ਲੋਕ ਪੀੜਾ ਦਾ ਕਹਾਣੀਕਾਰ ਗੁਰਚਰਨ ਚਾਹਲ ਭੀਖੀ

ਲੋਕ ਪੀੜਾ ਦਾ ਕਹਾਣੀਕਾਰ ਗੁਰਚਰਨ ਚਾਹਲ ਭੀਖੀ

ਡਾ. ਲਕਸ਼ਮੀ ਨਰਾਇਣ ਭੀਖੀ

ਭੀਖੀ (ਹੁਣ ਕਸਬੇ) ਦੀਆਂ ਤਿੰਨ ਸ਼ਖ਼ਸੀਅਤਾਂ ਬਹੁਤ ਪ੍ਰਸਿੱਧ ਹੋਈਆਂ। ਅੱਖਾਂ ਦੇ ਮਾਹਿਰ ਡਾ. ਆਤਮਾ ਰਾਮ, ਲੈਫ਼ਟੀਨੈਂਟ ਸ਼ਹੀਦ ਗੁਰਦੇਵ ਸਿੰਘ ਅਤੇ ਕਹਾਣੀਕਾਰ ਗੁਰਚਰਨ ਚਾਹਲ ਭੀਖੀ। ਜੇ.ਬੀ.ਟੀ. ਕਰਨ ਉਪਰੰਤ ਬੇਰੁਜ਼ਗਾਰੀ ਕਾਰਨ ਭੀਖੀ ਨੇ ਜਦ ਚਾਂਦੀ ਰਾਮ ਦੇ ਚੁਬਾਰੇ ’ਚ ਹੈਪੀ ਮਾਡਲ ਸਕੂਲ ਖੋਲ੍ਹਿਆ, ਤਦ ਗ਼ਰੀਬ ਬੱਚਿਆਂ ਨੂੰ ਉਸ ਨੇ ਮੁਫ਼ਤ ਪੜ੍ਹਾਇਆ। ਭੀਖੀ ’ਚ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਮਾਡਲ ਸਕੂਲ ਖੋਲ੍ਹਣ ਦਾ ਮੁੱਢ ਗੁਰਚਰਨ ਚਾਹਲ ਭੀਖੀ ਨੇ ਬੰਨ੍ਹਿਆ ਸੀ।

ਭੀਖੀ ਦੀਆਂ ਦੋਸਤੀਆਂ ਦਾ ਦਾਇਰਾ ਬਹੁਤ ਵਿਸ਼ਾਲ ਸੀ। ਸਿੱਧੂ ਦਮਦਮੀ, ਲੋਕ ਸੰਪਰਕ ਵਿਭਾਗ ਵੱਲੋਂ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਫ਼ਿਲਮਾਂ ਦਿਖਾਉਂਦਾ। ਜਦ ਕਦੇ ਉਨ੍ਹਾਂ ਦੀ ਟੀਮ ਪਿੰਡ ’ਚ ਨਾਟਕਾਂ ਦਾ ਮੰਚਨ ਕਰਦੀ, ਤਦ ਭੀਖੀ ਉੱਥੇ ਭਾਸ਼ਣ ਕਰਦਾ, ਕਦੇ ਗੀਤ ਗਾਉਂਦਾ, ਲਤੀਫ਼ੇ ਸੁਣਾਉਂਦਾ। ਲੋਕ ਸੰਪਰਕ ਵਿਭਾਗ ਦੇ ਸਾਰੇ ਕਰਮਚਾਰੀਆਂ ਦਾ ਭੀਖੀ ਦੇ ਘਰ ਉਤਾਰਾ ਹੁੰਦਾ।

ਉਸ ਦੇ ਘਰ ਸਾਹਿਤਕ ਬੇਲੀ ਆਏ ਰਹਿੰਦੇ। ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਦਾ ਦੌਰ ਚਲਦਾ ਰਹਿੰਦਾ। ਭੀਖੀ ਨੂੰ ਖੱਟੀ ਲੱਸੀ ਪੀਣ ਦਾ ਬਹੁਤ ਸ਼ੌਕ ਸੀ, ਉਹ ਦੋਸਤਾਂ ਦੀ ਸੇਵਾ ਬੜੇ ਚਾਅ ਨਾਲ ਕਰਦਾ। ਜਦੋਂ ਕਿਧਰੇ ਦੋਸਤਾਂ ਦੀ ਆਮਦ ਘਟਣ ਲੱਗਦੀ ਤਾਂ ਉਹ ਦੋਸਤਾਂ ਤੋਂ ਬਿਨਾਂ ਇਉਂ ਤੜਫਣ ਲੱਗਦਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਉਸ ਲਈ ਦੋਸਤ ਆਕਸੀਜਨ ਦੇਣ ਵਾਲੇ ਰੁੱਖ ਸਨ। ਦੋਸਤ ਕੋਲ ਹੁੰਦੇ ਤਾਂ ਉਸ ਦੀ ਕਾਟੋ ਫੁੱਲਾਂ ’ਤੇ ਖੇਡਦੀ। ਦੋਸਤ ਕੋਲ ਨਾ ਹੁੰਦੇ ਤਾਂ ਅੱਖਾਂ ਅੱਗੇ ਭੰਬੂ ਤਾਰੇ ਉੱਡਣ ਲੱਗਦੇ। ਜਿਸ ਦਿਨ ਕੋਈ ਮਿਲਣ ਨਾ ਆਉਂਦਾ ਤਾਂ ਉਹ ਖੇਸੀ ਦੀ ਬੁੱਕਲ ਮਾਰ ਕੇ ਮਾਨਸਾ ਔਲਖ, ਮਿੱਤਵੇ ਤੇ ਦਮਦਮੀ ਨੂੰ ਮਿਲਣ ਤੁਰ ਜਾਂਦਾ।

ਉਹ ਸਮਾਜਿਕ ਕ੍ਰਾਂਤੀ ਦਾ ਹਾਮੀ ਸੀ। ਉਹ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋਇਆ। ਕੁਝ ਸਮਾਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਰਿਹਾ। ਸਮੇਂ-ਸਮੇਂ ਉੱਠੀਆਂ ਲਹਿਰਾਂ ਵੀ ਉਸ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ। ਉਸ ਦੀ ਕਿਸਾਨੀ ਨਾਲ ਡੂੰਘੀ ਹਮਦਰਦੀ ਸੀ, ਪਰ ਇਸ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਤੀ ਆਪਣੀ ਸਪਸ਼ਟ ਰਾਇ ਦੇਣ ਤੋਂ ਝਿਜਕ ਮਹਿਸੂਸ ਕਰਦਾ ਸੀ ਕਿਉਂਕਿ ਉਹ ਯੁੱਗ-ਪਲਟਾਊ ਇਨਕਲਾਬੀ ਸ਼ਕਤੀਆਂ ਦੀ ਫੁੱਟ ਤੋਂ ਪ੍ਰੇਸ਼ਾਨ ਸੀ ਤੇ ਪੰਜਾਬ ਦੇ ਸੰਕਟਮਈ ਹਾਲਾਤ ਤੋਂ ਨਿਰਾਸ਼। ਪਰ ਆਖ਼ਰੀ ਪਲਾਂ ’ਚ ਕੋਲ ਬੈਠੇ ਮਾਮੇ ਦੇ ਪੁੱਤ ਮਜੀਠਾ ਸਿੰਘ ਤੇ ਇੰਜੀਨੀਅਰ ਰਾਜਿੰਦਰ ਰੋਹੀ ਨੂੰ ਵਾਰ ਵਾਰ ਕਹਿੰਦਾ ਰਿਹਾ- ‘‘ਬਾਈ, ਹੁਣ ਆਪਾਂ ਇਨਕਲਾਬ ਲੈ ਕੇ ਆਉਣੈਂ। ਆਪਾਂ ਛੇਤੀ ਇਨਕਲਾਬ ਲੈ ਕੇ ਆਉਣੈਂ!’’ ਇਉਂ ਇਨਕਲਾਬ ਲਿਆਉਣਾ ਅਤੇ ਸਮਾਜਿਕ ਬਰਾਬਰੀ ਨੂੰ ਦੇਖਣਾ ਉਸ ਦਾ ਸੁਪਨਾ ਸੀ।

ਗੁਰਚਰਨ ਚਾਹਲ ਭੀਖੀ ਦਹਿਸ਼ਤ ਝੱਲਣ ਦੇ ਉਲਟ ਸੀ। ਭੀਖੀ ’ਚ ਇਕ ਹੈੱਡਮਾਸਟਰ ਆਇਆ ਜੋ ਕਿ ਬਹੁਤ ਭੂਤਰਿਆ ਹੋਇਆ ਸੀ। ਉਹ ਅਧਿਆਪਕਾਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਡਰਾਉਂਦਾ, ਧਮਕਾਉਂਦਾ ਤੇ ਦਹਿਸ਼ਤ ਪਾਉਂਦਾ। ਕਿਸੇ ਦੀ ਗੱਲ ਨਾ ਸੁਣਦਾ, ਉਹ ਆਪਣੇ ਆਪ ਨੂੰ ਥਾਣੇਦਾਰ ਸਮਝਦਾ। ਭੀਖੀ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਖੜਕਾ ਕੇ ਇਲਾਕੇ ’ਚੋਂ ਦਹਿਸ਼ਤ ਖ਼ਤਮ ਕੀਤੀ ਤੇ ਉਸ ਦੀ ਇਲਾਕੇ ’ਚ ਬੱਲੇ-ਬੱਲੇ ਹੋ ਗਈ। ਇਸ ਐਕਸ਼ਨ ਕਾਰਨ ਕਾਮਰੇਡ ਹਾਕਮ ਸਿੰਘ ਸਮਾਓਂ ਨੇ ਉਸ ਦੀ ਕਾਫ਼ੀ ਪ੍ਰਸੰਸਾ ਕੀਤੀ।

ਗੁਰਚਰਨ ਚਾਹਲ ਭੀਖੀ ਕਲਾਤਮਿਕ ਗੁਣਾਂ ਦਾ ਖ਼ਜ਼ਾਨਾ ਸੀ। ਉਹ ਹਾਰਮੋਨੀਅਮ, ਢੋਲਕੀ ਵਜਾਉਣ ਅਤੇ ਗੀਤ ਗਾਉਣ ਦਾ ਸ਼ੌਕੀਨ ਸੀ। ਉਹ ਸਕੂਲ ਵੱਲੋਂ ਆਯੋਜਿਤ ਹਰ ਸਭਿਆਚਾਰਕ ਪ੍ਰੋਗਰਾਮ ’ਚ ਨਵੀਆਂ ਤੋਂ ਨਵੀਆਂ ਰਚਨਾਵਾਂ ਪੇਸ਼ ਕਰਦਾ ਜਿਸ ਤੋਂ ਕੋਈ ਵੀ ਵਿਅਕਤੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਉਸ ਨੇ ਕਈ ਵਾਰ ਭੀਖੀ ਅਤੇ ਇਲਾਕੇ ਦੀਆਂ ਵੱਖ ਵੱਖ ਸਟੇਜਾਂ ’ਤੇ ਸਕਿੱਟ, ਨਾਟਕ, ਗੀਤ, ਕੱਵਾਲੀਆਂ ਦੀ ਪੇਸ਼ਕਾਰੀ ਕੀਤੀ।

ਆਚਾਰੀਆ ਰਜਨੀਸ਼ (ਓਸ਼ੋ) ਨੂੰ ਉਹ ਬਹੁਤ ਪੜ੍ਹਦਾ ਸੀ। ਉਸ ਨੇ ਮੈਨੂੰ ਰਜਨੀਸ਼ ਦੀ ਪੁਸਤਕ ‘ਜੋਤਸ਼ ਅਦ੍ਵੈਤ ਕਾ ਵਿਗਿਆਨ’ ਅਤੇ ‘ਦੀਯਾ ਜਲੇ ਅਗੰਮ ਕਾ’ ਪੜ੍ਹਾਈ। ਉਹ ਸਮਾਜ ’ਚ ਤਬਦੀਲੀ ਲਿਆਉਣ ਵਾਲੇ ਹਰ ਇਨਸਾਨ ਤੋਂ ਪ੍ਰਭਾਵਿਤ ਹੁੰਦਾ। ਉਹ ਆਪਣੀ ਕੋਈ ਨਾ ਕੋਈ ਬਾਲ ਰਚਨਾ ਘੁੱਗੀ ਵਿਚਾਰੀ ਕੀ ਕਰੇ ਜਾਂ ਗਲਾਧੜ ਚਿੜੀਆਂ, ਸ਼ਿਕਾਰੀ ਬਾਜ਼ ਅਤੇ ਲਾਲਚੀ ਤੋਤੇ ਪੜ੍ਹ ਕੇ ਸੁਣਾਉਂਦਾ। ਸਾਨੂੰ ਨਵੀਆਂ ਤੋਂ ਨਵੀਆਂ ਪੁਸਤਕਾਂ ਪੜ੍ਹਨ ਨੂੰ ਦਿੰਦਾ। ਇਕ ਵਾਰ ਉਸ ਨੇ 1977 ਵਿੱਚ ਅੰਮ੍ਰਿਤਾ ਪ੍ਰੀਤਮ ਵੱਲੋਂ ਅਨੁਵਾਦਿਤ ਤੇ ਸੰਪਾਦਿਤ ਹਿੰਦੀ ਪੁਸਤਕ ‘ਔਰ ਦੀਆ ਜਲਤਾ ਰਹਾ’ ਪੜ੍ਹਨ ਲਈ ਦਿੱਤੀ ਜਿਸ ਵਿਚ ਬੜੀਆਂ ਹੀ ਦਿਲਚਸਪ ਤੇ ਕਮਾਲ ਦੀਆਂ ਕਹਾਣੀਆਂ ਸਨ। ਉਸ ਸੰਗ੍ਰਹਿ ’ਚ ਭੀਖੀ ਦੀ ਕਹਾਣੀ ‘ਥਕੇ ਜਿਸਮੋਂ ਕੀ ਗਾਥਾ’, ਰਾਮ ਸਰੂਪ ਅਣਖੀ ਦੀ ਕਹਾਣੀ ‘ਸਫ਼ੈਦ ਰਾਤ ਕਾ ਜ਼ਖ਼ਮ’, ਸਿੱਧੂ ਦਮਦਮੀ ਦੀ ਕਹਾਣੀ ‘ਸੀਮਿੰਟ ਕਾ ਸ਼ੇਰ’, ਕਿਰਪਾਲ ਕਜ਼ਾਕ ਦੀ ‘ਗੀਲੇ ਅਕਸ਼ਰੋ ਕਾ ਪੁਲ’, ਪ੍ਰੇਮ ਗੋਰਖ਼ੀ ਦੀ ‘ਪਹਿਲ’, ਅਜੀਤ ਕੌਰ ਦੀ ‘ਫਾਲਤੂ ਔਰਤ’, ਜਸਬੀਰ ਭੁੱਲਰ ਦੀ ‘ਤੀਨ ਦੀਵਾਰੋਂ ਕਾ ਘਰ’ ਆਦਿ ਕਹਾਣੀਆਂ ਸ਼ਾਮਲ ਸਨ।

ਉਸ ਦੇ ਜ਼ਰੀਏ ਅਸੀਂ ਉਸ ਦੇ ਨਾਟਕ ‘ਸਵੇਰ ਕਦੋਂ ਹੋਵੇਗੀ’ ਅਤੇ ‘ਕੁੜੀ ਕਰੋੜਾਂ ਦੀ ਮੁੰਡਾ ਧੇਲੀ ਦਾ- ਤੀਜਾ ਵਿਆਹ ਹਵੇਲੀ ਦਾ’ ਦੇਖੇ ਤਾਂ ਦਰਸ਼ਕ ਨਾਟਕ ਦੇਖ ਕੇ ਜ਼ਾਰੋ ਜ਼ਾਰ ਰੋਂਦੇ ਰਹੇ। ਉਸ ਨੇ ਨਾਟਕਾਂ ਰਾਹੀਂ ਦਰਸ਼ਕਾਂ ਨੂੰ ਜਾਗ੍ਰਤੀ ਦੀ ਚਿਣਗ ਲਾਈ ਅਤੇ ‘ਦੀਵਾ ਬਲੇ ਸਾਰੀ ਰਾਤ’ ਦੀਆਂ ਗੋਸ਼ਟੀਆਂ ਨੇ ਪੁੰਗਰ ਰਹੇ ਲੇਖਕਾਂ ਨੂੰ ਵੀ ਪ੍ਰਭਾਵਿਤ ਕੀਤਾ। ਉਹ ਰਾਮਲੀਲਾ ’ਚ ਕਾਮੇਡੀ ਨਾਟਕ ਪੇਸ਼ ਕਰਦਾ, ਸਕਿੱਟ ਖੇਡਦਾ, ‘ਛਿੱਟਾ ਚਾਨਣਾਂ ਦਾ ਦੇਈ ਜਾਣਾ’ ਅਤੇ ‘ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ’ ਗੀਤ ਗਾਉਂਦਾ। ਅਸੀਂ ਉਸ ਨੂੰ ਦੇਖਦੇ ਸੁਣਦੇ ਅਤੇ ਦਰਸ਼ਕ ਵਾਰ ਵਾਰ ਤਾੜੀਆਂ ਵਜਾਉਂਦੇ।

ਰਾਮ ਸਰੂਪ ਅਣਖੀ ਨੇ ਰਾਤਾਂ ਨੂੰ ਸਮਾਨਾਂਤਰ ਕਹਾਣੀ ਗੋਸ਼ਟੀਆਂ ਦੀ ਸ਼ੁਰੂਆਤ ਭੀਖੀ ਦੇ ਘਰ ਤੋਂ ਕੀਤੀ। ਅਣਖੀ ਉਸ ਨੂੰ ਆਪਣੀ ਤਲਵਾਰ ਤੇ ਢਾਲ ਸਮਝਦਾ। ਪ੍ਰੇਮ ਗੋਰਖ਼ੀ ਨੇ ‘ਦੀਵਾ ਬਲ਼ੇ ਸਾਰੀ ਰਾਤ’ ਕਹਾਣੀ ਦਰਬਾਰ ਦਾ ਆਯੋਜਨ ਗੁਰਚਰਨ ਚਾਹਲ ਭੀਖੀ ਦੇ ਘਰ ਤੋਂ ਸ਼ੁਰੂ ਕੀਤਾ। ਭੀਖੀ ਨੇ 1980-81 ’ਚ ਅੰਕੁਰ ਸਾਹਿਤ ਸਭਾ ਬਣਾਈ ਤਾਂ ਇਸ ਦੀਆਂ ਲਗਾਤਾਰ ਮਹਿਫ਼ਲਾਂ ਜੁੜਨ ਲੱਗੀਆਂ।

ਪਤਾ ਨਹੀਂ ਕਿਹੜੇ ਵੇਲੇ ਭੀਖੀ ਕਹਾਣੀ ਬਾਰੇ ਸੋਚਦਾ, ਪਲਾਟ ਬਣਾਉਂਦਾ ਤੇ ਜਿਊਂਦੇ ਜਾਗਦੇ ਪਾਤਰਾਂ ਉਪਰ ਕਹਾਣੀ ਲਿਖ ਦਿੰਦਾ। ਉਸ ਦੀ ਕਹਾਣੀ ‘ਗਾਥਾ ਥੱਕੇ ਜਿਸਮਾਂ ਦੀ’ ਦਾ ਹਰੀਆ ਤੇ ਰਾਮਕਾਲੀ, ‘ਜ਼ਿੰਦਗੀ ਦੇ ਕੂਲੇ ਤੇ ਨਰਮ ਪਲ’ ਦਾ ਗੋਂਦਾ ਤੇ ਮਾੜਾ, ‘ਫ਼ਾਸਲੇ’ ਦਾ ਹੈਬਾ ਪਟਵਾਰੀ, ‘ਰਾਜ਼ੀਬੰਦਾ’ ਦਾ ਬਹਾਦਰ, ‘ਇੱਕ ਚਿੱਟੀ ਫੁੱਲਾਂ ਕੱਢੀ ਚਾਦਰ’ ਦੀ ਅਮਰੋ ਬਹੁਤਿਆਂ ਦੇ ਦੇਖੇ ਦਿਖਾਏ ਤੇ ਜਾਣੇ ਪਛਾਣੇ ਪਾਤਰ ਹਨ। ‘ਉਣੰਜਾਂ ਦਿਨ’ ਨਾਵਲ ਦੀ ਇੰਦੂ ਚਰਚਿਤ ਹੋਣ ਕਰਕੇ ਕਈਆਂ ਦੀ ਜਾਣੀ ਪਛਾਣੀ ਪਾਤਰ ਬਣ ਗਈ। ਭੀਖੀ ਦਾ ਇਹ ਨਾਵਲ ਉਸ ਰੰਗ ਦੇ ਨਾਂ ਸੀ ਜਿਸ ਨੇ ਉਸ ਲਈ ਬਾਕੀ ਦੇ ਸਭ ਰੰਗ ਮਨਫ਼ੀ ਕਰ ਦਿੱਤੇ ਸਨ। ਇਸ ਨਾਵਲ ਦਾ ਸਿਰਲੇਖ ਅੰਮ੍ਰਿਤਾ ਪ੍ਰੀਤਮ ਨੇ ਸੁਝਾਇਆ ਸੀ। ਅੰਮ੍ਰਿਤਾ ਨੇ ਵੀ ‘ਉਨਚਾਸ ਦਿਨ’ ਸਿਰਲੇਖ ਹੇਠ ਹਿੰਦੀ ਨਾਵਲ ਲਿਖਿਆ ਸੀ। ਭੀਖੀ ਅਕਸਰ ਦੁਸ਼ਿਅੰਤ ਕੁਮਾਰ ਦੀਆਂ ਸਤਰਾਂ ਦੁਹਰਾਉਂਦਾ ਰਹਿੰਦਾ:

ਚਲੋ ਅਬ ਯਾਦਗਾਰੋਂ ਕੀ ਅੰਧੇਰੀ ਕੋਠਰੀ ਖੋਲੇਂ

ਕਮ-ਅਜ਼-ਕਮ ਏਕ ਵੋ ਚੇਹਰਾ ਤੋ ਪਹਿਚਾਨਾ ਹੂਆ ਹੋਗਾ।

ਪੱਤੋਂ ਸੇ ਚਾਹਤੇ ਹੋ, ਬਜੇਂ ਸਾਜ਼ ਕੀ ਤਰਹ,

ਪੇੜੋਂ ਸੇ ਪਹਿਲੇ ਉਨ ਕੀ, ਉਦਾਸੀ ਤੋਂ ਲੀਜੀਏ।

ਭੀਖੀ ਪਿੰਡ ਦਾ ਮੋੜ੍ਹੀ ਗੱਡ ਲੇਖਕ ਹੈ ਜਿਸ ਨੇ ਸਾਹਿਤ ਦੇ ਤਮਾਮ ਜਗਿਆਸੂ ਪੈਂਦਾ ਕੀਤੇ, ਗਾਇਕ ਉਭਾਰੇ, ਕਲਾਕਾਰਾਂ ਨੂੰ ਮੰਚ ’ਤੇ ਆਉਣ ਦਾ ਮੌਕਾ ਪ੍ਰਦਾਨ ਕੀਤਾ। ਵਿਸ਼ਵ ਦੀਆਂ ਪ੍ਰਸਿੱਧ ਰਚਨਾਵਾਂ ਅਤੇ ਲੇਖਕਾਂ ਦੇ ਨਾਂ, ਅਕਸਰ ਉਸ ਦੇ ਮੂੰਹੋਂ ਸੁਣਨ ਨੂੰ ਮਿਲਦੇ। ਉਸ ਨੂੰ ਹੈਮਿੰਗਵੇ, ਮੁਨਸ਼ੀ ਪ੍ਰੇਮ ਚੰਦ, ਡੈਨੀਅਲ ਡੀਫੋ, ਟੈਗੋਰ, ਸ਼ਰਤ ਚੰਦਰ ਆਦਿ ਲੇਖਕ ਬਹੁਤ ਪਸੰਦ ਸਨ। ਉਹ ਸੋਲੋਖ਼ੋਵ ਦਾ ‘ਡਾਨ ਵਹਿੰਦਾ ਰਿਹਾ’, ਹਾਰਡੀ ਦਾ ‘ਟੈੱਸ’, ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਅਤੇ ਕਮਲੇਸ਼ਵਰ ਦੀਆਂ ਕਹਾਣੀਆਂ ਦਾ ਬਹੁਤ ਜ਼ਿਕਰ ਕਰਦਾ। ਪਾਸ਼, ਪਾਤਰ ਤੇ ਸ਼ਿਵ ਦੀਆਂ ਕਵਿਤਾਵਾਂ, ਉਦਾਸੀ ਦੇ ਗੀਤ, ਪੰਕਜ ਉਦਾਸ ਤੇ ਮਹਿਦੀ ਹਸਨ ਦੀਆਂ ਗ਼ਜ਼ਲਾਂ ਦਾ ਉਹ ਕਾਇਲ ਸੀ। ਸਿੱਧੂ ਦਮਦਮੀ ਦੀਆਂ ਇਹ ਸਤਰਾਂ ਤਾਂ ਉਹ ਅਕਸਰ ਗੁਣਗਣਾਉਂਦਾ ਰਹਿੰਦਾ:

ਮੇਰੇ ਪੁੜ ਪੁੜੀਆਂ ਦੀ ਪੀੜ

ਸੱਜਣ ਜੀ ਬੰਦ ਨਾ ਹੋਵੇ

ਮੇਰੇ ਮੁਖ ਤੇ ਛਾਇਆ ਮੌਨ

ਸੱਜਣ ਜੀ ਭੰਗ ਨਾ ਹੋਵੇ।

ਕਾਕਾ ਹਾਥਰਸੀ ਨੂੰ ਉਹ ਬਹੁਤ ਪੜ੍ਹਦਾ। ਕਾਕਦੂਤ, ਕਾਕਾ ਕੀ ਕਚਹਿਰੀ ਪੁਸਤਕਾਂ ਦਾ ਉਹ ਉਪਾਸ਼ਕ ਸੀ। ਉਸ ਨੂੰ ਹਾਸਰਸ ਰਚਨਾਵਾਂ ਪਸੰਦ ਸਨ। ਉਹ ਨਵੀਆਂ ਤੋਂ ਨਵੀਆਂ ਲਕੋਕਤੀਆਂ ਅਤੇ ਮੁਕਰੀਆਂ ਜੋੜ ਜੋੜ ਕੇ ਸੁਣਾਉਂਦਾ ਰਹਿੰਦਾ। ਭੀਖੀ ਦੀ ਸਾਹਿਤਕ ਹਾਜ਼ਰਜਵਾਬੀ ਨਵਾਬਾਂ ਵਰਗੀ ਸੀ। ਔਲਖ ਦੇ ‘ਨਾਗ ਨਿਵਾਸ’ ਅਤੇ ਬਰਜਿੰਦਰ ਹਮਦਰਦ ਦੇ ‘ਦ੍ਰਿਸ਼ਟੀ’ ਮੈਗਜ਼ੀਨ ਨੂੰ ਉਹ ਚਿੱਤ ਚੇਤਿਆਂ ’ਚ ਰੱਖਦਾ। ਉਹ ਸਾਰਿਕਾ, ਧਰਮ ਯੁੱਗ ਤੇ ਸਪਤਾਹਿਕ ਹਿੰਦੋਸਤਾਨ ਮੈਗਜ਼ੀਨ ਪੜ੍ਹਦਾ ਅਤੇ ਦੋਸਤਾਂ ਨੂੰ ਪੜ੍ਹਾਉਂਦਾ। ਉਹ ਚੈਖੋਵ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ।

ਉਸ ਦੀਆਂ ਜ਼ਿਆਦਾਤਰ ਕਹਾਣੀਆਂ ‘ਨਾਗਮਣੀ’ ਅਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈਆਂ। ਇਸ ਤੋਂ ਇਲਾਵਾ ਉਸ ਦੀਆਂ ਕਹਾਣੀਆਂ ‘ਨੀਲਮਣੀ’, ‘ਪੰਜ ਦਰਿਆ’, ‘ਸਰਦਲ’ ਤੇ ‘ਸਮਤਾ’ ਵਿਚ ਵੀ ਪ੍ਰਕਾਸ਼ਿਤ ਹੋਈਆਂ। ਗੁਰਚਰਨ ਚਾਹਲ ਭੀਖੀ 12 ਜੂਨ 1945 ਜਵਾਲਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਪੈਦਾ ਹੋਇਆ ਤੇ 29 ਦਸੰਬਰ 1984 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। ਉਸ ਦੀ ਮੌਤ ਉਪਰੰਤ ਅਣਖੀ ਨੇ ਉਸ ਦੀ ਪ੍ਰਸਿੱਧ ਕਹਾਣੀ ‘ਰਾਜ਼ੀਬੰਦਾ’ ਟਿੱਪਣੀ ਸਮੇਤ, ਭਾਪਾ ਪ੍ਰੀਤਮ ਸਿੰਘ ਦੇ ਮਾਸਕ ਮੈਗਜ਼ੀਨ ‘ਆਰਸੀ’ ਵਿਚ ਪ੍ਰਕਾਸ਼ਿਤ ਕਰਵਾਈ।

ਸੰਪਰਕ: 96461-11669

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All