ਮੁਲਖ ਸਿੰਘ
ਵਿਕੀਪੀਡੀਆ ਸੰਸਾਰ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਆਨਲਾਈਨ ਵਿਸ਼ਵਕੋਸ਼ ਹੈ, ਜਿੱਥੇ ਦੁਨੀਆ ਦੀਆਂ 250 ਤੋਂ ਵੱਧ ਭਾਸ਼ਾਵਾਂ ਵਿੱਚ ਤਕਰੀਬਨ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈ। ਇਸ ਸਮੇਂ ਇਸ ਉੱਤੇ ਕੁਲ 313 ਭਾਸ਼ਾਵਾਂ ਵਿੱਚ ਕੰਮ ਹੋ ਰਿਹਾ ਹੈ ਪਰ ਕੁਝ ਭਾਸ਼ਾਵਾਂ ਵਿੱਚ ਸਮੱਗਰੀ ਬਹੁਤ ਘੱਟ ਹੈ। ਸਮੇਂ ਨਾਲ ਨਵੀਆਂ ਭਾਸ਼ਾਵਾਂ ਇਸ ਵਿੱਚ ਜੁੜ ਰਹੀਆਂ ਹਨ। ਇਸ ਵਿਸ਼ਵਕੋਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਕਈ ਸਵੈ-ਇੱਛਿਤ ਸੰਪਾਦਕਾਂ ਦੇ ਯੋਗਦਾਨ ਸਦਕਾ ਮੌਜੂਦਾ ਜਾਣਕਾਰੀ ਨਿੱਤ ਵਧਦੀ ਅਤੇ ਨਵਿਆਂ ਤੱਥਾਂ, ਘਟਨਾਵਾਂ ਨੂੰ ਹਵਾਲਿਆਂ ਸਮੇਤ ਸੰਭਾਲਦੀ ਸੱਜਰੀ ਹੁੰਦੀ ਰਹਿੰਦੀ ਹੈ।
ਇਸ ’ਤੇ ਵੱਖ-ਵੱਖ ਭਾਸ਼ਾਵਾਂ ਦੇ ਲੇਖ ਆਪਸ ਵਿੱਚ ਜੁੜੇ ਹੁੰਦੇ ਹਨ। ਜਿਵੇਂ ਪੰਜਾਬੀ ਵਿੱਚ ‘ਭਗਤ ਸਿਂਘ ’ ਬਾਰੇ ਲੇਖ ਅੰਗਰੇਜ਼ੀ ਦੇ ‘Bhagat Singh ’ ਅਤੇ ਹਿੰਦੀ ਦੇ ‘भगत सिंह’ ਨਾਲ ਜੁੜਿਆ ਹੈ। ਇਹ ਲੇਖ ਸੰਸਾਰ ਦੀਆਂ 33 ਭਾਸ਼ਾਵਾਂ ਵਿੱਚ ਵਿਕੀਪੀਡੀਆ ’ਤੇ ਮੌਜੂਦ ਹੈ। ਜਵਾਹਰ ਲਾਲ ਨਹਿਰੂ ਬਾਰੇ ਲੇਖ 133 ਭਾਸ਼ਾਵਾਂ ਵਿੱਚ ਮਿਲਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਹਰ ਭਾਸ਼ਾ ਵਿੱਚ ਇਕ-ਇਕ ਅੱਖਰ ਮਿਲਦਾ ਹੋਵੇ। ਸਾਰੀਆਂ ਭਾਸ਼ਾਵਾਂ ਵਿੱਚ ਵਿਸ਼ੇ ਦੇ ਮਹੱਤਵ ਅਨੁਸਾਰ ਇਸ ਦੀ ਲੰਬਾਈ ਵੱਖ-ਵੱਖ ਹੋਵੇਗੀ। ਆਂਧਰਾ ਪ੍ਰਦੇਸ਼ ਨਾਲ ਸਬੰਧਤ ਰਾਸ਼ਟਰੀ ਇਨਾਮ ਜੇਤੂ ਕੋਈ ਵਿਗਿਆਨੀ ਪੰਜਾਬੀਆਂ ਲਈ ਇੰਨਾ ਮਹੱਤਵਪੂਰਨ ਨਹੀਂ ਹੋ ਸਕਦਾ ਜਿੰਨਾ ਪੰਜਾਬ ਦਾ ਕੋਈ ਵਿਗਿਆਨੀ। ਇਸੇ ਤਰ੍ਹਾਂ ਕਿਸੇ ਆਮ ਚੀਜ਼ ਜਿਵੇਂ ‘ਚਾਹ’ ਬਾਰੇ ਲੇਖ ਸਾਨੂੰ ਉਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਮਿਲ ਸਕਦਾ ਹੈ ਜੋ ਇਸ ਸਮੇਂ ਵਿਕੀਪੀਡੀਆ ’ਤੇ ਮੌਜੂਦ ਹਨ ਪਰ ਹੋ ਸਕਦਾ ਹੈ ਕਿ ਪੰਜਾਬ ਦੇ ਕਿਸੇ ਪਿੰਡ ਬਾਰੇ ਲੇਖ ਸਿਰਫ ਪੰਜਾਬੀ ਵਿੱਚ ਹੀ ਮਿਲੇ ਅਤੇ ਇਹ ਵੀ ਸੰਭਵ ਹੈ ਕਿ ਕਿਸੇ ਸ਼ਖ਼ਸੀਅਤ ਬਾਰੇ ਲੇਖ ਕਿਸੇ ਵੀ ਭਾਸ਼ਾ ਵਿੱਚ ਮੌਜੂਦ ਨਾ ਹੋਵੇ ਅਤੇ ਉਸ ਬਾਰੇ ਨਵਾਂ ਲੇਖ ਬਣਾਉਣ ਦੀ ਲੋੜ ਪਵੇ।
ਸ਼ੁੱਕਰਵਾਰ, 18 ਸਤੰਬਰ 2020 ਨੂੰ ਸਵੇਰ ਸਮੇਂ ਅੰਗਰੇਜ਼ੀ ਵਿਕੀਪੀਡੀਆ ’ਤੇ 61,59,932 ਲੇਖ ਸਨ, ਜੋ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਪਹਿਲੇ ਥਾਂ ’ਤੇ ਹੈ। ਉਸੇ ਸਮੇਂ ਪੰਜਾਬੀ ਵਿਕੀਪੀਡੀਆ ’ਤੇ ਲੇਖਾਂ ਦੀ ਗਿਣਤੀ 34,746 ਸੀ ਅਤੇ ਇਹ 103ਵੇਂ ਥਾਂ ’ਤੇ ਸੀ। ਜਦ ਤੁਸੀਂ ਇਹ ਲੇਖ ਪੜ੍ਹ ਰਹੇ ਹੋਵੋਂਗੇ ਤਾਂ ਇਨ੍ਹਾਂ ਵਿੱਚ ਵਾਧਾ ਹੋ ਚੁੱਕਿਆ ਹੋਵੇਗਾ ਪਰ ਤੁਲਨਾਤਮਕ ਰੂਪ ਵਿੱਚ ਇਹ ਵਾਧਾ ਅੰਗਰੇਜ਼ੀ ਵਿਕੀਪੀਡੀਆ ’ਤੇ ਜ਼ਿਆਦਾ ਹੀ ਹੋਵੇਗਾ।
ਵਿਕੀਪੀਡੀਆ, ਕਿਉਂਕਿ ਸੰਪਾਦਨ ਕਰਨ ਲਈ ਹਰ ਕਿਸੇ ਲਈ ਖੁੱਲ੍ਹਾ ਹੈ, ਇਸ ਲਈ ਇਸ ਦੇ ਹਰ ਤੱਥ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਜ਼ਿਆਦਾਤਰ ਜਾਣਕਾਰੀ ਸਹੀ ਹੋਣ ਦੇ ਬਾਵਜੂਦ ਕਈ ਵਾਰ ਇਸ ’ਤੇ ਕੁਝ ਜਾਣਕਾਰੀ ਗਲਤ ਹੁੰਦੀ ਹੈ, ਕਈ ਵਾਰ ਅਧੂਰੀ ਹੁੰਦੀ ਹੈ ਤੇ ਕਈ ਵਾਰ ਤੱਥਾਂ ਦੀ ਗਲਤੀ ਮਿਲ ਸਕਦੀ ਹੈ। ਵਿਕੀਪੀਡੀਆ ਦਾ ਸਿਧਾਂਤ ਇਹ ਹੈ ਕਿ ਇਹ ਪਾਠਕਾਂ/ਸੰਪਾਦਕਾਂ ’ਤੇ ਭਰੋਸਾ ਕਰਦਾ ਹੈ ਕਿ ਉਹ ਗਲਤ ਜਾਣਕਾਰੀ ਨੂੰ ਦੇਖ ਕੇ, ਪੜਤਾਲ ਕਰਕੇ ਠੀਕ ਕਰ ਦੇਣਗੇ। ਭਾਵੇਂ ਵਕਤੀ ਤੌਰ ’ਤੇ ਸਾਨੂੰ ਲੱਗ ਸਕਦਾ ਹੈ ਕਿ ਓਪਨ ਸੋਰਸ ਹੋਣ ਕਰ ਕੇ ਇਸ ਵਿੱਚ ਖਰਾਬ ਕਰਨ ਵਾਲਿਆਂ ਦੀ ਸੰਖਿਆ ਜ਼ਿਆਦਾ ਹੋਵੇਗੀ ਪਰ ਸਮੇਂ ਨੇ ਇਹ ਸਾਬਤ ਕੀਤਾ ਹੈ ਕਿ ਗਲਤ ਕਰਨ ਵਾਲਿਆਂ ਨਾਲੋਂ ਠੀਕ ਕਰਨ ਵਾਲੇ ਹਮੇਸ਼ਾ ਵਧੇਰੇ ਰਹੇ ਹਨ।
ਤੁਸੀਂ ਇਸ ’ਤੇ ਦਾਖ਼ਲ (ਲੌਗ ਇੰਨ) ਹੋ ਕੇ ਜਾਂ ਬਿਨਾਂ ਦਾਖ਼ਲ ਹੋਏ, ਨਵਾਂ ਲੇਖ ਬਣਾ ਸਕਦੇ ਹੋ ਜਾਂ ਪਹਿਲਾਂ ਬਣੇ ਹੋਏ ਲੇਖ ਵਿੱਚ ਵਾਧਾ-ਘਾਟਾ ਕਰ ਸਕਦੇ ਹੋ। ਇਸ ਸੰਪਾਦਨ ਕੰਮ ਨੂੰ ਐਡਿਟ ਜਾਂ ਸੋਧ ਕਿਹਾ ਜਾਂਦਾ ਹੈ। ਸੋਧ ਵਿਕੀਪੀਡੀਆ ’ਤੇ ਖਾਤਾ ਬਣਾ ਕੇ ਜਾਂ ਬਿਨਾਂ ਖਾਤਾ ਬਣਾਏ ਮੋਬਾਈਲ ਫੋਨ, ਕੰਪਿਊਟਰ ਜਾਂ ਲੈਪਟਾਪ ਰਾਹੀਂ ਕੀਤੀ ਜਾ ਸਕਦੀ ਹੈ। ਖਾਤਾ ਬਣਾਉਣ ਦਾ ਲਾਭ ਇਹ ਹੈ ਕਿ ਇਸ ਨਾਲ ਸਾਡਾ ‘ਯੋਗਦਾਨ’ ਰਿਕਾਰਡ ਹੁੰਦਾ ਰਹਿੰਦਾ ਹੈ ਅਤੇ ਬਾਅਦ ਵਿੱਚ ਵਿਕੀਪੀਡੀਆ ਦੀ ਕਿਸੇ ਟਰੇਨਿੰਗ ਜਾਂ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਇਸ ਨੂੰ ਦਰਸਾ ਕੇ ਅਸੀਂ ਆਪਣਾ ਦਾਅਵਾ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਵਿਕੀਪੀਡੀਆ ਫਾਊਂਡੇਸ਼ਨ ਆਪਣੇ ਖਰਚੇ ਉੱਤੇ ਭਾਰਤ ਸਮੇਤ ਦੁਨੀਆ ਭਰ ਵਿੱਚ ਸੰਪਾਦਕਾਂ ਨੂੰ ਵਧੇਰੇ ਮਿਆਰੀ ਕੰਮ ਕਰਨ ਦੇ ਯੋਗ ਬਣਾਉਣ ਲਈ ਅਜਿਹੇ ਟਰੇਨਿੰਗ ਪ੍ਰੋਗਰਾਮ ਚਲਾਉਂਦੀ ਰਹਿੰਦੀ ਹੈ। ਵਿਕੀਪੀਡੀਆ ’ਤੇ ਖਾਤਾ ਬਿਲਕੁਲ ਆਸਾਨੀ ਨਾਲ ਉਸੇ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਸੋਸ਼ਲ ਮੀਡੀਆ ਸਾਈਟਾਂ ਫੇਸਬੁਕ, ਟਵਿੱਟਰ ਆਦਿ ’ਤੇ ਬਣਦਾ ਹੈ। ਖਾਤਾ ਬਣਾਉਣ ਲਈ ਅਸਲ ਨਾਂ ਦਿੱਤਾ ਜਾ ਸਕਦਾ ਹੈ ਪਰ ਇਹ ਜ਼ਰੂਰੀ ਵੀ ਨਹੀਂ ਹੁੰਦਾ। ਅਸੀਂ ਕਿਸੇ ਛੋਟੇ ਜਾਂ ਲੁਕਵੇਂ ਨਾਂ ਨਾਲ ਵੀ ਖਾਤਾ ਬਣਾ ਸਕਦੇ ਹਾਂ।
ਡੈਸਕਟਾਪ ਦਿੱਖ ਵਿੱਚ ਸੋਧੋ/Edit ਅਤੇ ਮੋਬਾਈਲ ਦਿੱਖ ਵਿੱਚ ਪੈਨ ਦੇ ਨਿਸ਼ਾਨ ਨੂੰ ਕਲਿੱਕ ਕਰ ਕੇ ਐਡਿਟ ਰੂਪ ਸਾਡੇ ਸਾਹਮਣੇ ਖੁੱਲ੍ਹ ਜਾਂਦਾ ਹੈ। ਸ਼ੁਰੂ ਵਿੱਚ ਸਿਖਿਆਰਥੀ ਵੱਖ-ਵੱਖ ਸਫਿਆਂ ਨੂੰ ਖੋਲ੍ਹ ਕੇ ਸ਼ਬਦਾਂ, ਵਾਕਾਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਠੀਕ ਕਰਨ ਦਾ ਕੰਮ ਕਰ ਸਕਦੇ ਹਨ। ਉਸ ਤੋਂ ਬਾਅਦ ਉਹ ਹੋਰ ਤਰ੍ਹਾਂ ਦੀਆਂ ਸੋਧਾਂ ਕਰਨ ਅਤੇ ਨਵੇਂ ਲੇਖ ਬਣਾਉਣ ਦੇ ਸਮਰੱਥ ਹੋ ਜਾਂਦੇ ਹਨ। ਸੋਧ ਕਰਨ ਤੋਂ ਬਾਅਦ ਅਗਲਾ ਕਦਮ ਉਸ ਨੂੰ ਪ੍ਰਕਾਸ਼ਿਤ ਕਰਨਾ ਹੁੰਦਾ ਹੈ। ਸੋਧ ਦੀ ਇੱਕ ਮਿਸਾਲ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਕਿਸੇ ਖਿਡਾਰੀ ਬਾਰੇ ਲੇਖ ਬਣਿਆ ਹੋਇਆ ਹੈ। ਪੜ੍ਹਨ ਸਮੇਂ ਸਾਨੂੰ ਲਗਦਾ ਹੈ ਕਿ ਉਸ ਦੇ ਜਨਮ ਬਾਰੇ ਕੋਈ ਜਾਣਕਾਰੀ ਗਲਤ ਦਿੱਤੀ ਹੋਈ ਹੈ ਤਾਂ ਅਸੀਂ ਬੜੀ ਆਸਾਨੀ ਨਾਲ ਐਡਿਟ/ਸੋਧ ’ਤੇ ਕਲਿੱਕ ਕਰ ਕੇ ਐਡਿਟ ਰੂਪ ਵਿੱਚ ਜਾ ਕੇ ਗਲਤੀ ਠੀਕ ਕਰ ਸਕਦੇ ਹਾਂ। ਫਿਰ ਉਸ ਨੂੰ ਪਬਲਿਸ਼ ਕਰਨ ਨਾਲ ਸਾਡੀ ਸੋਧ ਸੰਪੂਰਨ ਹੋ ਜਾਂਦੀ ਹੈ ਅਤੇ ਅਸੀਂ ਤੁਰੰਤ ਬਾਅਦ ਲੇਖ ਦਾ ਸੁਧਰਿਆ ਰੂਪ ਦੇਖ ਸਕਦੇ ਹਾਂ। ਸੋਧ ਪਹਿਲਾਂ ਸਿਰਫ ਸਰੋਤ ਰੂਪ ਵਿੱਚ ਹੀ ਹੋ ਸਕਦੀ ਸੀ ਪਰ ਹੁਣ ਇਹ ਵਿਜ਼ੁਅਲ ਤਰੀਕੇ ਨਾਲ ਵੀ ਹੋ ਸਕਦੀ ਹੈ। ਮਿਆਰੀ ਲੇਖ ਬਣਾਉਣ ਲਈ ਵਿਕੀਪੀਡੀਆ ਸੰਪਾਦਨਾਂ ਦੇ ਹੋਰ ਕੰਮ ਹੁੰਦੇ ਹਨ- ਹਵਾਲੇ ਜੋੜਨਾ, ਦੂਜੇ ਸਫਿਆਂ ’ਤੇ ਜਾਣ ਲਈ ਹਾਈਪਰ ਲਿੰਕ ਬਣਾਉਣਾ, ਸਿਰਲੇਖ ਦੇਣਾ, ਨਵੇਂ ਸਫੇ ਬਣਾਉਣਾ, ਫਾਲਤੂ ਸਫੇ ਮਿਟਾਉਣਾ, ਸ਼੍ਰੇਣੀਆਂ ਬਣਾਉਣਾ ਅਤੇ ਸਫਿਆਂ (ਲੇਖਾਂ) ਨੂੰ ਮੌਜੂਦਾ ਸ਼੍ਰੇਣੀਆਂ ਵਿੱਚ ਜੋੜਨਾ, ਸ਼ਬਦਾਂ ਨੂੰ ਸਾਧਾਰਨ ਸੰਪਾਦਨ ਤਕਨੀਕ ਨਾਲ ਮੋਟਾ, ਟੇਢਾ ਕਰਨਾ, ਗ੍ਰਾਫ ਅਤੇ ਸਾਰਣੀਆਂ ਜੋੜਨਾ ਅਤੇ ਸਫਿਆਂ ਨਾਲ ਸਬੰਧਤ ਫੋਟੋ ਫਾਈਲਾਂ ਜੋੜਨਾ ਪਰ ਇਹ ਕੰਮ ਅਭਿਆਸ ਅਤੇ ਸਿੱਖਣ ਵਾਲੀਆਂ ਵੀਡੀਓ ਦੇਖ ਕੇ ਹੌਲੀ-ਹੌਲੀ ਸਮਝ ਆ ਜਾਂਦੇ ਹਨ। ਵਿਕੀਪੀਡੀਆ ਦੇ ਨਾਲ ਇਸ ਵਰਗੇ ਹੀ ਹੋਰ ਪ੍ਰਾਜੈਕਟ ਜਿਵੇਂ ਵਿਕੀਸਰੋਤ (ਕਿਤਾਬਾਂ ਨੂੰ ਵਿਕੀ ’ਤੇ ਪਾਉਣਾ), ਵਿਕੀਮੀਡੀਆ ਕਾਮਨਜ਼ (ਫੋਟੋਆਂ ਅਪਲੋਡ ਕਰਨਾ), ਵਿਕਸ਼ਨਰੀ (ਮੁਫ਼ਤ ਸ਼ਬਦਕੋਸ਼) ਵਰਗੇ ਅਨੇਕਾਂ ਪ੍ਰਾਜੈਕਟ ਸਾਰਿਆਂ ਲਈ ਖੁੱਲ੍ਹੇ ਹਨ ਪਰ ਉਨ੍ਹਾਂ ਬਾਰੇ ਕਦੇ ਬਾਅਦ ਵਿੱਚ ਚਰਚਾ ਕੀਤੀ ਜਾਵੇਗੀ।
ਵਿਕੀਪੀਡੀਆ ਦਾ ਕੋਈ ਵੀ ਲੇਖ ਗੂਗਲ ਜਾਂ ਕਿਸੇ ਇੰਟਰਨੈੱਟ ਸਰਚ ਇੰਜਨ ’ਤੇ ਸਿੱਧਾ ਸਰਚ ਕਰ ਕੇ ਜਾਂ ਵਿਕੀਪੀਡੀਆ ਦੇ ਮੁੱਖ ਸਫੇ ’ਤੇ ਜਾ ਕੇ ‘ਖੋਜ’ ਰਾਹੀਂ ਲੱਭਿਆ ਜਾ ਸਕਦਾ ਹੈ। ਵਿਕੀਪੀਡੀਆ ਸਫੇ ਤੋਂ ਲਿੰਕ (ਨੀਲੇ ਰੰਗ ਦੇ ਸ਼ਬਦਾਂ ਵਾਲੇ, ਨਾਲ ਜੁੜੇ ਹੋਏ ਲੇਖ) ਰਾਹੀਂ ਦੂਜੇ ਸਫੇ ’ਤੇ ਪਹੁੰਚਿਆ ਜਾ ਸਕਦਾ ਹੈ। ਹਰ ਸਫਾ ਦੂਜੇ ਬਹੁਤ ਸਾਰੇ ਸਫਿਆਂ ਨਾਲ ਜੁੜਿਆ ਹੁੰਦਾ ਹੈ। ਸਾਰੇ ਲੇਖ ਹਵਾਲਿਆਂ ਸਮੇਤ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਵਿਕੀਪੀਡੀਆ ਸੰਪਾਦਨ ਨੀਤੀ ਅਨੁਸਾਰ ਕੋਈ ਗੱਲ ਪੁਖ਼ਤਾ ਸਬੂਤ/ਹਵਾਲੇ ਤੋਂ ਬਿਨਾਂ ਨਹੀਂ ਲਿਖੀ ਜਾਂਦੀ। ਇਹ ਹਵਾਲੇ ਅਖਬਾਰਾਂ ਦੀਆਂ ਖ਼ਬਰਾਂ, ਲੇਖ, ਵੈੱਬਸਾਇਟਾਂ, ਮੈਗਜ਼ੀਨ, ਕਿਤਾਬਾਂ ਆਦਿ ਹੁੰਦੇ ਹਨ। ਸਫੇ ਦੇ ਬਿਲਕੁਲ ਹੇਠਾਂ ਸ਼੍ਰੇਣੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਉਸ ਸ਼੍ਰੇਣੀ ਦੇ ਹੋਰ ਲੇਖ ਮਿਲਦੇ ਹਨ।
ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਮੂਹ ਲੋਕਾਂ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਖਿੱਲਰੀ ਹੋਈ ਸਮੱਗਰੀ ਨੂੰ ਇਕੱਠਾ ਕਰ ਸਕਣ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਰਾਹੀਂ ਹਰ ਖੇਤਰ ਦਾ ਗਿਆਨ ਆਪਣੀ ਭਾਸ਼ਾ ਵਿੱਚ ਲੈ ਆਉਣ। ਵਿਕੀਪੀਡੀਆ ਦਾ ਅਨੁਵਾਦ ਸਾਫਟਵੇਅਰ ਅਨੁਵਾਦ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ। ਵਧੇਰੇ ਵਿਕਸਤ ਭਾਸ਼ਾਵਾਂ ਤੋਂ ਜ਼ਿਆਦਾਤਰ ਸਮੱਗਰੀ ਅਨੁਵਾਦ ਰਾਹੀਂ ਹੀ ਦੂਜੀਆਂ ਭਾਸ਼ਾਵਾਂ ਵਿੱਚ ਲਿਆਂਦੀ ਜਾਂਦੀ ਹੈ। ਵਿਕੀਪੀਡੀਆ ’ਤੇ ਲਿਖਣ ਦਾ ਹੋਰ ਸਿਧਾਂਤ ਇਸ ਦਾ ਨਿਰਪੱਖ ਨਜ਼ਰੀਆ ਹੈ। ਕਿਸੇ ਵੀ ਲੇਖ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ ਨਿਰਪੱਖ ਨਜ਼ਰੀਏ ਨਾਲ ਲਿਖਿਆ ਜਾਂਦਾ ਹੈ। ਵਿਰੋਧੀ ਵਿਚਾਰਾਂ, ਤੱਥਾਂ ਨੂੰ ਮਿਟਾਇਆ ਨਹੀਂ ਜਾਂਦਾ ਸਗੋਂ ਪੂਰੀ ਥਾਂ ਦਿੱਤੀ ਜਾਂਦੀ ਹੈ। ਨਵੇਂ ਸੰਪਾਦਕਾਂ ਨੂੰ ਸਿਖਾਉਣ ਲਈ ਵਿਕੀਪੀਡੀਆ ’ਤੇ ਉਸ ਭਾਸ਼ਾ ਵਿੱਚ ਕੰਮ ਕਰ ਰਹੇ ਵਰਤੋਂਕਾਰਾਂ (ਸੰਪਾਦਕਾਂ) ਦਾ ਸਮੂਹ (ਭਾਈਚਾਰਾ) ਮੌਜੂਦ ਹੁੰਦਾ ਹੈ ਜੋ ਸੰਪਾਦਨਾ ਵਿੱਚ ਆਉਂਦੀ ਛੋਟੀ-ਵੱਡੀ ਸਮੱਸਿਆ ਹੱਲ ਕਰਦਾ ਹੈ ਤੇ ਨਵੇਂ ਸੰਪਾਦਕਾਂ ਦੁਆਰਾ ਸਿੱਖਣ ਦੌਰਾਨ ਕੀਤੀਆਂ ਗ਼ਲਤੀਆਂ ਨੂੰ ਵੀ ਠੀਕ ਕਰਦਾ ਹੈ। ਹਰ ਭਾਸ਼ਾ ਦੇ ਭਾਈਚਾਰੇ ਦੀ ਆਮ ਚਰਚਾ ਵਿਕੀਪੀਡੀਆ ‘ਸੱਥ’ ਉੱਤੇ ਹੁੰਦੀ ਹੈ ਜੋ ਚਰਚਾ ਕਰਨ ਦਾ ਸਾਂਝਾ ਮੰਚ ਹੈ। ਵਿਕੀਪੀਡੀਆ ਲੇਖ ਲਿਖਣ ਦੀ ਇੱਕ ਖਾਸ ਪੱਧਤੀ ਹੈ, ਜੋ ਇਨ੍ਹਾਂ ਨੂੰ ਅਖ਼ਬਾਰੀ ਲੇਖਾਂ ਤੋਂ ਵੱਖ ਕਰਦੀ ਹੈ, ਇਸ ਦੀ ਸਮਝ ਸੰਪਾਦਨ ਕਰਨ ਵੇਲੇ ਆਉਣ ਲਗਦੀ ਹੈ। ਵਿਕੀਪੀਡੀਆ ’ਤੇ ਦੁਨੀਆ ਭਰ ਦੇ ਵਿਸ਼ਿਆਂ ’ਤੇ ਕੰਮ ਕਰਨ, ਸਿੱਖਣ-ਸਿਖਾਉਣ ਦੀ ਅਥਾਹ ਸੰਭਾਵਨਾ ਮੌਜੂਦ ਹੈ।
ਸੰਪਰਕ: 9416255877