ਅਣਗੌਲਿਆ ਗ਼ਦਰੀ ਯੋਧਾ ਗਾਂਧਾ ਸਿੰਘ

ਅਣਗੌਲਿਆ ਗ਼ਦਰੀ ਯੋਧਾ ਗਾਂਧਾ ਸਿੰਘ

ਰਾਕੇਸ਼ ਕੁਮਾਰ

ਗਾਂਧਾ ਸਿੰਘ ਜਦੋਂ ਅਮਰੀਕਾ ਵਿੱਚ ਗ਼ਦਰ ਪਾਰਟੀ ਨਾਲ ਜੁੜੇ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ 28 ਸਾਲ ਦੇ ਕਰੀਬ ਸੀ। ਉਨ੍ਹਾਂ ਨੇ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਮੁੱਢਲੇ ਦਿਨਾਂ ਤੋਂ ਹੀ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਹੋਰ ਕਈ ਗ਼ਦਰੀਆਂ ਦੀ ਤਰ੍ਹਾਂ ਆਪਣੀ ਅਸਲੀ ਪਛਾਣ ਲੁਕਾਉਣ ਲਈ ਉਨ੍ਹਾਂ ਨੇ ਆਪਣਾ ਫਰਜ਼ੀ ਨਾਂ ਭਗਤ ਸਿੰਘ ਰੱਖ ਲਿਆ। ਉਹ 30 ਮਈ 1913 ਨੂੰ ਗ਼ਦਰ ਪਾਰਟੀ ਦੀ ਅਸਟੋਰੀਆ ਵਿੱਚ ਹੋਈ ਮੀਟਿੰਗ ਤੇ ਦਸੰਬਰ 1913 ਵਿੱਚ ਸੈਕਰਾਮੈਂਟੋ ਵਿੱਚ ਹੋਈ ਕਾਨਫਰੰਸ ਵਿੱਚ ਸ਼ਾਮਿਲ ਹੋਏ। ਇਸ ਮਗਰੋਂ ਉਹ ਸੋਹਣ ਸਿੰਘ ਭਕਨਾ ਨਾਲ ਅਮਰੀਕਾ ਵਿੱਚ ਗ਼ਦਰ ਪਾਰਟੀ ਦੀਆਂ ਨਵੀਆਂ ਇਕਾਈਆਂ ਬਣਾਉਣ ਤੇ ਫੰਡ ਇੱਕਠਾ ਕਰਨ ਲਈ ਹਿੰਦੀਆਂ ਦੇ ਅੱਡਿਆਂ ’ਤੇ ਘੁੰਮੇ। ਸੋਹਣ ਸਿੰਘ ਭਕਨਾ ਨੇ ਦੱਸਿਆ ਕਿ ਗਾਂਧਾ ਸਿੰਘ ਕੱਚਰਭੰਨ ਗ਼ਦਰ ਅਖਬਾਰ ਦੀ ਪ੍ਰੈਸ (ਯੁਗਾਂਤਰ ਆਸ਼ਰਮ), ਜਿੱਥੇ ਗ਼ਦਰ ਸਾਹਿਤ ਛਪਦਾ ਸੀ, ਉੱਥੇ ਸਹਿਯੋਗ ਕਰਦਾ ਸੀ।

ਜਦੋਂ ਅੰਗਰੇਜ਼ ਸਰਕਾਰ ਨੇ ਗ਼ਦਰ ਪਾਰਟੀ ਦੀ ਅਖ਼ਬਾਰ ਸਮੇਤ ਹੋਰ ਗ਼ਦਰੀ ਸਾਹਿਤ ਦੇ ਹਿੰਦੋਸਤਾਨ ਵਿੱਚ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਤਾਂ ਗ਼ਦਰ ਪਾਰਟੀ ਨੇ ਗਾਂਧਾ ਸਿੰਘ ਤੇ ਕਰਤਾਰ ਸਿੰਘ ਦੁੱਕੀ ਨੂੰ ਹਿੰਦੋਸਤਾਨ ਭੇਜ ਦਿੱਤਾ, ਤਾਂ ਜੋ ਹਿੰਦੋਸਤਾਨ ਵਿੱਚ ਹੀ ਖੁਫ਼ੀਆ ਪ੍ਰੈਸ ਲਗਾ ਕੇ ਸਾਹਿਤ ਛਾਪਿਆ ਜਾ ਸਕੇ।

ਜਦੋਂ ਗ਼ਦਰ ਪਾਰਟੀ ਦੇ ਸੱਦੇ ’ਤੇ ਗ਼ਦਰੀ ਵਿਦੇਸ਼ਾਂ ਤੋਂ ਸਮੁੰਦਰੀ ਜਹਾਜ਼ ਵਿੱਚ ਬੈਠ ਕੇ ਹਿੰਦੋਸਤਾਨ ਆ ਰਹੇ ਸਨ ਤਾਂ ਅੰਗਰੇਜ਼ਾਂ ਨੇ ਹਿੰਦੋਸਤਾਨ ਦੇ ਘਾਟਾਂ ’ਤੇ ਜਹਾਜ਼ਾਂ ਤੋਂ ਉੱਤਰਦੇ ਗ਼ਦਰੀਆਂ ਦੀ ਪੁੱਛਗਿੱਛ ਤੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਵਾਪਸ ਮੁੜਦੇ ਗਾਂਧਾ ਸਿੰਘ ਨੇ ਭਾਰਤ ਆ ਰਹੇ ਗ਼ਦਰੀਆਂ ਦੇ ਲੀਡਰਾਂ ਨੂੰ ਇਸ ਬਾਰੇ ਖ਼ਬਰਦਾਰ ਕਰ ਦਿੱਤਾ ਕਿ ਹਾਂਗਕਾਂਗ ਤਲਾਸ਼ੀ ਹੋਣੀ ਹੈ। ਕਲਕੱਤਾ ਪੁੱਛ-ਪੜਤਾਲ ਹੋਵੇਗੀ, ਹਥਿਆਰ ਤੇ ਹੋਰ ਸਾਮਾਨ ਸੰਭਾਲ ਕੇ ਜਹਾਜ਼ਾਂ ਦੇ ਰਾਹ ਬਦਲ ਲਏ ਜਾਣ।

ਇਹ ਖ਼ਬਰ ਮਿਲਣ ਮਗਰੋਂ ਗ਼ਦਰੀਆਂ ਨੇ ਹਥਿਆਰ ਤੇ ਗ਼ਦਰੀ ਸਾਹਿਤ ਲੁਕਾ ਲਿਆ ਜਾਂ ਸਮੁੰਦਰ ਵਿੱਚ ਸੁੱਟ ਦਿੱਤਾ। ਜਹਾਜ਼ਾਂ ਨੇ ਰਸਤੇ ਬਦਲ ਲਏ, ਜਿਸ ਨਾਲ ਬਹੁਤ ਸਾਰੇ ਗ਼ਦਰੀ ਹਿੰਦੋਸਤਾਨ ਪਹੁੰਚ ਕੇ ਗ੍ਰਿਫ਼ਤਾਰੀ ਤੋਂ ਬਚ ਗਏ ਤੇ ਹਥਿਆਰ ਲੁਕਾ ਕੇ ਹਿੰਦੋਸਤਾਨ ਲਿਆਉਣ ਵਿੱਚ ਕਾਮਯਾਬ ਹੋ ਗਏ।

ਗਾਂਧਾ ਸਿੰਘ 25 ਅਕਤੂਬਰ 1914 ਨੂੰ ਮਸ਼ੀਮਾ ਮਾਰੂ ਜਹਾਜ਼ ਰਾਹੀਂ ਕੋਲੰਬੋ ਪਹੁੰਚੇ ਤੇ ਉਥੋਂ ਪੰਜਾਬ ਆਏ। ਮਗਰੋਂ 19 ਨਵੰਬਰ 1914 ਨੂੰ ਗ਼ਦਰੀਆਂ ਦੀ ਮੋਗੇ ਹੋਈ ਮੀਟਿੰਗ ਵਿੱਚ ਸ਼ਾਮਿਲ ਹੋਏ ਤੇ ਇੱਥੇ ਹੀ ਨਿਧਾਨ ਸਿੰਘ ਨੇ ਇਨ੍ਹਾਂ ਨੂੰ ਪਿਸਤੌਲ ਤੇ ਕਾਰਤੂਸ ਦਿੱਤੇ। ਫਿਰ ਇਹ 23 ਨਵੰਬਰ 1914 ਨੂੰ ਬੱਦੋਵਾਲ-ਮੁੱਲਾਂਪੁਰ ਸਟੇਸ਼ਨ ’ਤੇ ਹੋਈ ਮੀਟਿੰਗ ’ਚ ਸ਼ਾਮਿਲ ਹੋਏ।

25 ਨਵੰਬਰ 1914 ਨੂੰ ਗ਼ਦਰੀਆਂ ਵੱਲੋਂ ਮੀਆਂ ਮੀਰ ਮੈਗਜ਼ੀਨ ਲੁੱਟਣ ਗਈ ਟੀਮ ਵਿੱਚ ਵੀ ਉਹ ਸ਼ਾਮਿਲ ਸਨ ਪਰ ਸਕੀਮ ਫੇਲ੍ਹ ਹੋਣ ਕਾਰਨ ਉਹ ਬਾਕੀ ਗ਼ਦਰੀਆਂ ਨਾਲ ਫਿਰੋਜ਼ਪੁਰ ਵਾਪਸ ਆ ਗਏ। ਗ਼ਦਰੀਆਂ ਦੇ ਮੋਗਾ ਸਰਕਾਰੀ ਖਜ਼ਾਨਾ ਲੁੱਟਣ ਦੀ ਸਕੀਮ ਤਹਿਤ ਜਦੋਂ ਇਹ ਹੋਰਨਾਂ ਗ਼ਦਰੀਆਂ ਨਾਲ ਤਿੰਨ ਤਾਂਗਿਆਂ ’ਤੇ ਫਿਰੋਜ਼ਪੁਰ ਤੋਂ ਮੋਗਾ ਵਾਪਸ ਆ ਰਹੇ ਸਨ ਤਾਂ ਫ਼ੇਰੂ ਸ਼ਹਿਰ ਕੋਲ ਪੁਲੀਸ ਨੇ ਇਨ੍ਹਾਂ ਤਾਂਗਿਆਂ ਨੂੰ ਰੋਕ ਲਿਆ। ਉੱਥੇ ਗ਼ਦਰੀਆਂ ਦੀ ਪੁਲੀਸ ਨਾਲ ਤਕਰਾਰ ਤੋਂ ਬਾਅਦ ਗਾਂਧਾ ਸਿੰਘ ਨੇ ਸਬ-ਇੰਸਪੈਕਟਰ ਤੇ ਜ਼ੈਲਦਾਰ ਦੇ ਗੋਲੀ ਮਾਰ ਦਿੱਤੀ। ਉੱਥੇ ਕਈ ਗ਼ਦਰੀ ਫੜ੍ਹੇ ਗਏ ਸਨ ਪਰ ਗਾਂਧਾ ਸਿੰਘ ਇਥੋਂ ਫਰਾਰ ਹੋ ਗਏ।

ਪਾਰਟੀ ਨੂੰ ਜਦੋਂ ਗ਼ਦਰ ਲਈ ਹਥਿਆਰਾਂ ਤੇ ਪੈਸੇ ਦੀ ਲੋੜ ਸੀ ਤਾਂ ਗ਼ਦਰੀਆਂ ਨੇ ਸ਼ਾਹੂਕਾਰਾਂ ਤੇ ਸਰਕਾਰੀ ਖਜ਼ਾਨੇ ਲੁੱਟਣ ਦਾ ਫ਼ੈਸਲਾ ਕੀਤਾ। ਗਾਂਧਾ ਸਿੰਘ ਨੇ 10 ਥਾਵਾਂ ’ਤੇ ਡਾਕੇ ਮਾਰਨ ਦੀਆਂ ਕੋਸ਼ਿਸ਼ਾਂ ’ਚ ਮੋਹਰੀ ਰੋਲ ਅਦਾ ਕੀਤਾ, ਜਿਨ੍ਹਾਂ ’ਚੋਂ ਦੋ ਡਾਕਿਆਂ ’ਚ ਗ਼ਦਰੀ ਪੈਸਾ ਤੇ ਗਹਿਣੇ ਲੁੱਟਣ ਵਿੱਚ ਕਾਮਯਾਬ ਵੀ ਹੋਏ। ਜਦੋਂ ਗ਼ਦਰ ਪਾਰਟੀ ਨੂੰ ਅੰਗਰੇਜ਼ਾਂ ’ਤੇ ਹਮਲਾ ਕਰਨ ਲਈ ਬੰਬਾਂ ਦੀ ਲੋੜ ਸੀ ਤਾਂ ਗਾਂਧਾ ਸਿੰਘ ਨੇ ਲੋਹਟਬੱਧੀ ਵਿੱਚ ਗੁਪਤ ਬੰਬਾਂ ਦੀ ਫੈਕਟਰੀ ਕਾਇਮ ਕੀਤੀ।

ਗ਼ਦਰ ਪਾਰਟੀ ਵੱਲੋਂ ਤਹਿ 19 ਫਰਵਰੀ 1915 ਦੀ ਗ਼ਦਰ ਕਰਨ ਦੀ ਤਾਰੀਖ ਤਹਿਤ ਜੋਧਾਂ ਸਿੰਘ ਵੀ ਫਿਰੋਜ਼ਪੁਰ ਦੀ ਫ਼ੌਜੀ ਛਾਉਣੀ ਤੋਂ ਹਥਿਆਰ ਲੁੱਟਣ ਫਿਰੋਜ਼ਪੁਰ ਪਹੁੰਚੇ ਪਰ ਅੰਗਰੇਜ਼ਾਂ ਨੂੰ ਇਸ ਦੀ ਸੂਚਨਾ ਮਿਲਣ ਕਾਰਨ ਫ਼ੌਜੀ ਛਾਉਣੀਆਂ ਤੋਂ ਹਥਿਆਰ ਲੁੱਟਣ ਦੀਆਂ ਸਾਰੀਆਂ ਸਕੀਮਾਂ ਫੇਲ੍ਹ ਹੋ ਗਈਆਂ ਤੇ ਕਈ ਗ਼ਦਰੀ ਫੜ੍ਹੇ ਗਏ। 19 ਸਤੰਬਰ 1915 ਨੂੰ ਅੰਗਰੇਜ਼ ਸਰਕਾਰ ਵੱਲੋਂ ਗਾਂਧਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ 8 ਮਾਰਚ 1916 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।

ਸ਼ਹੀਦ ਭਗਤ ਸਿੰਘ ਤੇ ਸ਼ਿਵ ਵਰਮਾ ਨੇ ਇਲਾਹਾਬਾਦ ਤੋਂ ਹਿੰਦੀ ਵਿੱਚ ਨਿਕਲਦੇ ‘ਚਾਂਦ ਫਾਂਸੀ’ ਦੇ ਨਵੰਬਰ 1928 ਦੇ ਵਿਸ਼ੇਸ਼ ਅੰਕ ਲਈ 53 ਸ਼ਹੀਦਾਂ ਬਾਰੇ ਲੇਖ ਲਿਖੇ ਸਨ। ਭਗਤ ਸਿੰਘ ਵੱਲੋਂ ਗਾਂਧਾ ਸਿੰਘ ਬਾਰੇ ਲਿਖਿਆ ਲੇਖ ਉਨ੍ਹਾਂ ਵਿੱਚੋਂ ਇੱਕ ਸੀ। ਸੋਹਣ ਸਿੰਘ ਭਕਨਾ ਨੇ ਵੀ ਆਪਣੀਆਂ ਯਾਦਾਂ ’ਚ ਕਈ ਥਾਂ ਗਾਂਧਾ ਸਿੰਘ ਵੱਲੋਂ ਗ਼ਦਰ ਲਹਿਰ ’ਚ ਪਾਏ ਸਹਿਯੋਗ ਦਾ ਜ਼ਿਕਰ ਕੀਤਾ ਹੈ।

ਸੰਪਰਕ: 95305-03412 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All