ਐਡਵੋਕੇਟ ਦਰਸ਼ਨ ਸਿੰਘ ਰਿਆੜ
ਦਹਾਕੇ ਭਰ ਤੋਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਮਹਿੰਗਾਈ ਚਰਮਸੀਮਾ ’ਤੇ ਹੈ। ਦੋ ਸਾਲ ਕਰੋਨਾ ਕਾਲ ਦੇ ਲੇਖੇ ਲੱਗ ਗਏ। ਇਸ ਸਮੇਂ ਦੌਰਾਨ ਅਣਗਿਣਤ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ ਤੇ ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸ ਗਏ। ਲੋਕਾਂ ਦੀ ਜੇਬ ਸੁੰਗੜਦੀ ਗਈ ਪਰ ਚੀਜ਼ਾਂ ਦੀ ਕੀਮਤ ਵਧਦੀ ਗਈ। ਸਾਡੇ ਗੁਆਂਢੀ ਦੇਸ਼ ਸ੍ਰੀਲੰਕਾ ਦੀ ਹਾਲਤ ਤਾਂ ਮਹਿੰਗਾਈ ਨਾਲ ਬਹੁਤ ਪਤਲੀ ਹੋ ਗਈ ਹੈ। ਅੱਜ ਉਹ ਦੂਜੇ ਦੇਸ਼ਾਂ ਦੀ ਮਦਦ ’ਤੇ ਨਿਰਭਰ ਹੈ। ਸਾਡੇ ਦੇਸ਼ ਨੇ ਵੀ ਆਪਣੇ ਵਿੱਤ ਅਨੁਸਾਰ ਉਸ ਦੀ ਮਦਦ ਕੀਤੀ ਹੈ ਪਰ ਅਜੇ ਵੀ ਉਥੇ ਹਾਲਤ ਕੰਟਰੋਲ ਵਿਚ ਨਹੀਂ ਹੈ। ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਆਪਣਾ ਬਜਟ ਸੰਤੁਲਿਤ ਕਰਕੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣਾ ਪਰ ਹੁੰਦਾ ਸਭ ਕੁਝ ਉਲਟ ਹੈ। ਚੋਣਾਂ ਦੌਰਾਨ ਚੋਣ ਜਿੱਤਣ ਅਤੇ ਸੱਤਾ ਪ੍ਰਾਪਤ ਕਰਨ ਲਈ ਰਾਜਨੀਤਕ ਪਾਰਟੀਆਂ ਬੜੇ ਲੁਭਾਉਣੇ ਵਾਅਦੇ ਕਰਦੀਆਂ ਹਨ। 2014 ਦੌਰਾਨ ਜਦੋਂ ਗੈਸ ਸਿਲੰਡਰ 450 ਰੁਪਏ ਦੇ ਕਰੀਬ ਮਿਲਦਾ ਸੀ ਅਤੇ ਇੱਕ ਲਿਟਰ ਪੈਟਰੋਲ 65 ਰੁਪਏ ਦਾ ਸੀ, ਉਸ ਸਮੇਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਮਹਿੰਗਾਈ ਦੇ ਮੁੱਦੇ ’ਤੇ ਹਾਹਾਕਾਰ ਮਚਾ ਦਿੱਤੀ ਸੀ।
ਹੁਣ ਗੈਸ ਸਿਲੰਡਰ ਸੁੱਖ ਨਾਲ 1000 ਰੁਪਏ ਹੋ ਗਿਆ ਹੈ। ਸਬਸਿਡੀ ਖਤਮ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਨੂੰ ਤਾਂ ਅੱਗ ਹੀ ਲੱਗ ਗਈ ਹੈ। ਰੋਜ਼ ਵਧਦੀਆਂ ਤੇਲ ਕੀਮਤਾਂ ਨੇ ਲੋਕਾਂ ਦੇ ਸਾਹ ਸੂਤ ਲਏ ਹਨ, ਫਿਰ ਵੀ ਸਭ ਝੱਲ ਰਹੇ ਹਨ। ਘੁਸਰ ਮੁਸਰ ਜ਼ਰੂਰ ਹੁੰਦੀ ਰਹਿੰਦੀ ਹੈ, ਸੋਸ਼ਲ ਮੀਡੀਆ ਉੱਪਰ ਰੌਲਾ ਵੀ ਪੈਂਦਾ ਹੈ ਪਰ ਸਰਕਾਰ ਦੇ ਬੋਲੇ ਕੰਨਾਂ ਤੱਕ ਨਹੀਂ ਪਹੁੰਚਦਾ। ਚੋਣਾਂ ਵੇਲੇ ਜ਼ਰੂਰ ਸਰਕਾਰ ਚਲਾ ਰਹੀ ਪਾਰਟੀ ਨੂੰ ਵੀ ਮਹਿੰਗਾਈ ਦਾ ਸੇਕ ਲੱਗਦਾ ਹੈ। ਮਾਰਚ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਪੈਟਰੋਲ ਤੇ ਡੀਜ਼ਲ ਦਾ ਰੇਟ ਕੁਝ ਜਿ਼ਆਦਾ ਲੱਗਿਆ ਸੀ ਅਤੇ ਇਸ ਨੇ ਉਦੋਂ 10 ਰੁਪਏ ਲਿਟਰ ਪੈਟਰੋਲ ਤੇ 5 ਰੁਪਏ ਲਿਟਰ ਡੀਜ਼ਲ ਦੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਪਰ ਲੋਕਾਂ ਲਈ ਇਹ ਊਠ ਤੋਂ ਛਾਨਣੀ ਲਾਹੁਣ ਦੇ ਤੁੱਲ ਸੀ। ਫਿਰ ਕਾਂਗਰਸ ਸੱਤਾ ਤੋਂ ਲਾਂਭੇ ਹੋ ਗਈ।
ਉਂਜ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ, ਉਤਰਾਂਚਲ, ਗੋਆ ਸਮੇਤ ਚਾਰ ਹੋਰ ਰਾਜਾਂ ਵਿਚ ਵੀ ਚੋਣਾਂ ਸਨ। ਰੋਜ਼ ਵਧਣ ਵਾਲਾ ਪੈਟਰੋਲ ਤੇ ਡੀਜ਼ਲ ਦਾ ਮੁੱਲ ਉਨ੍ਹਾਂ ਦਿਨਾਂ ਵਿਚ ਬਿਲਕੁੱਲ ਨਹੀਂ ਵਧਿਆ। ਜਿਵੇਂ ਹੀ ਮਾਰਚ ਵਿਚ ਚੋਣ ਨਤੀਜੇ ਐਲਾਨ ਹੋਏ, ਡੀਜ਼ਲ ਤੇ ਪੈਟਰੋਲ ਦਾ ਮੁੱਲ ਘੋੜੇ ’ਤੇ ਸਵਾਰ ਹੋ ਗਿਆ। ਹੁਣ ਡੀਜ਼ਲ 100 ਰੁਪਏ ਲਿਟਰ ਦਾ ਸਫਰ ਤੈਅ ਕਰਨ ਵੱਲ ਤੇਜ਼ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਪੈਟਰੋਲ 110 ਰੁਪਏ ਤੱਕ ਪਹੁੰਚ ਕੇ ਰਿਕਾਰਡ ਬਣਾ ਗਿਆ ਹੈ।
ਉਹ ਸਮਾਂ ਯਾਦ ਆਉਂਦਾ ਹੈ ਜਦੋਂ 100 ਰੁਪਏ ਦਾ ਚਾਰ ਲਿਟਰ ਪੈਟਰੋਲ ਸਕੂਟਰ ਦੀ ਟੈਂਕੀ ਫੁੱਲ ਕਰ ਦਿੰਦਾ ਸੀ। ਹੁਣ 100 ਰੁਪਏ ਦੇ ਪੈਟਰੋਲ ਨਾਲ ਟੈਂਕੀ ਦਾ ਥੱਲਾ ਵੀ ਨਹੀਂ ਢੱਕ ਹੁੰਦਾ। ਸਮਾਂ ਕਿੰਨਾ ਬਦਲ ਗਿਆ ਹੈ ਤੇ ਮਨੁੱਖ ਵੀ ਕਿੰਨੀ ਤਰੱਕੀ ਕਰ ਗਿਆ ਹੈ! ਪ੍ਰਦੂਸ਼ਣ ਨੇ ਵੀ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਡੀਜ਼ਲ ਦੇ ਧੂੰਏ ਤੋਂ ਬਚਣ ਲਈ ਸ਼ਾਇਦ ਮਹਿੰਗਾਈ ਹੀ ਸਰਕਾਰ ਨੂੰ ਵਰ ਆ ਜਾਏ ਪਰ ਗੱਡੀਆਂ ਮੋਟਰਾਂ ਬਿਨਾਂ ਵੀ ਤਾਂ ਚਾਰਾ ਨਹੀਂ। ਹੁਣ ਸਭ ਤੋਂ ਵੱਡੀ ਦੌੜ ਸਮਾਂ ਬਚਾਉਣ ਦੀ ਹੈ। ਬਿਜਲੀ ਨਾਲ ਰੇਲ ਗੱਡੀਆਂ, ਬੱਸਾਂ, ਕਾਰਾਂ ਤੇ ਸਕੂਟਰ ਵੀ ਚੱਲਣ ਲੱਗ ਪਏ ਹਨ ਪਰ ਬਿਜਲੀ ਦੀ ਸਪਲਾਈ ਵੀ ਤਾਂ ਚਾਹੀਦੀ ਹੈ। ਮਹਿੰਗਾਈ ਉਥੇ ਵੀ ਚਰਮਸੀਮਾ ’ਤੇ ਹੈ। ਦੂਜੇ ਪਾਸੇ ਮੁਫਤ ਤੰਤਰ ਦੇ ਵਾਅਦੇ ਵੀ ਪਹਾੜ ਵਰਗੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸੂਰਜੀ ਤਪਸ਼ ਦੀ ਬਿਜਲੀ ਬਣਾਉਣ ਲਈ ਸੋਲਰ ਪੈਨਲਾਂ ਦਾ ਵੱਡੇ ਪੱਧਰ ’ਤੇ ਸਬਸਿਡੀ ਤੇ ਜਾਲ ਵਿਛਾ ਕੇ ਦੇਸ਼ ਤੇ ਲੋਕਾਂ ਨੂੰ ਬਿਜਲੀ ਉਤਪਾਦਨ ਵਿਚ ਆਤਮ ਨਿਰਭਰ ਬਣਾ ਦੇਵੇ ਜਿਸ ਨਾਲ ਮੁਫਤ ਬਿਜਲੀ ਦੀ ਚਿੰਤਾ ਹੀ ਮੁੱਕ ਜਾਵੇ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ, ਰੋਟੀ, ਕੱਪੜਾ ਤੇ ਮਕਾਨ ਵਾਂਗ ਹੀ ਜ਼ਰੂਰੀ ਬਣ ਗਏ ਹਨ। ਇਨ੍ਹਾਂ ਦੇ ਵਾਜਬਿ ਮੁੱਲ ਹੀ ਲੋਕਾਂ ਦਾ ਜੀਵਨ ਸੁਖਾਲਾ ਬਣਾ ਸਕਦੇ ਹਨ। ਨਹੀਂ ਤਾਂ ਬਦੋਬਦੀ ਪੈਰ ਚਾਦਰ ਵਿਚੋਂ ਬਾਹਰ ਨਿਕਲ ਜਾਂਦੇ ਹਨ। ਫਿਰ ਕਰਜਿ਼ਆਂ ਤੇ ਖੁਦਕੁਸ਼ੀਆਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ।
ਮਹਿੰਗਾਈ ਨਾਲ ਲੋਕਾਂ ਦਾ ਜੀਵਨ ਤਾਂ ਮੁਸ਼ਕਿਲ ਹੁੰਦਾ ਹੀ ਹੈ, ਹੋਰ ਵੀ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ ਜੋ ਸਮਾਜ ਨੂੰ ਕੋਹੜ ਵਾਂਗ ਚਿੰਬੜ ਜਾਂਦੀਆਂ ਹਨ। ਜਦੋਂ ਆਪਣੀ ਨਿਸਚਤ ਆਮਦਨ ਨਾਲ ਲੋਕਾਂ ਦਾ ਗੁਜ਼ਾਰਾ ਨਾ ਹੁੰਦਾ ਹੋਵੇ ਤਾਂ ਉਹ ਭ੍ਰਿਸ਼ਟ ਤੇ ਅਨੈਤਿਕ ਢੰਗ ਤਰੀਕੇ ਵਰਤ ਕੇ ਪਰਾਇਆ ਹੱਕ ਆਪਣੇ ਕਬਜ਼ੇ ਵਿਚ ਕਰਕੇ ਜਿ਼ੰਦਗੀ ਨੂੰ ਸੁਖਾਲਾ ਬਣਾਉਣ ਦੇ ਢੰਗ ਤਰੀਕੇ ਖੋਜਣ ਲੱਗ ਪੈਂਦੇ ਹਨ। ਇਸ ਨਾਲ ਸਮਾਜ ਵਿਚ ਹੋਰ ਨਿਘਾਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਰਾਏ ਹੱਕ ਦੀ ਘੋਰ ਨਿੰਦਾ ਕੀਤੀ ਹੈ, ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਕਿਹਾ। ਗੁਰੂ ਜੀ ਦੁਆਰਾ ਦਰਸਾਏ ਇਸ ਪਰਾਏ ਹੱਕ ਦੀ ਬਰੀਕੀ ਨਾਲ ਘੋਖ ਕੀਤੀ ਜਾਵੇ ਤਾਂ ਇਸ ਦਾ ਦਾਇਰਾ ਬੜਾ ਵਿਸ਼ਾਲ ਹੋ ਜਾਂਦਾ ਹੈ। ਕਿਸੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਾ ਦੇਣਾ, ਸਮੇਂ ਤੋਂ ਵੱਧ ਕੰਮ ਲੈਣਾ, ਵੱਧ ਕੀਮਤ ਵਸੂਲ ਕਰਨਾ, ਨਿਯਮਾਂ ਦੀ ਅਣਦੇਖੀ ਕਰਨਾ, ਝੂਠਾ ਰੋਅਬ ਜਮਾਉਣਾ ਅਤੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਨਾ ਸਭ ਪਰਾਏ ਹੱਕ ਖਾਣ ਦੇ ਵਸੀਲੇ ਹਨ। ਨਿਆਂ ਵਿਚ ਦੇਰੀ ਕਰਨਾ ਜਾਂ ਐਵੇਂ ਹੀ ਲਟਕਾਈ ਜਾਣਾ ਵੀ ਆਪਣੇ ਫਰਜ਼ ਦੀ ਕੁਤਾਹੀ ਹੋਣ ਕਾਰਨ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਪੈਗੰਬਰ ਹਜਰਤ ਮੁਹੰਮਦ ਨੇ ਕਿਹਾ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਦੀ ਅਦਾਇਗੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹਰ ਹਾਲਤ ਵਿਚ ਹੋਣੀ ਚਾਹੀਦੀ ਹੈ ਪਰ ਇਥੇ ਪ੍ਰਾਈਵੇਟ ਖੇਤਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਅਧਿਆਪਕਾਂ ਨੂੰ ਉਨ੍ਹਾਂ ਦੀ ਮਜ਼ਦੂਰੀ, ਭਾਵ ਵੇਤਨ ਅਕਸਰ ਤੈਅਸ਼ੁਦਾ ਰੇਟ ਨਾਲੋਂ ਘੱਟ ਮਿਲਣ ਦੇ ਚਰਚੇ ਰਹਿੰਦੇ ਹਨ। ਇਹ ਵੀ ਤਾਂ ਦੂਜਿਆਂ ਦਾ ਹੱਕ ਖੋਹਣਾ ਹੈ।
ਲੰਮੇ ਅਰਸੇ ਤੋਂ ਰੁਜ਼ਗਾਰ ਠੇਕੇ ਉੱਪਰ ਦੇਣ ਦੀ ਰਵਾਇਤ ਪ੍ਰਚੱਲਤ ਹੋ ਗਈ ਹੈ। ਜਿਹੜੀਆਂ ਅਸਾਮੀਆਂ ਉੱਪਰ ਰੈਗੂਲਰ ਕਰਮਚਾਰੀ ਵੱਡੀਆਂ ਤਨਖਾਹਾਂ ਲੈ ਕੇ ਕੰਮ ਕਰਦੇ ਹਨ, ਉਨ੍ਹਾਂ ਦੇ ਬਰਾਬਰ ਹੀ ਠੇਕਾ ਆਧਾਰਿਤ ਕਰਮਚਾਰੀ ਤੁਛ ਜਿਹੀ ਤਨਖਾਹ ਲੈ ਕੇ ਉਹੀ ਕੰਮ ਕਰਦੇ ਹਨ, ਕੀ ਇਹ ਪ੍ਰਕਿਰਿਆ ਪਰਾਇਆ ਹੱਕ ਖੋਹਣ ਵਾਲਾ ਵਿਤਕਰਾ ਨਹੀਂ? ਇਸ ਸਮਾਜ ਦੀ ਸਿਰਜਣਾ ਨੈਤਿਕ ਕਦਰਾਂ ਕੀਮਤਾਂ ਦੇ ਆਧਾਰ ਤੇ ਬੜੇ ਵਿਗਿਆਨਕ ਢੰਗ ਨਾਲ ਹੋਈ ਹੈ। ਮਨੁੱਖ ਇਸ ਸਮੁੱਚੇ ਬ੍ਰਹਿਮੰਡ ਦੀ ਸ਼ਾਹਕਾਰ ਰਚਨਾ ਹੈ। ਵਿਲੀਅਮ ਸ਼ੈਕਸਪੀਅਰ ਨੇ ਮਨੁੱਖੀ ਜਿ਼ੰਦਗੀ ਨੂੰ ਸੱਤ ਸਟੇਜਾਂ ਵਿਚ ਵੰਡ ਕੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਦੁਨੀਆ ਦਾ ਹਰ ਬੰਦਾ ਜਾਣਦਾ ਹੈ ਕਿ ਉਸ ਦੀ ਜਿ਼ੰਦਗੀ ਨਾਸ਼ਵਾਨ ਹੈ, ਚਿਰ ਸਦੀਵੀ ਨਹੀਂ; ਫਿਰ ਉਹ ਅਨੈਤਿਕ ਕੰਮ ਕਿਉਂ ਕਰਦਾ ਹੈ?
ਲੋਕਰਾਜ ਅਤੇ ਕਲਿਆਣਕਾਰੀ ਸਰਕਾਰ ਬਹੁਤ ਸੁਹਣਾ ਸਭਿਆਚਾਰ ਹੈ। ਸਭ ਤਰ੍ਹਾਂ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਖੁਸ਼ੀਆਂ ਖੇੜਿਆਂ ਨਾਲ ਲਬਰੇਜ ਕਰਨਾ ਸਭ ਦੀ ਜਿ਼ੰਮੇਵਾਰੀ ਹੈ। ਫਜ਼ੂਲ ਖਰਚਿਆਂ ਨੂੰ ਨੱਥ ਪਾ ਕੇ, ਵੀਆਈਪੀ ਕਲਚਰ ਤੋਂ ਖਹਿੜਾ ਛੁਡਾ ਕੇ ਸਾਦ-ਮੁਰਾਦੀ ਜਿ਼ੰਦਗੀ ਜੀਣ ਦਾ ਮਨ ਬਣਾਉਣ ਨਾਲ ਮਹਿੰਗਾਈ, ਭ੍ਰਿਸ਼ਟਾਚਾਰ, ਹਊਮੈ ਅਤੇ ਸਵਾਰਥਪੁਣੇ ਦੀ ਲਾਲਸਾ ਆਪੇ ਖਤਮ ਹੋ ਜਾਂਦੀ ਹੈ ਪਰ ਇੱਛਾ ਸ਼ਕਤੀ ਕਾਇਮ ਕਰਕੇ ਮਨ ਉੱਪਰ ਕੰਟਰੋਲ ਕਰਨਾ ਪੈਂਦਾ ਹੈ। ਬਾਣੀ ਕਹਿੰਦੀ ਹੈ- ਮਨੁ ਜੀਤੇ ਜਗੁ ਜੀਤਿਆ।
ਸੰਪਰਕ: 93163-11677