ਵਾਰਿਸ ਸ਼ਾਹ ਦੀ ਹੀਰ : The Tribune India

ਵਾਰਿਸ ਸ਼ਾਹ ਦੀ ਹੀਰ

ਵਾਰਿਸ ਸ਼ਾਹ ਦੀ ਹੀਰ

ਅਮਰਜੀਤ ਸਿੰਘ ਹੇਅਰ

ਇਸ ਵਰ੍ਹੇ ਵਾਰਿਸ਼ ਸ਼ਾਹ ਦੀ ਤੀਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਬਹਾਨੇ ਉਸ ਦੇ ਸ਼ਾਹਕਾਰ ਹੀਰ ਦੇ ਕਿੱਸੇ ਦੀ ਵੀ ਕਾਫ਼ੀ ਚਰਚਾ ਹੋ ਰਹੀ ਹੈ। ਪੰਜਾਬ ਦੀ ਸਾਰੀਆਂ ਪਿਆਰ ਕਹਾਣੀਆਂ ਵਿਚ ਨਾਇਕਾਵਾਂ ਦਾ ਨਾਂ ਪਹਿਲਾਂ ਆਉਂਦਾ ਹੈ, ਜਿਵੇਂ ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਵਾਲ ਅਤੇ ਬਾਲੋ-ਮਾਹੀਆ। ਦਰਅਸਲ, ਇਹ ਨਾਇਕਾਵਾਂ ਉਨ੍ਹਾਂ ਕਿੱਸਿਆਂ ਦੇ ਨਾਇਕਾਂ ਨਾਲੋਂ ਜ਼ਿਆਦਾ ਦਲੇਰ ਅਤੇ ਕੁਰਬਾਨੀ ਦੇਣ ਵਿੱਚ ਮੂਹਰੇ ਸਨ। ਹੀਰ ਇਨ੍ਹਾਂ ਵਿੱਚੋਂ ਸ਼ਾਇਦ ਸਭ ਤੋਂ ਸਿਰਕੱਢ ਹੈ।

ਵਾਰਿਸ ਦੇ ਕਿੱਸੇ ਨੂੰ ਵੀ ਆਮ ਲੋਕੀਂ ਹੀਰ ਦਾ ਕਿੱਸਾ ਹੀ ਕਹਿੰਦੇ ਹਨ ਹੀਰ-ਰਾਂਝੇ ਦਾ ਨਹੀਂ। ਇਹ ਸਹੀ ਹੀ ਹੈ। ਰਾਂਝਾ ਸੁਨੱਖਾ ਗੱਭਰੂ ਸੀ ਪਰ ਫ਼ੈਸਲੇ ਕਰਨ ਵਿੱਚ ਹੀਰ ਹੀ ਪਹਿਲ ਕਰਦੀ ਸੀ। ਭਾਬੀਆਂ ਦੇ ਮਿਹਣੇ ਸੁਣ ਕੇ ਧੀਦੋ, ਹੀਰ ਨੂੰ ਲਿਆਉਣ ਦੇ ਅਰਮਾਨ ਨਾਲ ਰੰਗਪੁਰ ਆਇਆ ਤੇ ਝਨਾਂ (ਚਨਾਬ) ਪਾਰ ਕਰ ਕੇ ਹੀਰ ਦੇ ਬੇਲੇ ਵਿੱਚ ਪਏ ਪਲੰਘ ’ਤੇ ਜਾ ਸੁੱਤਾ। ਜਦ ਹੀਰ ਸੱਠ ਸਹੇਲੀਆਂ ਨਾਲ ਸੈਰ ਕਰਨ ਆਈ ਤਾਂ ਇਕ ਅਜਨਬੀ ਨੂੰ ਆਪਣੇ ਪਲੰਘ ’ਤੇ ਪਿਆ ਦੇਖ ਕੇ ਲੋਹੀ ਲਾਖੀ ਹੋ ਗਈ ਅਤੇ ਛਮਕ ਲੈ ਕੇ ਧੀਦੋ ਨੂੰ ਝੰਭਣ ਲੱਗ ਗਈ। ਧੀਦੋ ਉੱਭੜ ਬੜਾ ਕੇ ਉੱਠਿਆ ਅਤੇ ਕਹਿਰਵਾਨ ਹਸੀਨਾ ਨੂੰ ਵੇਖ ਕੇ ਬੋਲਿਆ “ਵਾਹ ਸਜਨ”। ਹੀਰ ਉਸ ਦਾ ਸੋਹਣਾ ਮੁਖੜਾ ਅਤੇ ਮਿੱਠਾ ਬੋਲ ਸੁਣ ਕੇ ਮੋਹਿਤ ਹੋ ਗਈ। ਇਕ ਤਰ੍ਹਾਂ ਇਹ ਪਹਿਲੀ ਤੱਕਣੀ ’ਤੇ ਹੀ ਪਿਆਰ ਹੋਣ ਦੀ ਉਦਾਹਰਣ ਹੈ।

ਹੀਰ ਦੇ ਮਾਪੇ ਚੰਗੇ ਚਾਕ ਦੀ ਭਾਲ ਵਿੱਚ ਸਨ। ਉਹ ਧੀਦੋ ਰਾਂਝੇ ਨੂੰ ਆਪਣੇ ਪਿਓ ਚੌਧਰੀ ਚੂਚਕ ਕੋਲ ਲੈ ਗਈ ਤੇ ਆਖਣ ਲੱਗੀ, “ਅੱਬਾ ਮੈਂ ਚਾਕ ਲਿਆਂਦਾ ਹੈ, ਇਹ ਅੱਛੇ ਅਮਲੇ ਦਾ ਹੈ ਅਤੇ ਆਪਣੀਆਂ ਮੱਝਾਂ ਨੂੰ ਬੜੀ ਜੁੰਮੇਵਾਰੀ ਨਾਲ ਸੰਭਾਲਿਆ ਕਰੇਗਾ।” ਉਸ ਦੇ ਅੱਬਾ ਨੇ ਉਸ ਦੀ ਗੱਲ ਦੀ ਮੋੜੀ ਨਾ ਅਤੇ ਰਾਂਝਾ ਤਖਤ ਹਜ਼ਾਰੇ ਦਾ ਸਹਿਜ਼ਾਦਾ, ਸਿਆਲਾਂ ਦਾ ਚਾਕ ਬਣ ਗਿਆ।

ਹੀਰ ਰਾਂਝੇ ਲਈ ਹਰ ਰੋਜ਼ ਬੇਲੇ ਵਿੱਚ ਚੂਰੀ ਕੁੱਟ ਕੇ ਲਿਜਾਂਦੀ ਅਤੇ ਉਹ ਦੋਵੇਂ ਉੱਥੇ ਪਿਆਰ ਦੀਆਂ ਮਿੱਠੀਆਂ ਗੱਲਾਂ ਕਰਦੇ ਰਹਿੰਦੇ। ਛੇਤੀ ਹੀ ਹੀਰ ਦੇ ਚਾਚੇ ਕੈਦੋਂ ਨੂੰ ਉਸ ਦੀ ਸੂਹ ਲੱਗ ਗਈ। ਉਸ ਨੇ ਉਸ ਦੇ ਮਾਪਿਆਂ ਅਤੇ ਭਰਾ ਨੂੰ ਇਸ ਸੰਬੰਧ ਬਾਰੇ ਦੱਸਿਆ। ਹੀਰ ਨੂੰ ਸਾਰਿਆਂ ਨੇ ਰੋਕਣ ਦਾ ਯਤਨ ਕੀਤਾ ਪਰ ਉਹ ਆਪਣੀ ਜ਼ਿੱਦ ’ਤੇ ਅੜੀ ਰਹੀ। ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਹੀਰ ਦਾ ਆਪਣੇ ਭਰਾ, ਮਾਪਿਆਂ, ਪੰਚਾਂ ਅਤੇ ਕਾਜ਼ੀ ਨਾਲ ਟਾਕਰਾ ਹੋਇਆ। ਉਹ ਹਰ ਇੱਕ ਨੂੰ ਰਾਂਝੇ ਨਾਲ ਆਪਣੇ ਇਸ਼ਕ ਨੂੰ ਸਹੀ ਦੱਸਦੀ ਰਹੀ। ਹੀਰ ਨੇ ਆਪਣੇ ਵੀਰ ਸੁਲਤਾਨ ਨੂੰ ਕਿਹਾ:

ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ

ਬੀਬਾ ਵਾਰ ਘੱਤੀ ਬਲਹਾਰੀਆਂ ਵੇ

ਵੈਨ ਪਏ ਦਰਿਆ ਨਾ ਕਦੀ ਮੁੜਦੇ

ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ

ਸਿਰ ਦਿਤਿਆਂ ਬਾਝ ਨਾ ਇਸ਼ਕ ਪੱਕੇ,

ਇਹ ਨਹੀਂ ਸੁਖਾਲੀਆਂ ਯਾਰੀਆਂ ਵੇ

ਜਦ ਹੀਰ ਦੀ ਅੰਮੀ ਮਲਕੀ ਹੀਰ ਨੂੰ ਰੋਕਦੀ ਹੈ:

ਚੂਚਕ ਬਾਪ ਦੇ ਰਾਜ ਨੂੰ ਲੀਕ ਲਾਇਆ ਕੀ ਫਾਇਦਾ ਮਾਪਿਆਂ ਤਾਵਨੇ ਦਾ

ਨੱਕ ਵੱਢ ਕੇ ਕੋੜਮਾਂ ਰਾਲਿਓ ਈ ਹੋਇਆ ਫਾਇਦਾ ਲਾਡ ਲਡਾਵਨੇ ਦਾ।

ਤਾਂ ਅੱਗੋਂ ਹੀਰ ਜਵਾਬ ਦਿੰਦੀ ਹੈ:

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ

ਨਹੀਂ ਛੇੜੀਏ ਰੱਬ ਦਿਆਂ ਆਸ਼ਕਾਂ ਨੂੰ ਜਿਨ੍ਹਾਂ ਕੱਪੜੇ ਖਾਕ ਦੇ ਵਿੱਚ ਰੰਗੇ

ਰਾਂਝੇ ਨੂੰ ਨਾ ਮਿਲਣ ਦੀ ਗੱਲ ਦਾ ਉੱਤਰ ਦਿੰਦਿਆਂ ਹੀਰ ਕਹਿੰਦੀ ਹੈ:

ਅੰਮਾ ਬਸ ਕਰ ਗਾਲ਼ੀਆਂ ਦੇ ਨਾਹੀਂ, ਗਾਲੀ ਦਿੱਤਿਆਂ ਵੱਡਾ ਪਾਪ ਆਵੇ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ

ਕੈਦੋਂ ਦੇ ਕਹਿਣ ’ਤੇ ਚੂਚਕ ਨੇ ਹੀਰ ਦਾ ਵਿਆਹ ਸੈਦੇ ਖੇੜੇ ਨਾਲ ਰੱਖ ਦਿੱਤਾ। ਹੀਰ ਨੇ ਨਿਕਾਹ ਤੋਂ ਇਨਕਾਰ ਕਰ ਦਿੱਤਾ ਤਾਂ ਕਾਜ਼ੀ ਨੇ ਉਸ ਨੂੰ ਸ਼ਰ੍ਹਾ ਦਾ ਵਾਸਤਾ ਪਾਇਆ ਅਤੇ ਦੋਜ਼ਖ ’ਚ ਜਲਨ ਦੀਆਂ ਧਮਕੀਆਂ ਦਿੱਤੀਆਂ। ਇਨ੍ਹਾਂ ਦਾ ਹੀਰ ਇਉਂ ਜਵਾਬ ਦਿੰਦੀ ਹੈ:

ਜਿਹੜੇ ਇਸ਼ਕ ਦੀ ਅੱਗ ਦੇ ਤਾਓ ਤੱਤੇ ਤਿਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਏ

ਜਿਨ੍ਹਾਂ ਇਕ ਦੇ ਨਾਓਂ ਤੇ ਸਿਦਕ ਬੱਧਾ ਉਨ੍ਹਾਂ ਫਿਕਰ ਅੰਦੇਸ਼ੜਾ ਕਾਸ ਦਾ ਏ

ਅੱਕ ਕੇ ਕਾਜ਼ੀ ਨੇ ਚੂਚਕ ਨੂੰ ਆਖਿਆ:

ਕਾਜ਼ੀ ਆਖਿਆ ਇਹਦੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ

ਲਿਆਉ ਪੜ੍ਹੋ ਨਿਕਾਹ ਮੂੰਹ ਬੰਨ੍ਹ ਇਸ ਦਾ ਕਿੱਸਾ ਕੋਈ ਫਸਾਦ ਗੁਜ਼ਾਰਦੀ ਹੈ

ਛੱਡ ਮਗਜ ਦਾ ਡੇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ

ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਤਾਰਦੀ ਹੈ

ਜਦ ਮਾਪਿਆਂ, ਕਾਜ਼ੀਆਂ ਮੱਲੋ-ਜ਼ੋਰੀ ਹੀਰ ਨੂੰ ਖੇੜਿਆਂ ਨਾਲ ਤੋਰ ਦਿੱਤਾ ਤਾਂ ਉਹ ਰਾਂਝੇ ਨੂੰ ਸੁਨੇਹਾ ਘੱਲਦੀ ਹੈ:

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋ ਫਕੀਰ ਤੈਂ ਆਵਣਾ ਏਂ

ਜਿੰਨੀ ਹੀਰ ਆਪਦੇ ਇਰਾਦੇ ਵਿੱਚ ਦ੍ਰਿੜ੍ਹ ਸੀ ਅਤੇ ਸ਼ਰ੍ਹੇਆਮ ਰਾਂਝੇ ਨਾਲ ਆਪਣੇ ਇਸ਼ਕ ਦਾ ਐਲਾਨ ਕਰਦੀ ਹੈ, ਉਹ ਦਲੇਰ ਹੀ ਨਹੀਂ, ਸੋਹਣੀ ਵੀ ਬਹੁਤ ਸੀ। ਸ਼ਾਇਰ ਉਸ ਦੇ ਹੁਸਨ ਨੂੰ ਇੰਝ ਬਿਆਨ ਕਰਦਾ ਹੈ:

ਹੋਂਠ ਸੁਰਖ ਯਕੂਤ ਜਿਉਂ ਲਾਲ ਚਮਕਣਾ,

ਠੋਡੀ ਸੇਬ ਵਲਾਇਤੀ ਸਾਰ ਵਿਚੋਂ

ਨੱਕ ਮਿਲਫ ਹੁਸੈਨੀ ਦਾ ਪਿਪਲਾ ਸੀ,

ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ

ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ

ਦਾਣੇ ਨਿਕਲੇ ਹੁਸਨ ਅਨਾਰ ਵਿਚੋਂ

ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ

ਕੱਦ ਸਰੂ ਬਹਿਸ਼ਤ ਗੁਲਜ਼ਾਰ ਵਿਚੋਂ

ਗਰਦਨ ਕੂੰਜ ਦੀ ਉਂਗਲੀਆਂ ਰਵਾਂ, ਫਲੀਆਂ

ਹੱਥ ਕੁਲਾੜੇ ਬਰਗ ਚਨਾਰ ਵਿਚੋਂ,

... ... ...

ਸ਼ਾਹ ਪਰੀ ਦੀ ਭੈਣ, ਪੰਜ ਫੂਲ ਰਾਣੀ

ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ

ਹੀਰ ਖ਼ੂਬਸੂਰਤੀ ਅਤੇ ਦਲੇਰੀ ਦੇ ਸੁਮੇਲ ਦੀ ਬੇਮਿਸਾਲ ਉਦਾਹਰਣ ਹੈ। ਅੱਜ ਵੀ ਜਦ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਹੀਰੀਏ ਕਹਿ ਕੇ ਬੁਲਾਉਂਦਾ ਹੈ ਤਾਂ ਹੀਰ ਨਾਲ ਤੁਲਨਾ ਕਰ ਕੇ ਉਸ ਦੀ ਤਾਰੀਫ਼ ਕਰਦਾ ਹੈ।

ਪੰਜਾਬੀ ਸੱਭਿਆਚਾਰ ਵਿਚ ਹੀਰ ਦੀ ਵਿਸ਼ੇਸ਼ ਥਾਂ ਹੈ। ਭਾਵੇਂ ਉਸ ਦਾ ਮਕਬਰਾ ਪੱਛਮੀ ਪੰਜਾਬ ਵਿੱਚ ਹੈ ਜਿੱਥੇ ਹਜ਼ਾਰਾਂ ਲੋਕ ਜ਼ਿਆਰਤ ਕਰਦੇ ਹਨ ਪਰ ਉਹ ਦੁਨੀਆਂ ਭਰ ਵਿੱਚ ਵਸਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ ਵਿਚ ਹਮੇਸ਼ਾ ਅਮਰ ਰਹੇਗੀ।
ਸੰਪਰਕ: 94170-06625

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All