ਅੰਡੇਮਾਨ ’ਚ ਪੰਜਾਬ ਦੀ ਮੋਹੜੀ : The Tribune India

ਕੰਜ ਕੁਆਰੀ ਧਰਤੀ

ਅੰਡੇਮਾਨ ’ਚ ਪੰਜਾਬ ਦੀ ਮੋਹੜੀ

ਅੰਡੇਮਾਨ ’ਚ ਪੰਜਾਬ ਦੀ ਮੋਹੜੀ

ਅੰਡੇਮਾਨ ਦੀ ਸੈਲਿਊਲਰ ਜੇਲ੍ਹ

ਬਲਦੇਵ ਸਿੰਘ ਧਾਲੀਵਾਲ

ਇਹ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਇਤਿਹਾਸ ਬਣਾਉਣਾ ਤਾਂ ਜਾਣਦੇ ਹਨ ਪਰ ਸਾਂਭਣਾ ਨਹੀਂ ਜਾਣਦੇ। ਇਹ ਗੱਲ ਪੂਰੀ ਸੱਚੀ ਨਹੀਂ, ਪੰਜਾਬੀਆਂ ਦਾ ਇਤਿਹਾਸ ਨੂੰ ਸਾਂਭਣ ਦਾ ਆਪਣਾ ਹੀ ਢੰਗ-ਤਰੀਕਾ ਹੈ। ਦੇਸ਼ਾਂ-ਵਿਦੇਸ਼ਾਂ ’ਚ ਘੁੰਮਦਿਆਂ ਇਹ ਅਨੇਕਾਂ ਵਾਰ ਵਾਪਰਿਆ ਹੈ ਕਿ ਜਿੱਥੇ ਪੰਜਾਬੀ ਬੰਦਾ ਦਿਸਣ ਦੀ ਆਸ ਨਾ ਹੋਵੇ ਉੱਥੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਝੂਲਦਾ ਨਜ਼ਰੀਂ ਪੈ ਜਾਂਦਾ ਹੈ। ਅਣਗਾਹੀਆਂ ਧਰਤੀਆਂ ਉੱਤੇ ਪੰਜਾਬੀਆਂ ਵੱਲੋਂ ਆਪਣੀ ਮੋਹੜੀ ਗੱਡਣ ਦੀਆਂ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ। ਆਪਣੇ ਸਮਿਆਂ ਵਿੱਚ ਹੀ ਜਦੋਂ ਕੈਨੇਡਾ ’ਚ ਵੈਨਕੂਵਰ ਦੇ ਨੇੜੇ ਪਿੰਡ ਪਾਲਦੀ ਵਸਾਉਣ ਦੀਆਂ ਖ਼ਬਰਾਂ ਨਸ਼ਰ ਹੋਈਆਂ ਸਨ ਤਾਂ ਇਸ ਮੁੱਦੇ ਬਾਰੇ ਭਰਪੂਰ ਚਰਚਾ ਛਿੜੀ ਸੀ। ਮਿਨਹਾਸ ਭਰਾਵਾਂ ਨੇ ਆਪਣੇ ਹੁਸ਼ਿਆਰਪੁਰ ਨੇੜਲੇ ਪਿੰਡ ਪਾਲਦੀ ਦੇ ਨਾਂ ਵਾਲੇ ਪਿੰਡ ਦੀ ਮੋਹੜੀ ਕੈਨੇਡਾ ਵਿੱਚ ਗੱਡ ਦਿੱਤੀ ਸੀ।

ਡਾ. ਦੀਵਾਨ ਸਿੰਘ ਕਾਲੇਪਾਣੀ ਬਾਰੇ ਵੀ ਇਹ ਗੱਲ ਵਿਸ਼ੇਸ਼ ਤੌਰ ’ਤੇ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਅੰਡੇਮਾਨ ਟਾਪੂ ਦੀ ਰਾਜਧਾਨੀ ਪੋਰਟ ਬਲੇਅਰ ਵਿੱਚ ਇੱਕ ਛੋਟਾ ਜਿਹਾ ਪੰਜਾਬ ਵਸਾਉਣ ਲਈ ਘਾਲਣਾ ਘਾਲੀ। ਅੰਡੇਮਾਨ ਜਾ ਕੇ ਉਸ ਮਿੰਨੀ ਪੰਜਾਬ ਨੂੰ ਵੇਖਣ ਦੀ ਬਹੁਤ ਤੀਬਰ ਇੱਛਾ ਸੀ।

ਦੀਵਾਨ ਸਿੰਘ ਕਾਲੇਪਾਣੀ

ਸੈਲਿਊਲਰ ਜੇਲ੍ਹ ਨੂੰ ਵੇਖਦਿਆਂ-ਵਾਚਦਿਆਂ ਇਹ ਖ਼ਿਆਲ ਲਗਾਤਾਰ ਮਨ-ਮਸਤਕ ਵਿੱਚ ਘੁੰਮਦਾ ਰਿਹਾ ਕਿ ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਸ਼ਹੀਦੀ ਸਮਾਰਕ ਵੇਖਣ ਪਹਿਲ ਦੇ ਆਧਾਰ ’ਤੇ ਜਾਣਾ ਹੈ। ਇਸ ਨੂੰ ਭਾਲਣਾ ਕੋਈ ਔਖਾ ਨਹੀਂ ਸੀ, ਭਾਵੇਂ ਟੈਕਸੀਆਂ-ਆਟੋਆਂ ਵਾਲੇ ਡਾ. ਦੀਵਾਨ ਸਿੰਘ ਦੇ ਨਾਂ ਤੋਂ ਨਾ ਵੀ ਵਾਕਫ਼ ਹੋਣ ਪਰ ਗੁਰਦੁਆਰਾ ਸਾਹਿਬ ਬਾਰੇ ਤਾਂ ਸਭ ਜਾਣਦੇ ਸਨ ਅਤੇ ਉਹ ਸਮਾਰਕ ਉੱਥੇ ਹੀ ਹੈ। ਸੈਲਿਊਲਰ ਜੇਲ੍ਹ ਵੱਲੋਂ ਫ਼ਾਰਗ ਹੋ ਕੇ ਜਦੋਂ ਅਸੀਂ ਇੱਕ ਸਰਦਾਰ ਯਾਤਰੀ ਤੋਂ ਪੁੱਛਿਆ ਸੀ ਤਾਂ ਉਸ ਨੇ ਵੀ ਇਹੀ ਵਿਧੀ ਦੱਸੀ ਸੀ।

ਟੈਕਸੀ ਵਾਲੇ ਨੇ ਕੁਝ ਮਿੰਟਾਂ ਵਿੱਚ ਹੀ ਸਾਨੂੰ ਇੱਕ ਵਸਦੀ-ਰਸਦੀ ਕਾਲੋਨੀ ਦੀ ਅੱਧ-ਪੱਕੀ ਗਲੀ ਵਿੱਚ ਉਤਾਰਦਿਆਂ ਖੱਬੇ ਹੱਥ ਇਸ਼ਾਰਾ ਕਰ ਕੇ ਉਤਰਨ ਲਈ ਕਿਹਾ। ਨਾਂ ਵੇਖ ਕੇ ਰਤਾ ਕੁ ਹੈਰਾਨੀ ਹੋਈ, ‘ਗੁਰਦੁਆਰਾ ਡਾ. ਦੀਵਾਨ ਸਿੰਘ’ ਦਾ ਵੱਡਾ ਬੋਰਡ ਲੱਗਿਆ ਹੋਇਆ ਸੀ। ਆਮ ਤੌਰ ’ਤੇ ਗੁਰੂ ਸਾਹਿਬਾਨ, ਸੰਤਾਂ-ਭਗਤਾਂ ਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਦਾ ਨਾਂ ਪੈਂਦਾ ਹੈ। ਇਸ ਇੱਕ ਗੱਲ ਨੇ ਹੀ ਨਿਸ਼ਾਨਦੇਹੀ ਕਰ ਦਿੱਤੀ ਕਿ ਪੋਰਟ ਬਲੇਅਰ ਵਿੱਚ ਉਨ੍ਹਾਂ ਦੀ ਕਿੰਨੀ ਵੱਡੀ ਹੈਸੀਅਤ ਰਹੀ ਹੋਵੇਗੀ। ਡਾ. ਦੀਵਾਨ ਸਿੰਘ ਦਾ ਸ਼ਹੀਦੀ ਸਮਾਰਕ ਵੀ ਗੁਰਦੁਆਰਾ ਸਾਹਿਬ ਦੇ ਐਨ ਸਾਹਮਣੇ ਇੱਕ ਛੋਟੇ ਜਿਹੇ ਪਾਰਕ ਵਿੱਚ ਬਣਿਆ ਹੋਇਆ ਸੀ। ਅਸੀਂ ਯਾਤਰਾ ਸਮਾਰਕ ਵੱਲੋਂ ਹੀ ਸ਼ੁਰੂ ਕੀਤੀ। ਪਾਰਕ ਦੀ ਪਿਛਲੀ ਬਾਹੀ ਨੇੜੇ ਡਾ. ਦੀਵਾਨ ਸਿੰਘ ਦਾ ਬੁੱਤ ਲੱਗਿਆ ਹੋਇਆ ਸੀ, ਚਿੱਟੇ ਬਸਤਰ, ਪੈਰੀਂ ਸਫ਼ੈਦ ਸਲੀਪਰ, ਇੱਕ ਹੱਥ ਰੋਲ ਕੀਤੇ ਸਫ਼ੈਦ ਕਾਗਜ਼ਾਂ ਦਾ ਬੰਡਲ ਅਤੇ ਬਹੁਤ ਹੀ ਗਹਿਰ-ਗੰਭੀਰ ਮੁਦਰਾ ’ਚ ਉਹ ਸ਼ਾਂਤੀ ਦੇ ਦੂਤ ਨਜ਼ਰ ਆ ਰਹੇ ਸਨ। ਬੁੱਤ ਦੇ ਦੋਵੇਂ ਪਾਸੀਂ ਉਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਵਾਲੇ ਗ੍ਰੇਨਾਈਟ ਦੇ ਦੋ ਪੱਥਰ ਲਾਏ ਹੋਏ ਸਨ। ਇਸ ਪਾਰਕ ਦਾ ਰਸਮੀ ਉਦਘਾਟਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2 ਅਗਸਤ 2012 ਨੂੰ ਕੀਤਾ ਸੀ।

ਸਮਾਰਕ ਨੂੰ ਨੀਝ ਨਾਲ ਵੇਖਦਿਆਂ ਮਨ ਵਿੱਚ ਉਹ ਯਾਦਾਂ ਤਾਜ਼ਾ ਹੋ ਉੱਠੀਆਂ ਜਦੋਂ ਮੇਰੇ ਮਨ ਵਿੱਚ ਇਸ ਮਹਾਨ ਸ਼ਖ਼ਸੀਅਤ ਬਾਰੇ ਖੋਜ ਕਰਨ ਦੀ ਰੀਝ ਨੇ ਅੰਗੜਾਈ ਭਰੀ ਸੀ। ਪੰਜਾਬੀ ਵਿਸ਼ੇ ਵਿੱਚ ਬੀ.ਏ. ਆਨਰਜ਼ ਕਰਨ ਕਰਕੇ ਉਨ੍ਹਾਂ ਦੇ ਕਵੀ-ਰੂਪ ਬਾਰੇ ਤਾਂ ਚਿਰੋਕਾ ਜਾਣਦਾ ਸਾਂ ਪਰ ਉਨ੍ਹਾਂ ਦੇ ਹੋਰ ਵਡੇਰੇ ਯੋਗਦਾਨ ਬਾਰੇ ਅਜੇ ਬਹੁਤਾ ਨਹੀਂ ਸੀ ਪਤਾ। ਨੌਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਮੈਂ ਇੱਕ ਵਾਰ ਆਪਣੇ ਐਮ.ਫ਼ਿਲ. ਦੇ ਨਿਗਰਾਨ ਡਾ. ਕੇਸਰ ਸਿੰਘ ਕੇਸਰ ਹੋਰਾਂ ਦੇ ਘਰ ਬੈਠਾ ਸਾਂ ਕਿ ਉਨ੍ਹਾਂ ਨੂੰ ਸ. ਮਹਿੰਦਰ ਸਿੰਘ ਢਿੱਲੋਂ ਨਾਂ ਦਾ ਹੈੱਡਮਾਸਟਰ ਮਿਲਣ ਲਈ ਆਇਆ। ਗੱਲਾਂ ਤੋਂ ਪਤਾ ਲੱਗਿਆ ਕਿ ਉਹ ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਸਪੁੱਤਰ ਹੈ। ਉਹ ਆਪਣੇ ਪਿਤਾ ਦੇ ਕਾਰਜਾਂ ਬਾਰੇ ਖੋਜ ਕਰ ਕੇ ਪੋਰਟ ਬਲੇਅਰ ਤੋਂ ਪਰਤਿਆ ਸੀ। ਉਸ ਨੂੰ ਉਨ੍ਹਾਂ ਦੀਆਂ ਅਣਛਪੀਆਂ ਕਵਿਤਾਵਾਂ, ਵਾਰਤਕ ਲਿਖਤਾਂ ਅਤੇ ਤਸਵੀਰਾਂ ਦਾ ਚੰਗਾ-ਚੋਖਾ ਭੰਡਾਰ ਮਿਲਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਸਾਰੀ ਸਮੱਗਰੀ ਉੱਥੋਂ ਦੇ ਆਮ ਲੋਕਾਂ ਨੇ ਡਾ. ਕਾਲੇਪਾਣੀ ਦੇ ਸਤਿਕਾਰ ਵਜੋਂ ਸਾਂਭ ਰੱਖੀ ਸੀ। ਡਾ. ਕੇਸਰ ਦੀ ਮੱਦਦ ਨਾਲ ਉਹ ਇਨ੍ਹਾਂ ਲਿਖਤਾਂ ਨੂੰ ਸੰਪਾਦਿਤ ਕਰ ਕੇ ਛਾਪਣਾ ਚਾਹੁੰਦੇ ਸਨ ਅਤੇ ਉਨ੍ਹਾਂ ਬਾਰੇ ਚੰਡੀਗੜ੍ਹ ਵਿੱਚ ਇੱਕ ਅਜਾਇਬਘਰ ਵੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਯੋਗਦਾਨ ਬਾਰੇ ਕੋਈ ਸੈਮੀਨਾਰ ਕਰਵਾਉਣ ਦੀ ਇੱਛਾ ਵੀ ਸੀ। ਉਹ ਵਾਰ ਵਾਰ ਇਹ ਗਿਲ਼ਾ ਵੀ ਕਰ ਰਹੇ ਸਨ ਕਿ ਪੰਜਾਬੀ ਸਮਾਜ ਨੇ ਡਾ. ਕਾਲੇਪਾਣੀ ਦੇ ਵੱਡੇ ਯੋਗਦਾਨ ਦਾ ਬਣਦਾ ਮੁੱਲ ਨਹੀਂ ਪਾਇਆ, ਮੁੱਲ ਤਾਂ ਕੀ ਪਾਉਣਾ ਸਗੋਂ ਵਿਸਾਰ ਹੀ ਛੱਡਿਆ ਸੀ। ਗੱਲ ਤਾਂ ਸੱਚੀ ਸੀ, ਅਸੀਂ ਹੁਣ ਤੱਕ ਉਨ੍ਹਾਂ ਨੂੰ ਆਮ ਕਰਕੇ ‘ਵਗਦੇ ਪਾਣੀ’ 1938 ਨਾਂ ਦੇ ਕਾਵਿ-ਸੰਗ੍ਰਹਿ ਕਰਕੇ ਹੀ ਜਾਣਦੇ ਸਾਂ। ਉਨ੍ਹਾਂ ਦੇ ਦੂਜੇ ਕਾਵਿ-ਸੰਗ੍ਰਹਿ ਅੰਤਿਮ ਲਹਿਰਾਂ 1962 ਦਾ ਜ਼ਿਕਰ ਵੀ ਕਿਤੇ ਘੱਟ ਹੀ ਸੁਣਿਆ ਸੀ। ਉਨ੍ਹਾਂ ਦੇ ਡਾਕਟਰੀ ਪੇਸ਼ੇ, ਸਮਾਜ-ਸੇਵੀ ਰੂਪ ਅਤੇ ਸੁਤੰਤਰਤਾ ਸੰਗਰਾਮ ਦੇ ਕਾਰਜਾਂ ਬਾਰੇ ਤਾਂ ਕਿਧਰੇ ਚਰਚਾ ਹੀ ਨਹੀਂ ਸੀ ਹੁੰਦੀ।

“ਡਾ. ਸਾਹਿਬ ਆਪਣੇ ਤਾਂ ਇੱਥੇ ਆਪਣਾ ਸਿਰ ਆਪ ਹੀ ਗੁੰਦਣ ਵਾਲੀ ਗੱਲ ਐ।” ਦੁਖੀ ਸੁਰ ਵਿੱਚ ਢਿੱਲੋਂ ਸਾਹਿਬ ਨੇ ਤੋੜਾ ਝਾੜਦਿਆਂ ਕਿਹਾ।

ਆਪਣੇ ਅਧਿਆਪਨ ਦੇ ਪੇਸ਼ੇ ਅਤੇ ਨੈਤਿਕ ਜ਼ਿੰਮੇਵਾਰੀ ਕਰਕੇ ਡਾ. ਕੇਸਰ ਨੇ ਪੂਰੀ ਮੱਦਦ ਦਾ ਭਰੋਸਾ ਦਿਵਾਇਆ ਅਤੇ ਢਿੱਲੋਂ ਸਾਹਿਬ ਦੇ ਸਾਹਮਣੇ ਹੀ ਮੈਨੂੰ ਵੀ ‘ਉਭਰਦੇ ਵਿਦਵਾਨ’ ਵਜੋਂ ਥਾਪੀ ਦੇ ਕੇ ‘ਕੁਝ ਕਰ ਵਿਖਾਉਣ’ ਲਈ ਹੱਲਾਸ਼ੇਰੀ ਦਿੱਤੀ।

ਇਸ ਤੋਂ ਬਾਅਦ ਡਾ. ਦੀਵਾਨ ਸਿੰਘ ਕਾਲੇਪਾਣੀ ਦੀਆਂ ਕੁਝ ਹੋਰ ਲਿਖਤਾਂ, ਜਿਵੇਂ ਮੇਰਾ ਜੀਵਨ ਮੇਰੇ ਗੀਤ- 1983, ਸਹਿਜ ਸੰਚਾਰ- 1985, ਮਲ੍ਹਿਆਂ ਦੇ ਬੇਰ- 1986 ਆਦਿ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ। ਇੱਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਹਰਿਭਜਨ ਸਿੰਘ ਨੇ ਕੀਤੀ। ਇਹ ਧਾਰਨਾ ਵਿਸ਼ੇਸ਼ ਤੌਰ ’ਤੇ ਉੱਭਰ ਕੇ ਸਾਹਮਣੇ ਆਈ ਕਿ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਵਿੱਚ, ਆਪਣੇ ਸਮਕਾਲੀਆਂ ਦੇ ਮੁਕਾਬਲਤਨ, ਪ੍ਰਗਤੀਸ਼ੀਲ ਚੇਤਨਾ ਵਧੇਰੇ ਪ੍ਰੋਢ ਨਜ਼ਰ ਆਉਂਦੀ ਹੈ। ਮਿਸਾਲ ਵਜੋਂ ਆਪਣੀ ਕਵਿਤਾ ‘ਜਣੇ ਨੂੰ’ ਵਿੱਚ ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਇਉਂ ਕੀਤਾ ਹੈ:

ਜੇ ਹੈ ਈ

ਤਾਂ ਥੀਂਦਾ ਕਿਉਂ ਨਹੀਂ, ਜਿਉਂਦਾ ਕਿਉਂ ਨਹੀਂ,

ਜਵਾਨੀ ਮਾਣਦਾ ਕਿਉਂ ਨਹੀਂ?

ਹਿਲਦਾ ਕਿਉਂ ਨਹੀਂ, ਹਿਲਾਂਦਾ ਕਿਉਂ ਨਹੀਂ?

ਜੋਸ਼ ਤੇਰਾ ਜਾਗਦਾ ਕਿਉਂ ਨਹੀਂ?

ਮਹਿਸੂਸਦਾ ਕਿਉਂ ਨਹੀਂ, ਡਰਦਾ ਕਿਉਂ ਨਹੀਂ,

ਤੜਫਦਾ ਕਿਉਂ ਨਹੀਂ?

ਗਿਰਦੇ ਤੇਰੇ ਵੇਖ -

ਕਿਵੇਂ ਮੁਰਦੇਹਾਣੀ ਵਰਤੀ ਹੋਈ ਏ,

ਹਟਾਂਦਾ ਕਿਉਂ ਨਹੀਂ,

ਬੁਝਿਆਂ ਜਗਾਂਦਾ ਕਿਉਂ ਨਹੀਂ,

ਮੁਰਦਿਆਂ ਜਿਵਾਂਦਾ ਕਿਉਂ ਨਹੀਂ?

ਉਨ੍ਹਾਂ ਦੀ ਅਜਿਹੀ ਪ੍ਰਗਤੀਸ਼ੀਲ ਮਾਨਵਵਾਦੀ ਚੇਤਨਾ ਅੱਗੇ ਜਾ ਕੇ ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਇਕਸੁਰ ਹੋ ਗਈ ਸੀ।

ਇਸ ਤਰ੍ਹਾਂ ਆਪਣੇ ਪਰਿਵਾਰ ਦੇ ਯਤਨਾਂ ਸਦਕਾ ਅਤੇ ਵਿਦਵਾਨ ਲੋਕਾਂ ਦੇ ਉਪਰਾਲੇ ਕਰਕੇ ਡਾ. ਦੀਵਾਨ  ਸਿੰਘ ਕਾਲੇਪਾਣੀ ਦੇ ਬਹੁਪੱਖੀ ਯੋਗਦਾਨ ਬਾਰੇ ਗੱਲ ਤੁਰ ਪਈ ਸੀ ਅਤੇ ਬਾਅਦ ਵਿੱਚ ਮਿਊਜ਼ੀਅਮ ਵੀ ਬਣ ਗਿਆ ਸੀ।

ਹੁਣ ਸਮਾਰਕ ਸਾਹਮਣੇ ਖੜ੍ਹਿਆਂ ਗਹਿਰੀ ਤਸੱਲੀ ਦਾ ਅਹਿਸਾਸ ਹੋ ਰਿਹਾ ਸੀ ਕਿ ਅੰਤ ਪੰਜਾਬੀਆਂ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਯੋਗਦਾਨ ਨੂੰ ਪਛਾਣ ਲਿਆ ਸੀ।

ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜੀਵਨ ਸਫ਼ਰ ਬੜੇ ਉੱਭੜ-ਖਾਭੜ ਰਾਹਾਂ ਥਾਣੀਂ ਲੰਘ ਕੇ ਪੂਰਾ ਹੋਇਆ ਪਰ ਉਨ੍ਹਾਂ ਨੇ ਲੋਕ ਸੇਵਾ ਦੇ ਜਜ਼ਬੇ ਨੂੰ ਆਪਣਾ ਉਡਣ-ਖਟੋਲਾ ਬਣਾ ਲਿਆ ਅਤੇ ਉਸ ’ਤੇ ਸਵਾਰ ਹੋ ਕੇ ਉਹ ਨਿਰੰਤਰ ਨਵੀਆਂ ਮੰਜ਼ਿਲਾਂ ਸਰ ਕਰਦਾ ਗਿਆ। ‘ਮੁਰਦਿਆਂ ਨੂੰ ਜਿਵਾਉਣ’ ਦੀ ਰੀਝ ਪਾਲਣ ਵਾਲੇ ਡਾ. ਦੀਵਾਨ ਸਿੰਘ ਦਾ ਆਕੀਪੁਣਾ ਬਸਤੀਵਾਦੀ ਹਕੂਮਤ ਨੂੰ ਕਿੱਥੇ ਹਜ਼ਮ ਹੋਣ ਵਾਲਾ ਸੀ। ਇਸ ਲਈ ਹਕੂਮਤ ਕਦੇ ਬਦਲੀਆਂ ਰਾਹੀਂ ਉਸ ਨੂੰ ਦਰ-ਬ-ਦਰ ਕਰਦੀ ਰਹੀ ਅਤੇ ਕਦੇ ‘ਰਾਜਸੀ ਸਰਗਰਮੀਆਂ’ ਦਾ ਦੋਸ਼ ਲਾ ਕੇ ਜੇਲ੍ਹ ਅੰਦਰ ਡੱਕਦੀ ਰਹੀ ਪਰ ਅਜਿਹੇ ਡਰ ਡਾ. ਦੀਵਾਨ ਸਿੰਘ ਦੇ ‘ਲੋਕਪੱਖੀ’ ਜਜ਼ਬੇ ਨੂੰ ਠੰਢਾ ਨਾ ਕਰ ਸਕੇ। ਸਜ਼ਾ ਕਰਕੇ ਹੀ ਉਸ ਨੂੰ ਪਹਿਲਾਂ ਰੰਗੂਨ (ਹੁਣ ਯੈਗੌਂਨ) ਅਤੇ ਫੇਰ ਅੰਡੇਮਾਨ ਭੇਜਿਆ ਗਿਆ ਸੀ। ਉਹ ਜਿੱਥੇ ਵੀ ਗਿਆ ਉੱਥੇ ਹੀ ਲੋਕ-ਸੇਵਾ ਰਾਹੀਂ ਆਪਣੀ ਮਾਨਵੀ ਪਛਾਣ ਹੋਰ ਗੂੜ੍ਹੀ ਕਰਦਾ ਰਿਹਾ। ਪੋਰਟ ਬਲੇਅਰ ਨੂੰ ਤਾਂ ਉਸ ਨੇ ਜਿਵੇਂ ਆਪਣਾ ਘਰ ਹੀ ਬਣਾ ਲਿਆ ਸੀ। ਡਾਕਟਰ ਦੇ ਤੌਰ ’ਤੇ 1926 ਵਿੱਚ ਉਸ ਨੇ ਸੈਲਿਊਲਰ ਜੇਲ੍ਹ ਦਾ ਚਾਰਜ ਲਿਆ ਸੀ। ਸੋਲ਼ਾਂ-ਸਤਾਰਾਂ ਸਾਲਾਂ ਦੀ ਲੋਕ-ਸੇਵਾ ਅਤੇ ਅਣਥੱਕ ਮਿਹਨਤ ਨਾਲ ਉਸ ਨੇ ਸਥਾਨਕ ਲੋਕਾਂ ਦੇ ਮਨਾਂ ਅੰਦਰ ਵੀ ਪੱਕਾ ‘ਘਰ’ ਬਣਾ ਲਿਆ ਸੀ।

ਜਿਸ ਵਿਸ਼ੇਸ਼ਣ ‘ਕਾਲੇਪਾਣੀ’ ਨੂੰ ਤ੍ਰਹੇ ਲੋਕ ਜ਼ੁਬਾਨ ਉੱਤੇ ਲਿਆਉਣ ਤੋਂ ਵੀ ਡਰਦੇ ਸਨ, ਉਸ ਨੂੰ ਡਾ. ਦੀਵਾਨ ਸਿੰਘ ਨੇ ਆਪਣਾ ਤਖ਼ੱਲਸ ਬਣਾ ਕੇ ਗਹਿਣੇ ਵਾਂਗ ਪਹਿਨ ਲਿਆ। ਤੇਈ ਅਕਤੂਬਰ 1943 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੈਲਿਊਲਰ ਜੇਲ੍ਹ ਵਿੱਚ 82 ਦਿਨ ਜਪਾਨੀ ਫ਼ੌਜ ਦੇ ਅਣਮਨੁੱਖੀ ਤਸੀਹੇ ਝੱਲਣ ਤੋਂ ਬਾਅਦ 14 ਜਨਵਰੀ 1944 ਨੂੰ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਪੰਜਾਬ ਤੋਂ ਵੀ ਵੱਧ ਉਸ ਨੂੰ ਸਥਾਨਕ ਲੋਕਾਂ ਨੇ ਆਪਣੇ ਚੇਤਿਆਂ ’ਚ ਸੰਭਾਲ ਕੇ ਰੱਖਿਆ।

ਇਹ ਮੌਕਾ-ਮੇਲ ਜਾਂ ਸਬੱਬ ਹੀ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਵਿਖੇ ਜਾਣ ਦਾ ਦਿਨ ਵਿਸ਼ੇਸ਼ ਬਣ ਗਿਆ। ਉਸ ਦਿਨ ਵਿਸਾਖੀ ਦਾ ਦਿਹਾੜਾ ਸੀ ਅਤੇ ਸਾਰਾ ਦਿਨ ਉੱਥੇ ਭਰਪੂਰ ਰੌਣਕ ਬਣੀ ਰਹੀ। ਹੁਣ ਭਾਵੇਂ ਸ਼ਾਮ ਹੋਣ ਵਾਲੀ ਸੀ ਪਰ ਪ੍ਰਬੰਧਕ ਅਜੇ ਵੀ ਸਾਂਭ-ਸੰਭਾਲ ਵਿਚ ਲੱਗੇ ਹੋਏ ਸਨ। ਮਰਿਯਾਦਾ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਪਹਿਲੀ ਮੰਜ਼ਿਲ ਉੱਤੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਲਈ ਗਏ। ਬਹੁਤ ਖੁੱਲ੍ਹੇ-ਡੁੱਲ੍ਹੇ ਹਾਲ ਕਮਰੇ ’ਚ ਹਰ ਕਾਰਜ ਬਹੁਤ ਸ਼ਰਧਾ ਨਾਲ ਕੀਤਾ ਜਾ ਰਿਹਾ ਸੀ। ਸੋਚਣ ਵਾਲੀ ਗੱਲ ਇਹ ਸੀ ਕਿ ਪੋਰਟ ਬਲੇਅਰ ਵਿੱਚ ਪੰਜਾਬੀ ਵਸੋਂ ਮਸਾਂ ਦੋ ਹਜ਼ਾਰ ਹੋਵੇਗੀ ਪਰ ਗੁਰਦੁਆਰਾ ਸਾਹਿਬ ਲਈ ਕਿਸੇ ਚੀਜ਼-ਵਸਤ ਦੀ ਤੋਟ ਨਹੀਂ ਸੀ ਜਾਪਦੀ। ਪੰਜਾਬੀਆਂ ਦੇ ਇਸ ਜਜ਼ਬੇ ਮੂਹਰੇ ਸਿਰ ਝੁਕਣਾ ਸੁਭਾਵਿਕ ਸੀ।

ਵਾਪਸੀ ਲਈ ਹੇਠਾਂ ਆਏ ਤਾਂ ਮੁੱਖ ਸੇਵਾਦਾਰ ਮਨਜੀਤ ਸਿੰਘ ਨੇ ਸਾਹਮਣਿਉਂ ਆ ਕੇ ਉਚੇਚ ਨਾਲ ਫ਼ਤਹਿ ਬੁਲਾਈ ਅਤੇ ਅੱਜ ਦੇ ਵਿਸ਼ੇਸ਼ ਦਿਹਾੜੇ ਲੰਗਰ ਲਾਜ਼ਮੀ ਛਕ ਕੇ ਜਾਣ ਦੀ ਬੇਨਤੀ ਦੁਹਰਾਈ। ਸਾਡੀਆਂ ਸਰਗਰਮੀਆਂ ਤੋਂ ਸ਼ਾਇਦ ਉਸ ਨੇ ਭਾਂਪ ਲਿਆ ਸੀ ਕਿ ਅਸੀਂ ਲੇਖਕ ਲੋਕ ਹਾਂ ਅਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਵੀ ਉਪਾਸ਼ਕ ਹਾਂ। ਉਹ ਕੁਝ ਵਿਚਾਰ-ਚਰਚਾ ਕਰਨ ਦੇ ਰੌਂਅ ’ਚ ਪ੍ਰਤੀਤ ਹੋਏ।

“ਸਰਦਾਰ ਸਾਹਿਬ, ਭਾਵੇਂ ਸਭ ਕੁਸ਼ ਕਰਨ ਕਰਾਵਨਹਾਰ ਤਾਂ ਸੱਚੇ ਪਾਤਸ਼ਯਾਹ ਆਪ ਹੀ ਹੁੰਦੈ ਪਰ ‘ਉਹ’ ਵੀ ਕਿਸੇ ਸੱਚੇ ਸੇਵਕ ਤੋਂ ਥਾਪੜਾ ਦੇ ਕੇ ਹੀ ਕੁਸ਼ ਚੰਗਾ ਕਰਾਉਂਦੈ, ਇਸ ਗੁਰੂਘਰ ਦੇ ਬਣਾਉਣ ਵਿੱਚ ਡਾ. ਸਾਹਿਬ ਦਾ ਅਦੁੱਤੀ ਯੋਗਦਾਨ ਸੀ।” ਮੁੱਢਲੀ ਜਾਣ-ਪਛਾਣ ਤੋਂ ਬਾਅਦ ਮਨਜੀਤ ਸਿੰਘ ਨੇ ਅਸਲੀ ਮੁੱਦਾ ਛੇੜ ਲਿਆ। ਉਸ ਨੇ ਦੱਸਿਆ ਕਿ ਪਹਿਲਾਂ ਪੋਰਟ ਬਲੇਅਰ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਤਾਂ ਸੀ, ਪਰ ਉਸ ਵਿੱਚ ਸਿੱਖ ਫ਼ੌਜੀ ਅਤੇ ਅਫ਼ਸਰ ਹੀ ਜਾ ਸਕਦੇ ਸਨ। ਆਮ ਲੋਕ, ਖ਼ਾਸ ਕਰਕੇ ਰਾਜਸੀ ਕੈਦੀ ਰਹੇ ਲੋਕਾਂ ਦਾ ਉੱਥੇ ਦਾਖ਼ਲਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਡਾ. ਦੀਵਾਨ ਸਿੰਘ ਨੂੰ ਇਹ ਵਿਤਕਰਾ ਦੁਖੀ ਕਰਦਾ ਸੀ ਕਿਉਂਕਿ ਉਹ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ‘ਮਹਾਂਪੁਰਸ਼’ ਸਨ। ਉਨ੍ਹਾਂ ਨੇ ਇਹ ਗੁਰਦੁਆਰਾ ਸਾਹਿਬ ਸਮੂਹ ਸੰਗਤਾਂ ਲਈ ਬਣਾ ਕੇ ਦੇਣ ਦਾ ਬੀੜਾ ਚੁੱਕਿਆ। ਪਹਿਲੀ ਅਗਸਤ 1937 ਨੂੰ ਇਸ ਦੀ ਨੀਂਹ ਰੱਖੀ ਗਈ। ਉਦੋਂ ਹੀ ਰਾਜਸੀ ਕੈਦੀ ਰਹੇ ਲੋਕਾਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਨੇ ਆਪਣੇ ਨਾਂ ਨਾਲ ‘ਕਾਲੇਪਾਣੀ’ ਤਖ਼ੱਲਸ ਜੋੜ ਲਿਆ। ਉਨ੍ਹਾਂ ਇੱਥੇ ਦੋ ਕਮਰੇ ਸਰਾਂ ਵਜੋਂ ਵੀ ਬਣਵਾਏ ਜਿਨ੍ਹਾਂ ਨੂੰ ਮੁਸਾਫ਼ਰਖਾਨਾ ਕਿਹਾ ਜਾਣ ਲੱਗ ਪਿਆ। ਉਹ ਜਾਣਦੇ ਸਨ ਕਿ ਆਪਣੇ ਭਾਈਬੰਦ ਕੈਦੀਆਂ ਦੀ ਭਾਲ ਵਿੱਚ ਆਮ ਲੋਕ ਆਉਂਦੇ ਸਨ ਤਾਂ ਉਨ੍ਹਾਂ ਨੂੰ ਰਿਹਾਇਸ਼ ਦੀ ਲੋੜ ਪੈਂਦੀ ਸੀ। ਬਹੁਤ ਸਾਰੇ ਕੈਦੀ ਤਾਂ ਰਿਹਾਅ ਹੋਣ ਤੋਂ ਬਾਅਦ ਇੱਥੇ ਹੀ ਵਸ ਗਏ ਸਨ। ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਲਈ ਉਨ੍ਹਾਂ ਨੇ ਖ਼ਾਲਸਾ ਸਕੂਲ ਵੀ ਬਣਾਇਆ। ਆਪਣੇ ਅੰਤਿਮ ਸਾਹ ਤੱਕ ਉਹ ਇਉਂ ਹੀ ਲੋਕ-ਸੇਵਾ ’ਚ ਲੱਗੇ ਰਹੇ।

ਡਾ. ਦੀਵਾਨ ਸਿੰਘ ਦੇ ਨੇਕ ਕਾਰਜਾਂ ਦੀ ਸਿਫ਼ਤ-ਸਲਾਹ ਕਰਦਿਆਂ ਮਨਜੀਤ ਸਿੰਘ ਜੀ ਇੰਨੇ ਭਾਵੁਕ ਹੋ ਗਏ ਸਨ ਕਿ ਵੈਰਾਗ ਜਿਹੇ ਨਾਲ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਡਾ. ਦੀਵਾਨ ਸਿੰਘ ਦੇ ਲੇਖਕ ਅਤੇ ਸੁਤੰਤਰਤਾ ਸੰਗਰਾਮੀ ਰੂਪ ਬਾਰੇ ਤਾਂ ਅਸੀਂ ਬਹੁਤ ਕੁਝ ਜਾਣਦੇ ਸਾਂ ਪਰ ਸਮਾਜ-ਸੇਵੀ ਰੂਪ ਬਾਰੇ ਬਹੁਤਾ ਕੁਝ ਅੱਜ ਸੁਣ ਰਹੇ ਸਾਂ। ਉਨ੍ਹਾਂ ਦੇ ਇੱਕ ਇੱਕ ਨੇਕ ਕਾਰਜ ਦੀ ਤਫ਼ਸੀਲ ਸ. ਮਨਜੀਤ ਸਿੰਘ ਹੋਰਾਂ ਦੇ ਪੋਟਿਆਂ ਉੱਤੇ ਸੀ। ਉਹ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਹਰਗੋਬਿੰਦ ਪਾਲ ਸਿੰਘ ਦੀ ਅਗਵਾਈ ਵਿੱਚ ਉਸ ਸਾਰੀ ਤਫ਼ਸੀਲ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਸਨ।

“ਸਰਦਾਰ ਸਾਹਿਬ, ਅਸੀਂ ਹੁਣ ਡਾ. ਸਾਹਿਬ ਦੀਆਂ ਲਿਖਤਾਂ, ਤਸਵੀਰਾਂ ਅਤੇ ਹੋਰ ਚੀਜ਼ਾਂ-ਵਸਤਾਂ ਨੂੰ ਅਗਲੀਆਂ ਪੀੜ੍ਹੀਆਂ ਵਾਸਤੇ ਸੰਭਾਲਣ ਲਈ ਇੱਕ ਮਿਊਜ਼ੀਅਮ ਬਣਾਉਣ ਦਾ ਕੰਮ ਵਿੱਢਿਐ, ਔਰ ਸਾਹਮਣੀ ਇਮਾਰਤ ’ਚ ਐ, ਪਰ ਸੱਚੀ ਗੱਲ ਐ ਜੀ, ਐਸੇ ਵੱਡੇ ਕਾਰਜਾਂ ਦੀ ਸਾਡੀ ਸਿਖਲਾਈ ਕੋਈ ਨਈਂ, ਤੁਹਾਡੇ ਜਿਹੇ ਵਿਦਵਾਨ ਪੁਰਸ਼ ਸਾਥ ਦੇਣ ਤਾਂ ਇਹ ਕਾਰਜ ਵੀ ਨੇਪਰੇ ਚੜ੍ਹ ਜਾਵੇ।” ਮਨਜੀਤ ਸਿੰਘ ਨੇ ਹਲੀਮੀ ਨਾਲ ਹੁੱਬ ਕੇ ਦੱਸਿਆ।

“ਕਿਉਂ ਨੲ੍ਹੀਂ ਜੀ, ਸਾਡਾ ਸਾਥ ਨਾਲ ਈ ਐ ਤੁਹਾਡੇ।” ਮੌਕਾ ਵੇਖ ਕੇ ਮੈਂ ਹਾਮੀ ਭਰੀ। ਸੁਣ ਕੇ ਮਨਜੀਤ ਸਿੰਘ ਹੋਰੀਂ ਹੋਰ ਉਤਸ਼ਾਹ ਵਿੱਚ ਆ ਗਏ।

“ਤੁਹਾਨੂੰ ਇੱਕ ਤੋਹਫ਼ਾ ਦਿੰਨੇ ਆਂ ਸਰਦਾਰ ਸਾਹਿਬ, ਠਹਿਰੋ ਜ਼ਰਾ। ਅਸੀਂ ਤਾਂ ਭਾਈ ਜਿੰਨੇ ਕੁ ਜੋਗੇ ਆਂ, ਹੱਥ-ਪੱਲਾ ਮਾਰਦੇ ਈ ਰਹਿੰਨੇ ਆਂ, ਇੱਕ ਕਿਤਾਬਚਾ ਛਪਵਾਇਐ...।” ਕਹਿੰਦਿਆਂ ਉਹ ਕਾਹਲੇ ਕਦਮੀ ਇੱਕ ਕਮਰੇ ਵੱਲ ਗਿਆ ਅਤੇ ਸਾਨੂੰ ਭੇਟ ਕਰਨ ਲਈ ਅੰਗਰੇਜ਼ੀ ’ਚ ਛਪੇ ਇੱਕ ਕਿਤਾਬਚੇ ‘ਡਾ. ਦੀਵਾਨ ਸਿੰਘ ਕਾਲੇਪਾਣੀ’ ਦੀਆਂ ਕੁਝ ਕਾਪੀਆਂ ਚੁੱਕ ਲਿਆਇਆ। ਗ਼ੈਰ-ਪੰਜਾਬੀ ਲੋਕਾਂ ਤੱਕ ਸੰਚਾਰ ਕਰਨ ਲਈ ਕਿਤਾਬਚਾ ਉਚੇਚ ਕਰਕੇ ਅੰਗਰੇਜ਼ੀ ਵਿੱਚ ਛਪਵਾਇਆ ਗਿਆ ਸੀ। ਵਧੀਆ ਗੱਲਬਾਤ ਹੋ ਗਈ ਸੀ, ਅਸੀਂ ਫ਼ਤਹਿ ਬੁਲਾ ਕੇ ਵਿਦਾਈ ਲਈ।

“ਓ ਮਾਈ ਗਾਡ!! ਕਿੰਨੀ ਕੰਟਰੀਬਿਊਸ਼ਨ ਐ ਡਾ. ਕਾਲੇਪਾਣੀ ਦੀ, ਚੰਗਾ ਹੋਇਆ ਅਸੀਂ ਇਸ ਹਿਸਟੌਰੀਕਲ ਪਲੇਸ ਦੀ ਵਿਜਟ ਮਿੱਸ ਨ੍ਹੀਂ ਕੀਤੀ। ਸਾਨੂੰ ਤਾਂ ਉਸ ਏਜੰਟ ਕੁੜੀ ਦਾ ਥੈਂਕਸ ਕਰਨਾ ਚਾਹੀਦੈ ਜਿਸ ਕਰਕੇ ਬੋਟ ਮਿੱਸ ਹੋਈ, ਹਾ...ਹਾ...ਹਾ।” ਗੁਰਮੀਤ ਪਨਾਗ ਨੇ ਸਥਿਤੀ ਦਾ ਹਾਂ-ਪੱਖ ਚਿਤਵਦਿਆਂ, ਏਜੰਟ ਕੁੜੀ ਨੂੰ ਮੁਆਫ਼ ਕਰ ਦਿੱਤਾ। ਖ਼ੁਸ਼ੀ ਉਸ ਤੋਂ ਸੰਭਾਲੀ ਨਹੀਂ ਜਾ ਰਹੀ ਸੀ।

“ਡਾ. ਸਾਹਿਬ, ਵੀ ਹੈਵ ਟੂ ਡੂ ਸਮਥਿੰਗ, ਹੀ ਵਾਜ਼ ਰੀਅਲੀ ਏ ਯੂਨੀਕ ਸੋਸ਼ਲ ਐਕਟੀਵਿਸਟ, ਪੰਜਾਬੀਆਂ ਨੇ ਨੋਟਿਸ ਘੱਟ ਲਿਐ, ਪਰਸਨਲੀ ਆਈ ਫੀਲ ਇੱਟ, ਹੀ ਵਾਜ਼ ਗਰੇਟ ਰੀਅਲੀ!” ਪਨਾਗ ਨੇ ਆਪਣਾ ਹੈਟ ਉਤਾਰ ਕੇ ਇੱਕ ਵਾਰ ਫੇਰ ਸ਼ਹੀਦ ਦੇ ਬੁੱਤ ਵੱਲ ਸਿਰ ਝੁਕਾਇਆ।

ਅਜਿਹੇ ਮਾਣ-ਸਤਿਕਾਰ ਦਾ ਹੱਕਦਾਰ ਸੀ ਡਾ. ਦੀਵਾਨ ਸਿੰਘ ਕਾਲੇਪਾਣੀ ਜਿਸ ਨੇ ਪੋਰਟ ਬਲੇਅਰ ਦੀ ਅਜਨਬੀ ਧਰਤੀ ਉੱਤੇ ਪੰਜਾਬ ਦੇ ਨਾਂ ਦੀ ਮੋਹੜੀ ਗੱਡੀ ਸੀ।

ਸੰਪਰਕ: 98728-35835

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All