ਜਸਦੇਵ ਸਿੰਘ ਲਲਤੋਂ
ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ ਦਾ ਜਨਮ ਪਹਿਲੀ ਦਸੰਬਰ 1877 ਨੂੰ ਬਸੰਤ ਕੌਰ ਅਤੇ ਸੰਤ ਰਾਮ ਢੁਡੀਕੇ ਦੇ ਘਰ ਪਿੰਡ ਕੋਟ ਸੰਤਰਾਮ ਵਿੱਚ ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁਢਲੀ ਸਿੱਖਿਆ ਦੌਰਾਨ ਉਨ੍ਹਾਂ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। 1895 ਵਿੱਚ ਉਹ ਰੁਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ਲਈ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚਾਪ ਰੇਲ ਗੱਡੀ ਰਾਹੀਂ ਬਰਮਾ ਪੁੱਜੇ। ਮਿਹਨਤ ਮਜ਼ਦੂਰੀ ਕਰਦਿਆਂ ਉਨ੍ਹਾਂ ਨੇ ਕਰੀਬ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਚੀਨੀ ਭਾਸ਼ਾ ਦਾ ਸਰਟੀਫਿਕੇਟ ਲਿਆ ਅਤੇ ਚੀਨੀ ਪੁਲੀਸ ਵਿੱਚ ਦੋ ਸਾਲ ਨੌਕਰੀ ਕੀਤੀ। ਇਸ ਤੋ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫੌਜ ਵਿੱਚ ਸੇਵਾਵਾਂ ਦਿੱਤੀਆਂ ਅਤੇ 1904 ’ਚ ਸਾਨਫਰਾਂਸਿਸਕੋ (ਅਮਰੀਕਾ) ਪਹੁੰਚੇ। ਮਜ਼ਦੂਰੀ ਕਰਦਿਆਂ ਉਨ੍ਹਾਂ ਨੇ ਕਾਫੀ ਡਾਲਰ ਜੋੜੇ। ਉਨ੍ਹਾਂ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਬਿਸ਼ਨ ਜੀ ਗੁਰਦੁਆਰਿਆਂ ’ਚ ਹੋਣ ਵਾਲੇ ਭਾਰਤੀਆਂ ਦੇ ਹਫਤਾਵਾਰੀ ਇਕੱਠਾਂ ਵਿੱਚ ਜਾਂਦੇ, ਜਿੱਥੇ ਪਰਵਾਸੀਆਂ ਦੀਆਂ ਸਮੱਸਿਆਵਾਂ, ਦੁੱਖਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਵਿਚਾਰਾਂ ਹੁੰਦੀਆਂ। 1911-12 ਦੌਰਾਨ ਉਨ੍ਹਾਂ ਦਾ ਮੇਲ ਭਾਰਤੀ ਕ੍ਰਾਂਤੀਕਾਰੀ ਆਗੂ ਲਾਲਾ ਹਰਦਿਆਲ ਤੇ ਉਨ੍ਹਾਂ ਦੇ ਸਾਥੀਆਂ ਨਾਲ ਹੋਇਆ। 1913 ਵਿਚ ਗਦਰ ਪਾਰਟੀ (ਹਿੰਦੀ ਪੈਸੀਫਿਕ ਕੋਸਟ ਐਸੋਸੀਏਸ਼ਨ) ਬਣਨ ਮਗਰੋਂ ਉਹ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਤੇ ਗ਼ਦਰ ਲਹਿਰ ਅਤੇ ਗ਼ਦਰ ਅਖਬਾਰ ਦੀਆਂ ਸਾਰੀਆ ਸਰਗਰਮੀਆਂ ਵਿਚ ਹਿੱਸਾ ਲੈਣ ਲੱਗੇ। ਉਨ੍ਹਾਂ ਤਨ, ਮਨ ਅਤੇ ਵਿਸ਼ੇਸ਼ ਕਰਕੇ ਧਨ ਨਾਲ ਗ਼ਦਰ ਪਾਰਟੀ ਵਿੱਚ ਆਪਣਾ ਯੋਗਦਾਨ ਜਾਰੀ ਰੱਖਿਆ।
1922-23 ਵਿੱਚ ਜਦੋਂ ਊਧਮ ਸਿੰਘ ਅਮਰੀਕਾ ਪੁੱਜਿਆ ਤਾਂ ਗ਼ਦਰ ਪਾਰਟੀ ਰਾਹੀਂ ਉਸ ਦਾ ਬਿਸ਼ਨ ਜੀ ਨਾਲ ਮੇਲਜੋਲ ਬਣਿਆ। ਦੋਵੇਂ ਪੱਕੇ ਮਿੱਤਰ ਬਣ ਗਏ ਤੇ ਮੈਰੀਲੈਂਡ ਵਿੱਚ ਦੋ ਸਾਲ ਇੱਕਠੇ ਰਹੇ। ਰਿਹਾਇਸ਼ ’ਤੇ ਅਮਰੀਕੀ ਪੁਲੀਸ ਦਾ ਛਾਪਾ ਪੈਣ ਮਗਰੋਂ ਊਧਮ ਸਿੰਘ ਸਫਲਤਾ ਨਾਲ ਪਿਛਲੇ ਪਾਸੇ ਦੀ ਬਚ ਨਿਕਲਿਆ। ਉਨ੍ਹਾਂ ਊਧਮ ਸਿੰਘ ਦੀ ਪੈਸੇ ਨਾਲ ਭਾਰੀ ਮਦਦ ਕੀਤੀ। 1927 ਵਿੱਚ ਊਧਮ ਸਿੰਘ ਅੰਮ੍ਰਿਤਸਰ ਤੋਂ ਫੜਿਆ ਗਿਆ ਤੇ 1928 ’ਚ ਪੰਜ ਸਾਲ ਦੀ ਕੈਦ ਹੋ ਗਈ। ਫੱਕਰ ਸੁਭਾਅ ਵਾਲੇ ਬਿਸ਼ਨ ਜੀ 32 ਸਾਲ ਬਾਅਦ ਪਹਿਲੀ ਵਾਰ ਘਰੇ ਨਨਕਾਣਾ ਸਾਹਿਬ ਪਰਤੇ ਅਤੇ ਅੰਮ੍ਰਿਤਸਰ ਜਾ ਕੇ ਊਧਮ ਸਿੰਘ ਨਾਲ ਮੁਲਾਕਾਤ ਕੀਤੀ। ਬਿਸ਼ਨ ਜੀ ਨੇ ਦੱਸਿਆ ਸੀ ਕਿ 1932 ਵਿਚ ਊਧਮ ਸਿੰਘ ਰਿਹਾਅ ਹੋ ਕੇ ਜੰਮੂ-ਕਸ਼ਮੀਰ ਦੇ ਪਹਾੜਾਂ ਵੱਲ ਨੂੰ ਚਲਾ ਗਿਆ। ਇਥੇ ਉਸ ਦਾ ਮੇਲ ਇਕ ਅਮੀਰ ਆਦਮੀ ਨਾਲ ਹੋਇਆ, ਜਿਸ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਬਾਵਾ ਦੇ ਨਾਂ ਹੇਠ ਊਧਮ ਸਿੰਘ ਦਾ ਲਾਹੌਰ ਤੋਂ ਨਵਾਂ ਪਾਸਪੋਰਟ ਜਾਰੀ ਕਰਵਾਇਆ ਤੇ ਵਲੈਤ (ਇੰਗਲੈਂਡ) ਭਿਜਵਾਇਆ। ਬਿਸ਼ਨ ਜੀ ਤੇ ਊਧਮ ਸਿੰਘ ਦਾ ਮੇਲਜੋਲ ਚਿੱਠੀ ਪੱਤਰ ਰਾਹੀਂ ਲਗਾਤਾਰ ਬਣਿਆ ਰਿਹਾ।
1936 ਵਿੱਚ ਉਨ੍ਹਾਂ ਦੇ ਫੌਜੀ ਭਰਾ ਕਿਸ਼ਨ ਦਾਸ ਦੀ ਪਲੇਗ ਕਾਰਨ ਮੌਤ ਹੋ ਗਈ। ਉਨ੍ਹਾਂ ਨਨਕਾਣਾ ਸਾਹਿਬ ਆ ਕੇ ਪਲੇਗ ਦਾ ਇਲਾਜ ਕਰ ਰਹੇ ਅੰਗਰੇਜ਼ ਡਾਕਟਰਾਂ ਦੀ ਟੀਮ (ਜਿਨ੍ਹਾਂ ਨੂੰ ਭਾਸ਼ਾ ਦੀ ਸਮੱਸਿਆ ਸੀ) ਨਾਲ ਰਹਿ ਕੇ ਛੇ ਮਹੀਨੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ। ਇਸੇ ਦੌਰਾਨ ਉਨ੍ਹਾਂ ਦਾ ਬੀਬੀ ਹਰਬੰਸ ਕੌਰ ਨਾਲ ਵਿਆਹ ਹੋਇਆ। ਮਗਰੋਂ ਉਹ ਮੁੜ ਅਮਰੀਕਾ ਚਲੇ ਗਏ। ਹਰਬੰਸ ਕੌਰ ਸਮੇਤ ਸਾਰਾ ਪਰਿਵਾਰ ਨਨਕਾਣਾ ਸਾਹਿਬ ਹੀ ਰਿਹਾ। ਉਹ ਚਾਰ-ਚਾਰ ਸਾਲ ਬਾਅਦ ਦੇਸ਼ ਆਉਣ ਲੱਗੇ। ਉਨ੍ਹਾਂ ਘਰ ਪੰਜ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ।
1940 ’ਚ ਲੰਡਨ ਵਿਚ ਲਏ ਜਾਣ ਵਾਲੇ ਸਰ ਮਾਈਕਲ ਓਡਵਾਇਰ ਵਾਲੇ ਕੌਮੀ ਬਦਲੇ ਦੇੇ ਇਤਿਹਾਸਕ ਸਾਕੇ ਤੋਂ ਥੋੜ੍ਹਾ ਅਰਸਾ ਪਹਿਲਾਂ ਊਧਮ ਸਿੰਘ ਨੇ ਪਰਮ ਮਿੱਤਰ ਹੋਣ ਕਰਕੇ ਬਿਸ਼ਨ ਜੀ ਨੂੰ ਇੰਗਲੈਂਡ ਸੱਦਿਆ ਤੇ 20 ਦਿਨ ਇਕੱਠਿਆਂ ਗੁਜ਼ਾਰੇ। ਵਾਪਸੀ ਮੌਕੇ ਊਧਮ ਸਿੰਘ ਨੇ ਦੱਸਿਆ ਕਿ ਜਲਦੀ ਹੀ ਉਨ੍ਹਾਂ ਨੂੰ ਅਜਿਹੀ ਨਿਵੇਕਲੀ ਖਬਰ ਮਿਲੇਗੀ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਟੀਚਾ ਪੂਰਾ ਹੋ ਜਾਵੇਗਾ।
ਊਧਮ ਸਿੰਘ ਦੇ ਫੜੇ ਜਾਣ ’ਤੇ ਬਿਸ਼ਨ ਜੀ ਦੀ ਪਹਿਲਕਦਮੀ ਨਾਲ ਅਮਰੀਕਾ ਦੀ ਗਦਰ ਪਾਰਟੀ ਨੇ ਮੁਕੱਦਮਾ ਲੜਨ ਲਈ ਦੋ ਵੱਡੇ ਵਕੀਲ ਖੜ੍ਹੇ ਕੀਤੇ ਤਾਂ ਜੋ ਊਧਮ ਸਿੰਘ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕੇ। ਊਧਮ ਸਿੰਘ ਨੇ ਬਿਸ਼ਨ ਜੀ ਨੂੰ ਆਪਣੇ ਅਸਲੀ ਦਸਤਖਤਾਂ ਵਾਲੀ ਆਖਰੀ ਫੋਟੋ ਲੰਡਨ ਜੇਲ੍ਹ ’ਚੋਂ ਡਾਕ ਰਾਹੀਂ ਅਮਰੀਕਾ ਭੇਜੀ, ਜਿਸ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ, ‘‘ਮੁਹੰਮਦ ਸਿੰਘ ਆਜ਼ਾਦ। ਆਪ ਨੂੰ ਯਾਦਗਾਰ ਭੇਜਦਾ ਹਾਂ ਕਦੀ ਇਸ ਨੂੰ ਦੇਖ ਲਿਆ ਕਰਨਾ। ਐੱਮ.ਐੱਸ.ਆਜ਼ਾਦ।’’
ਪਿਆਰੇ ਵਤਨ ਤੇ ਵਤਨ ਵਾਸੀਆਂ ਦੇ ਖਿੱਚੇ ਬਿਸ਼ਨ ਜੀ 1952 ’ਚ ਅਮਰੀਕਾ ਤੋਂ ਪਰਿਵਾਰ ਕੋਲ ਡਡਹੇੜੀ ਪਿੰਡ ਪਹੁੰਚੇ ਅਤੇ ਬਾਅਦ ’ਚ ਪਰਿਵਾਰ ਸਮੇਤ ਮੰਡੀ ਗੋਬਿੰਦਗੜ੍ਹ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਰਹਿਣ ਲੱਗੇ। ਮਗਰੋਂ ਉਹ ਲਗਾਤਾਰ ਦੇਸ਼ ਭਗਤੀ ਤੇ ਲੋਕ ਸੇਵਾ ਦੇ ਕਾਰਜਾਂ ਵਿਚ ਜੁਟੇ ਰਹੇ। ਉਹ ਸਮਝਦੇ ਸਨ ਕਿ ਆਜ਼ਾਦੀ ਦੀ ਲਾਲੀ 90 ਫੀਸਦੀ ਕਿਸਾਨਾਂ, ਮਜ਼ਦੂਰਾਂ, ਤਮਾਮ ਕਿਰਤੀਆਂ ਦੇ ਘਰਾਂ ’ਚ ਨਹੀਂ ਪਹੁੰਚੀ। ਇਸ ਤਰ੍ਹਾਂ ਵੱਡੇ ਇਨਕਲਾਬ ਦੀ ਆਸ ਜਿਉਂਦੇ ਰੱਖਦੇ ਹੋਏ ਉਹ 16 ਜੂਨ 1975 ਨੂੰ ਸਦੀਵੀ ਵਿਛੋੜਾ ਦੇ ਗਏ।
ਸੰਪਰਕ: 96464-02470