ਅਣਡਿੱਠ ਨਾਬਰਾਬਰੀ

ਘਰ ਦਾ ਕੰਮ... ਇਹ ਵੀ ਕੋਈ ਕੰਮ ਏ ?

ਘਰ ਦਾ ਕੰਮ... ਇਹ ਵੀ ਕੋਈ ਕੰਮ ਏ ?

ਕੰਵਲਜੀਤ ਕੌਰ ਗਿੱਲ

ਕੰਵਲਜੀਤ ਕੌਰ ਗਿੱਲ

ਅੱਜ ਆਧੁਨਿਕ ਯੁੱਗ ਵਿੱਚ ਮਰਦ ਅਤੇ ਔਰਤਾਂ ਦੋਵੇਂ ਮਿਲ ਕੇ ਘਰ ਪਰਿਵਾਰ ਅਤੇ ਸਮਾਜ ਦੀ ਸਾਂਭ ਸੰਭਾਲ ਕਰ ਰਹੇ ਹਨ। ਪੁਰਾਤਨ ਯੁੱਗ ਵਿੱਚ ਔਰਤਾਂ ਮੁੱਖ ਰੂਪ ਵਿੱਚ ਘਰ-ਪਰਿਵਾਰ ਦੇ ਕੰਮ ਕਰਦੀਆਂ ਸਨ ਤੇ ਮਰਦ ਖੇਤੀਬਾੜੀ ਨਾਲ ਸਬੰਧਿਤ ਘਰ ਤੋਂ ਬਾਹਰ ਹੋਰ ਭਾਰੀ ਕੰਮ ਕਰਦੇ ਸਨ। ਇਸ ਸਾਰੇ ਕੰਮ ਵਿੱਚ ਘਰੇਲੂ ਕਿਰਤ ਹੀ ਕੰਮ ਆਉਂਦੀ ਸੀ। ਸਨਅਤੀਕਰਨ ਹੋਣ ਨਾਲ ਮਜ਼ਦੂਰਾਂ ਦੀ ਮੰਗ ਵਧ ਗਈ। ਇਸ ਕਿਸਮ ਦੇ ਕੰਮ ਬਦਲੇ ਮਜ਼ਦੂਰੀ ਜਾਂ ਤਨਖ਼ਾਹ ਮਿਲਦੀ ਸੀ। ਅੱਜ ਵੀ ਘਰ ਤੋਂ ਬਾਹਰ ਕੰਮਕਾਜੀ ਮਰਦ ਔਰਤਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਦਾਇਗੀ ਹੁੰਦੀ ਹੈ। ਇਸ ਦੇ ਬਾਵਜੂਦ ਘਰ ਵਿੱਚ ਪਰਿਵਾਰ ਦੀ ਦੇਖਭਾਲ, ਸਾਂਭ-ਸੰਭਾਲ ਦਾ ਕੰਮ ਮੁੱਖ ਰੂਪ ਵਿੱਚ ਔਰਤਾਂ ਕਰਦੀਆਂ ਹਨ ਜਿਸ ਬਦਲੇ ਕੋਈ ਤਨਖ਼ਾਹ ਜਾਂ ਮਜ਼ਦੂਰੀ ਦੇ ਰੂਪ ਵਿੱਚ ਅਦਾਇਗੀ ਨਹੀਂ ਕੀਤੀ ਜਾਂਦੀ। ਔਰਤਾਂ ਵੀ ਇਸ ਕੰਮ ਨੂੰ ਆਪਣਾ ਨੈਤਿਕ ਫ਼ਰਜ਼ ਮੰਨ ਕੇ ਨਿਭਾਉਂਦੀਆਂ ਹਨ। ਔਰਤਾਂ ਦੇ ਘਰੇਲੂ ਕੰਮਾਂ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ ਭਾਵ ਘਰੇਲੂ ਕੰਮ ਕਿਸੇ ਗਿਣਤੀ-ਮਿਣਤੀ ਵਿੱਚ ਨਹੀਂ ਆਉਂਦੇ। ਆਪਣੇ ਬੱਚੇ ਸੰਭਾਲ਼ਣੇ, ਕੱਪੜੇ ਧੋਣੇ, ਘਰ ਦੀ ਸਾਫ਼ ਸਫ਼ਾਈ ਕਰਨੀ, ਬਰਤਨ ਮਾਂਜਣੇ, ਰੋਟੀ ਪਾਣੀ ਦਾ ਕੰਮ ਕਰਨਾ ਆਦਿ ਸਭ ਕੁਝ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਕੀਤਾ ਜਾਂਦਾ ਹੈ ਜਿਸ ਦਾ ਨਾ ਕਦੇ ਕੋਈ ਜ਼ਿਕਰ ਹੁੰਦਾ ਹੈ ਤੇ ਨਾ ਹੀ ਕੋਈ ਅਦਾਇਗੀ। ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਵੀ ਆਪਣੇ ਆਪ ਨੂੰ ‘ਸਿਰਫ਼ ਹਾਊਸ ਵਾਈਫ਼’ (ਸਿਰਫ਼ ਘਰੇਲੂ ਸੁਆਣੀ) ਹੀ ਕਹਿੰਦੀਆਂ ਹਨ। ਹੁਣ ਸਮਾਂ ਬਦਲ ਰਿਹਾ ਹੈ। ਘਰੇਲੂ ਕੰਮ ਦੀ ਅਹਿਮੀਅਤ ਅਤੇ ਇਸ ਦੇ ਕੁੱਲ ਰਾਸ਼ਟਰੀ ਆਮਦਨ ਵਿੱਚ ਯੋਗਦਾਨ ਬਾਰੇ ਚਿੰਤਕ ਚਰਚਾ ਕਰਨ ਲੱਗੇ ਹਨ।

ਪ੍ਰਾਚੀਨ ਕਾਲ ਤੋਂ ਹੀ ਮਰਦ ਤੇ ਔਰਤ ਫ਼ਸਲਾਂ ਤੇ ਵਸਤਾਂ ਦੀ ਪੈਦਾਵਾਰ (ਉਤਪਾਦਨ) ਅਤੇ ਬੱਚਿਆਂ ਦੀ ਪੈਦਾਇਸ਼ (ਪ੍ਰਜਣਨ) (production and reproduction) ਦਾ ਕੰਮ ਮਿਲ ਕੇ ਸਾਂਝੇ ਤੌਰ ’ਤੇ ਕਰਦੇ ਆ ਰਹੇ ਹਨ। ਕੰਮ ਵੰਡ ਇਸ ਦੇ ਭਾਰੀ ਜਾਂ ਹੌਲਾ ਹੋਣ ਦੇ ਅਨੁਸਾਰ ਸੀ। ਪੁਰਾਤੱਤਵ ਵਿਗਿਆਨੀਆਂ ਮੁਤਾਬਿਕ ਖੇਤੀ ਦੀ ਜਨਨੀ ਔਰਤ ਹੈ; ਔਰਤ ਨੇ ਇਹ ਲੱਭਿਆ ਕਿ ਕਿਹੜੀਆਂ ਜਿਣਸਾਂ ਖਾਧੀਆਂ, ਪਕਾਈਆਂ ਤੇ ਬੀਜੀਆਂ ਜਾ ਸਕਦੀਆਂ ਹਨ। ਖੇਤੀ ਦਾ ਵਿਕਾਸ ਹੋਣ ’ਤੇ ਖੇਤੀਬਾੜੀ ਦਾ ਭਾਰੀ ਕੰਮ ਮਰਦ ਦੇ ਹਿੱਸੇ ਆਇਆ ਅਤੇ ਫ਼ਸਲ ਨੂੰ ਸੰਭਾਲਣ ਦਾ ਕੰਮ ਔਰਤ ਦੇ ਹਿੱਸੇ। ਘਰੇਲੂ ਉਤਪਾਦਨ ਪਹਿਲਾਂ ਘਰ ਵਾਸਤੇ ਹੀ ਹੁੰਦਾ ਸੀ ਜੋ ਸਨਅਤੀ ਕ੍ਰਾਂਤੀ ਦੌਰਾਨ ਵਡੇਰੇ ਪੱਧਰ ’ਤੇ ਕਾਰਖਾਨਿਆਂ ਵਿੱਚ ਹੋਣ ਲੱਗਿਆ। ਮਸ਼ੀਨਰੀ ਆਉਣ ਨਾਲ ਸਿੱਖਿਅਤ ਕਾਮਿਆਂ ਦੀ ਮੰਗ ਵਧਣ ਲੱਗੀ। ਮਰਦ ਕਾਰਖਾਨਿਆਂ ਵਿੱਚ ਜਾ ਕੇ ਕੰਮ ਕਰਨ ਲੱਗੇ ਤੇ ਘਰ-ਬਾਰ ਸਾਂਭਣ ਦੀ ਜ਼ਿੰਮੇਵਾਰੀ ਔਰਤ ਦੀ ਹੀ ਰਹੀ। ਜਿਉਂ ਜਿਉਂ ਆਰਥਿਕ ਵਿਕਾਸ ਦੇ ਨਾਲ ਨਾਲ ਸਮਾਜਿਕ ਵਿਕਾਸ ਹੋਇਆ, ਔਰਤ ਦੇ ਕੰਮ ਵਿੱਚ ਤਬਦੀਲੀ ਤੇਜ਼ ਹੋ ਗਈ।

ਔਰਤ ਵੀ ਰੁਜ਼ਗਾਰ ਪ੍ਰਾਪਤ ਕਰ ਕੇ ਕਿਰਤ ਮੰਡੀ ਵਿੱਚ ਕੰਮ ਕਰਨ ਲੱਗੀ ਸੀ, ਪਰ ਅਜੇ ਵੀ ਮਰਦ ਅਤੇ ਔਰਤ ਦੇ ਕੰਮ ਵਿੱਚ ਕਈ ਪੱਖਾਂ ਤੋਂ ਅਸਮਾਨਤਾ ਅਤੇ ਨਾ-ਬਰਾਬਰੀ ਸੀ। ਔਰਤਾਂ ਕੁਝ ਖ਼ਾਸ ਪ੍ਰਕਾਰ ਦੇ ਕੰਮ ਹੀ ਕਰ ਸਕਦੀਆਂ ਸਨ ਜਿਵੇਂ ਸੈਕਟਰੀ ਦਾ ਕੰਮ, ਨਰਸ, ਸਮਾਜ ਸੇਵਿਕਾ, ਸਕੂਲ ਦੀ ਅਧਿਆਪਕਾ, ਦਫ਼ਤਰਾਂ ਵਿੱਚ ਕਲਰਕ ਆਦਿ, ਪਰ ਮੁੱਖ ਰੂਪ ਵਿੱਚ ਘਰੇਲੂ ਕੰਮ ਦੀ ਜ਼ਿੰਮੇਵਾਰੀ ਔਰਤ ਦੀ ਹੀ ਰਹੀ। ਤਕਨੀਕੀ ਮੁਹਾਰਤ ਵਾਲੇ ਜਾਂ ਵਧੇਰੇ ਸਿਖਲਾਈਯਾਫ਼ਤਾ ਹੋਣ ਦੀ ਸ਼ਰਤ ਆਦਿ ਦੀ ਜ਼ਰੂਰਤ ਵਾਲੇ ਕੰਮ ਮਰਦ ਹੀ ਕਰਦੇ ਸਨ।

ਅੱਜ ਦੀ ਔਰਤ ਆਪਣੀ ਲਿਆਕਤ ਤੇ ਕਾਬਲੀਅਤ ਦੇ ਸਹਾਰੇ ਉਨ੍ਹਾਂ ਖੇਤਰਾਂ ਤੇ ਕਿੱਤਿਆਂ ਵਿੱਚ ਦਾਖ਼ਲ ਹੋ ਚੁੱਕੀ ਹੈ ਜਿਹੜੇ ਕਦੇ ਉਸ ਲਈ ਵਰਜਿਤ ਜਾਂ ਅਸੰਭਵ ਸਮਝੇ ਜਾਂਦੇ ਸਨ ਜਿਵੇਂ ਪੁਲੀਸ, ਪਾਇਲਟ, ਡਰਾਈਵਰ, ਫ਼ੌਜ, ਖਾਣਾਂ ਵਿੱਚ ਕੰਮ ਕਰਨਾ ਜਾਂ ਹੋਰ ਭਾਰੀ ਕੰਮ। ਜਦੋਂ ਔਰਤ ਘਰ ਤੋਂ ਬਾਹਰ ਰੁਜ਼ਗਾਰ ਵਾਸਤੇ ਕੰਮ ਕਰਦੀ ਹੈ ਤਾਂ ਉਸ ਨੂੰ ਪਰਿਵਾਰ ਅਤੇ ਰੁਜ਼ਗਾਰ ਵਿਚਾਲੇ ਸੰਤੁਲਨ ਰੱਖਣਾ ਪੈਂਦਾ ਹੈ। ਘਰੇਲੂ ਕੰਮ ਉਸ ਦੀ ਜ਼ਰੂਰਤ ਦਾ ਕੰਮ ਹੁੰਦੇ ਹਨ ਜਿਨ੍ਹਾਂ ਪ੍ਰਤੀ ਉਹ ਆਪਣੀ ਪਰਿਵਾਰਕ ਜ਼ਿੰਮੇਵਾਰੀ ਸਮਝਦੀ ਹੈ ਅਤੇ ਦਫ਼ਤਰ ਦਾ ਕੰਮ ਪੂਰੀ ਤਨਦੇਹੀ ਨਾਲ ਕਰਨਾ ਉਸ ਕੰਮ ਦੀ ਮੰਗ ਹੈ। ਸੋ ਕੰਮਕਾਜੀ ਔਰਤਾਂ ਆਪਣਾ ਕੰਮ ਸਵੇਰੇ ਸੁਵਖਤੇ ਜਾਂ ਦੇਰ ਰਾਤ ਤੱਕ ਕਰ ਕੇ ਨਿਪਟਾਉਂਦੀਆਂ ਹਨ ਜਾਂ ਇਕ-ਅੱਧ ਕੰਮ ਵਾਸਤੇ ਨੌਕਰਾਣੀ ਆਦਿ ਦੀ ਮਦਦ ਵੀ ਲੈ ਲੈਂਦੀਆਂ ਹਨ। ਉਹ ਆਪਣੀ ਥਕਾਵਟ ਜਾਂ ਆਰਾਮ ਬਾਰੇ ਨਹੀਂ ਸੋਚਦੀਆਂ। ਪ੍ਰਸਿੱਧ ਸਮਾਜ ਵਿਗਿਆਨੀ ਆਰਲੀ ਹੌਸ਼ਚਿਲਡ (Arlie Hochschild) ਇਸ ਨੂੰ ਦੂਜੀ ਸ਼ਿਫਟ ਦਾ ਨਾਮ ਦਿੰਦਾ ਹੈ ਕਿਉਂਕਿ ਇਹ ਔਰਤਾਂ ਘਰ ਵਾਪਸ ਆ ਕੇ ਵੀ ਕੰਮ ਹੀ ਕਰਦੀਆਂ ਰਹਿੰਦੀਆਂ ਹਨ। ਅੱਜ ਦੇ ਨੌਜਵਾਨ ਜਾਂ ਪਤੀ ਆਪਣੀ ਪਤਨੀ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ ਹਨ, ਪਰ ਇਸ ਨੂੰ ਉਸ ਦੀ ‘ਮਦਦ ਕਰਨਾ’ ਕਿਹਾ ਜਾਂਦਾ ਹੈ। ਇਸ ਕੰਮ ਨੂੰ ‘ਸਾਡਾ ਕੰਮ’ ਨਹੀਂ ਸਮਝਿਆ ਜਾਂਦਾ। ਸਮਝਿਆ ਅਤੇ ਕਿਹਾ ਜਾਂਦਾ ਹੈ ਕਿ ਘਰ ਦੇ ਕੰਮਕਾਰ ਮੁੱਖ ਰੂਪ ਵਿੱਚ ਔਰਤ ਨੇ ਹੀ ਕਰਨੇ ਹਨ। ਹਰ ਕੰਮ ਅਤੇ ਵਰਤਾਰੇ ਦੀ ਕੋਈ ਸੀਮਾ ਹੁੰਦੀ ਹੈ। ਕਦੇ ਕਦਾਈਂ ਘਰੇਲੂ ਕੰਮ ਦਾ ਬੋਝ ਅਤੇ ਕੰਮਕਾਜੀ ਥਾਵਾਂ ਵਿੱਚ ਅਣਸੁਖਾਵਾਂ ਮਾਹੌਲ ਖ਼ਾਸ ਕਿਸਮ ਦੀ ਉਲਝਣ ਵਿੱਚ ਪਾ ਦਿੰਦੇ ਹਨ। ਔਰਤ ਦੇ ਘਰੇਲੂ ਕੰਮ ਅਤੇ ਬਾਹਰਲੇ ਕੰਮਕਾਜ ਵਿਚਾਲੇ ਪਰਸਪਰ ਵਿਰੋਧ ਅਤੇ ਮਿਲਾਨ ਦੀ ਸਥਿਤੀ ਦੌਰਾਨ ਪਰਿਵਾਰ ਵਿੱਚ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਘਰ ਦੇ ਕੰਮ ਬਦਲੇ ਔਰਤ ਨੂੰ ਕੋਈ ਤਨਖ਼ਾਹ ਜਾਂ ਹੋਰ ਅਦਾਇਗੀ ਆਦਿ ਨਹੀਂ ਕੀਤੀ ਜਾਂਦੀ। ਨਾ ਹੀ ਉਹ ਆਪ ਅਜਿਹੀ ਕੋਈ ਮੰਗ ਜਾਂ ਆਸ ਰੱਖਦੀ ਹੈ। ਇਸੇ ਕਾਰਨ ਉਸ ਦੁਆਰਾ ਕੀਤਾ ਕੰਮ ਅਣਗੌਲ਼ਿਆ ਰਹਿ ਜਾਂਦਾ ਹੈ। ਉਸ ਵੱਲੋਂ ਘਰ ਤੋਂ ਬਾਹਰ ਕੀਤੇ ਕੰਮ ਅਤੇ ਇਸ ਤਹਿਤ ਮਿਲੀ ਤਨਖ਼ਾਹ ਜਾਂ ਆਮਦਨ ਨੂੰ ‘ਵਧੀਕ ਆਮਦਨ’ ਦੇ ਤੌਰ ’ਤੇ ਲਿਆ ਜਾਂਦਾ ਹੈ। ਇਸ ਸਾਰੇ ਰੁਝਾਨ ਦਾ ਅਸਲ ਕਾਰਨ ਔਰਤ ਦਾ ਸਮਾਜ ਤੇ ਪਰਿਵਾਰ ਵਿੱਚ ਨਾ-ਬਰਾਬਰੀ ਵਾਲਾ ਰੁਤਬਾ ਹੈ। ਭਾਵੇਂ ਪਤੀ-ਪਤਨੀ ਇੱਕੋ ਦਫ਼ਤਰ ਜਾਂ ਸੰਸਥਾ ਵਿੱਚ ਕੰਮ ਕਰਦੇ ਹੋਣ, ਪਰ ਘਰ ਵਾਪਸ ਆਉਣ ’ਤੇ ਪਤਨੀ ਹੀ ਸਿੱਧਾ ਰਸੋਈ ਵਿੱਚ ਜਾਵੇਗੀ ਤੇ ਤੁਰੰਤ ਉਸ ਦੀ ਦੂਜੀ ਸ਼ਿਫਟ, ਘਰ, ਦਾ ਕੰਮ ਸ਼ੁਰੂ ਹੋ ਜਾਵੇਗਾ। ਅਦਾਇਗੀ ਸਿਰਫ਼ ਦਫ਼ਤਰੀ ਕੰਮ ਕਰਨ ਦੀ ਹੈ। ਇਹੀ ਔਰਤ ਦੇ ਘਰੇਲੂ ਕੰਮ ਦੀ ਅਣਦੇਖੀ ਹੈ। ਖੇਤੀਬਾੜੀ ਖੇਤਰ ਵਿੱਚ 80 ਫ਼ੀਸਦੀ ਕੰਮ ਔਰਤਾਂ ਕਰਦੀਆਂ ਹਨ ਜਿਹੜੇ ਕਿਸੇ ਗਿਣਤੀ-ਮਿਣਤੀ ਵਿੱਚ ਨਹੀਂ ਆਉਂਦੇ। ਔਰਤ ਦੀ ਸਮਾਜ ਵਿੱਚ ਨਾ-ਬਰਾਬਰੀ ਪਰਿਵਾਰ ਵਿੱਚ ਝਲਕਦੀ ਹੈ।

ਮਾਂ/ਪਤਨੀ ਵੱਲੋਂ ਕੀਤਾ ਕੰਮ ਘਰ ਦੇ ਸਾਰੇ ਜੀਆਂ ਨੂੰ ਚੰਗਾ ਲੱਗਦਾ ਹੈ। ਇਸ ਕੰਮ ਵਿੱਚ ਅਥਾਹ ਅਪਣੱਤ, ਪਿਆਰ ਤੇ ਸ਼ਰਧਾ ਹੁੰਦੀ ਹੈ। ਵਿਅਕਤੀਗਤ ਤੌਰ ’ਤੇ ਵੀ ਆਪਣੀ ਸਮਰੱਥਾ ਅਨੁਸਾਰ ਔਰਤ ਇਹ ਸਾਰੇ ਕੰਮ ਕਰ ਕੇ ਖ਼ਾਸ ਤਰ੍ਹਾਂ ਦੀ ਸੰਤੁਸ਼ਟੀ ਦਾ ਅਨੁਭਵ ਕਰਦੀ ਹੈ। ਮੁਸ਼ਕਿਲ ਉਸ ਵੇਲੇ ਹੁੰਦੀ ਹੈ ਜਦੋਂ ਇਸ ਨੂੰ ਔਰਤ ਦਾ ਨੈਤਿਕ ਧਰਮ ਅਤੇ ਸਮਾਜਿਕ ਜ਼ਿੰਮੇਵਾਰੀ ਕਹਿ ਕੇ ਸਾਰੇ ਕੰਮ ਨੂੰ ਬਿਲਕੁਲ ਅਣਗੌਲ਼ਿਆਂ ਕਰ ਦਿੱਤਾ ਜਾਂਦਾ ਹੈ। ਇਉਂ ਉਸ ਨੂੰ ਆਰਥਿਕ ਨੀਤੀ ਦੇ ਘੇਰੇ ਵਿੱਚੋਂ ਵੀ ਬਾਹਰ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਕੁੱਲ ਔਰਤਾਂ ਵਿਚੋਂ 24-25 ਫ਼ੀਸਦੀ ਹੀ ਮੁੱਖ ਕਾਮਿਆਂ ਵਜੋਂ ਕਿਰਤ ਸ਼ਕਤੀ ਵਿੱਚ ਹਨ। ਬਾਕੀ ਔਰਤਾਂ ਅਸੰਗਠਿਤ ਖੇਤਰ ਜਾਂ ਸਵੈ-ਰੁਜ਼ਗਾਰ ਦੇ ਤੌਰ ’ਤੇ ਕੰਮ ਕਰਦੀਆਂ ਹਨ। ਕੁੱਲ ਕੰਮਕਾਜੀ ਔਰਤਾਂ ਦਾ 80 ਫ਼ੀਸਦੀ ਖੇਤੀਬਾੜੀ ਖੇਤਰ ਵਿੱਚ ਹੈ ਜਿੱਥੇ ਉਨ੍ਹਾਂ ਦੁਆਰਾ ਕੀਤੇ ਕੰਮ ਦੀ ਅਦਾਇਗੀ ਸਿੱਧੇ ਤੌਰ ’ਤੇ ਮਰਦਾਂ ਨਾਲੋਂ ਘੱਟ ਹੈ ਜਾਂ ਉਹ ਪਰਿਵਾਰਕ ਕਿਰਤ ਸ਼ਕਤੀ ਦੇ ਤੌਰ ’ਤੇ ਕੰਮ ਕਰਦੀਆਂ ਹਨ ਜਿਸ ਬਦਲੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਕੋਈ ਮਜ਼ਦੂਰੀ ਨਹੀਂ ਮਿਲਦੀ।

ਔਰਤ ਵੱਲੋਂ ਬਿਨਾਂ ਕਿਸੇ ਅਦਾਇਗੀ ਦੇ ਕੀਤੇ ਕੰਮ ਨੂੰ ਅਣਦਿਸਦਾ, ਗ਼ੈਰ- ਰਸਮੀ ਆਦਿ ਕਿਹਾ ਜਾਂਦਾ ਹੈ ਜਿਸ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ। ਇੰਦਰਾ ਹਿਰਵੇ ਨੇ Indian Journal of Labour Economics 2015 ਵਿੱਚ ਜ਼ਿਕਰ ਕੀਤਾ ਹੈ ਕਿ ਕੁਝ ਖੇਤਰ ਜਿਵੇਂ ਊਰਜਾ, ਸਿਹਤ ਸੇਵਾਵਾਂ, ਪਾਣੀ ਤੇ ਸਾਫ਼-ਸਫਾਈ, ਭੋਜਨ ਸੁਰੱਖਿਆ ਅਤੇ ਜੀਵਨ ਨਿਰਬਾਹ ਦੇ ਸਾਧਨ ਸਰਕਾਰੀ ਤੌਰ ’ਤੇ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਾ ਹੋਣ ਕਰਕੇ ਵੀ ਔਰਤ ਉੱਪਰ ਅਜਿਹੇ ਬਿਨਾ ਅਦਾਇਗੀ ਦੇ ਕੀਤੇ ਜਾਣ ਵਾਲੇ ਕੰਮ ਦਾ ਬੋਝ ਵਧਦਾ ਹੈ। ਕੌਮਾਂਤਰੀ ਮਜ਼ਦੂਰ ਸੰਸਥਾ ਜਨੇਵਾ ਦੇ 2018 ਵਿੱਚ ਆਏ ਇੱਕ ਪਰਚੇ ਮੁਤਾਬਿਕ ਭਾਰਤ ਵਿੱਚ ਔਰਤਾਂ 297 ਮਿੰਟ ਅਤੇ ਮਰਦ ਸਿਰਫ਼ 31 ਮਿੰਟ ਘਰੇਲੂ ਕੰਮ ’ਤੇ ਲਗਾਉਂਦੇ ਹਨ ਜਦੋਂਕਿ ਵਿਸ਼ਵ ਭਰ ਵਿੱਚ ਔਰਤਾਂ 265 ਮਿੰਟ ਅਤੇ ਮਰਦ 83 ਮਿੰਟ ਬਿਨਾਂ ਅਦਾਇਗੀ ਵਾਲਾ ਘਰੇਲੂ ਕੰਮ ਕਰਦੇ ਹਨ।

ਘਰੇਲੂ ਕੰਮਕਾਜ ਦੀ ਪਰਿਵਾਰ, ਸਮਾਜ ਤੇ ਦੇਸ਼ ਨੂੰ ਵੱਢੀ ਦੇਣ ਹੈ। ਇਹ ਕੰਮ ਕੀਤੇ ਬਗੈਰ ਸਰਦਾ ਵੀ ਨਹੀਂ। ਅਰਥ ਵਿਵਸਥਾ ਲਈ ਕੀਤੀਆਂ ਜਾਂਦੀਆਂ ਉਤਪਾਦਕ ਕਿਰਿਆਵਾਂ ਵਿੱਚੋਂ ਘਰ ਦਾ ਕੰਮ ਸਭ ਤੋਂ ਉੱਤਮ ਕਿਰਿਆ ਹੈ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਇਸ ਨੂੰ ਆਰਥਿਕ ਪ੍ਰਕਿਰਿਆਵਾਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਕੁਝ ਸਮਾਜ ਵਿਗਿਆਨੀ ਬਿਨਾਂ ਅਦਾਇਗੀ ਦੇ ਕੀਤੇ ਜਾਣ ਵਾਲੇ ਘਰੇਲੂ ਕੰਮ ਦੇ ਕਾਰਨਾਂ ਦੀ ਚਰਚਾ ਕਰਦੇ ਹਨ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਨਾ-ਬਰਾਬਰੀ ਵਾਲਾ ਦਰਜਾ ਇਸ ਦਾ ਮੁੱਖ ਕਾਰਨ ਹੈ। ਕੁਝ ਸਮਾਜਿਕ ਤੇ ਧਾਰਮਿਕ ਬੰਦਿਸ਼ਾਂ ਔਰਤ ਦੇ ਬਾਹਰ ਜਾ ਕੇ ਕੰਮ ਕਰਨ ਵਿੱਚ ਅੜਿੱਕਾ ਹਨ; ਕਿਰਤ ਮੰਡੀ ਵਿੱਚ ਆਪਣੀ ਪਸੰਦ ਅਤੇ ਜ਼ਰੂਰਤ ਅਨੁਸਾਰ ਲੋੜੀਂਦੇ ਕੰਮ ਉਪਲਬਧ ਨਹੀਂ ਹਨ; ਅਤੇ ਔਰਤ ਦੀ ਕਾਬਲੀਅਤ ਜਾਂ ਅਕਾਦਮਿਕ ਯੋਗਤਾ ਦੇ ਮੇਚ ਦਾ ਰੁਜ਼ਗਾਰ ਹੈ ਨਹੀਂ ਤਾਂ ਉਹ ਘਰ ਦੇ ਕੰਮ ਕਰਨ ਨੂੰ ਹੀ ਪਹਿਲ ਦੇਵੇਗੀ। ਇਸ ਦਾ ਕਾਰਨ ਇਹ ਹੈ ਕਿ ਇਸ ਕੰਮ ਵਿੱਚ ਨਾ ਸਿਰਫ਼ ਮਾਨਸਿਕ ਤਸੱਲੀ ਹੈ ਸਗੋਂ ਕਈ ਪ੍ਰਕਾਰ ਦੇ ਖ਼ਰਚੇ ਵੀ ਬਚਦੇ ਹਨ। ਅਰਥ ਸ਼ਾਸਤਰ ਵਿੱਚ ਇਸ ਨੂੰ ਅਪਰਚੂਨਿਟੀ ਲਾਗਤ (opportunity cost) ਕਿਹਾ ਜਾਂਦਾ ਹੈ। ਘਰੇਲੂ ਕੰਮ ਦੀ ਥਾਂ ਜੇਕਰ ਉਹ ਬਾਹਰ ਕੰਮ ਕਰਦੀਆਂ ਹਨ ਤਾਂ ਸਹੀ ਅਰਥਾਂ ਵਿੱਚ ਉਸ ਦੀ ਲਾਗਤ ਜ਼ਿਆਦਾ ਆਉਂਦੀ ਹੈ।

ਜੇਕਰ ਘਰੇਲੂ ਕੰਮ ਦੀ ਇਤਨੀ ਜ਼ਿਆਦਾ ਅਹਿਮੀਅਤ ਹੈ ਤਾਂ ਇਸ ਨਾਲ ਜੁੜੇ ਭੌਤਿਕ, ਆਰਥਿਕ, ਮਾਨਸਿਕ, ਭਾਵਨਾਤਮਿਕ ਤੇ ਮਨੋਵਿਗਿਆਨਕ ਪੱਖਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾਂਦਾ ਹੈ?

ਔਰਤ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿੰਦਿਆਂ ਉਸ ਦੇ ਕੀਤੇ ਘਰੇਲੂ ਕੰਮ ਦੀ ਉੱਚਿਤ ਕਦਰ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਕਦਰ ਪੈਸਿਆਂ ਨਾਲ ਹੀ ਹੋਵੇ। ਘਰ ਦੇ ਕੀਤੇ ਕੰਮ ਨੂੰ ਪੂਰੀ ਮਾਨਤਾ ਦਿਓ। ਹਰ ਸੰਭਵ ਕੋਸ਼ਿਸ਼ ਕਰੋ ਕਿ ਘਰੇਲੂ ਕੰਮ ਦਾ ਭਾਰ ਘਟਾਇਆ ਜਾਵੇ ਤਾਂ ਕਿ ਕੰਮ ਤੋਂ ਮਿਲੀ ਵਿਹਲ ਦਾ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਆਨੰਦ ਮਾਣ ਸਕਣ।

* ਸਾਬਕਾ ਪ੍ਰੋਫ਼ੈਸਰ, ਅਰਥ ਸ਼ਾਸਤਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98551-22857 (ਵਟਸਐਪ)

ਸਭਿਆਚਾਰਕ ਅਤੇ ਮਨੋਵਿਗਿਆਨਕ ਪੱਖ

ਕੀ ਘਰੇਲੂ ਕੰਮ ਔਰਤਾਂ ਆਪਣੀ ਮਨਮਰਜ਼ੀ ਨਾਲ ਕਰਦੀਆਂ ਹਨ ਜਾਂ ਬਹੁਤਾ ਘਰੇਲੂ ਕੰਮ ਔਰਤਾਂ ਦੁਆਰਾ ਕੀਤੇ ਜਾਣਾ ਮਰਦ-ਪ੍ਰਧਾਨ ਸੋਚ ਅਨੁਸਾਰ ਬਣਾਇਆ ਗਿਆ ਉਹ ਨਿਯਮ ਹੈ ਜਿਸ ਨੂੰ ਇਕ ਸਮਾਜਿਕ ਸੱਚ ਅਤੇ ਜ਼ਿੰਦਗੀ ਦਾ ਕੁਦਰਤੀ ਅਸੂਲ ਬਣਾ ਕੇ ਪੇਸ਼ ਕੀਤਾ ਜਾਂਦਾ ਹੈ? ਅਜਿਹੇ ਸਵਾਲਾਂ ਦੇ ਜਵਾਬ ਦੇਣਾ ਅਸਾਨ ਨਹੀਂ। ਸਹੀ ਇਹ ਹੈ ਕਿ ਘਰੇਲੂ ਕੰਮ ਮਰਦ ਤੇ ਔਰਤ ਨੂੰ ਵੰਡ ਕੇ ਕਰਨਾ ਚਾਹੀਦਾ ਹੈ ਪਰ ਅਮਲੀ ਰੂਪ ਵਿਚ ਔਰਤਾਂ ਮਰਦਾਂ ਤੋਂ ਕਈ ਗੁਣਾ ਜ਼ਿਆਦਾ ਕੰਮ ਕਰਦੀਆਂ ਹਨ। ਔਰਤਾਂ ਤੋਂ ਸਿਰਫ਼ ਕੰਮ ਕਰਵਾਇਆ ਹੀ ਨਹੀਂ ਜਾਂਦਾ, ਇਸ ਵਿਚ ਮਰਦ-ਹੁਕਮ ਵੀ ਸ਼ਾਮਿਲ ਹੁੰਦਾ ਹੈ। ਭਾਂਡੇ ਮਾਂਜਣਾ, ਕੱਪੜੇ ਧੋਣਾ, ਖਾਣਾ ਬਣਾਉਣਾ, ਨਿਆਣੇ ਸਾਂਭਣਾ, ਇਹ ਸਭ ਕੰਮ ਔਰਤ ਦੇ ਹਿੱਸੇ ਆਉਂਦੇ ਹਨ। ਮਰਦ ਦਾ ਨਾਸ਼ਤਾ ਤਿਆਰ ਮਿਲਣਾ ਚਾਹੀਦਾ ਹੈ, ਦੁਪਹਿਰ ਦਾ ਖਾਣਾ ਬਣ ਕੇ ਪੈਕ ਹੋ ਜਾਣਾ ਚਾਹੀਦਾ ਹੈ, ਉਸ ਦੇ ਕੱਪੜੇ ਇਸਤਰੀ ਹੋਏ ਹੋਣੇ ਚਾਹੀਦੇ ਹਨ; ਕਈ ਵਾਰ ਇਹ ਮਰਦ-ਹੁਕਮ ਸੁਣਾਏ ਜਾਂਦੇ ਹਨ ਅਤੇ ਕਈ ਵਾਰ ਜ਼ਿੰਦਗੀ ਦੀਆਂ ਮਜਬੂਰੀਆਂ ਕਾਰਨ ਔਰਤਾਂ ਖ਼ੁਦ ਹੀ ਅਜਿਹੇ ਕੰਮ ਕਰਨ ਦੇ ਸਮੇਂ ਅਤੇ ਤਰੀਕੇ ਆਤਮਸਾਤ ਕਰ ਲੈਂਦੀਆਂ ਹਨ। ਅਹਿਮ ਸਮੱਸਿਆ ਇਹ ਹੈ ਕਿ ਬਹੁਤੇ ਮਰਦ ਔਰਤਾਂ ਦੀ ਇਸ ਦੇਣ ਅਤੇ ਕੰਮ ਪ੍ਰਤੀ ਸੰਵੇਦਨਸ਼ੀਲ ਵੀ ਨਹੀਂ ਹਨ; ਉਹ ਮਰਦ ਪ੍ਰਧਾਨ ਸਮਝ ਦੁਆਰਾ ਨਿਸ਼ਚਿਤ ਕੀਤੇ ਗਏ ਸੋਚਣ ਦੇ ਤਰੀਕਿਆਂ ਅਨੁਸਾਰ ਇਹ ਸਮਝਦੇ ਹਨ ਕਿ ਇਹ ਸਭ ਕੰਮ ਕਰਨਾ ਔਰਤਾਂ ਦਾ ਫ਼ਰਜ਼ ਹੈ ਤੇ ਉਨ੍ਹਾਂ ਦਾ ਕੰਮ ਹੈ ਔਰਤਾਂ ਅਤੇ ਇਨ੍ਹਾਂ ਕੰਮਾਂ ’ਤੇ ਨਿਗਰਾਨੀ ਕਰਨਾ।

ਸਮੇਂ ਪੱਖੋਂ ਗ਼ਰੀਬੀ

ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਘਰ ਔਰਤ ਨਾਲ ਹੀ ਘਰ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਘਰ ਦੇ ਹਰ ਜੀਅ ਦੀ ਹਰ ਲੋੜ ਨੂੰ ਪੂਰੇ ਸਨੇਹ ਅਤੇ ਤਨਦੇਹੀ ਨਾਲ ਪੂਰਾ ਕਰਨਾ ਔਰਤ ਦੇ ਹਿੱਸੇ ਆਇਆ ਹੈ। ਘਰ ਦੇ ਸਾਰੇ ਜੀਅ ਹਰ ਤਰ੍ਹਾਂ ਦੇ ਕੰਮਕਾਜ ਅਤੇ ਭਾਵਾਤਮਕ ਸਹਾਰੇ ਲਈ ਔਰਤ ’ਤੇ ਨਿਰਭਰ ਕਰਦੇ ਹਨ। ਘਰ ਪਰਿਵਾਰ ਪ੍ਰਤੀ ਪਿਆਰ ਦੇ ਨਾਲ ਨਾਲ ਮਰਦ ਪ੍ਰਧਾਨ ਸਮਾਜਿਕ ਬਣਤਰ ਅਨੁਸਾਰ ਕੰਮ ਕਰਨਾ ਉਸ ਦੀ ਮਜਬੂਰੀ ਵੀ ਹੁੰਦਾ ਹੈ। ਔਰਤ ਸਭ ਦੇ ਕੰਮਾਂ ਲਈ ਹਰ ਹੀਲੇ ਸਮਾਂ ਕੱਢਦੀ ਹੈ, ਪਰ ਉਸ ਨੂੰ ਆਪਣੇ ਲਈ ਕਦੇ ਸਮਾਂ ਨਹੀਂ ਮਿਲਦਾ। ਇਸ ਪੱਖੋਂ ਉਹ ਸਮੇਂ ਦੀ ਗ਼ਰੀਬੀ ਵੀ ਹੰਢਾਉਂਦੀ ਹੈ। ਰਚਨਾਤਮਕ ਕਾਰਜ ਤਾਂ ਇਕ ਪਾਸੇ, ਉਸ ਨੂੰ ਬਿਮਾਰ ਹੋਣ ’ਤੇ ਵੀ ਕਈ ਵਾਰ ਆਰਾਮ ਕਰਨ ਲਈ ਸਮਾਂ ਨਹੀਂ ਮਿਲਦਾ। ਜੇਕਰ ਉਹ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਕੁਝ ਸਮਾਂ ਆਪਣੇ ਲਈ ‘ਚੁਰਾ’ ਵੀ ਲੈਂਦੀ ਹੈ ਤਾਂ ਉਹ ਸਮਾਜ ਦੇ ਤੈਅ ਨਿਯਮਾਂ ਮੁਤਾਬਿਕ ਚੰਗੀ ਧੀ, ਚੰਗੀ ਪਤਨੀ, ਚੰਗੀ ਨੂੰਹ ਜਾਂ ਚੰਗੀ ਮਾਂ ਸਾਬਿਤ ਹੋਣ ’ਚ ਉੱਕ ਜਾਣ ਲਈ ਅਪਰਾਧ ਬੋਧ ਮਹਿਸੂਸ ਕਰਦੀ ਹੈ। ਜੇਕਰ ਉਹ ਮਹਿਸੂਸ ਨਾ ਵੀ ਕਰਨਾ ਚਾਹੇ ਤਾਂ ਉਸ ਨੂੰ ਜ਼ਿੰਮੇਵਾਰੀਆਂ ਨਿਭਾਉਣ ਵਿਚ ਫਾਡੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।

ਔਰਤ ਦਾ ਕੰਮ

ਮਾਇਆ ਏਂਜਲੋ

ਮੈਂ ਬੱਚਿਆਂ ਨੂੰ ਸੰਭਾਲਣਾ ਏ

ਕੁੜਤਿਆਂ ਨੂੰ ਟਾਕੀਆਂ ਲਾਉਣੀਆਂ ਤੇ

ਪੋਚੇ ਮਾਰਨੇ ਨੇ

ਸਬਜ਼ੀ-ਭਾਜੀ ਲਿਆਉਣੀ ਏ

ਬਾਲਾਂ ਨੂੰ ਨੁਹਾਉਣਾ-ਧੋਣਾ

ਤੇ ਉਨ੍ਹਾਂ ਦੀਆਂ ਕਲਮਾਂ ਘੜਨੀਆਂ ਨੇ

ਕਿਆਰੀਆਂ ਗੋਡਣੀਆਂ ਤੇ

ਕੱਪੜੇ ਇਸਤਰੀ ਕਰਨੇ ਨੇ

ਇਹ ਕੁੱਲੀ ਲਿਸ਼ਕਾਉਣੀ ਏ

ਬਿਮਾਰਾਂ ਦੀ ਤੀਮਾਰਦਾਰੀ ਕਰਨੀ

ਤੇ ਕਪਾਹ ਚੁਗਣੀ ਏ।

ਐ ਤੂਫ਼ਾਨ, ਆਪਣੀ ਬੇਹੱਦ ਤੇਜ਼ ਹਵਾ ਨਾਲ

ਮੈਨੂੰ ਉਡਾ ਕੇ ਲੈ ਜਾ

ਕਿ ਫਿਰ ਆਰਾਮ ਕਰ ਸਕਣ ਤੱਕ

ਮੈਂ ਉੱਡਦੀ ਰਹਾਂ, ਨੀਲੇ ਅੰਬਰਾਂ ’ਚ

ਬਰਫ਼ ਦੇ ਫੰਬਿਓ, ਹੌਲੀ ਹੌਲੀ ਡਿੱਗੋ

ਮੈਨੂੰ ਕੱਜ ਦਿਓ, ਠੰਢੀ ਚਿੱਟੀ ਚਾਦਰ ਨਾਲ

ਅੱਜ ਦੀ ਰਾਤ, ਮੈਨੂੰ, ਆਰਾਮ ਕਰਨ ਦਿਓ

ਨਾਰ

ਸ਼ਕੁੰਤਲਾ ਤਲਵਾੜ

ਮੱਥਾ ਚੁੰਮ ਚੁੰਮ ਉਠਾਉਂਦੀ

ਸੁੱਤਿਆਂ ਪਿਆਂ ਦੇ ਮੂੰਹਾਂ ਨੂੰ

ਦੁੱਧ ਦਾ ਗਿਲਾਸ ਲਾਉਂਦੀ

ਪਲੋਸ ਪਲੋਸ ਗੋਦੀ ’ਚ ਬਿਠਾਉਂਦੀ

ਉਹ ਸਿਰਫ਼ ਮਾਂ ਹੁੰਦੀ

ਰਸੋਈ ’ਚ ਬੈਠ

ਰੋਟੀ-ਟੁੱਕਰ ਕਰਦੀ

ਸਬਜ਼ੀ ਭਾਜੀ ਨੂੰ

ਸੁਆਦ ਦਾ ਤੜਕਾ ਲਾ

ਥਾਲੀਆਂ ਪਰੋਸਦੀ

ਉਹ ਰਸੋਈਆ ਹੋ ਜਾਂਦੀ

ਉਹਦੀ ਪਸੰਦ ਨਾਪਸੰਦ ਨੂੰ ਅਪਣਾਅ

ਨਿੱਕੀਆਂ-ਵੱਡੀਆਂ ਲੋੜਾਂ ਪੂਰਦੀ

ਸੁੱਖ-ਦੁੱਖ ਵਿਚ ਨਾਲ ਖੜੋਂਦੀ

ਉਹਦੇ ਦਿਨ ਨੂੰ ਸੁਖਾਲਾ

ਤੇ ਰਾਤਾਂ ਨੂੰ ਆਰਾਮਦਾਇਕ ਬਣਾਉਂਦੀ

ਉਹ ਪੂਰੀ ਦੀ ਪੂਰੀ ਪਤਨੀ ਹੁੰਦੀ

ਸਭ ਕੁਝ ਹੋ ਜਾਣ ਦੀ

ਸਮਰੱਥ

ਇਹ ਨਾਰ

ਸਿਰਫ਼ ਨਾਰ ਕਦੋਂ ਹੁੰਦੀ

ਉਚੇਰੀ ਕਲਾ

ਜੂਲੀਆ ਅਲਵਰੇਜ਼

ਕੌਣ ਕਹਿੰਦਾ ਏ

ਕਿ ਔਰਤ ਦਾ ਕੰਮ ਉਚੇਰੀ ਕਲਾ ਨਹੀਂ

ਉਹ ਤਾਂ ਗੁਸਲਖਾਨਿਆਂ ਦੀਆਂ ਟਾਈਲਾਂ ਰਗੜਦਿਆਂ ਵੀ

ਆਪਣੇ ਆਪ ਨੂੰ ਵੰਗਾਰਦੀ ਏ

ਵੰਗਾਰਦੀ ਏ ਦਿਸਹੱਦਿਆਂ ਨੂੰ

ਘਰ ਨੂੰ ਏਦਾਂ ਸਜਾ ਕੇ ਰੱਖਦੀ ਏ

ਜਿਵੇਂ ਇਸ ਦਾ ਸਿਰਨਾਵਾਂ

ਤੁਹਾਡਾ ਦਿਲ ਹੋਵੇ

ਇਕ ਕੰਮਕਾਜੀ ਔਰਤ ਦੀ ਕਵਿਤਾ

ਨੀਤੂ ਅਰੋੜਾ

ਬੌਸ ਗੁੱਸੇ ਵਿਚ ਹੈ

ਪਤੀ ਉਦਾਸ

ਬੱਚੇ ਨਰਾਜ਼

ਤੇ ਗੁਰੂਦੇਵ ਨਿਰਾਸ਼

ਮੈਂ ਇਕ ਕੰਮਕਾਜੀ ਔਰਤ ਹਾਂ

ਅਲਾਰਮ ਤੋਂ ਪਹਿਲਾਂ ਹੀ ਜਾਗ ਜਾਂਦੀ ਹਾਂ ਮੈਂ

ਬਸ ਇਹੋ ਜਿਹਾ ਹੀ ਸੌਂਦੀ ਹਾਂ

ਜਦੋਂ  ਮੇਰਾ ਘਰ  ਘੂਕ ਸੁੱਤਾ ਹੁੰਦਾ

ਮੈਂ ਪੇੜੇ ਗਿਣ ਰਹੀ ਹੁੰਦੀ ਹਾਂ

ਤਵੇ ਦੇ ਤਪਣ ਦਾ ਇੰਤਜ਼ਾਰ ਕਰਦਿਆਂ

ਪਾਣੀ ਦੀਆਂ ਬੋਤਲਾਂ ਭਰਦਿਆਂ

ਸਭਨਾ ਦੇ ਟਿਫਨ ਪੈਕ ਕਰਦਿਆਂ

ਅਕਸਰ ਆਪਣਾ ਆਪ ਅਣਪੈਕ ਕਰ ਬੈਠਦੀ ਹਾਂ-

ਗੁਆਚ ਜਾਂਦੀ ਹਾਂ

ਮੁਹੱਬਤ ਅਤੇ ਸਾਥ ਦੇ ਵਾਅਦਿਆਂ ਵਿਚ

ਫਿਰ ਘੜੀ ਦੀਆਂ ਸੂਈਆਂ ਨਾਲ

ਸਮੇਟ ਲੈਂਦੀ ਹਾਂ

ਖਿਲਰੇ ਸੁਪਨੇ

ਤੇ ਤੇਜ਼ ਚਾਲ ਤੁਰਦਿਆਂ ਵੀ

ਸਭ ਤੋਂ ਅਖੀਰ ਤੇ ਪਹੁੰਚਦੀ ਹਾਂ

ਹਾਜ਼ਰੀ ਰਜਿਸਟਰ ਤਕ

ਕੁਲੀਗ ਮੁਸਕੜੀਏਂ ਹਸਦੈ

ਬੌਸ ਘੜੀ ਵੱਲ ਤੱਕਦੈ

ਔਖਾ ਜਿਹਾ ਦਿੰਦੈ  ਮੇਰੀ ਵਿਸ਼ ਦਾ ਜੁਆਬ

ਤੇ ਮੈਂ ਇਕ ਜਮਾਤ ਤੋਂ ਦੂਜੀ ਜਮਾਤ

ਵਾਹੋ ਦਾਹੀ ਭੱਜੀ ਫਿਰਦੀ ਹਾਂ

ਵਾਰ ਵਾਰ ਦੇਖਦੀ ਹਾਂ

ਘੜੀ ਦੀਆਂ ਸੂਈਆਂ ਵੱਲ

ਛੁੱਟੀ ਦੇ ਇੰਤਜ਼ਾਰ ਵਿਚ ਨਹੀਂ

ਅਗਲੀ ਡਿਊਟੀ ਦੇ ਹਾਜ਼ਰੀ ਰਜਿਸਟਰ ਤੱਕ

ਸਮੇਂ ਸਿਰ ਪਹੁੰਚ ਜਾਣ ਲਈ

ਜੋ ਮੇਰੇ ਘਰ ਦੀ ਦਹਿਲੀਜ਼ ਉਤੇ ਹਮੇਸ਼ਾਂ ਟਿਕਿਆ ਰਹਿੰਦਾ

ਇਸ ਬੌਸ ਨੂੰ ਨਿਰਾਸ਼ ਕਰਨਾ ਹੋਰ ਵੀ ਔਖੈ

ਇਹ ਸਿਰਫ਼ ਨਾਰਾਜ਼ ਨਹੀਂ ਹੁੰਦਾ

ਉਦਾਸ ਵੀ ਹੁੰਦਾ ਹੈ

ਜਮਾਤਾਂ ਵਿਚ ਭੱਜਦਿਆਂ

ਘਰ ਆ ਬੱਚਿਆਂ ਨਾਲ ਨਿਪਟਦਿਆਂ

ਬੈਡਾਂ ਸੋਫਿਆਂ ਉਤੇ ਪਏ ਕੱਪੜੇ ਚੱਕਦਿਆਂ

ਤਣੀਆਂ ਉਤੋਂ ਕੱਪੜੇ ਲਾਹੁੰਦਿਆਂ

ਪ੍ਰੈਸ ਕਰਦਿਆਂ

ਸ਼ਾਮ ਲਈ ਸਬਜ਼ੀ ਦਾ ਪ੍ਰਬੰਧ ਕਰਦਿਆਂ

ਆਟਾ ਗੁੰਨ੍ਹਦਿਆਂ

ਰੋਟੀ ਪਕਾਉਂਦਿਆਂ

ਪਿੱਠ ਦਰਦ ਹੋਣ ਲਗਦੀ ਹੈ

ਉਹ ਸੋਚਦੈ

ਗਰਮ ਦੁੱਧ ਦਾ ਗਲਾਸ ਫੜਾਉਣਾ ਵੀ

ਇਸਨੂੰ ਪਹਾੜ ਹੋ ਜਾਂਦੈ

ਚਾਰ ਪੈਸੇ ਜੋ ਕਮਾਉਂਦੀ ਹੈ

ਠੰਡੀਆਂ ਰੋਟੀਆਂ ਲਿਆ ਮਾਰਦੀ ਹੈ ਮੱਥੇ

ਤੇ ਅਕਸਰ ਪਿੱਠ ਕਰਕੇ ਸੌਂ ਜਾਂਦੈ

ਪਤੀ ਦੀ ਪਿੱਠ ਪਿੱਛੇ ਹੀ ਵਸਦਾ ਹੈ

ਇਕ ਕੰਮਕਾਜੀ ਔਰਤ ਦਾ

ਉਦਾਸ ਅਤੇ ਹਤਾਸ਼ ਸੰਸਾਰ

ਇਸੇ ਸੰਸਾਰ ਵਿਚ

ਅਚਾਨਕ ਗੁਰੂਦੇਵ ਦਾ ਫੋਨ ਆਉਂਦੈ

ਆਖਦੇ ਨੇ

ਤੂੰ ਡਾਢੀ ਸੁਸਤ ਹੋ ਗਈ ਹੈਂ

ਕੋਈ ਲੇਖ ਸਮੇਂ ਸਿਰ ਨਹੀਂ ਭੇਜਦੀ

ਪੱਕੀ ਜੋ ਹੋ ਗਈ ਹੈਂ

ਬੰਦਾ ਪੱਕਾ ਹੋ ਕੇ ਇੰਜ ਹੀ ਹੋ ਜਾਂਦੈ

ਤੇ ਮੇਰੀਆਂ ਅੱਖਾਂ ਭਰ ਆਉਂਦੀਆਂ

ਸੋਚਣ ਲਗਦੀ ਹਾਂ

ਇਸ ਧਰਤੀ ਦਾ ਉਹ ਕਿਹੜਾ ਚੱਪਾ ਹੈ

ਜਿਸ ਤੇ ਪੱਕੀ ਹਾਂ ਮੈਂ

ਘਰ ਅਤੇ ਦਫਤਰ ਨੂੰ ਮੇਰੇ ਤੋਂ ਕਿੰਨੀਆਂ ਸ਼ਿਕਾਇਤਾਂ ਹਨ

ਸੋਚਦੀ ਹਾਂ

ਇਕ ਛੱਡ ਹੀ ਦੇਵਾਂ

ਤੇ ਮੈਂ ਅੱਜਕੱਲ੍ਹ ਘਰ ਛੱਡਣ ਬਾਰੇ ਸੋਚਦੀ ਹਾਂ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All