ਅਗਵਾਈ ਦੇ ਸਬਕ- ਸਤੀਸ਼ ਧਵਨ ਤੋਂ

ਅਗਵਾਈ ਦੇ ਸਬਕ- ਸਤੀਸ਼ ਧਵਨ ਤੋਂ

ਸਤੀਸ਼ ਧਵਨ ਦੀ ਮੌਜੂਦਗੀ ਵਿਚ ਏ.ਪੀ.ਜੇ. ਅਬਦੁਲ ਕਲਾਮ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੱਗੇ ਕੋਈ ਨੁਕਤਾ ਪੇਸ਼ ਕਰਦੇ ਹੋਏ।

ਰਾਮਚੰਦਰ ਗੁਹਾ

ਮਾਰਗਦਰਸ਼ਨ

ਮਰਹੂਮ ਏ.ਪੀ.ਜੇ. ਅਬਦੁਲ ਕਲਾਮ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਣੀਆਂ ਪਸੰਦ ਸਨ। ਇਕ ਕਹਾਣੀ ਜਿਹੜੀ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਪਸੰਦ ਸੀ ਉਹ ਜੁਲਾਈ 1979 ਵਿਚ ਭਾਰਤੀ ਪੁਲਾੜ ਖੋਜ ਸੰਗਠਨ (ISRO) ਨਾਲ ਜੁੜੀ ਹੋਈ ਸੀ। ਕਲਾਮ ਇਸਰੋ ਵਿਚ ਉਸ ਪ੍ਰਾਜੈਕਟ ਦੇ ਇੰਚਾਰਜ ਸਨ; ਤੇ ਜਦੋਂ ਕੁਝ ਮੈਂਬਰਾਂ ਨੇ ਇਸ ਦੀ ਤਿਆਰੀ ਬਾਰੇ ਕੁਝ ਤੌਖ਼ਲੇ ਪ੍ਰਗਟਾਏ ਤਾਂ ਉਨ੍ਹਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਾਜੈਕਟ ਅਗਾਂਹ ਵਧਾਉਣ ਦਾ ਹੁਕਮ ਦਿੱਤਾ। ਲਾਂਚ ਨਾਕਾਮ ਹੋ ਗਿਆ; ਇਹ ਪੁਲਾੜ ਵੱਲ ਜਾਣ ਦੀ ਬਜਾਇ ਬੰਗਾਲ ਦੀ ਖਾੜੀ ਵਿਚ ਜਾ ਡਿੱਗਿਆ। ਟੀਮ ਦੇ ਆਗੂ ਦੇ ਤੌਰ ’ਤੇ ਕਲਾਮ ਨੂੰ ਇਸ ਨਾਕਾਮੀ ਕਰ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਡਰੇ ਹੋਏ ਸਨ ਕਿ ਪ੍ਰੈਸ ਦੇ ਸਾਹਮਣੇ ਇਸ ਨੂੰ ਕਿਵੇਂ ਤਸਲੀਮ ਕਰ ਸਕਣਗੇ। ਇਸਰੋ ਦੇ ਚੇਅਰਮੈਨ ਸਤੀਸ਼ ਧਵਨ ਨੇ ਉਨ੍ਹਾਂ ਨੂੰ ਨਮੋਸ਼ੀ ਤੋਂ ਬਚਾ ਲਿਆ ਤੇ ਉਹ ਆਪ ਟੈਲੀਵਿਜ਼ਨ ਕੈਮਰਿਆਂ ਦੇ ਸਾਹਮਣੇ ਆਏ ਤੇ ਕਿਹਾ ਕਿ ਇਸ ਨਾਕਾਮੀ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਟੀਮ ਦੀ ਕਾਬਲੀਅਤ ’ਤੇ ਪੂਰਾ ਭਰੋਸਾ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਅਗਲੀ ਕੋਸ਼ਿਸ਼ ਸਫ਼ਲ ਹੋਵੇਗੀ।

ਅਗਲੇ ਅਗਸਤ ਵਿਚ ਕਲਾਮ ਤੇ ਉਨ੍ਹਾਂ ਦੀ ਟੀਮ ਨੇ ਇਕ ਵਾਰ ਫਿਰ ਸੈਟੇਲਾਈਟ ਪੁਲਾੜ ਵਿਚ ਭੇਜਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਹ ਸਫ਼ਲ ਹੋਏ। ਧਵਨ ਨੇ ਟੀਮ ਨੂੰ ਵਧਾਈ ਦਿੱਤੀ ਤੇ ਕਲਾਮ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਕਿਹਾ। ਕਈ ਸਾਲਾਂ ਬਾਅਦ, ਜਦੋਂ ਕਲਾਮ ਭਾਰਤ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਸਨ ਤਾਂ ਉਨ੍ਹਾਂ ਚੇਤੇ ਕਰਾਇਆ: ‘ਜਦੋਂ ਨਾਕਾਮੀ ਹੁੰਦੀ ਹੈ, ਆਗੂ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ। ਜਦੋਂ ਸਫ਼ਲਤਾ ਹੁੰਦੀ ਹੈ ਤਾਂ ਉਹ ਸਿਹਰਾ ਆਪਣੀ ਟੀਮ ਸਿਰ ਬੰਨ੍ਹਦਾ ਹੈ।’

ਇਸ ਮਹੀਨੇ ਭਾਰਤ ਦੀ ਵਿਗਿਆਨਕ ਬਿਰਾਦਰੀ ਅਬਦੁਲ ਕਲਾਮ ਦੇ ਨਾਇਕ ਸਤੀਸ਼ ਧਵਨ ਦੀ ਜਨਮ ਸ਼ਤਾਬਦੀ ਮਨਾ ਰਹੀ ਹੈ। ਸਤੀਸ਼ ਧਵਨ ਦਾ ਜਨਮ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੱਜ ਸਨ ਤੇ ਧਵਨ ਦੀ ਪੜ੍ਹਾਈ ਲਾਹੌਰ ਵਿਚ ਹੋਈ ਸੀ ਜਿੱਥੇ ਉਨ੍ਹਾਂ ਭੌਤਿਕ ਵਿਗਿਆਨ ਤੇ ਗਣਿਤ ਅਤੇ ਫਿਰ ਮਕੈਨੀਕਲ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕੀਤੀਆ। ਭਾਰਤੀ ਪਸਮੰਜ਼ਰ ਵਿਚ ਇਹ ਜੋੜ ਅਨੋਖਾ ਨਾ ਸਹੀ, ਪਰ ਬੇਜੋੜ ਜ਼ਰੂਰ ਸੀ ਕਿਉਂਕਿ ਉਨ੍ਹਾਂ ਵਾਰੋ ਵਾਰੀ ਵਿਗਿਆਨ, ਹਿਊਮੈਨਟੀਜ਼ (ਮਾਨਵ ਕਲਾ) ਅਤੇ ਤਕਨਾਲੋਜੀ ਦੇ ਤਿੰਨ ਜੁਗਾਂ ਨੂੰ ਇਕ ਥਾਂ ਬੰਨ੍ਹ ਦਿੱਤਾ ਸੀ। 1930ਵਿਆਂ ਤੇ 1940ਵਿਆਂ ਦਾ ਲਾਹੌਰ ਵਾਕਈ ਐਸੀ ਜਗ੍ਹਾ ਸੀ ਜਿੱਥੇ ਇਹੋ ਜਿਹੇ ਤਜਰਬਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਸੀ। ਉਦੋਂ ਇਹ ਸ਼ਹਿਰ ਤਹਿਜ਼ੀਬ ਦੇ ਵਿਦਵਤਾ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਸੀ ਜਿੱਥੇ ਹਿੰਦੂ, ਇਸਲਾਮੀ, ਸਿੱਖ ਤੇ ਯੂਰਪੀਅਨ ਬੌਧਿਕ ਰਵਾਇਤਾਂ ਦੇ ਨਿਚੋੜ ਦਾ ਸੰਗਮ ਹੁੰਦਾ ਸੀ।

1945 ਵਿਚ ਆਪਣੀ ਤੀਜੀ ਡਿਗਰੀ ਲੈਣ ਤੋਂ ਬਾਅਦ ਧਵਨ ਨੇ ਬੰਗਲੌਰ ਆ ਕੇ ਨਵੀਂ ਨਵੀਂ ਬਣੀ ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ ਵਿਚ ਇਕ ਸਾਲ ਕੰਮ ਕੀਤਾ। ਫਿਰ ਉਚੇਰੀ ਸਿਖਿਆ ਲਈ ਅਮਰੀਕਾ ਚਲੇ ਗਏ ਅਤੇ ਮਿਨੇਸੋਟਾ ਯੂਨੀਵਰਸਿਟੀ ਤੋਂ ਮਾਸਟਰ ਆਫ ਸਾਇੰਸ ਅਤੇ ਫਿਰ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੌਲੋਜੀ ਤੋਂ ਏਅਰੋਨੌਟੀਕਲ ਇੰਜਨੀਅਰਿੰਗ ਵਿਚ ਐੱਮ.ਐੱਸ. ਤੇ ਪੀਐੱਚ.ਡੀ. ਹਾਸਲ ਕੀਤੀ। ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਉਹ ਵਿਦੇਸ਼ ਵਿਚ ਸਨ ਤੇ ਵੰਡ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪਿਆ।

ਸਤੀਸ਼ ਧਵਨ ਦੀ ਪਿਆਰੀ ਸਰਜ਼ਮੀਨ ਹੁਣ ਦੋ ਹਿੱਸਿਆਂ ਵਿਚ ਵੰਡੀ ਜਾ ਚੁੱਕੀ ਸੀ ਤੇ ਜਦੋਂ ਉਹ ਵਤਨ ਪਰਤੇ ਤਾਂ ਉਨ੍ਹਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਏਅਰੋਨੌਟਿਕਸ ਵਿਭਾਗ ਵਿਚ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਸ਼ੁਰੂਆਤੀ ਵਿਦਿਆਰਥੀਆਂ ’ਚੋਂ ਇਕ ਰੌਡਮ ਨਰਸਿਮ੍ਹਾ ਨੇ ਯਾਦ ਕਰਦਿਆਂ ਕਿਹਾ, ‘‘ਧਵਨ ਦੇ ਆਉਣ ਨਾਲ ਇੰਸਟੀਚਿਊਟ ਵਿਚ ਜਵਾਨੀ, ਤਾਜ਼ਗੀ, ਆਧੁਨਿਕਤਾ, ਚਾਹਤ ਅਤੇ ਕੈਲੀਫੋਰਨਿਆਈ ਖੁੱਲ੍ਹ-ਡੁੱਲ ਦੀ ਹਵਾ ਰੁਮਕਣ ਲੱਗੀ ਜਿਸ ਨਾਲ ਵਿਦਿਆਰਥੀ ਤੇ ਬਹੁਤ ਸਾਰੇ ਅਧਿਆਪਕ ਮੰਤਰ ਮੁਗਧ ਹੋ ਗਏ।’’

ਧਵਨ ਨੂੰ ਦੇਸ਼ ਦੀ ਪਹਿਲੀ ਆਵਾਜ਼ ਦੀ ਰਫ਼ਤਾਰ ਤੋਂ ਵੀ ਤੇਜ਼ਤਰਾਰ (supersonic) ਪਣ-ਟਰਬਾਈਨ ਈਜਾਦ ਤੇ ਵਿਕਸਤ ਕਰਨ ਦਾ ਚਾਅ ਸੀ। ਉਨ੍ਹਾਂ ਨੂੰ ਆਪਣੇ ਨਵੇਂ ਸ਼ਹਿਰ ਨਾਲ ਵੀ ਬਹੁਤ ਮੋਹ ਸੀ ਜਿੱਥੇ ਉਨ੍ਹਾਂ ਦਾ ਸਾਇਟੋਜੈਨੇਟਿਸਟ (ਸੈੱਲਾਂ ਅੰਦਰ ਡੀਐੱਨਏ ਬਣਤਰ ਦੇ ਅਧਿਐਨ ਦੀ ਸ਼ਾਖ) ਨਲਿਨੀ ਨਿਰੋਦੀ ਨਾਲ ਪਿਆਰ ਹੋ ਗਿਆ ਤੇ ਵਿਆਹ ਕਰਵਾ ਲਿਆ ਜਿਨ੍ਹਾਂ ਦੇ ਤਿੰਨ ਬੱਚੇ ਪੈਦਾ ਹੋਏ। 1962 ਵਿਚ ਉਹ ਇੰਡੀਅਨ ਇੰਸਟੀਚਿਊਟ ਦੇ ਡਾਇਰੈਕਟਰ ਬਣੇ ਤੇ ਇਹ ਉਹ ਜਗ੍ਹਾ ਸੀ ਜੋ (ਇਕ ਸਮਕਾਲੀ ਦੇ ਸ਼ਬਦਾਂ ਵਿਚ) ਅਕਾਦਮਿਕ ਊਂਘ ਦੀ ਅਵਸਥਾ ਵਿਚ ਜਾ ਚੁੱਕੀ ਸੀ। ਧਵਨ ਨੇ ਇਸ ਨੂੰ ਨੀਂਦ ਤੋਂ ਜਗਾਇਆ ਤੇ ਦੇਸ਼ ਦੀ ਪ੍ਰਮੁੱਖ ਖੋਜ ਸੰਸਥਾ ਬਣਾਇਆ। ਆਈਆਈਐੱਸਸੀ ਦੇ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕੰਪਿਊਟਰ ਸਾਇੰਸ, ਮੌਲੀਕਿਊਲਰ ਬਾਇਓਫਿਜ਼ਿਕਸ, ਸਾਲਿਡ ਸਟੇਟ ਕੈਮਿਸਟਰੀ, ਇਕੌਲੋਜੀ ਅਤੇ ਐਟਮੌਸਫੈਰਿਕ ਸਾਇੰਸ ਦੇ ਨਵੇਂ ਖੋਜ ਪ੍ਰੋਗਰਾਮਾਂ ਦੀ ਦੇਖ ਰੇਖ ਦੀ ਅਗਵਾਈ ਕੀਤੀ ਅਤੇ ਇਨ੍ਹਾਂ ਨੂੰ ਚਲਾਉਣ ਲਈ ਭਾਰਤ ਤੇ ਦੁਨੀਆ ਭਰ ’ਚੋਂ ਜ਼ਹੀਨ ਵਿਦਵਾਨਾਂ ਦੀ ਭਰਤੀ ਕੀਤੀ।

1971-72 ਵਿਚ ਆਈਆਈਐੱਸਸੀ ਵੱਲੋਂ ਧਵਨ ਨੂੰ ਅਧਿਐਨ ਲਈ ਛੁੱਟੀ ਮਿਲ ਗਈ ਤੇ ਉਹ ਖੋਜ ਕਾਰਜਾਂ ਲਈ ਆਪਣੇ ਅਲਮਾ ਮੱਤਾ ਕੈਲੀਫੋਰਨੀਆ ਇੰਸਟੀਚਿਊਟ ਚਲੇ ਗਏ। ਇਸ ਦੌਰਾਨ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਮੁਖੀ ਵਿਕਰਮ ਸਾਰਾਭਾਈ ਦੀ 52 ਸਾਲ ਦੀ ਉਮਰ ਵਿਚ ਤਰਾਸਦਿਕ ਮੌਤ ਹੋ ਗਈ। ਇਹ ਭਾਰਤੀ ਵਿਗਿਆਨ ਖ਼ਾਸਕਰ ਸਾਡੇ ਪੁਲਾੜ ਪ੍ਰੋਗਰਾਮ ਲਈ ਗਹਿਰਾ ਝਟਕਾ ਸੀ ਜੋ ਉਸ ਵੇਲੇ ਬਿਲਕੁਲ ਮੁੱਢਲੀ ਅਵਸਥਾ ਵਿਚ ਸੀ। ਆਪਣੇ ਪ੍ਰਮੁੱਖ ਸਕੱਤਰ ਪੀ.ਐਨ. ਹਕਸਰ ਦੀ ਸਲਾਹ ’ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਕ ਲੰਬੀ ਤਾਰ ਕੈਲੀਫੋਰਨੀਆ ਭੇਜੀ ਜਿਸ ਵਿਚ ਸਤੀਸ਼ ਧਵਨ ਨੂੰ ਸਾਰਾਭਾਈ ਦੀ ਜਗ੍ਹਾ ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁਖੀ ਦਾ ਅਹੁਦਾ ਸੰਭਾਲਣ ਲਈ ਕਿਹਾ ਗਿਆ। ਉਹ ਮੰਨ ਗਏ, ਪਰ ਦੋ ਸ਼ਰਤਾਂ ਰੱਖੀਆਂ: ਇਕ ਇਹ ਕਿ ਉਹ ਆਈਆਈਐੱਸਸੀ ਦੇ ਡਾਇਰੈਕਟਰ ਬਣੇ ਰਹਿਣਗੇ ਅਤੇ ਦੂਜਾ ਪੁਲਾੜ ਪ੍ਰੋਗਰਾਮ ਦਾ ਹੈੱਡਕੁਆਰਟਰ ਅਹਿਮਦਾਬਾਦ ਤੋਂ ਬੰਗਲੌਰ ਹੋਵੇਗਾ। ਸ਼੍ਰੀਮਤੀ ਗਾਂਧੀ ਨੇ ਇਨ੍ਹਾਂ ਤੋਂ ਇਲਾਵਾ ਇਕ ਤੀਜੀ ਸ਼ਰਤ ਵੀ ਮੰਨ ਲਈ ਕਿ ਧਵਨ ਨੂੰ ਇਹ ਨਵਾਂ ਜ਼ਿੰਮਾ ਸਾਂਭਣ ਤੋਂ ਪਹਿਲਾਂ ਕੈਲਟੈਕ ਵਿਚ ਖੋਜ ਲਈ ਇਕ ਸਾਲ ਦਾ ਸਮਾਂ ਵੀ ਦਿੱਤਾ ਜਾਵੇਗਾ।

ਆਰ. ਅਰਵਾਮੁਦਨ ਆਪਣੀ ਕਿਤਾਬ (ISRO): A Personal History) ਵਿਚ ਧਵਨ ਦੇ ਚੇਅਰਮੈਨ ਬਣ ਕੇ ਆਉਣ ਮਗਰੋਂ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਲਿਖਦੇ ਹਨ: ‘ਸਾਰਾਭਾਈ ਦੀ ਪ੍ਰਬੰਧਕੀ ਸ਼ੈਲੀ ਆਪੋ ਵਿਚ ਜੁੜੇ ਇਕ ਪਰਿਵਾਰ ਦੇ ਮੁਖੀ ਵਾਲੀ ਸੀ। ਇਹ ਇਕ ਕਿਸਮ ਦਾ ਅਖੰਡ ਢਾਂਚਾ ਸੀ ਤੇ ਸਾਰਾਭਾਈ ਇਕ ਇਸ ਦਾ ਇਕਵਾਰਗੀ ਸੰਚਾਲਨ ਕਰਦੇ ਸਨ। ਕੋਈ ਬਾਕਾਇਦਾ ਸਿਸਟਮ ਕੰਮ ਨਹੀਂ ਕਰ ਰਿਹਾ ਸੀ ਤੇ ਸਮਾਨੰਤਰ ਤਕਨੀਕੀ ਟੀਮਾਂ ਕੰਮ ਕਰ ਰਹੀਆਂ ਸਨ। ਕਦੇ ਕਦਾਈ ਉਹ ਬਿਨਾਂ ਕਿਸੇ ਅਦਾਰੇ ਤੋਂ ਹੀ ਇਕੋ ਜਿਹੇ ਸਿਸਟਮਾਂ ’ਤੇ ਵੀ ਕੰਮ ਕਰ ਰਹੀਆਂ ਹੁੰਦੀਆਂ ਸਨ।’

ਇਹ ਢਿੱਲਾ ਢਾਲਾ, ਗੈਰ ਰਸਮੀ ਸ਼ੈਲੀ ਉਦੋਂ ਤੱਕ ਕੰਮ ਦਿੰਦੀ ਰਹੀ ਜਦੋਂ ਤੱਕ ਇਸਰੋ ਛੋਟੀ ਸੀ ਤੇ ਵਿਕਸਤ ਹੋ ਰਹੀ ਸੀ, ਪਰ ਜਦੋਂ ਇਸ ਦਾ ਆਕਾਰ ਵਧਿਆ ਤੇ ਇਸ ਦੇ ਟੀਚੇ ਵੀ ਵੱਡੇ ਹੋ ਗਏ ਤਾਂ ਅਦਾਰੇ ਨੂੰ ਪ੍ਰਬੰਧਕੀ ਲਿਹਾਜ਼ ਤੋਂ ਵਧੇਰੇ ਯੋਜਨਾਬੱਧ ਰੂਪ ਦੀ ਲੋੜ ਪਈ। ਇਸ ਲਈ ਧਵਨ ਦਾ ‘ਪਹਿਲਾ ਕਾਰਜ ਬਿਖਰੀਆਂ ਟੀਮਾਂ ਨੂੰ ਇਕਜੁੱਟ ਕਰਨਾ ਅਤੇ ਉਨ੍ਹਾਂ ਦੀਆਂ ਜ਼ਾਤੀ ਭੂਮਿਕਾਵਾਂ ਅਤੇ ਸਮੂਹਿਕ ਜ਼ਿੰਮੇਵਾਰੀਆਂ ਤੈਅ ਕਰਨਾ ਸੀ। ਇਹ ਕੰਮ ਉਨ੍ਹਾਂ ਹੱਕੀ ਅਗਵਾਈ ਹੇਠ ਪ੍ਰੋਗਰਾਮ ਆਧਾਰਿਤ ਕੇਂਦਰ ਕਾਇਮ ਕਰ ਕੇ ਸਿਰੇ ਚਾੜ੍ਹਿਆ। ਉਨ੍ਹਾਂ ਇਸਰੋ ਦੇ ਦੀਰਘਕਾਲੀ ਕਾਰਜਾਂ ਦਾ ਅੰਦਰਲੇ ਤੇ ਬਾਹਰੀ ਮਾਹਿਰਾਂ ਨਾਲ ਕੌਮੀ ਪੱਧਰ ਦੇ ਮੁਆਇਨੇ ਦਾ ਵੀ ਇੰਤਜ਼ਾਮ ਕੀਤਾ।’

ਇਸਰੋ ਦੇ ਵਿਗਿਆਨੀ ਦੇ ਤੌਰ ’ਤੇ ਇਸ ਤਬਦੀਲੀ ਦੇ ਚਸ਼ਮਦੀਦ ਗਵਾਹ, ਅਰਵਾਮੁਦਨ ਨੇ ਲਿਖਿਆ: ‘ਸਾਡੇ ਨਵੇਂ ਚੇਅਰਮੈਨ ਬੇਮਿਸਾਲ ਬੌਧਿਕ ਇਮਾਨਦਾਰੀ ਦੇ ਨਾਲ ਨਾਲ ਗੌਰਵਸ਼ਾਲੀ ਇਨਸਾਨ ਸਨ। ਉਹ ਬੇਲਾਗ ਅਲੋਚਨਾ ਨੂੰ ਹੱਲਾਸ਼ੇਰੀ ਦਿੰਦੇ ਅਤੇ ਮੈਰਿਟ ਨੂੰ ਝੱਟ ਪਛਾਣ ਲੈਂਦੇ ਸਨ। ਸਾਰਾਭਾਈ ਦੀ ਸ਼ੈਲੀ ਉਦੋਂ ਚਲਦੀ ਰਹੀ ਜਦੋਂ ਢਾਂਚਾ ਢਿੱਲਾ ਢਾਲਾ ਤੇ ਅਜੇ ਵਿਕਸਤ ਹੋ ਰਿਹਾ ਸੀ, ਪਰ ਹੁਣ ਸਾਨੂੰ ਚੀਜ਼ਾਂ ਨੂੰ ਠੋਸ ਸ਼ਕਲ ਦੇਣ ਅਤੇ ਅਮਲ ਦੇ ਪੜਾਅ ਵਿਚ ਪੈਣ ਦੀ ਲੋੜ ਸੀ। ਧਵਨ ਆਪਣੀ ਤਰਤੀਬਬੱਧ ਪਹੁੰਚ ਤੇ ਫੂੰ-ਫਾਂ ਰਹਿਤ ਸ਼ੈਲੀ ਸਹਿਤ ਇਸ ਭੂਮਿਕਾ ਲਈ ਬਿਲਕੁਲ ਫਿੱਟ ਸਨ।’

ਇਸਰੋ ਵਿਚ ਧਵਨ ਅਦਾਰੇ ਦੀ ਸਮਾਜਿਕ ਭੂਮਿਕਾ ’ਤੇ ਜ਼ੋਰ ਦੇਣ ਦੇ ਪੱਖ ਵਿਚ ਸਨ ਤੇ ਉਨ੍ਹਾਂ ਦਾ ਧਿਆਨ ਇਸ ਗੱਲ ’ਤੇ ਕੇਂਦਰਤ ਹੁੰਦਾ ਸੀ ਕਿ ਸੈਟੇਲਾਈਟ ਮੌਸਮ ਦੀ ਭਵਿੱਖਬਾਣੀ ਕਰਨ, ਕੁਦਰਤੀ ਸਰੋਤਾਂ ਦੀ ਨਿਸ਼ਾਨਦੇਹੀ ਅਤੇ ਸੰਚਾਰ ਲਈ ਕਿੰਨੇ ਕੁ ਸਹਾਈ ਹੋ ਸਕਦੇ ਹਨ। ਉਨ੍ਹਾਂ ਅਦਾਰੇ ਨੂੰ ਅਸਰ ਰਸੂਖ ਵਾਲੇ ਸਿਆਸਤਦਾਨਾਂ ਤੋਂ ਲਾਂਭੇ ਰੱਖਣ ਲਈ ਨਿੱਠ ਕੇ ਕੰਮ ਕੀਤਾ ਅਤੇ ਇਸ ਦਾ ਹੈੱਡਕੁਆਰਟਰ ਵੀ ਦਿੱਲੀ ਤੋਂ ਦੂਰ ਰੱਖਣ ਦਾ ਫ਼ੈਸਲਾ ਇਸੇ ਕਰਕੇ ਕੀਤਾ ਸੀ; ਤੇ ਉਨ੍ਹਾਂ ਖ਼ੁਦ ਵੀ ਕਦੇ ਰਾਜ ਸਭਾ ਦੀ ਸੀਟ ਜਿਹੇ ਜ਼ਾਤੀ ਫ਼ਾਇਦੇ ਲੈਣ ਤੋਂ ਹਮੇਸ਼ਾ ਗੁਰੇਜ਼ ਕੀਤਾ।

ਆਈਆਈਐੱਸਸੀ ਬੇਸ਼ੱਕ ਸਾਡਾ ਬਿਹਤਰੀਨ ਵਿਗਿਆਨਕ ਖੋਜ ਕੇਂਦਰ ਹੈ; ਇਸਰੋ ਸਾਡਾ ਸਭ ਤੋਂ ਵੱਧ ਪ੍ਰਸ਼ੰਸਾਯੋਗ ਜਨਤਕ ਖੇਤਰ ਦਾ ਅਦਾਰਾ ਹੈ। ਇਨ੍ਹਾਂ ਦੋਵੇਂ ਅਦਾਰਿਆਂ ਦੇ ਨਿਰਮਾਣ ਅਤੇ ਇਨ੍ਹਾਂ ਦੀ ਸਾਖ਼ ਬਣਾਉਣ ਵਿਚ ਉਸ ਇਕ ਸ਼ਖ਼ਸ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਦੋਵੇਂ ਸੰਸਥਾਵਾਂ ਨੂੰ ਵੱਖੋ ਵੱਖਰੀ ਕਿਸਮ ਦੀ ਅਗਵਾਈ ਦੀ ਲੋੜ ਸੀ। ਧਵਨ ਦਾ ਇਹ ਕਮਾਲ ਸੀ ਕਿ ਉਹ ਇਕੋ ਵਕਤ ਦੋਵਾਂ ਨੂੰ ਨਾ ਕੇਵਲ ਮਾਰਗਦਰਸ਼ਨ ਦੇਣ ਵਿਚ ਸਫ਼ਲ ਹੋਏ ਸਗੋਂ ਆਪਣੀ ਅਗਵਾਈ ਦੀ ਛਾਪ ਵੀ ਛੱਡੀ। ਪੀ ਬਲਰਾਮ ਨੇ 2002 ਵਿਚ ‘ਕਰੰਟ ਸਾਇੰਸ’ ਰਸਾਲੇ ਵਿਚ ਛਾਪੇ ਗਏ ਇਕ ਸ਼ਰਧਾਂਜਲੀ ਲੇਖ ਵਿਚ ਲਿਖਿਆ ਸੀ ‘ਪੁਲਾੜ ਪ੍ਰੋਗਰਾਮ ਦਾ ਇਕ ਕਮਾਲ ਦਾ ਰੁਮਾਂਟਿਕ ਇਤਿਹਾਸ ਰਿਹਾ ਹੈ, ਸਤੀਸ਼ ਧਵਨ ਇਸ ਦੀ ਚਾਲਕ ਸ਼ਕਤੀ ਸਨ। ਨਾਕਾਮੀ ਦੀ ਸੂਰਤ ਵਿਚ ਉਹ ਜ਼ਿੰਮੇਵਾਰੀ ਓਟ ਲੈਂਦੇ ਤੇ ਸਫ਼ਲਤਾ ਦੇ ਮੌਕਿਆਂ ’ਤੇ ਲਾਂਭੇ ਹੋ ਜਾਂਦੇ ਸਨ। ਇਕ ਅਜਿਹੇ ਅਦਾਰੇ (ਇਸਰੋ) ਜਿਸ ਦੀ ਕਾਮਯਾਬੀ ਟੀਮਵਰਕ, ਅਨੁਸ਼ਾਸਨ ਅਤੇ ਸਮੂਹਿਕ ਨਿਸ਼ਠਾ ’ਤੇ ਟਿਕੀ ਹੋਈ ਸੀ, ਨੂੰ ਉਸਾਰਨ ਵਿਚ ਧਵਨ ਦੀ ਕਾਬਲੀਅਤ ਵਾਕਈ ਬੇਜੋੜ ਸੀ, ਖ਼ਾਸਕਰ ਜਦੋਂ ਉਹ ਇਕ ਅਜਿਹੇ ਅਦਾਰੇ (ਆਈਆਈਐੱਸਸੀ) ਨੂੰ ਉਸਾਰਨ ਲੱਗੇ ਹੋਏ ਸਨ ਜਿੱਥੇ ਵੱਖਰੀ ਹੋਂਦ ਜਾਂ ਪਛਾਣ ਅਤੇ ਜਨੂੰਨ ਨੂੰ ਖ਼ੂਬੀ ਗਿਣਿਆ ਜਾਂਦਾ ਹੈ।’

ਇਸ ਕਾਲਮ ਦੇ ਲੇਖਕ ਨੂੰ ਵੀ ਸਤੀਸ਼ ਧਵਨ ਨੂੰ ਉਨ੍ਹਾਂ ਦੇ ਅਖੀਰਲੇ ਸਾਲਾਂ ਵਿਚ ਜਾਣਨ ਦਾ ਮਾਣ ਹਾਸਲ ਹੋਇਆ ਸੀ। ਉਹ ਬਹੁਤ ਵਧੀਆ ਵਿਗਿਆਨੀ, ਸੰਸਥਾਵਾਂ ਦੇ ਮਹਾਨ ਉਸਰੱਈਆ ਅਤੇ ਨਿੱਘੇ ਤੇ ਮੋਹ ਭਿੱਜੇ ਇਨਸਾਨ ਸਨ। ਆਈਆਈਐੱਸਸੀ ਵਿਚ ਲੰਮਾ ਸਮਾਂ ਉਨ੍ਹਾਂ ਦੇ ਸਹਿਕਰਮੀ ਰਹੇ ਅਮੁਲਯ ਰੈੱਡੀ ਨੇ ਉਨ੍ਹਾਂ ਬਾਰੇ ਲਿਖਿਆ: ‘ਆਪਣੇ ਬਹੁਤੇ ਸਮਕਾਲੀਆਂ ਤੋਂ ਉਲਟ, ਉਹ ਜਾਤ, ਭਾਸ਼ਾ, ਧਾਰਮਿਕ ਤੇ ਸੂਬਾਈ ਸੋਚ ਵਿਚਾਰਾਂ ਤੋਂ ਪਰ੍ਹੇ ਸਨ। ਉਨ੍ਹਾਂ ਦੇ ਮਨ ਵਿਚ ਕਿਸੇ ਪ੍ਰਤੀ ਕੋਈ ਸਾੜਾ ਜਾਂ ਈਰਖਾ ਨਹੀਂ ਸੀ।’ ਇਸੇ ਦੌਰਾਨ, ਇਸਰੋ ਵਿਚ ਉਨ੍ਹਾਂ ਦੇ ਸਹਿਕਰਮੀ ਯਸ਼ ਪਾਲ ਨੇ ਧਵਨ ਬਾਰੇ ਆਖਿਆ ਸੀ ਕਿ ਸਭ ਬੰਦਿਆਂ ਨਾਲ ਸਲੂਕ ਦਾ ਉਨ੍ਹਾਂ ਦਾ ਅਸੂਲ ਸੀ ‘ਨਾ ਕਿਸੇ ਨਾਲ ਮੂੰਹ ਮੁਲਾਹਜ਼ਾ ਤੇ ਨਾ ਹੀ ਕਿਸੇ ਨਾਲ ਪੱਖਪਾਤ।’ ਧਵਨ ਹੋਰਾਂ ਨਾਲ ਬਹੁਤ ਲੰਮਾ ਸਮਾਂ ਕੰਮ ਕਰਨ ਵਾਲੇ ਭਾਰਤੀ ਵਿਗਿਆਨੀ ਰੌਡਮ ਨਰਸਿਮ੍ਹਾ ਨੇ ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਸੀ:

‘ਉਹ ਬਹੁਤ ਹੱਦ ਤੱਕ, ਅਣਐਲਾਨੇ ਰੂਪ ਵਿਚ ਵਿਗਿਆਨਕ ਬਰਾਦਰੀ ਦੀ ਨੈਤਿਕ ਤੇ ਸਮਾਜਿਕ ਜ਼ਮੀਰ ਸਨ।’

ਉਨ੍ਹਾਂ ਦੀ ਧੀ ਤੇ ਮਾਣਮੱਤੀ ਜੈਵ-ਵਿਗਿਆਨੀ ਜਯੋਤਸਨਾ ਧਵਨ ਆਪਣੇ ਪਿਤਾ ਦੀ ਗਹਿਰੀ ਸਮਾਜਿਕ ਚੇਤਨਤਾ ਬਾਰੇ ਲਿਖਦੀ ਹੈ: ‘ਸ੍ਰੀਹਰੀਕੋਟਾ ਵਿਚ ਲਾਂਚ ਸੈਂਟਰ ਉਸਾਰਨ ਸਮੇਂ ਉਨ੍ਹਾਂ ਨੂੰ ਜਿਹੜੀ ਗੱਲ ਪ੍ਰੇਸ਼ਾਨ ਕਰ ਰਹੀ ਸੀ ਉਹ ਸੀ ਯਾਨਾਡੀ ਕਬੀਲੇ ਦਾ ਉਜਾੜਾ। ਭਾਰਤ ਵਿਚ ਵਿਕਾਸ ਦੇ ਨਾਂ ’ਤੇ ਚਹੁੰ ਪਾਸੇ ਹੋ ਰਹੇ ਲੋਕਾਂ ਦੇ ਉਜਾੜੇ ਦੀ ਤਸਵੀਰ ਨੂੰ ਸਾਹਮਣੇ ਰੱਖ ਕੇ ਦੇਖੋ। ਉਨ੍ਹਾਂ ਇਸ ਪੱਖ ਤੋਂ ਹਾਲਾਤ ਸੁਖਾਵੇਂ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ। ਉਜੜੇ ਪੁੱਜੜੇ ਲੋਕਾਂ ਦੀ ਹੋਣੀ ਨੂੰ ਸਾਡੀ ਸਮੂਹਿਕ ਚੇਤਨਾ ਦਾ ਹਿੱਸਾ ਬਣਾਉਣ ਵਿਚ ਮੇਧਾ ਪਾਟਕਰ ਦੀ ਨਿਰਛਲ ਜੱਦੋਜਹਿਦ ਦੀ ਉਨ੍ਹਾਂ ਸ਼ਲਾਘਾ ਕੀਤੀ ਸੀ।’

ਸਤੀਸ਼ ਧਵਨ ਆਧੁਨਿਕ ਭਾਰਤ ਦੀਆਂ ਮਹਾਨਤਮ ਸ਼ਖ਼ਸੀਅਤਾਂ ’ਚੋਂ ਇਕ ਸਨ। ਉਹ ਵਿਗਿਆਨ ਦੇ ਖੇਤਰ ਲਈ ਉਵੇਂ ਹੀ ਸਨ ਜਿਵੇਂ ਉੱਦਮਸ਼ੀਲਤਾ ਦੇ ਖੇਤਰ ਲਈ ਜੇ.ਆਰ.ਡੀ. ਟਾਟਾ, ਦਸਤਕਾਰੀ ਖੇਤਰ ਲਈ ਕਮਲਾਦੇਵੀ ਚੱਟੋਪਾਧਿਆਏ, ਸਹਿਕਾਰਤਾ ਲਹਿਰ ਲਈ ਵਰਗੀਜ਼ ਕੁਰੀਅਨ। ਵਿਗਿਆਨ ਹੋਵੇ, ਰਾਜਨੀਤੀ, ਕਾਰੋਬਾਰ, ਪ੍ਰਸ਼ਾਸਨ ਜਾਂ ਨਾਗਰਿਕ ਸਮਾਜ - ਅਜੋਕੀ ਪੀੜ੍ਹੀ ਦੇ ਉਭਰਦੇ ਆਗੂਆਂ ਲਈ ਸਤੀਸ਼ ਧਵਨ ਦੀ ਜ਼ਿੰਦਗੀ ਤੋਂ ਬਹੁਤ ਸਾਰੇ ਸਬਕ ਮਿਲਦੇ ਹਨ। ਇਹ ਸਬਕ ਹਨ - ਜ਼ਾਤੀ ਜ਼ਿੰਦਗੀ ਅਤੇ ਪੇਸ਼ੇਵਰ ਵਿਹਾਰ ਵਿਚ ਸਿਰੇ ਦੀ ਦਿਆਨਤਦਾਰੀ, ਪ੍ਰਤਿਭਾ ਨੂੰ ਮਾਨਤਾ ਤੇ ਪੁਸ਼ਤਪਨਾਹੀ ਦੇਣ ਅਤੇ ਸਮਝਦਾਰੀ ਨਾਲ ਜ਼ਿੰਮੇਵਾਰੀ ਸੌਂਪਣ ਦੀ ਜ਼ਬਰਦਸਤ ਕਾਬਲੀਅਤ, ਅਜਿਹੀ ਫਰਾਖ਼ਦਿਲੀ ਜੋ ਮਾਤਹਿਤਾਂ ਨੂੰ ਸਫ਼ਲਤਾ ਦਾ ਸਿਹਰਾ ਲੈਣ ਦਾ ਹੱਕ ਦਿੰਦੀ ਹੈ ਤੇ ਸਭ ਤੋਂ ਵਧ ਕੇ ਨਾਕਾਮੀ ਦੀ ਜ਼ਿੰਮੇਵਾਰੀ ਲੈਣ ਦੇ ਨੈਤਿਕ ਬਲ ਪੈਦਾ ਕਰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All