ਭਗਤ ਰਵਿਦਾਸ ਦੀ ਇਤਿਹਾਸਕ ਭੂਮਿਕਾ

ਭਗਤ ਰਵਿਦਾਸ ਦੀ ਇਤਿਹਾਸਕ ਭੂਮਿਕਾ

ਦਰਸ਼ਨ ਕੌਰ ਭੀਖੀ

ਭਾਰਤ ਨੂੰ ਗੁਰੂਆਂ, ਭਗਤਾਂ, ਸੰਤਾਂ ਅਤੇ ਮਹਾਂਪੁਰਸ਼ਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਹਰੇਕ ਪ੍ਰਾਂਤ ਤੇ ਖਿੱਤੇ ਵਿੱਚ ਸਮੇਂ-ਸਮੇਂ ’ਤੇ ਕਈ ਮਹਾਂਪੁਰਸ਼ਾਂ ਨੇ ਜਨਮ ਲਿਆ, ਜਿਨ੍ਹਾਂ ਨੇ ਕੁਰਾਹੇ ਪਏ ਸਮਾਜ ਨੂੰ ਸੇਧ ਦਿੱਤੀ। ਇਨ੍ਹਾਂ ਮਹਾਂਪੁਰਸ਼ਾਂ ਵਿੱਚ ਭਗਤ ਰਵਿਦਾਸ ਦਾ ਅਹਿਮ ਸਥਾਨ ਹੈ।

ਭਗਤ ਰਵਿਦਾਸ ਦੇ ਜਨਮ ਸਥਾਨ ਅਤੇ ਤਰੀਕ ਬਾਰੇ ਖੋਜ ਜਗਤ ਵਿੱਚ ਅਜੇ ਵੀ ਪੂਰੀ ਤਰ੍ਹਾਂ ਸਪੱਸ਼ਟਤਾ ਨਹੀਂ ਹੈ। ਡਾ. ਹਰਨੇਕ ਸਿੰਘ ਕਲੇਰ ਦੇ ਸ਼ੋਧ-ਪ੍ਰਬੰਧ ਵਿੱਚ ਭਗਤ ਰਵਿਦਾਸ ਦੇ ਜੀਵਨ ਸਬੰਧੀ ਅੰਦਰਲੀ ਗਵਾਹੀ ਤੇ ਬਾਹਰਲੀ ਗਵਾਹੀ ਪੇਸ਼ ਕੀਤੀ ਗਈ ਹੈ। ਅੰਦਰਲੀ ਗਵਾਹੀ ਅਨੁਸਾਰ ਭਗਤ ਰਵਿਦਾਸ ਦੇ ਜੀਵਨ ਸਬੰਧੀ ਸਭ ਤੋਂ ਮੁਢਲੇ ਅਤੇ ਪ੍ਰਮਾਣਿਕ ਸਰੋਤ ਉਨ੍ਹਾਂ ਦੀ ਆਪਣੀ ਬਾਣੀ ਹੈ, ਜਿਸ ਤਹਿਤ ਉਨ੍ਹਾਂ ਦਾ ਜਨਮ 1376ਈ. ਵਿੱਚ ਪਿਤਾ ਰਘੂ ਰਾਇ ਤੇ ਮਾਤਾ ਕਰਮਾ ਦੇਵੀ ਦੇ ਘਰ ਹੋਇਆ। ਉਨ੍ਹਾਂ ਦੀ ਬਾਣੀ ’ਚੋਂ ਇਹ ਪੁਸ਼ਟੀ ਹੁੰਦੀ ਹੈ ਕਿ ਉਹ ਬਨਾਰਸ ਦੇ ਆਸ-ਪਾਸ ਮਰੇ ਹੋਏ ਢੋਰ ਢੋਣ ਤੇ ਉਨ੍ਹਾਂ ਨੂੰ ਸਮੇਟਣ ਦਾ ਕੰਮ ਕਰਦੇ ਸਨ। ਇਤਿਹਾਸਕ ਤੇ ਸ਼ੋਧਪੂਰਨ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਦਾ ਜਨਮ ਸੰਮਤ ਮਾਘ ਸੁਦੀ ਪੰਦਰਾਂ 1433 ਬਿਕਰਮੀ ਸੰਮਤ (25 ਜਨਵਰੀ 1376-77) ਦਿਨ ਐਤਵਾਰ ਨੂੰ ਹੋਇਆ। ਉਨ੍ਹਾਂ ਨੂੰ ਭਗਤ ਰਾਮਾਨੰਦ ਦਾ ਪ੍ਰਮੁੱਖ ਚੇਲਾ ਮੰਨਿਆ ਗਿਆ ਹੈ। ਉਹ ਬਚਪਨ ਤੋਂ ਹੀ ਮਹਾਂਪੁਰਖਾਂ ਦੀ ਸੇਵਾ ਅਤੇ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ। ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕਥਾਵਾਂ ਤੋਂ ਉਨ੍ਹਾਂ ਦੀ ਨਿਰਲੇਪਤਾ ਦਾ ਪਤਾ ਲੱਗਦਾ ਹੈ। ਉਨ੍ਹਾਂ ਅਧਿਆਤਮਿਕ ਪ੍ਰਾਪਤੀਆਂ ਕਰਕੇ ਅਦੁੱਤੀ ਵਡਿਆਈ ਪ੍ਰਾਪਤ ਕੀਤੀ। ਵਰਣ-ਵੰਡ ਦੇ ਸਮਰਥਕ ਬ੍ਰਾਹਮਣੀ ਸਮਾਜ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ।

ਭਗਤ ਰਵਿਦਾਸ ਦੇ ਵਿਅਕਤੀਤਵ ਬਹੁਪੱਖੀ ਮੰਨਿਆ ਗਿਆ ਹੈ। ਉਹ ਸੱਚ ਦੇ ਉਪਾਸਕ, ਜਾਤ-ਪਾਤ ਵਿਰੋਧੀ, ਸਾਦਗੀ ਦੇ ਪੁੰਜ, ਕਰਮ ਨੂੰ ਹੀ ਧਰਮ ਮੰਨਣ ਵਾਲੇ ਅਤੇ ਨਿਮਰਤਾ ਦੇ ਪ੍ਰਤੀਕ ਸਨ। ਉਹ ਧਾਰਮਿਕ ਵਿਚਾਰਧਾਰਾ ਤੇ ਆਦਰਸ਼ ਦੇ ਪੱਕੇ ਸਨ। ਭਗਤ ਰਵਿਦਾਸ ਦੇ 40 ਪਦ (ਸ਼ਬਦ) ਅਤੇ ਇੱਕ ਦੋਹਾ (ਸਾਖੀ) ਜਾਂ ਸਲੋਕ ਆਦਿ ਗ੍ਰੰਥ ਵਿਚ ਦਰਜ ਹਨ। ਇਹ ਸਾਰੇ ਸ਼ਬਦ ਸੋਲਾਂ ਰਾਗਾਂ ਵਿੱਚ ਅੰਕਿਤ ਹਨ। ਇਹ ਰਾਗ ਇਸ ਤਰ੍ਹਾਂ ਹਨ: ਸਿਰੀ, ਗਾਉੜੀ, ਆਸਾ, ਗੁਜਰੀ, ਸੋਰਠਿ, ਧਨਾਸਰੀ, ਜੈਤਸਰੀ, ਸੂਹੀ, ਬਿਲਾਵਲ, ਗੌਡ, ਰਾਮਕਲੀ, ਮਾਰੂ, ਕੇਦਾਰਾ, ਭੈਰਓ, ਬਸੰਤ ਅਤੇ ਮਲ੍ਹਾਰ। ਭਗਤ ਰਵਿਦਾਸ ਦੀ ਰਚਨਾ ਕਾਵਿ-ਗੁਣਾਂ ਨਾਲ ਭਰਪੂਰ ਹੈ। ਉਹ ਪ੍ਰਮਾਤਮਾ ਨੂੰ ਕਣ-ਕਣ ਵਿੱਚ ਅਨੁਭਵ ਕਰਦੇ ਸਨ।

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥

ਕਨਕ ਕਟਿਕ ਜਲ ਤਰੰਗ ਜੈਸਾ॥

ਉਹ ਪਰਮਾਤਮਾ ਨੂੰ ਸਰਵ-ਉੱਚ ਮੰਨਦੇ ਸਨ। ਉਨ੍ਹਾਂ ਅਨੁਸਾਰ ਜੀਵ ਰੂਪੀ ਪੰਛੀ ਹੱਡ-ਮਾਸ ਦੇ ਪਿੰਜਰੇ ਵਿੱਚ ਨਿਵਾਸ ਕਰਦਾ ਹੈ।

ਜਲ ਕੇ ਭੀਤਿ ਪਵਨ ਦਾ ਥੰਭਾ ਰਕਤ ਬੁੰਦ ਕਾ ਗਾਰਾ॥

ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥

ਮਨੁੱਖੀ ਦੇਹੀ ਕੀਮਤੀ ਦਾਤ ਹੈ, ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਭਗਤ ਰਵਿਦਾਸ ਦਾ ਫੁਰਮਾਨ ਹੈ:

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥

ਉਨ੍ਹਾਂ ਦੀ ਬਾਣੀ ਵਿੱਚ ਲਿਖਿਆ ਹੈ ਕਿ ਹਿਰਨ, ਮੱਛੀ, ਪਤੰਗੇ ਅਤੇ ਹਾਥੀ ਨੂੰ ਇੱਕ-ਇੱਕ ਵਿਕਾਰ ਕਰਕੇ ਮਰਨਾ ਪੈਂਦਾ ਹੈ ਪਰ ਮਨੁੱਖ ਵਿੱਚ ਤਾਂ ਪੰਜ (ਕਾਮ, ਕਰੋਧ, ਲੋਭ, ਮੋਹ, ਹੰਕਾਰ) ਵਿਕਾਰ ਹਨ। ਉਸ ਕਾ ਕੀ ਹਸ਼ਰ ਹੋਵੇਗਾ? ਮਾਇਆ ਦੇ ਪ੍ਰਭਾਵ ਕਾਰਨ ਮਨੁੱਖ ਚੰਚਲ ਮਨ ਦੇ ਪਿੱਛੇ ਹੀ ਲੱਗ ਜਾਂਦਾ ਹੈ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥

ਜਬ ਕਛੁ ਪਾਵੈ ਗਰਬੁ ਕਰਤੁ ਹੈ॥

ਮਾਇਆ ਗਈ ਤਬ ਰੋਵਨੁ ਲਗਤੁ ਹੈ॥

ਜਿਉਂਦੇ ਜੀਅ ਮਨੁੱਖ ਨੂੰ ਪਰਿਵਾਰ, ਰਿਸ਼ਤੇਦਾਰ ਤੇ ਸਮਾਜ ਆਪਣਾ-ਆਪਣਾ ਕਹਿੰਦੇ ਹਨ ਪਰ ਸੱਚ ਇਹ ਹੈ ਕਿ ਜਦ ਮਨੁੱਖ ਮਰ ਜਾਂਦਾ ਹੈ ਤਾਂ ਸਕੇ ਸਬੰਧੀ ਉਸ ਦੀ ਲਾਸ਼ ਤੋਂ ਵੀ ਨਫ਼ਰਤ ਕਰਦੇ ਹਨ ਤੇ ਦੂਰ ਭੱਜਦੇ ਹਨ।

ਘਰ ਕੀ ਨਾਰਿ ਉਰਹਿ ਤਨ ਲਾਗੀ॥

ਉਹ ਤਉ ਭੂਤੁ ਭੂਤੁ ਕਰਿ ਭਾਗੀ॥

ਭਗਤ ਰਵਿਦਾਸ ਦੀ ਨੇ ਜਗਤ ਨੂੰ ਮਿੱਖਿਆ ਮੰਨਿਆ ਹੈ। ਭਗਤ ਜੀ ਨੇ ਮਨੁੱਖੀ ਜਗਤ ਦੀ ਤੁਲਨਾ ਕਸੁੰਭੇ ਦੇ ਫੁੱਲ ਨਾਲ ਕੀਤੀ ਹੈ।

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥

ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥

ਅੰਤ ਵਿਚ ਭਗਤ ਰਵਿਦਾਸ ਨੇ ਸਦਗੁਣਾਂ ਨੂੰ ਧਾਰਨ ਕਰਨ ਲਈ ਕਿਹਾ ਹੈ ਤੇ ਔਗੁਣਾਂ ਨੂੰ ਛੱਡਣ ਲਈ ਕਿਹਾ ਹੈ। ਉਨ੍ਹਾਂ ਨੇ ਨਾਮ ਸਿਮਰਨ, ਸਤਿਸੰਗ ਤੇ ਗੁਰੂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। ਨਿੰਦਿਆ, ਪਾਪ ਤੇ ਹਉਮੈਂ ਦਾ ਤਿਆਗ ਕਰਨ ਨੂੰ ਕਿਹਾ ਹੈ। ਭਗਤ ਰਵਿਦਾਸ ਦਾ ਨਿਰਵਾਣ ਸੰਮਤ ਚੇਤ ਵਦੀ ਚਤੁਰਸੀ ਕ੍ਰਿਸ਼ਨ ਪੱਥ 1534 ਬਿਕਰਮੀ ਸੰਮਤ ਦਿਨ ਸ਼ੁੱਕਰਵਾਰ ਵਧੇਰੇ ਪ੍ਰਮਾਣਿਕ ਤੇ ਸਹੀ ਮੰਨਿਆ ਗਿਆ ਹੈ। ਉਹ ਕਾਸ਼ੀ ਮੰਦਰ ਵਿੱਚ ਜੋਤੀ ਜੋਤ ਸਮਾਏ। ਇੱਥੇ ਇੱਕ ਚਬੂਤਰੇ ਦੇ ਰੂਪ ਵਿੱਚ ਉਨ੍ਹਾਂ ਦੀ ਸਮਾਧੀ ਬਣੀ ਹੋਈ ਹੈ। ਅਜੋਕੇ ਸਮਾਜ ਵਿੱਚ ਭਗਤ ਰਵਿਦਾਸ ਦੇ ਵਿਚਾਰਾਂ ਨੂੰ ਗ੍ਰਹਿਣ ਕਰਦਿਆਂ ਸੇਧ ਪ੍ਰਾਪਤ ਕਰਨੀ ਜ਼ਰੂਰੀ ਹੈ ਅਤੇ ਭਗਤ ਜੀ ਦੀ ਬਾਣੀ ਅਨੁਸਾਰ ਸਮਾਜਿਕ ਤਬਦੀਲੀ ਲਈ ਯਤਨਸ਼ੀਲ ਵੀ ਹੋਣਾ ਚਾਹੀਦਾ ਹੈ।
ਸੰਪਰਕ: 98884-90481

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All