ਪੀੜ ਦਾ ਅਹਿਸਾਸ
ਸਾਲ ਕੁ ਪਹਿਲਾਂ ਦੀ ਗੱਲ ਹੈ। ਆਪਣੀਆਂ ਮੰਗਾਂ ਦੇ ਹੱਕ ਵਿਚ ਅਧਿਆਪਕ ਜਥੇਬੰਦੀਆਂ ਨੇ ਮਿਲ ਕੇ ਇਕ ਵੱਡੀ ਰੈਲੀ ਕੀਤੀ। ਅਧਿਆਪਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਜੋਸ਼ ਭਰਨ ਲਈ ਬਹੁਤ ਸਾਰੇ ਅਧਿਆਪਕ ਬੁਲਾਰੇ ਜੋਸ਼ੀਲੀਆਂ ਤਕਰੀਰਾਂ ਦੇ ਰਹੇ ਸਨ, ਪਰ ਵਿਚੋਂ ਇਕ ਅਧਿਆਪਕ ਬੁਲਾਰੇ ਦਾ ਬੋਲਣ ਦਾ ਅੰਦਾਜ਼ ਬਿਲਕੁਲ ਵੱਖਰਾ ਸੀ। ਉਸ ਨੇ ਬੋਲਣਾ ਸ਼ੁਰੂ ਕੀਤਾ, ‘‘ਸਤਿਕਾਰਯੋਗ ਅਧਿਆਪਕ ਸਾਥੀਉ, ਮੈਂ ਇੱਥੇ ਕੋਈ ਸੁਣੀ-ਸੁਣਾਈ ਗੱਲ ਨਹੀਂ ਕਰਨੀ। ਮੈਂ ਤਾਂ ਜੋ ਰੋਜ਼ ਅੱਖੀਂ ਵੇਖਦਾਂ, ਉਹ ਬਿਆਨ ਕਰਨ ਲੱਗਿਆਂ। ਮੈਂ ਗੱਲ ਕਰਨ ਲੱਗਿਆਂ ਮੇਰੇ ਨਾਲ ਕੰਮ ਕਰਦੇ ਕੱਚੇ ਅਧਿਆਪਕਾਂ ਦੀ ਜਿਹੜੇ ਦਸ ਦਸ ਸਾਲਾਂ ਤੋਂ ਸਕੂਲਾਂ ਵਿਚ ਮਜ਼ਦੂਰਾਂ ਨਾਲੋਂ ਵੀ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਨੇ, ਸਿਰਫ਼ ਇਸ ਆਸ ਵਿਚ ਕਿ ਸਰਕਾਰ ਕਦੇ ਨਾ ਕਦੇ ਉਨ੍ਹਾਂ ਨੂੰ ਪੱਕੇ ਕਰੇਗੀ।’’ ਉਹ ਲਗਾਤਾਰ ਬੋਲਦਾ ਜਾ ਰਿਹਾ ਸੀ। ਉਸ ਦੀ ਆਵਾਜ਼ ਵਿਚ ਸਰਕਾਰਾਂ ਪ੍ਰਤੀ ਰੋਹ ਅਤੇ ਬਗ਼ਾਵਤ ਦੀ ਭਾਵਨਾ ਦੇ ਨਾਲ-ਨਾਲ ਇਕ ਪੀੜ ਵੀ ਲੁਕੀ ਹੋਈ ਸੀ ਜਿਸ ਨੂੰ ਸ਼ਾਇਦ ਉਹ ਰੋਜ਼ ਹੰਢਾ ਰਿਹਾ ਸੀ। ਮੇਰਾ ਧਿਆਨ ਆਪਣੇ ਨਾਲ ਕੰਮ ਕਰਦੇ ਇਕ ਅਜਿਹੇ ਹੀ ਕੱਚੇ ਅਧਿਆਪਕ ਅਵਤਾਰ ਸਿੰਘ ਵੱਲ ਪਤਾ ਨਹੀਂ ਕਦੋਂ ਚਲਾ ਗਿਆ ਜਿਸ ਦੀ ਤਨਖ਼ਾਹ ਇੰਨੀ ਘੱਟ ਸੀ ਕਿ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ। ਕਈ ਵਾਰ ਉਸ ਨੇ ਨੌਕਰੀ ਛੱਡ ਕੇ ਕੋਈ ਹੋਰ ਕੰਮ-ਧੰਦਾ ਕਰਨ ਬਾਰੇ ਵੀ ਸੋਚਿਆ, ਪਰ ਫਿਰ ਉਹ ਪੱਕਾ ਹੋਣ ਦੀ ਉਮੀਦ ਵਿਚ ਆਪਣਾ ਮਨ ਬਦਲ ਲੈਂਦਾ ਸੀ। ਹੋਰ ਵੀ ਸਿਤਮ ਦੀ ਗੱਲ ਕਿ ਉਸ ਵਿਚਾਰੇ ਦੀਆਂ ਦੋ ਧੀਆਂ ਵਿੱਚੋਂ ਇਕ ਧੀ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਸੀ ਅਤੇ ਉਹ ਔਖਾ-ਸੌਖਾ ਹੋ ਕੇ ਪਤਾ ਨਹੀਂ ਕਿਵੇਂ ਉਸ ਦਾ ਇਲਾਜ ਵੀ ਕਰਵਾ ਰਿਹਾ ਸੀ। ਇਕ ਵਾਰੀ ਮੈਂ ਉਸ ਨੂੰ ਪੁੱਛਿਆ ਸੀ ਕਿ ਇੰਨੀ ਘੱਟ ਤਨਖ਼ਾਹ ਨਾਲ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਤਾਂ ਉਸ ਦਾ ਜਵਾਬ ਸੁਣ ਕੇ ਤਾਂ ਮੈਂ ਜਿਵੇਂ ਸੁੰਨ ਹੀ ਹੋ ਗਿਆ ਸੀ। ਉਸ ਨੇ ਦੱਸਿਆ ਕਿ ਸਕੂਲ ’ਚੋਂ ਛੁੱਟੀ ਹੋਣ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਉਹ ਕਿਸੇ ਕੋਲ ਦਿਹਾੜੀ ’ਤੇ ਕੰਮ ਕਰਦਾ ਹੈ ਜਿੱਥੋਂ ਉਸ ਨੂੰ ਥੋੜ੍ਹੇ-ਬਹੁਤ ਪੈਸਿਆਂ ਦਾ ਹੰਧਾ ਲੱਗ ਜਾਂਦਾ ਹੈ। ਜੂਨ ਦੀਆਂ ਛੁੱਟੀਆਂ ਵਿਚ ਉਹ ਝੋਨਾ ਲਾਉਂਦਾ ਹੈ ਅਤੇ ਹੋਰ ਕਈ ਨਿੱਕੇ-ਮੋਟੇ ਕੰਮ ਕਰਕੇ ਦਿਨਾਂ ਨੂੰ ਧੱਕੇ ਦੇਈ ਜਾ ਰਿਹਾ ਹੈ। ਅਚਾਨਕ ਤਾੜੀਆਂ ਦੀ ਜ਼ੋਰਦਾਰ ਗੜਗੜਾਹਟ ਨੇ ਮੇਰਾ ਧਿਆਨ ਰੈਲੀ ਵਿਚ ਕੌੜੀ ਹਕੀਕਤ ਵਾਲ਼ਾ ਭਾਸ਼ਣ ਸਮਾਪਤ ਕਰਕੇ ਭਾਵੁਕ ਹੋ ਚੁੱਕੇ ਅਧਿਆਪਕ ਵੱਲ ਮੋੜਿਆ। ਉਸ ਦੀ ਆਵਾਜ਼ ਵਿਚਲੇ ਦਰਦ ਅਤੇ ਪੀੜ ਦਾ ਅਹਿਸਾਸ ਮੈਨੂੰ ਬਹੁਤ ਚੰਗੀ ਤਰ੍ਹਾਂ ਹੋ ਗਿਆ ਸੀ ਕਿਉਂਕਿ ਅੱਖਾਂ ਮੇਰੀਆਂ ਵੀ ਨਮ ਹੋ ਚੁੱਕੀਆਂ ਸਨ।
– ਕੁਲਵੰਤ ਖਨੌਰੀ
ਸੰਪਰਕ: 82890-53262
ਸਰਕਾਰ ਦੇ ਹੁਕਮ
ਨਵਦੀਪ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰ ਚੁੱਕਾ ਸੀ। ਪੈਰਾਂ ’ਤੇ ਖੜੋਣ ਲਈ ਵਧੀਆ ਰੁਜ਼ਗਾਰ ਦੀ ਭਾਲ ਵਿਚ ਸੀ। ਚੰਗੇ ਕੱਦ-ਕਾਠ ਤੇ ਸੋਹਣੇ ਰੰਗ-ਰੂਪ ਵਾਲਾ ਨੌਜਵਾਨ। ਜਦੋਂ ਉਹ ਘਰੇਲੂ ਕੰਮਾਂ ਲਈ ਜਾਂ ਸਾਥੀਆਂ ਨਾਲ ਘੁੰਮਣ ਫਿਰਨ ਘਰੋਂ ਬਾਹਰ ਜਾਂਦਾ ਸੀ ਤਾਂ ਜਾਣ ਤੋਂ ਪਹਿਲਾਂ ਸ਼ੀਸ਼ੇ ਅੱਗੇ ਖਲੋ ਕੇ ਚਿੱਟੇ ਵੱਡੇ ਰੁਮਾਲ ਨਾਲ ਅੱਖਾਂ ਛੱਡ ਸਾਰੇ ਚਿਹਰੇ ਨੂੰ ਢੱਕ ਕੇ ਘੁੱਟ ਕੇ ਬੰਨ੍ਹਦਾ ਸੀ। ਸਿਆਣੇ ਤੇ ਘਰ ਪਰਿਵਾਰ ਦੇ ਜੀਅ ਵੀ ਆਖਦੇ, ‘‘ਰੁਮਾਲ ਬਗੈਰ ਸੋਹਣਾ ਲੱਗਦੈਂ।’’ ਪਰ ਨੌਜਵਾਨ ਮੁੰਡਾ ਆਪਣੀ ਮਨਮਰਜ਼ੀ ਕਰਨ ਤੋਂ ਬਾਜ਼ ਨਾ ਆਉਂਦਾ। ਦੋ ਕੁ ਮਹੀਨੇ ਪਹਿਲਾਂ ਬੱਤੀਆਂ ਵਾਲੇ ਚੌਕ ’ਚ ਪੁਲੀਸ ਦੇ ਸਿਪਾਹੀ ਨੇ ਰੁਕਣ ਦਾ ਇਸ਼ਾਰਾ ਕੀਤਾ। ਉਹ ਰੁਕ ਗਿਆ। ਲਾਇਸੈਂਸ ਪੜ੍ਹ ਕੇ ਸਿਪਾਹੀ ਨੇ ਨਵਦੀਪ ਨੂੰ ਕਿਹਾ, ‘‘ਸ਼ਰਮਾ ਜੀ ਦਾ ਪੁੱਤਰ ਲੱਗਦੈਂ।’’ ਨਵਦੀਪ ਨੇ ਕਿਹਾ, ‘‘ਹਾਂ ਜੀ।’’ ‘‘ਸ਼ਰਮਾ ਸਾਡਾ ਬੇਲੀ ਹੈ। ਜੇ ਕੋਈ ਹੋਰ ਹੁੰਦਾ ਤਾਂ ਮੂੰਹ ਢਕਣ ਅਤੇ ਹੈਲਮਟ ਨਾ ਪਾਉਣ ਦਾ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਠੋਕ ਦੇਣਾ ਸੀ। ਅੱਗੇ ਤੋਂ ਖਿਆਲ ਰੱਖੀਂ, ਮੂੰਹ ਨਹੀਂ ਢਕਣਾ।’’
ਵਦੀਪ ਨੇ ਕਿਸੇ ਅੱਗੇ ਵੀ ਇਸ ਘਟਨਾ ਦਾ ਜ਼ਿਕਰ ਨਹੀਂ ਸੀ ਕੀਤਾ, ਪਰ ਉਸ ਦਿਨ ਤੋਂ ਬਾਅਦ ਜਦੋਂ ਉਹ ਘਰੋਂ ਬਾਹਰ ਨਿਕਲਦਾ ਤਾਂ ਸਿਰ ’ਤੇ ਹੈਲਮਟ ਪਾਉਂਦਾ ਅਤੇ ਰੁਮਾਲ ਵੀ ਜੇਬ੍ਹ ਵਿਚ ਰੱਖਦਾ। ਪਿਛਲੇ ਹਫ਼ਤੇ ਉਸ ਨੂੰ ਬਾਜ਼ਾਰ ਜਾਣਾ ਪਿਆ। ਇਕ ਹੋਰ ਸਿਪਾਹੀ ਨੇ ਉਸੇ ਚੌਕ ’ਤੇ ਰੋਕ ਲਿਆ। ਨਵਦੀਪ ਨੇ ਕਿਹਾ, ‘‘ਸਰ, ਕਾਗ਼ਜ਼ ਵੀ ਪੂਰੇ ਹਨ ਤੇ ਹੈਲਮਟ ਵੀ ਪਹਿਨਿਆ ਹੈ।’’ ਪੁਲੀਸ ਵਾਲੇ ਨੇ ਪੁੱਛਿਆ, ‘‘ਮੂੰਹ ਕਿਉਂ ਨਹੀਂ ਢੱਕਿਆ ਹੋਇਆ?’’ ਇਕ ਵਾਰ ਪਹਿਲਾਂ ਉਸ ਨੂੰ ਰੋਕਣ ਵਾਲੇ ਸਿਪਾਹੀ ਦੀ ਡਿਊਟੀ ਵੀ ਉੱਥੇ ਹੀ ਸੀ। ਉਹ ਨਵਦੀਪ ਨੂੰ ਵੇਖ ਕੇ ਕੋਲ ਆ ਕੇ ਹੱਸਦਿਆਂ ਆਪਣੇ ਕੋਲੋਂ ਮਾਸਕ ਦੇ ਕੇ ਕਹਿਣ ਲੱਗਾ, ‘‘ਕਾਕਾ, ਸਰਕਾਰ ਦੇ ਹੁਕਮ ਪੱਕੇ ਨਹੀਂ ਹੁੰਦੇ। ਲੋਕਾਂ ਦੀ ਭਲਾਈ ਲਈ ਫ਼ੈਸਲਾ ਲੈਂਦਿਆਂ ਸਰਕਾਰ ਕੁਝ ਮਿੰਟਾਂ ਬਾਅਦ ਵੀ ਹੁਕਮ ਬਦਲ ਸਕਦੀ ਹੈ। ਕੁਝ ਮਹੀਨੇ ਪਹਿਲਾਂ ਕਾਨੂੰਨ ਸੀ ‘ਮੂੰਹ ਨਾ ਢੱਕੋ’ ਤਾਂ ਜੋ ਬੰਦੇ ਦੀ ਪਛਾਣ ਹੋ ਸਕੇ ਕਿ ਉਹ ਚੋਰ ਹੈ ਜਾਂ ਸਾਧ। ਹੁਣ ਨਵੇਂ ਫ਼ੈਸਲੇ ਅਨੁਸਾਰ ‘ਮਾਸਕ ਨਾਲ ਮੂੰਹ ਢੱਕ ਕੇ ਘਰੋਂ ਬਾਹਰ ਨਿਕਲੋ’ ਦਾ ਹੁਕਮ ਹੈ ਤਾਂ ਜੋ ਛੂਤ ਦੀ ਭਿਆਨਕ ਬਿਮਾਰੀ ਤੋਂ ਤੁਹਾਡਾ ਆਪਣਾ ਤੇ ਦੇਸ਼ ਵਾਸੀਆਂ ਦਾ ਬਚਾਅ ਹੋ ਸਕੇ।’’ ਨਵਦੀਪ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਸਿਪਾਹੀਆਂ ਵੱਲੋਂ ਦਿੱਤਾ ਗਿਆ ਮਾਸਕ ਪਹਿਨ ਕੇ ਆਪਣਾ ਮੂੰਹ ਢੱਕ ਲਿਆ ਤੇ ‘ਸ਼ੁਕਰੀਆ’ ਆਖ ਕੇ ਤੇਜ਼ੀ ਨਾਲ ਸਕੂਟਰ ਚਲਾ ਕੇ ਘਰ ਵਾਪਸ ਜਾ ਕੇ ਸੁਖ ਦਾ ਸਾਹ ਲਿਆ।
– ਹਰਜਿੰਦਰ ਸਿੰਘ ਧਾਮੀ
ਸੰਪਰਕ: 98144-32347
ਅਸਲ ਦੁੱਖ
ਗੁਰਬਖਸ਼ ਸਿੰਘ ਸਰਕਾਰੀ ਵਿਭਾਗ ਵਿਚ ਨੌਕਰੀ ਤੋਂ ਸੇਵਾਮੁਕਤ ਹੋ ਗਿਆ ਸੀ। ਸੇਵਾਮੁਕਤੀ ਤੋਂ ਅਗਲੀ ਸਵੇਰ ਗੁਰਬਖਸ਼ ਸਿੰਘ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਉਸ ਦੇ ਪਰਿਵਾਰ ਵਿਚ ਪਤਨੀ, ਪੁੱਤਰ ਬਲਜੀਤ ਅਤੇ ਨੂੰਹ ਸੀ। ਅਜੇ ਪਿਛਲੇ ਮਹੀਨੇ ਹੀ ਉਸ ਨੇ ਆਪਣੀ ਇਕਲੌਤੀ ਧੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਕਰ ਦਿੱਤਾ ਸੀ। ਸਸਕਾਰ ਤੋਂ ਤੀਜੇ ਦਿਨ ਫੁੱਲ ਚੁਗਣ ਦੀ ਰਸਮ ਹੋਈ। ਉਸੇ ਦਿਨ ਹੀ ਸ਼ਾਮ ਦਾ ਸਮਾਂ ਸੀ। ਸੱਥਰ ਖਾਲੀ ਹੋ ਚੁੱਕਾ ਸੀ। ਗੁਰਬਖਸ਼ ਦਾ ਪੁੱਤਰ ਬਲਜੀਤ ਆਪਣੇ ਚਾਚੇ ਨੂੰ ਕਹਿਣ ਲੱਗਾ, ‘‘ਚਾਚਾ ਜੀ, ਹੋਣਾ ਤਾਂ ਉਹੀ ਹੈ… ਜੋ ਕਰਮਾਂ ਵਿਚ ਲਿਖਿਆ ਹੁੰਦੈ। ਊਂ ਇਕ ਗੱਲ ਐ…।’’ ‘‘ਕੀ?’’ ਅਚੰਭੇ ਭਰੇ ਸ਼ਬਦਾਂ ਨਾਲ ਚਾਚੇ ਨੇ ਬਲਜੀਤ ਵੱਲ ਦੇਖਿਆ। ‘‘ਇਹੀ ਕਿ… ਜੇ ਪਿਤਾ ਜੀ ਨੂੰ ਦਿਲ ਦਾ ਦੌਰਾ ਪੈਣਾ ਹੀ ਸੀ ਤਾਂ ਦੋ ਦਿਨ ਪਹਿਲਾਂ ਹੀ ਪੈ ਜਾਂਦਾ… ਘੱਟੋ-ਘੱਟ ਉਨ੍ਹਾਂ ਵਾਲੇ ਸਰਕਾਰੀ ਰਜਿਸਟਰ ’ਤੇ ਮੇਰੀ ਹਾਜ਼ਰੀ ਤਾਂ ਲੱਗ ਜਾਣੀ ਸੀ… ਹੁਣ ਤਕ ਪ੍ਰਾਈਵੇਟ ਨੌਕਰੀ ’ਤੇ…।’’ ਬਲਜੀਤ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਚਾਚੇ ਨੂੰ ਉਸ ਦੇ ਅਸਲ ਦੁੱਖ ਦੀ ਸਮਝ ਆ ਗਈ ਸੀ। ਉਹ ਸਰਕਾਰੀ ਰਜਿਸਟਰ ਨਾਲ ਸਾਂਝ ਬਾਰੇ ਸੋਚਦਾ ਝੱਗਾ ਝਾੜਦਾ ਆਪਣੇ ਘਰ ਵੱਲ ਨੂੰ ਹੋ ਤੁਰਿਆ।
– ਤਰਸੇਮ ਲੰਡੇ
ਸੰਪਰਕ: 99145-86784
ਵਾਪਸੀ
ਨਵੀਆਂ ਵੋਟਾਂ ਬਣਾਉਣ ਲਈ ਮਾਸਟਰ ਜੀਤ ਸਿੰਘ ਗਿਆਨੀ ਦੀ ਡਿਊਟੀ ਬਤੌਰ ਬੀ.ਐੱਲ.ਓ. ਉਸੇ ਪਿੰਡ ਵਿਚ ਲੱਗੀ ਹੋਈ ਸੀ ਜਿੱਥੇ ਉਹ ਨੌਕਰੀ ਕਰਦਾ ਸੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਘਰ-ਘਰ ਵੋਟਾਂ ਤਸਦੀਕ ਕਰਨ ਦੀ ਮੁਹਿੰਮ ਦੇ ਮੱਦੇਨਜ਼ਰ ਉਹ ਪਿੰਡ ਦੇ ਬਾਹਰਵਾਰ ਰਹਿੰਦੇ ਕਿਸਾਨ ਸੁੱਚਾ ਸਿੰਘ ਦੇ ਘਰ ਪੁੱਜਾ।
ਵਿਹੜੇ ਵਿਚ ਸਾਰਾ ਪਰਿਵਾਰ ਮੰਜੇ ’ਤੇ ਗ਼ਮਗੀਨ ਹੋਇਆ ਸੋਚਾਂ ਵਿਚ ਬੈਠਾ ਸੀ। ਜੀਤ ਸਿੰਘ ਨੂੰ ਦੇਖ ਕੇ ਸਾਰਾ ਪਰਿਵਾਰ ਸਤਿਕਾਰ ਵਜੋਂ ਖੜ੍ਹਾ ਹੋਇਆ ਤੇ ਉਸ ਨੂੰ ਕੁਰਸੀ ’ਤੇ ਬਿਠਾਇਆ। ਸੁੱਚਾ ਸਿੰਘ ਦੀ ਪਤਨੀ ਬਚਨੀ ਪਾਣੀ ਲੈ ਆਈ। ਜੀਤ ਸਿੰਘ ਨੇ ਘਰ ਦੀ ਤਣਾਅਪੂਰਨ ਸਥਿਤੀ ਭਾਂਪਦਿਆਂ ਜਕੋ-ਤਕੀ ਵਿਚ ਪੁੱਛਿਆ, “ਕੀ ਗੱਲ ਸੁੱਚਾ ਸਿੰਘ ਸੁੱਖ ਤਾਂ ਹੈ…?”
ਬਚਨ ਡੁਸਕਣ ਲੱਗ ਪਈ।
“ਕੀ ਦੱਸਾਂ ਮਾਸਟਰ ਜੀ, ਤੁਸੀਂ ਜਾਣਦੇ ਹੋ ਜੀ, ਏਸ ਜੋਗਿੰਦਰ ਨੇ ਪਿਛਲੇ ਸਾਲ ਤੁਹਾਡੇ ਸਕੂਲ ’ਚ ਬਾਰਵੀਂ ਕੀਤੀ ਸੀ, ਉਦੋਂ ਤੋਂ ਹੀ ਇਸ ਨੇ ਵਿਦੇਸ਼ ਭੇਜਣ ਦੀ ਰੱਟ ਲਾਈ ਹੋਈ ਸੀ। ਅਸੀਂ ਇਸ ਦੀ ਜ਼ਿੱਦ ਅੱਗੇ ਝੁਕਦਿਆਂ ਵਿਦੇਸ਼ ਭੇਜਣ ਲਈ ਰਾਜ਼ੀ ਹੋ ਗਏ, ਪਰ…’’ ਸੁੱਚਾ ਸਿੰਘ ਇੱਕੋ ਸਾਹ ਬੋਲਦਾ ਕੁਝ ਰੁਕ ਗਿਆ।
“ਪਰ ਕੀ?’’ ਜੀਤ ਸਿੰਘ ਸਾਰੇ ਪਰਿਵਾਰ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਦਿਆਂ ਬੋਲਿਆ।
“ਪਰ ਮਾਸਟਰ ਜੀ, ਸਾਡੇ ਤਿੰਨ ਲੱਖ ਰੁਪਏ ਐਡਵਾਂਸ ਏਜੰਟ ਕੋਲ ਵੜ ਗਏ। ਮੁੰਡਾ ਬਾਹਰ ਭੇਜਿਆ ਨਹੀਂ। ਮੈਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਬਾਰਾਂ ਲੱਖ ਦਾ ਇੰਤਜ਼ਾਮ ਕੀਤਾ ਸੀ। ਏਜੰਟ ਨੇ ਇਹਨੂੰ ਭੇਜਣ ਤੋਂ ਪਹਿਲਾਂ ਇਕ ਹੋਰ ਗਰੁੱਪ ਦੋ ਨੰਬਰ ਵਿਚ ਵਿਦੇਸ਼ ਭੇਜਿਆ ਸੀ, ਪਰ ਉਹ ਰਾਹ ਵਿਚ ਕਿਸ਼ਤੀ ਹਾਦਸੇ ਵਿਚ ਮਾਰੇ ਗਏ। ਤੁਸੀਂ ਅਖ਼ਬਾਰ ਵਿਚ ਪੜ੍ਹਿਆ ਹੀ ਹੋਊ, ਹੁਣ ਏਜੰਟ ਫਰਾਰ ਹੈ…।”
ਸੁੱਚਾ ਸਿੰਘ ਨੇ ਸਾਰੀ ਸੱਚਾਈ ਦੱਸ ਦਿੱਤੀ। ਜੀਤ ਸਿੰਘ ਸਾਰੇ ਪਰਿਵਾਰ ਵੱਲ ਤੱਕਦਿਆਂ ਬੋਲਿਆ, ‘‘ਸੁੱਚਾ ਸਿੰਘ, ਇਸ ਲਈ ਤੂੰ ਰੱਬ ਦਾ ਸ਼ੁਕਰਾਨਾ ਕਰ… ਤਿੰਨ ਲੱਖ ਵਿਚ ਹੀ ਬਚਾਅ ਹੋ ਗਿਆ। ਜੇ ਕੱਲ੍ਹ ਨੂੰ ਸਾਰੇ ਪੈਸੇ ਦੇ ਕੇ ਵੀ ਮੁੰਡੇ ਨਾਲ ਕੋਈ ਅਨਹੋਣੀ ਵਾਪਰ ਜਾਂਦੀ ਤਾਂ…?’’
ਜੀਤ ਸਿੰਘ ਦੀ ਗੱਲ ਸੁਣ ਕੇ ਸਾਰੇ ਪਰਿਵਾਰ ਦੇ ਚਿਹਰਿਆਂ ’ਤੇ ਕੁਝ ਰੌਣਕ ਆ ਗਈ। ਜੀਤ ਸਿੰਘ, ਜੋਗਿੰਦਰ ਨੂੰ ਸੰਬੋਧਨ ਹੁੰਦਿਆਂ ਬੋਲਿਆ,
“ਜੋਗਿੰਦਰ ਪੁੱਤਰਾ, ਤੂੰ ਦੋ ਨੰਬਰ ਵਿਚ ਜਾ ਕੇ, ਇੰਨੇ ਪੈਸੇ ਲਾ ਕੇ ਵੀ ਘੱਟ ਤਨਖ਼ਾਹ ਤੇ ਮਿਹਨਤ ਮਜ਼ਦੂਰੀ ਕਰਨੀ ਸੀ। ਕੱਲ੍ਹ ਦਾ ਕੀ ਪਤਾ, ਜੇ ਫੜ ਕੇ ਪੱਕਾ ਹੋਣ ਤੋਂ ਪਹਿਲਾਂ ਹੀ ਵਾਪਸ ਘੱਲ ਦਿੰਦੇ! ਇੱਥੇ ਤੇਰੀ ਚੰਗੀ ਖਾਸੀ ਜ਼ਮੀਨ ਹੈ, ਉਹ ਸੰਭਾਲ…।”
ਜੀਤ ਸਿੰਘ ਕਾਫ਼ੀ ਚਿਰ ਆਪਣੀ ਨੇਕ ਸਲਾਹ ਦੇ ਕੇ ਉੱਠ ਖੜ੍ਹਾ ਹੋਇਆ। ਉਸ ਦੇ ਜਾਣ ਤੋਂ ਬਾਅਦ ਜੋਗਿੰਦਰ ਖੇਤੀ ਦੇ ਸੰਦ ਲੈ ਕੇ ਬਾਹਰ ਜਾਣ
ਲੱਗਾ।
“ਪੁੱਤ, ਕਿੱਥੇ ਚੱਲਿਆ?’’ ਸੁੱਚਾ ਸਿੰਘ ਨੇ ਪੁੱਛਿਆ।
“ਬਾਪੂ, ਖੇਤ ਚੱਲਿਆਂ, ਹੁਣ ਮੈਂ ਇੱਥੇ ਹੀ ਆਪਣੀ ਜ਼ਮੀਨ ਸਾਂਭੂੰ…।”
ਜੋਗਿੰਦਰ ਦੇ ਬੋਲਾਂ ਵਿਚ ਦਿੜ੍ਹ ਨਿਸ਼ਚਾ ਸੀ। ਸੁੱਚਾ ਸਿੰਘ ਤੇ ਬਚਨ ਦੇ ਚਿਹਰੇ ਖਿੜ ਉੱਠੇ ਸਨ।
– ਹਰਪੀਤ ਸਿੰਘ ਰਾਣਾ
ਸੰਪਰਕ: 98885-53162