ਅੰਮ੍ਰਿਤਸਰ ਦਾ ਕਿਸਾਨ ਮੋਰਚਾ

ਅੰਮ੍ਰਿਤਸਰ ਦਾ ਕਿਸਾਨ ਮੋਰਚਾ

ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂ ਸੰਤਾ ਸਿੰਘ ਗੰਡੀਵਿੰਡ, ਦਰਸ਼ਨ ਸਿੰਘ ਫੇਰੂਮਾਨ, ਫੌਜਾ ਸਿੰਘ ਭੁੱਲਰ, ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਕਰਮ ਸਿੰਘ ਚੀਮਾ।

ਅੰਮ੍ਰਿਤਸਰ ਦਾ ਮੋਰਚਾ ਪੰਜਾਬ ਦੀ ਕਿਸਾਨੀ ਦੇ ਇਤਿਹਾਸ ਦਾ ਪਹਿਲਾ ਮਹੱਤਵਪੂਰਨ ਕਾਂਡ ਹੈ ਜਿਸ ਨੇ ਆਪਣੀ ਜਥੇਬੰਦਕ ਤਾਕਤ ਨਾਲ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ। ਅੰਮ੍ਰਿਤਸਰ ਬੰਦੋਬਸਤ ਲਾਗੂ ਹੋਣ ਨਾਲ ਮਾਲੀਏ ਵਿਚ 20 ਫ਼ੀਸਦੀ ਵਾਧਾ ਹੋ ਜਾਣਾ ਸੀ। ਕਿਸਾਨਾਂ ਵੱਲੋਂ ਆਪਣੇ ਖ਼ਰਚ ਨਾਲ ਲਾਏ ਖੂਹਾਂ ਉੱਪਰ ਵੀ ਅਤੇ ਸ਼ਾਮਲਾਤਾਂ ਤੇ ਬੰਜਰ ਜ਼ਮੀਨਾਂ ਉੱਪਰ ਵੀ ਮਾਲੀਆ ਵਧਣਾ ਸੀ। ਇਸ ਅਸਹਿ ਬੋਝ ਖ਼ਿਲਾਫ਼ ਕਿਰਤੀ ਪਾਰਟੀ ਨੇ ਫੈ਼ਸਲੇ ਕਰਕੇ ਕਿਸਾਨ ਕਮੇਟੀ ਨੂੰ ਅੰਦੋਲਨ ਕਰਨ ਦੀ ਹਦਾਇਤ ਕੀਤੀ। ਪੰਜਾਬ ਕਿਸਾਨ ਸਭਾ ਵੱਲੋਂ ਇਹ ਹਕੂਮਤ ਵਿਰੁੱਧ ਪਹਿਲਾ ਸੰਘਰਸ਼ ਸੀ ਜਿਹੜਾ 20 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਤੱਕ ਨਿਰੰਤਰ ਜਾਰੀ ਰਿਹਾ ਅਤੇ ਜਿੱਤ ਨਾਲ ਸਮਾਪਤ ਹੋਇਆ ਸੀ।

ਅਕਾਲੀ ਆਗੂ ਜਥੇਦਾਰ ਊਧਮ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ ਨੇ ਅੰਦੋਲਨ ਲਈ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਸੀ। ਫ਼ੈਸਲਾ ਹੋਇਆ ਕਿ 20 ਜੁਲਾਈ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕਚਹਿਰੀ ਵਿਚ ਮੁਜ਼ਾਹਰਾ ਕਰਕੇ ਮੰਗਾਂ ਦਾ ਮੈਮੋਰੰਡਮ ਡੀ.ਸੀ. ਨੂੰ ਪੇਸ਼ ਕੀਤਾ ਜਾਵੇ। ਡੀ.ਸੀ. ਨੇ 19 ਜੁਲਾਈ ਨੂੰ ਹੀ ਅੰਮ੍ਰਿਤਸਰ ਵਿਚ ਦਫ਼ਾ 144 ਲਾ ਦਿੱਤੀ। ਬੰਦੋਬਸਤ ਐਕਸ਼ਨ ਕਮੇਟੀ ਨੇ ਦਫ਼ਾ ਚੁਤਾਲੀ ਤੋੜਨ ਦਾ ਫੈ਼ਸਲਾ ਕਰਕੇ ਜਲ੍ਹਿਆਂਵਾਲਾ ਬਾਗ਼ ਤੋਂ ਜਲੂਸ ਸ਼ੁਰੂ ਕਰਨ ਦਾ ਫੈ਼ਸਲਾ ਕੀਤਾ। ਟ੍ਰਿਬਿਊਨ ਅਖ਼ਬਾਰ ਦੇ ਅਨੁਸਾਰ:

ਜਲ੍ਹਿਆਂਵਾਲਾ ਬਾਗ਼ ਵਿਚ ਇਕੱਠੇ ਹੋਣ ਸਮੇਂ ਤਿੰਨ ਸੌ ਆਦਮੀਆਂ ਦਾ ਜਥਾ ਜਿਸ ਵਿਚ ਬੰਦੋਬਸਤ ਕਮੇਟੀ, ਕਿਸਾਨ ਕਮੇਟੀ ਸ਼ਾਮਲ ਸਨ, ਊਧਮ ਸਿੰਘ ਨਾਗੋਕੇ, ਹਰਨਾਮ ਸਿੰਘ ਕਸੇਲ, ਸੋਹਣ ਸਿੰਘ ਜੋਸ਼ ਤੇ ਬੀਬੀ ਰਘਬੀਰ ਕੌਰ ਦੀ ਰਹਿਨੁਮਾਈ ਹੇਠ ਰਵਾਨਾ ਕੀਤਾ ਗਿਆ। ਛੇ ਹਜ਼ਾਰ ਦੇ ਕਰੀਬ ਕਿਸਾਨ ਮਾਰਚ ਕਰ ਰਹੇ ਸਨ। ਹਾਲ ਬਜ਼ਾਰ ਵਿਚ ਜਲੂਸ ਨੂੰ ਦੇਖਣ ਵਾਲਿਆਂ ਵਿਚ ਅਥਾਹ ਜੋਸ਼ ਸੀ। ਜਥੇ ਨੇ ਦਾਤੀ-ਹਥੌੜੇ ਵਾਲੇ ਝੰਡੇ ਅਤੇ ਇਨਕਲਾਬੀ ‘ਪਲੇ-ਕਾਰਡ’ ਫੜੇ ਹੋਏ ਸਨ। ਮਲਬਾ ਟੈਕਸ ਦੀ ਇਕ ਅਰਥੀ ਉਠਾਈ ਗਈ ਜਿਸ ਨੂੰ ਫਿਰ ਜਲਾ ਕੇ ਯੂਨੀਅਨਿਸਟ ਸਰਕਾਰ ਵਿਰੁੱਧ ਨਾਅਰੇ ਲਾਏ ਜਾ ਰਹੇ ਸਨ। ਜਦੋਂ ਇਹ ਜਲੂਸ ਭੰਡਾਰੀ ਪੁਲ ਤੋਂ ਹੇਠਾਂ ਉਤਰਨ ਲੱਗਾ ਤਾਂ ਪੁਲੀਸ ਕਪਤਾਨ ਦੀ ਅਗਵਾਈ ਵਿਚ ਪੁਲੀਸ ਦੀ ਤਾਇਨਾਤੀ ਸਮੇਂ ਡਿਪਟੀ ਕਮਿਸ਼ਨਰ ਨੇ ਜਲੂਸ ਨੂੰ ਅੱਗੇ ਵਧਣ ਤੋਂ ਰੋਕਣ ਦਾ ਹੁਕਮ ਦਿੱਤਾ। ਜਥੇਦਾਰ ਊਧਮ ਸਿੰਘ ਨਾਗੋਕੇ ਨੇ ਜੁਆਬ ਦਿੱਤਾ, ‘‘ਅਸੀਂ ਆਪਣੀਆਂ ਸ਼ਿਕਾਇਤਾਂ ਲੈ ਕੇ ਜਾ ਰਹੇ ਹਾਂ, ਜਿਹੜੀਆਂ ਪਹਿਲਾਂ ਨਹੀਂ ਸੁਣੀਆਂ ਸਨ।’’ ਜਲੂਸ ਵਧਦਾ ਗਿਆ। ਸਿਟੀ ਮੈਜਿਸਟਰੇਟ ਮੁਹੰਮਦ ਸੂਫੀ ਦੇ ਲਾਠੀਚਾਰਜ ਦਾ ਹੁਕਮ ਦਿੰਦੇ ਸਾਰ ਪੁਲੀਸ ਨੇ ਜਲੂਸ ਨੂੰ ਘੇਰ ਕੇ ਬੇਰਹਿਮ ਲਾਠੀਚਾਰਜ ਕੀਤਾ। ਸੌ ਸਿਪਾਹੀ ਨੇ ਲਾਠੀਆਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਵਲੰਟੀਅਰ ਬੈਠ ਗਏ ਅਤੇ ਇਕ ਦੂਜੇ ਉਪਰ ਲੰਮੇ ਪੈ ਗਏ ਤਾਂ ਕਿ ਲਾਠੀਆਂ ਪਿੱਠ ਉੱਤੇ ਹੀ ਲੱਗਣ। ਘੋੜ ਸਵਾਰ ਪੁਲੀਸ ਨੂੰ ਇਕੱਠ ਖਦੇੜਨ ਲਈ ਕਿਹਾ ਗਿਆ। ਬਜ਼ੁਰਗ ਮੈਂਬਰ ਬੇਹੋਸ਼ ਹੋ ਗਏ। ਊਧਮ ਸਿੰਘ ਨਾਗੋਕੇ ਨੂੰ ਬਹੁਤ ਸਖ਼ਤ ਸੱਟਾਂ ਲੱਗੀਆਂ। ਉਸ ਦੀ ਅੱਖ ਵਿਚੋਂ ਖ਼ੂਨ ਨਿਕਲਣ ਲੱਗ ਪਿਆ ਸੀ। ਇਸ ਲਾਠੀਚਾਰਜ ਵਿਚ ਦਰਸ਼ਨ ਸਿੰਘ ਫੇਰੂਮਾਨ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਸੇਲ ਸਮੇਤ 300 ਕਿਸਾਨ ਸਖ਼ਤ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚ ਉੱਘੇ ਜਥੇਦਾਰ ਸੁਰੈਣ ਸਿੰਘ ਮਜੀਠਾ, ਕਰਤਾਰ ਸਿੰਘ ਗਿੱਲ, ਗਹਿਲ ਸਿੰਘ ਛੱਜਲਵੰਡੀ, ਭਾਈ ਸੋਹਣ ਸਿੰਘ ਨੌਰੰਗਾਬਾਦੀ, ਫੌਜਾ ਸਿੰਘ ਭੁੱਲਰ, ਦਲੀਪ ਸਿੰਘ ਜੌਹਲ, ਜਸਵੰਤ ਸਿੰਘ ਕੈਰੋਂ ਆਦਿ ਆਗੂ ਸਨ। ਪੁਲੀਸ ਜ਼ਖ਼ਮੀਆਂ ਨੂੰ ਟਰੱਕਾਂ ਵਿਚ ਲੱਦ ਕੇ ਦੂਰ ਜੰਗਲ ਵੱਲ ਛੱਡ ਆਈ ਸੀ। 20 ਜੁਲਾਈ ਤੋਂ ਬਾਅਦ ਮੋਰਚਾ ਬਾਕਾਇਦਾ ਸ਼ੁਰੂ ਹੋ ਗਿਆ ਸੀ।

ਅਗਲੇ ਦਿਨ ਅਸੈਂਬਲੀ ਵਿਚ ਬਾਬਾ ਹਰਜਾਪ ਸਿੰਘ ਐਮ.ਐਲ.ਏ. ਤੇ ਸੋਹਣ ਸਿੰਘ ਜੋਸ਼ ਨੇ ਅੱਖੀਂ ਦੇਖੇ ਹਾਲਾਤ ਮੈਂਬਰਾਂ ਨੂੰ ਦੱਸੇ ਅਤੇ ਲਾਠੀਆਂ ਦੇ ਸੁੰਮਾਂ ਨੂੰ ਅਸੈਂਬਲੀ ਵਿਚ ਪੇਸ਼ ਕੀਤਾ। 23 ਜੁਲਾਈ ਨੂੰ ਮਿਉਂਸਿਪਲ ਕਾਰਪੋਰੇਸ਼ਨ ਦੇ 11 ਕਾਂਗਰਸੀ ਮੈਂਬਰਾਂ ਨੇ ਕਾਰਵਾਈ ਰੋਕਣ ਦਾ ਮਤਾ ਪਾਸ ਕੀਤਾ। ਮੋਰਚਾ ਚਲਾਉਣ ਲਈ ਬਣਾਈ ਗਈ ਬਾਰ ਕੌਂਸਲ ਦੀ ਯੋਜਨਾ ਮੁਤਾਬਿਕ ਹਰ ਰੋਜ਼ ਜਲ੍ਹਿਆਂਵਾਲਾ ਬਾਗ਼ ਤੋਂ 25 ਕਿਸਾਨਾਂ ਦਾ ਜਥਾ ਡੀ.ਸੀ. ਦੀ ਕਚਹਿਰੀ ਵੱਲ ਮਾਰਚ ਕਰਦਾ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਇਹ ਮੋਰਚਾ 9 ਅਗਸਤ ਤੱਕ ਚੱਲਿਆ ਤੇ ਕੁੱਲ 1100 ਕਿਸਾਨ ਗ੍ਰਿਫ਼ਤਾਰ ਕੀਤੇ ਗਏ ਸਨ। ਇਹ ਵੀ ਕਿਸਾਨਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦੋਂ ਅੰਮ੍ਰਿਤਸਰ ਦੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਮਜ਼ਦੂਰ ਸੱਤਿਆਗ੍ਰਹਿਆਂ ਦੇ ਜਥੇ ਤਿਆਰ ਕਰਕੇ ਮੋਰਚੇ ਦੀ ਹਮਾਇਤ ਵਿਚ ਨਿੱਤਰੀਆਂ ਸਨ।

22 ਜੁਲਾਈ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ, ਕਿਸਾਨ ਸਭਾ, ਸੋਸ਼ਲਿਸਟ ਪਾਰਟੀ, ਹੌਜ਼ਰੀ ਵਰਕਰਜ਼ ਐਸੋਸੀਏਸ਼ਨ ਨੇ ਜੱਲ੍ਹਿਆਂਵਾਲਾ ਬਾਗ਼ ਤੋਂ ਜਲੂਸ ਦੀ ਸ਼ਕਲ ਵਿਚ ਮੰਡੀ ਕੇਸਰਗੰਜ ਵਿਚ ਜਾ ਕੇ ਜਲਸਾ ਕੀਤਾ। 28 ਜੁਲਾਈ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਹੋਈ ਭਾਰੀ ਮੀਟਿੰਗ ਨੂੰ ਪ੍ਰਤਾਪ ਸਿੰਘ ਕੈਰੋਂ ਤੇ ਸੋਹਣ ਸਿੰਘ ਜੋਸ਼ ਜਿਹੜੇ ਵਿਧਾਇਕ ਸਨ, ਨੇ ਸੰਬੋਧਨ ਕੀਤਾ ਸੀ।

ਜਲੰਧਰ ਜ਼ਿਲ੍ਹੇ ਵਿਚੋਂ ਗਏ ਕਿਸਾਨ ਜਥਿਆਂ ਨੇ ਵੀ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਸੀ। ਕੁੱਲ ਹਿੰਦ ਕਿਸਾਨ ਆਗੂ ਸੁਆਮੀ ਸਹਿਜਾਨੰਦ ਅਤੇ ਐਨ.ਜੀ. ਰੰਗਾ ਨੇ ਮੋਰਚੇ ਦੇ ਹੱਕ ਵਿਚ ਬਿਆਨ ਦਿੱਤੇ ਸਨ। ਟ੍ਰਿਬਿਊਨ ਅਖ਼ਬਾਰ ਨੇ ਲਾਠੀਚਾਰਜ ਦੇ ਵਿਰੁੱਧ ਸੰਪਾਦਕੀ ਨੋਟ ਵਿਚ ਲਿਖਿਆ ਸੀ ਕਿ ‘‘ਯੂਨੀਅਨਿਸਟ ਸਰਕਾਰ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ਹੈ।’’ ਮੋਰਚੇ ਦੇ ਵਿਆਪਕ ਪੱਧਰ ’ਤੇ ਵਧ ਰਹੇ ਅਸਰ ਨੂੰ ਦੇਖ ਕੇ 9-10 ਅਗਸਤ ਨੂੰ ਸਰ ਛੋਟੂ ਰਾਮ ਨੇ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਜਲੂਸ ਨੂੰ ਕਚਹਿਰੀ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ। ਡੀ.ਸੀ. ਨੇ 10 ਨੁਮਾਇੰਦਿਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਦਫ਼ਾ 144 ਹਟਾ ਦਿੱਤੀ ਅਤੇ ਬੰਦੋਬਸਤ ਕਰਨ ਦਾ ਆਪਣਾ ਫੈ਼ਸਲਾ ਵਾਪਸ ਲੈ ਲਿਆ ਸੀ। ਇਸ ਤਰ੍ਹਾਂ ਜਿੱਤ ਨਾਲ ਕਿਸਾਨ ਮੋਰਚਾ ਸਮਾਪਤ ਹੋ ਗਿਆ ਸੀ ਤੇ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸ ਜਿੱਤ ਨਾਲ ਕਲਸੀਆ ਦੀ ਮੁਜਾਰਾ ਲਹਿਰ, ਚੜਿੱਕ ਦਾ ਮੋਰਚਾ ਅਤੇ ਰਿਆਸਤੀ ਪਰਜਾ ਮੰਡਲ ਦੇ ਕਿਸਾਨੀ ਘੋਲਾਂ ਨੂੰ ਬਲ ਦੇ ਕੇ ਸੰਘਰਸ਼ ਵਿਚ ਯੋਗਦਾਨ ਪਾਇਆ ਸੀ।
- ਚਰੰਜੀ ਲਾਲ ਕੰਗਣੀਵਾਲ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All