ਸੋਕੇ ਅਤੇ ਹੜ੍ਹਾਂ ਦੀ ਮਾਰ ਤੋਂ ਬਚਾਅ ਕਿਵੇਂ ਹੋਵੇ ? : The Tribune India

ਸੋਕੇ ਅਤੇ ਹੜ੍ਹਾਂ ਦੀ ਮਾਰ ਤੋਂ ਬਚਾਅ ਕਿਵੇਂ ਹੋਵੇ ?

ਸੋਕੇ ਅਤੇ ਹੜ੍ਹਾਂ ਦੀ ਮਾਰ ਤੋਂ ਬਚਾਅ ਕਿਵੇਂ ਹੋਵੇ ?

ਡਾ. ਗੁਰਿੰਦਰ ਕੌਰ

22 ਅਗਸਤ 2022 ਨੂੰ ‘ਦਿ ਜਾਇੰਟ ਰਿਸਰਚ ਸੈਂਟਰ’ (ਦਿ ਯੂਰੋਪੀਅਨ ਕਮਿਸ਼ਨ’ਜ਼ ਸਾਇੰਸ ਐਂਡ ਨੌਲੇਜ ਸਰਵਿਸ) ਦੀ ਜਾਰੀ ਰਿਪੋਰਟ ਅਨੁਸਾਰ ਇਸ ਸਾਲ ਅਤਿ ਦੀ ਗਰਮੀ ਪੈਣ ਕਾਰਨ ਯੂਰੋਪ ਮਹਾਦੀਪ ਦਾ ਦੋ-ਤਿਹਾਈ ਹਿੱਸਾ ਪਿਛਲੇ 500 ਸਾਲਾਂ ਵਿਚ ਪੈਣ ਵਾਲਾ ਸਭ ਤੋਂ ਭਿਆਨਕ ਸੋਕਾ ਹੰਢਾ ਰਿਹਾ ਹੈ। ਇਹ ਸੋਕਾ ਇੰਨਾ ਭਿਆਨਕ ਹੈ ਕਿ ਯੂਰੋਪ ਦੀਆਂ ਕਈ ਲੋਇਰ, ਰਾਈਨ, ਡੌਨਿਊਬ, ਪੌ ਵਰਗੀਆਂ ਵੱਡੀਆਂ ਨਦੀਆਂ ਦਾ ਜਲ ਪੱਧਰ ਬਹੁਤ ਨੀਵੇਂ ਪੱਧਰ ਉੱਤੇ ਪਹੁੰਚ ਗਿਆ। ਫਰਾਂਸ ਦੀ ਲੋਇਰ ਨਦੀ ਵਿਚ ਕੁਝ ਥਾਵਾਂ ਉੱਤੇ ਪਾਣੀ ਇੰਨਾ ਘਟ ਗਿਆ ਹੈ ਕਿ ਇਸ ਨੂੰ ਤੁਰ ਕੇ ਪਾਰ ਕੀਤਾ ਜਾ ਸਕਦਾ ਹੈ। ਇਟਲੀ ਦੀ ਪੌ ਨਦੀ ਦਾ ਜਲ ਪੱਧਰ 85 ਫ਼ੀਸਦ ਘਟ ਗਿਆ ਹੈ। ਇੰਗਲੈਂਡ ਦੇ ਪ੍ਰਸਿੱਧ ਦਰਿਆ ਟੇਮਜ਼ ਦਾ ਸਰੋਤ ਆਪਣੇ ਇਤਿਹਾਸਕ ਥਾਂ ਤੋਂ 5 ਮੀਲ ਥੱਲੇ ਵੱਲ ਖਿਸਕ ਗਿਆ ਹੈ। ਯੂਰੋਪ ਦੇ ਨਾਲ ਨਾਲ ਚੀਨ, ਅਮਰੀਕਾ ਅਤੇ ਅਫ਼ਰੀਕਾ ਦੇ ਕੁਝ ਮੁਲਕ ਵੀ ਅੱਜਕੱਲ੍ਹ ਭਿਆਨਕ ਸੋਕੇ ਦੀ ਲਪੇਟ ਵਿਚ ਹਨ।

ਚੀਨ ਦੀ ਸਭ ਤੋਂ ਵੱਡੀ ਨਦੀ ਯਾਂਗਸੀ ਦੇ ਪਾਣੀ ਦਾ ਪੱਧਰ ਆਪਣੇ ਔਸਤ ਜਲ ਪੱਧਰ ਤੋਂ 50 ਫ਼ੀਸਦ ਘਟ ਗਿਆ ਹੈ, ਚੀਨ ਦੀ ਸਭ ਤੋਂ ਵੱਡੀ ਝੀਲ ਪੌਯਾਂਗ ਸੁੱਕ ਰਹੀ ਹੈ। ਪੌਯਾਂਗ ਝੀਲ ਵਿਚ ਇਸ ਦੀ ਸਮਰੱਥਾ ਦਾ ਸਿਰਫ਼ ਇਕ-ਚੌਥਾਈ ਪਾਣੀ ਰਹਿ ਗਿਆ ਹੈ। ਚੀਨ ਦੀ ਯਾਂਗਸੀ ਨਦੀ ਉੱਤੇ ਮੁਲਕ ਦੀ 450 ਮਿਲੀਅਨ ਆਬਾਦੀ ਨਿਰਭਰ ਕਰਦੀ ਹੈ। ਇੱਥੋਂ ਦੀਆਂ ਇਕ-ਤਿਹਾਈ ਫ਼ਸਲਾਂ ਨੂੰ ਸਿੰਜਾਈ ਲਈ ਪਾਣੀ ਅਤੇ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਪਾਣੀ ਤੇ ਬਿਜਲੀ ਯਾਂਗਸੀ ਨਦੀ ਉੱਤੇ ਲੱਗੇ ਬਹੁਮੁਖੀ ਪ੍ਰਾਜੈਕਟਾਂ ਤੋਂ ਮਿਲਦੇ ਹਨ। ਨਦੀ ਵਿਚ ਪਾਣੀ ਦੀ ਕਮੀ ਹੋਣ ਕਾਰਨ ਪਣਬਿਜਲੀ ਪ੍ਰਾਜੈਕਟ ਲੋੜੀਂਦੀ ਮਾਤਰਾ ਵਿਚ ਬਿਜਲੀ ਪੈਦਾ ਕਰਨ ਤੋਂ ਅਸਮਰੱਥ ਹੋ ਗਏ ਹਨ। ਨਤੀਜੇ ਵਜੋਂ ਕੁਝ ਖੇਤਰਾਂ ਵਿਚ ਬਿਜਲੀ ਅਤੇ ਪਾਣੀ ਦੀ ਪੂਰਤੀ ਸੀਮਤ ਕਰ ਦਿੱਤੀ ਗਈ ਹੈ। ਬਿਜਲੀ ਦੀ ਖ਼ਪਤ ਘਟਾਉਣ ਲਈ ਚੀਨ ਸਰਕਾਰ ਨੂੰ ਸ਼ੰਘਾਈ ਸ਼ਹਿਰ ਦੀਆਂ ਸਜਾਵਟੀ ਰੋਸ਼ਨੀਆਂ ਬੰਦ ਕਰਨੀ ਪੈ ਗਈਆਂ ਹਨ।

ਨਾਸਾ ਦੀ 22 ਅਗਸਤ, 2022 ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਪੱਛਮੀ ਖੇਤਰ ਵਿਚ ਵਗਦੇ ਕੋਲੋਰਾਡੋ ਦਰਿਆ ਦਾ ਜਲ ਪੱਧਰ ਉਸ ਦੀ ਔਸਤ ਸਮਰੱਥਾ ਤੋਂ ਘਟ ਕੇ 34 ਫ਼ੀਸਦ ਅਤੇ ਦੋ ਵੱਡੀਆਂ ਝੀਲਾਂ ਮੀਡ ਤੇ ਪਾਵੇਲ ਵਿਚ ਕ੍ਰਮਵਾਰ 28 ਅਤੇ 26 ਫ਼ੀਸਦ ਰਹਿ ਗਿਆ ਹੈ। ਆਮ ਤੌਰ ’ਤੇ ਠੰਢੇ ਮੁਲਕਾਂ ਵਿਚ ਗਰਮੀਆਂ ਵਿਚ ਬਰਫ਼ ਪਿਘਲਣ ਕਾਰਨ ਨਦੀਆਂ/ਦਰਿਆ ਪਾਣੀ ਨਾਲ ਭਰੇ ਹੁੰਦੇ ਹਨ ਪਰ ਇਸ ਸਾਲ ਗਰਮੀ ਜ਼ਿਆਦਾ ਪੈਣ ਕਾਰਨ ਸੁੱਕ ਰਹੇ ਹਨ। ਨੇਚਰ ਕਲਾਈਮੇਟ ਜਰਨਲ ਵਿਚ 14 ਫਰਵਰੀ 2022 ਨੂੰ ਛਪੇ ਖੋਜ ਅਧਿਐਨ ਅਨੁਸਾਰ ਅਮਰੀਕਾ ਦਾ ਪੱਛਮੀ ਖੇਤਰ ਪਿਛਲੇ ਦੋ ਦਹਾਕਿਆਂ ਤੋਂ 1200 ਸਾਲਾਂ ਦੇ ਅਰਸੇ ਦਾ ਸਭ ਤੋਂ ਵੱਡਾ ਸੋਕਾ ਹੰਢਾ ਰਿਹਾ ਹੈ। ਸੋਕੇ ਦੀ ਮਾਰ ਨਾਲ ਸਿਰਫ਼ ਚੀਨ, ਅਮਰੀਕਾ ਅਤੇ ਯੂਰੋਪ ਦੇ ਮੁਲਕ ਹੀ ਹਾਲੋਂ-ਬੇਹਾਲ ਨਹੀਂ ਹੋਏ ਸਗੋਂ ਇਸ ਸੋਕੇ ਦੀ ਮਾਰ ਅਫਰੀਕਾ ਦੇ ਕੁਝ ਮੁਲਕਾਂ ਉੱਤੇ ਵੀ ਪੈ ਰਹੀ ਹੈ। ਯੂਨਾਈਟਡ ਨੇਸ਼ਨਜ਼ ਦੀ 19 ਅਗਸਤ, 2022 ਦੀ ਰਿਪੋਰਟ ਅਨੁਸਾਰ ਪੂਰਬੀ ਅਫਰੀਕਾ ਦੇ ਕੀਨੀਆ, ਇਥੋਪੀਆ ਅਤੇ ਸੋਮਾਲੀਆ ਮੁਲਕਾਂ ਵਿਚ ਲਗਾਤਾਰ ਚੌਥੇ ਸਾਲ ਸੋਕਾ ਪੈ ਰਿਹਾ ਹੈ ਜਿਸ ਨਾਲ ਇਨ੍ਹਾਂ ਮੁਲਕਾਂ ਦੇ 22 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ।

ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਭਿਆਨਕ ਸੋਕਾ ਪੈਣ ਅਤੇ ਜਲ ਸਰੋਤਾਂ (ਨਦੀਆਂ, ਝੀਲਾਂ) ਦੇ ਜਲ ਪੱਧਰ ਘਟਣ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਦੁਆਰਾ ਧਰਤੀ ਦੇ ਔਸਤ ਤਾਪਮਾਨ ਵਿਚ ਹੋਇਆ ਵਾਧਾ ਹੈ। ਤਾਪਮਾਨ ਦੇ ਵਾਧੇ ਕਾਰਨ ਗਰਮੀਆਂ ਦੀ ਰੁੱਤ ਲੰਮੀ ਅਤੇ ਸਰਦੀਆਂ ਦੀ ਰੁੱਤ ਛੋਟੀ ਹੋ ਰਹੀ ਹੈ। ਦਿਨ ਦੇ ਔਸਤ ਤਾਪਮਾਨ ਵਿਚ ਵਾਧੇ ਦੇ ਨਾਲ ਨਾਲ ਰਾਤ ਦੇ ਔਸਤ ਤਾਪਮਾਨ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਸਾਲ (2022) ਦੁਨੀਆ ਦੇ ਲੱਗਭੱਗ ਸਾਰੇ ਮੁਲਕਾਂ ਵਿਚ ਗਰਮੀਆਂ ਦੀ ਰੁੱਤ ਬਸੰਤ ਰੁੱਤ ਨੂੰ ਲਾਂਭੇ ਕਰਦੀ ਹੋਈ ਸਮੇਂ ਤੋਂ ਪਹਿਲਾਂ ਮਾਰਚ ਵਿਚ ਹੀ ਆ ਗਈ। ਤਾਪਮਾਨ ਦੇ ਇਸ ਵਾਧੇ ਦਾ ਅਸਰ ਅਨਟਾਰਕਟਿਕ ਅਤੇ ਆਰਕਟਿਕ ਦੇ ਤਾਪਮਾਨ ਉੱਤੇ ਵੀ ਪੈ ਰਿਹਾ ਹੈ। ਮਾਰਚ ਮਹੀਨੇ ਅਨਟਾਰਕਟਿਕ ਦੇ ਕੋਨਕੋਰਡੀਆ ਰਿਸਰਚ ਸਟੇਸ਼ਨ ਉੱਤੇ ਔਸਤ ਤਾਪਮਾਨ ਵਿਚ 40 ਡਿਗਰੀ ਸੈਲਸੀਅਸ ਦਾ ਵਾਧਾ ਅਤੇ ਆਰਕਟਿਕ ਦੇ ਸਵਾਲਬਲਾਡ ਰਿਸਰਚ ਸਟੇਸ਼ਨ ਉੱਤੇ ਵੀ 30 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਗਿਆ ਹੈ। ਸਰਦੀਆਂ ਵਿਚ ਘਟ ਮੀਂਹਾਂ ਕਾਰਨ ਪਹਿਲਾਂ ਗਰਮੀਆਂ ਅਗੇਤੀਆਂ ਆਈਆਂ, ਅਗੇਤੀਆਂ ਗਰਮੀਆਂ ਕਾਰਨ ਗਰਮ ਲਹਿਰਾਂ ਵੀ ਅਗੇਤੀਆਂ ਆ ਗਈਆਂ। ਗਰਮੀਆਂ ਦੀ ਰੁੱਤ ਲੰਮੀ ਅਤੇ ਜ਼ਿਆਦਾ ਗਰਮ ਹੋਣ ਕਰਕੇ ਇਸ ਨਾਲ ਇਕ ਪਾਸੇ ਜੰਗਲੀ ਅੱਗਾਂ ਦੀ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ; ਦੂਜੇ ਪਾਸੇ, ਤਾਪਮਾਨ ਦੇ ਵਾਧੇ ਕਾਰਨ ਏਅਰਕੰਡੀਸ਼ਨਰਾਂ ਦੀ ਵੱਧ ਵਰਤੋਂ ਹੋਣ ਕਾਰਨ ਵਾਤਾਵਰਨ ਵਿਚ ਵੱਡੀ ਮਾਤਰਾ ਵਿਚ ਗਰੀਨਹਾਊਸ ਗੈਸਾਂ ਦੀ ਨਿਕਾਸੀ ਹੋਈ ਹੈ। ਨਤੀਜੇ ਵਜੋਂ ਧਰਤੀ ਦੇ ਜ਼ਿਆਦਾ ਗਰਮ ਹੋਣ ਦਾ ਅਸਰ ਸਾਰੇ ਜਲ ਸਰੋਤਾਂ ਉੱਤੇ ਪਿਆ ਅਤੇ ਉਨ੍ਹਾਂ ਦਾ ਪਾਣੀ ਤੇਜ਼ੀ ਨਾਲ ਭਾਫ਼ ਬਣ ਕੇ ਉਡਣਾ ਸ਼ੁਰੂ ਹੋ ਗਿਆ।

ਅਸਲ ਵਿਚ ਧਰਤੀ ਕਾਰਜਸ਼ੀਲ ਇਕਾਈ ਹੈ ਜਿਸ ਨੂੰ ਦੋ ਤਰ੍ਹਾਂ ਦੇ ਤੱਤ (ਜੈਵਿਕ ਤੇ ਅਜੈਵਿਕ) ਚਲਾਉਂਦੇ ਹਨ। ਜੇ ਇਨ੍ਹਾਂ ਵਿਚੋਂ ਕਿਸੇ ਤੱਤ ਵਿਚ ਤਬਦੀਲੀ ਆਉਂਦੀ ਹੈ ਤਾਂ ਉਸ ਦਾ ਅਸਰ ਆਪ-ਮੁਹਾਰੇ ਦੂਜੇ ਉੱਤੇ ਪੈ ਜਾਂਦਾ ਹੈ ਜੋ ਚੱਕਰਵਿਊਹ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ। ਸੋ, ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਕਾਰਨ ਧਰਤੀ ਦੀ ਕਾਰਜਸ਼ੈਲੀ ਗੜਬੜਾ ਗਈ ਹੈ। ਧਰਤੀ ਦਾ ਔਸਤ ਤਾਪਮਾਨ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ ਹੁਣ 1.1 ਡਿਗਰੀ ਸੈਲਸੀਅਸ ਵਧ ਚੁਕਿਆ ਹੈ। 2014 ਵਿਚ ਆਈਪੀਸੀਸੀ ਦੀ ਪੰਜਵੀਂ ਰਿਪੋਰਟ ਨੇ ਸਪੱਸ਼ਟ ਖੁਲਾਸਾ ਕੀਤਾ ਸੀ ਕਿ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਸੋਕੇ, ਹੜ੍ਹਾਂ, ਥੋੜ੍ਹੇ ਸਮੇਂ ਵਿਚ ਜ਼ਿਆਦਾ ਮੀਂਹ ਅਤੇ ਬਰਫ਼ਬਾਰੀ ਦੀਆਂ ਘਟਨਾਵਾਂ, ਗਰਮ ਤੇ ਠੰਢੀਆਂ ਲਹਿਰਾਂ, ਚੱਕਰਵਾਤਾਂ ਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਦੀ ਆਮਦ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਬੇਸ਼ੁਮਾਰ ਵਾਧਾ ਹੋ ਜਾਵੇਗਾ। ਰਿਪੋਰਟ ਦੇ ਚਿਤਾਵਨੀਆਂ ਭਰਪੂਰ ਖੁਲਾਸੇ ਤੋਂ ਡਰਦਿਆਂ ਭਾਵੇਂ ਦੁਨੀਆ ਦੇ ਸਾਰੇ ਮੁਲਕਾਂ ਨੇ 2015 ਵਿਚ ਪੈਰਿਸ ਮੌਸਮੀ ਸਮਝੌਤੇ ਤਹਿਤ ਗਰੀਨਹਾਊਸ ਦੀ ਨਿਕਾਸੀ ਵਿਚ ਕਟੌਤੀ ਕਰਨ ਦੀ ਰੂਪ-ਰੇਖਾ ਤਾਂ ਤਿਆਰ ਕਰ ਲਈ ਸੀ ਪਰ ਉਸ ਉੱਤੇ ਸੰਜੀਦਗੀ ਨਾਲ ਅਮਲ ਕਰਨਾ ਅਜੇ ਸ਼ੁਰੂ ਨਹੀਂ ਕੀਤਾ ਹੈ। ਨਤੀਜੇ ਵਜੋਂ ਅੱਜਕੱਲ੍ਹ ਦੁਨੀਆ ਦੇ ਸਾਰੇ ਮੁਲਕ ਆਏ ਦਿਨ ਕਿਸੇ ਨਾ ਕਿਸੇ ਕੁਦਰਤੀ ਆਫ਼ਤ ਦੀ ਲਪੇਟ ਵਿਚ ਆਏ ਰਹਿੰਦੇ ਹਨ।

ਨਦੀਆਂ/ਦਰਿਆਵਾਂ ਵਿਚ ਘਟ ਰਹੇ ਜਲ ਪੱਧਰ ਲਈ ਮੌਸਮੀ ਤਬਦੀਲੀਆਂ ਦੇ ਨਾਲ ਨਾਲ ਮਨੁੱਖਾਂ ਦੁਆਰਾ ਨਦੀਆਂ/ਦਰਿਆਵਾਂ ਨਾਲ ਕੀਤੀ ਜਾ ਰਹੀ ਬੇਤਹਾਸ਼ਾ ਛੇੜਛਾੜ ਵੀ ਹੈ। ਮਨੁੱਖ ਨੇ ਫ਼ਸਲਾਂ ਦੀ ਸਿੰਜਾਈ, ਪੀਣ ਵਾਲੇ ਪਾਣੀ ਅਤੇ ਪਣਬਿਜਲੀ ਵਰਗੀਆਂ ਲੋੜਾਂ ਪੂਰੀਆਂ ਕਰਨ ਲਈ ਨਦੀਆਂ ਉੱਤੇ ਅਣਗਿਣਤ ਬੰਨ੍ਹ ਬਣਾ ਦਿੱਤੇ ਹਨ। ਇਨ੍ਹਾਂ ਬੰਨ੍ਹਾਂ ਪਿੱਛੇ ਬਣਾਈਆਂ ਝੀਲਾਂ ਵਿਚ ਨਦੀਆਂ ਦਾ ਬਹੁਤ ਸਾਰਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਹੈ। ਨਤੀਜੇ ਵਜੋਂ ਕੁਝ ਨਦੀਆਂ ਮੈਦਾਨੀ ਇਲਾਕਿਆਂ ਵਿਚੋਂ ਬਹੁਤ ਥੋੜ੍ਹੇ ਪਾਣੀ ਨਾਲ ਵਹਿੰਦੀਆਂ ਹਨ। ਨਦੀਆਂ/ਦਰਿਆ ਕਿਸੇ ਵੀ ਮੁਲਕ ਦੀ ਅਮੀਰ ਵਿਰਾਸਤ ਦਾ ਹਿੱਸਾ ਹੁੰਦੇ ਹਨ। ਜੇ ਇਕ ਨਦੀ ਸੁੱਕਦੀ ਹੈ ਤਾਂ ਉਸ ਖੇਤਰ ਦੀ ਅਨਮੋਲ ਵਿਰਾਸਤ ਵੀ ਖੁੱਸ ਜਾਂਦੀ ਹੈ। ਦੁਨੀਆ ਦੀਆਂ ਸਾਰੀਆਂ ਸੱਭਿਆਤਾਵਾਂ ਦਾ ਜਨਮ ਨਦੀਆਂ/ਦਰਿਆਵਾਂ ਦੇ ਕਿਨਾਰਿਆਂ ਉੱਤੇ ਹੀ ਹੋਇਆ ਹੈ ਕਿਉਂਕਿ ਨਦੀਆਂ ਤੋਂ ਫ਼ਸਲਾਂ ਦੀ ਸਿੰਜਾਈ ਲਈ ਪਾਣੀ, ਉਪਜਾਊ ਮਿੱਟੀ, ਅਤੇ ਖ਼ੁਸ਼ਗਵਾਰ ਮੌਸਮ ਦੇ ਨਾਲ ਨਾਲ ਪੀਣ ਲਈ ਪਾਣੀ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਨਦੀਆਂ/ਦਰਿਆਵਾਂ ਨੇ ਧਰਤੀ ਨੂੰ ਤਰ੍ਹਾਂ ਤਰ੍ਹਾਂ ਦੇ ਲੈਂਡਸਕੇਪਜ਼ ਨਾਲ ਨਵਾਜ ਕੇ ਉਸ ਦੀ ਸੁੰਦਰਤਾ ਵਿਚ ਅਥਾਹ ਵਾਧਾ ਕੀਤਾ। ਪਹਾੜੀ ਇਲਾਕਿਆਂ ਵਿਚ ਤੇਜ਼ ਰਫ਼ਤਾਰ ਵਹਿੰਦੀਆਂ ਨਦੀਆਂ ਨੇ ਪਹਾੜ ਕੱਟ ਕੇ ਵੀ-ਸ਼ੇਪਡ ਵੈਲੀਜ਼ (ਡੂੰਘੀਆਂ ਖਾਈਆਂ), ਮੈਦਾਨੀ ਇਲਾਕਿਆਂ ਵਿਚ ਔਕਸ ਬੋ ਝੀਲਾਂ ਅਤੇ ਸਮੁੰਦਰਾਂ ਦੇ ਤੱਟੀ ਖੇਤਰਾਂ ਵਿਚ ਤਰ੍ਹਾਂ ਤਰ੍ਹਾਂ ਦੇ ਡੈਲਟੇ ਬਣਾਏ ਹਨ। ਨਦੀਆਂ ਉੱਤੇ ਬੰਨ੍ਹ ਬਣਾਉਣ ਨਾਲ ਨਦੀਆਂ ਦਾ ਬਹੁਤਾ ਪਾਣੀ ਬਿਜਲੀ ਬਣਾਉਣ ਲਈ ਡੈਮ ਪਿਛਲੀਆਂ ਝੀਲਾਂ ਵਿਚ ਇਕੱਠਾ ਕਰ ਲਿਆ ਜਾਂਦਾ ਹੈ ਜਿਸ ਕਾਰਨ ਨਦੀਆਂ ਮੈਦਾਨੀ ਖੇਤਰਾਂ ਵਿਚਲੀਆਂ ਔਕਸ ਬੋ ਝੀਲਾਂ ਅਤੇ ਸਮੁੰਦਰ ਦੇ ਮੁਹਾਣਿਆਂ ਉੱਤੇ ਡੈਲਟਾ ਬਣਾਉਣ ਤੋਂ ਅਸਮਰੱਥ ਹੋ ਗਈਆਂ ਹਨ।

ਨਦੀਆਂ ਸਾਨੂੰ ਪਾਣੀ ਦਿੰਦੀਆਂ ਹਨ। ਜੇ ਨਦੀਆਂ ਸੁੱਕ ਰਹੀਆਂ ਹਨ ਤਾਂ ਕਾਫ਼ੀ ਮੁਲਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਜਾਵੇਗੀ। ਇਟਲੀ ਦੀ 30 ਤੋਂ 40 ਫ਼ੀਸਦ ਧਾਨ ਦੀ ਖੇਤੀ ਪੌ ਦਰਿਆ ਅਤੇ ਚੀਨ ਦੀ 450 ਮਿਲੀਅਨ ਆਬਾਦੀ ਖੇਤੀ ਲਈ ਯਾਂਗਸੀ ਨਦੀ ’ਤੇ ਨਿਰਭਰ ਹੈ। ਨਦੀਆਂ ਵਿਚ ਪਾਣੀ ਦੀ ਮਾਤਰਾ ਘਟਣ ਨਾਲ ਫ਼ਸਲਾਂ ਦਾ ਉਤਪਾਦਨ ਘਟ ਜਾਵੇਗਾ ਜਿਸ ਨਾਲ ਅਨਾਜ ਦੀ ਪੈਦਾਵਾਰ ਘੱਟ ਹੋਵੇਗੀ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਯੂਰੋਪ ਦੀਆਂ ਲੋਇਰ, ਰਾਈਨ, ਡੈਨਿਊਬ ਆਦਿ ਨਦੀਆਂ ਯੂਰੋਪ ਦੀ ਅਰਥਵਿਵਸਥਾ ਦਾ ਅਹਿਮ ਹਿੱਸਾ ਹਨ। ਇਨ੍ਹਾਂ ਨਦੀਆਂ ਦੇ ਜਲ ਪੱਧਰ ਘਟਣ ਕਾਰਨ ਯੂਰੋਪੀਅਨ ਮੁਲਕਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਯੂਰੋਸਟੈਟ ਦੇ ਅੰਕੜਿਆਂ ਅਨੁਸਾਰ ਨਦੀਆਂ ਯੂਰੋਪੀਅਨਾਂ ਲਈ ਹਰ ਸਾਲ ਇਕ ਲੱਖ ਟਨ ਤੋਂ ਵੱਧ ਮਾਲ ਢੋਂਹਦੀਆਂ ਹਨ। ਯੂਰੋਪ ਦੀ ਆਰਥਿਕਤਾ ਵਿਚ ਨਦੀਆਂ ਸਾਲਾਨਾ ਲਗਭਗ 80 ਬਿਲੀਅਨ ਅਮਰੀਕੀ ਡਾਲਰਾਂ ਦਾ ਯੋਗਦਾਨ ਪਾਉਂਦੀਆਂ ਹਨ। ਪਾਣੀ ਕੁਦਰਤ ਦੀ ਅਣਮੋਲ ਦੇਣ ਹੈ ਜੋ ਹਵਾ ਤੋਂ ਬਾਅਦ ਹਰ ਤਰ੍ਹਾਂ ਦੇ ਜੈਵਿਕਾਂ ਦੀ ਦੂਜੀ ਮੁੱਢਲੀ ਲੋੜ ਹੈ। ‘ਜਲ ਹੈ ਤਾਂ ਜੀਵਨ ਹੈ’, ਜ਼ਿੰਦਗੀ ਦੀ ਸਚਾਈ ਹੈ। ਜੇ ਪਾਣੀ ਖ਼ਤਮ ਹੋ ਗਿਆ ਤਾਂ ਹਰ ਤਰ੍ਹਾਂ ਦੇ ਜੈਵਿਕ ਖ਼ਤਮ ਹੋ ਜਾਣਗੇ। ਪਾਣੀ ਤੋਂ ਬਿਨਾ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਪਾਣੀ ਜ਼ਿੰਦਗੀ ਦੇਣ ਵਾਲਾ ਕੁਦਰਤੀ ਸਰੋਤ ਹੈ। ਇਸ ਸਾਲ ਔਸਤ ਨਾਲੋਂ ਜ਼ਿਆਦਾ ਤਾਪਮਾਨ ਹੋਣ ਅਤੇ ਪਾਣੀ ਦੀ ਘਾਟ ਕਾਰਨ ਫਰਾਂਸ ਵਿਚ ਅੰਗੂਰਾਂ ਦੀ ਫ਼ਸਲ ਸਮੇਂ ਤੋਂ ਪਹਿਲਾਂ ਕੱਟੀ ਗਈ ਹੈ। ਲੋਕ ਹਮੇਸ਼ਾ ਸੋਚਦੇ ਹਨ ਕਿ ਪਾਣੀ ਅਟੁੱਟ ਅਤੇ ਅਮੁੱਕ ਸੋਮਾ ਹੈ ਪਰ ਇਸ ਸਾਲ ਦੇ ਸੋਕੇ ਨੇ ਇਹ ਦਿਖਾ ਦਿੱਤਾ ਹੈ ਕਿ ਅਜਿਹਾ ਨਹੀਂ ਹੈ। ਹਵਾ, ਪਾਣੀ ਆਦਿ ਕੁਦਰਤੀ ਸਰੋਤ ਹਨ। ਕੁਦਰਤੀ ਸਰੋਤ ਸੰਭਾਲੇ ਜਾ ਸਕਦੇ ਹਨ, ਬਣਾਏ ਨਹੀਂ ਜਾ ਸਕਦੇ।

ਅਫ਼ਸੋਸ ਦੀ ਗੱਲ ਹੈ ਕਿ ਦੁਨੀਆ ਦੇ ਬਹੁਤੇ ਮੁਲਕ ਆਰਥਿਕ ਵਿਕਾਸ ਦੀ ਅੰਨ੍ਹੀ ਦੌੜ ਵਿਚ ਪੈ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਹੀ ਨਹੀਂ ਭੁੱਲੇ ਸਗੋਂ ਇਸ ਦੇ ਨਾਲ ਨਾਲ ਕੁਦਰਤੀ ਸਰੋਤਾਂ ਦਾ ਅੰਨ੍ਹੇਵਾਹ ਉਜਾੜਾ ਵੀ ਕਰ ਰਹੇ ਹਨ। ਨਤੀਜੇ ਵਜੋਂ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਕਾਰਨ ਅਮਰੀਕਾ ਵਰਗੇ ਠੰਢੇ ਜਾਣੇ ਜਾਂਦੇ ਮੁਲਕ ਸਤੰਬਰ ਦੇ ਅੱਧ ਤੱਕ ਵੀ ਗਰਮ ਲਹਿਰਾਂ ਦੀ ਲਪੇਟ ਵਿਚ ਆਏ ਹਨ। ਅਤਿ ਦੀ ਗਰਮੀ ਅਤੇ ਸੋਕੇ ਕਾਰਨ ਯੂਰੋਪ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ, ਫ਼ਸਲਾਂ ਸੁੱਕ ਰਹੀਆਂ ਹਨ, ਬਨਸਪਤੀ ਮਰ ਰਹੀ ਹੈ। ਫ਼ਰਾਂਸ ਵਿਚ ਪੀਣ ਵਾਲੇ ਪਾਣੀ ਦੀ ਥੁੜ੍ਹ ਕਾਰਨ ਫ਼ਰਾਂਸ ਸਰਕਾਰ ਨੂੰ ਪਾਣੀ ਦੀ ਰਾਸ਼ਨਿੰਗ ਕਰਨੀ ਪਈ ਹੈ। ਫਰਾਂਸ ਸਰਕਾਰ ਨੇ ਕਾਰ ਧੋਣ, ਸਵਿਮਿੰਗ ਪੂਲ ਵਿਚ ਪਾਣੀ ਪਾਉਣ, ਗੋਲਫ ਕੋਰਸ, ਘਰੇਲੂ ਅਤੇ ਪਬਲਿਕ ਲਾਅਨਜ਼ ਨੂੰ ਪਾਣੀ ਲਗਾਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਦੁਕਾਨਾਂ ਨੂੰ ਏਅਰ-ਕੰਡੀਸ਼ਨਰ ਲਗਾਉਣ ਵੇਲੇ ਦਰਵਾਜ਼ੇ ਬੰਦ ਕਰਕੇ ਰੱਖਣ ਦੀ ਹਦਾਇਤ ਦਿੱਤੀ ਹੈ। ਦੂਜੇ ਪਾਸੇ, ਇਸੇ ਸਾਲ ਹੜ੍ਹਾਂ ਨੇ ਪਾਕਿਸਤਾਨ, ਇੰਡੋਨੇਸ਼ੀਆ, ਪੱਛਮੀ ਤੇ ਮੱਧ ਅਫਰੀਕਾ ਦੇ 17 ਮੁਲਕਾਂ ਅਤੇ ਚੀਨ ਅਤੇ ਦੱਖਣੀ ਕੋਰੀਆ ਦੇ ਸ਼ਹਿਰਾਂ ਵਿਚ ਭਾਰੀ ਤਬਾਹੀ ਮਚਾਈ ਹੈ।

ਅਮਰੀਕਾ ਦਾ ਕੈਲੀਫੋਰਨੀਆ ਸਟੇਟ ਅੱਜਕੱਲ੍ਹ ਸੋਕੇ ਅਤੇ ਗਰਮ ਲਹਿਰਾਂ ਦੀ ਲਪੇਟ ਵਿਚ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਦਾ ਮੌਸਮ ਬਹੁਤ ਬੇਯਕੀਨੀ ਵਾਲਾ ਰਿਹਾ ਹੈ। ਕੁਝ ਸਾਲ ਬਹੁਤ ਹੀ ਖੁਸ਼ਕ ਤੇ ਸੋਕੇ ਵਾਲੇ ਅਤੇ ਕੁਝ ਸਾਲ ਬਹੁਤ ਹੀ ਜ਼ਿਆਦਾ ਮੀਂਹ ਵਾਲੇ ਰਹੇ। ਸਵੈਨ ਅਤੇ ਉਸ ਦੇ ਖੋਜਾਰਥੀ ਸਾਥੀਆਂ ਦੇ ਅਧਿਐਨ ਅਨੁਸਾਰ ਅਗਲੀ ਸਦੀ ਵਿਚ ਅਮਰੀਕਾ ਦੇ ਪੱਛਮੀ ਖੇਤਰ ਵਿਚ ਸੋਕੇ ਅਤੇ ਮੀਂਹ ਦੀਆਂ ਘਟਨਾਵਾਂ ਵਿਚ 25 ਤੋਂ 100 ਫ਼ੀਸਦ ਵਾਧੇ ਦਾ ਅਨੁਮਾਨ ਹੈ। ਇਹੋ ਜਿਹਾ ਅਜੀਬ ਵਰਤਾਰਾ ਕੇਵਲ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿਚ ਹੀ ਸਾਹਮਣੇ ਨਹੀਂ ਆ ਰਿਹਾ; ‘ਦਿ ਕੌਂਸਲ ਆਨ ਐਨਰਜੀ, ਐਨਵਾਇਰਨਮੈਂਟ ਐਂਡ ਵਾਟਰ (ਭਾਰਤ) ਦੀ 2020 ਵਾਲੀ ਰਿਪੋਰਟ ਅਨੁਸਾਰ ਭਾਰਤ ਦੇ 40 ਫ਼ੀਸਦ ਜ਼ਿਲ੍ਹਿਆਂ ਵਿਚ ਬਹੁਤ ਅਜੀਬ ਵਰਤਾਰਾ ਸਾਹਮਣੇ ਆਇਆ ਹੈ- ਰਵਾਇਤੀ ਤੌਰ ’ਤੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸੋਕੇ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ; ਦੂਜੇ ਪਾਸੇ, ਸੋਕੇ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਹੜ੍ਹਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।

ਤਾਪਮਾਨ ਦੇ ਵਾਧੇ ਕਾਰਨ ਆ ਰਹੀਆਂ ਕੁਦਰਤੀ ਆਫ਼ਤਾਂ ਦੀਆਂ ਵਧਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਸਾਰੇ ਮੁਲਕਾਂ ਨੂੰ ਰਲਮਿਲ ਕੇ ਕੌਮਾਂਤਰੀ ਪੱਧਰ ਉੱਤੇ ਅਤੇ ਆਪਣੇ ਆਪਣੇ ਮੁਲਕ ਵਿਚ ਕੌਮੀ ਪੱਧਰ ਤੋਂ ਲੈ ਕੇ ਸਥਾਨਕ ਪੱਧਰ ਤੱਕ ਉਪਰਾਲੇ ਕਰਨ ਦੀ ਲੋੜ ਹੈ। ਅਪਰੈਲ 2022 ਨੂੰ ਜਾਰੀ ਆਈਪੀਸੀਸੀ ਦੀ ਤੀਜੀ ਰਿਪੋਰਟ ਅਨੁਸਾਰ ਕੌਮਾਂਤਰੀ ਪੱਧਰ ਉੱਤੇ ਜਿਹੜੇ ਉਪਰਾਲੇ ਹੁਣ ਤੱਕ ਕੀਤੇ ਗਏ ਹਨ, ਉਹ ਲੋੜ ਤੋਂ ਬਹੁਤ ਘੱਟ ਹਨ। ਨਤੀਜੇ ਵਜੋਂ ਵਾਤਾਵਰਨ ਵਿਚ ਅਜੇ ਵੀ ਗਰੀਨਹਾਊਸ ਗੈਸਾਂ ਦੀ ਨਿਕਾਸੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਦੁਨੀਆ ਦੇ ਸਾਰੇ ਮੁਲਕ ਅਣਕਿਆਸੀਆਂ ਆਫ਼ਤਾਂ ਨਾਲ ਜੂਝ ਰਹੇ ਹਨ। ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਲਈ ਸਭ ਤੋਂ ਪਹਿਲਾਂ ਹਰ ਮੁਲਕ ਨੂੰ ਆਵਾਜਾਈ ਦੇ ਸਾਧਨਾਂ ਅਤੇ ਉਨ੍ਹਾਂ ਲਈ ਵਰਤੀ ਜਾਂਦੀ ਊਰਜਾ ਦੇ ਸਰੋਤਾਂ ਵਿਚ ਇਕ-ਸਿਰੇ ਤੋਂ ਫੇਰ-ਬਦਲ ਕਰਨਾ ਚਾਹੀਦਾ ਹੈ। ਕੋਲੇ, ਤੇਲ, ਗੈਸ ਅਤੇ ਡੀਜ਼ਲ ਦੀ ਥਾਂ ਊਰਜਾ ਹਵਾ ਅਤੇ ਸੂਰਜ ਵਰਗੇ ਨਵਿਆਉਣਯੋਗ ਸਾਧਨਾਂ ਤੋਂ ਪੈਦਾ ਕਰਨੀ ਚਾਹੀਦੀ ਹੈ।

ਗਰੀਨਹਾਉਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਅੱਜਕੱਲ੍ਹ ਵਿਕਸਤ ਮੁਲਕ ਡੀਜ਼ਲ ਅਤੇ ਪੈਟਰੋਲ ਦੀ ਥਾਂ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਉੱਤੇ ਜ਼ੋਰ ਦੇ ਰਹੇ ਹਨ ਜਿਹੜਾ ਕੋਈ ਢੁੱਕਵਾਂ/ਵਾਜਿਬ ਬਦਲ ਨਹੀਂ। ਪਹਿਲਾ ਪੱਖ ਤਾਂ ਇਹ ਹੈ ਕਿ ਕਾਰਾਂ ਚਲਾਉਣ ਲਈ ਬਿਜਲੀ (ਊਰਜਾ) ਕਿਸ ਸਰੋਤ ਤੋਂ ਪੈਦਾ ਕੀਤੀ ਜਾਵੇਗੀ? ਜੇ ਇਹ ਸਰੋਤ ਕੋਲਾ ਹੀ ਹੈ ਤਾਂ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਣ ਦੀ ਥਾਂ ਹੋਰ ਵਧ ਜਾਵੇਗੀ। ਦੂਜਾ ਪੱਖ ਇਹ ਹੈ ਕਿ ਵਧ ਰਹੀ ਆਬਾਦੀ ਕਾਰਨ ਕਾਰਾਂ ਦੀ ਗਿਣਤੀ ਵੀ ਦਿਨੋ-ਦਿਨ ਵਧ ਰਹੀ ਹੈ ਜਿਨ੍ਹਾਂ ਲਈ ਵੱਧ ਚੌੜੀਆਂ ਸੜਕਾਂ ਅਤੇ ਪਾਰਕਿੰਗ ਥਾਵਾਂ ਦੀ ਲੋੜ ਪਵੇਗੀ। ਨਤੀਜੇ ਵਜੋਂ, ਅਸੀਂ ਧਰਤੀ ਉੱਤੋਂ ਹੋਰ ਦਰਖ਼ਤ ਕਟਾਂਗੇ ਜਿਸ ਨਾਲ ਜੰਗਲਾਂ ਥੱਲੇ ਰਕਬਾ ਹੋਰ ਘਟ ਜਾਵੇਗਾ। ਇਸ ਲਈ ਸਾਨੂੰ ਕਾਰ-ਮੁਕਤ ਬੁਨਿਆਦੀ ਢਾਂਚੇ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਵਾਈ ਆਵਾਜਾਈ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਵਾਈ ਜਹਾਜ਼ਾਂ ਤੋਂ ਹੋਣ ਵਾਲੀ ਨਿਕਾਸੀ ਦੇ 50 ਫ਼ੀਸਦ ਹਿੱਸੇ ਲਈ ਦੁਨੀਆ ਦੀ 1 ਫ਼ੀਸਦ ਅਮੀਰ ਆਬਾਦੀ ਜ਼ਿੰਮੇਵਾਰ ਹੈ। ਪ੍ਰਾਈਵੇਟ ਜੈੱਟ ਜਹਾਜ਼ 33 ਮਿਲੀਅਨ ਟਨ ਤੋਂ ਵੱਧ ਗਰੀਨਹਾਊਸ ਗੈਸਾਂ ਦਾ ਨਿਕਾਸ ਕਰਦੇ ਹਨ। ਇਹ ਫ਼ੀ ਯਾਤਰੀ ਵਪਾਰਕ ਜਹਾਜ਼ਾਂ ਨਾਲੋਂ 5-14 ਫ਼ੀਸਦ ਅਤੇ ਰੇਲਗੱਡੀਆਂ ਨਾਲੋਂ 50 ਗੁਣਾ ਵੱਧ ਪ੍ਰਦੂਸ਼ਕਾਂ ਦੀ ਨਿਕਾਸੀ ਕਰਦੇ ਹਨ। ਇਸ ਲਈ ਬੇਲੋੜੀਆਂ ਹਵਾਈ ਯਾਤਰਾਵਾਂ ਦੀ ਗਿਣਤੀ ਸੀਮਤ ਕਰਨੀ ਚਾਹੀਦੀ ਹੈ। ਨੀਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ਤੋਂ ਅਗਲੇ ਸਾਲ ਹਵਾਈ ਉਡਾਣਾਂ ਦੀ ਗਿਣਤੀ ਸੀਮਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ।

ਹਰ ਮੁਲਕ ਨੂੰ ਜੰਗਲਾਂ ਥੱਲੇ ਰਕਬਾ ਵਧਾ ਕੇ 33 ਫ਼ੀਸਦ ਕਰਨਾ ਚਾਹੀਦਾ ਹੈ। ਦਰੱਖ਼ਤਾਂ ਦੀ ਚੋਣ ਕਰਦਿਆਂ ਸਥਾਨਕ ਛਾਂਦਾਰ ਦਰਖ਼ਤ ਲਗਾਉਣੇ ਚਾਹੀਦੇ ਹਨ। ਅਮਰੀਕਾ ਦਾ ਮਿਆਮੀ ਸ਼ਹਿਰ ਪਾਮ ਦੇ ਦਰਖ਼ਤ ਵੱਢ ਕੇ ਓਕ, ਏਲਮ, ਐਸ਼ ਆਦਿ ਦੇ ਦਰਖ਼ਤ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਸੜਕਾਂ ਦੇ ਕਿਨਾਰਿਆਂ ਦੇ ਆਲੇ-ਦੁਆਲੇ ਸਜਾਵਟੀ ਦਰਖ਼ਤ ਲਗਾਉਣ ਦੀ ਥਾਂ ਉੱਤੇ ਛਾਂਦਾਰ ਦਰਖ਼ਤ ਲਗਾਉਣੇ ਚਾਹੀਦੇ ਹਨ। ਛਾਂਦਾਰ ਦਰਖ਼ਤ ਲਗਾਉਣ ਨਾਲ ਗਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਮੀ ਹੋਣ ਦੇ ਨਾਲ ਨਾਲ ਤਾਪਮਾਨ ਵਿਚ ਵੀ ਕਮੀ ਆਵੇਗੀ।

ਸੋਕੇ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਮੀਂਹ ਦੇ ਪਾਣੀ ਨੂੰ ਉਸ ਖੇਤਰ ਵਿਚਲੀਆਂ ਨੀਵੀਆਂ ਥਾਵਾਂ ਉੱਤੇ ਇਕੱਠਾ ਕਰ ਲੈਣਾ ਚਾਹੀਦਾ ਹੈ। ਪਹਿਲਾਂ ਸਾਡੇ ਵੱਡੇ-ਵਡੇਰੇ ਪਿੰਡ ਜਾਂ ਸ਼ਹਿਰ ਉਚੀਆਂ ਥਾਵਾਂ ਉੱਤੇ ਵਸਾਉਂਦੇ ਸਨ ਅਤੇ ਮੀਂਹ ਦਾ ਪਾਣੀ ਆਪ-ਮੁਹਾਰੇ ਨੇੜਲੀਆਂ ਨੀਵੀਆਂ ਥਾਵਾਂ ਉੱਤੇ ਜਮ੍ਹਾਂ ਹੋ ਜਾਂਦਾ ਸੀ ਜੋ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਨਾਲ ਨਾਲ ਲੋਕਾਂ ਦੀਆਂ ਰੋਜ਼ਮੱਰਾ ਲੋੜਾਂ ਪੂਰੀਆਂ ਕਰਦਾ ਸੀ। ਹੁਣ ਮੀਂਹ ਦਾ ਵਾਧੂ ਪਾਣੀ ਪੁਲਾਂ ਦੇ ਥੱਲੇ ਵਾਲੀਆਂ ਨੀਵੀਆਂ ਥਾਵਾਂ ਉੱਤੇ ਜਮ੍ਹਾਂ ਹੋ ਜਾਂਦਾ ਹੈ, ਉੱਥੇ ਉਸ ਖੇਤਰ ਦੇ ਪ੍ਰਸ਼ਾਸਨ ਨੂੰ ਖੂਹ ਪੁੱਟ ਕੇ ਉਨ੍ਹਾਂ ਵਿਚ ਨਿਕਾਸ ਕਰਨਾ ਚਾਹੀਦਾ ਹੈ ਤਾਂ ਕਿ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਸਕੇ। ਪੁਰਾਣੀਆਂ ਝੀਲਾਂ, ਟੋਭੇ ਜੋ ਸੁਰਜੀਤ ਕੀਤੇ ਜਾ ਸਕਦੇ ਹਨ, ਕਰ ਲੈਣੇ ਚਾਹੀਦੇ ਹਨ। ਨਿੱਜੀ ਪੱਧਰ ਉੱਤੇ ਹਰ ਘਰ ਅਤੇ ਇਮਾਰਤ ਦਾ ਮੀਂਹ ਦਾ ਪਾਣੀ ਜਮ੍ਹਾਂ ਕਰਨ ਦਾ ਉਪਰਾਲਾ ਵੀ ਕਰਨਾ ਚਾਹੀਦਾ ਹੈ। ਦਰਿਆਵਾਂ ਉੱਤੇ ਉਨ੍ਹਾਂ ਦੀ ਸਮਰੱਥਾ ਅਨੁਸਾਰ ਹੀ ਬੰਨ੍ਹ ਲਗਾਉਣੇ ਚਾਹੀਦੇ ਹਨ ਤਾਂ ਕਿ ਦਰਿਆ/ਨਦੀਆਂ ਸੁੱਕ ਨਾ ਜਾਣ ਅਤੇ ਲੋਕਾਂ ਨੂੰ ਸੋਕੇ ਵਰਗੀਆਂ ਹਾਲਤਾਂ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਸਾਡੇ ਕੋਲ ਤਾਪਮਾਨ ਦੇ ਵਾਧੇ ਨਾਲ ਵਪਾਰਨ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਮਾਂ ਬਚਿਆ ਹੀ ਨਹੀਂ ਹੈ, ਇਸ ਲਈ ਹਰ ਪੱਧਰ ਉੱਤੇ ਤੇਜ਼ੀ ਨਾਲ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਇਸ ਸੂਰਤ ਵਿਚ ਹੀ ਅਸੀਂ ਆਪਣੇ ਨੇੜਲੇ ਭਵਿੱਖ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ।
*ਪ੍ਰੋਫੈਸਰ (ਰਿਟਾ.), ਜਿਓਗਰਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All