ਲੜੀ ਨੰਬਰ 30

ਖੇਡ ਮੇਲਿਆਂ ਦੀ ਸ਼ਾਨ ਦਰਸ਼ਨ ਬੜੀ

ਖੇਡ ਮੇਲਿਆਂ ਦੀ ਸ਼ਾਨ ਦਰਸ਼ਨ ਬੜੀ

ਦਰਸ਼ਨ ਬੜੀ (ਸੱਜਿਓਂ ਦੂਜੇ) ਇਕ ਖੇਡ ਮੇਲੇ ਦੌਰਾਨ ਹੋਰ ਸਾਥੀਆਂ ਨਾਲ।

ਪ੍ਰਿੰ. ਸਰਵਣ ਸਿੰਘ

ਦਰਸ਼ਨ ਬੜੀ ਹਰਫ਼ਨਮੌਲਾ ਸ਼ਖ਼ਸੀਅਤ ਸੀ; ਕਈ ਕਲਾਵਾਂ ਦਾ ਸੁਮੇਲ: ਗਾਇਕ, ਕਬੱਡੀ ਕੁਮੈਂਟੇਟਰ, ਥੀਏਟਰ ਕਲਾਕਾਰ, ਫਿਲਮੀ ਅਦਾਕਾਰ, ਡਾਇਰੈਕਟਰ, ਪ੍ਰੋਡਿਊਸਰ ਅਤੇ ਹੋਰ ਕਈ ਕੁਝ। ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਇਸ ਸ਼ਖ਼ਸੀਅਤ ਬਾਰੇ ਗੱਲਾਂ ਕੀਤੀਆਂ ਹਨ। ਉਹਦੀ ਕੁਮੈਂਟਰੀ ਬੜੀ ਰੌਚਿਕ ਅਤੇ ਮੌਕੇ ਅਨੁਸਾਰ ਕਰਾਰੀ ਵੀ ਹੁੰਦੀ ਜਿਸ ਵਿਚ ਉਹ ਨਾਟਕੀ ਰੰਗ ਭਰਦਾ ਰਹਿੰਦਾ। ਉਹ ਸ਼ਬਦਾਂ ਦੀਆਂ ਬਾਜ਼ੀਆਂ ਪੁਆਉਂਦਾ ਹਾਸੇ ਖੇਡੇ ਦੇ ਅਨਾਰ ਚਲਾਈ ਜਾਂਦਾ। ਇਸ ਫਾਨੀ ਸੰਸਾਰ ਨੂੰ ਬਹੁਤ ਸ਼ਤਾਬੀ ਅਲਵਿਦਾ ਕਹਿਣ ਕਰ ਕੇ ਹੁਣ ਉਸ ਦੀਆਂ ਗੱਲਾਂ ਬੱਸ ਗੱਲਾਂ ਹੀ ਰਹਿ ਗਈਆਂ ਹਨ। ਉਸ ਨਮਿਤ ਸ਼ਰਧਾਂਜਲੀ ਸਮਾਗਮ ਉਹਦੇ ਪਿੰਡ ਬੜੀ (ਸੰਗਰੂਰ) ਵਿਚ 14 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।

ਇੱਕ ਧਾਰਮਿਕ ਸਥਾਨ ’ਤੇ ਦਰਸ਼ਨ ਬੜੀ।

ਡਾ. ਦਰਸ਼ਨ ਬੜੀ ਕਈ ਕਲਾਵਾਂ ਦਾ ਸੁਮੇਲ ਸੀ। ਗਾਇਕ, ਕਬੱਡੀ ਕੁਮੈਂਟੇਟਰ, ਥੀਏਟਰ ਕਲਾਕਾਰ, ਫਿਲਮੀ ਅਦਾਕਾਰ, ਡਾਇਰੈਕਟਰ, ਪ੍ਰੋਡਿਊਸਰ ਤੇ ਮਾਸਟਰ ਆਫ਼ ਸੈਰੇਮਨੀਜ਼। ਲੰਗਰਾਂ ਦਾ ਸੇਵਾਦਾਰ। ਵਾਤਾਵਰਨ ਪ੍ਰੇਮੀ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ। ਉਸ ਨੂੰ ‘ਥਰੀ ਇਨ ਵਨ’ ਦੀ ਥਾਂ ‘ਇਲੈਵਨ ਇਨ ਵਨ’ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਪੰਜਾਬੀ ਖੇਡ ਸਾਹਿਤ ਦਾ ਤਾਂ ਢੰਡੋਰਚੀ ਸੀ ਉਹ। ਖੇਡ ਮੇਲਿਆਂ ਤੇ ਜਾਂਦਾ ਤਾਂ ਕੁਮੈਂਟਰੀ ਕਰਦਾ ਖੇਡ ਪੁਸਤਕਾਂ ਖਰੀਦਣ ਦਾ ਵੀ ਹੋਕਾ ਦੇਈ ਜਾਂਦਾ। ਨਵੇਂ ਖੇਡ ਲੇਖਕਾਂ ਦੀਆਂ ਸੌ ਸੌ ਕਿਤਾਬਾਂ ਉਹ ਖੜ੍ਹੇ ਪੈਰ ਵਿਕਵਾ ਦਿੰਦਾ। ਮੇਰੀਆਂ ਹਜ਼ਾਰ ਤੋਂ ਵੱਧ ਖੇਡ ਪੁਸਤਕਾਂ ਉਸ ਨੇ ਪਾਠਕਾਂ ਦੇ ਹੱਥਾਂ ਤਕ ਪੁਚਾਈਆਂ ਹੋਣਗੀਆਂ।

ਉਹਦਾ ਸਰਟੀਫਿਕੇਟੀ ਨਾਂ ਸੀ ਦਰਸ਼ਨ ਸਿੰਘ ਔਲਖ। ਔਲਖ ਦੀ ਥਾਂ ਉਸ ਨੇ ਪਿੰਡ ਬੜੀ ਆਪਣੇ ਨਾਂ ਨਾਲ ਜੋੜ ਲਿਆ ਸੀ। ਫਿਰ ਜਿ਼ਲ੍ਹਾ ਸੰਗਰੂਰ ਦੇ ਪਿੰਡ ‘ਬੜੀ ਟਿੱਬਾ’ ਦੀ ਉਸ ਨੇ ਦੂਰ ਦੂਰ ਤਕ ਮਸ਼ਹੂਰੀ ਕਰਵਾਈ। ਉਥੇ ਉਹ 24 ਅਗਸਤ 1952 ਨੂੰ ਮੁਖਤਿਆਰ ਸਿੰਘ ਦਿੱਲੀ ਵਾਲੇ ਅਤੇ ਨੰਦ ਕੌਰ ਦੇ ਘਰ ਜੰਮਿਆ ਸੀ। ਸੁਭਾਅ ਦਾ ਮਜ਼ਾਕੀਆ ਸੀ। ਆਪ ਈ ਦੱਸਦਾ ਹੁੰਦਾ ਸੀ ਕਿ ਮਾਂ ਨੇ ਪਤਾ ਨੀ ਕੀ ਖਾ ਕੇ ਜੰਮਿਆ ਸੀ, ਨਾ ਛੋਟਾ ਹੁੰਦਾ ਰੋਣੋਂ ਹਟਦਾ ਸੀ ਤੇ ਨਾ ਵੱਡਾ ਹੋਇਆ ਬੋਲਣੋਂ ਥਕਦਾ ਸੀ। ਕੇਰਾਂ ਉਹ ਲਗਾਤਾਰ ਸਤਾਰਾਂ ਘੰਟੇ ਕੁਮੈਂਟਰੀ ਕਰੀ ਗਿਆ। ਪਹਿਲਾਂ ਖੇਡ ਮੇਲੇ ਦੀ ਕੁਮੈਂਟਰੀ ਕੀਤੀ ਤੇ ਪਿੱਛੋਂ ਸਭਿਆਚਾਰਕ ਮੇਲੇ ਦੀ। ਸਵੇਰ ਦਾ ਫੜਿਆ ਮਾਈਕ ਅੱਧੀ ਰਾਤੀਂ ਛੱਡਿਆ ਸੀ।

ਉਸ ਨੇ ਬੀਏ ਵਿਚ ਮਿਊਜ਼ਕ ਦਾ ਮਜ਼ਮੂਨ ਪੜ੍ਹਿਆ ਪਰ ਐੱਮਏ ਪੰਜਾਬੀ ਕਰਨ ਪਿੱਛੋਂ ਪੀਐੱਚਡੀ ‘ਕਿੱਸਾ ਕਾਵਿ’ ਉਤੇ ਕੀਤੀ। ਨੌਕਰੀ ਉਹਨੂੰ ਥਾਂ ਪਰ ਥਾਂ ਧੱਕੇ ਖਾ ਕੇ ਮਸੀਂ ਮਿਲੀ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਿਚ ਕਲਰਕੀ ਕਰਦਿਆਂ ਉਹ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਚ ਸਿ਼ਫਟ ਹੋ ਗਿਆ ਸੀ। ਉਥੋਂ ਵੈਲਫੇਅਰ ਆਫੀਸਰ ਵਜੋਂ ਰਿਟਾਇਰ ਹੋ ਕੇ ਇਕੱਲਾ ਕਾਰਾ ਹੀ ਲੁਧਿਆਣੇ ਰਹਿ ਰਿਹਾ ਸੀ ਕਿ ਦਿਲ ਦਾ ਦੌਰਾ ਪੈ ਗਿਆ। 5 ਫਰਵਰੀ 2021 ਦੀ ਰਾਤ ਸਿਵਲ ਹਸਪਤਾਲ ਵਿਚ ਉਹਦੀ ਮ੍ਰਿਤੂ ਹੋ ਗਈ। ਦੋਸਤਾਂ ਮਿੱਤਰਾਂ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ ਕਿ ਚੰਗਾ ਭਲਾ ਏਡੀ ਛੇਤੀ ਤੁਰ ਜਾਵੇਗਾ। ਮੈਨੂੰ ਕਹਿੰਦਾ ਰਹਿੰਦਾ ਸੀ, ਅਜੇ ਮੈਂ ਵਿਆਹ ਕਰਾਉਣੈ, ਤੁਸੀਂ ਜ਼ਰੂਰ ਆਇਓ ਪਰ ਜਿਵੇਂ ਕਹਿੰਦੇ ਹਨ, ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ। 6 ਫਰਵਰੀ ਨੂੰ ਉਹਦੀ ਜਨਮ ਭੋਇੰ ਬੜੀ ਟਿੱਬਾ ਦੇ ਸਿਵਿਆਂ ਵਿਚ ਉਹਦਾ ਸਸਕਾਰ ਕੀਤਾ ਗਿਆ। ਅਗਲੇ ਦਿਨ ਫੁੱਲ ਚੁਗ ਲਏ ਗਏ। 14 ਫਰਵਰੀ ਨੂੰ ਪਿੰਡ ਦੇ ਗੁਰਦੁਆਰੇ ਵਿਚ ਉਹਦੇ ਨਮਿਤ ਅੰਤਮ ਅਰਦਾਸ ਕਰਨ ਉਪਰੰਤ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।

ਦਰਸ਼ਨ ਬੜੀ ਬਾਰੇ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਮੇਰਾ ਉਹਦੇ ਨਾਲ ਲੰਮੇ ਸਮੇਂ ਦਾ ਵਾਹ ਸੀ। ਜਦ ਮੈਂ ਕੈਨੇਡਾ ਤੋਂ ਪੰਜਾਬ ਜਾਂਦਾ ਤਾਂ ਉਹਨੂੰ ਮਿਲੇ ਗਿਲੇ ਬਿਨਾਂ ਨਾ ਮੁੜਦਾ। ਕਬੱਡੀ ਟੂਰਨਾਮੈਂਟਾਂ ਤੇ ਸਾਡਾ ਅਕਸਰ ਮੇਲ ਗੇਲ ਹੁੰਦਾ। ਉਹ ਖੇਡ ਮੇਲਿਆਂ ਦੀ ਸ਼ਾਨ ਸੀ। ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਉਹ ਮਸਤ ਕਲੰਦਰ ਬਣ ਜਾਂਦਾ ਸੀ। ਕੁਮੈਂਟਰੀ ਦਾ ਅਫ਼ਲਾਤੂਨ। ਉਹ ਜੱਫੇ ਲੁਆ ਵੀ ਦਿੰਦਾ ਸੀ ਤੇ ਲੱਗੇ ਹੋਏ ਛੁਡਾ ਵੀ ਦਿੰਦਾ ਸੀ। ਉਹਦੇ ਬੋਲਾਂ ਵਿਚ ਅਜਿਹੀ ਵੰਗਾਰ ਸੀ ਕਿ ਟੁੱਟੀ ਜਿਹੀ ਨਿੱਕਰ ਵਾਲਾ ਜਾਫੀ ਵੀ ਕਹਿੰਦੇ ਕਹਾਉਂਦੇ ਧਾਵੀ ਦੇ ਗਲ ਪੈ ਜਾਂਦਾ। ਪਿੱਛੋਂ ਭਾਵੇਂ ਪੁੜੇ ਪਲੋਸਣੇ ਪੈਣ! ਬੜੀ ਨੂੰ ਸੂਮਾਂ ਦੀਆਂ ਜੇਬਾਂ ਵਿਚੋਂ ਵੀ ਨੋਟ ਕਢਾਉਣੇ ਆਉਂਦੇ ਸਨ। ਚੈਲੰਜ ਕਰ ਦਿੰਦਾ ਸੀ, ਫਲਾਣਾ ਫਲਾਣੇ ਨੂੰ ਡੱਕ ਲਏ ਤਾਂ ਫਲਾਣਾ ਸਿਓਂ ਐਨੇ ਸੌ ਦੇਊ। ਕਿਸੇ ਦਾ ਨਾਂ ਲੈ ਕਹਿੰਦਾ, ਕੱਢ ਲੈ ਬਈ ਪੰਜ ਸੌ ਦਾ ਨੋਟ। ਮੋਗੇ ਦੇ ਇਕ ਟੂਰਨਾਮੈਂਟ ਵਿਚ ਉਹਨੇ ਇਕ ਪੁਆਇੰਟ ਉਤੇ ਸੰਤਾਲੀ ਹਜ਼ਾਰ ਰੁਪਏ ਲੁਆ ਦਿੱਤੇ ਸਨ। ਨਾਲ ਸਾਵਧਾਨ ਵੀ ਕਰੀ ਗਿਆ ਸੀ, “ਵੇਖਿਓ ਕਿਤੇ ਇਲਾਜ ਤੇ ਦੁੱਗਣੇ ਨਾ ਲਾਉਣੇ ਪੈ ਜਾਣ!”

ਜਿਸ ਖੇਡ ਮੇਲੇ ਦੇ ਲਾਊਡ ਸਪੀਕਰ ਤੋਂ ਦੂਰੋਂ ਈ ਇਹ ਆਵਾਜ਼ਾਂ ਸੁਣਨ- “ਹਟ ਜੋ ਪਾਸੇ, ਹੋ ਜੋ ਪਰ੍ਹਾਂ ਨੂੰ, ਆਉਂਦਾ ਜੱਟ ਬਿਨਾਂ ਬਰੇਕੋਂ, ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ ਜੇ...” ਤਾਂ ਸਮਝ ਲਈਦਾ ਸੀ ਉਥੇ ਦਰਸ਼ਨ ਬੜੀ ਬੋਲ ਰਿਹੈ। ਬੋਲ ਈ ਨੀ ਰਿਹਾ ਸਗੋਂ ਉਸ ਨੂੰ ਮਸਤ ਕਲੰਦਰਾਂ ਵਾਲਾ ਹਾਲ ਚੜ੍ਹਿਆ ਹੋਇਐ। ਕਬੱਡੀ ਦੇ ਅਖਾੜੇ ਵਿਚ ਉਹ ਊਰੀ ਵਾਂਗ ਘੁੰਮਦਾ ਅਟੇਰਨੇ ਵਾਂਗ ਖੇਡ ਦੀਆਂ ਤੰਦਾਂ ਵਲੀ ਜਾਂਦਾ ਸੀ। ਉਹ ਢਾਈ ਨਾਲ ਢਾਈ ਤੇ ਲੜੀ ਨਾਲ ਲੜੀ ਜੋੜਦਾ ਰਹਿੰਦਾ ਸੀ। ਉਹਦੇ ਪੈਰੀਂ ਕਦੇ ਧੌੜੀ ਦੀ ਜੁੱਤੀ, ਕਦੇ ਸੈਂਡਲ ਤੇ ਕਦੇ ਦੌੜਨ ਵਾਲੇ ਬਰਾਂਡਡ ਬੂਟ ਪਾਏ ਹੁੰਦੇ। ਤੇੜ ਕਦੇ ਕਮੀਜ਼ ਪਜਾਮਾ, ਕਦੇ ਕੋਟ ਪਤਲੂਣ ਤੇ ਕਦੇ ਜੀਨ ਉਤੋਂ ਦੀ ਚੋਗੇਨੁਮਾ ਕੁੜਤਾ ਲਹਿਰਾਅ ਰਿਹਾ ਹੁੰਦਾ ਸੀ। ਅਦਾਕਾਰ ਹੋਣ ਕਰ ਕੇ ਉਹ ਬਹੁਰੂਪੀਆ ਸੀ। ਖੇਡ ਮੇਲਿਆਂ ਵਿਚ ਸ਼ੌਕੀਨੀ ਲਈ ਨਹੀਂ ਸਗੋਂ ਧੁੱਪ ਤੋਂ ਬਚਣ ਲਈ ਅੱਖਾਂ ਕਾਲੀਆਂ ਐਨਕਾਂ ਨਾਲ ਕੱਜੀਆਂ ਹੁੰਦੀਆਂ। ਸਿਰ ਦੇ ਵਾਲ ਕੰਡੇਰਨੇ ਵਾਂਗ ਖੜ੍ਹੇ ਹੁੰਦੇ ਜਿਵੇਂ ਉਨ੍ਹਾਂ ਨੇ ਵੀ ਕੌਡੀਆਂ ਪੈਂਦੀਆਂ ਦੇਖਣੀਆਂ ਹੋਣ। ਉਹਦੇ ਬੋਲਾਂ ਵਿਚ ਬੰਸਰੀਆਂ ਵੱਜਦੀਆਂ, ਵੰਝਲੀਆਂ ਕੂਕਦੀਆਂ ਤੇ ਸਾਰੰਗੀਆਂ ਗੂੰਜਦੀਆਂ। ਕਬੱਡੀ ਦੀ ਨੈਂ ਝਨਾਂ ਵਿਚ ਉਹ ਲੁੱਡਣ ਮਲਾਹ ਦੀ ਬੇੜੀ ਤੇ ਚੜ੍ਹਿਆ ਰਾਂਝੇ ਦਾ ਦੂਜਾ ਰੂਪ ਜਾਪਦਾ। ਖ਼ੁਦ ਥਾਪੀ ਮਾਰ ਕੇ ਕਬੱਡੀਆਂ ਪੁਆਉਂਦਾ, ਜਾਫੀ ਤੇ ਧਾਵੀ ਖਹਿੰਦੇ ਤਾਂ ਉਹ ਵੀ ਨਾਲੋ-ਨਾਲ ਕਿੱਲ੍ਹਦਾ ਤੇ ਉਹਦੀ ਆਵਾਜ਼ ਸੱਤਵੇਂ ਸੁਰ ਵਿਚ ਚਲੀ ਜਾਂਦੀ।

ਉਹਦੀ ਕੁਮੈਂਟਰੀ ਬੜੀ ਰੌਚਿਕ ਤੇ ਮੌਕੇ ਅਨੁਸਾਰ ਕਰਾਰੀ ਵੀ ਹੁੰਦੀ ਜਿਸ ਵਿਚ ਉਹ ਨਾਟਕੀ ਰੰਗ ਭਰਦਾ ਰਹਿੰਦਾ। ਉਹ ਸ਼ਬਦਾਂ ਦੀਆਂ ਬਾਜ਼ੀਆਂ ਪੁਆਉਂਦਾ ਹਾਸੇ ਖੇਡੇ ਦੇ ਅਨਾਰ ਚਲਾਈ ਜਾਂਦਾ। ਦਰਸ਼ਕਾਂ ਨੂੰ ਥਾਂ ਸਿਰ ਬਿਠਾਈ ਰੱਖਣ ਲਈ ਪੁਲੀਸਮੈਨ ਦਾ ਰੋਲ ਵੀ ਉਹੀ ਨਿਭਾਉਂਦਾ ਤੇ ਆਏ ਗਏ ਲਈ ਤਾੜੀਆਂ ਵੀ ਉਹੀ ਵਜਵਾਉਂਦਾ। ਕਿਸੇ ਦਾ ਮਾਣ ਸਨਮਾਨ ਕਰਨ ਕਰਵਾਉਣ ਵੇਲੇ ਉਹਦੇ ਵਰਗੀ ਭੂਮਿਕਾ ਘੱਟ ਹੀ ਕੋਈ ਬੰਨ੍ਹ ਸਕਦਾ। ਬੋਲਦਾ ਬੋਲਦਾ ਉਹ ਮਾਈਕ ਕਿਸੇ ਖਿਡਾਰੀ, ਪ੍ਰਬੰਧਕ ਜਾਂ ਦਰਸ਼ਕ ਅੱਗੇ ਕਰ ਕੇ ਕੁਮੈਂਟਰੀ ਦਾ ਨਾਟਕ ਬਣਾ ਦਿੰਦਾ। ਕੋਈ ਜਾਗਰ ਅਮਲੀ ਵਰਗਾ ਟੱਕਰ ਜਾਂਦਾ ਤਾਂ ਛੱਡਦਾ ਈ ਨਾ। ਉਸ ਨੂੰ ਪਤਾ ਹੁੰਦਾ ਸੀ ਕਿ ਖਿੜੇ ਹੋਏ ਅਮਲੀ ਜ਼ਮੀਨ ਅਸਮਾਨ ਦੇ ਕੁੰਡੇ ਮੇਲ ਦਿੰਦੇ ਹਨ। ਕੰਧਾਂ ਭਰਜਾਈਆਂ ਵਰਗੀਆਂ ਦਿਸਣ ਲਾ ਦਿੰਦੇ ਹਨ ਤੇ ਸਰੋਤਿਆਂ ਦਾ ਸਿਰੇ ਦਾ ਮਨੋਰੰਜਨ ਕਰਦੇ ਹਨ। ਖਿਡਾਰੀਆਂ ਵੱਲੋਂ ਲਾਏ ਜਾਂਦੇ ਡੋਪੀ ਟੀਕਿਆਂ ਦੇ ਉਹ ਸਖ਼ਤ ਖਿ਼ਲਾਫ਼ ਸੀ। ਖੇਡ ਮੇਲਿਆਂ ਵਿਚ ਜ਼ਰਦਾ ਲਾਉਣ ਤੇ ਬੀੜੀਆਂ ਪੀਣ ਵਾਲਿਆਂ ਦੀ ਚੰਗੀ ਖੁੰਬ ਠੱਪਦਾ ਸੀ। ਬੀੜੇ ਲਾਉਣ ਵਾਲਿਆਂ ਦਾ ਤਾਂ ਉਦੋਂ ਤਕ ਖਹਿੜਾ ਨਹੀਂ ਸੀ ਛੱਡਦਾ ਜਦੋਂ ਤਕ ਜੇਬਾਂ ਵਿਚੋਂ ਕਢਾਅ ਕੇ ਰੂੜੀਆਂ ਤੇ ਨਾ ਸੁਟਵਾ ਦਿੰਦਾ।

ਉਹ ਸੰਗੀਤ ਦੀ ਬੀਏ ਕਰਨ ਪਿੱਛੋਂ ਪ੍ਰੋਫ਼ਾਰਮਿੰਗ ਆਰਟ ਦਾ ਡਿਪਲੋਮਾ ਕਰੀ ਕਾਫੀ ਦੇਰ ਵਿਹਲਾ ਫਿਰਦਾ ਰਿਹਾ ਸੀ। ਵਿਹਲੇ ਫਿਰਦੇ ਨੇ ਫਿਰ ਬੱਕਰੀਆਂ ਚਾਰੀਆਂ, ਬੱਕਰੀਆਂ ਦਾ ਦੁੱਧ ਪੀਤਾ ਤੇ ਉਨ੍ਹਾਂ ਦੇ ਪਠੋਰੇ ਪਾਲੇ। ਇਕ ਵਾਰ ਮੀਟ ਖਾਣ ਲਈ ਪਠੋਰਾ ਵੱਢਿਆ ਤਾਂ ਉਹਦਾ ਲਹੂ ਦੇਖ ਕੇ ਮੀਟ ਖਾਣਾ ਉੱਕਾ ਹੀ ਛੱਡ ਦਿੱਤਾ। ਉਂਜ ਮੀਟ ਖਾਣਾ ਹੀ ਛੱਡਿਆ, ਮੀਟ ਖਾਣ ਵਾਲਿਆਂ ਨਾਲ ਬਹਿਣਾ ਉੱਠਣਾ ਨਹੀਂ ਛੱਡਿਆ। ਇਹੋ ਹਾਲ ਦਾਰੂ ਦਾ ਰਿਹਾ। ਆਪ ਪੀਣੋਂ ਪ੍ਰਹੇਜ਼ ਕਰਦਾ ਰਿਹਾ ਪਰ ਪੀਣ ਵਾਲਿਆਂ ਨੂੰ ਖੁਆਉਂਦਾ ਪਿਆਉਂਦਾ ਰਿਹਾ। ਮੋਹਨ ਸਿੰਘ ਮੇਲੇ ਵਿਚ ਉਹ ਸਟੇਜ ਸਕੱਤਰੀ ਤੋਂ ਲੈ ਕੇ ਲੰਗਰ ਦੀ ਸੇਵਾ ਤਕ ਹਰ ਤਰ੍ਹਾਂ ਦੇ ਕਾਰਜ ਭੁਗਤਾਉਂਦਾ ਸੀ। ਜੱਗਾਂ ਨਾਲ ਚਾਹ ਵਰਤਾਉਣ ਤੋਂ ਲੈ ਕੇ ਕੇਤਲੀਆਂ ਵਿਚੋਂ ਸਭਿਆਚਾਰ ਦਾ ਪ੍ਰਸ਼ਾਦ ਵਰਤਾਉਣ ਤਕ। ਗਾਇਕਾਂ ਤੋਂ ਲੈ ਕੇ ਦੀਪਕ ਜੈਤੋਈ ਵਰਗੇ ਗਜ਼ਲਗੋਆਂ ਤੋਂ ਘਿਲਬਿਲੀਆਂ ਬੁਲਾਉਣ ਤਕ। ਜੱਸੋਵਾਲ ਉਸ ਨੂੰ ਐਵੇਂ ਨਹੀਂ ਸੀ ਅਫ਼ਲਾਤੂਨ ਕਹਿੰਦਾ।

ਸ਼ੁਰ੍ਹਲੀਆਂ ਛੱਡਣ ਦੀ ਕਲਾ ਵਿਚ ਉਹ ਪੂਰਾ ਮਾਹਿਰ ਸੀ। ਉਹਦੇ ਵਜੂਦ ਅੰਦਰ ਕੋਈ ਅਲੋਕਾਰ ਕਿਰਦਾਰ ਛੁਪਿਆ ਹੋਇਆ ਸੀ ਜਿਸ ਦੀ ਉਹਨੂੰ ਆਪ ਵੀ ਪਛਾਣ ਨਹੀਂ ਸੀ। ਲੱਗਦੈ ਉਹਦੇ ਧੁਰ ਅੰਦਰ ਸੂਫ਼ੀ ਫ਼ਕੀਰਾਂ ਦੀ ਰੂਹ ਦਾ ਵਾਸਾ ਸੀ। ਕਦੇ ਕਦੇ ਉਹ ਇਹੋ ਜਿਹੇ ਸੁਖਨ ਅਲਾਉਂਦਾ ਸੀ, ਜਿਵੇਂ ਕੋਈ ਔਲੀਆ ਬੋਲ ਰਿਹਾ ਹੋਵੇ ਜਾਂ ਕੋਈ ਜਾਣੀ-ਜਾਣ ਅਗਮ ਨਿਗਮ ਦੀਆਂ ਗੱਲਾਂ ਕਰ ਰਿਹਾ ਹੋਵੇ। ਕੋਈ ਭਾਵੇਂ ਕਿੰਨਾ ਵੀ ਉਹਦੇ ਨੇੜੇ ਸੀ, ਫਿਰ ਵੀ ਉਹਦਾ ਪੂਰਾ ਭੇਤ ਨਹੀਂ ਸੀ ਪਾ ਸਕਿਆ। ਕਦੇ ਕਦੇ ਉਹ ਆਵਾਜ਼ ਬਦਲ ਕੇ ਫੋਨ ਕਰਦਾ, ਨਕਲਾਂ ਲਾਉਂਦਾ, ਅਗਲੇ ਨੂੰ ਨਿਹਾਲ ਕਰਦਾ। ਫਿਰ ਖੁੱਲ੍ਹ ਕੇ ਹੱਸਦਾ, ਖੁਸ਼ੀ ਵਿਚ ਚਹਿਕਦਾ, ਚਾਂਭਲਦਾ। ਚੰਨ ਤੇ ਜਾਣ ਦੀਆਂ ਸ਼ੇਖ਼ੀਆਂ ਮਾਰਦਾ। ਉਹਨੂੰ ਨਾ ਫਿਕਰ ਸੀ, ਨਾ ਫਾਕਾ ਸੀ। ਉਹਦੇ ਕਿਹੜਾ ਜੁਆਕ ਰੋਂਦੇ ਸੀ?

ਉਹਦਾ ਵਿਆਹ ਕਰਾਉਣ ਦਾ ਲਾਰਾ, ਅਖ਼ੀਰ ਤਕ ਲਾਰਾ ਹੀ ਰਿਹਾ ਜਿਸ ਦਾ ਕੋਈ ਭੇਤ ਨਾ ਪਾ ਸਕਿਆ, ਹਾਲਾਂਕਿ ਉਹਦੇ ਵਿਚ ਨੁਕਸ ਕੋਈ ਨਹੀਂ ਸੀ। ਬੱਸ ਏਨਾ ਕੁ ਕਜ ਸੀ ਕਿ ਨਿੱਕਾ ਹੁੰਦਾ ਕਬੱਡੀ ਖੇਡਦਾ ਹੱਥ ਤੁੜਵਾ ਬੈਠਾ ਸੀ। ਫਿਰ ਵਾਲੀਬਾਲ ਖੇਡਣ ਲੱਗਾ। ਹੱਥਾਂ ਦੀਆਂ ਉਂਗਲਾਂ ਵਾਲੀਬਾਲ ਨੇ ਹੀ ਵਿੰਗੀਆਂ ਕੀਤੀਆਂ ਸਨ। ਕੰਨ ਲੰਮੇ ਸਨ, ਮੱਥਾ ਤੰਗ, ਚਿਹਰਾ ਚੌੜਾ, ਨੱਕ ਤਿੱਖਾ ਤੇ ਰੰਗ ਗੋਰਾ ਸੀ। ਬਣਦਾ ਫੱਬਦਾ ਪੂਰਾ ਸੀ ਪਰ ਪਹਿਲਾਂ ਤੀਹ ਸਾਲ, ਫਿਰ ਚਾਲੀ ਸਾਲ, ਪੰਜਾਹ ਸਾਲ ਤੇ ਫਿਰ ਸੱਠ ਸਾਲ ਟੱਪ ਕੇ ਵੀ ਵਿਆਹ ਨਹੀਂ ਸੀ ਹੋਇਆ/ਕਰਾਇਆ। ਉਂਜ ਉਹ ਅਕਸਰ ਕਹਿੰਦਾ ਰਹਿੰਦਾ ਸੀ, ਬੱਸ ਇਕ ਦੋ ਕੰਮ ਈ ਰਹਿੰਦੇ ਨੇ ਕਰਨ ਵਾਲੇ, ਫਿਰ ਆਪਾਂ ਵਿਆਹ ਕਰਾ ਈ ਲੈਣੈਂ। ਫਿਰ ਵੀ ਪਤਾ ਨਹੀਂ ਉਹ ਕਬੀਲਦਾਰ ਕਿਉਂ ਨਾ ਬਣਿਆ?

ਉਹ 29 ਸਾਲ ਦੀ ਉਮਰੇ 1981 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਪੱਕਾ ਮੁਲਾਜ਼ਮ ਲੱਗ ਗਿਆ ਸੀ। ਉਹਦਾ ਕੈਰੀਅਰ ਬਣ ਗਿਆ ਸੀ ਜਿਸ ਕਰ ਕੇ ਵਿਆਹ ਕਰਵਾ ਲੈਣਾ ਬਣਦਾ ਸੀ। ਬਹੁਤੇ ਦੋਸਤ ਇੰਜ ਹੀ ਸੋਚਦੇ ਸਨ ਪਰ ਉਹਦੀਆਂ ਉਹ ਜਾਣੇ। ਉਂਜ ਯੂਨੀਵਰਸਿਟੀ ਵਿਚ ਉਹਦਾ ਰੋਲ ਵਿਆਹ ਵਿਚ ਨਾਇਣ ਵਰਗਾ ਸੀ। ਰੇਡੀਓ ਤੇ ਦੂਰਦਰਸ਼ਨ ਦਾ ਉਹ ਪ੍ਰਵਾਨਿਤ ਕਲਾਕਾਰ ਸੀ। ਉਸ ਨੇ ਬੜੇ ਪ੍ਰੋਗਰਾਮ ਕੀਤੇ ਤੇ ਲਾਜਵਾਬ ਕੀਤੇ। ਉਹ ਵੀਹ ਬਾਈ ਸਾਲਾਂ ਦੀ ਉਮਰ ਤੋਂ ਥੀਏਟਰ ਨਾਲ ਬਤੌਰ ਅਦਾਕਾਰ, ਗਾਇਕ, ਨਿਰਦੇਸ਼ਕ, ਡਿਜ਼ਾਈਨਰ, ਡਾਂਸਰ, ਸਪੋਕਸਮੈਨ ਤੇ ਮੇਕਅੱਪਮੈਨ ਵਜੋਂ ਕੰਮ ਕਰਦਾ ਰਿਹਾ। ਉਸ ਨੇ ਭਾਰਤ ਦੇ ਪੰਦਰਾਂ ਸੋਲਾਂ ਸੂਬੇ ਤੇ ਦੁਨੀਆਂ ਦੇ ਪੰਜ ਛੇ ਮੁਲਕ ਗਾਹੇ।

ਉਸ ਨੇ ਹਰਪਾਲ ਟਿਵਾਣੇ ਨੂੰ ਉਸਤਾਦ ਧਾਰਿਆ ਤੇ ਨਾਟਕਕਾਰ ਹਰਚਰਨ ਸਿੰਘ ਦੇ ਨਾਟਕਾਂ ਵਿਚ ਰੋਲ ਅਦਾ ਕੀਤਾ। ‘ਦੀਵਾ ਬਲੇ ਸਾਰੀ ਰਾਤ’ ਦਾ ਉਹ ਹੀਰੋ ਸੀ ਤੇ ਨੀਨਾ ਟਿਵਾਣਾ ਹੀਰੋਇਨ। ‘ਮਹਾਰਾਣੀ ਜਿੰਦਾਂ’ ਨਾਟਕ ਦਾ ਉਹ ਮਹਾਰਾਜਾ ਦਲੀਪ ਸਿੰਘ ਸੀ। ਮੇਰੇ ਨਾਲ ਖੱਲ੍ਹੀਆਂ ਗੱਲਾਂ ਕਰਦਾ ਦੱਸਦਾ ਸੀ ਕਿ ਥੀਏਟਰ ਕਰਦਿਆਂ ਉਸ ਨੂੰ ਇਕ ਸ਼ੋਅ ਦੇ ਢਾਈ ਸੌ ਰੁਪਏ ਮਿਲਦੇ ਸਨ ਤੇ ਗੁਰਦਾਸ ਮਾਨ ਨੂੰ ਸਾਢੇ ਤਿੰਨ ਸੌ। ਗੁਰਦਾਸ ਮਾਨ ਡਫਲੀ ਨਾਲ ਗਾਉਂਦਾ ਸੀ, ਬੜੀ ਤੂੰਬੀ ਨਾਲ। ਬਾਅਦ ਵਿਚ ਡਫਲੀ ਵਾਲਾ ਕਿਤੇ ਦੀ ਕਿਤੇ ਪਹੁੰਚ ਗਿਆ। ਕੇਰਾਂ ਬੜੀ ਨੇ ਰਾਜ ਬੱਬਰ ਦੀ ਪਤਨੀ ਨਾਦਿਰਾ ਦਾ ਮੇਕਅੱਪ ਕੀਤਾ ਸੀ ਜੋ ਉਸ ਨੂੰ ਬਹੁਤ ਜਚਿਆ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਉਸ ਨੂੰ ਪੁੱਤਰਾਂ ਵਾਂਗ ਸਮਝਦਾ ਸੀ। ਸ੍ਰੀ ਆਈਸੀ ਪੁਰੀ ਨੇ ਉਸ ਨੂੰ ਨੌਕਰੀ ਦਿੱਤੀ ਸੀ। ਇਕ ਕੈਸਿਟ ਉਸ ਨੇ ਆਪ ਭਰਾਈ ਸੀ ਜਦ ਕਿ ਦਰਜਨਾਂ ਕੈਸਟਾਂ ਵਿਚ ਹੋਰਨਾਂ ਨੇ ਉਹਦੀ ਕੁਮੈਂਟਰੀ ਭਰੀ। ਯਾਰ ਦੋਸਤ ਉਹਦੀ ਪਾਕਿਸਤਾਨ ਦੇ ਨਾਮਵਰ ਅਨਾਊਂਸਰ ਤਾਰਿਕ ਅਜ਼ੀਜ਼ ਨਾਲ ਤੁਲਨਾ ਕਰਦੇ ਸਨ। ਕੁਮੈਂਟਰੀ ਵਿਚ ਉਹ ਜਸਦੇਵ ਸਿੰਘ ਬਣਨ ਨੂੰ ਫਿਰਦਾ ਸੀ।

1981 ਵਿਚ ਉਹ ਕਲਾਕਾਰਾਂ ਦੇ ਗਰੁੱਪ ਨਾਲ ਪਹਿਲੀ ਵਾਰ ਅਮਰੀਕਾ ਤੇ ਕੈਨੇਡਾ ਦੇ ਟੂਰ ਤੇ ਗਿਆ ਸੀ। ਉਥੇ ਉਹ ਕਈ ਮਹੀਨੇ ਕਈ ਸ਼ਹਿਰਾਂ ਵਿਚ ਨਾਟਕ ਖੇਡਦੇ ਰਹੇ। ਉਹ ਅਦਾਕਾਰੀ ਦੇ ਨਾਲ ਤੂੰਬੀ ਉਤੇ ਗੀਤ ਵੀ ਗਾਉਂਦਾ ਰਿਹਾ। ਵਤਨ ਪਰਤਿਆ ਤਾਂ ਉਸ ਨੂੰ ਨੌਕਰੀ ਮਿਲ ਗਈ। ਉਹ ਲੁਧਿਆਣੇ ਪੰਜਾਬੀ ਭਵਨ ਵਿਚ ਰਹਿਣ ਲੱਗਾ। ਪੰਜਾਬੀ ਭਵਨ ਦੀ ਰਾਖੀ ਕਰਦਾ ਤੇ ਆਏ ਗਏ ਦੀ ਸੇਵਾ ਵੀ। ਉਥੇ ਉਹ ਝਾੜੂ ਵੀ ਦਿੰਦਾ ਤੇ ਥੀਏਟਰ ਵੀ ਕਰਦਾ। ਜੱਸੋਵਾਲ ਉਸ ਨੂੰ ਸਭਿਆਚਾਰਕ ਮੇਲਿਆਂ ਤੇ ਲੈ ਜਾਂਦਾ। ਉਹ ਜੱਸੋਵਾਲ ਤੋਂ ਬੱਲੇ ਬੱਲੇ ਕਰਵਾਉਂਦਾ ਹੋਇਆ ਮੇਲੀਆਂ ਦਾ ਚਿੱਤ ਪਰਚਾਉਂਦਾ। ਗੀਤ ਗਾਉਂਦਾ, ਨਕਲਾਂ ਲਾਉਂਦਾ। ਫਿਰ ਲੇਖਕਾਂ ਨਾਲ ਬੈਂਕਾਕ ਦੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇਖਣ ਚਲਾ ਗਿਆ। ਉਥੇ ਅਜਿਹੀਆਂ ਨਕਲਾਂ ਲਾਈਆਂ ਕਿ ਨਾ ਗੰਭੀਰ ਲੇਖਕ ਹੱਸਣੋਂ ਹਟੇ ਤੇ ਨਾ ਗ਼ਮਗ਼ੀਨ ਕਵੀ। ਸਾਹਿਤਕ ਹਲਕਿਆਂ ਬੜੀ ‘ਬੜੀ ਬੜੀ’ ਹੋਈ। ਕੇਂਦਰੀ ਮੰਤਰੀ ਬੂਟਾ ਸਿੰਘ ਤੇ ਐੱਚਐੱਸ ਹੰਸਪਾਲ ਦੇ ਵੀ ਹੱਸ ਹੱਸ ਢਿੱਡੀਂ ਪੀੜਾਂ ਪੈ ਗਈਆਂ। ਉਹਦੀ ਕਲਾਕਾਰੀ ਸਿਰ ਚੜ੍ਹ ਕੇ ਬੋਲੀ ਜੋ ਸਿੱਕਾ ਜਮਾ ਗਈ। ਸਿੱਖ ਇਤਿਹਾਸ ਦੇ ਚਿੱਤਰਕਾਰ ਕਿਰਪਾਲ ਸਿੰਘ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ। ਬਾਵਨੀਆਂ ਲਿਖਣ ਵਾਲਾ ਆਤਮ ਹਮਰਾਹੀ ਬਲਿਹਾਰ ਬਲਿਹਾਰ ਕਰ ਉੱਠਿਆ।

ਕਾਮੇਡੀ ਕਲਾਕਾਰ ਮਿਹਰ ਮਿੱਤਲ ਅਤੇ ਹਾਕਮ ਸੂਫ਼ੀ ਉਹਨੂੰ ਆਪਣੇ ਗਰੁੱਪ ਵਿਚ ਸਿੰਗਾਪੁਰ ਲੈ ਗਏ। ਉਥੇ ਉਹਦੀਆਂ ਬੋਲੀਆਂ, ਟੱਪਿਆਂ, ਜੁਗਨੀ, ਜਾਗੋ, ਜਿੰਦੂਆ ਤੇ ਨਕਲਾਂ ਨੇ ਰੰਗ ਬੰਨ੍ਹ ਦਿੱਤਾ। ਉਹਦੀ ਗੁੱਡੀ ਚੜ੍ਹੀ ਤਾਂ ਕਲਾਕਾਰਾਂ ਵਾਲੀ ਈਰਖਾ ਤੋਂ ਉਹ ਵੀ ਨਾ ਬਚ ਸਕਿਆ। ਕਿਸੇ ਨੇ ਪਤਾ ਨਹੀਂ ਕਿਹੋ ਜਿਹਾ ਖਾਣ-ਪੀਣ ਕਰਾਇਆ ਕਿ ਉਹ ਬਿਮਾਰ ਰਹਿਣ ਲੱਗ ਪਿਆ। ਡੇਢ ਸਾਲ ਨਾ ਰੋਟੀ ਖਾਧੀ ਗਈ ਤੇ ਨਾ ਰੱਜ ਕੇ ਸੌਂ ਹੋਇਆ। ਸਰੀਰਕ ਭਾਰ ਅੱਸੀ ਕਿੱਲੋ ਤੋਂ ਘਟ ਕੇ ਪੰਜਾਹ ਕਿੱਲੋ ਰਹਿ ਗਿਆ। ਲੰਮਾ ਇਲਾਜ ਕਰਾਇਆ।

ਉਸ ਨੇ ਥੀਏਟਰ ਕਰਦਿਆਂ ਪੱਚੀ ਨਾਟਕ ਖੇਡੇ। ਕੁਝ ਫਿਲਮਾਂ ਵਿਚ ਅਦਾਕਾਰੀ ਕੀਤੀ। ਸੈਮੀਨਾਰਾਂ ਤੇ ਕਾਨਫਰੰਸਾਂ ਵਿਚ ਭਾਗ ਲਿਆ। ਮਾੜਾ ਮੋਟੀ ਕਲਮ ਵੀ ਵਾਹੀ। ਇਕ ਵਾਰ ਉਸ ਨੇ ਪੰਦਰਾਂ ਵੀਹ ਸਫੇ ਲਿਖ ਕੇ ਮੈਨੂੰ ਭੇਜੇ ਜੋ ਹੁਣ ਲੱਭ ਨਹੀਂ ਰਹੇ। ਮੇਰੇ ਕਾਗਜ਼ ਪੱਤਰ, ਕਿਤਾਬਾਂ ਤੇ ਖਰੜੇ ਪਿੰਡ ਚਕਰ ਵਾਲੇ ਜੱਦੀ ਘਰ, ਮੁਕੰਦਪੁਰ ਵਾਲੇ ਘਰ ਤੇ ਅਜੋਕੀ ਰਹਾਇਸ਼ ਬਰੈਂਪਟਨ ਵਾਲੇ ਘਰ ਏਧਰ ਓਧਰ ਪਏ ਹਨ। ਉਹ ਉਪਰੋਂ ਸ਼ਾਂਤ ਲੱਗਦਾ ਸੀ ਪਰ ਵਿਚੋਂ ਬੜਾ ਬੇਚੈਨ ਜਿਊੜਾ ਸੀ। ਸਟੇਜੀ ਕਲਾ ਵਿਚ ਸ਼ਾਇਦ ਉਹਦਾ ਪੂਰਾ ਮੁੱਲ ਨਹੀਂ ਸੀ ਪਿਆ। ਏਡਾ ਵੱਡਾ ਸਟੇਜੀ ਕਲਾਕਾਰ ਆਖਰ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਵੱਲ ਆ ਗਿਆ। ਜਦੋਂ ਉਹ ਕਬੱਡੀ ਦੀ ਕੁਮੈਂਟਰੀ ਕਰਨ ਲੱਗਾ ਤਾਂ ਉਹਦੀ ਜੇਬ ਤਰ ਰਹਿਣ ਲੱਗੀ। ਥੀਏਟਰ ਉਸ ਨੇ ਭੁੱਖ ਨੰਗ ਵਿਚ ਹੀ ਕੀਤਾ। ਨਾਟਕ ਭਾਵੇਂ ਪੱਚੀ ਖੇਡੇ ਪਰ ਮਿਲੇ ਪੱਚੀ ਹਜ਼ਾਰ ਵੀ ਨਹੀਂ। ਕਬੱਡੀ ਦੀ ਕੁਮੈਂਟਰੀ ਕਰਦੇ ਨੂੰ ਦੋ ਸਕੂਟਰ ਤੇ ਲੱਖਾਂ ਰੁਪਿਆਂ ਦੇ ਇਨਾਮ ਮਿਲੇ। ਵਿਚੇ ਮੁੰਦਰੀਆਂ, ਚੇਨੀਆਂ ਤੇ ਜ਼ੰਜੀਰੀਆਂ। ਪਹਿਲਾਂ ਬੱਸਾਂ ਤੇ, ਫਿਰ ਸਕੂਟਰ ਤੇ, ਫਿਰ ਕਾਰ ਉਤੇ ਚੜ੍ਹ ਕੇ ਉਹ ਕਬੱਡੀ ਦੀ ਕੁਮੈਂਟਰੀ ਕਰਨ ਜਾਣ ਲੱਗਾ। ਕਦੇ ਢੁੱਡੀਕੇ, ਕਦੇ ਕਿਲ੍ਹਾ ਰਾਏਪੁਰ, ਕਦੇ ਕਮਾਲਪੁਰੇ, ਕਦੇ ਭਦੌੜ, ਕਦੇ ਕਿਤੇ, ਕਦੇ ਕਿਤੇ। ਪ੍ਰੇਮ ਪਿਆਰ ਦਾ ਉਹ ਬੱਧਾ ਪ੍ਰੀਤਮ ਸਿੰਘ ਗਰੇਵਾਲ ਤੇ ਬਿੰਦਰ ਗਰੇਵਾਲ ਦੇ ਪਿੰਡ ਬੀਲ੍ਹੇ ਦੀ ਖੇਡ ਤੇ ਮੇਰੇ ਅਤੇ ਮੱਖਣ ਸਿੰਘ ਨਾਲ ਹਰ ਸਾਲ ਜਾਂਦਾ। ਨੌਕਰੀ ਕਰਨ ਦੇ ਨਾਲ ਨਾਲ ਸਾਲ ਵਿਚ ਤੀਹ ਚਾਲੀ ਟੂਰਨਾਮੈਂਟ ਵੀ ਭੁਗਤਾ ਲੈਂਦਾ।

ਮੈਨੂੰ ਯਾਦ ਆ ਰਿਹੈ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਕੱਲਰਾਂ ਦੀ ਖੇਡ ਤੋਂ ਅਤਿ ਮਹਿੰਗੇ ਇਨਡੋਰ ਸਟੇਡੀਅਮ ਸਕਾਈਡੋਮ ਵਿਚ ਪੁੱਜਣਾ। ਮੈਂ ਤੇ ਕਬੱਡੀ ਕੁਮੈਂਟੇਟਰ ਦਾਰਾ ਸਿੰਘ ਗਰੇਵਾਲ ਸਕਾਈਡੋਮ ਦੇ ਨਵੇਂ ਨਾਂ ਰਾਜਰਜ਼ ਸੈਂਟਰ ਪੁੱਜੇ ਤਾਂ ਦੂਰੋਂ ਹੀ ਦਰਸ਼ਨ ਬੜੀ ਦੇ ਬੋਲ ਕੰਨੀਂ ਪਏ। ਅਸੀਂ ਨਜ਼ਰਾਂ ਮਿਲਾਈਆਂ ਕਿ ਇਹ ਕਿਧਰੋਂ ਆ ਨਿਕਲਿਆ? ਜੱਫੀਆਂ ਪਾ ਕੇ ਮਿਲੇ ਅਤੇ ਦਾਰੇ ਗਰੇਵਾਲ ਨਾਲ ਉਹਦੀ ਕੁਮੈਂਟਰੀ ਨੇ ਗੁਰਪ੍ਰੀਤ ਘੁੱਗੀ ਦੀ ਕਾਮੇਡੀ ਵਾਂਗ ਧੰਨ ਧੰਨ ਕਰਵਾ ਦਿੱਤੀ। ਉਹ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਕੈਨੇਡਾ ਹੀ ਨਹੀਂ ਆਸਟਰੇਲੀਆ ਵੀ ਜਾਂਦਾ ਰਿਹਾ। ਇਕ ਵਾਰ ਅਸੀਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਇਕੱਠੇ ਹੋਏ। ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਆਏ। ਮੈਂ ਟੂਰਨਾਮੈਂਟ ਦੇ ਸਕੱਤਰ ਪਰਮਜੀਤ ਗਰੇਵਾਲ ਨੂੰ ਕਿਹਾ, ਮੈਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਆਉਭਗਤ ਕਰਨ ਦਾ ਉਹ ਰੰਗ ਨਹੀਂ ਬੰਨ੍ਹਣਾ ਆਉਂਦਾ ਜੋ ਬੜੀ ਬੰਨ੍ਹ ਸਕਦੈ। ਬੜੀ ਨੇ ਫਿਰ ਆਉਭਗਤ ਦੀਆਂ ਲਹਿਰਾਂ ਹੀ ਲਾ ਦਿੱਤੀਆਂ ਜਿਸ ਨਾਲ ਬਾਦਲ ਨੇ ਗਰਾਂਟਾਂ ਦੇ ਗੱਫੇ ਦੁੱਗਣੇ ਐਲਾਨ ਦਿੱਤੇ!

2010 ਵਿਚ ਪੰਜਾਬ ਸਰਕਾਰ ਨੇ ਕਬੱਡੀ ਦਾ ਵਰਲਡ ਕੱਪ ਕਰਵਾਇਆ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਪਰਗਟ ਸਿੰਘ ਨੇ ਮੈਨੂੰ ਵੀ ਕੱਪ ਨਾਲ ਜੋੜ ਲਿਆ। ਮੇਰੀ ਡਿਊਟੀ ਕੁਮੈਂਟੇਟਰੀ ਨਾਲ ਕੁਮੈਂਟੇਟਰਾਂ ਦੇ ਕੋਆਰਡੀਨੇਟਰ ਦੀ ਲੱਗੀ। ਮੈਂ ਮੱਖਣ ਸਿੰਘ ਨਾਲ ਡਾ. ਦਰਸ਼ਨ ਬੜੀ ਨੂੰ ਵੀ ਜੋੜ ਲਿਆ। ਉਦਘਾਟਨ ਯਾਦਵਿੰਦਰਾ ਸਟੇਡੀਅਮ ਪਟਿਆਲੇ ਹੋਇਆ ਜਿਥੇ ਉੁਹ ਝੱਗਾ ਲਾ ਕੇ ਬੋਲਿਆ। ਫਿਰ ਲੁਧਿਆਣੇ ਗੁਰੂ ਨਾਨਕ ਸਟੇਡੀਅਮ ਵਿਚ ਭਾਰਤ-ਪਾਕਿ ਦੇ ਫਾਈਨਲ ਮੈਚ ਵਿਚ ਝੰਡੇ ਗੱਡੇ। ਉਥੇ ਉਹਦੇ ਬੋਲ ਉਹਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸੁਣੇ ਤਾਂ ਡਾ. ਬੜੀ ਨੂੰ ਤਰੱਕੀ ਦੇਣ ਦਾ ਖਿ਼ਆਲ ਆਇਆ। ਕੁਝ ਸਾਲ ਪਹਿਲਾਂ ਮੈਨੂੰ ਉਸ ਯੂਨੀਵਰਸਿਟੀ ਦੀ ਪਹਿਲੀ ਅਥਲੈਟਿਕਸ ਮੀਟ ਦੇ ਇਨਾਮ ਵੰਡ ਸਮਾਗਮ ਦਾ ਮੁੱਖ ਮਹਿਮਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਟੇਜ ਤੋਂ ਮੈਂ ਕਿਹਾ ਸੀ, “ਵਾਈਸ ਚਾਂਸਲਰ ਸਾਹਿਬ, ਤੁਹਾਡੇ ਕੋਲ ਆਹ ਜਿਹੜਾ ਫੱਕਰਾਂ ਵਰਗਾ ਬੰਦਾ ਹੈ ਨਾ, ਇਹ ਪੰਜਾਬੀ ਸਭਿਆਚਾਰ ਦਾ ਹੀਰਾ ਹੈ। ਇਹਨੂੰ ਸਭਿਆਚਾਰਕ ਸਰਗਰਮੀਆਂ ਦਾ ਡਾਇਰੈਟਰ ਬਣਾ ਸਕੋ ਤਾਂ ਤੁਹਾਡੀ ਯੂਨੀਵਰਸਿਟੀ ਦਾ ਨਾਂ ਸੱਤ ਸਮੁੰਦਰਾਂ ਤੋਂ ਪਾਰ ਜਾ ਸਕਦੈ।” ਇਸੇ ਗੇੜ ਵਿਚ ਉਹ ਕਲਰਕ ਤੋਂ ਵੈਲਫੇਅਰ ਆਫੀਸਰ ਬਣਿਆ ਜਿਸ ਨੇ ਕਲਚਰਲ ਸਰਗਰਮੀਆਂ ਵਿਚ ਯੂਨੀਵਰਸਿਟੀ ਦਾ ਨਾਂ ਧੁਮਾ ਦਿੱਤਾ। ਉਹਦੀ ਸਿਫ਼ਤ ਵਿਚ ਅਨੇਕਾਂ ਪ੍ਰਸੰਸਕਾਂ ਨੇ ਕਲਮਾਂ ਵਾਹੀਆਂ ਜੋ ਉਸ ਦੀ ਘਾਲ ਕਮਾਈ ਹੈ। ਗੁਰਭਜਨ ਗਿੱਲ ਤੋਂ ਲੈ ਕੇ ਸੁਰਜੀਤ ਪਾਤਰ ਨੇ ਉਹਦਾ ਜਸ ਗਾਇਆ। ਉਹ ਪੰਜਾਬੀ ਸਾਹਿਤ ਅਕਾਡਮੀ ਦਾ ਸੀਨੀਅਰ ਮੈਂਬਰ ਸੀ ਜਿਸ ਨੇ ਅਕਾਦਮੀ ਦੀ ਬਣਦੀ ਸਰਦੀ ਸੇਵਾ ਕੀਤੀ।

ਆਸਟਰੇਲੀਆ ਤੋਂ ਕਬੱਡੀ ਕੁਮੈਂਟੇਟਰ ਕੁਲਵੰਤ ਬੁਢਲਾਡਾ ਨੇ ਉਹਦੇ ਬਾਰੇ ਬੜੀ ਭਾਵਪੂਰਤ ਪੋਸਟ ਭੇਜੀ, “ਖੇਡ ਮੈਦਾਨਾਂ ਵਿਚ ਧਰੂ ਤਾਰੇ ਵਾਂਗੂ ਚਮਕਣ ਵਾਲ਼ਾ ਦਰਸ਼ਨ ਬੜੀ ਇਸ ਰੰਗਲੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਤੇ ਪਿੱਛੇ ਛੱਡ ਗਿਆ ਆਪਣੀਆਂ ਮਿੱਠੀਆਂ ਪਿਆਰੀਆਂ ਯਾਦਾਂ। ਕਬੱਡੀ ਦੇ ਧਨੰਤਰ ਦੇਵੀ ਦਿਆਲ ਜੀ ਦੇ ਪਿੰਡੋਂ ਇਕ ਵਾਰ ਮੈਂ ਬੜੀ ਦੇ ਨਾਲ਼ ਉਹਦੀ ਕਾਰ ਵਿਚ ਲੁਧਿਆਣੇ ਤਕ ਦਾ ਸਫ਼ਰ ਕੀਤਾ। ਬੜੀ ਨੇ ਆਪਣੇ ਘਰੋਂ ਮੈਨੂੰ ਬਲਿਹਾਰ ਰੰਧਾਵੇ ਦੀ ਕਿਤਾਬ ‘ਕਬੱਡੀ ਦੇ ਅੰਗ-ਸੰਗ’ ਭੇਂਟ ਕੀਤੀ ਜੋ ਉਹਦੀ ਪ੍ਰੇਮ ਨਿਸ਼ਾਨੀ ਵਜੋਂ ਮੇਰੇ ਕੋਲ ਹੈ। ਕੁੱਬੇ, ਕੋਟ ਗੰਗੂ ਰਾਏ, ਗੁੱਜਰਵਾਲ, ਕਮਾਲਪੁਰੇ, ਕੋਟਲਾ ਸ਼ਾਹੀਆਂ ਅਤੇ ਕਈ ਹੋਰ ਟੂਰਨਾਮੈਂਟਾਂ ਤੇ ਅਸੀਂ ਕਈ ਸਾਲ ਇਕੱਠੇ ਹੁੰਦੇ ਰਹੇ। ਉਹਦੇ ਟੋਟਕੇ ਬੜੇ ਦਿਲਚਸਪ ਹੁੰਦੇ। ਜਲੰਧਰ ਦੂਰਦਰਸ਼ਨ ਤੇ ਉਹਦੇ ਅਕਸਰ ਦਰਸ਼ਨ ਹੋ ਜਾਂਦੇ, ਕਦੇ ਨਾਟਕ ਵਿਚ, ਕਦੇ ਸੀਰੀਅਲ ਵਿਚ। ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ ਉਹ। ਵਾਜਪਾਈ ਦੀ ਸਰਕਾਰ ਵੇਲ਼ੇ ਲੁਧਿਆਣੇ ਹੋਈਆਂ ਨੈਸ਼ਨਲ ਖੇਡਾਂ ਵਿਚ ਉਸ ਨੇ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਨਾਲ ਮਿਲ ਕੇ ਕੁਮੈਂਟਰੀ ਕੀਤੀ। ਜਸਦੇਵ ਸਿੰਘ ਹਿੰਦੀ ਵਿਚ ਤੇ ਦਰਸ਼ਨ ਬੜੀ ਪੰਜਾਬੀ ਵਿਚ ਖੇਡਾਂ ਦਾ ਅੱਖੀਂ ਵੇਖਿਆ ਹਾਲ ਸੁਣਾ ਰਹੇ ਸਨ, ਜਿਹੜਾ ਦੂਰਦਰਸ਼ਨ ਦੇ ਜ਼ਰੀਏ ਸਾਰੇ ਦੇਸ਼ ਵਿਚ ਸੁਣਿਆ ਤੇ ਦੇਖਿਆ ਗਿਆ। 2018 ਵਿਚ ਉਹਦੇ ਨਾਲ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਸਿੱਖ ਗੇਮਾਂ ਤੇ ਫਿਰ ਮੇਲ ਹੋਇਆ। ਗਰਾਊਂਡ ਵਿਚ ਉਹ ਮੇਰੀ ਚਿੱਟੀ ਦਾੜ੍ਹੀ ਦੇਖ ਕੇ ਕਹਿੰਦਾ, ਸੁਣਾ ਤਾਇਆ ਕੀ ਹਾਲ ਐ? ਮੈਂ ਕਿਹਾ, ਵਧੀਆ ਐ ਚਾਚਾ, ਤੂੰ ਦੱਸ। ਕਹਿੰਦਾ, ਯਾਰ ਤੂੰ ਮੈਨੂੰ ਗੋਦ ਲੈ ਲੈ। ਮੈਂ ਕਿਹਾ, ਫਿਰ ਕਿਹੜਾ ਤੇਰਾ ਵਿਆਹ ਹੋ ਜੂ? ਰਹੇਂਗਾ ਤਾਂ ਛੜੇ ਦਾ ਛੜਾ। ਕੋਲ਼ ਖੜ੍ਹਾ ਪ੍ਰਭਜੋਤ ਸੰਧੂ ਕਹਿੰਦਾ, ਛੜਾ ਨੀ ਮੁਕਤਾ ਆਖੋ। ਮੈਂ ਉਹਨੂੰ ਪੁੱਛਿਆ, ਕੁਮੈਂਟਰੀ ਦੇ ਸਫ਼ਰ ਦੀਆਂ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ ਜਾਂ ਨਹੀਂ? ਕਹਿੰਦਾ ਸ਼ੁਰੂ ਕਰ ਕੇ ਫਿਰ ਬੰਦ ਕਰ ਦਿੱਤੀਆਂ। ਮੇਰੇ ਕਹਿਣ ਤੇ ਉਹ ਦੁਬਾਰਾ ਕਲਮ ਚੁੱਕਣ ਨੂੰ ਤਿਆਰ ਹੋ ਗਿਆ ਸੀ ਪਰ ਪਤਾ ਨਹੀਂ ਕੋਈ ਯਾਦ ਲਿਖ ਗਿਆ ਜਾਂ ਅਧੂਰੀਆਂ ਹੀ ਛੱਡ ਗਿਆ ਸਾਰੀਆਂ! ਉਸ ਰੰਗਲੇ ਸੱਜਣ ਦੇ ਤੁਰ ਜਾਣ ਨਾਲ਼ ਕਬੱਡੀ ਦੀ ਕੁਮੈਂਟਰੀ ਦਾ ਸਾਹਿਤਕ ਪੱਖ ਖੁਰ ਗਿਆ। ਪੰਜਾਬੀ ਦੇ ਹਰ ਵੱਡੇ ਸ਼ਾਇਰ ਦੀਆਂ ਕਵਿਤਾਵਾਂ ਉਹਦੀ ਕੁਮੈਂਟਰੀ ਦਾ ਅੰਗ ਬਣਦੀਆਂ ਰਹੀਆਂ ਸਨ। ਉਹਦੀ ਜਿੰਦ ਮੁੱਕ ਗਈ ਪਰ ਕੰਮ ਨਾ ਮੁੱਕੇ। ਸੁਰਗਾਂ ਵਿਚ ਵਾਸਾ ਹੋਵੇ ਉਸ ਰਾਂਗਲੇ ਸੱਜਣ ਦਾ!”
ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All