ਤੇਰੇ ਟਿੱਲੇ ਤੋਂ...

ਤੇਰੇ ਟਿੱਲੇ ਤੋਂ...

ਗੁਲਜ਼ਾਰ ਮੁਹੰਮਦ ਇਕੋਲਾਹਾ

ਇਹ ਅਹਿਸਾਸ ਜਦੋਂ ਕਿਸੇ ਪਰਿੰਦੇ ਦੇ ਖੰਭ ਉੱਗੇ ਹੋਣਗੇ, ਜਦੋਂ ਉਸ ਨੇ ਪਹਿਲੀ ਵਾਰ ਉਡਾਣ ਭਰੀ ਹੋਵੇਗੀ, ਜਦੋਂ ਉਸ ਨੇ ਪਹਿਲੀ ਵਾਰ ਉਚਾਈ ਤੋਂ ਹੇਠਲਾ ਦ੍ਰਿਸ਼ ਦੇਖਿਆ ਹੋਵੇਗਾ, ਜਦੋਂ ਉਸ ਨੇ ਟੋਭਿਆਂ, ਦਰਿਆਵਾਂ, ਚੋਆਂ ਵਿੱਚ ਤੈਰਦੀਆਂ ਮੁਰਗਾਬੀਆਂ, ਬੱਤਖਾਂ ਦੇਖੀਆਂ ਹੋਣਗੀਆਂ। ਜਦੋਂ ਧਰਤੀ ’ਤੇ ਖੜ੍ਹਾ ਕੋਈ ਸ਼ਖ਼ਸ ਕਿੰਨੀ ਦੇਰ ਤੱਕ ਆਪਣੀਆਂ ਢਾਕਾਂ ’ਤੇ ਹੱਥ ਧਰ ਕੇ ਇੱਕ ਟੱਕ ਉਸ ਨੂੰ ਉੱਡਦਿਆਂ ਦੇਖਦਾ ਰਿਹਾ ਹੋਵੇਗਾ...। ਇਹ ਅਹਿਸਾਸ ਬਿਲਕੁਲ ਉਸੇ ਤਰ੍ਹਾਂ ਦਾ ਹੈ, ਜਦੋਂ ਤੁਹਾਡੀ ਕੋਈ ਚਿਰੋਕਣੀ ਰੀਝ, ਤੁਹਾਡੀ ਬਣਾਈ ਕੋਈ ਯੋਜਨਾ ਸਿਰੇ ਚੜ੍ਹਦੀ ਹੈ।

ਪਿਛਲੇ ਦਸ ਸਾਲਾਂ ਦੀ ਉਡੀਕ ਤੋਂ ਬਾਅਦ ਆਖ਼ਰ ਅੱਜ ਉਹ ਦਿਨ ਆ ਗਿਆ ਹੈ। ਦਿਲ ਵਿੱਚ ਚਾਅ ਹੈ, ਖਿੱਚ ਜਿਹੀ ਪੈ ਰਹੀ ਹੈ। ਕੋਈ ਮੈਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਬੁਲਾ ਰਿਹਾ ਹੈ। ਮੈਂ ਅੱਖਾਂ ਮੀਚਦਾ ਹਾਂ। ਹੁਣ ਸਥਿਤੀ ਆਨੰਦ ਵਾਲੀ ਹੈ। ਮੈਨੂੰ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਉਂ ਲੱਗਦਾ ਹੈ ਜਿਵੇਂ ਕੋਈ ਗਾ ਰਿਹਾ ਹੋਵੇ:

ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ,

ਔਹ ਲੈ ਦੇਖ ਗੋਰਖਾ, ਉੱਡਦੀ ਏ ਫੁਲਕਾਰੀ।

ਮੈਂ ਅੱਖਾਂ ਖੋਲ੍ਹਦਾ ਹਾਂ। ਸੜਕ ’ਤੇ ਦੂਰੋਂ ਪ੍ਰਿੰਸੀਪਲ ਸਾਹਿਬ ਦੀ ਕਾਰ ਮੇਰੇ ਵੱਲ ਦੌੜੀ ਆ ਰਹੀ ਹੈ। ਮੇਰੇ ਨੇੜੇ ਆ ਕੇ ਉਹ ਰੁਕਦੇ ਹਨ। ਕੋਈ ਦਿਖਾਵੇਬਾਜ਼ੀ ਨਹੀਂ ਹੈ। ਮੈਂ ਤਾਕੀ ਖੋਲ੍ਹਦਾ ਹਾਂ। ਕਾਰ ਵਿੱਚ ਬੈਠਦਾ ਹਾਂ। ਪ੍ਰਿੰਸੀਪਲ ਨਵਤੇਜ ਸ਼ਰਮਾ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸ੍ਰੀ ਬਲਰਾਜ ਕ੍ਰਿਸ਼ਨ, ਮੇਰੇ ਪਰਮ ਮਿੱਤਰ ਵਿਨੋਦ ਕੁਮਾਰ ਅਤੇ ਸਾਡੇ ਸਾਰਿਆਂ ਦੇ ਸਾਂਝੇ ਮਿੱਤਰ ਲਵਣ ਕੁਮਾਰ ਪਹਿਲਾਂ ਹੀ ਬੈਠੇ ਹਨ। ਬਾਹਰ ਸੰਘਣੀ ਧੁੰਦ ਹੈ। ਵਾਹਨਾਂ ਵਾਲੇ ਲਾਈਟਾਂ ਜਗਾ ਕੇ ਦਿੱਲੀ ਵਾਲੀ ਸੜਕ ’ਤੇ ਵਾਹੋਦਾਹੀ ਭੱਜੇ ਜਾ ਰਹੇ ਹਨ। ਅਸੀਂ ਵੀ ਆਪਣੀ ਕਾਰ ਇਨ੍ਹਾਂ ਦੌੜਦੀਆਂ ਕਾਰਾਂ ਦੇ ਕਾਫ਼ਲੇ ਵਿੱਚ ਰਲਾ ਦਿੱਤੀ ਹੈ। ਅਸੀਂ ਅੰਬਾਲੇ ਜਾ ਰਹੇ ਹਾਂ... ਅੰਬਾਲੇ... ਟਿੱਲਾ ਜੋਗੀਆਂ ਵਿਖੇ।

ਥੇਹ ਬਣਿਆ ਝੰਗ (ਜ਼ਿਲ੍ਹਾ ਜਿਹਲਮ, ਪਾਕਿਸਤਾਨ) ਸਥਿਤ ਟਿੱਲਾ ਜੋਗੀਆਂ।

ਪੰਦਰਾਂ ਅਗਸਤ 1947 ਦਾ ਦਿਨ ਪੂਰੇ ਦੇਸ਼ ਲਈ ਅੰਤਾਂ ਦੀਆਂ ਖ਼ੁਸ਼ੀਆਂ ਲੈ ਕੇ ਆਇਆ ਪਰ ਆਜ਼ਾਦੀ ਦੀਆਂ ਇਹ ਖ਼ੁਸ਼ੀਆਂ ਬਹੁਤ ਸਾਰਾ ਦੁੱਖ ਅਤੇ ਦਰਦ ਵੀ ਲੈ ਕੇ ਆਈਆਂ ਖ਼ਾਸਕਰ ਪੰਜਾਬ ਅਤੇ ਬੰਗਾਲ ਲਈ। ਇਸ ਕਾਰਨ ਨਫ਼ਰਤ ਦੀਆਂ ਕੰਧਾਂ ਇੰਨੀਆਂ ਉੱਚੀਆਂ ਹੋ ਗਈਆਂ ਜਿਨ੍ਹਾਂ ਦੇ ਪਾਰ ਸਰਕਾਰੀ ਦੂਰਬੀਨਾਂ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਦਿਸਦਾ। ਸਰਕਾਰੀ ਦੂਰਬੀਨਾਂ ਤੋਂ ਮੇਰਾ ਭਾਵ ਉਨ੍ਹਾਂ ਸਾਰੀਆਂ ਕਾਗਜ਼ੀ ਕਾਰਵਾਈਆਂ ਤੋਂ ਹੈ ਜਿਹੜੀਆਂ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਇੱਕ ਦੂਜੇ ਵੱਲ ਆਉਣ ਜਾਣ ਲਈ ਕਰਨੀਆਂ ਪੈਂਦੀਆਂ ਹਨ। ਲੋਕਾਂ ਨੂੰ ਆਪਣੇ ਘਰ, ਖੇਤ, ਕਾਰੋਬਾਰ, ਸਭ ਕੁਝ ਇੱਧਰ ਉੱਧਰ ਛੱਡਣਾ ਪੈ ਗਿਆ। ਵੰਡ ਦਾ ਇਹ ਸੰਤਾਪ ਭੋਗੀਆਂ ਨੇ ਤਾਂ ਹੰਢਾਇਆ ਸੀ, ਉਨ੍ਹਾਂ ਦੇ ਨਾਲ ਨਾਲ ਜੋਗੀਆਂ, ਫ਼ਕੀਰਾਂ ਨੂੰ ਵੀ ਹੰਢਾਉਣਾ ਪਿਆ। ਇਧਰਲਾ ਅੱਲ੍ਹਾ ਉੱਧਰ ਅਤੇ ਓਧਰਲਾ ਭਗਵਾਨ ਇੱਧਰ ਆ ਗਿਆ। ਇੱਕ ਸਵਾਲ ਮੈਨੂੰ ਚਿਰਾਂ ਤੋਂ ਪ੍ਰੇਸ਼ਾਨ ਕਰਦਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੋ ਅਲੱਗ-ਅਲੱਗ ਮੁਲਕ ਬਣੇ ਤਾਂ ਉਸ ਟਿੱਲੇ ਦੇ ਜੋਗੀ ਕਿੱਧਰ ਗਏ ਜਿਸ ਤੋਂ ਚੌਧਰੀ ਮੌਜ-ਉਦ-ਦੀਨ ਦੇ ਪੁੱਤਰ ਮੁਰਾਦ ਬਖ਼ਸ਼ ਰਾਂਝੇ ਨੇ ਸਿੱਧ ਜੋਗੀ ਗੋਰਖਨਾਥ ਤੋਂ ਜੋਗ ਲਿਆ ਸੀ। ਮੈਂ ਕਈ ਵਾਰ ਆਪਣੀਆਂ ਸੋਚਾਂ ਨਾਲ ਉਲਝਦਾ ਰਿਹਾ ਕਿ ਰਾਂਝੇ ਦੇ ਕੰਨ ਪਾੜਨ ਵਾਲੇ ਜੋਗੀ ਜਦੋਂ ਪਾਕਿਸਤਾਨ ਤੋਂ ਉੱਜੜੇ ਤਾਂ ਭਾਰਤ ਦੇ ਕਿਹੜੇ ਹਿੱਸੇ ਵਿੱਚ ਆ ਕੇ ਵੱਸੇ। ਆਖ਼ਰ ਕਿੱਥੇ ਹੈ ਉਨ੍ਹਾਂ ਦਾ ਟਿੱਲਾ ਜੋਗੀਆਂ?

ਮੁਕਾਮ ਟਿੱਲਾ ਜੋਗੀਆਂ ਅਸਲ ਵਿੱਚ ਪਾਕਿਸਤਾਨ ਦੇ ਝੰਗ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਟਿੱਲੇ ਬਾਰੇ ਮਾਨਤਾ ਹੈ ਕਿ ਜੋਗੀ ਗੋਰਖਨਾਥ ਆਪਣੇ ਚੇਲਿਆਂ ਨਾਲ ਇੱਥੇ ਬਿਰਾਜਮਾਨ ਰਹੇ। ਇਸੇ ਟਿੱਲੇ ਤੋਂ ਧੀਦੋ ਰਾਂਝੇ ਨੇ ਵੈਰਾਗ ਧਾਰਨ ਕਰਦਿਆਂ ਜੋਗ ਲਿਆ ਸੀ। ਇਸੇ ਟਿੱਲੇ ਤੋਂ ਉਹ ਹੱਥ ਵਿੱਚ ਚਿਮਟਾ ਕਾਸਾ ਲੈ ਕੇ ਗਲੀ ਗਲੀ ਭਿੱਖਿਆ ਮੰਗਣ ਲਈ ਵਿਦਾ ਹੋਇਆ ਸੀ। ਦੇਸ਼ ਵੰਡ ਹੋਣ ਨਾਲ ਇਸ ਮੁਕਾਮ ’ਤੇ ਰਹਿਣ ਵਾਲੇ ਜੋਗੀਆਂ ਨੂੰ ਵੀ ਆਪਣਾ ਪਿਆਰਾ ਟਿੱਲਾ ਛੱਡਣਾ ਪਿਆ। ਭਾਰਤ ਵਿੱਚ ਉਨ੍ਹਾਂ ਨੂੰ ਉਸ ਟਿੱਲੇ ਦੇ ਇਵਜ਼ਾਨੇ ਵਜੋਂ ਜੋ ਜਗ੍ਹਾ ਅਲਾਟ ਹੋਈ, ਉਹ ਅੱਜਕੱਲ੍ਹ ਗੁਆਂਢੀ ਰਾਜ ਹਰਿਆਣੇ ਦੇ ਅੰਬਾਲਾ ਸ਼ਹਿਰ ਵਿੱਚ ਸਥਿਤ ਹੈ।

ਅੰਬਾਲਾ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪੰਜਾਬ ਵਾਲੇ ਪਾਸੇ ਰਾਜਪੁਰੇ ਵੱਲ ਅੰਬਾਲਾ ਸ਼ਹਿਰ ਹੈ ਅਤੇ ਫ਼ੌਜੀ ਛਾਉਣੀਆਂ ਵਾਲਾ, ਦਿੱਲੀ ਵੱਲ ਨੂੰ ਵੱਸਿਆ, ਅੰਬਾਲਾ ਕੈਂਟ ਹੈ। ਸਾਡੇ ਲਈ ਮੁਸ਼ਕਿਲ ਇਹ ਖੜ੍ਹੀ ਹੋਈ ਕਿ ਟਿੱਲਾ ਜੋਗੀਆਂ ਆਖ਼ਰ ਕਿਹੜੇ ਅੰਬਾਲੇ ਵਿੱਚ ਹੈ?

ਆਖ਼ਰ ਇੱਕ ਦਿਨ ਇੱਕ ਫੁਰਨੇ ਨੇ ਮੇਰੀ ਸਾਰੀ ਮੁਸ਼ਕਿਲ ਹੱਲ ਕਰ ਦਿੱਤੀ। ਮੇਰੇ ਮੋਬਾਈਲ ਫੋਨ ਦੀ ਟੱਚ ਸਕਰੀਨ ’ਤੇ ਲੱਗ ਪਿਆ ਅੰਗੂਠਾ ਘੁੰਮਣ। ਗੂਗਲ ਸਰਚ ਨੇ ਟਿੱਲਾ ਜੋਗੀਆਂ ਜਗਾਧਰੀ ਰੋਡ ਮਹੇਸ਼ ਨਗਰ ਨੇੜੇ ਸੁਭਾਸ਼ ਪਾਰਕ ਅੰਬਾਲਾ ਕੈਂਟ ਵਿਖੇ ਦੱਸਿਆ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਨੂੰ ਹੀਰ ਦੇ ਰਾਂਝੇ ਦਾ... ਰਾਂਝੇ ਦੇ ਗੋਰਖ ਦਾ... ਗੋਰਖ ਦੇ ਟਿੱਲੇ ਦਾ... ਟਿੱਲਾ ਜੋਗੀਆਂ ਦਾ ਸਿਰਨਾਵਾਂ ਮਿਲ ਗਿਆ।

ਪਿਛਲੇ ਦਸ ਸਾਲਾਂ ਤੋਂ ਮਨ ਵਿੱਚ ਰੋਜ਼ ਉੱਠਦੇ ਸਵਾਲ ਨੂੰ ਹੱਲ ਕਰਨ ਤੇ ਹਕੀਕੀ ਰੂਪ ਵਿੱਚ ਟਿੱਲਾ ਜੋਗੀਆਂ ਦੇਖਣ ਲਈ ਅੱਜ ਅਸੀਂ ਖੰਨੇ ਤੋਂ ਰਵਾਨਾ ਹੋ ਚੁੱਕੇ ਹਾਂ। ਕਾਰ ਵਿੱਚ ਬੈਠੇ ਅਸੀਂ ਸਾਰੇ ਦੋਸਤ ਟਿੱਲਾ ਜੋਗੀਆਂ, ਰਾਂਝੇ ਅਤੇ ਹੀਰ ਬਾਰੇ ਆਪੋ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਹਾਂ। ਕੋਈ ਡੇਢ ਕੁ ਘੰਟੇ ਬਾਅਦ ਪ੍ਰਿੰਸੀਪਲ ਸਾਹਿਬ ਨੇ ਕਾਰ ਅੰਬਾਲਾ ਕੈਂਟ ਜਾ ਰੋਕੀ।

“ਰੁਕੋ ਇੱਕ ਮਿੰਟ। ਮੈਂ ਬਾਹਰ ਕਿਸੇ ਤੋਂ ਰਾਹ ਪਤਾ ਕਰ ਕੇ ਆਉਂਨਾ,” ਉਨ੍ਹਾਂ ਨੇ ਕਿਹਾ।

“ਬੈਠੇ ਰਹੋ ਸਰ... ਆਪਾਂ ਫੋਨ ’ਤੇ ਮੈਪ ਲਾਉਂਨੇ ਆਂ... ਕੀ ਲੋੜ ਐ ਕਿਸੇ ਨੂੰ ਪੁੱਛਣ ਦੀ,” ਕਹਿੰਦਿਆਂ ਹੀ ਮੈਂ ਫੋਨ ਉੱਤੇ ਮੈਪ ਲਾ ਲਿਆ।

ਹੁਣ ਮੈਪ ਸਹਾਰੇ ਸਾਡੀ ਕਾਰ ਫੇਰ ਚੱਲਣ ਲੱਗੀ। ਅਸੀਂ ਇੱਕ ਸਿੱਧੀ ਦਿਸ਼ਾ ਵੱਲ ਜਾ ਰਹੇ ਹਾਂ। ਵਿਨੋਦ ਅਤੇ ਪ੍ਰਿੰਸੀਪਲ ਸਾਹਿਬ ਹਜ਼ਾਰਾਂ ਵਾਰ ਅੰਬਾਲਾ ਆਏ ਹੋਏ ਹਨ ਤੇ ਚੱਪੇ ਚੱਪੇ ਦੇ ਵਾਕਫ਼ ਹਨ।

“ਓ ਐਧਰ ਨੀਂ ਹੈਗਾ ਜਗਾਧਰੀ ਰੋਡ। ਤੇਰਾ ਮੈਪ ਮੂਪ ਠੀਕ ਨਹੀਂ ਲੱਗਦਾ ਮੈਨੂੰ,” ਆਖ਼ਰ ਵਿਨੋਦ ਨੇ ਕਹਿ ਹੀ ਦਿੱਤਾ।

ਪ੍ਰਿੰਸੀਪਲ ਸਾਹਿਬ ਨੇ ਵੀ ਸ਼ੰਕਾ ਪ੍ਰਗਟ ਕੀਤੀ। ਇੰਨੇ ਨੂੰ ਇੱਕ ਯੂ ਟਰਨ... ਫੇਰ ਅੰਡਰਪਾਸ ’ਚੋਂ ਲੰਘ ਕੇ ਅਸੀਂ ਫੇਰ ਅੱਗੇ ਨੂੰ ਤੁਰੇ। ਬਿਲਕੁਲ ਸਿੱਧੇ। ਕਾਰ ਦਾ ਮੂੰਹ ਹੁਣ ਫਿਰ ਖੰਨੇ ਵੱਲ ਨੂੰ ਹੋ ਗਿਆ। ਮੈਂ ਵੀ ਹੈਰਾਨ ਕਿ ਆਖ਼ਰ ਇਹ ਹੋ ਕੀ ਰਿਹਾ ਹੈ। ਉਲਝਦੇ ਉਲਝਾਉਂਦੇ ਅਸੀਂ ਵਾਪਸ ਉਸੇ ਜਗ੍ਹਾ ’ਤੇ ਆ ਗਏ ਜਿੱਥੋਂ ਤੁਰੇ ਸੀ। ਅਸਲ ਵਿੱਚ ਮੈਂ ਗੂਗਲ ਮੈਪ ’ਤੇ ਟਿੱਲਾ ਜੋਗੀਆਂ ਭਰਿਆ ਸੀ ਤੇ ਗੂਗਲ ਵਿਚਾਰਾ ਸਾਨੂੰ ਝੰਗ (ਪਾਕਿਸਤਾਨ) ਲਿਜਾਣ ਨੂੰ ਫਿਰਦਾ ਸੀ।

ਪ੍ਰਿੰਸੀਪਲ ਸਾਹਿਬ ਨੇ ਇੰਨੇ ਨੂੰ ਬਾਹਰ ਖੜ੍ਹੇ ਇੱਕ ਪੁਲੀਸ ਵਾਲੇ ਨੂੰ ਪੁੱਛ ਲਿਆ। ਉਸ ਨੇ ਬਿਨਾਂ ਬੋਲਿਆਂ ਹੀ ਬਾਂਹ ਦੇ ਇਸ਼ਾਰੇ ਨਾਲ ਰਸਤਾ ਸਮਝਾ ਦਿੱਤਾ। ਇਸ ਰਾਹ ’ਤੇ ਵੀ ਕਈ ਚੌਕ, ਕੀ ਪੁਆਇੰਟ ਆਉਂਦੇ ਰਹੇ ਪਰ ਟਿੱਲੇ ਦੀ ਕੋਈ ਉੱਘ ਸੁੱਘ ਨਾ ਨਿਕਲੀ। ਕੈਂਟ ਖ਼ਤਮ ਹੋਣ ਕਿਨਾਰੇ ਸੀ। ਆਖ਼ਰ ਇੱਕ ਚੌਂਕ ਵਿੱਚ ਅਸੀਂ ਰੁਕੇ। ਬਾਹਰ ਖੜ੍ਹੇ ਇੱਕ ਰਿਕਸ਼ੇ ਵਾਲੇ ਨੂੰ ਮੈਂ ਮਹੇਸ਼ ਨਗਰ ਬਾਰੇ ਪੁੱਛਿਆ ਤਾਂ ਉਸ ਨੇ ਸਾਹਮਣੇ ਗਲੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਇੱਧਰ ਕੋ ਜਾਈਏ... ਆਗੇ ਸੁਭਾਸ਼ ਪਾਰਕ ਕੇ ਬਾਦ ਮਹੇਸ਼ ਨਗਰ ਹੈ।”

ਅਸੀਂ ਰਿਕਸ਼ੇ ਵਾਲੇ ਦੀ ਦੱਸੀ ਉਸ ਗਲ਼ੀ ਵਿੱਚ ਗੱਡੀ ਵਾੜ ਲਈ। ਅੰਤਾਂ ਦੀ ਭੀੜ। ਜਿਵੇਂ ਕਿਵੇਂ ਕਰ ਕੇ ਅੱਧੇ ਘੰਟੇ ਬਾਅਦ ਅਸੀਂ ਮਹੇਸ਼ ਨਗਰ ਵਿੱਚ ਸੀ। ਅਸੀਂ ਕਈ ਲੋਕਾਂ ਤੋਂ ਟਿੱਲਾ ਜੋਗੀਆਂ ਬਾਰੇ ਪੁੱਛਿਆ ਪਰ ਕੋਈ ਪਤਾ ਨਾ ਲੱਗੇ। ਦਿਨ ਦੇ ਸਾਢੇ ਗਿਆਰਾਂ ਵੱਜੇ ਸਨ। ਅਸੀਂ ਅੱਗੇ ਵੀ ਜਾਣਾ ਸੀ। ਪਰ ਪੂਰੇ ਅੰਬਾਲਾ ਕੈਂਟ, ਮਹੇਸ਼ ਨਗਰ, ਸੁਭਾਸ਼ ਪਾਰਕ ਤੇ ਜਗਾਧਰੀ ਰੋਡ ਉੱਤੇ ਪੁੱਛ-ਪੜਤਾਲ ਕਰਨ ਤੋਂ ਬਾਅਦ ਵੀ ਸਾਡੇ ਹੱਥ ਖਾਲੀ ਹਨ। ਸਾਨੂੰ ਟਿੱਲਾ ਜੋਗੀਆਂ ਨਹੀਂ ਲੱਭਿਆ। ਅਸੀਂ ਖੰਨੇ ਮੁੜਨ ਦਾ ਫ਼ੈਸਲਾ ਕਰ ਲਿਆ। ਕਮਾਲ ਦੀ ਗੱਲ ਇਹ ਕਿ ਜਿੰਨੇ ਵੀ ਲੋਕਾਂ ਕੋਲੋਂ ਅਸੀਂ ਪਤਾ ਪੁੱਛਿਆ, ਚਾਹੇ ਟਿੱਲਾ ਜੋਗੀਆਂ ਕਹਿ ਕੇ, ਚਾਹੇ ਰਾਂਝੇ ਦਾ ਵੇਰਵਾ ਦੇ ਕੇ, ਚਾਹੇ ਹੀਰ ਰਾਂਝੇ ਦੀ ਗੱਲ ਤੋਰ ਕੇ, ਕੋਈ ਵੀ ਸਾਨੂੰ ਪਤਾ ਨਾ ਦੱਸ ਸਕਿਆ।

ਜਦੋਂ ਵੰਡੀਆਂ ਪੈ ਜਾਂਦੀਆਂ ਹਨ ਤਾਂ ਹਰ ਕੋਈ ਆਪੋ ਆਪਣਾ ਸਾਮਾਨ ਸਾਂਭਦਾ ਹੈ। ਪਹਿਲਾਂ ਭਾਰਤ ਪਾਕਿਸਤਾਨ ਦੀ ਵੰਡ ਹੋਈ। ਫੇਰ ਪੰਜਾਬ ਹਰਿਆਣਾ ਵੰਡੇ ਗਏ। ਜਦ ਇੱਕ ਸੀ ਤਾਂ ਵਿਰਾਸਤ ਸਾਂਝੀ ਸੀ। ਜਦੋਂ ਵੰਡੇ ਗਏ ਤਾਂ ਪੰਜਾਬ ਦੀ ਵਿਰਾਸਤ ਨਾਲ ਕਿਸੇ ਨੂੰ ਕੀ। ਆਖ਼ਰ ਜਿਨ੍ਹਾਂ ਦਾ ਬੁੜ੍ਹਾ, ਸੋਟੀ ਵੀ ਉਹੀ ਸਾਂਭਣਗੇ। ਪੰਜਾਬ ਦੀਆਂ ਬਹੁਤ ਸਾਰੀਆਂ ਵਿਰਾਸਤੀ ਥਾਵਾਂ ਪੰਜਾਬੀ ਸੂਬੇ ਦੀ ਵੰਡ ਮੌਕੇ ਹਰਿਆਣਾ ਵਿੱਚ ਚਲੀਆਂ ਗਈਆਂ। ਇਨ੍ਹਾਂ ਬਾਰੇ ਭਾਸ਼ਾ ਦੇ ਆਧਾਰ ’ਤੇ ਵੰਡੇ ਬਹੁਗਿਣਤੀ ਲੋਕ ਜਾਂ ਤਾਂ ਕੁਝ ਜਾਣਦੇ ਨਹੀਂ ਜਾਂ ਫਿਰ ਜਾਣਨ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ। ਫੇਰ ਚਾਹੇ ਉਹ ਗੋਰਖ ਦਾ ਟਿੱਲਾ ਹੋਵੇ ਜਾਂ ਕਲਸੀਆਂ ਸਿੱਖ ਸਟੇਟ ਦੀਆਂ ਛਛਰੌਲੀ ਵਿੱਚ ਮੌਜੂਦ ਖੰਡਰ ਹੋ ਰਹੀਆਂ ਯਾਦਗਾਰਾਂ ਹੋਣ।

ਦਿਲ ਦੁਖੀ ਹੋ ਗਿਆ। ਮੈਨੂੰ ਟਿੱਲਾ ਜੋਗੀਆਂ ਦੇਖਣ ਦਾ ਸੁਪਨਾ ਪੂਰਾ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ। ਮੇਰੇ ਨਾਲ ਤਾਂ ਉਹ ਗੱਲ ਹੋ ਰਹੀ ਸੀ:

ਵਿੱਚ ਉਡੀਕਾਂ ਉਮਰ ਗੁਜ਼ਾਰੀ, ਬੀਤੇ ਸਾਲ ਹਜ਼ਾਰਾਂ,

ਮਾਲੀ ਬਾਗ਼ ਨਾ ਵੇਖਣ ਦਿੰਦਾ, ਆਈਆਂ ਜਦੋਂ ਬਹਾਰਾਂ।

ਪਰ ਮੈਂ ਕੋਸ਼ਿਸ਼ ਅਜੇ ਵੀ ਕਰ ਰਿਹਾ ਸੀ। ਗੂਗਲ ਸਰਚ ਕਰਦੇ ਕਰਦੇ ਅਚਾਨਕ ਸੋਹਨ ਲਾਲ ਡੀ.ਏ.ਵੀ. ਸਕੂਲ, ਜੋਗੀਵਾੜਾ ਦਿਸ ਗਏ। ਜੋਗੀਵਾੜਾ ਆਪਣੇ ਆਪ ਵਿੱਚ ਹੀ ਮੈਨੂੰ ਤਸੱਲੀ ਦੇਣ ਵਾਲੀ ਥਾਂ ਲੱਗ ਰਿਹਾ ਸੀ। ਅਸੀਂ ਕਾਰ ਅੰਬਾਲਾ ਕੈਂਟ ਤੋਂ ਅੰਬਾਲਾ ਸ਼ਹਿਰ ਵੱਲ ਤੋਰ ਲਈ। ਵੀਹ ਮਿੰਟ ਬਾਅਦ ਅਸੀਂ ਅੰਬਾਲਾ ਸ਼ਹਿਰ ਦੇ ਡੀ.ਏ.ਵੀ.ਕਾਲਜ ਵਾਲੇ ਚੌਕ ਵਿੱਚ ਆ ਪੁੱਜੇ। ਇੱਥੇ ਅਸੀਂ ਜਿਉਂ ਹੀ ਅੱਧਖੜ੍ਹ ਉਮਰ ਦੇ ਇੱਕ ਬੰਦੇ ਨੂੰ ਟਿੱਲਾ ਜੋਗੀਆਂ ਬਾਰੇ ਪੁੱਛਿਆ ਤਾਂ ਉਹ ਪੁਆਧੀ ਬੋਲੀ ਵਿੱਚ ਕਹਿਣ ਲੱਗਿਆ, “ਥਮ ਊਂ ਤਾਂ ਜੀ ਪਹੁੰਚ ਹੀ ਗਏ... ਆਹ ਪਿਛਲੀ ਗਲੀ ਮਾਂ ਬਗਜੋ... ਉਰਾਂ ਪਾਸ ਮਾ ਈ ਆ... ਕਾਰ ਵੀ ਜਾਊ ਉੱਥੈ।”

ਅਸੀਂ ਇੱਕ ਤੰਗ ਜਿਹੀ ਗਲੀ ਵਿੱਚੋਂ ਲੰਘ ਕੇ ਇੱਕ ਖੁੱਲ੍ਹੇ ਜਿਹੇ ਰਾਹ ’ਤੇ ਆ ਗਏ। ਇਹ ਜਗ੍ਹਾ ਡੀ.ਏ.ਵੀ. ਕਾਲਜ ਅੰਬਾਲਾ ਸ਼ਹਿਰ ਦੇ ਬਿਲਕੁਲ ਪਿਛਲੇ ਪਾਸੇ ਹੈ। ਇੱਥੇ ਹੀ ਹੈ ਟਿੱਲਾ ਜੋਗੀਆਂ। ਇੱਕ ਚੌੜੀ ਜਿਹੀ ਗਲੀ ਵਿੱਚ ਥੋੜ੍ਹਾ ਜਿਹਾ ਅੱਗੇ ਜਾ ਕੇ ਅਸੀਂ ਸੱਜੇ ਪਾਸੇ ਨੂੰ ਮੁੜਦੇ ਹਾਂ। ਮੁੜਦਿਆਂ ਹੀ ਖੱਬੇ ਹੱਥ ਮੰਦਰਨੁਮਾ ਇਮਾਰਤ ਨਜ਼ਰ ਆਈ। ਇਮਾਰਤ ਦਾ ਮੱਥਾ ਰੰਗ ਬਿਰੰਗੀਆਂ ਮੂਰਤੀਆਂ ਨਾਲ ਸਜਿਆ ਹੋਇਆ ਸੀ। ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਇੱਥੇ ਸੁਸ਼ੋਭਿਤ ਹਨ। ਇਮਾਰਤ ਦਾ ਬਾਹਰਲਾ ਵੱਡਾ ਗੇਟ ਬੰਦ ਸੀ। ਬਸ ਇੱਕ ਛੋਟੀ ਜਿਹੀ ਬਾਰੀ ਖੁੱਲ੍ਹੀ ਸੀ। ਚਾਰਦੀਵਾਰੀ ਦੇ ਜੰਗਲੇ ਉੱਤੇ ਲੱਗੇ ਇੱਕ ਫਲੈਕਸ ਉੱਤੇ ਗੋਰਖ ਆਰਤੀ ਲਿਖੀ ਹੋਈ ਸੀ। ਬਾਕੀ ਸਾਰਾ ਕੁਝ, ਸਥਾਨ ਦੀ ਬਾਹਰਲੀ ਦਿੱਖ ਕਿਸੇ ਆਮ ਹਿੰਦੂ ਮੰਦਰ ਵਰਗੀ ਸੀ। ਜੋਗੀ ... ਟਿੱਲਾ? ਇੱਥੇ ਤਾਂ ਕੁਝ ਵੀ ਅਜਿਹਾ ਨਹੀਂ ਸੀ ਲੱਗ ਰਿਹਾ।

ਉਸੇ ਵੇਲੇ ਮੇਰੀ ਨਜ਼ਰ ਚਾਰਦੀਵਾਰੀ ਉੱਤੇ ਲੱਗੀ ਗਰਿਲ ਵਿਚਦੀ ਅੰਦਰ ਗਈ ਤੇ ਕੋਈ ਬੰਦਾ ਮੈਨੂੰ ਨਜ਼ਰ ਆਇਆ। ਭਗਵੇਂ ਕੱਪੜਿਆਂ ਤੇ ਕੰਨਾਂ ਵਿੱਚ ਵੱਡੀਆਂ ਵੱਡੀਆਂ ਮੁੰਦਰਾਂ ਵਾਲਾ... ਮੈਂ ਮੁੰਦਰਾਂ ਵਾਲਾ ਜੋਗੀ ਦੇਖ ਲਿਆ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਆਪਣੀ ਖ਼ੁਸ਼ੀ ਜ਼ਾਹਰ ਕਰਨਾ ਹੀ ਚਾਹੁੰਦਾ ਸੀ ਕਿ ਅਚਾਨਕ ਇੱਕ ਹੋਰ ਦ੍ਰਿਸ਼ ਦੇਖਿਆ। ਇੱਕ ਔਰਤ ਸਾਡੇ ਕੋਲ ਦੀ ਲੰਘ ਕੇ ਅਚਾਨਕ ਵੱਡੇ ਗੇਟ ਦੇ ਸਾਹਮਣੇ ਰੁਕੀ। ਉਹਨੇ ਬਾਹਰੋਂ ਹੀ ਸਿਜਦਾ ਕੀਤਾ। ਉਹ ਅੰਦਰ ਨਹੀਂ ਗਈ। ਇਹ ਦੇਖ ਕੇ ਮੈਂ ਕਿਹਾ, “ਆਪਾਂ ਸਹੀ ਥਾਂ ਪੁੱਜ ਗਏ ਹਾਂ। ਇਹੀ ਟਿੱਲਾ ਜੋਗੀਆਂ ਹੈ। ਮੈਂ ਦੱਸਿਆ ਸੀ ਨਾ ਕਿ ਜੋਗੀਆਂ ਦੇ ਟਿੱਲਿਆਂ ’ਤੇ ਇਕੱਲੀਆਂ ਔਰਤਾਂ ਦਾ ਆਉਣਾ ਜਾਣਾ ਵਰਜਿਤ ਹੁੰਦੈ।”

ਮੇਰੇ ਮਨ ਵਿੱਚ ਆਨੰਦ ਛਾਇਆ ਪਿਆ ਸੀ। ਅਸੀਂ ਸਹੀ ਟਿਕਾਣੇ ’ਤੇ ਪਹੁੰਚ ਗਏ ਸਾਂ। ਆਖ਼ਰ ਅਸੀਂ ਟਿੱਲਾ ਲੱਭ ਲਿਆ ਸੀ।

ਜ਼ਿਕਰਯੋਗ ਹੈ ਕਿ ਗੂਗਲ ਸਰਚ ਕਰਦੇ ਸਮੇਂ ਟਿੱਲਾ ਜੋਗੀਆਂ ਦਾ ਜੋ ਪਤਾ ਗੂਗਲ ਦਿਖਾਉਂਦਾ ਹੈ, ਉਹ ਮਹੇਸ਼ ਨਗਰ, ਨੇੜੇ ਸੁਭਾਸ਼ ਪਾਰਕ, ਜਗਾਧਰੀ ਰੋਡ, ਅੰਬਾਲਾ ਕੈਂਟ ਹੈ ਜੋ ਕਿ ਗ਼ਲਤ ਹੈ। ਟਿੱਲਾ ਜੋਗੀਆਂ ਦਾ ਸਹੀ ਪਤਾ ਅੰਬਾਲਾ ਸ਼ਹਿਰ, ਨੇੜੇ ਡੀ.ਏ.ਵੀ. ਕਾਲਜ ਜੋਗੀਵਾੜਾ ਹੈ ਜਿੱਥੇ ਪਹੁੰਚਣਾ ਬਹੁਤ ਆਸਾਨ ਹੈ।

ਵੱਡੇ ਗੇਟ ਦੀ ਛੋਟੀ ਬਾਰੀ ਰਾਹੀਂ ਅਸੀਂ ਅੰਦਰ ਦਾਖ਼ਲ ਹੁੰਦੇ ਹਾਂ। ਵਰਾਂਡੇ ਵਿੱਚ ਇੱਕ ਵੱਡੇ ਸਾਰੇ ਸ਼ੀਸ਼ੇ ਦੇ ਕੇਸ ਵਿੱਚ ਪੂਰਨ ਭਗਤ ਦੀ ਵੱਡੀ ਸਾਰੀ ਮੂਰਤੀ ਰੱਖੀ ਹੋਈ ਹੈ। ਪੂਰਨ ਭਗਤ ਵੀ ਸਿੱਧ ਗੋਰਖਨਾਥ ਦਾ ਚੇਲਾ ਸੀ।

ਲਿਖੀ ਮੱਥੇ ਦੀ ਕਦੇ ਨਹੀਂ ਮਿਦਟੀ, ਵੇ ਗੱਲ ਤੇਰੇ ਕਰਮਾਂ ਦੀ ਪੂਰਨਾ... ਪੂਰਨਾ ਵੇ ਅੱਖੀਆਂ ’ਚ ਰੱਬ ਵਸਦਾ ਵੇ ਕੋਈ ਦੂਰ ਨਾ।

ਮੈਂ ਇਹ ਸਤਰਾਂ ਗੁਣਗੁਣਾਉਣ ਲੱਗ ਪਿਆ। ਅਸੀਂ ਟਿੱਲੇ ਵਿੱਚ ਗੋਰਖਨਾਥ ਦਾ ਧੂਣਾ, ਵੱਖ ਵੱਖ ਸਮੇਂ ਟਿੱਲੇਦਾਰ ਰਹੇ ਨਾਥਾਂ ਜੋਗੀਆਂ ਦੀਆਂ ਸਮਾਧੀਆਂ ਅਤੇ ਮੌਜੂਦਾ ਗੱਦੀਨਸ਼ੀਨ ਨਾਥ ਜੀ ਦਾ ਕਮਰਾ ਦੇਖਿਆ। ਇਸ ਕਮਰੇ ਵਿੱਚ ਹੁਣ ਤੱਕ ਰਹੇ ਸਾਰੇ ਨਾਥਾਂ ਜੋਗੀਆਂ ਦੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਹਨ। ਝੰਗ (ਪਾਕਿਸਤਾਨ) ਵਾਲੇ ਟਿੱਲੇ ਦੀ ਵੀ ਇੱਕ ਵੱਡ-ਆਕਾਰੀ ਪੇਂਟਿੰਗ ਇੱਥੇ ਲੱਗੀ ਹੋਈ ਹੈ।

ਪੂਰਾ ਟਿੱਲਾ ਕੰਪਲੈਕਸ ਵੱਡ-ਆਕਾਰੀ ਆਇਤਾਕਾਰ ਇਮਾਰਤ ਹੈ। ਕੰਪਲੈਕਸ ਵਿੱਚ ਮੌਜੂਦ ਸਮਾਧੀਆਂ ਦੀਆਂ ਛੱਤਾਂ ਪਿਰਾਮਿਡ ਰੂਪੀ ਸ਼ਾਨਦਾਰ ਡਿਜ਼ਾਈਨ ਵਾਲੀਆਂ ਹਨ। ਟਿੱਲਾ ਕੰਪਲੈਕਸ ਸਾਫ਼ ਸੁਥਰਾ ਅਤੇ ਅਤੇ ਸ਼ਾਂਤਮਈ ਮਾਹੌਲ ਵਿੱਚ ਹੈ। ਮੇਰੀ ਰੀਝ ਤਾਂ ਪੂਰੀ ਹੋ ਗਈ ਕਿ ਮੈਂ ਉਸ ਟਿੱਲੇ ਦੀ ਜ਼ਿਆਰਤ ਕਰ ਲਈ ਜਿੱਥੇ ਪਿਛਲੇ ਦਸ ਸਾਲਾਂ ਤੋਂ ਆਉਣਾ ਚਾਹੁੰਦਾ ਸੀ। ਪਰ ਹੈਰਾਨੀ ਹੋਈ ਕਿ ਸਥਾਨਕ ਲੋਕ ਇਸ ਜਗ੍ਹਾ ਨੂੰ ਟਿੱਲਾ ਜੋਗੀਆਂ ਨਾਲੋਂ ਗੋਰਖ ਜੀ ਕਾ ਮੰਦਰ ਕਰਕੇ ਵਧੇਰੇ ਜਾਣਦੇ ਹਨ।

ਟਿੱਲਾ ਵੈਸੇ ਰੇਤ ਦੇ ਜਾਂ ਪਥਰੀਲੇ ਉੱਚ ਧਰਾਤਲ ਵਾਲੇ ਸਥਾਨ ਨੂੰ ਕਿਹਾ ਜਾਂਦਾ ਹੈ ਪਰ ਇਹ ਟਿੱਲਾ ਬਿਲਕੁਲ ਪੱਧਰੇ ਧਰਾਤਲ ’ਤੇ ਸਥਿਤ ਹੈ। ਹੋ ਸਕਦਾ ਹੈ ਕਿ ਕਦੇ ਇਹ ਜਗ੍ਹਾ ਆਸ-ਪਾਸ ਦੀ ਜਗ੍ਹਾ ਨਾਲੋਂ ਉੱਚੀ ਹੁੰਦੀ ਹੋਵੇ। ਉੱਥੇ ਲੱਗੇ ਬੋਰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਗੀ ਪਾਰਸਨਾਥ ਅੱਜਕੱਲ੍ਹ ਇਸ ਟਿੱਲੇ ਦੇ ਗੱਦੀਨਸ਼ੀਨ ਹਨ।

ਮੇਰੀ ਰੀਝ ਤਾਂ ਪੂਰੀ ਹੋ ਗਈ ਪਰ ਇੱਕ ਟੀਸ ਅਜੇ ਵੀ ਦਿਲ ਵਿੱਚ ਹੈ ਤੇ ਸ਼ਾਇਦ ਹਮੇਸ਼ਾ ਹੀ ਰਹੇਗੀ ਕਿ ਜਿਹੜੀ ਕਲਪਨਾ ਤਹਿਤ ਮੈਂ ਉੱਥੇ ਗਿਆ ਸੀ ਤੇ ਜੋ ਕੁਝ ਵੀ ਟਿੱਲੇ ਬਾਰੇ ਆਪਣੇ ਮਨ ਵਿੱਚ ਚਿਤਵਿਆ ਸੀ ਅਜਿਹਾ ਉੱਥੇ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ।

ਖ਼ੈਰ! ਦੁਪਹਿਰ ਦੇ ਡੇਢ ਵੱਜੇ ਹਨ। ਟਿੱਲਾ ਜੋਗੀਆਂ ਦੀ ਜ਼ਿਆਰਤ ਅਸੀਂ ਕਰ ਲਈ ਹੈ ਅਤੇ ਆਪਣੀ ਅਗਲੀ ਮੰਜ਼ਿਲ ਵੱਲ ਚਾਲੇ ਪਾ ਦਿੱਤੇ ਹਨ।
ਸੰਪਰਕ: 94648-24474

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...