ਡਾ. ਰਣਜੀਤ ਸਿੰਘ
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਪ੍ਰਾਚੀਨ ਸੱਭਿਅਤਾ ਦਾ ਮਾਲਕ ਹੈ। ਇਸ ਉਤੇ ਅਸੀਂ ਮਾਣ ਵੀ ਕਰਦੇ ਹਾਂ ਪਰ ਇਹ ਵੀ ਸੱਚ ਹੈ ਕਿ ਮੁਲਕ ਦਾ ਨਾਂ ਸਭ ਤੋਂ ਗੰਦੇ ਮੁਲਕਾਂ ਵਿਚ ਸ਼ੁਮਾਰ ਹੈ। ਹਰ ਪਾਸੇ ਗੰਦਗੀ ਦੇ ਢੇਰ ਸਵਾਗਤ ਕਰਦੇ ਹਨ। ਸਦੀਆਂ ਦੀ ਗੁਲਾਮੀ ਨੇ ਸਾਡੇ ਅੰਦਰੋਂ ਆਪਣੇ ਆਪ ਅਤੇ ਆਪਣੇ ਮੁਲਕ ਉਤੇ ਮਾਣ ਕਰਨਾ ਭੁਲਾ ਦਿੱਤਾ ਸੀ। ਵਿਦੇਸ਼ਾਂ ਦੇ ਮੁਕਾਬਲੇ ਅਸੀਂ ਆਪਣੇ ਮੁਲਕ, ਬੋਲੀ ਅਤੇ ਸੱਭਿਅਤਾ ਨੂੰ ਘਟੀਆ ਸਮਝਣ ਲਗ ਪਏ ਹਾਂ। ਸੰਸਾਰ ਨੂੰ ਸਲੀਕੇ ਦਾ ਪਾਠ ਪੜ੍ਹਾਉਣ ਵਾਲਾ ਮੁਲਕ ਆਪ ਸਲੀਕੇ ਵਿਹੂਣਾ ਹੋ ਗਿਆ ਸੀ। ਲੋਕਰਾਜ ਵਿਚ ਸਰਕਾਰ ਤੋਂ ਵੀ ਵੱਧ ਜ਼ਿੰਮੇਵਾਰੀ ਲੋਕਾਂ ਦੀ ਹੁੰਦੀ ਹੈ। ਕਾਇਦੇ-ਕਾਨੂੰਨ ਦੀ ਪਾਲਣਾ ਕਰਾਉਣਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੋ ਜਾਂਦਾ ਹੈ। ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣਾ, ਸਲੀਕੇ ਦੀ ਪਾਲਣਾ ਕਰਨਾ ਤੇ ਵਾਤਾਵਰਨ ਦੀ ਸਾਂਭ-ਸੰਭਾਲ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਤਕ ਲੋਕ ਆਪਣਾ ਯੋਗਦਾਨ ਨਹੀਂ ਪਾਉਂਦੇ, ਉਦੋਂ ਤਕ ਸਵੱਛ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਪੰਜਾਬ ਨੂੰ ਮੁਲਕ ਦਾ ਵਿਕਸਤ ਸੂਬਾ ਮੰਨਿਆ ਜਾਂਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚ ਸਾਰੇ ਪਾਸੇ ਪੱਕੇ ਮਕਾਨ, ਬਿਜਲੀ, ਪਾਣੀ ਦੀ ਸਹੂਲਤ ਅਤੇ ਪੱਕੀਆਂ ਸੜਕਾਂ, ਵਧੀਆ ਦਿੱਖ ਵਾਲੇ ਹਨ ਪਰ ਚੌਗਿਰਦੇ ਦੀ ਸਾਫ ਸਫਾਈ ਦੀ ਘਾਟ ਇਥੇ ਵੀ ਰੜਕਦੀ ਹੈ। ਗਲੀਆਂ ਅਤੇ ਸੜਕਾਂ ਕੰਢੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ ਜਿਥੇ ਕਿਸੇ ਦਾ ਮਨ ਕਰੇ ਖਾਲੀ ਲਿਫਾਫੇ, ਕਾਗਜ਼, ਫਲਾਂ ਦੇ ਛਿਲਕੇ ਸੁੱਟ ਦਿੰਦਾ ਹੈ, ਤੇ ਥੁੱਕ ਦਿੰਦਾ ਹੈ। ਚੌਗਿਰਦੇ ਦੀ ਗੰਦਗੀ ਨਾਲ ਇਥੋਂ ਦਾ ਵਾਤਾਵਰਨ ਵੀ ਪਲੀਤ ਹੋ ਗਿਆ ਹੈ।
ਕੁਦਰਤ ਦੇ ਰੂਪ ਵਿਚ ਕਾਦਰ ਦੀ ਇਸ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਹਵਾ, ਪਾਣੀ ਅਤੇ ਧਰਤੀ ਦੀ ਹੈ। ਇਨ੍ਹਾਂ ਤਿੰਨਾਂ ਬਗੈਰ ਸੰਸਾਰ ਅਤੇ ਜੀਵਨ ਅਸੰਭਵ ਹੈ। ਇਸੇ ਕਰਕੇ ਮੁੱਢ ਕਦੀਮ ਤੋਂ ਮਨੁੱਖ ਇਨ੍ਹਾਂ ਨੂੰ ਪਵਿੱਤਰ ਮੰਨਦਾ ਰਿਹਾ ਹੈ ਅਤੇ ਇਨ੍ਹਾਂ ਦੀ ਪੂਜਾ ਕਰਦਾ ਰਿਹਾ ਹੈ। ਸਾਡੇ ਵਡੇਰੇ ਇਨ੍ਹਾਂ ਦੀ ਪੂਜਾ ਕਰਦੇ ਸਨ। ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਹਵਾ, ਪਾਣੀ ਤੇ ਧਰਤੀ ਦੀ ਸ਼ੁੱਧਤਾ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਇਹ ਆਖਣ ਲੱਗ ਪਏ ਹਾਂ ਕਿ ਇਹ ਕੰਮ ਸਰਕਾਰ, ਨਗਰ ਕੌਂਸਲ ਜਾਂ ਪਿੰਡ ਦੀ ਪੰਚਾਇਤ ਦਾ ਹੈ। ਲੋਕ ਕਾਰਜ ਵਿਚ ਜਿਥੇ ਸ਼ਹਿਰੀਆਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਉਥੇ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਚੌਗਿਰਦੇ ਦੀ ਸਾਂਭ-ਸੰਭਾਲ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਣਾ ਹੈ। ਇਸ ਦਾ ਫਾਇਦਾ ਸਾਨੂੰ ਸਾਰਿਆਂ ਨੂੰ ਹੈ। ਸਾਫ ਸੁਥਰੇ ਚੌਗਿਰਦੇ ਵਿਚ ਰਹਿਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਸਾਹ ਲੈਣ ਲਈ ਸਾਫ ਹਵਾ ਪ੍ਰਾਪਤ ਹੋਵੇਗੀ ਅਤੇ ਵਧੀਆ ਚੌਗਿਰਦਾ ਮਨ ਨੂੰ ਅਨੰਦਿਤ ਕਰੇਗਾ। ਉਤਸ਼ਾਹ ਵਿਚ ਵਾਧਾ ਹੋਵੇਗਾ। ਮਨੁੱਖ ਦੀ ਕਾਰਗੁਜ਼ਾਰੀ ਵੱਧ ਹੋ ਸਕੇਗੀ। ਗੰਦੇ ਚੌਗਿਰਦੇ ਅਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਹਰ ਸਾਲ ਕੋਈ 40000 ਲੋਕ ਅਜਿਹੀਆਂ ਬਿਮਾਰੀਆਂ ਨਾਲ ਮਰਦੇ ਹਨ ਜਿਹੜੀਆਂ ਪ੍ਰਦੂਸ਼ਣ ਨਾਲ ਫੈਲਦੀਆਂ ਹਨ। ਕੋਈ ਦੋ ਕਰੋੜ ਲੋਕ ਇਨ੍ਹਾਂ ਦਾ ਸ਼ਿਕਾਰ ਹਨ। ਆਮ ਦੇਖਿਆ ਜਾਂਦਾ ਹੈ ਕਿ ਬਹੁਤੇ ਲੋਕ ਆਪਣੇ ਘਰ ਸਾਫ ਕਰਕੇ ਕੂੜਾ ਬਾਹਰ, ਗਲੀ ਜਾਂ ਸੜਕ ਤੇ ਸੁੱਟ ਦਿੰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬਾਹਰ ਦੀ ਗੰਦਗੀ ਦੇ ਢੇਰਾਂ ਵਿਚੋਂ ਬਿਮਾਰੀਆਂ ਬਦਬੂ ਅਤੇ ਨਿਰਾਸ਼ਤਾ ਸਾਡੇ ਪੱਲੇ ਵੀ ਪੈਂਦੀ ਹੈ। ਰਾਹ ਜਾਂਦੇ ਫਲ ਖਾ ਕੇ ਛਿਲਕੇ ਰਾਹ ਵਿਚ ਆਮ ਸੁੱਟੇ ਜਾਂਦੇ ਹਨ। ਖਾਲੀ ਲਿਫਾਫਿਆਂ ਤੇ ਕਾਗਜ਼ਾਂ ਨਾਲ ਵੀ ਇਹੋ ਕੁਝ ਹੁੰਦਾ ਹੈ। ਰਾਹ ਵਿਚ ਥੁੱਕਣਾ ਤੇ ਜਿਥੇ ਜੀ ਕੀਤਾ, ਪਿਸ਼ਾਬ ਕਰਨਾ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਿਆ ਜਾਂਦਾ ਹੈ।
ਅਸੀਂ ਆਪਣੇ ਆਪ ਨੂੰ ਸੰਸਾਰ ਦੇ ਸਭ ਤੋਂ ਵੱਧ ਧਾਰਮਿਕ ਰੁਚੀ ਵਾਲੇ ਹੋਣ ਦੇ ਦਆਵੇ ਕਰਦੇ ਹਾਂ। ਇਸੇ ਅਕੀਦੇ ਅਧੀਨ ਸਾਲ ਵਿਚ ਕਈ ਵਾਰ ਨਗਰ ਕੀਰਤਨ, ਸੋਭਾ ਯਾਤਰਾ ਦਾ ਪ੍ਰਬੰਧ ਹੁੰਦਾ ਹੈ। ਇਨ੍ਹਾਂ ਵਿਚ ਸ਼ਾਮਿਲ ਸੰਗਤ ਦੀ ਖੂਬ ਸੇਵਾ ਕੀਤੀ ਜਾਂਦੀ ਹੈ। ਥਾਂ ਥਾਂ ਲੰਗਰ ਲਗਾਏ ਜਾਂਦੇ ਹਨ ਪਰ ਜਦੋਂ ਉਥੋਂ ਸੰਗਤ ਅੱਗੇ ਲੰਘ ਜਾਂਦੀ ਹੈ ਤਾਂ ਪਿਛੇ ਸੜਕ ਪੇਪਰ ਪਲੇਟਾਂ, ਕੱਪ ਤੇ ਖਾਣ-ਪੀਣ ਦੀਆਂ ਵਸਤਾਂ ਦੀ ਜੂਠ ਨਾਲ ਭਰ ਜਾਂਦੀ ਹੈ। ਇੰਝ ਪੁੰਨ ਕਮਾਉਣ ਦੀ ਥਾਂ ਅਸੀਂ ਗੰਦਗੀ ਖਿਲਾਰ ਦਿੰਦੇ ਹਾਂ। ਸਮਝਦਾਰੀ ਤਾਂ ਇਸ ਵਿਚ ਹੈ ਕਿ ਜਿਸ ਸ਼ਰਧਾ ਨਾਲ ਅਸੀਂ ਨਗਰ ਕੀਰਤਨ ਦੇ ਅੱਗੇ ਸਫਾਈ ਕਰਦੇ ਜਾਂਦੇ ਹਾਂ, ਉਸੇ ਤਰ੍ਹਾਂ ਪਿੱਛੇ ਸਫਾਈ ਕੀਤੀ ਜਾਵੇ।
ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੂੰਆਂ ਜਿਥੇ ਹਵਾ ਨੂੰ ਗੰਧਲਾ ਕਰਦਾ ਹੈ, ਉਥੇ ਕਾਰਖਾਨਿਆਂ ਦਾ ਗੰਦਾ ਪਾਣੀ ਦਰਿਆਵਾਂ ਨੂੰ ਪ੍ਰਦੂਸ਼ਤ ਕਰਦਾ ਹੈ। ਜਿਹੜੇ ਦਰਿਆਵਾਂ ਵਿਚ ਇਸ਼ਨਾਨ ਕਰਨ ਨਾਲ ਸਿਰਫ ਤਨ ਹੀ ਨਹੀਂ, ਮਨ ਵੀ ਸ਼ੁੱਧ ਹੋ ਜਾਂਦਾ ਸੀ, ਉਥੇ ਹੁਣ ਮੱਛੀਆਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ ਹੈ। ਜੇਕਰ ਸਾਡਾ ਵਾਹਨ ਧੂੰਆਂ ਮਾਰਦਾ ਹੈ ਤਾਂ ਅਸੀਂ ਇਸ ਨੂੰ ਠੀਕ ਕਰਵਾਉਣ ਦਾ ਯਤਨ ਨਹੀਂ ਕਰਦੇ। ਹੁਣ ਤਾਂ ਕਿਸਾਨ ਵੀ ਪਿੱਛੇ ਨਹੀਂ ਰਹੇ। ਕਣਕ ਝੋਨੇ ਦੀ ਕਟਾਈ ਮਸ਼ੀਨਾਂ ਨਾਲ ਹੋਣ ਲਗ ਪਈ ਹੈ। ਖੇਤ ਵਿਚ ਖੜ੍ਹੇ ਨਾੜ ਨੂੰ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਅੱਗ ਲਗਾਈ ਜਾਂਦੀ ਹੈ। ਵਾਤਾਵਰਨ ਵਿਚ ਸਾਰੇ ਪਾਸੇ ਧੂੰਆਂ ਫੈਲ ਜਾਂਦਾ ਹੈ। ਜਨਤਕ ਜਾਇਦਾਦ ਨੂੰ ਲੋਕ ਹੀ ਸਭ ਤੋਂ ਵੱਧ ਗੰਦਾ ਕਰਦੇ ਹਨ। ਇਸ ਨੂੰ ਖਰਾਬ ਕਰਨ ਵਿਚ ਸ਼ਾਇਦ ਭਾਰਤੀ ਹੀ ਮੋਹਰੀ ਹਨ। ਜੇਕਰ ਸਾਰੇ ਨਾਗਰਿਕ ਚਾਹੁਣ ਤਾਂ ਮੁਲਕ ਨੂੰ ਸਵੱਛ ਬਣਾਇਆ ਜਾ ਸਕਦਾ ਹੈ। ਇਹ ਕੋਈ ਮੁਸ਼ਕਿਲ ਕਾਰਜ ਨਹੀਂ। ਲੋੜ ਸਿਰਫ ਆਪਣੇ ਫਰਜ਼ ਪਛਾਨਣ ਦੀ ਹੈ।
ਕਈ ਸਕੂਲ ਕਾਲਜ ਤੇ ਦਫ਼ਤਰ ਅੰਦਰੋਂ ਬਾਹਰੋਂ ਸਾਫ ਸੁਥਰੇ ਨਜ਼ਰ ਆਉਂਦੇ ਹਨ ਪਰ ਬਹੁਤਿਆਂ ’ਤੇ ਸਫਾਈ ਵਲ ਧਿਆਨ ਨਹੀਂ ਦਿੱਤਾ ਜਾਂਦਾ। ਇਥੇ ਵੀ ਸਕੂਲ ਕਾਲਜਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਅਤੇ ਦਫ਼ਤਰ ਦੇ ਕਾਰਮਚਾਰੀਆਂ ਨੂੰ ਰਲ ਕੇ ਸਾਲ ਵਿਚ ਘਟੋ-ਘਟ ਦੋ ਵਾਰ ਸਫਾਈ ਕਰਨੀ ਚਾਹੀਦੀ ਹੈ। ਇਹੋ ਜਿਹਾ ਬਹੁਤ ਸਾਰੇ ਮੁਲਕਾਂ ਵਿਚ ਕੀਤਾ ਜਾਂਦਾ ਹੈ। ਬਾਹਰ ਸਜਾਵਟੀ ਰੁੱਖ ਲਗਾਏ ਜਾਣ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀਆਂ ਵਿਦਿਆਰਥੀਆਂ ਨੂੰ ਸੌਂਪੀ ਜਾਵੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਬੰਧਿਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਏ। ਬਹੁਤੇ ਕਰਮਚਾਰੀ ਅਤੇ ਲੀਡਰ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਉਹ ਭੁੱਲ ਜਾਂਦੇ ਹਨ ਕਿ ਜਦੋਂ ਦੂਜੇ ਡੁੱਬਣਗੇ ਤਾਂ ਅਸੀਂ ਕਿਵੇਂ ਬਚ ਸਕਾਂਗੇ।
ਕਾਰਖਾਨਿਆਂ ਦੇ ਮਾਲਕ ਪੜ੍ਹੇ ਲਿਖੇ ਤੇ ਅਮੀਰ ਸ਼ਖ਼ਸ ਹਨ। ਉਹ ਖੁਦ ਨੂੰ ਮੁਲਕ ਦੇ ਜ਼ਿੰਮੇਵਾਰ ਨਾਗਰਿਕ ਮੰਨਦੇ ਹਨ ਪਰ ਹਵਾ ਤੇ ਪਾਣੀ ਨੂੰ ਗੰਧਲਾ ਕਰਨ ਵਲੋਂ ਉਨ੍ਹਾਂ ਕਦੇ ਸੰਕੋਚ ਨਹੀਂ ਕੀਤਾ। ਬਸਾਂ ਤੇ ਟਰੱਕਾਂ ਦੇ ਮਾਲਕ ਵੀ ਸੁਲਝੇ ਹੋਏ ਲੋਕ ਹੁੰਦੇ ਹਨ ਪਰ ਉਹ ਵੀ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਆਮ ਤੌਰ ’ਤੇ ਅਸੀਂ ਇਹ ਆਖ ਕੇ ਬਰੀ ਹੋ ਜਾਂਦੇ ਹਾਂ ਕਿ ਮੇਰੇ ਇਕੱਲੇ ਦੇ ਯਤਨਾਂ ਨਾਲ ਕੀ ਹੋ ਸਕਦਾ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਸੋਚਦੇ ਹਨ। ਆਓ ਫ਼ਰਜ਼ਾਂ ਨੂੰ ਪਛਾਣੀਏ ਤੇ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਵਿਚ ਪੂਰਾ ਯੋਗਦਾਨ ਪਾਈਏ। ਇਸ ਦਾ ਨਤੀਜਾ ਲੁਧਿਆਣੇ ਵਿਚੋਂ ਲੰਘਦਾ ਬੁੱਢਾ ਦਰਿਆ ਹੁਣ ਗੰਦਾ ਨਾਲਾ ਬਣ ਗਿਆ ਹੈ ਜਿਹੜਾ ਮਾਲਵੇ ਤੇ ਰਾਜਸਥਾਨ ਵਿਚ ਕੈਂਸਰ ਲਈ ਜ਼ਿੰਮੇਵਾਰ ਹੈ।
ਵਾਤਾਵਰਨ ਦੀ ਸ਼ੁੱਧਤਾ ਅਤੇ ਵਧ ਰਹੀ ਤਪਸ਼ ਘਟ ਕਰਨ ਲਈ ਸਾਰਾ ਸੰਸਾਰ ਯਤਨਸ਼ੀਲ ਹੈ। ਸੰਯੁਕਤ ਰਾਸ਼ਟਰ ਨੇ 1972 ਵਿਚ ਫੈਸਲਾ ਕੀਤਾ ਸੀ ਕਿ ਸੰਸਾਰ ਵਿਚ ਪੰਜ ਜੂਨ ਦਾ ਦਿਨ ਵਾਤਾਵਰਨ ਸੰਭਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ। ਪਹਿਲੀ ਵਾਰ ਇਹ ਦਿਨ 1974 ਵਿਚ ਮਨਾਇਆ ਗਿਆ। ਜਿਥੇ ਅਸੀਂ ਹਵਾ ਪਾਣੀ ਅਤੇ ਧਰਤੀ ਨੂੰ ਪਲੀਤ ਕੀਤਾ ਹੈ, ਉਥੇ ਆਲਮੀ ਤਪਸ਼ ਵਿਚ ਵੀ ਵਾਧਾ ਕੀਤਾ ਹੈ। ਆਮ ਤੌਰ ਉਤੇ ਇਸ ਸਭ ਲਈ ਅਸੀਂ ਕਿਸਾਨਾਂ ਦੇ ਸਿਰ ਦੋਸ਼ ਮੜ੍ਹ ਪੱਲਾ ਝਾੜ ਲੈਂਦੇ ਹਾਂ। ਇਹ ਗਲਤ ਹੈ; ਕਿਸਾਨ ਤਾਂ ਅੰਨਦਾਤਾ ਹੈ; ਉਹ ਹਵਾ, ਪਾਣੀ ਤੇ ਧਰਤੀ ਦੀ ਵਰਤੋਂ ਲੋਕਾਈ ਦਾ ਢਿਡ ਭਰਨ ਲਈ ਕਰਦਾ ਹੈ ਪਰ ਅਸੀਂ ਇਨ੍ਹਾਂ ਨੂੰ ਗੰਦਾ ਆਪਣੀ ਸੁਖ ਸਹੂਲਤ ਲਈ ਕਰਦੇ ਹਾਂ। ਆਲਮੀ ਤਪਸ਼ ਲਈ ਵੀ ਗੱਡੀਆਂ ਦੀ ਭਰਮਾਰ, ਹਰ ਘਰ, ਦਫ਼ਤਰ, ਦੁਕਾਨ, ਸਭ ਵਿਚ ਏਸੀ ਤੇ ਫ੍ਰਿਜ ਇਸੇ ਤਪਸ਼ ਵਿਚ ਵਾਧਾ ਕਰਦੇ ਹਨ। ਵਧ ਰਹੀ ਆਲਮੀ ਤਪਸ਼ ਦੀ ਕੀਮਤ ਵੀ ਸਭ ਤੋਂ ਵਧ ਕਿਸਾਨਾਂ ਨੂੰ ਦੇਣੀ ਪੈਂਦੀ ਹੈ। ਇਸ ਦੀ ਮਿਸਾਲ ਇਸ ਵਾਰ ਹੋਇਆ ਕਣਕ ਦੇ ਝਾੜ ਦਾ ਨੁਕਸਾਨ ਹੈ। ਪੰਜਾਬ ਵਿਚ ਜੰਗਲ ਹੈ ਹੀ ਨਹੀਂ। ਸੜਕਾਂ ਕੰਢੇ ਜਿਹੜੇ ਰੁੱਖ ਸਨ, ਉਹ ਸੜਕਾਂ ਚੌੜੀਆਂ ਕਰਨ ਦੀ ਭੇਟ ਚੜ੍ਹ ਰਹੇ ਹਨ। ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਰਹੀ ਹੈ; ਕਿਉਂ ਨਾ ਇਸ ਧਰਤੀ ਉਤੇ ਰੁੱਖ ਲਗਾਈਏ ਤੇ ਪੰਜਾਬ ਨੂੰ ਹੋਰ ਹਰਿਆ ਭਰਿਆ ਬਣਾਈਏ।
ਸੰਪਰਕ: 94170-87328