ਗੋਵਰਧਨ ਗੱਬੀ
ਹਰ ਪੜ੍ਹਿਆ ਲਿਖਿਆ, ਸੂਝਵਾਨ ਤੇ ਸਿਆਣਾ ਵਿਅਕਤੀ ਜ਼ਿੰਦਗੀ ਵਿੱਚ ਕਾਮਯਾਬ ਹੋਵੇਗਾ, ਇਹ ਜ਼ਰੂਰੀ ਨਹੀਂ ਹੁੰਦਾ। ਬਹੁਤ ਸਾਰੇ ਮੇਰੇ ਵਰਗੇ ਅਖੌਤੀ ਉੱਚ ਦਰਜੇ ਦੀ ਬੁੱਧੀ ਵਾਲੇ ਲੋਕ ਜੇਕਰ ਜ਼ਿੰਦਗੀ ਵਿੱਚ ਅਸਫ਼ਲ ਨਹੀਂ ਹੁੰਦੇ ਤਾਂ ਉਸ ਮੁਕਾਮ ਉਪਰ ਵੀ ਨਹੀਂ ਪਹੁੰਚਦੇ ਜਿੱਥੇ ਉਹ ਪਹੁੰਚ ਸਕਦੇ ਜਾਂ ਪਹੁੰਚਣਾ ਚਾਹੁੰਦੇ ਸੀ। ਅੰਗਰੇਜ਼ੀ ਦੀ ਕਹਾਵਤ ਹੈ ਕਿ ਪੈਸਾ, ਸਫ਼ਲਤਾ ਤੇ ਬੁੱਧੀਮਾਨੀ ਇੱਕਠਿਆਂ ਕਿਸੇ ਵਿਰਲੇ ਦੇ ਹੀ ਭਾਗਾਂ ਵਿੱਚ ਹੁੰਦੇ ਹਨ। ਭਾਵ ਜੇਕਰ ਤੁਹਾਡੇ ਕੋਲ ਪੈਸਾ ਹੁੰਦਾ ਹੈ ਤਾਂ ਅਕਲ ਨਹੀਂ ਹੁੰਦੀ, ਜੇ ਅਕਲ ਹੁੰਦੀ ਹੈ ਤਾਂ ਪੈਸਾ ਨਹੀਂ ਹੁੰਦਾ। ਕਈ ਵਾਰ ਕਿਸੇ ਕੋਲ ਅਕਲ ਤੇ ਪੈਸਾ ਦੋਵੇਂ ਹੁੰਦੇ ਹਨ ਪਰ ਸਫ਼ਲਤਾ ਫਿਰ ਨਹੀਂ ਮਿਲਦੀ। ਪਰ ਕਈਆਂ ਕੋਲ ਨਾ ਅਕਲ, ਨਾ ਪੈਸਾ ਤੇ ਨਾ ਹੀ ਸਫ਼ਲਤਾ ਹੁੰਦੀ ਹੈ ਪਰ ਉਨ੍ਹਾਂ ਦੀ ਕਿਸਮਤ ਹਰ ਵਾਰ ਉਨ੍ਹਾਂ ਦੇ ਹੱਕ ਵਿੱਚ ਭੁਗਤਦੀ ਹੈ। ਉਹ ਕਰਦੇ ਕੁਵੱਲੀਆਂ ਹਨ ਪਰ ਰੱਬ ਸਿੱਧੀਆਂ ਪਾ ਦਿੰਦਾ ਹੈ। ਕਈ ਵਾਰ ਦੇਖਿਆ ਹੈ ਕਿ ਚੰਗੀ ਕਿਸਮਤ ਦੇ ਚਲਦਿਆਂ ਕਈ ਕੋਰੇ ਅਨਪੜ੍ਹ ਲੋਕ ਸੂਬਿਆਂ ਤੇ ਦੇਸ਼ ਦੇ ਸਿੱਖਿਆ ਮੰਤਰੀ ਬਣ ਜਾਂਦੇ ਨੇ ਤੇ ਪੜ੍ਹੇ ਲਿਖੇ ਲੋਕ ਉਨ੍ਹਾਂ ਨੂੰ ਸਲਾਮਾਂ ਕਰਦੇ ਹਨ। ਕਈ ਮੁਸ਼ਕਿਲ ਤੇ ਰਿਆਇਤੀ ਅੰਕਾਂ ਨਾਲ ਦਸਵੀਂ ਜਮਾਤ ਵੀ ਪਾਸ ਨਹੀਂ ਕਰਦੇ ਪਰ ਰੱਬ ਉਨ੍ਹਾਂ ਨੂੰ ਸਿਹਤ, ਜੰਗਲਾਤ, ਖੇਤੀਬਾੜੀ ਤੇ ਖ਼ਜ਼ਾਨਾ ਮੰਤਰੀ ਬਣਾ ਦਿੰਦਾ ਹੈ। ਕਈਆਂ ਨੇ ਜ਼ਿੰਦਗੀ ਵਿੱਚ ਕਦੇ ਕੰਧ ਵਿੱਚ ਕਿੱਲ ਤੱਕ ਨਹੀਂ ਠੋਕਿਆ ਹੁੰਦਾ ਪਰ ਹਾਲਾਤ ਐਸੇ ਉਨ੍ਹਾਂ ਵੱਲ ਦੇ ਹੋ ਨਬਿੜਦੇ ਹਨ ਤੇ ਉਹ ਸੂਬੇ ਤੇ ਦੇਸ਼ ਦੇ ਤਕਨੀਕੀ ਸਿੱਖਿਆ ਮੰਤਰੀ ਬਣ ਜਾਂਦੇ ਹਨ। ਕਈ ਲੋਕ, ਲੋਕਾਂ ਦਾ ਮਨੋਰੰਜਨ ਕਰਦੇ ਕਰਦੇ ਸੂਬਿਆਂ ਦੇ ਮੁੱਖ ਮੰਤਰੀ, ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਵੀ ਬਣ ਜਾਂਦੇ ਹਨ। ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਹੈ ਖੇਲ੍ਹ, ਕੋਈ ਪਾਸ ਕੋਈ ਫੇਲ੍ਹ, ਅਨਾੜੀ ਹੈ ਕੋਈ ਖਿਲਾੜੀ ਹੈ ਕੋਈ। ਸਭ ਕਿਸਮਤ ਦੀਆਂ ਖੇਡਾਂ ਹਨ। ਸਾਡੇ ਬਚਪਨ ਵਿੱਚ ਮੇਰੇ ਤਾਇਆ ਜੀ ਸਾਨੂੰ ਇੱਕ ਏਦਾਂ ਦੇ ਹੀ ਬੰਦੇ ਦੀ ਬਾਤ ਸੁਣਾਇਆ ਕਰਦੇ ਸਨ।
ਰਾਜਿਆਂ ਮਹਾਰਾਜਿਆਂ ਦੇ ਵੇਲਿਆਂ ਦੀ ਗੱਲ ਹੈ। ਲੱਲੂ ਨਾਮਕ ਜਵਾਨ ਮੁੰਡਾ ਸੀ। ਉਸ ਦਾ ਬਚਪਨ ਵਿੱਚ ਹੀ ਵਿਆਹ ਹੋ ਗਿਆ ਸੀ। ਉਸ ਨੇ ਪਹਿਲੀ ਵਾਰ ਸਹੁਰੇ ਮੁਕਲਾਵਾ ਲੈਣ ਜਾਣਾ ਸੀ। ਅਕਲ ਤੋਂ ਪੈਦਲ ਮੁੰਡੇ ਨੂੰ ਹਰ ਗੱਲ ਛੇਤੀ ਭੁੱਲ ਜਾਣ ਦੀ ਵੀ ਆਦਤ ਸੀ। ਉਸ ਦੀ ਮਾਂ ਨੂੰ ਪਤਾ ਸੀ ਕਿ ਉਸ ਦਾ ਪੁੱਤਰ ਸਿੱਧੜ ਹੈ। ਜਾਣ ਤੋਂ ਪਹਿਲਾਂ ਉਸ ਨੇ ਸਮਝਾਇਆ ਕਿ ਪੁੱਤਰ ਸਹੁਰੇ ਘਰ ਜਾਵੇਂਗਾ ਤਾਂ ਉਹ ਜੋ ਕੁਝ ਵੀ ਖਾਣ ਪੀਣ ਨੂੰ ਦੇਣ, ਉਸ ਨੂੰ ਮਨ੍ਹਾ ਨਹੀਂ ਕਰਨਾ ਹੈ ਮਤਲਬ ਜੋ ਰੁੱਖਾ ਸੁੱਕਾ ਦੇਣ ਉਹ ਖਾ ਲੈਣਾ ਹੈ। ਮਾਂ ਨੇ ਪੁੱਤਰ ਨੂੰ ਹਦਾਇਤ ਦਿੱਤੀ ਕਿ ਉਹ ਸਹੁਰੇ ਘਰ ਪਹੁੰਚਣ ਤੱਕ ਇਹ ਸ਼ਬਦ ਲਗਾਤਾਰ ਬੋਲੀ ਜਾਵੇ ਕਿ ਮਾਂ ਨੇ ਕਿਹਾ ਸੀ ਕਿ ਰੁੱਖਾ ਸੁੱਕਾ ਖਾ ਲੈਣਾ ਤਾਂ ਕਿ ਕਿਤੇ ਉਹ ਭੁੱਲ ਨਾ ਜਾਵੇ।
ਲੱਲੂ ਇਨ੍ਹਾਂ ਸ਼ਬਦਾਂ ਦਾ ਉੱਚੀ ਉੱਚੀ ਉਚਾਰਨ ਕਰਦਾ ਸਹੁਰੇ ਪਿੰਡ ਨੂੰ ਤੁਰ ਪਿਆ। ਰਸਤੇ ਵਿੱਚ ਉਸ ਨੇ ਦੇਖਿਆ ਕਿ ਇੱਕ ਡੱਬਰ ਵਿੱਚ ਉਸ ਦੀ ਉਮਰ ਦੇ ਕੁਝ ਮੁੰਡੇ ਨਹਾ ਰਹੇ ਸਨ। ਗਰਮੀਆਂ ਦੇ ਦਿਨ ਸਨ। ਉਸ ਦਾ ਮਨ ਵੀ ਨਹਾਉਣ ਨੂੰ ਕਰ ਉੱਠਿਆ। ਉਸ ਨੇ ਕੱਪੜੇ ਉਤਾਰੇ ਤੇ ਉਨ੍ਹਾਂ ਨਾਲ ਨਹਾਉਣ ਲੱਗ ਗਿਆ। ਨਹਾਉਂਦਾ ਹੋਇਆ ਉਹ ਮਾਂ ਦੇ ਹਦਾਇਤ ਵਾਲੇ ਬੋਲ ਭੁੱਲ ਗਿਆ। ਗੁਆਚੇ ਬੋਲਾਂ ਨੂੰ ਲੱਭਣ ਵਾਸਤੇ ਉਹ ਵਾਰ ਵਾਰ ਪਾਣੀ ਵਿੱਚ ਡੁਬਕੀਆਂ ਮਾਰਨ ਲੱਗਾ। ਉੱਥੇ ਨਹਾਉਂਦੇ ਮੁੰਡਿਆਂ ਨੂੰ ਲੱਗਾ ਕਿ ਲੱਲੂ ਦਾ ਪਾਣੀ ਵਿੱਚ ਕੁਝ ਗੁਆਚ ਗਿਆ ਹੈ। ਉਨ੍ਹਾਂ ਉਸ ਨੂੰ ਪੁੱਛਿਆ, ਪਰ ਉਹ ਡੁਬਕੀਆਂ ਮਾਰਨ ਤੋਂ ਹਟਿਆ ਨਾ। ਬਾਕੀ ਮੁੰਡੇ ਵੀ ਡੁਬਕੀਆਂ ਮਾਰਨ ਲੱਗੇ। ਇੰਨੇ ਚਿਰ ਨੂੰ ਕਿਸੇ ਇੱਕ ਮੁੰਡੇ ਨੂੰ ਹਵਾ ਸਰ ਗਈ ਤਾਂ ਦੂਸਰੇ ਮੁੰਡੇ ਨੇ ਉਸ ਨੂੰ ਕਿਹਾ, ‘‘ਓਏ ਤੂੰ ਕਿਹੜੀ ਰੁੱਖੀ ਸੁੱਕੀ ਰੋਟੀ ਖਾ ਕੇ ਆਇਐਂ…?”
ਇਹ ਸੁਣਦੇ ਹੀ ਲੱਲੂ ਨੂੰ ਆਪਣੇ ਬੋਲ ਯਾਦ ਆ ਗਏ ਤੇ ਉਹ ਖ਼ੁਸ਼ੀ ਵਿੱਚ ਝੂਮ ਉੱਠਿਆ। ਉਹ ਦੁਬਾਰਾ ਉਹੀ ਸ਼ਬਦ ਉੱਚੀ ਉੱਚੀ ਬੋਲਦਾ ਕਿ ‘ਰੁੱਖੀ ਸੁੱਕੀ ਖਾ ਲੈਣਾ’ ਸਹੁਰੇ ਪਿੰਡ ਨੂੰ ਤੁਰ ਪਿਆ।
ਰਸਤੇ ਵਿੱਚ ਇੱਕ ਸ਼ਿਕਾਰੀ ਨੇ ਪੰਛੀ ਫੜਣ ਵਾਸਤੇ ਜਾਲ ਵਿਛਾਇਆ ਹੋਇਆ ਸੀ। ਜਿਸ ਵੇਲੇ ਪੰਛੀ ਜਾਲ ਵਿੱਚ ਫਸਣ ਹੀ ਵਾਲੇ ਸਨ ਤਾਂ ਲੱਲੂ ਉੱਚੀ ਉੱਚੀ ਬੋਲਦਾ ਜਾਲ ਦੇ ਨੇੜੇ ਪਹੁੰਚ ਰਿਹਾ ਸੀ। ਸ਼ਿਕਾਰੀ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਉਹ ਬੋਲਣੋਂ ਨਹੀਂ ਹਟਿਆ। ਨਤੀਜਨ ਪੰਛੀ ਉੱਡ ਗਏ। ਸ਼ਿਕਾਰੀ ਨੇ ਲੱਲੂ ਨੂੰ ਕੁਟਾਪਾ ਚਾੜ੍ਹਿਆ। ਉਸ ਨੇ ਪੁੱਛਿਆ ਕਿ ਫਿਰ ਉਹ ਕੀ ਬੋਲੇ ਤਾਂ ਸ਼ਿਕਾਰੀ ਨੇ ਕਿਹਾ ਕਿ ਇਹ ਕਹਿ ਕਿ ‘ਆਉ ਤੇ ਫਸੋ’। ਲੱਲੂ ਹੁਣ ਸ਼ਿਕਾਰੀ ਵਾਲੇ ਸ਼ਬਦ ਬੋਲਦਾ ਅੱਗੇ ਨੂੰ ਤੁਰ ਪਿਆ।
ਅੱਗੇ ਕੁਝ ਚੋਰ, ਚੋਰੀ ਕਰ ਕੇ ਆ ਰਹੇ ਸਨ। ਉਹ ਉਨ੍ਹਾਂ ਨੇੜਿਓਂ ‘ਆਉ ਤੇ ਫਸੋ’ ਬੋਲਦਾ ਲੰਘਿਆ। ਚੋਰਾਂ ਨੂੰ ਬੋਲ ਸੁਣ ਕੇ ਬੁਰਾ ਲੱਗਿਆ। ਉਨ੍ਹਾਂ ਸੋਚਿਆ ਕਿ ਲੱਲੂ ਇਹ ਸ਼ਬਦ ਉਨ੍ਹਾਂ ਨੂੰ ਬੋਲ ਰਿਹਾ ਹੈ। ਉਨ੍ਹਾਂ ਨੇ ਵੀ ਉਸ ਨੂੰ ਕੁਟਾਪਾ ਚਾੜ੍ਹ ਦਿੱਤਾ। ਲੱਲੂ ਨੇ ਪੁੱਛਿਆ ਕਿ ਫਿਰ ਉਹ ਕੀ ਬੋਲੇ ਤਾਂ ਚੋਰਾਂ ਨੇ ਕਿਹਾ ਕਿ ਹੁਣ ਉਹ ਇਹ ਸ਼ਬਦ ਬੋਲੇ ਕਿ ‘ਇਹ ਰੱਖੋ ਤੇ ਹੋਰ ਲਿਆਉ’। ਲੱਲੂ ਚੋਰਾਂ ਵਾਲੇ ਸ਼ਬਦ ਉੱਚੀ ਉੱਚੀ ਬੋਲਦਾ ਫਿਰ ਅੱਗੇ ਨੂੰ ਤੁਰ ਪਿਆ।
ਸਸਕਾਰ ਵਾਸਤੇ ਕੁਝ ਲੋਕ ਫੌਤ ਹੋਏ ਦੀ ਬੰਦੇ ਦੀ ਲੋਥ ਦੇ ਸਸਕਾਰ ਕਰਨ ਵਾਸਤੇ ਲੈ ਕੇ ਸ਼ਮਸ਼ਾਨਘਾਟ ਪਹੁੰਚ ਰਹੇ ਸਨ। ਲੱਲੂ ਨੇੜੇ ਤੋਂ ਲੰਘਦਾ ਤੇ ਉਨ੍ਹਾਂ ਵੱਲ ਦੇਖਦਾ ਬੋਲ ਰਿਹਾ ਸੀ,“ਇਹ ਰੱਖੋ ਤੇ ਹੋਰ ਲਿਆਉ।” ਲੱਲੂ ਦੇ ਬੋਲ ਸੁਣ ਕੇ ਉਨ੍ਹਾਂ ਨੇ ਵੀ ਉਸਨੂੰ ਕੁਟਾਪਾ ਚਾੜ੍ਹ ਦਿੱਤਾ। ਲੱਲੂ ਨੇ ਕਿਹਾ ਕਿ ਹੁਣ ਉਹ ਅੱਗੇ ਤੋਂ ਕੀ ਕਹੇ ਤਾਂ ਉਨ੍ਹਾਂ ਸਲਾਹ ਦਿੱਤੀ ਕਿ ਉਹ ਕਹੇ ‘ਰੱਬ ਇਹੋ ਜਿਹਾ ਕਿਸੇ ਨਾਲ ਨਾ ਕਰੇ’।
‘‘ਰੱਬ ਇਹੋ ਇਹੋ ਜਿਹਾ ਕਿਸੇ ਨਾਲ ਨਾ ਕਰੇ’’ ਬੋਲਦਾ ਹੋਇਆ ਲੱਲੂ ਸਹੁਰੇ ਪਿੰਡ ਦੇ ਨੇੜੇ ਵਾਲੇ ਪਿੰਡ ਪਹੁੰਚ ਗਿਆ। ਉੱਥੇ ਕਿਸੇ ਦੇ ਘਰ ਪੁੱਤਰ ਹੋਇਆ ਸੀ। ਉਹ ਗਿੱਧੇ ਭੰਗੜੇ ਪਾ ਰਹੇ ਸਨ। ਲੱਲੂ ਗਿੱਧਾ ਭੰਗੜਾ ਦੇਖਦਾ ਬੋਲੀ ਜਾਵੇ “ਰੱਬ ਇਹੋ ਜਿਹਾ ਕਿਸੇ ਨਾਲ ਨਾ ਕਰੇ।’’ ਉਸ ਨੂੰ ਫਿਰ ਕੁਟਾਪਾ ਚੜ੍ਹ ਗਿਆ। ਅਖੀਰ ਲੱਲੂ ਸਹੁਰੇ ਘਰ ਪਹੁੰਚ ਗਿਆ। ਸ਼ਾਮ ਹੋ ਗਈ ਸੀ। ਉਸ ਨੇ ਆਪਣੀ ਸੱਸ ਨੂੰ ਮੱਥਾ ਟੇਕਿਆ। ਸੱਸ ਨੇ ਕਿਹਾ ਕਿ ਕੁੜੀ ਤਾਂ ਆਪਣੇ ਨਾਨਕੇ ਗਈ ਹੈ, ਹਫ਼ਤੇ ਤੱਕ ਮੁੜੇਗੀ। ਤੱਦ ਤੱਕ ਉਹ ਇੱਥੇ ਹੀ ਰਹੇ। ਲੱਲੂ ਮੰਨ ਗਿਆ।
ਗਰਮੀ ਬਹੁਤ ਸੀ। ਸੱਸ ਨੇ ਉਸਨੂੰ ਰਸੋਈ ਦੀ ਛੱਤ ਉਪਰ ਬੈਠ ਕੇ ਹਵਾ ਖਾਣ ਵਾਸਤੇ ਕਿਹਾ। ਲੱਲੂ ਛੱਤ ’ਤੇ ਬੈਠਾ ਰੋਟੀ ਪਕਾਉਣ ਦੇ ਚੰਡਾਕੇ ਸੁਣਦਾ ਰਿਹਾ। ਜਦੋਂ ਸੱਸ ਨੇ ਉਸ ਨੂੰ ਰੋਟੀ ਖਾਣ ਵਾਸਤੇ ਬੁਲਾਇਆ ਤਾਂ ਲੱਲੂ ਕਹਿੰਦਾ, “ਸਾਸੂ ਮਾਂ, ਮੈਂ ਦੱਸਾਂ ਤੂੰ ਕਿੰਨੀਆਂ ਰੋਟੀਆਂ ਪਕਾਈਆਂ ਨੇ?” ਸੱਸ ਨੇ ਕਿਹਾ, “ਹਾਂ, ਦੱਸ ਪ੍ਰਾਹੁਣਿਆ?”
ਲੱਲੂ ਕਹਿੰਦਾ, “ਸੋਲ੍ਹਾਂ।” ਸੱਸ ਨੇ ਗਿਣੀਆਂ ਤਾਂ ਉਹ ਸੋਲ੍ਹਾਂ ਹੀ ਨਿਕਲੀਆਂ। ਸੱਸ ਤਾਂ ਆਪਣੇ ਜਵਾਈ ਦੀ ਸੂਝ ਤੇ ਸਿਆਣਪ ਉੱਪਰ ਫੁੱਲੀ ਨਾ ਸਮਾਏ। ਸੱਸ ਨੇ ਉਸ ਨੂੰ ਰੋਟੀ ਪਰੋਸੀ ਤੇ ਆਪ ਮੁਹੱਲੇ ਵਿੱਚ ਨਿਕਲ ਗਈ ਇਹ ਦੱਸਣ ਕਿ ਉਸ ਦਾ ਜਵਾਈ ਲੱਲੂ ਨਹੀਂ ਸਗੋਂ ਸੋਲ੍ਹਾਂ ਕਲਾਂ ਸੰਪੂਰਨ ਹੈ। ਗੱਲ ਸਾਰੇ ਕਸਬੇ ਵਿੱਚ ਫੈਲ ਗਈ ਕਿ ਫਲਾਣੀ ਜ਼ਨਾਨੀ ਦਾ ਜਵਾਈ ਸੋਲ੍ਹਾਂ ਕਲਾਂ ਸੰਪੂਰਨ ਹੈ।
ਅਗਲੇ ਦਿਨ ਸ਼ਾਮ ਨੂੰ ਪਿੰਡ ਦੇ ਇੱਕ ਘੁਮਿਆਰ ਦਾ ਖੋਤਾ ਗੁਆਚ ਗਿਆ। ਉਹ ਲੱਲੂ ਦੀ ਸੱਸ ਕੋਲ ਆ ਗਿਆ ਤਾਂ ਕਿ ਪਤਾ ਲੱਗ ਸਕੇ ਕਿ ਖੋਤਾ ਗੁਆਚਿਆ ਹੈ ਕਿ ਕਿਸੇ ਨੇ ਚੋਰੀ ਕੀਤਾ ਹੈ। ਸੱਸ ਨੇ ਲੱਲੂ ਨੂੰ ਸਿਫ਼ਾਰਿਸ਼ ਕੀਤੀ ਕਿ ਉਹ ਉਸ ਦੇ ਖੋਤੇ ਬਾਰੇ ਦੱਸੇ। ਲੱਲੂ ਨੇ ਬਥੇਰਾ ਕਿਹਾ ਕਿ ਉਹ ਕਿਸੇ ਪਾਸਿਓਂ ਵੀ ਸਮਝਦਾਰ ਨਹੀਂ ਹੈ। ਉਸ ਨੇ ਸੱਸ ਨੂੰ ਰੋਟੀਆਂ ਵਾਲਾ ਰਾਜ਼ ਵੀ ਵਿਸਥਾਰ ਨਾਲ ਸਮਝਾਇਆ ਪਰ ਸੱਸ ਕਿੱਥੇ ਮੰਨਦੀ ਸੀ। ਖ਼ੈਰ, ਲੱਲੂ ਨੇ ਕਿਹਾ ਕਿ ਠੀਕ ਹੈ ਕੱਲ੍ਹ ਸਵੇਰ ਤੱਕ ਦੱਸਦਾਂ।
ਰਾਤ ਨੂੰ ਗਰਮੀ ਬਹੁਤ ਸੀ। ਲੱਲੂ ਹਵਾ ਖਾਣ ਵਾਸਤੇ ਪਿੰਡ ਦੀ ਬਾਹਰਲੀ ਫਿਰਨੀ ਵਾਲੇ ਪਾਸੇ ਘੁੰਮਦਾ ਹੋਇਆ ਪਿੰਡ ਦੇ ਗੋਹੇ ਕੂੜੇ ਵਾਲੇ ਢੇਰਾਂ ਵੱਲ ਪਹੁੰਚ ਗਿਆ। ਅਚਾਨਕ ਬੱਦਲ ਛਾ ਗਏ। ਬਿਜਲੀਆਂ ਚਮਕਣ ਲੱਗੀਆਂ। ਬਿਜਲੀ ਚਮਕੀ ਤਾਂ ਲੱਲੂ ਦੀ ਨਜ਼ਰ ਢੇਰਾਂ ਨੇੜੇ ਘਾਹ ਚੁਗਦੇ ਖੋਤੇ ਉੱਪਰ ਜਾ ਪਈ। ਉਹ ਵਾਪਸ ਮੁੜਿਆ ਤੇ ਉਸ ਨੇ ਸੱਸ ਨੂੰ ਦੱਸਿਆ ਕਿ ਉਸ ਘੁਮਿਆਰ ਨੂੰ ਦੱਸ ਦੇਵੇ, ਉਸ ਦਾ ਖੋਤਾ ਢੇਰਾਂ ਨੇੜੇ ਘਾਹ ਚੁਗਦਾ ਪਿਆ ਹੈ। ਘੁਮਿਆਰ ਨੂੰ ਖੋਤਾ ਮਿਲ ਗਿਆ। ਅਗਲੇ ਹੀ ਦਿਨ ਲੱਲੂ ਦੀ ਸਿਆਣਪ ਤੇ ਸਮਝਦਾਰੀ ਦੀ ਚਰਚਾ ਰਿਆਸਤ ਦੇ ਰਾਜ ਦਰਬਾਰ ਵਿੱਚ ਵੀ ਹੋਣ ਲੱਗ ਪਈ।
ਚੌਥੇ ਕੁ ਦਿਨ ਰਿਆਸਤ ਰਾਜੇ ਦੀ ਰਾਣੀ ਦਾ ਨੌਂਲੱਖਾ ਹਾਰ ਚੋਰੀ ਹੋ ਗਿਆ। ਰਾਜ ਦਰਬਾਰੇ ਹਾਹਾਕਾਰ ਮੱਚ ਗਈ। ਕਿਸੇ ਦਰਬਾਰੀ ਨੇ ਲੱਲੂ ਤੋਂ ਪੁੱਛ ਪੁਆਉਣ ਦੀ ਗੱਲ ਕੀਤੀ। ਰਾਜੇ ਨੇ ਹੁਕਮ ਕੀਤਾ ਕਿ ਲੱਲੂ ਨੂੰ ਰਾਜ ਦਰਬਾਰ ਬੁਲਾਇਆ ਜਾਵੇ। ਉਸ ਨੂੰ ਜਬਰੀ ਮਹਿਲਾਂ ਵਿੱਚ ਪਹੁੰਚਾ ਦਿੱਤਾ ਗਿਆ। ਰਾਜੇ ਨੇ ਹੁਕਮ ਸੁਣਾਇਆ ਕਿ ਕੱਲ੍ਹ ਸਵੇਰ ਤੱਕ ਜਾਂ ਤਾਂ ਲੱਲੂ ਦੱਸੇ ਕਿ ਹਾਰ ਕਿਸ ਨੇ ਚੋਰੀ ਕੀਤਾ ਹੈ ਜਾਂ ਫਿਰ ਆਪਣਾ ਸਿਰ ਕਲਮ ਕਰਵਾਉਣ ਵਾਸਤੇ ਤਿਆਰ ਹੋ ਜਾਏ। ਲੱਲੂ ਨੇ ਬਥੇਰੀਆਂ ਲਿਲੜੀਆਂ ਕੱਢੀਆਂ। ਸੱਸ ਨੇ ਵੀ ਰੋਟੀਆਂ ਤੇ ਖੋਤੇ ਵਾਲੇ ਕਿੱਸੇ ਵੀ ਸੁਣਾਏ ਪਰ ਉਨ੍ਹਾਂ ਨੇ ਕਿਸੇ ਦੀ ਕੋਈ ਨਾ ਸੁਣੀ। ਸੱਸ ਨੂੰ ਵੀ ਪਛਤਾਵਾ ਹੋਣ ਲੱਗਾ ਕਿ ਉਸ ਨੇ ਆਪਣੇ ਪ੍ਰਾਹੁਣੇ ਨੂੰ ਕਿੱਥੇ ਫਸਾ ਦਿੱਤਾ ਹੈ। ਉਧਰ ਲੱਲੂ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਉਸ ਦੀ ਆਖ਼ਰੀ ਰਾਤ ਹੈ। ਬੇਚੈਨ ਹੋਇਆ ਲੱਲੂ ਰਾਤ ਦੇ ਤੀਸਰੇ ਪਹਿਰ ਤੱਕ ਮਹਿਲਾਂ ਵਿੱਚ ਇੱਧਰ ਉਧਰ ਇਹ ਕਹਿੰਦਾ ਘੁੰਮ ਰਿਹਾ ਸੀ, “ਰੋਟੀਆਂ ਗਿਣੀਆਂ ਚੰਡ ਚੰਡਾਕੇ, ਖੋਤਾ ਲੱਭਾ ਬਿਜਲੀ ਲਿਛਾਕੇ ਤੇ ਹੁਣ ਕੀ ਕਰਾਂ ਮੇਰੀ ਜਿੰਦੜੀਏ।”
ਕੁਦਰਤੀ ਮਹਿਲਾਂ ਵਿੱਚ ਕੰਮ ਕਰਦੀ ਇੱਕ ਨੌਕਰਾਣੀ, ਜਿਸ ਨੇ ਹਾਰ ਚੋਰੀ ਕੀਤਾ ਸੀ, ਉਸਦਾ ਨਾਂ ‘ਜਿੰਦਾਂ’ ਸੀ। ਲੱਲੂ ਦੇ ਬੋਲਾਂ ਦੀ ਆਵਾਜ਼ ਉਸ ਦੇ ਕੰਨੀਂ ਵੀ ਜਾ ਪਈ। ਉਸ ਨੇ ਸੋਚਿਆ ਕਿ ਲੱਲੂ ਨੂੰ ਪਤਾ ਚੱਲ ਗਿਆ ਹੈ, ਹਾਰ ਉਸ ਨੇ ਚੁਰਾਇਆ ਹੈ। ਉਹ ਉਸੇ ਵੇਲੇ ਲੱਲੂ ਦੇ ਪੈਰੀਂ ਪੈ ਗਈ ਤੇ ਕਿਹਾ, “ਇਹ ਲੈ ਹਾਰ ਪਰ ਮੇਰੀ ਜਾਨ ਬਖ਼ਸ਼ ਦੇ..।” ਲੱਲੂ ਨੂੰ ਸਮਝ ਨਾ ਆਵੇ ਕਿ ਉਹ ਕਿਸ ਦਾ ਸ਼ੁਕਰੀਆ ਕਰੇ ਜਿੰਦਾਂ ਦਾ ਕਿ ਆਪਣੀ ਚੰਗੀ ਕਿਸਮਤ ਦਾ।
ਅਗਲੇ ਦਿਨ ਲੱਲੂ ਨੇ ਰਾਜੇ ਨੂੰ ਦੱਸਿਆ ਕਿ ਹਾਰ ਚੋਰੀ ਨਹੀਂ ਹੋਇਆ ਸਗੋਂ ਫਲਾਣੇ ਔਲੇ ਵਿੱਚ ਪਿਆ ਹੈ। ਰਾਜੇ ਨੇ ਆਪਣੇ ਇੱਕ ਦਰਬਾਰੀ ਨੂੰ ਭੇਜਿਆ ਤੇ ਹਾਰ ਮੰਗਵਾ ਲਿਆ। ਰਾਜਾ ਹੈਰਾਨ ਤੇ ਖ਼ੁਸ਼ ਹੋ ਗਿਆ। ਉਸ ਨੂੰ ਲੱਗਿਆ ਕਿ ਉਹ ਆਪਣੀ ਧੀ ਵਾਸਤੇ ਜੋ ਸਹੀ ਤੇ ਉੱਤਮ ਵਰ ਲੱਭ ਰਿਹਾ ਸੀ ਉਹ ਜੇਕਰ ਕੋਈ ਹੈ ਤਾਂ ਕੇਵਲ ਤੇ ਕੇਵਲ ਲੱਲੂ ਰਾਮ।
ਦੇਖਦੇ ਹੀ ਦੇਖਦੇ ਕੁਝ ਦਿਨਾਂ ਵਿੱਚ ਲੱਲੂ, ਰਾਜ ਮਹਿਲ ਦਾ ਜਵਾਈ ਰਾਜਾ ਬਣ ਗਿਆ। ਇਸ ਨੂੰ ਕਹਿੰਦੇ ਨੇ ਲੱਲੂ ਕਰੇ ਕੁਵੱਲੀਆਂ ਤੇ ਰੱਬ ਸਿੱਧੀਆਂ ਪਾਵੇ।
ਸੰਪਰਕ: 94171-73700