ਡਾ. ਕਰਨਜੀਤ ਸਿੰਘ
ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਅਟੱਲ ਸੱਚਾਈ ਹੈ ਕਿ ਮਹਾਮਾਰੀਆਂ ਆਉਂਦੀਆਂ ਹਨ। ਜੋਬਨ ਹੰਢਾਉਂਦੀਆਂ ਹਨ। ਕਰੋੜਾਂ ਨੂੰ ਲਪੇਟ ’ਚ ਲੈਣ ਉਪਰੰਤ ਖ਼ਤਮ ਹੋ ਜਾਂਦੀਆਂ ਹਨ। ਇਕ ਸਦੀ ਪਹਿਲਾਂ ਸਪੈਨਿਸ਼ ਫਲੂ ਮਹਾਮਾਰੀ ਨੇ ਇਹੋ ਜਿਹਾ ਕਾਰਨਾਮਾ ਕੀਤਾ ਸੀ ਜਿਸ ਨੂੰ ਪੜ੍ਹ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦੁਨੀਆ ਦੀ ਇਕ ਤਿਹਾਈ ਆਬਾਦੀ ਨੂੰ ਆਪਣੀ ਜਕੜ੍ਹ ਵਿਚ ਲਿਆ ਸੀ। ਮਾਰ ਇੰਨੀ ਜ਼ਿਆਦਾ ਸੀ ਕਿ 8-10 ਫ਼ੀਸਦੀ ਜਵਾਨ ਮਰਦ ਅਤੇ ਔਰਤਾਂ ਭਰ ਜੋਬਨ ਵਿੱਚ ਹੁੰਦੇ ਹੋਏ ਵੀ ਇਸ ਦਾ ਸ਼ਿਕਾਰ ਹੋ ਗਏ। ਇਹ ਖੁਲਾਸਾ ਇਤਿਹਾਸਕਾਰ ਜੌਹਨ ਐੱਮ ਬੇਰੀ ਨੇ ਆਪਣੀ ਕਿਤਾਬ ‘ਦਿ ਗਰੇਟ ਇਨਫਲੂਐਂਜਾਂ’ ਵਿੱਚ ਕੀਤਾ ਹੈ। ਫਰਵਰੀ 1918 ਤੋਂ ਸ਼ੁਰੂੁ ਫਲੂ ਮਹਾਮਾਰੀ ਇੱਕ ਇਨਫਲੂਐਂਜਾਂ ਐੱਚ1ਐੱਨ1 ਏ (H1N1) ਵਾਇਰਸ ਨਾਲ ਸ਼ੁਰੂ ਹੋਇਆ। ਭਾਵੇਂ ਇਹ ਸ਼ੁਰੂਆਤ ਅਮਰੀਕਾ ਦੇ ਕੈਨਸਾਸ ਸ਼ਹਿਰ ਦੇ ਫੌਜੀ ਕੈਂਪਾਂ ਵਿਚ ਹੋਈ ਪਰ ਇਸਦਾ ਨਾਮਕਰਨ ਸਪੇਨ ਵਿਚ ਹੋਇਆ, ਜਿਸ ਕਾਰਨ ਇਹ ‘ਸਪੈਨਿਸ਼ ਫਲੂ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਹਿਲੀ ਸੰਸਾਰ ਜੰਗ ਵਿਚ ਹੋਣ ਵਾਲੇ ਸ਼ਹੀਦ ਫੌਜੀਆਂ ਦੀ ਗਿਣਤੀ ਸ਼ਾਇਦ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੋਂ ਘੱਟ ਹੋਵੇਗੀ। ਕੋਈ ਵੀ ਦੇਸ਼ ਇਸ ਬਿਮਾਰੀ ਤੋਂ ਬਚ ਨਹੀਂ ਸਕਿਆ। ਦੁਨੀਆਂ ਦੀ ਇਕ ਤਿਹਾਈ ਆਬਾਦੀ ਇਸ ਨਾਲ ਪ੍ਰਭਾਵਿਤ ਹੋਈ ਸੀ। ਤਕਰੀਬਨ 50 ਕਰੋੜ ਆਬਾਦੀ ਨੇ ਇਸ ਦੀ ਮਾਰ ਨੂੰ ਸਹੇੜਿਆ। ਮੌਤ ਦੇ ਮੂੰਹ ਵਿਚ ਕਰੀਬ ਪੰਜ ਕਰੋੜ ਤਕ ਪਹੁੰਚੇ ਸਨ।
ਇਸ ਬਿਮਾਰੀ ਦੀ ਦੂਜੀ ਲਹਿਰ ਜੋ ਸਤੰਬਰ ਤੋਂ ਲੈ ਕੇ ਦਸੰਬਰ 1918 ਤੱਕ ਰਹੀ, ਬਹੁਤ ਤੇਜ਼ ਅਤੇ ਖਤਰਨਾਕ ਸਾਬਿਤ ਹੋਈ। ਇਸ ਨੇ ਬਹੁਤ ਛੇਤੀ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਬ੍ਰਿਟਿਸ਼ ਇੰਡੀਆ ਅਧੀਨ ਲੜੇ ਸਾਡੇ ਫੌਜੀ ਵੀ ਪਹਿਲੀ ਸੰਸਾਰ ਜੰਗ ਲੜਣ ਤੋਂ ਬਾਅਦ ਆਪਣੇ ਮੁਲਕ ਵਿਚ ਇਹ ਬਿਮਾਰੀ ਲੈ ਆਏ, ਜੋ ਸ਼ੁਰੂਆਤੀ ਦਿਨਾਂ ਵਿਚ ਬੰਬੇ ਕਲਕੱਤਾ ਇਲਾਕੇ ਤੋਂ ਸ਼ੁਰੂ ਹੋ ਕੇ ਉੱਤਰ ਦੱਖਣ ਵੱਲ ਵੱਧੀ ਅਤੇ ਭਾਰਤ ਦੇ ਹਰ ਸੂਬੇ ਨੂੰ ਆਪਣੀ ਲਪੇਟ ਵਿਚ ਲੈ ਜਾਂਦੀ ਗਈ। ਇਤਿਹਾਸਕਾਰ ਡੇਵਿਡ ਅਰਕਾਲਡ ਮੁਤਾਬਕ ਬੰਬੇ ਫਲੂ ਜਾਂ ਬੰਬੇ ਬੁਖਾਰ (ਫੀਵਰ) ਨਾਲ ਮਸ਼ਹੂਰ ਹੋਏ, ਇਸ ਸਪੈਨਿਸ਼ ਫਲੂ ਨੇ ਤਕਰੀਬਨ ਇਕ ਕਰੋੜ ਜਾਨਾਂ ਲਈਆਂ। 1911-1921 ਦੀ ਜਨਗਨਣਾ ਭਾਰਤ ਇਤਿਹਾਸ ਵਿਚ ਇਕੋ ਇਕ ਉਹ ਦਹਾਕਾ ਹੈ, ਜਿਸ ਵਿਚ ਬ੍ਰਿਟਿਸ਼ ਇੰਡੀਆ ਦੀ ਆਬਾਦੀ ਘਟੀ ਸੀ ਅਤੇ ਇਹ ਸਭ ਕੁਝ ਬੰਬੇ ਫਲੂ ਕਾਰਨ ਹੋਇਆ। ਜਨਮ ਦਰ ਵੀ ਤਕਰੀਬਨ 30 ਫ਼ੀਸਦੀ ਇਸ ਦੌਰਾਨ ਘਟ ਗਈ। ਸੂਰੀਆ ਕਾਂਤ ਤ੍ਰਿਪਾਠੀ ਮੁਤਾਬਕ ਉਸ ਵੇਲੇ ਵੀ ਸੰਸਕਾਰ ਕਰਨ ਲਈ ਲੱਕੜਾਂ ਦਾ ਕਾਲ ਪੈ ਗਿਆ ਸੀ। ਗੰਗਾ ਨਦੀ ਵਿਚ ਉਸ ਵੇਲੇ ਵੀ ਲਾਸ਼ਾਂ ਦਾ ਹੜ੍ਹ ਆਇਆ ਸੀ।
ਇਤਿਹਾਸਕ ਡਾ. ਮਿਰਧਲਾ ਰਮਾਣਾ ਅਨੁਸਾਰ ਬੰਬੇ ਫੀਵਰ (ਫਲੂ) ਦੀ ਦੂਸਰੀ ਲਹਿਰ ਵੇਲੇ ਇਕ ਹਜ਼ਾਰ ਭਰ ਜਵਾਨੀ ਵਿਚ ਔਰਤ ਅਤੇ ਮਰਦਾਂ ਪਿੱਛੇ 62 ਆਦਮੀ ਅਤੇ 79 ਔਰਤਾਂ ਦੀ ਮੌਤ ਹੋਈ। 10,86,758 ਮੌਤਾਂ ਜੂਨ ਤੋਂ ਦਸੰਬਰ 1918 ਵਿਚ ਹੋਈਆਂ, ਜੋ ਪਿਛਲੇ ਪੰਜ ਸਾਲਾਂ ਦੌਰਾਨ ਹੋਈਆਂ ਮੌਤਾਂ ਤੋਂ ਜ਼ਿਆਦਾ ਸਨ। ਹੈਰਾਨੀ ਵਾਲੀ ਗੱਲ ਹੈ ਕਿ 10 ਲੱਖ ਤੋਂ ਜ਼ਿਆਦਾ ਮੌਤਾਂ ਬੰਬੇ ਪ੍ਰੈਜ਼ੀਡੈਂਸੀ ਸੂਬੇ ਵਿਚ ਹੀ ਹੋਈਆਂ। ਮਹਾਤਮਾ ਗਾਂਧੀ ਵੀ ਇਸ ਦੀ ਲਪੇਟ ਵਿਚ ਆਏ ਸਨ। ਅਪਰੈਲ 1920 ਵਿੱਚ ਦੋ ਸਾਲ ਦੇ ਤਾਂਡਵ ਅਤੇ ਕਈ ਲਹਿਰਾਂ ਤੋਂ ਬਾਅਦ ਇਸ ਫਲੂ ਮਹਾਮਾਰੀ ਨੂੰ ਠੱਲ੍ਹ ਪਈ। ਇਹ ਠੱਲ੍ਹ ਕਿਵੇਂ ਪਈ, ਇਸ ਦੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ ’ਤੇ ਮੌਜੂਦ ਹਨ ਪਰ ਇਹ ਸੱਚ ਹੈ ਕਿ ਇਹ ਠੱਲ੍ਹ ਥਾਲੀਆਂ ਵਜਾ ਕੇ ਜਾਂ ਮੋਮਬੱਤੀਆਂ ਜਗਾ ਕੇ ਨਹੀਂ ਪਈ, ਸਗੋਂ ਪੂਰੇ ਸੰਸਾਰ ਦੀ ਸਮਰਪਿਤ ਲੀਡਰਸ਼ਿਪ ਅਤੇ ਆਮ ਲੋਕਾਂ ਨੇ ਮਿਲਕੇ ਇਸ ਨੂੰ ਠੱਲ੍ਹਣ ਵਿਚ ਯੋਗਦਾਨ ਪਾਇਆ।
ਫਲੂ ਬਤੌਰ ਸਪੈਨਿਸ਼ ਫਲੂ ਦੋ ਸਾਲ ਵਿਚ ਖਤਮ ਹੋ ਗਿਆ ਪਰ ਅਜੇ ਤੱਕ ਅਸੀਂ ਇਸ ਵਾਇਰਸ ਦੇ ਕਿਸੇ ਨਾ ਕਿਸੇ ਰੂਪ ਦੀ ਮਾਰ ਨੂੰ ਸਹਾਰਦੇ ਜਾ ਰਹੇ ਹਾਂ। ਫਲੂ ਵੈਕਸੀਨ 20 ਸਾਲ ਬਾਅਦ 1938-40 ਨੂੰ ਹੋਂਦ ਵਿਚ ਆਈ। ਇਸ ਦੇ ਵਾਇਰਸ ਆਪਣੇ ਰੰਗ ਰੂਪ ਨੂੰ ਬਦਲ ਕੇ (Mutation) ਹੇਠ ਲਿਖੇ ਅਨੁਸਾਰ ਪ੍ਰਚੱਲਤ ਰਹੇ।
• 1976 ਸਵਾਈਨ ਫਲੂ ਦਾ ਆਊਟ ਬ੍ਰੇਕ ਹੋ ਗਿਆ।
• 1977 ਰਸ਼ੀਅਨ ਫਲੂ ( ਰੂਸ ਦਾ ਫਲੂ)
3. 2009 H1N1A ਐੱਚ ਵਨ ਐੱਨ ਵਨ ਵਾਇਰਸ ਮਹਾਮਾਰੀ
4. 2012 ਵਿਚ ਇੰਡੀਅਨ ਆਊਟ ਬਰੇਕ
5. 2015 ਵਿਚ ਫਿਰ ਇੰਡੀਅਨ ਆਊਟ ਬਰੇਕ
6. 2017 ਮਾਲਦੀਪ ਫਲੂ ਆਊਟ ਬਰੇਕ
7. 2017 ਮਾਇਨਮਾਰ (ਬਰਮਾ) ਫਲੂ ਆਊਟ ਬਰੇਕ
8. 2017 ਪਾਕਿਸਤਾਨ ਫਲੂ 2019
9. ਮਾਲਟਾ ਫਲੂ ਆਊਟ ਬਰੇਕ
10. 2019 ਮੋਰੈਕੋ ਫਲੂ ਆਊਟ ਬਰੇਕ
11. 2019 ਇਰਾਨੀ ਫਲੂ ਆਊਟ ਬਰੇਕ
ਇਹ ਖੁਸ਼ਕਿਸਮਤੀ ਹੈ ਕਿ ਫਲੂ ਵੈਕਸੀਨ ਉਪਲੱਬਧ ਹੈ ਅਤੇ ਹਰ ਸਾਲ ਵਾਇਰਸ ਦੇ ਬਦਲਵੇਂ ਰੂਪ ਨੂੰ ਮੁੱਖ ਰੱਖਦੇ ਹੋਏ ਇਸ ਦਾ ਉਤਪਾਦਨ ਕੀਤਾ ਜਾਂਦਾ ਹੈ। ਭਾਰਤ ਵਿਚ ਵੀ ਇਹ ਵੈਕਸੀਨ ਮਾਰਕੀਟ ਵਿੱਚ ਉਪਲੱਬਧ ਹੈ ਪਰ ਇਹ ਸਾਡੇ ਕੌਮੀ ਟੀਕਾਕਰਨ ਦਾ ਹਿੱਸਾ ਨਹੀਂ ਹੈ। ਕੁਝ ਗਿਣਤੀ ਮਿਣਤੀ ਦੇ ਹੈਲਥ ਕੇਅਰ ਵਰਕਰਾਂ ਨੂੰ ਹੀ ਲਗਾਈ ਜਾਂਦੀ ਹੈ। ਆਮ ਜਨਤਾ ਵਿਚ ਤਾਂ ਇਹ ਵੈਕਸੀਨ ਪ੍ਰਚਲਿਤ ਵੀ ਨਹੀਂ ਹੈ। ਪਿਛਲੇ ਸਾਲ ਤਾਲਬੰਦੀ ਲੱਗਣ ਕਾਰਨ ਸਕੂਲ ਕਾਲਜ ਵੀ ਬੰਦ ਰਹੇ ਅਤੇ ਬੱਚੇ ਘਰ ਬੈਠੇ ਹੀ ਪੜ੍ਹਾਈ ਕਰਦੇ ਰਹੇ। ਸਕੂਲਾਂ ਤੋਂ ਵਾਂਝੇ ਰਹੇ ਪਰ ਉਹ ਫਲੂ ਬਿਮਾਰੀ ਤੋਂ ਵੀ ਬਚੇ ਰਹੇ। ਇਸ ਦਾ ਅੰਦਾਜ਼ਾ ਮੈਂ ਬਤੌਰ ਬੱਚਿਆਂ ਦਾ ਡਾਕਟਰ ਹੋਣ ਕਾਰਨ ਲਾ ਸਕਦਾ ਹਾਂ ਕਿਉਂਕਿ ਲੌਕਡਾਊਨ ਦਿਨੀ ਖਾਂਸੀ ਜ਼ੁਕਾਮ ਦੇ ਬਹੁਤ ਹੀ ਘੱਟ ਬੱਚਿਆਂ ਨੂੰ ਲੈ ਕੇ ਮਾਂ ਪਿਉ ਉਨ੍ਹਾਂ ਦੇ ਇਲਾਜ ਲਈ ਡਾਕਟਰਾਂ ਕੋਲ ਗਏ।
ਕਰੋਨਾ ਮਹਾਮਾਰੀ ਨੂੰ ਵੀ ਕਾਬੂ ਕਰਨ ਲਈ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਇੰਸ ਬਹੁਤ ਵਿਕਸਤ ਹੈ ਅਤੇ ਆਪਣਾ ਯੋਗਦਾਨ ਪਾ ਰਹੀ ਹੈ। ਬਿਮਾਰੀ ਨਾਲ ਹੋਏ ਪੀੜਤ ਲੋਕਾਂ ਦੀ ਅਸਲ ਗਿਣਤੀ ਕਰਨੀ ਬਹੁਤ ਹੀ ਮੁਸ਼ਕਲ ਹੈ। ਬਿਮਾਰੀ ਨਾਲ ਪੀੜਤ 80-85 ਪ੍ਰਤੀਸ਼ਤ ਲੋਕ ਜਾਂ ਤਾਂ ਲੱਛਣਾਂ ਤੋਂ ਬਗੈਰ ਪਾਏ ਜਾਂਦੇ ਹਨ ਜਾਂ ਫੇਰ ਬਹੁਤ ਘੱਟ ਲੱਛਣ ਹੁੰਦੇ ਹਨ। ਸਾਇੰਸ ਇੰਨੀ ਵਿਕਸਤ ਹੋਣ ਦੇ ਬਾਵਜੂਦ ਅਸੀਂ ਮੌਤਾਂ ’ਤੇ ਕਾਬੂ ਨਾ ਪਾ ਸਕੇ। ਵਿਕਸਤ ਦੇਸ਼ ਵੀ ਇਨ੍ਹਾਂ ਲਾਸ਼ਾਂ ਨੂੰ ਸਾਂਭਣ ਲਈ ਬੇਵੱਸ ਹੋ ਗਏ ਹਨ। ਨਿਊਯਾਰਕ ਸਿਟੀ ਦੇ ਹਸਪਤਾਲਾਂ ਦੇ ਬਾਹਰ ਆਰਜ਼ੀ ਮੁਰਦਾਖਾਨਿਆਂ ਵਿਚ ਥਾਂ ਵੀ ਨਹੀਂ ਬਚੀ ਸੀ। ਦਫਨਾਉਣ ਵਾਸਤੇ ਤਾਂ ਲੰਬੀ ਤਰੀਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਕੋਵਿਡ ਪ੍ਰੋਟੋਕੋਲ ਅਨੁਸਾਰ ਲਾਸ਼ਾ ਠਿਕਾਣੇ ਲਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਸੀ। ਵਿਕਸਤ ਦੇਸ਼ਾਂ ਵਿਚ ਤਾਂ ਬਿਮਾਰੀ ਨੂੰ ਠੱਲ੍ਹਣ ਵਾਲੇ ਮੈਡੀਕਲ ਅਤੇ ਪੈਰਾ ਮੈਡੀਕਲ ਦਾ ਸਤਿਕਾਰ ਹੁੰਦਾ ਰਿਹਾ। ਭਾਰਤ ਦੀ ਰਾਜਧਾਨੀ ਦਿੱਲੀ ਅਤੇ ਕਈ ਹੋਰ ਜਗ੍ਹਾਂ ’ਤੇ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਨੂੰ ਕਲੋਨੀਆਂ ਵਿਚ ਵੜਣ ਤੋਂ ਵਰਜਿੱਤ ਕਰ ਦਿੱਤਾ ਗਿਆ। ਕੁੱਟ ਕੁਟਾਪਾ ਵੀ ਹੁੰਦਾ ਰਿਹਾ। ਖੈਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਰੁਖ ਨੂੰ ਮੋੜਿਆ ਅਤੇ ਫਰੰਟ ਲਾਈਨ ਵਰਕਰਾਂ ਦਾ ਸਨਮਾਨ ਹੋਣਾ ਸ਼ੁਰੂ ਹੋਇਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਕ ਕਦਮ ਹੋਰ ਅੱਗੇ ਜਾ ਕੇ ਡਾਕਟਰਾਂ ਦੇ ਰਹਿਣ ਦਾ ਪ੍ਰਬੰਧ ਪੰਜ ਤਾਰਾ ਹੋਟਲਾਂ ਵਿਚ ਕਰ ਦਿੱਤਾ। ਇਸੇ ਤਰ੍ਹਾਂ ਪੈਰਾ ਮੇਡੀਕਲ ਸਟਾਫ਼ ਦਾ ਵੀ ਪ੍ਰਬੰਧ ਕੀਤਾ।
ਹੁਣ ਇਸ ਮੋੜ ’ਤੇ ਖੜ੍ਹੇ ਹਾਂ ਜਿਥੇ ਦੇਸ਼ ਵਿਚ ਕਰੋਨਾ ਦੀ ਦੂਜੀ ਲਹਿਰ ਪੈਰ ਪਸਾਰੀ ਆਪਣਾ ਤਾਂਡਵ ਦਿਖਾ ਰਹੀ ਹੈ। ਦੂਸ਼ਣਬਾਜ਼ੀ ਹੋ ਰਹੀ ਹੈ ਕਿ ਤਿਆਰੀ ਨਹੀਂ ਸੀ ਇਸ ਨੂੰ ਨਜਿੱਠਣ ਦੀ। ਸਰਕਾਰ ਨਾਕਾਮ ਰਹੀ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਸਰਕਾਰਾਂ ਨੇ ਕਦੇ ਵੀ ਪਬਲਿਕ ਹੈਲਥ ਸਿਸਟਮ ਨੂੰ ਉਤਸ਼ਾਹਿਤ ਅਤੇ ਵਿਕਸਤ ਕਰਨ ਵਾਸਤੇ ਯੋਗ ਕੰਮ ਨਹੀਂ ਕੀਤਾ ਹੈ। ਬਿਮਾਰੀਆਂ ਦੀ ਮਾਰ ਤੋਂ ਬਚਣ ਲਈ ਬਹੁਤ ਮਸ਼ੀਨਾਂ ਖਰੀਦੀਆਂ ਜਾਂਦੀਆਂ ਹਨ ਅਤੇ ਉਚ ਪੱਧਰ ਦੀਆਂ ਬਿਲਡਿੰਗ ਬਣਾ ਕੇ ਉਨ੍ਹਾਂ ਵਿਚ ਰੱਖ ਦਿੱਤੀਆਂ ਜਾਂਦੀਆਂ ਹਨ ਪਰ ਕਦੇ ਇਹ ਨਹੀਂ ਸੋਚਿਆ ਹੈ ਕਿ ਇਨ੍ਹਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਦੀ ਵੱਡੀ ਫੌਜ ਵੀ ਤਿਆਰ ਕਰਨੀ ਹੁੰਦੀ ਹੈ। ਫੌਜ ਨੂੰ ਵੇਤਨ ਅਤੇ ਹੋਰ ਸਹੂਲਤਾਂ ਭਾਵੇਂ ਪ੍ਰਾਈਵੇਟ ਸੈਕਟਰ ਦੇ ਬਰਾਬਰ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਇੰਨੀਆਂ ਕੁ ਸਹੂਲਤਾਂ ਉਪਲੱਬਧ ਹੋਣ ਕਿ ਪਬਲਿਕ ਹੈਲਥ ਸਿਸਟਮ ਨੂੰ ਡਾਕਟਰ ਅਤੇ ਪੈਰਾ ਮੈਡੀਕਲ ਕਾਮੇ ਤਰਜੀਹ ਦੇਣ।
‘ਭੰਡਾ ਭੰਡਾਰੀਆਂ ਕਿਨ੍ਹਾਂ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।’’ ਇਹੀ ਭਾਣਾ ਕਰੋਨਾਵਾਇਰਸ ਦੀ ਮਾਰ ਦਾ ਰਹੇਗਾ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਰੋਨਾ ਮਹਾਮਾਰੀ ਨੂੰ ਭਾਵੇਂ ਅਸੀਂ ਬੁੱਧੀ ਨਾਲ ਠੱਲ੍ਹ ਲਈਏ ਪਰ ਫਿਰ ਵੀ ਕੋਵਿਡ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਕੋਲ ਰਹੇਗਾ।
ਵੂਹਾਨ ਚੀਨ ਤੋਂ ਪੈਦਾ ਹੋਏ ਕਰੋਨਾਵਾਇਰਸ ਦੇ ਕਈ ਰੂਪ ਬਦਲੀ ਹੋ ਗਏ। ਬ੍ਰਿਟੇਨ, ਸਾਊਥ ਅਫਰੀਕਾ, ਬਰਾਜ਼ੀਲੀਅਨ ਰੂਪ ਅਤੇ ਡਬਲ ਵੈਰੀਐਂਟ (ਇੰਡੀਅਨ) ਰੂਪ। ਭਾਵੇਂ ਇਹ ਕਿਸੇ ਰੂਪ ਵਿਚ ਵੀ ਹੋਵੇ ਇਹ ਫੇਫੜਿਆਂ ਉਪਰ ਅਟੈਕ ਕਰਨ ਦੀ ਉਨੀ ਹੀ ਸਮਰਥਾ ਰਖਦਾ ਹੈ। ਇੰਨਾ ਹੀ ਨਹੀਂ, ਸਰੀਰ ਦਾ ਕੋਈ ਵੀ ਅੰਗ ਐਸਾ ਨਹੀਂ ਹੈ ਜੋ ਇਸ ਤੋਂ ਪ੍ਰਭਾਵਿਤ ਨਾ ਹੋਵੇ। ਦਿਮਾਗ ਤੋਂ ਲੈ ਕੇ ਨਾੜ ਪੇਸ਼ੀਆਂ ਇਸ ਦੀ ਲਪੇਟ ਵਿਚ ਆਉਂਦੀਆਂ ਹਨ। ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਉਸ ਵਿਅਕਤੀ ਨੂੰ ਜੋ ਇਸ ਤੋਂ ਬਚ ਕੇ ਨਿਕਲ ਗਿਆ ਹੈ। ਭਾਰਤ ਵਿਚ ਇਸ ਵੇਲੇ ਪ੍ਰਚਲਿਤ ਕੋਵਿਡ ਦਾ ਰੂਪ B.1.617 ਹੈ, ਜੋ ਆਮ ਜਨਤਾ ਵਿਚ ਜ਼ਿਆਦਾ ਫੈਲਣ ਦੀ ਸ਼ਕਤੀ ਰੱਖਦਾ ਹੈ। ਬਲੈਕ ਫੰਗਸ ਵੀ ਇਸ ਤੋਂ ਉਪਜੀ ਇਕ ਕੰਪਲੀਕੇਸ਼ਨ ਹੈ ਜੋ ਜਾਨਲੈਵਾ ਸਾਬਿਤ ਹੋ ਰਹੀ ਹੈ। ਦੂਸਰੀ ਲਹਿਰ ਦੌਰਾਨ ਦੀ ਸ਼ਕਤੀ ਵੀ ਸਾਡੇ ਸਾਹਮਣੇ ਪ੍ਰਤੱਖ ਰੂਪ ਵਿਚ ਹੈ ਪਰ ਸਰਕਾਰ ਅਤੇ ਲੋਕਾਂ ਨੇ ਇਸ ਨੂੰ ਠੱਲ੍ਹਣ ਵਿਚ ਕੋਈ ਦ੍ਰਿੜਤਾ ਨਹੀਂ ਦਿਖਾਈ।
ਨੀਤੀਵਾਨ ਅਧਿਕਾਰੀਆਂ ਅਤੇ ਸ਼ਾਸਕ ਵੱਖ ਵੱਖ ਸਮਿਆਂ ’ਤੇ ਸਾਇੰਸਦਾਨਾਂ ਵਲੋਂ ਦਿੱਤੀਆਂ ਸਲਾਹਾਂ ਨੂੰ ਨੀਤੀ ਵਿਚ ਬਦਲਣ ਵੇਲੇ ਅੱਖੋ ਪਰੋਖੇ ਕਰਦੇ ਰਹੇ। ਮੰਨੇ ਪ੍ਰਮੰਨੇ ਵਾਇਰੋਲੌਜੀ ਸਾਇੰਸਦਾਨ ਮਿਸਟਰ ਸ਼ਾਹਿਦ ਜ਼ਮੀਲ ਜੋ ਭਾਰਤ ਸਰਕਾਰ ਵਲੋਂ ਬਣਾਏ ਗਏ ਸਾਰਸ ਕੋਵਿਡ ਦੀ ਅਡਵਾਇਜ਼ਰੀ ਗਰੁੱਪ ਦੇ ਡਾਇਰੈਕਟਰ ਸਨ, ਇਸ ਅਡਵਾਇਜ਼ਰੀ ਗਰੁੱਪ ਤੋਂ ਅਸਤੀਫ਼ਾ ਦੇ ਦਿੱਤਾ। ਇਸ ਅਸਤੀਫ਼ੇ ਪਿੱਛੇ ਕਈ ਕਾਰਨ ਹੋਣਗੇ ਪਰ ਪ੍ਰਤੱਖ ਰੂਪ ਵਿਚ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਲਾਹਾਂ ਨੂੰ ਅਮਲੀ ਜਾਮਾ ਨਾ ਪਹਿਨਾਉਣ ਦੀ ਗੱਲ ਉੱਭਰ ਕੇ ਸਾਹਮਣੇ ਆਈ। ਮਹਾਮਾਰੀ ਕੰਟਰੋਲ ਕਰਨ ਵਾਲੇ ਅਤੇ ਹੋਰ ਮੰਨੇ ਪ੍ਰਮੰਨੇ ਸਾਇੰਸਦਾਨਾਂ ਨੂੰ ਅੱਖੋ ਪਰੋਖੇ ਕਰਕੇ ਨੀਤੀਆਂ ਘੜਣਗੇ ਤਾਂ ਇਹੋ ਹੀ ਹਾਲ ਹੋਵੇਗਾ ਜੋ ਪ੍ਰਤੱਖ ਰੂਪ ਵਿਚ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਕਰ ਰਹੀ ਹੈ। ਕਰੋਨਾਵਾਇਰਸ ਦੇ ਨਿੱਤ ਬਦਲਦੇ ਰੂਪ ਅਨੁਸਾਰ ਹੀ ਨੀਤੀਆਂ ਅਤੇ ਪ੍ਰਬੰਧ ਬਦਲਣੇ ਪੈਣਗੇ। ਵਿਕਸਤ ਸਾਇੰਸ ਨੇ ਸਾਡੇ ਹੱਥਾਂ ਵਿਚ ਸੁਧਰੀ ਹੋਈ ਇਲਾਜ ਪ੍ਰਣਾਲੀ ਫੜਾਈ ਹੈ ਪਰ ਇਸ ਤੋਂ ਆਮ ਲੋਕਾਂ ਨੂੰ ਕਿਨਾਂ ਕੁ ਫਾਇਦਾ ਹੁੰਦਾ ਹੈ, ਸਾਨੂੰ ਇਸ ਮਹਾਮਾਰੀ ਨੇ ਪ੍ਰਤੱਖ ਰੂਪ ਵਿਚ ਦਿਖਾ ਦਿੱਤਾ ਹੈ ਅਤੇ ਦਿਖਾ ਰਿਹਾ ਹੈ।
ਦੂਜੀ ਲਹਿਰ ਭਾਰਤ, ਪੰਜਾਬ ਸਮੇਤ ਹੋਰ ਰਾਜਾਂ ਵਿਚ ਅਤੇ ਚੌਥੀ ਲਹਿਰ ਦਿੱਲੀ ਵਿਚ ਹੁਣ ਕਿਨਾਰੇ ’ਤੇ ਲਗ ਰਹੀ ਹੈ। ਮੌਤ ਦਰ ਜਾਂ ਮਰਨ ਵਾਲੇ ਵਿਅਕਤੀ ਦੀ ਗਿਣਤੀ ਵਿਚ ਵਾਧਾ ਚੰਗਾ ਸੰਕੇਤ ਨਹੀਂ ਹੈ, ਇਹ ਅਜੇ ਵੀ ਸੀਰੀਅਸ ਕੇਸਾਂ ਦੇ ਹੋਣ ਦਾ ਪ੍ਰਗਟਾਵਾ ਕਰਦਾ ਹੈ। 2.35 ਕਰੋੜ ਕਰੋਨਾ ਕੇਸ ਜੋ ਰਿਕਵਰ ਕਰ ਗਏ ਹਨ ਉਨ੍ਹਾਂ ਨੂੰ ਕੁਦਰਤੀ ਵੈਕਸੀਨ ਲਗ ਗਈ ਹੈ, ਜੋ ਕੁਝ ਸਮੇਂ ਤਕ ਕਾਰਗਰ ਜ਼ਰੂਰ ਰਹਿੰਦੀ ਹੈ ਕਿਉਂਕਿ ਬਿਮਾਰੀ ਨਾਲ ਲੜਣ ਵਾਲੀਆਂ ਐਂਟੀਬਾਡੀਜ਼ ਪੈਦਾ ਹੋ ਜਾਂਦੀਆਂ ਹਨ।
ਸਾਡੀ ਸਮੱਸਿਆ ਇਹ ਹੈ ਕਿ ਆਬਾਦੀ ਦੇ ਹਿਸਾਬ ਨਾਲ ਵੈਕਸੀਨ ਦੀ ਉਪਲਬਧਤਾ ਬਹੁਤ ਘੱਟ ਹੈ ਅਤੇ ਜੇ ਇਸੇ ਹਿਸਾਬ ਨਾਲ ਵੈਕਸੀਨ ਲੋਕਾਂ ਨੂੰ ਲੱਗੇਗੀ ਤਾਂ ਅਸੀਂ ਸਾਰੇ ਯੋਗ ਲੋਕਾਂ ਨੂੰ ਦਸੰਬਰ 2023 ਤੱਕ ਹੀ ਕੋਵਿਡ ਵੈਕਸੀਨ ਲਗਾ ਸਕਾਂਗੇ। ਇਹ ਤਾਂ ਹੀ ਸੰਭਵ ਹੈ ਜੇ ਸਬੰਧਤ ਕੰਪਨੀਆਂ ਅਗਸਤ ਮਹੀਨੇ ਤੱਕ 1.5 ਕਰੋੜ ਪ੍ਰਤੀ ਮਹੀਨਾ ਦੇ ਵੈਕਸੀਨ ਬਣਾਉਣ ਦੇ ਕਾਬਿਲ ਹੋ ਜਾਣ। ਜੇ ਸਾਰਿਆਂ ਨੂੰ ਟੀਕੇ ਲਗਾਉਣ ਦਾ ਜ਼ਿੰਮਾਂ ਸਿਰਫ਼ ਸਰਕਾਰ ’ਤੇ ਹੀ ਰੱਖਿਆ ਜਾਵੇ ਤਾਂ ਇਹ ਵੀ ਬਹੁਤ ਮੁਸ਼ਕਿਲ ਹੋ ਜਾਵੇਗੀ। ਕੀ ਸਾਡੇ ਕੋਲ ਇੰਨੀ ਵੱਡੀ ਹੈਲਥ ਵਰਕਰਾਂ ਦੀ ਫੌਜ ਉਪਲਬਧ ਹੋਵੇਗੀ ਕਿ ਇਕ ਦਿਨ ਵਿਚ 2 ਕਰੋੜ ਟੀਕਾ ਲਗਾਇਆ ਜਾ ਸਕੇ?
ਇਨ੍ਹਾਂ ਸਾਰੀਆਂ ਗੱਲਾਂ ਦਾ ਨਿਚੋੜ ਕੱਢੀਏ ਤਾਂ ਮਨਾਂ ਵਿੱਚ ਸ਼ੰਕਾ ਪੈਦਾ ਹੁੰਦਾ ਹੈ ਕਿ ਕੀ ਅਸੀਂ ਕਰੋਨਾ ਲਹਿਰ ਦੇ ਸ਼ਿਕੰਜੇ ਵਿੱਚ ਵਾਰ ਵਾਰ ਆਵਾਂਗੇ, ‘ਨਹੀਂ, ਬਿਲਕੁਲ ਨਹੀਂ।’’
ਸਪੈਨਿਸ਼ ਫਲੂ ਵੀ 2 ਸਾਲ ਮਹਾਮਾਰੀ ਨੂੰ ਤਿਆਗ ਕੇ ਸਿਰਫ਼ ਫਲੂ ਬਿਮਾਰੀ ਹੀ ਰਹਿ ਗਈ ਸੀ। ਉਸ ਵੇਲੇ ਜ਼ਿਆਦਾ ਗੈਰ ਵਿਗਿਆਨਕ ਤਰੀਕੇ ਹੀ ਅਪਣਾਏ ਗਏ ਸਨ। ਹੈਲਥ ਕੇਅਰ ਅਤੇ ਵੈਕਸੀਨ ਤਾਂ ਬਹੁਤ ਦੇਰ ਬਾਅਦ ਮਿਲੇ ਸਨ। ਇਸ ਲਈ ਭਾਰਤ ਦੇ ਲੋਕਾਂ ਲਈ ਇਹ ਸਬਕ ਹੋਵੇਗਾ ਕਿ ਅਸੀਂ ਆਪਣੀ ਹਿਫ਼ਾਜ਼ਤ ਆਪ ਹੀ ਕਰਨੀ ਹੈ। ਇਸੇ ਤਰ੍ਹਾਂ ਲੱਖਾਂ ਜਾਨਾਂ ਆਜ਼ਾਦੀ ਦੌਰਾਨ ਗੁਆ ਕੇ ਅਸੀਂ ਆਪਣੇ ਪੈਰਾਂ ’ਤੇ ਫਿਰ ਖੜ੍ਹੇ ਹੋਏ ਹਾਂ। ਹਰੇਕ ਭਾਰਤੀ ਨੂੰ ਭਾਵੇਂ ਉਹ ਦੂਰ ਦੁਰਾਡੇ ਪਿੰਡਾਂ ਵਿੱਚ ਕਿਉਂ ਨਾ ਰਹਿੰਦਾ ਹੋਵੇ ਇਹ ਸਮਝਣਾ ਜ਼ਰੂਰੀ ਹੈ ਕਿ ਵੈਕਸੀਨ ਦੇ ਨਾਲ ਨਾਲ ਜੇ ਅਸੀਂ ਸਮਾਜਿਕ ਵੈਕਸੀਨ ਮਾਸਕ ਦੀ ਵਰਤੋਂ ਕਰਦੇ ਰਹੀਏ ਤਾਂ ਕੋਵਿਡ-19 ਦਾ ਖਾਤਮਾ ਕਰਨਾ ਮੁਸ਼ਕਲ ਨਹੀਂ ਹੈ। ਮਹਾਮਾਰੀ ਆਪਣੀ ਮੌਤ ਆਪ ਹੀ ਮਰ ਜਾਵੇਗੀ ਹਰੇਕ ਉਪਜੀ ਚੀਜ਼ ਦਾ ਅੰਤ ਹੁੰਦਾ ਹੈ। ਇਸ ਲਈ ਕੋਵਿਡ-19 ’ਤੇ ਵੀ ਕਾਬੂ ਪਾਉਣਾ ਸਾਡੇ ਲਈ ਮੁਸ਼ਕਲ ਨਹੀਂ ਹੈ। ਲੋੜ ਹੈ ਜਾਗਰੂਕ ਹੋਣ ਦੀ, ਨਿਸ਼ਟਾ ਸਾਧਨ ਦੀ। ਅਸੀਂ ਜਿਤਾਂਗੇ, ਕੁਦਰਤ ਮਿਹਰਵਾਨ ਹੈ। ਸਾਡੇ ’ਤੇ ਕਿਰਪਾ ਦੀ ਨਜ਼ਰ ਨਾਲ ਵੇਖਦੀ ਹੈ, ਭਾਵੇਂ ਅਸੀਂ ਕੁਦਰਤ ਨਾਲ ਖਿਲਵਾੜ ਕਰਨੋ ਨਹੀਂ ਹੱਟਦੇ। ਲੋੜ ਹੈ ਆਪਣੀ ਗਲਤੀ ਨੂੰ ਸੁਧਾਰੀਏ ਅਤੇ ਕੁਦਰਤੀ ਢੰਗ ਨਾਲ ਆਪਣਾ ਬਸੇਰਾ ਕਰੀਏ।
ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ
ਸੰਪਰਕ: 98143-15427