ਭਗਵਾਨ ਜੋਸ਼
ਪਿੱਛੇ ਜਿਹੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਕਿ ਜਾਣੀ-ਪਛਾਣੀ ਸ਼ਖ਼ਸੀਅਤ, ਸਿਆਸੀ ਕਾਰਕੁਨ ਤੇ ਸੀਪੀਆਈ (ਐੱਮਐੱਲ) ਦੀ ਪੋਲਿਟ ਬਿਊਰੋ ਮੈਂਬਰ ਕਵਿਤਾ ਕ੍ਰਿਸ਼ਨਨ ਨੇ 20 ਸਾਲਾਂ ਬਾਅਦ ਪਾਰਟੀ ਵਿਚ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਵਿਤਾ ਕ੍ਰਿਸ਼ਨਨ ਔਰਤਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹੱਕਾਂ ਲਈ ਜੱਦੋਜਹਿਦ ਕਰਨ ਵਾਲੀ ਨੇਤਾ ਹੈ। ਔਰਤਾਂ ਵਿਰੁੱਧ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਉਸ ਨੇ ਬਹੁਤ ਮਹੱਤਵਪੂਰਨ ਕੰਮ ਕੀਤਾ ਹੈ। ਉਹ ‘ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਿਸਟ-ਲੈਨਿਨਇਸਟ) ਲਬਿਰੇਸ਼ਨ’ ਦੀ ਪੋਲਿਟ ਬਿਊਰੋ ਤੇ ਸੈਂਟਰਲ ਕਮੇਟੀ ਵਿਚ ਪਿਛਲੇ ਵੀਹ ਸਾਲਾਂ ਤੋਂ ਕੱਦਾਵਰ ਨੇਤਾ ਸੀ। ਉਹ ਸੀਪੀਆਈ (ਐੱਮਐੱਲ, ਲਬਿਰੇਸ਼ਨ) ਦੇ ਮਾਸਿਕ ਪੱਤਰ ‘ਲਬਿਰੇਸ਼ਨ’ ਦੀ ਵੀ ਐਡੀਟਰ ਸੀ। ਖੱਬੇ ਪੱਖੀ ਲਹਿਰ ਵਿਚ ਉਸ ਦੀ ਭੂਮਿਕਾ ਦੇ ਮੱਦੇਨਜ਼ਰ, ਕਵਿਤਾ ਕ੍ਰਿਸ਼ਨਨ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਨੇ ਖੱਬੇ-ਪੱਖੀ ਹਲਕਿਆਂ, ਖ਼ਾਸਕਰ ਖੱਬੇ-ਪੱਖੀ ਨੌਜਵਾਨਾਂ ਵਿਚ ਇਕ ਹਲਚਲ ਮਚਾਉਣ ਦੇ ਨਾਲ ਨਾਲ ਇਕ ਜਗਿਆਸਾ ਵੀ ਪੈਦਾ ਕਰ ਦਿੱਤੀ ਹੈ। ਆਖ਼ਰ ਕਵਿਤਾ ਕ੍ਰਿਸ਼ਨਨ ਨੇ ਅਜਿਹਾ ਕਿਉਂ ਕੀਤਾ? ਕਿਸ ਉਦੇਸ਼ ਲਈ ਕੀਤਾ?
ਕਵਿਤਾ ਕ੍ਰਿਸ਼ਨਨ ਦੇ ਆਪਣੇ ਕਹਿਣ ਮੁਤਾਬਿਕ ਉਸ ਦੇ ਮਨ ਵਿਚ ਕੁਝ ‘ਡੂੰਘੇ ਸਿਆਸੀ ਸਵਾਲ’ ਹਨ ਜਿਨ੍ਹਾਂ ਨੂੰ ਲੈ ਕੇ ਉਹਦੇ ਮਨ ਵਿਚ ਉਥਲ-ਪੁਥਲ ਹੋ ਰਹੀ ਹੈ। ਮੁੱਖ ਵਿਚਾਰ ਜੋ ਉਸ ਨੇ ਪੇਸ਼ ਕੀਤਾ ਹੈ, ਉਹ ਇਹ ਹੈ ਕਿ ਉਦਾਰਵਾਦੀ ਜਮਹੂਰੀਅਤ (ਲਬਿਰਲ ਡੈਮੋਕ੍ਰੇਸੀ) ਵਿਚ ਭਾਵੇਂ ਕਿੰਨੇ ਵੀ ਨੁਕਸ ਹੋਣ ਤਾਂ ਵੀ ਅੱਜ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਭਾਰਤ ਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਉੱਭਰ ਰਹੇ ਤਾਨਾਸ਼ਾਹੀ ਅਤੇ ਬਹੁਗਿਣਤੀਵਾਦ ਵਾਲੇ ਲੋਕ-ਲੁਭਾਊ ਤੰਤਰ (Authoritarian and Majoritarian populism) ਤੋਂ ਜਮਹੂਰੀਅਤ ਨੂੰ ਖ਼ਤਰਾ ਬਹੁਤ ਵੱਡਾ ਹੈ।
ਕਵਿਤਾ ਕ੍ਰਿਸ਼ਨਨ ਦੇ ਕਹਿਣ ਮੁਤਾਬਿਕ ਸੋਵੀਅਤ ਯੂਨੀਅਨ ਤੇ ਚੀਨ ਵਿਚ ਇਨਕਲਾਬਾਂ ਪਿੱਛੋਂ ਸਥਾਪਿਤ ਹੋਏ ਢਾਂਚਿਆਂ ਨੂੰ ‘ਫੇਲ੍ਹ ਹੋਏ ਸਮਾਜਵਾਦ’ ਕਹਿਣਾ ਹੀ ਕਾਫ਼ੀ ਨਹੀਂ। ਇਸ ਸਬੰਧ ਵਿਚ ਉਸ ਨੇ ਸਟਾਲਿਨ ਦਾ ਨਾਂ ਲੈਂਦਿਆਂ ਇਹ ਵੀ ਆਖਿਆ ਕਿ ਉਸ ਦਾ ਰਾਜ ਕਾਲ ਸੰਸਾਰ ਦੇ ਕੁਝ ਕੁ ਸਭ ਤੋਂ ਵੱਡੇ ਤਾਨਾਸ਼ਾਹੀ/ਅਥਰਟੇਰੀਅਨ ਢਾਂਚਿਆਂ ਵਿਚ ਸ਼ਾਮਿਲ ਸੀ। ਉਸ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜੇਕਰ ਅਸੀਂ ਫਾਸ਼ੀਵਾਦ ਖ਼ਿਲਾਫ਼ ਜਮਹੂਰੀਅਤ ਨੂੰ ਬਚਾਉਣਾ ਹੈ ਤੇ ਭਾਰਤ ਵਿਚ ਤੇਜ਼ੀ ਨਾਲ ਉੱਭਰ ਰਹੀ ‘ਤਾਨਾਸ਼ਾਹੀ/ਟੋਟਲੇਟੇਰੀਅਨਿਜ਼ਮ’ ਦੇ ਵਿਰੁੱਧ ਖੜ੍ਹੇ ਹੋਣਾ ਹੈ ਤਾਂ ਸਾਨੂੰ ਆਪਣੇ ਵਿਚਾਰਾਂ ਵਿੱਚ ਇਕਸੁਰਤਾ ਰੱਖਦਿਆਂ (ਕਨਸਿਸਟੈਂਟ ਰਹਿੰਦਿਆਂ) ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਇਹ ਜਨਤਕ ਆਜ਼ਾਦੀਆਂ (ਲਬਿਰਟੀਜ਼) ਉਨ੍ਹਾਂ ਲੋਕਾਂ ਲਈ ਵੀ ਓਨੀਆਂ ਹੀ ਜ਼ਰੂਰੀ ਹਨ ਜਿਹੜੇ ‘ਸਮਾਜਵਾਦੀ/ਤਾਨਾਸ਼ਾਹੀ/ ਟੋਟਲੇਟੇਰੀਅਨ’ ਸਿਆਸੀ ਪ੍ਰਬੰਧਾਂ ਹੇਠ ਰਹੇ ਜਾਂ ਰਹਿ ਚੁੱਕੇ ਹਨ। ਉਸ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਉਸ ਦੀ ਅਸਤੀਫ਼ੇ ਦੇਣ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ। ਉਸ ਨੇ ‘ਹਿੰਦੂ’ ਅਖ਼ਬਾਰ ਨੂੰ ਦੱਸਿਆ: ‘‘ਇਨ੍ਹਾਂ ਸਵਾਲਾਂ ਦੀ ਚਰਚਾ ਕਰਦਿਆਂ ਮੇਰਾ ਪਾਰਟੀ ਦੀ ਲੀਡਰਸ਼ਿਪ ਵਿਚ ਰਹਿਣਾ ਸੰਭਵ ਨਹੀਂ। ਇਹ ਅਸਤੀਫ਼ਾ ਨਹੀਂ ਸਗੋਂ ਮੇਰਾ ਪਾਰਟੀ ਅਹੁਦਿਆਂ ਤੋਂ ਅਲੱਗ ਹੋਣ ਬਾਰੇ ਪਾਰਟੀ ਲੀਡਰਸ਼ਿਪ ਨਾਲ ਆਪਸੀ ਸਮਝੌਤਾ ਹੈ। …ਮੈਂ ਆਉਣ ਵਾਲੇ ਸਮੇਂ ਵਿਚ ਉੱਪਰ ਜ਼ਿਕਰ ਕੀਤੇ ਮਹੱਤਵਪੂਰਨ ਸਵਾਲਾਂ ਬਾਰੇ ਲਿਖਾਂਗੀ ਜਿਵੇਂ ਜਿਵੇਂ ਮੇਰੀ ਸੋਚ ਹੋਰ ਵਿਕਸਤ ਹੋਵੇਗੀ।’’
ਪਹਿਲਾ ਮਹੱਤਵਪੂਰਨ ਤੱਥ ਇਹ ਹੈ ਕਿ ਕਵਿਤਾ ਕ੍ਰਿਸ਼ਨਨ ਨੇ ਜਿਨ੍ਹਾਂ ਸਵਾਲਾਂ/ਦਰਪੇਸ਼ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ ਹੈ, ਉਹ ਸਵਾਲ/ਸਮੱਸਿਆਵਾਂ ਹਮੇਸ਼ਾਂ ਹੀ ਭਾਰਤੀ ਕਮਿਊਨਿਸਟਾਂ ਦੇ ਸਾਹਮਣੇ ਰਹੀਆਂ ਹਨ। ਇਹ ਸਵਾਲ ਸੰਸਾਰ ਪੱਧਰ ’ਤੇ ਆਪਣੇ ਆਪ ਨੂੰ ਕਮਿਊਨਿਸਟ ਕਹਿਣ ਵਾਲੇ ਲੋਕਾਂ ਸਾਹਮਣੇ ਉਵੇਂ ਹੀ ਦਰਪੇਸ਼ ਹਨ ਜਿਵੇਂ ਉਹ 1930ਵਿਆਂ ਵਿਚ ਸਨ। ਦੂਸਰਾ ਤੱਥ ਇਹ ਹੈ ਕਿ ਇਹ ਗੱਲ ਬਿਲਕੁਲ ਸੰਭਵ ਨਹੀਂ ਕਿ ਕ੍ਰਿਸ਼ਨਨ ਇਕ ਇਕੱਲੀ ਨੇਤਾ ਹੈ ਜਿਸ ਦੇ ਮਨ ਵਿਚ ਇਨ੍ਹਾਂ ਸਵਾਲਾਂ ਨੂੰ ਲੈ ਕੇ ਉਥਲ-ਪੁਥਲ ਮੱਚੀ ਹੋਈ ਹੈ; ਜ਼ਰੂਰ ਹੀ, ਪਾਰਟੀ ਦੇ ਅੰਦਰ ਤੇ ਪਾਰਟੀ ਦੀ ਲੀਡਰਸ਼ਿਪ ਵਿਚ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਮਨਾਂ ਨੂੰ ਵੀ ਇਨ੍ਹਾਂ ਸਵਾਲਾਂ ਤੇ ਇਨ੍ਹਾਂ ਨਾਲ ਸਬੰਧਿਤ ਸਿਧਾਂਤਕ ਸੋਚਾਂ ਨੇ ਘੇਰਿਆ ਹੋਇਆ ਹੈ। ਪਰ 20 ਜਾਂ 30 ਸਾਲ ਪਾਰਟੀ ਵਿਚ ਰਹਿ ਕੇ ਉਸ ਤੋਂ ਅਲੱਗ ਹੋਣਾ ਕੋਈ ਆਸਾਨ ਕੰਮ ਨਹੀਂ। ਇੰਝ ਜ਼ਿੰਦਗੀ ਭਰ ਦੀ ਕਮਾਈ ’ਤੇ ਪਾਣੀ ਫਿਰ ਜਾਂਦਾ ਹੈ। ਇਸੇ ਕਰਕੇ ਬਹੁਤ ਸਾਰੇ ਲੋਕ ਪਾਰਟੀ ਦੇ ਅੰਦਰ ਰਹਿ ਕੇ ਹੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀ ਕਾਰਜਕੁਸ਼ਲਤਾ ਘਟ ਜਾਂਦੀ ਹੈ, ਉਹ ਉਤਸ਼ਾਹਹੀਣ ਹੋ ਜਾਂਦੇ ਹਨ; ਹਾਲਾਤ ਨਾਲ ਸਮਝੌਤਾ ਕਰ ਲੈਂਦੇ ਹਨ। ਤੀਸਰਾ ਤੇ ਬਹੁਤ ਮਹੱਤਵਪੂਰਨ ਤੱਥ ਇਹ ਹੈ: ਕ੍ਰਿਸ਼ਨਨ ਦਾ ਪਾਰਟੀ ਦੀ ਲੀਡਰਸ਼ਿਪ ਨਾਲ ਇਕ ਕਿਸਮ ਦਾ ਸਮਝੌਤਾ ਹੋਇਆ ਹੈ। ਲੀਡਰਸ਼ਿਪ ਨੇ ਕ੍ਰਿਸ਼ਨਨ ਨੂੰ ਪਾਰਟੀ ਵਿਚੋਂ ਬਾਹਰ ਨਹੀਂ ਕੱਢਿਆ।
ਇੱਥੇ ਇਹ ਸਵਾਲ ਪੁੱਛਿਆ ਜਾਣਾ ਜ਼ਰੂਰੀ ਹੈ, ਜੇਕਰ ਕ੍ਰਿਸ਼ਨਨ ਵਾਕਈ ਸਾਰੇ ਮਹੱਤਵਪੂਰਨ ਸਵਾਲਾਂ ਤੇ ਮਸਲਿਆਂ ਨੂੰ ਸਮਝਣ ਸਮਝਾਉਣ ਬਾਰੇ ਪ੍ਰਤੀਬੱਧ ਸੀ ਤਾਂ ਉਸ ਨੂੰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤੇ ਬਿਨਾਂ ਹੀ ਇਨ੍ਹਾਂ ਸਵਾਲਾਂ ਨੂੰ ਉਠਾਉਣਾ ਚਾਹੀਦਾ ਸੀ। ਕ੍ਰਿਸ਼ਨਨ ਦੀ ਇਕ ਹੋਰ ਮੰਗ ਇਹ ਸੀ ਕਿ ਪਾਰਟੀ ਦੇ ਅੰਦਰ ਇਨ੍ਹਾਂ ਸਵਾਲਾਂ ਉੱਪਰ ‘ਖੁੱਲ੍ਹੀ ਬਹਿਸ’ ਹੋਣੀ ਚਾਹੀਦੀ ਹੈ, ਸਿਰਫ਼ ਪਾਰਟੀ ਦੇ ਦਰਜਾ-ਬ-ਦਰਜਾ ਅਦਾਰਿਆਂ ਅੰਦਰ ਹੀ ਨਹੀਂ; ਸਿਰਫ਼ ਕੇਂਦਰੀ ਕਮੇਟੀ ਤੇ ਪੋਲਿਟ ਬਿਊਰੋ ਅੰਦਰ ਹੀ ਨਹੀਂ। ਜਾਪਦਾ ਹੈ ਕ੍ਰਿਸ਼ਨਨ ਨੂੰ ਇਹ ਡਰ ਸੀ ਕਿ ਅਗਰ ਉਹ ਆਪਣੇ ਸ਼ੰਕੇ/ਸਵਾਲ ਪਾਰਟੀ ਅਦਾਰਿਆਂ ਅੰਦਰ ਹੀ ਉਠਾਉਂਦੀ ਹੈ ਤਾਂ ਉਹਦੇ ਵਿਚ ਜ਼ਰੂਰ ਹੀ ਉਸ ਨੂੰ ਘੱਟਗਿਣਤੀ ਵਿਚ ਹੋਣ ਕਰਕੇ ਬਹੁਗਿਣਤੀ ਤੋਂ ਮਾਤ ਮਿਲੇਗੀ ਤੇ ਇੰਝ ਸ਼ੰਕੇ ਦੂਰ ਕਰਨ ਵਾਲੀ ਬਹਿਸ ਤੋਂ ਬਾਅਦ ਵੀ ਉਸ ਨੂੰ ਲੋਕਾਂ ਵਿਚ ਪਾਰਟੀ ਦੀ ਬਹੁਸੰਮਤੀ ਵਾਲੀ ‘ਸਿਆਸੀ ਲਾਈਨ’ ਲੈਣੀ ਪਵੇਗੀ। ਉਸ ਦੇ ਸਾਹਮਣੇ ਇਕ ਵੱਡੀ ‘ਦੁਬਿਧਾ’ ਸੀ: ਜੇਕਰ ਇਨ੍ਹਾਂ ਜਮਹੂਰੀਅਤ ਤੇ ਕਮਿਊਨਿਜ਼ਮ ਨਾਲ ਸਬੰਧਿਤ ਸਵਾਲਾਂ ਦੀ ਤਹਿ ਤਕ ਜਾ ਕੇ, ਇਤਿਹਾਸਕ ਤੇ ਸਿਧਾਂਤਕ ਜਾਂਚ ਕਰਕੇ, ਲੋਕਾਂ ਵਿਚ ਖੁੱਲ੍ਹੇਆਮ ਆਪਣੇ ਵਿਚਾਰ ਰੱਖੇਗੀ ਤਾਂ ਪਾਰਟੀ ਲੀਡਰਸ਼ਿਪ ਨੂੰ ਕਵਿਤਾ ਕ੍ਰਿਸ਼ਨਨ ਨੂੰ ਇਕ ਦਿਨ ਪਾਰਟੀ ਵਿਚੋਂ ਵੀ ਕੱਢਣਾ ਪਵੇਗਾ। ਪਰ ਜੇਕਰ ਉਹ ਇਨ੍ਹਾਂ ਸਵਾਲਾਂ ਨੂੰ ਆਪਣੇ ਨਿੱਜੀ ਮਨ ਦੀ ‘ਉਥਲ-ਪੁਥਲ’ ਕਹਿ ਕੇ ਪੇਸ਼ ਕਰੇਗੀ, ਤਾਂ ਪਾਰਟੀ ਉਸ ਨੂੰ ਆਪਣੇ ਅੰਦਰ ਬਰਦਾਸ਼ਤ ਕਰਦੀ ਰਹੇਗੀ। ਉਸ ਦੇ ਅਖ਼ਬਾਰੀ ਬਿਆਨਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਉਹ ਇਨ੍ਹਾਂ ਸਵਾਲਾਂ ਨੂੰ ‘ਆਪਣੀ ਨਿੱਜੀ ਸੋਚ ਦੀਆਂ ਸਮੱਸਿਆਵਾਂ ਤੇ ਮਸਲੇ’ ਕਹਿ ਕੇ ਲੋਕਾਂ ਵਿਚ ਗੱਲ ਕਰੇਗੀ ਤਾਂ ਸਿਧਾਂਤਕ ਸਵਾਲ ਕੇਵਲ ਅੱਧੇ-ਅਧੂਰੇ ਤੇ ਅਸਪੱਸ਼ਟ ਹੀ ਰਹਿਣਗੇ। ਜਮਹੂਰੀਅਤ ਦਾ ਬਚਾਅ ਕਵਿਤਾ ਕ੍ਰਿਸ਼ਨਨ ਦਾ ਮੁੱਖ ਮੁੱਦਾ ਜਾਪਦਾ ਹੈ, ਇਸ ਲਈ ਲੱਗਦੇ ਹੱਥ ਉਸ ਨੂੰ ਹੇਠਲੇ ਦੋ ਕੁ ਸਵਾਲ ਵੀ ਪੁੱਛ ਲੈਣੇ ਚਾਹੀਦੇ ਹਨ:
1. ਭਾਰਤ ਵਿਚ ਜਮਹੂਰੀ ਪ੍ਰਬੰਧਾਂ ਦੇ ਹੁੰਦਿਆਂ, ਇਕ ਅਜਿਹੇ ਸਿਆਸੀ ਮਾਹੌਲ ਤੇ ਪ੍ਰਬੰਧ ਦੀ ਹੋਂਦ ਵਿਚ ਇਕ ਕਮਿਊਨਿਸਟ ਪਾਰਟੀ ਬਣਾਈ ਰੱਖਣ ਦਾ ਕੋਈ ਉਦੇਸ਼/ਮਕਸਦ ਹੈ?
2. ਅਜਿਹੇ ਜਮਹੂਰੀ ਸਿਆਸੀ ਪ੍ਰਬੰਧ ਹੇਠ ਕੀ ਕਿਸੇ ਕਮਿਊਨਿਸਟ ਪਾਰਟੀ ਦੀ ਕੋਈ ਸਾਰਥਿਕਤਾ ਨਜ਼ਰ ਆਉਂਦੀ ਹੈ?
3. ਖੇਤੀ ਨਾਲ ਸਬੰਧਿਤ ਮੋਦੀ ਸਰਕਾਰ ਦੁਆਰਾ ਬਣਾਏ ਗਏ ਤਿੰਨ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨੀ ਨੇ ਜਿਹੜਾ ਸ਼ਾਂਤਮਈ ਤੇ ਜਮਹੂਰੀ ਘੋਲ ਲੜਿਆ ਤੇ ਕਾਮਯਾਬੀ ਹਾਸਿਲ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਇਹ ਘੋਲ ਸੰਸਾਰ ਵਿਚ ਲੜੇ ਗਏ ਸਾਰੇ ਕਿਸਾਨੀ ਘੋਲਾਂ ਤੋਂ ਵੱਡਾ ਸੀ। ਪੀੜ੍ਹੀ-ਦਰ-ਪੀੜ੍ਹੀ ਕਮਿਊਨਿਸਟਾਂ ਨੇ ਭਾਰਤ ਵਿਚ ਕਿਸਾਨੀ ਦੀ ਇਕ ਅਜਿਹੀ ਲਹਿਰ ਖੜ੍ਹੀ ਕਰਨ ਦੇ ਸੁਪਨੇ ਲਏ ਹਨ। ਇਸ ਲਹਿਰ ਦੀ ਸ਼ਾਂਤਮਈ ਰਣਨੀਤੀ (Peaceful Strategy) ਨੇ ਇਕ ਵਾਰ ਫਿਰ ਪੁਰਾਣੇ ਅਕਾਲੀ ਦਲ ਅਤੇ ਮਹਾਤਮਾ ਗਾਂਧੀ ਦੁਆਰਾ ਲੜੀਆਂ ਗਈਆਂ ਸ਼ਾਂਤਮਈ ਲਹਿਰਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅਜਿਹੀ ‘ਸ਼ਾਂਤਮਈ ਰਣਨੀਤੀ’ ਦੀ ਕਾਮਯਾਬੀ ਕਮਿਊਨਿਸਟਾਂ ਤੋਂ ਇਹ ਸਵਾਲ ਪੁੱਛਦੀ ਹੈ: ਕੀ ਹਥਿਆਰਬੰਦ ਇਨਕਲਾਬ ਦਾ ਵਿਚਾਰ ਸਿਰਫ਼ ਹਵਾਈ ਹੀ ਨਹੀਂ? ਲੋਕ ਲਹਿਰਾਂ ਹਮੇਸ਼ਾਂ ਸ਼ਾਂਤਮਈ ਰਹਿ ਕੇ ਹੀ ਕਾਮਯਾਬੀ ਹਾਸਿਲ ਕਰਨਗੀਆਂ।
ਕਮਿਊਨਿਸਟ ਪਾਰਟੀ ਵਿਚ 1948-51 ਦਾ ਸਮੇਂ ਨੂੰ ਰੰਧੀਵੇ ਪੀਰੀਅਡ ਨਾਲ ਯਾਦ ਕੀਤਾ ਜਾਂਦਾ ਹੈ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਉਸ ਸਮੇਂ ਦੇ ਤਤਕਾਲੀਨ ਜਨਰਲ ਸਕੱਤਰ ਬੀਟੀ ਰੰਧੀਵੇ ਦੀ ਸਿਧਾਂਤਕ ਸਮਝ ਤੇ ਕੰਮ ਕਰਨ ਦੇ ਤਰੀਕੇ ਕਾਰਨ ਪਾਰਟੀ ਅੰਦਰ ਇਕ ਵੱਡੀ ਫੁੱਟ ਪੈ ਗਈ ਸੀ। 1955-56 ਤੱਕ ਪਾਰਟੀ ਦਾ ਇਹ ਸੰਕਟ ਕਾਫ਼ੀ ਡੂੰਘਾ ਹੋ ਗਿਆ ਸੀ। ਇਹ ਪਹਿਲੀ ਤੇ ਆਖ਼ਰੀ ਵਾਰ ਸੀ ਕਿ ਪਾਰਟੀ ਲੀਡਰਸ਼ਿਪ ਨੇ ਪਾਰਟੀ ਅਦਾਰਿਆਂ ਦੀਆਂ ਸੀਮਾਵਾਂ ਤੋਂ ਮੁਕਤ ਸਾਰੀ ਪਾਰਟੀ ਦੇ ਸਾਰੇ ਕਾਡਰਾਂ ਸਾਹਮਣੇ ਇਕ ਖੁੱਲ੍ਹੀ ਬਹਿਸ ਸ਼ੁਰੂ ਕੀਤੀ ਸੀ। ਇਸ ਖੁੱਲ੍ਹੀ ਬਹਿਸ ਦਾ ਨਤੀਜਾ ਇਹ ਨਿਕਲਿਆ ਕਿ 1964 ਵਿਚ ਪਾਰਟੀ ਦੋਫਾੜ ਹੋ ਗਈ। ਨਵੀਂ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀਪੀਐੱਮ) ਹੋਂਦ ਵਿਚ ਆਈ। ਫੁੱਟ ਇੱਥੇ ਹੀ ਨਹੀਂ ਰੁਕੀ। 1967 ਵਿਚ ਸੀਪੀਐੱਮ ਵਿਚ ਫੇਰ ਫੁੱਟ ਪੈ ਗਈ। ਇਸ ਤਜ਼ਰਬੇ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਕ ਲੈਨਿਨਵਾਦੀ ਢਾਂਚੇ ਦੀ ਪਾਰਟੀ ਜੋ ਇਕ ਹਥਿਆਰਬੰਦ ਇਨਕਲਾਬ ਲਈ ਪ੍ਰਤੀਬੱਧ ਹੁੰਦੀ ਹੈ, ਆਪਣੇ ਕਾਰਕੁਨਾਂ ਵਿਚ ਖੁੱਲ੍ਹੀ ਬਹਿਸ ਨਹੀਂ ਚਲਾ ਸਕਦੀ। ਜੇਕਰ ਉਹ ਪਾਰਟੀ ਖੁੱਲ੍ਹੀ ਬਹਿਸ, ਜਿਸ ਦੀ ਕ੍ਰਿਸ਼ਨਨ ਨੇ ਮੰਗ ਕੀਤੀ ਸੀ, ਚਲਾਉਣ ਲਈ ਸਹਿਮਤ ਹੋ ਜਾਂਦੀ ਹੈ ਤਾਂ ਬਹਿਸ ਦੌਰਾਨ ਉਸ ਵਿਚ ਤਿੰਨ ਰੁਝਾਨ ਉੱਭਰ ਕੇ ਸਾਹਮਣੇ ਆਉਣ ਲੱਗਦੇ ਹਨ:
1. ਪਹਿਲਾ ਰੁਝਾਨ ਪਾਰਟੀ ਦੀ ਇਨਕਲਾਬੀ ਸਿਧਾਂਤਕ ਸ਼ੁੱਧਤਾ ਨੂੰ ਬਣਾਈ ਰੱਖਣ ’ਤੇ ਜ਼ੋਰ ਦਿੰਦਾ ਤੇ ਦੂਸਰੀ ਧਿਰ ਨੂੰ ਸੰਸਦੀ ਸੋਧਵਾਦੀ (ਪਾਰਲੀਮੈਂਟਰੀ ਰਵੀਜ਼ਨਿਸਟ) ਕਹਿ ਕੇ ਕੋਸਦਾ ਹੈ; ਉਨ੍ਹਾਂ ਉੱਪਰ ਹਥਿਆਰਬੰਦ ਇਨਕਲਾਬ ਦਾ ਉਦੇਸ਼ ਤਿਆਗ ਕੇ ਸੋਧਵਾਦੀ ਬਣ ਜਾਣ ਦੀਆਂ ਊਜਾਂ ਲਾਉਂਦਾ ਹੈ।
2. ਦੂਸਰਾ ਰੁਝਾਨ ਜੋ ਇਕ ਜਮਹੂਰੀ ਸਿਆਸੀ ਪ੍ਰਬੰਧ ਦੀ ਅਸਲੀਅਤ ਤੇ ਇਸ ਲਈ ਮੁਨਾਸਬਿ ਤੌਰ-ਤਰੀਕਿਆਂ ਨੂੰ ਸਮਝਣ ਉੱਪਰ ਜ਼ੋਰ ਦਿੰਦਿਆਂ ਵਿਰੋਧੀ ਰੁਝਾਨ ਨੂੰ ਕੇਵਲ ਸਿਧਾਂਤਮੁਖੀ ਸਿਆਸਤ ਹੀ ਸਮਝਦਾ ਹੈ ਜੋ ਜਮਹੂਰੀ ਢਾਂਚੇ ਦੀ ਅਸਲੀਅਤ ਨੂੰ ਸਮਝਣ ਤੋਂ ਇਨਕਾਰੀ ਹੁੰਦੀ ਹੈ।
3. ਤੀਸਰਾ ਰੁਝਾਨ, ਜੋ ਇਨ੍ਹਾਂ ਦੋਵਾਂ ਰੁਝਾਨਾਂ ਨੂੰ ਪਾਰਟੀ ਤੋੜਨ ਤੋਂ ਰੋਕਣ ਲਈ ਪਾਰਟੀ ਏਕਤਾ ਉੱਪਰ ਜ਼ੋਰ ਦਿੰਦਾ ਹੈ। ਇਹ ਰੁਝਾਨ ਉੱਪਰ ਦੱਸੇ ਦੋਵੇਂ ਰੁਝਾਨਾਂ ਦੀਆਂ ਕੁਝ ਕੁਝ ਸਿਆਸੀ ਪੁਜੀਸ਼ਨਾਂ ਨਾਲ ਸਹਿਮਤ ਹੁੰਦਾ ਹੈ। ਪਰ ਇਕ ਅਜਿਹਾ ਮੌਕਾ ਵੀ ਆਉਂਦਾ ਹੈ, ਜਦੋਂ ਇਹ ਰੁਝਾਨ ਆਪਣੇ ਆਪ ਇਕ ਜਾਂ ਦੂਸਰੇ ਰੁਝਾਨ ਵਿਚ ਸਮਾਉਣ ਲਈ ਮਜਬੂਰ ਹੋ ਜਾਂਦਾ ਹੈ। ਇੰਝ ਇਕ ਪਾਰਟੀ ਅੰਦਰ ਦੋ ਕਮਿਊਨਿਸਟ ਪਾਰਟੀਆਂ ਦਾ ਜਨਮ ਹੋ ਜਾਂਦਾ ਹੈ। ਜੇਕਰ ਪਾਰਟੀ ਲੀਡਰਸ਼ਿਪ ‘ਖੁੱਲ੍ਹੀ ਬਹਿਸ’ ਲਈ ਸਹਿਮਤ ਹੋ ਜਾਂਦੀ ਹੈ ਤਾਂ ਥੋੜ੍ਹੀ ਦੇਰ ਬਾਅਦ ਫੁੱਟ ਦੇ ਤਿੱਖੇ ਹੋਣ ਕਾਰਨ ਇਕ ਕਮਿਊਨਿਸਟ ਪਾਰਟੀ ਦੀਆਂ ਦੋ ਪਾਰਟੀਆਂ ਬਣ ਜਾਂਦੀਆਂ ਹਨ।
ਇੱਥੋਂ ਇਹ ਗੱਲ ਸਪੱਸ਼ਟ ਹੈ ਕਿ ਕਵਿਤਾ ਕ੍ਰਿਸ਼ਨਨ ਦੀ ਪਾਰਟੀ ਉਸ ਦੀ ਇਸ ਮੰਗ ਕਿ ਪਾਰਟੀ ਆਪਣੇ ਕਾਰਕੁਨਾਂ ਵਿਚ ਉਨ੍ਹਾਂ ਸਵਾਲਾਂ ਨੂੰ ਲੈ ਕੇ, ਜੋ ਉਸ ਦੇ ਮਨ ਵਿਚ ‘ਉਥਲ-ਪੁਥਲ’ ਮਚਾਉਂਦੇ ਹਨ, ਇਕ ਖੁੱਲ੍ਹੀ ਬਹਿਸ ਚਲਾਵੇ, ਦੇ ਵਿਚਾਰ ਨੂੰ ਆਗਿਆ ਨਹੀਂ ਦੇ ਸਕਦੀ। ਲੀਡਰਸ਼ਿਪ ਜਾਣਦੀ ਹੈ ਕਿ ਅਜਿਹੀ ‘ਖੁੱਲ੍ਹੀ ਬਹਿਸ’ ਅੰਤ ਵਿਚ ਪਾਰਟੀ ਅੰਦਰ ਫੁੱਟ ਦੇ ਬੀਜ ਬੀਜ ਦੇਵੇਗੀ।
ਕਵਿਤਾ ਕ੍ਰਿਸ਼ਨਨ ਅਤੇ ਲੀਡਰਸ਼ਿਪ ਇਸ ਸਮਝੌਤੇ ਉੱਪਰ ਪਹੁੰਚੇ ਹਨ ਕਿ ਜੇਕਰ ਉਸ ਨੇ ਕੋਈ ਖੁੱਲ੍ਹੀ ਬਹਿਸ ਦੀ ਗੱਲ ਕਰਨੀ ਹੈ ਤਾਂ ਉਹ ਪਹਿਲਾਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਵੇ; ਪਾਰਟੀ ਤੋਂ ਬਾਹਰ ਰਹਿ ਕੇ ਕਵਿਤਾ ਕ੍ਰਿਸ਼ਨਨ ਨੂੰ ਕੋਈ ਸਵਾਲ ਉਠਾਉਣ ਤੇ ਪਬਲਿਕ ਬਹਿਸ ਚਲਾਉਣ ਦੀ ਪਾਰਟੀ ਉਸ ਨੂੰ ਆਗਿਆ ਦਿੰਦੀ ਹੈ।
ਇੰਝ ਕਵਿਤਾ ਕ੍ਰਿਸ਼ਨਨ ਦੁਆਰਾ ਉਠਾਏ ਗਏ ਸਵਾਲ ਜੋ ਕਮਿਊਨਿਸਟ ਸਫ਼ਾਂ ਨੂੰ ਦਰਪੇਸ਼ ਅਹਿਮ ਸਵਾਲ ਹਨ, ਕੇਵਲ ਅੱਧੇ-ਅਧੂਰੇ ਸਵਾਲ ਬਣ ਕੇ ਹੀ ਰਹਿ ਜਾਣਗੇ। ਖੁੱਲ੍ਹੀ ਬਹਿਸ ਦੀ ਅਣਹੋਂਦ ਵਿਚ ਉਹ ਸਵਾਲ ਨਹੀਂ ਉਠਾਏ ਜਾ ਸਕਦੇ ਜੋ ਭਾਰਤੀ ਕਮਿਊਨਿਸਟ ਲਹਿਰ ਦੇ ਸੰਪੂਰਨ ਪੁਨਰ-ਮੁਲਾਂਕਣ ਲਈ ਜ਼ਰੂਰੀ ਹਨ।
ਕੀ ਖੱਬੇ ਪੱਖੀ ਪਾਰਟੀਆਂ ਅਜਿਹੀ ਬਹਿਸ ਲਈ ਤਿਆਰ ਹਨ? ਲੋਕਾਂ ਵਿਚ ਪ੍ਰਭਾਵ ਇਹ ਹੈ ਕਿ ਉਹ ਅਜਿਹੀ ਬਹਿਸ ਕਰਨ ਲਈ ਤਿਆਰ ਨਹੀਂ; ਉਹ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਜਮਹੂਰੀਅਤ ਦੇ ਨਾ ਪਣਪਣ ਦੇ ਸਵਾਲ ਨੂੰ ਵਿਚਾਰਨਾ ਹੀ ਨਹੀਂ ਚਾਹੁੰਦੀਆਂ; ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਸਵਾਲਾਂ ’ਤੇ ਵਿਚਾਰ-ਵਟਾਂਦਰਾ ਕਰਨ ਨਾਲ ਉਨ੍ਹਾਂ ਦਾ ਬੁਨਿਆਦੀ ਢਾਂਚਾ ਬਿਖਰ ਜਾਵੇਗਾ। ਇਹ ਵਿਚਾਰਧਾਰਕ ਧਾਰਨਾ ਗ਼ਲਤ ਹੈ। ਖੱਬੇ ਪੱਖੀ ਪਾਰਟੀਆਂ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ; ਉਹ ਜਮਹੂਰੀਅਤ ਦੀਆਂ ਅਸਲੀ ਅਲੰਬਰਦਾਰ ਹਨ, ਪਰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਮੁਨਕਰ ਹੋ ਕੇ ਉਸ ਇਤਿਹਾਸਕ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ।
ਸੰਪਰਕ: 98184-98464