾਰੀ ਦਾ ਬੋਝ ਬੁਢਾਪੇ ਵਿਚ ਬਾਪੂ ’ਤੇ ਦੁਬਾਰਾ ਪੈ ਗਿਆ। ਬਾਪੂ ਨੇ ਇਹ ਸੋਚ ਕੇ ਢਾਰਸ ਬੰਨ੍ਹ ਲਿਆ ਕਿ ‘ਮਰਿਆਂ ਦੇ ਮਗਰ ਕਿੱਥੇ ਮਰਿਆ ਜਾਂਦਾ’। ਹੁਣ ਬਾਪੂ ਦਾ ਖੇਤਾਂ ਵਿਚ ਸਹਾਰਾ ਹੁਣ ਰਾਮੂ ਹੋਰੀਂ ਹੀ ਹਨ। ਰਿਸ਼ਤੇ-ਨਾਤੇ ਵੀ ਸ਼ਰੀਕੇਬਾਜ਼ੀ ਕਾਰਨ ਨਾਂ ਦੇ ਹੀ ਰਹਿ ਗਏ। ਇਕ-ਦੂਜੇ ਪਿੱਛੇ ਰੱਤ ਡੋਲ੍ਹਣ ਵਾਲਿਆਂ ਦਾ ਲਹੂ ਚਿੱਟਾ ਹੋ ਗਿਐ।

ਬਾਪੂ ਨੇ ਕਰਜ਼ਾ ਚੁੱਕ ਕੇ ਮਸਾਂ ਧੀਆਂ ਦੇ ਹੱਥ ਪੀਲੇ ਕੀਤੇ। ਹਾਨੀਸਾਰ ਨੂੰ ਭੋਏਂ ਵੀ ਵੇਚੀ ਪਰ ਮੰਦੇਭਾਗੀਂ ਦਹਾਜੂ ਵੀ ਨਸ਼ੇ ਵਿਚ ਗ੍ਰਸਤ ਤੁਰਦੀਆਂ-ਫਿਰਦੀਆਂ ਲਾਸ਼ਾਂ ਟੱਕਰੇ। ਚਿੱਟੇ ਦੇ ਆਦੀਆਂ ਨੇ ਸ਼ਗਨਾਂ ਦੇ ਸੰਧੂਰ ਅਤੇ ਮਹਿੰਦੀ ਦੀ ਵੀ ਲਾਜ ਨਹੀਂ ਰੱਖੀ। ਬਾਪੂ ਦੀ ਧੀ ਵਿਰਲਾਪ ਕਰਦੀ ਪੇਕੇ ਮੁੜ ਆਈ। ਬਾਪੂ ਨੂੰ ਮਿਹਣੇ ਮਾਰਦੀ ਹੈ: ‘ਬਾਬਲਾ ਮੈਨੂੰ ਕਿੱਲਿਆਂ ਨਾਲ ਨਈਂ ਇਨਸਾਨ ਨਾਲ ਵਿਆਹੁੰਦਾ’। ਅਜਿਹੀ ਸਥਿਤੀ ਵਿਚ ਭੁੱਬਾਂ ਮਾਰ ਰੋਂਦਾ ਬਾਪੂ ਝੱਲਿਆ ਨਹੀਂ ਜਾਂਦਾ। ਬਾਪੂ ਦੀਆਂ ਕੁਝ ਧੀਆਂ ਦਾਜ ਦੀ ਬਲੀ ਚੜ੍ਹ ਗਈਆਂ, ਕੁਝ ਮਾਂ ਦੀ ਕੁੱਖ ਵਿਚ ਹੀ ਕਤਲ ਕਰ ਦਿੱਤੀਆਂ ਗਈਆਂ ਅਤੇ ਕੁਝ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਕੁਝ ਆਧੁਨਿਕਤਾ ਦੇ ਰੰਗ ਵਿਚ ਰੰਗੀਆਂ ਬਾਪੂ ਨੂੰ ਭੁੱਲ ਹੀ ਚੁੱਕੀਆਂ ਹਨ।

ਬਾਪੂ ਦੀ ਫਿਰ ਹੂਕ ਨਿਕਲੀ ਹੈ। ਸਾਨੂੰ ਫਿਰ ਵੰਗਾਰ ਰਿਹੈ ਕਿ ਆਖ਼ਰ ਕਦ ਤੱਕ ਇਹ ਸਭ ਚਲਦਾ ਰਹੇਗਾ। ਇਸ ਧੁੰਧੂਕਾਰੇ ਵਿਚ ਬਾਪੂ ਹੁਣ ਹੋਰ ਨਹੀਂ ਜੀਅ ਸਕੇਗਾ। ਉਹ ਚੱਕੀ ਦੇ ਦੋ ਪੁੜਾਂ ਵਿਚਕਾਰ ਬਹੁਤ ਪਿਸ ਚੁੱਕਿਆ ਹੈ। ਉਸ ਦਾ ਹੋਰ ਮੈਦਾ ਬਣਨ ਤੋਂ ਰੋਕੀਏ। ਹੁਣ ਬਾਪੂ ਦੇ ਵਾਰਸ ਅਤੇ ਹਮਾਇਤੀ ਇਸ ਦੇ ਹਿਤਾਂ ਅਤੇ ਸਮੱਸਿਆਵਾਂ ਦਾ ਚਾਗ੍ਹਾ ਚੁੱਕਣ। ਕੋਈ ਤਾਂ ਝੰਡਾਬਰਦਾਰ ਬਣ ਕੇ ਇਸਦੇ ਹੱਕ ਵਿਚ ਬਹੁੜੇ। ਆਖ਼ਰ ਬਾਪੂ ਨੇ ਸਾਨੂੰ ਬਹੁਤ ਕੁਝ ਦੇ ਕੇ ਨਿਵਾਜਿਆ ਹੈ। ਉਸ ਦਾ ਬਣਦਾ ਮੁੱਲ ਤਾਂ ਮੋੜੀਏ। ਬਾਪੂ ਦੀ ਜ਼ਿੰਦਗੀ ਹੁਣ ਸਾਡੇ ਹੱਥ ਹੈ। ਸੋ ਬਾਪੂ ਦੇ ਨੌਜਵਾਨ ਸ਼ੇਰੋ ਆਉ ਇਕੱਠੇ ਹੋ ਕੇ ਬਾਪੂ ਦੇ ਹੱਕ ਵਿਚ ਹਾਅ ਦਾ ਨਾਅਰਾ ਬੁਲੰਦ ਕਰੀਏ। ਖੁਦ ਬੁਰੀਆਂ ਅਲਾਮਤਾਂ ਦਾ ਪੱਲਾ ਛੱਡ ਕੇ ਬਾਪੂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਮਤਾ ਪਕਾਈਏ। ਬਾਪੂ ਦੀ ਕੌਂਮ ਦੇ ਸਰਮਾਏ ਭਗਤ ਸਿੰਘ, ਕਰਤਾਰ ਸਿੰਘ, ਊਧਮ ਸਿੰਘ ਦੀਆਂ ਸ਼ਹਾਦਤਾਂ ਦਾ ਧਿਆਨ ਧਰੀਏ। ਬਾਪੂ ਦੀ ਖੁੱਸਦੀ ਜਾ ਰਹੀ ਖੁਸ਼ਹਾਲੀ ਅਤੇ ਹਰਿਆਲੀ ਨੂੰ ਬਚਾਈਏ ਮੁਲ ਲਹਿਰਾਂ-ਬਹਿਰਾਂ ਲਾਈਏ। ਡੁੱਲ੍ਹੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ। ਹਾਲੇ ਵੀ ਸਮਾਂ ਹੈ, ਹੁਣ ਵੀ ਬਹੁਤ ਕੁਝ ਬਚਾਇਆ ਜਾ ਸਕਦਾ ਹੈ। ਸਾਰੇ ਜਥੇਬੰਦ ਹੋ ਕੇ ਪੰਜਾਬ ਸਿਉਂ ਦੇ ਹੱਕ ਵਿਚ ਨਿੱਤਰੀਏ।

*ਪੀਐੱਚ-ਡੀ ਰਿਸਰਚ ਸਕਾਲਰ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।

ਸੰਪਰਕ: 70097-28427

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਸ਼ਹਿਰ

View All